ਸੁਣਿਆ ਜਾਂਦਾ ਹੈ ਕਿ ਧਨ, ਦੁੱਧ ਅਤੇ ਪੁੱਤਰ ਬਿਨ੍ਹਾਂ ਭਾਗਾਂ ਦੇ ਨਸੀਬ ਨਹੀਂ ਹੁੰਦੇ। ਜਿਥੋਂ ਤੱਕ ਮੇਰੀ ਬੁੱਧੀ ਦੀ ਸੀਮਾਂ ਦਾ ਸੰਕਲਪ ਹੈ, ਵਿਦਿਆ ਵੀ ਅਜਿਹੇ ਚੰਗੇ ਕਰਮਾਂ ਦੀ ਦੇਣ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਵਿਦਿਆਰਥੀ ਹੁੰਦਾ ਹੈ। ਭਾਵੇਂ ਉਹ ਸਕੂਲ ਨਹੀਂ ਜਾਂਦਾ ਫਿਰ ਵੀ ਉਹ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ, ਜ਼ਮਾਨੇ ਦੀਆਂ ਗਤੀਆਂ ਵਿਧੀਆਂ ਨਾਲ ਟਕਰਾਉਦਾ ਹੋਇਆ ਨਿੱਤ ਦਿਨ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ।
ਵਿਦਵਤਾ ਭਰੇ ਲੇਖ, ਨਾਵਲ, ਨਾਟਕ, ਕਹਾਣੀਆਂ ਜਾਂ ਕਵਿਤਾਵਾਂ ਰਚਣੀਆਂ, ਇਹ ਵੀ ਇੱਕ ਰੱਬੀ ਦੇਣ ਹੈ। ਈਸਾ ਮੂਸਾ ਗੁਰੂ ਨਾਨਕ ਅਤੇ ਹੋਰ ਪੀਰ ਪੈਗੰਬਰ, ਜਿਨ੍ਹਾਂ ਨੇ ਦੁਨੀਆਂ ਨੂੰ ਅਲਹਾਮ ਦਿੱਤਾ ਉਹ ਵੀ ਦੁਨੀਆਂ ਉੱਤੇ ਹੋ ਰਹੇ ਜੁਲਮ ਅਤੇ ਸਿਤਮ ਦਾ ਅਕਸ ਸੀ।
ਜਿਵੇਂ ਰਗੜ ਨਾਲ ਅੱਗ ਬਲਦੀ ਹੈ। ਪਾਰਸ ਦੀ ਛੁਹ ਨਾਲ ਸੋਨਾ ਬਣਦਾ ਹੈ। ਇਵੇਂ ਹੀ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰਦਾ ਇਨਸਾਨ ਲੇਖਕ ਬਣ ਜਾਂਦਾ ਹੈ। ਲੇਖਕ ਦੁਨੀਆਂ ਵਿੱਚ ਘ੍ਰਿਣਾ, ਪਿਆਰ, ਹਾਸੇ ਰੋਣੇ, ਖੁਸ਼ੀਆਂ ਗ਼ਮੀਆਂ ਤੱਕਦਾ ਹੈ। ਉਨ੍ਹਾਂ ਦਾ ਅਸਰ ਲੇਖਕ ਦੇ ਮਨ ਨੂੰ ਬਿਹਬਲ ਕਰ ਜਾਂਦਾ ਹੈ। ਇਹ ਬਿਹਬਲਤਾ ਲਿਖਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਕਵਿਤਾ ਜਾਂ ਕਹਾਣੀ ਬਣ ਜਾਂਦੀ ਹੈ।