ਕਿਸੇ ਸਾਹਿਤ ਵਿੱਚ ਕਿਸੇ ਵੀ ਵਿਸ਼ੇ ਬਾਰੇ ਲਿਖਣ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਪਹਿਲਾਂ ਇਹ ਨਿਰਣਾ ਕਰ ਲਈਏ ਕਿ ਉਸ ਵਿਸ਼ੇ ਬਾਰੇ ਵਾਸਤਵ ਵਿੱਚ ਕੋਈ ਵਿਧਾ ਜਾਂ ਉਪ-ਵਿਧਾ ਹੈ। ਹਾਸਰਸ ਨੂੰ ਪ੍ਰਮਾਣੀਕਰਨ ਜਾਂ ਮਿਆਰੀਕਰਨ ਵਾਸਤੇ ਅੱਜ ਤੱਕ ਪੰਜਾਬੀ ਸਾਹਿਤ ਵਿੱਚ ਕੋਈ ਚਿੰਨ੍ਹਤ ਵਿਧਾ ਦਾ ਨਿਰੂਪਣ ਨਹੀਂ ਹੈ ਪਰ ਵਿਅੰਗ ਨੂੰ ਬਹੁਤ ਚਿਰਾਂ ਤੋਂ ਵਿਭਿੰਨ ਵਿਧਾਵਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਅਜੇ ਵੀ ਅਸੀਂ ਹਾਰਸ ਨੂੰ ਵਿਅੰਗ ਕਹਿਣ ਦੀ ਸਥਿੱਤੀ ਵਿੱਚ ਨਹੀਂ ਹਾਂ। ਹਾਸਰਸ ਨੂੰ ਕਲਾਤਮਿਕ ਸਾਹਿਤ ਨਹੀਂ ਗਿਣਿਆ ਜਾਂਦਾ। ਜਿਆਦਾ ਤੋਂ ਜਿਆਦਾ ਅਸੀਂ ਹਾਸਰਸ ਨੂੰ ਮਖੌਲ ਕਰਕੇ ਹੀ ਪਛਾਣਦੇ ਹਾਂ। ਕਿਸੇ ਕੋਲੋਂ ਮਖੌਲ ਵਾਲੀਆਂ ਗੱਲਾਂ ਸੁਣ ਕੇ ਜਾਂ ਪੜ੍ਹ ਕੇ ਅਸੀਂ ਆਪਣਾ ਮਨ ਪ੍ਰਚਾਵਾ ਕਰ ਲੈਂਦੇ ਹਾਂ। ਜਿਹੜਾ ਹਾਸਰਸ ਮਨੁੱਖ ਦਾ ਮਨ ਪ੍ਰਚਾਵਾ ਕਰ ਸਕਦਾ ਹੈ ਅਸੀਂ ਉਸ ਅੰਸ਼ ਨੂੰ ਇੱਕ ਮਖੌਲ ਕਿਉਂ ਸਮਝਦੇ ਹਾਂ। ਸਿਰਫ ਰੌਲਾ ਏਸੇ ਗੱਲ ਦਾ ਹੈ। ਹਾਸਰਸ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਮਖੌਲ ਦੇ ਭਾਵ-ਅਰਥਾਂ ਨੂੰ ਬਦਲਣ ਦੀ ਜਰੂਰਤ ਹੈ। ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਦੀ ਹੋਂਦ ਤੋਂ ਮੁਨਕਰ ਹੋਣਾ ਬਣਦਾ ਹੈ ਅਤੇ ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਰਚਨਾਵਾਂ ਦੀ ਕੋਈ ਥੋੜ ਹੈ। ਹਾਸਰਸ ਤਾਂ ਕੀ ਵਿਅੰਗ ਅਜੇ ਵੀ ਪੰਜਾਬੀ ਸਾਹਿਤ ਵਿੱਚ ਪ੍ਰਮਾਣਤ ਹੋਣ ਵਾਸਤੇ ਛਟਪਟਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦ ਹੋਰ ਦੇਸ਼ਾਂ ਦੀਆਂ ਜ਼ਬਾਨਾਂ ਵਾਂਗ ਪੰਜਾਬੀ ਸਾਹਿਤ ਅੰਦਰ ਵੀ ਹਾਸਰਸ ਅਤੇ ਹਾਸ-ਵਿਅੰਗ ਨੂੰ ਇੱਕ ਦਿਨ ਸਮਾਨਪੂਰਣ ਸਥਾਨ ਪਰਾਪਤ ਹੋ ਕੇ ਹੀ ਰਹੇਗਾ। ਇਸ ਕਰਕੇ ਕਿ ਹਾਸਰਸ ਅਤੇ ਹਾਸ ਵਿਅੰਗ ਲਿਖਣ ਵਾਲੇ ਸਾਹਿਤਕਾਰ ਦਿਨੋ ਦਿਨ ਵੱਧ ਰਹੇ ਹਨ। ਸਿਰਜੇ ਜਾ ਚੁੱਕੇ ਅਤੇ ਸਿਰਜੇ ਜਾ ਰਹੇ ਪੰਜਾਬੀ ਸਾਹਿਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਹਾਣੀ ਅਤੇ ਉਪਨਿਆਸ ਦੇ ਮਗਰੋਂ ਹਾਸਰਸ ਅਤੇ ਹਾਸ ਵਿਅੰਗ ਨੂੰ ਵੀ ਪੰਜਾਬੀ ਸਾਹਿਤ ਅੰਦਰ ਬਣਦਾ ਸਥਾਨ ਜਰੂਰ ਪ੍ਰਾਪਤ ਹੋਵੇਗਾ। ਹਾਲ ਦੀ ਘੜੀ ਇਹ ਮੰਨ ਕੇ ਹੀ ਤੁਰਨਾ ਹੈ ਹਾਸਰਸ ਅਤੇ ਹਾਸ ਵਿਅੰਗ ਦਾ ਪੰਜਾਬੀ ਸਾਹਿਤ ਅੰਦਰ ਕੋਈ ਸਾਰਥਿਕ ਸਥਾਨ ਨਹੀਂ ਹੈ। ਪਰ ਮੈਨੂੰ ਹਾਸਰਸ ਵਿੱਚ ਅਨੰਤ ਸੰਭਾਵਨਾਵਾਂ ਲੱਗਦੀਆਂ ਹਨ। ਭਵਿੱਖ ਵਿੱਚ ਹਾਸਰਸ ਅਤੇ ਹਾਸ ਵਿਅੰਗ ਪੰਜਾਬੀ ਸਾਹਿਤ ਅੰਦਰ ਇਕ ਪ੍ਰਤਿਸ਼ਟ ਹੋਣ ਦਾ ਸੁਪਨਾ ਸਾਕਾਰ ਕਰ ਰਿਹਾ ਹੈ। ਸੁਪਨੇ ਕਦੇ ਸੱਚ ਵੀ ਹੋ ਜਾਂਦੇ ਹਨ। ਗੁਰਦੇਵ ਸਿੰਘ ‘ਮਠਾੜੂ’ ਜੀ ਦੀ ਪੁਸਤਕ ‘ਸਾਡਾ ਰੱਬ’ ਬਾਰੇ ਉਲੇਖ ਲਿਖਦਿਆਂ ਹਾਸਰਸ ਅਤੇ ਹਾਸ ਵਿਅੰਗ ਬਾਰੇ ਕਈ ਤੱਤ ਸਾਹਮਣੇ ਆਏ ਹਨ। ਮੇਰੀ ਜਾਚੇ ਉਨ੍ਹਾਂ ਤੱਤਾਂ ਦੇ ਆਧਾਰ ਉਪਰ ਇੱਕ ਦਿਨ ਹਾਸਰਸ ਅਤੇ ਹਾਸ ਵਿਅੰਗ ਨੂੰ ਪੰਜਾਬੀ ਸਾਹਿਤ ਅੰਦਰ ਕਿਸੇ ਵਿਧਾ ਦੇ ਰੂਪ ਨਾਲ ਜਰੂਰ ਪ੍ਰਮਾਣਿਆ ਜਾਏਗਾ।