Showing posts with label ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’. Show all posts
Showing posts with label ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’. Show all posts

ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’ ਦੇ ਕਹਾਣੀ ਪ੍ਰਬੰਧ ਦੇ ਅੰਤਰਗਤਿ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਯਥਾਰਥ।


ਕੁਦਰਤ ਵਿਗਿਆਨਕ ਹੈ। ਘੜੀ ਪਲ, ਦਿਨ ਰਾਤ, ਰੁੱਤਾਂ, ਸੂਰਜ ਚੰਦ ਤਾਰੇ ਅਤੇ ਇਹ ਸਾਰਾ ਬ੍ਰਹਿਮੰਡ ਹੀ ਨਿਯਮਬੱਧ ਹੈ। ਕਹਾਣੀ ਦੇ ਵੀ ਨਿਯਮ ਹੁੰਦੇ ਹਨ। ਕਲਾਤਮਕ ਕਹਾਣੀ ਵਿਚ ਸਮੇਂ ਅਤੇ ਸਥਾਨ ਦੀ ਏਕਤਾ ਹੁੰਦੀ ਹੈ। ਉਸ ਸਮੇਂ ਅਤੇ ਸਥਾਨ ਉਪਰ ਕਿਸੇ ਇਕ ਹੀ ਘਟਨਾ ਦਾ ਵਰਨਣ ਹੁੰਦਾ ਹੈ। ਬ੍ਰਿਤਾਂਤਕਾਰਾਂ ਦੀ ਗਿਣਤੀ ਉਪਰ ਪਾਬੰਦੀ ਨਹੀਂ ਹੁੰਦੀ। ਇਕ ਘਟਨਾ ਨੂੰ ਇੱਕੋ ਸਥਾਨ ਉਪਰ ਬਹੁਤੇ ਬ੍ਰਿਤਾਤਕਾਰ ਬਿਆਨ ਕਰ ਸਕਦੇ ਹਨ। ਜਿਵੇਂ ਸੱਥ ਵਿਚ ਬੈਠੇ ਲੋਕ ਮਰਨ ਵਾਲੇ ਦੇ ਕਿਰਦਾਰ ਅਤੇ ਕਾਰਜ ਨੂੰ ਦਰਸਾਉਦੇ ਹਨ। ਅਧੁਨਿਕ ਕਹਾਣੀ ਵਿਚ ਕਈ ਪ੍ਰਭਾਵ-ਖੇਤਰ ਵੀ ਹੋ ਸਕਦੇ ਹਨ। ਜਿਵੇ ਕਿਸੇ ਨੂੰ ਫੁੱਲ ਪੇਸ਼ ਕਰਨਾ ਹੋਵੇ ਤਾਂ ਕਈ ਅਨੁਸ਼ੰਗਿਕ ਅਤੇ ਬ੍ਰਿਤਾਂਤਕਾਰ ਹੋ ਸਕਦੇ ਹਨ। ਜਿਵੇਂ ਮੈਂ ਉਸਨੂੰ ਫੁੱਲ ਦਿੱਤਾ ਅਤੇ ਉਸਨੇ ਮੱਥੇ ਵੱਟ ਪਾਇਆ। ਅਸੀਂ ਉਸਨੂੰ ਮੁਸਕ੍ਰ੍ਰਾ ਕੇ ਫੁੱਲ ਦਿਤਾ ਅਤੇ ਉਸ ਨੇ ਮੁਸਕ੍ਰਾ ਕੇ ਮੇਰੇ ਹੱਥੋਂ ਫੁੱਲ ਫੜਿਆ। ਉਨ੍ਹਾਂ ਉਸਨੂੰ ਬੜੇ ਪਿਆਰ ਨਾਲ ਫੁੱਲ ਦਿਤਾ ਅਤੇ ਉਸਨੇ ਬੜੇ ਮੁਹ ਨਾਲ ਫੁੱਲ ਨੂੰ ਸਵੀਕਾਰ ਕੀਤਾ। ਉਸਨੇ ਬੜੇ ਅਦਾ ਨਾਲ ਫੁੱਲ ਆਪਣੀ ਪ੍ਰੇਮਕਾ ਨੂੰ ਦਿਤਾ ਅਤੇ ਪ੍ਰੇਮਕਾ ਨੇ ਵੀ ਆਪਣੀਆਂ ਅਦਾਵਾਂ ਨਾਲ ਫੁੱਲ ਨੂੰ ਉਸ ਦੇ ਹੱਥੋਂ ਫੜਿਆ ਆਦਿ ਅਤੇ ਪ੍ਰਤੀ ਅਨੁਸ਼ੰਗਿਕ ਨੂੰ ਜਿੰਨਾਂ ਵੀ ਮਰਜੀ ਵਧਾਇਆ ਜਾ ਸਕਦਾ ਹੈ। ਇਹ ਆਪਾਤ ਸੰਪਾਤ ਇਕੋ ਸਥਾਨ ਉਪਰ ਇਕੋ ਹੀ ਸਮੇਂ ਭਾਵੇਂ ਵਖੋ ਵੱਖਰੇ ਬ੍ਰਿਤਾਂਤਕਾਰਾਂ ਵਲੋਂ ਵਰਨਣ ਕੀਤਾ ਹੋਇਆ ਹੋਵੇ ਪਰ ਇਕੋ ਹੀ ਪਰਸੰਗ ਬਾਰੇ ਵਰਨਣ ਹੋਣ ਕਰਕੇ ਕਹਾਣੀ ਦੇ ਨਿਯਮਾਂ ਨੂੰ ਭੰਗ ਨਹੀਂ ਕਰਦਾ। ਕਈ ਕਹਾਣੀਆਂ ਪ੍ਰਤੀਕਾਤਮਕ ਵੀ ਹੋ ਸਕਦੀਆਂ ਹਨ। ਕਹਾਣੀ ਦੇ ਮਧਿਆਂਤਰ ਵਿਚ ਕਿਸੇ ਇਕ ਪ੍ਰਤੀਕ ਨੂੰ ਵਾਰ ਵਾਰ ਵਰਤਣ ਵਾਲੀਆਂ ਕਹਾਣੀਆਂ ਨੂੰ ਵੀ ਅਧੁਨਿਕ ਕਹਾਣੀਆਂ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਉਪਰ ਮੋਰਾਂ ਵਾਲੀ ਚਾਦਰ ਉਪਰ ਉਸ ਕੁੜੀ ਨੇ ਆਖਰੀ ਤੋਪਾ ਭਰਿਆ। ਕਹਾਣੀ ਦੀ ਵਕੀਰਣਤਾ ਵਾਸਤੇ ਦੂਜੇ ਖੰਡ ਵਿਚ ਉਸੇ ਪ੍ਰਤੀਕ ਨੂੰ ‘ਮੋਰਾਂ ਵਾਲੀ ਚਾਦਰ ਨੂੰ ਉਸ ਕੁੜੀ ਨੇ ਆਪਣੇ ਦਾਜ ਵਾਸਤੇ ਤਿਆਰ ਕੀਤਾ ਅਤੇ ਤੀਸਰੇ ਖੰਡ ਵਿਚ ੳਸ ਕੁੜੀ ਨੇ ਮੋਰਾਂ ਵਾਲੀ ਚਾਦਰ ਨੂੰ ਮੁਕਲਾਵੇ ਵਾਲੀ ਰਾਤ ਨੂੰ ਆਪਣੇ ਪਲੰਘ ਉਪਰ ਵਛਾਇਆ। ਇਥੇ ਭਾਵੇਂ ਸਥਾਨ ਅਤੇ ਸਮੇਂ ਦੀ ਏਕਤਾ ਨਹੀਂ ਹੈ ਪਰ ਮੋਰਾਂ ਵਾਲੀ ਚਾਦਰ ਦਾ ਪ੍ਰਤੀਕਾਤਮਕ ਪ੍ਰਸੰਗ ਹੀ ਪਾਠਕ ਦੀ ਰੁਚੀ ਵਾਸਤੇ ਸਮੇਂ ਸਥਾਨ ਅਤੇ ਆਪਾਤ ਦਾ ਕਾਰਜ ਕਰਦਾ ਹੈ। ਅਸੀਮ ਸਥਾਨ ਵਿਭਿੰਨ ਸਮਾਂ ਅਤੇ ਅਣਗਿਣਤ ਅਨੁਸ਼ੰਗਿਕ ਵਾਲੀ ਕਹਾਣੀ ਨਹੀਂ ਹੁੰਦੀ ਸਗੋਂ ਉਸ ਵਾਰਤਕ ਨੂੰ ਨਾਵਲਿਟ ਜਾਂ ਨਾਵਲ ਆਖਿਆ ਜਾਵੇਗਾ, ਭਾਵੇਂ ਉਹ ਕਹਾਣੀ ਦਸ ਮੰਦਰਾਂ ਸਫੇ ਦੀ ਹੀ ਕਿਉਂ ਨਾ ਹੋਵੇ। ਕਹਾਣੀ ਜਾਂ ਅਧੁਨਿਕ ਕਹਾਣੀ ਵਿਚ ਪਾਤਰ ਉਸਾਰੀ ਦੇ ਸਿਧਾਂਤ ਵਿਚ ਅਲਪ ਕਾਲਕ ਫਰਕ ਵੀ ਨਹੀਂ ਹੈ। ਨਾਇਕ ਪਾਤਰਾਂ ਨੂੰ ਮਨੁੱਖ ਪੱਖੀ ਉਸਾਰਨਾ ਅਤੇ ਖਲਨਾਇਕ ਪਾਤਰਾਂ ਨੂੰ ਪਾਠਕਾਂ ਵਲੋਂ ਘ੍ਰਿਣਤ ਕਰਾਉਣਾ ਇਕ ਕਲਾਤਮਿਕ ਪਾਤਰ ਉਸਾਰੀ ਮੰਨਿਆ ਜਾਂਦਾ ਹੈ। ਪਾਤਰਾਂ ਦੀ ਸੂਰਤ ਸੀਰਤ ਅਤੇ ਪਹਿਰਾਵੇ ਬਾਰੇ ਜਾਣਕਾਰੀ ਇਸ ਕਰਕੇ ਲੋੜੀਂਦੀ ਹੈ ਕਿਉਂਕਿ ਪਾਠਕ ਜਾਨਣਾ ਚਹੁੰਦਾ ਹੁੰਦਾ ਹੈ ਕਿ ਉਹ ਕਿਹੋ ਜਿਹੇ ਵਿਅਕੱਤੀ ਨਾਲ ਸੰਵਾਦ ਰਚਾਉਦਾ ਹੈ। ਸ਼ਬਦਾਵਲੀ ਪਾਤਰਾਂ ਦੇ ਕਿਰਦਾਰਾਂ ਅਨੁਕੂ਼ਲ ਵਿਚਾਰ ਪ੍ਰਧਾਨ, ਠੇਠ ਅਤੇ  ਸਰਲ ਹੁੰਦੀ ਹੈ। ਵਿਸ਼ੇ ਨੈਤਿਕ ਅਤੇ ਮਨੁੱਖ ਹਿਤੈਸ਼ੀ ਹੁੰਦੇ ਹਨ। ਕਹਾਣੀ ਅਰੰਭ ਨਾਟਕੀ, ਮੱਧ ਵਿਚ ਆਪਣੇ ਚੁਣੇ ਹੋਏ ਵਿਸ਼ੇ ਦਾ ਵਿਸਥਾਰ ਅਤੇ ਅੰਤ ਸੁਧਾਰਕ ਹੋਣਾ ਚਾਹੀਦਾ ਹੈ। ਕਹਾਣੀ ਦੀ ਰਵਾਨੀ ਪਾਣੀ ਦੇ ਵਹਾ ਵਾਂਗ ਨਿਰੰਤਰ ਹੋਣੀ ਚਾਹੀਦੀ ਹੈ।