ਦਲਜੀਤ ਬਹਾਦਰ ਖਾਨਖਾਨਾ ਦੀ ਜ਼ਿੰਦਗੀ ਵੀ ਇੱਕ ਨਿਆਰੀ ਲੀਲਾ ਹੈ। ਵਲੈਤ ਵਿੱਚ ਦਿਹਾੜੀਦਾਰ ਨੂੰ ਵੇਖੋ, ਉਹ ਆਪਣਾ ਦੁਪਹਿਰ ਦਾ ਖਾਣਾ ਝੋਲੇ ਵਿੱਚ ਪਾਈ, ਤੜਕਸਾਰ ਹੀ ਫੈਕਟਰੀਆਂ ਵੱਲ ਭੱਜਾ ਜਾ ਰਿਹਾ ਹੁੰਦਾ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਗਾਹਕਾਂ ਦੀ ਭੀੜ ਵਿੱਚ ਮਗਨ ਹੁੰਦੇ ਹਨ। ਵਪਾਰੀ ਲੋਕ ਇੱਕ ਪੌਂਡ ਦੇ ਦੋ ਪੌਂਡ ਬਣਾਉਂਣ ਦੇ ਯਤਨਾ ਵਿੱਚ ਰੁੱਝੇ ਹੋਏ ਹੁੰਦੇ ਹਨ। ਅਜਿਹੇ ਕੰਮਾਂ ਦੇ ਪ੍ਰਬੰਧਾਂ ਲਈ ਸੜਕਾਂ ਉੱਪਰ ਬੱਸਾਂ, ਟੈਕਸੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਆਸਮਾਨ ਵਿੱਚ ਹਵਾਈ ਜਹਾਜਾਂ ਆਪਣਾ ਹੀ ਸ਼ੋਰ ਮਚਾਇਆ ਹੋਇਆ ਹੁੰਦਾ ਹੈ ਪਰ ਦਲਜੀਤ ਬਹਾਦਰ ਖਾਨਖਾਨਾ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹੀ ਖਿਆਲਾਂ ਦੀ ਦੁਨੀਆਂ ਵਿੱਚ ਉਲਝਿਆ ਹੋਇਆ, ਆਪਣੇ ਇੱਕ ਹੱਥ ਵਿੱਚ ਰੱਦੀ ਕਾਗਜ਼ ਦਾ ੁਕਰਾ ਅਤੇ ਦੂਜੇ ਹੱਥ ਵਿੱਚ ਟੁੱਟਾ ਹੋਇਆ ਪੈਂਨ ਲੈ ਕੇ, ਮਨੁੱਕਤਾ ਦਾ ਮਸੀਹਾ ਬਣ ਕੇ ਕਦੇ ਕਹਾਣੀਆਂ ਲਿਖਦਾ ਹੈ, ਕਦੇ ਕਵਿਤਾਵਾਂ ਜੋੜਦਾ ਹੈ ਅਤੇ ਕਦੇ ਗ਼ਜ਼ਲਾਂ ਕਹਿੰਦਾ ਹੈ। ਹੱਥਲਾ ਗ਼ਜ਼ਲ ਸੰਗ੍ਰਹਿ ਇੱਕ ਅਜਿਹੀ ਲੜੀ ਦਾ ਹੀ ਇੱਕ ਮੋਤੀ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰ ਜਦ ਟੁੱਟੇ ਹੋਏ ਪੈਂਨ ਨਾਲ ਰੱਦੀ ਕਾਗਜ਼ ਦੇ ਟੁਕਰੇ ਉੱਪਰ ਉਕਰੇ ਜਾਂਦੇ ਹਨ ਤਾਂ ਇਵੇਂ ਲਗਦੇ ਹਨ ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ ਹੈ। ਦਲਜੀ ਆਪਣੀ ਗ਼ਜ਼ਲ ਦੇ ਇੱਕ ਮਤਲੇ ਵਿੱਚ ਲਿਖਦਾ ਹੈ ;
ਕਾਗਜ਼ ਦੇ ਟੁਕੜਿਆਂ ਤੇ ਲਿਖਣਾ ਜਾਰੀ ਹੈ।।
ਬੀਮਾਰੀ ਦੀ ਬਸਤੀ ‘ਚ ਇਹ ਵੀ ਬੀਮਾਰੀ ਹੈ।।