ਸੌਰਮੰਡਲ ਵਿਚ ਕਈ ਪੁਲਾੜ ਹਨ। ਹਿੰਦੂ ਨਸ਼ੱਤਰ ਵਿਗਿਆਨੀ ਇਨ੍ਹਾਂ ਪੁਲਾੜਾਂ ਨੂੰ ਬ੍ਰਹਿਮੰਡ ਦਾ ਨਾਮ ਦਿੰਦੇ ਹਨ ਅਤੇ ਉਨ੍ਹਾਂ ਦਾ ਵਿਚਾਰ ਹੈ ਕਿ ਇਨ੍ਹਾਂ ਬ੍ਰਹਿਮੰਡਾਂ ਵਿਚ ਕਈ ਗ੍ਰਹਿ ਘੁੰਮਦੇ ਹਨ। ਇਥੇ ਇਹ ਗੱਲ ਵਰਨਣ ਕਰਨੀ ਵੀ ਬਣਦੀ ਹੈ ਕਿ ਯੂਰਪ ਵਿਚ ਇਨ੍ਹਾਂ ਗ੍ਰਹਿਾਂ ਦੇ ਨਾਮ ਰੋਮ ਦੇ ਦੇਵੀ ਦੇਵਤਿਆਂ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ। ਅਨੇਕਾਂ ਪ੍ਰਕਾਰ ਦੇ ਇਹ ਗ੍ਰਹਿ ਆਪੋ ਆਪਣੀ ਆਕਰਸ਼ਣ ਸ਼ਕਤੀ ਅਨੁਸਾਰ ਆਪੋ ਆਪਣੇ ਬ੍ਰਹਿਮੰਡ ਦੇ ਵਿਚਕਾਰ ਆਪੋ ਆਪਣੇ ਦਾਇਰੇ ਵਿਚ ਘੁੰਮਦੇ ਹਨ ਅਤੇ ਇਹ ਸਾਰੇ ਬ੍ਰਹਿਮੰਡ ਅਤੇ ਗ੍ਰਹਿ ਸੂਰਜ ਗਿਰਦ ਇੰਝ ਘੁੰਮਦੇ ਹਨ ਜਿਵੇਂ ਚੱਕੀ ਦਾ ਪੁੜ ਆਪਣੀ ਨਾਭ ਦੁਆਲੇ ਘੁੰਮਦਾ ਹੈ। ਇਨ੍ਹਾਂ ਸਾਰੇ ਗ੍ਰਹਿਾਂ ਦੇ ਵਿਹਲੇ ਥਾਂ ਵਿਚਕਾਰ ਇਕ ‘ਬਲੈਕ-ਹੋਲ’ ਹੈ। ਇਹ ਬਲੈਕ ਹੋਲ ਕਿਸੇ ਦਰਿਆ ਦੀ ਮੰਝਧਾਰ ਵਾਂਗ ਅਤੇ ਜਾਂ ਕਹਿ ਲਵੋ ਕਿ ‘ਵਾਵਰੋਲੇ ਵਾਂਗ ਆਪਣੀ ਆਕਰਸ਼ਣ ਸ਼ਕਤੀ ਵਿਚਕਾਰ ਘੁੰਮਦਾ ਹੈ। ਘਟ ਆਕਰਸ਼ਣ ਸ਼ਕਤੀ ਵਾਲੇ ਗ੍ਰਹਿ ਸੂਰਜ ਦੁਆਲੇ ਘੁੰਮਦੇ ਘੁੰਮਦੇ ਜਦ ਇਸ ਬਲੈਕ-ਹੋਲ ਦੇ ਕਿਨਾਰੇ ਤੱਕ ਉਪੜ ਜਾਂਦੇ ਹਨ ਤਾਂ ਉਹ ਬਲੈਕ-ਹੋਲ ਦੀ ਲਪੇਟ ਵਿਚ ਆ ਕੇ ਬਲੈਕ-ਹੋਲ ਦੀ ਮੰਝਧਾਰ ਵਿਚ ਹੀ ਘੁੰਮਣ-ਘੇਰੀਆਂ ਖਾਂਦੇ ਖਾਂਦੇ ਕਿਸੇ ਦੂਸਰੇ ਸੌਰ ਮੰਡਲ ਵੱਲ ਇਸ ਤਰ੍ਹਾਂ ਨਿਕਲ ਜਾਂਦੇ ਹਨ ਜਿਵੇਂ ਕੋਈ ‘ਵਾਵਰੋਲਾ ਧਰਤੀ ਤੋਂ ਕੋਈ ਪਦਾਰਥ ਚੁੱਕ ਕੇ ਉਪਰ ਤੱਕ ਲੈ ਜਾਂਦਾ ਹੈ। ਇਸ ਤਰ੍ਹਾਂ ਉਹ ਗ੍ਰਹਿ ਬਲੈਕ-ਹੋਲ ਦੀ ਤਹਿ ਵਿਚ ਚਲੇ ਜਾਂਦੇ ਹਨ। ਉਸ ਤੋਂ ਬਾਅਦ ਉਹ ਕਿਥੇ ਜਾਂਦੇ ਹਨ ਇਸ ਬਾਰੇ ਵਿਗਿਆਨੀਆਂ ਨੇ ਕੋਈ ਦਾਅਵਾ ਨਹੀਂ ਕੀਤਾ ਪਰ ਮੇਰੇ ਉਪਰ ਲਿਖਣ ਅਨੁਸਾਰ ਖਿਆਲ ਹੈ ਕਿ ਉਹ ਕਿਸੇ ਦੂਸਰੇ ਸੌਰ ਮੰਡਲ ਵਿਚ ਦਾਖਲ ਹੁੰਦੇ ਹੋਣਗੇ ਜਿਹੜੇ ਇਕ ਦੂਜੇ ਸੌਰ ਮੰਡਲ ਦੇ ਗ੍ਰਹਿਾਂ ਦਾ ਆਦਾਨ ਪ੍ਰਦਾਨ ਕਰਦੇ ਰਹਿੰਦੇ ਹੋਣਗੇ। ਸਾਡੇ ਸੌਰਮੰਡਲ ਦਾ ਧਰਤੀ ਵੀ ਇਕ ਗ੍ਰਹਿ ਹੈ। ਇਹ ਹੈ ਕੁਦਰਤ ਦਾ ਨਿਯਮ ਜਿਹੜਾ ਸਥਿਰ ਹੈ, ਅਨਿਖੜ ਹੈ। ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਪੜ੍ਹ ਕੇ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਪੁਸਤਕ ‘ਕੁਦਰਤ’ ਵਿਚ ਕੁਦਰਤ ਦੇ ਨਿਯਮਾਂ ਦੀ ਗੱਲ ਨਹੀਂ ਕਰਦਾ ਸਗੋਂ ਉਹ ਇਸ ਗਲੋਬ ਵਿਚ ਨਿਸਰਦੇ ਇਸ ਪ੍ਰਕ੍ਰਿਤਕ ਵਾਤਾਵਰਣ ਦੇ ਨਿਯਮਾਂ ਦੀ ਗੱਲ ਲਿਖਦਾ ਹੈ।
ਜਿਵੇਂ ਉਪਰ ਲਿਖਿਆ ਗਿਆ ਹੈ ਕਿ ਕੁਦਰਤ ਦਾ ਕਾਨੂੰਨ ਉਹ ਹੁੰਦਾ ਹੈ ਜਿਹੜਾ ਸਥਾਈ ਹੋਵੇ ਅਨਿਖੜ ਹੋਵੇ। ਅਚਾਨਕ ਅਤੇ ਨਿਖੇੜ ਵਾਲੇ ਪਦਾਰਥ ਕੁਦਰਤ ਦੇ ਕਾਨੂੰਨ ਵਿਚ ਨਹੀਂ ਕਹੇ ਜਾ ਸਕਦੇ। ਠੀਕ ਇਸੇ ਤਰ੍ਹਾਂ ਅਧਿਆਤਮਕਵਾਦ ਦੀਆਂ ਵੀ ਦੋ ਥਿਊਰੀਆਂ ਹਨ। ਇਕ ਨਿਯਮਬੱਧਤਾ (Regularity) ਭਾਵ ਜਿਹੜੀ ਵਸਤੂ ਸਮਰੂਪਤਾ ਅਤੇ ਨਿਯਮਬੱਧ ਹੋਵੇ ਅਤੇ ਦੂਸਰਾ ਅਸਤਿਤਵ (entity) ) ਹੈ। ਇੰਨ ਬਿੰਨ੍ਹ ਹੀ ਕੁਦਰਤ ਦੇ ਅਸੂਲ ਹਨ।ਭਾਵੇ ਪ੍ਰਕ੍ਰਿਤੀ ਦੇ ਵੀ ਇਹੀ ਨਿਯਮ ਹਨ ਜਿਵੇਂ ਬਨਾਸਪਤੀ ਦਾ ਉੱਗਣਾ, ਪਤਝੜ ਵਿਚ ਮਰਝਾਉਣਾ ਅਤੇ ਫਿਰ ਅੰਤ ਵਿਚ ਰੁੰਡ ਮਰੁੰਡ ਹੋ ਜਾਣਾ ਪਰ ਇਨ੍ਹਾਂ ਨਿਯਮਾਂ ਵਿਚ ਕੁਦਰਤ ਦੇ ਨਿਯਮਾਂ ਨਾਲੋਂ ਥੋੜਾ ਵਖਰੇਵਾਂ ਹੈ। ਵਾਤਾਵਰਣ ਵਿਚ ਰੁੱਤਾਂ ਅਤੇ ਸਮਾਂ ਅਨਿਖੜ ਹਨ ਅਤੇ ਇਸ ਗਲੋਬ ਦੇ ਹੋਰ ਪਦਾਰਥ ਨਿਖੇੜਾਤਮਿਕ ਹਨ। ਵਾਤਾਵਰਣ ਵਿਚ ਮਨੁੱਖ, ਪਛੂ ਪੰਛੀ ਅਤੇ ਹੋਰ ਜਾਨਦਾਰ ਅਤੇ ਅਜਾਨਦਾਰ ਵਸਤੂਆਂ ਦੀ ਹੋਂਦ ਹੈ ਪਰ ਉਹ ਸਥਿਰ ਨਹੀਂ ਹੈ। ਭਾਵੇਂ ਮਰਨ ਅਤੇ ਜੰਮਣ ਵਾਲੀ ਕਥਾ ਵਿਚ ਅਟੱਲ ਸਚਾਈ ਹੈ ਪਰ ਜਿਹੜਾ ਜੰਮਦਾ ਹੈ ਉਹ ਸਦਾ ਨਹੀਂ ਰਹਿੰਦਾ। ਇਹੀ ਨਿਯਮ ਨਿਖੇੜੇ ਦਾ ਕਾਰਨ ਬਣਦੀ ਹੈ। ਵਾਤਾਵਰਣ ਅਤੇ ਪ੍ਰਕ੍ਰਿਤੀ ਨੂੰ ਵਖੋ ਵਖਰੇ ਢੰਗਾਂ ਨਾਲ ਵਖਰਾਇਆ ਜਾ ਸਕਦਾ ਹੈ। ਇਕ ਕੁਦਰਤ ਵਿਚ ਪਰਿਆਵਰਣਕ ਹੋਂਦ ਜਿਸ ਨਾਲ ਮਨੁੱਖ ਦਾ ਕੋਈ ਵਾਸਤਾ ਨਹੀਂ ਹੈ ਜਿਵੇਂ ਜੰਗਲੀ ਜੜ੍ਹੀ ਬੂਟੀਆਂ, ਧਰਤੀ, ਪਰਬਤ ਦਰਿਆ, ਸਮੁੰਦਰ ਆਦਿ। ਦੂਜਾ ਜਿਵੇਂ ਹਵਾ, ਪਾਣੀ ਅੱਗ, ਰੁੱਤਾ ਅਤੇ ਆਕਰਸ਼ਣ ਆਦਿ ਦੀ ਹੋਂਦ ਮਨੁੱਖ ਦੇ ਹੱਥ ਵਸ ਨਹੀਂ ਹੈ ਪਰ ਇਸ ਸਭ ਕੁਝ ਦੀ ਮਨੁੱਖ ਨੂੰ ਬਹੁਤ ਲੋੜ ਹੈ। ਧਰਤੀ ਦੇ ਹੇਠਾਂ ਚਾਰ ਤੈਹਾਂ ਹਨ ਜਿਵੇਂ ਲਾਈਥੋਸਫੀਅਰ, ਹਾਈਡਰੋਸਫੀਅਰ, ਐਟਮੌਸਫੀਅਰ ਅਤੇ ਬਾਇਓਸਫੀਅਰ ਹਨ। ਕਈ ਸਾਇਸਦਾਨ ਕਰਾਈਓਸਫੀਅਰ ਨੂੰ ਵੀ ਧਰਤੀ ਦੀ ਤਹਿ ਸਮਝਦੇ ਹਨ ਭਾਵ ਜਿਵੇਂ ਬਰਫ਼ੀਲੇ ਇਲਾਕੇ। ਵਰਿੰਦਰ ਪਰਿਹਾਰ ਇਸ ਪ੍ਰਕ੍ਰਿਤਕ ਢਾਂਚੇ ਨੂੰ ਸਮਝ ਕੇ ਆਪਣੀਆਂ ਕਵਿਤਾਵਾਂ ਵਿਚ ਇਸ ਸਮੂਹ ਦਾ ਵਿਸ਼ਲੇਸ਼ਣ ਕਰਦਾ ਹੈ। ਕੁਦਰਤ ਦੇ ਅਨਿਖੜ ਅਤੇ ਨਿਖੜ ਸਿਧਾਂਤਾ ਦੀ ਪਛਾਣ ਕਰਵਾਉਦਾ ਹੈ। ਪ੍ਰਕ੍ਰਿਤੀ ਦੇ ਇਸ ਅਨਿਖੜ ਅਤੇ ਨਿਖੜ ਵਰਤਾਰਿਆਂ ਦੇ ਵਿਗਿਆਨਕ ਪੱਖ ਨੂੰ ਆਪਣੀਆਂ ਕਵਿਤਾਵਾਂ ਵਿਚ ਪ੍ਰਕਰਣਾਤਮਕ ਬਿੰਬਾਂਵਲੀ ਨਾਲ ਸਿਰਜਦਾ ਹੈ। ਵਰਿੰਦਰ ਪਰਿਹਾਰ ਧਰਤੀ ਦੀਆਂ ਤੈਹਾਂ ਥੱਲੇ ਦੱਬੇ ਹੋਏ ‘ਫੌਸਲਜ਼’ ਪੱਥਰ, ਤਰਲ, ਦ੍ਰਵ, ਗੈਸਾਂ ਅਤੇ ਜੜ੍ਹਾਂ ਦੇ ਵਿਗਿਆਨ ਕਾਰਜ ਦੀ ਬਿੰਬਾਂਵਲੀ ਦਾ ਪ੍ਰਯੋਗ ਆਪਣੀਆਂ ਕਵਿਤਾਵਾਂ ਦੇ ਰਚਨਾਤਮਕ ਕਾਰਜ ਵਿਚ ਕਰਦਾ ਦਿਸਦਾ ਹੈ। ਧਰਤੀ ਦੀ ਤਹਿ ਉਪਰ ਉੱਗੇ ਗਿੱਟੇ ਗਿੱਟੇ ਘਾਹ, ਤਿੜ੍ਹਾਂ, ਜੰਗਲੀ ਝਾੜੀਆਂ, ਰੁੱਖ, ਟਾਹਣਾਂ, ਪੱਤੀਆਂ, ਬਰਫ਼ਾਂ ਲੱਦੀਆਂ ਪਹਾੜੀਆਂ, ਫੁੱਲ ਅਤੇ ਫਲਾਂ ਦੇ ਸੰਕਲਪਾਂ ਦਾ ਪ੍ਰਯੋਗ ਆਪਣੀਆਂ ਕਵਿਤਾਵਾਂ ਦੇ ਥੀਮ ਦਰਸਾਉਣ ਵਾਸਤੇ ਕਰਦਾ ਹੈ। ਪਸ਼ੂਆਂ ਦੀਆਂ ਗਤੀਵਿਧੀਆਂ, ਪੰਛੀਆਂ ਅਤੇ ਬੋਟਾਂ ਦੇ ਆਲ੍ਹਣੇ-ਆਂਡੇ, ਮੀਂਹ, ਝੜ ਝੱਖੜ ਝੀਂਡੇ ਗੱਲ ਕੀ ਕਿ ਇਸ ਗਲੋਬ ਦੇ ਵਖੋ ਵੱਖਰੇ ਮੁਲਕਾਂ ਦਾ ਮੌਸਮ, ਉਥੋਂ ਦੇ ਪੰਛੀਆਂ ਦਾ ਦੂਜੇ ਮੁਲਕਾਂ ਵੱਲ ਹਿਜ਼ਰਤ ਕਰਨਾ, ਮੁਲਕਾਂ ਦੇ ਸ਼ਹਿਰ, ਪਿੰਡ, ਗਲੀਆਂ ਕੂਚੇ, ਘਰ ਅਤੇ ਘਰਾਂ ਅੰਦਰ ਕਮਰਿਆਂ ਵਿਚ ਪਿਆ ਸਾਮਾਨ ਅਤੇ ਸਾਮਾਨ ਦੇ ਮਾਲਕਾਂ ਦੇ ਵਰਤਾਰਿਆਂ ਦਾ ਕਾਵਿ ਚਿਤ੍ਰਣ ਕਰਦਾ ਹੈ। ਧਰਤੀ ਉਪਰ ਨਿਯੰਤਰਣ ਨਾਲ ਉਗਾਈ ਗਈ ਬਨਾਸਪਤੀ ਦੀ ਸਿਮ੍ਰਤੀ ਪੜ੍ਹਦਾ ਹੈ। ਕਵੀ ਨੇ ਕੁਦਰਤ ਵਿੱਚ ਅਜਾਂਈ ਵਸਤੂਆਂ ਨੂੰ ਵੀ ਆਪਣੀ ਲਿਖਣ ਪ੍ਰਕ੍ਰਿਆ ਰਾਹੀਂ ਸਿਰਜਿਆ ਹੈ।
‘ਕੱਲ੍ਹ
ਜਿਵੇਂ ਬਗੀਚੇ ‘ਚ
ਸੂਰਜ ਨਿੱਘ ਨਾਲ
ਆਪੇ ਫੁੱਟ ਆਏ
ਸਕੰਕ ਤੇ ਸਨੋਡਰੋਪਜ਼’ ਪੰਨਾ 74
ਸਾਗਰ, ਪਰਬਤ, ਨਦੀਆਂ ਨਾਲੇ, ਝੀਲਾਂ ਝਰਨੇ, ਛੱਪੜ, ਪੱਥਰ, ਬਾਗ਼ ਅਤੇ ਅਣਛੋਹੇ ਹੋਏ ਪ੍ਰਕ੍ਰਿਤੀ ਦੇ ਭੰਡਾਰਾਂ ਦੀ ਕੀਰਤੀ ਗਾਉਦਾ ਹੈ। ਮਨੁੱਖ ਦੀ ਵਰਤੋਂ ਵਿਚ ਆਉਣ ਵਾਲੇ ਪਦਾਰਥਾਂ ਨੂੰ ਕੁਦਰਤ ਦਾ ਕ੍ਰਿਸ਼ਮਾਂ ਦਸਦਾ ਹੈ ਅਤੇ ਪਾਠਕ ਨੂੰ ਇਸ ਕ੍ਰਿਸ਼ਮੇ ਦੀ ਸਾਂਭ ਸੰਭਾਲ ਵਾਸਤੇ ਲਾਮਬੱਧ ਕਰਦਾ ਹੈ। ਹਵਾ, ਪਾਣੀ ਅਤੇ ਅੱਗ ਦੇ ਕਲਿਆਣਕਾਰੀ ਸੰਦਰਭ ਦਾ ਕਾਗਜ਼ ਦੀ ਕੇਨਵੈਸ ਉਪਰ ਕਾਵਿ-ਚਿੱਤਰ ਉਕਰਦਾ ਆਪਣੇ ਮਨ ਦੀਆਂ ਡੁੰਘਾਈਆਂ ਵਿਚ ਅਚੇਤ ਨੂੰ ਖਰੋਦਦਾ ਕਹਿੰਦਾ ਹੈ ਕਿ ਇਹ ਕਾਗਜ਼ ਵੀ ਕਦੇ ਇਕ ਰੁੱਖ ਹੁੰਦਾ ਸੀ।
ਕਿਤਾਬਾਂ ਦੀ ਦੁਕਾਨ
ਵਿਕਦੇ ਨੇ ਜਿੱਥੇ
ਅਕਲ ਗਿਆਨ ਵਿਗਿਆਨ
ਸਿਰਫ਼ ਤੂੰ ਹੀ ਤੂੰ ਏਂ
ਵਰਕਾ ਵਰਕਾ ਉਲਟ ਪਲਟ ਕੇ
ਵੇਖਿਆ ਹੈ ਉੱਥੇ ਕਈ ਵੇਰ ਤੈਨੂੰ ਦਰੱਖਤ 61
ਵਰਿੰਦਰ ਪਰਿਹਾਰ ਰੁੱਖਾਂ ਨਾਲ ਛੇੜ-ਛਾੜ ਕਰਨ ਦੇ ਗੰਭੀਰ ਨਤੀਜਿਆ ਨੂੰ ਪਾਠਕਾਂ ਦੇ ਸਨਮੁਖ ਕਰਦਾ ਹੈ। ਆਪਣੀ ਗੱਲ ਕਹਿਣ ਵਾਸਤੇ ਬਹੁਤ ਹੀ ਸੰਖੇਪ ਵਿਚਾਰਾਂ ਨੂੰ ਕਲਮਬੰਦ ਕਰਦਾ ਲਿਖਦਾ ਹੈ;
ਕਾਗਜ਼ ਬਿੰਨ ਵਿੱਚ ਸੁੱਟਦੇ
ਬਿਰਖ਼ ਦੀ ਦੇਹ ‘ਤੇ ਚਲਦੇ
ਆਰੇ ਬਾਰੇ ਸੋਚਦਾ
ਕਾਢ ਕਾਗਜ਼ ਦੀ ਨੂੰ ਸਰਾਹੁੰਦਾਂ ਉਹਨਾਂ ਵਿੱਚੋਂ ਪੰਨਾ 59
ਅਤੇ ਲਿਖਦਾ ਹੈ ਕਿ ਇਸ ਰੁੱਖ ਦੀ ਮਨੁੱਖ ਨੂੰ ਜੀਵਨ ਜੀਣ ਵਾਸਤੇ ਹਰ ਮੋੜ ਉਪਰ ਭਾਰੀ ਜ਼ਰੂਰਤ ਹੈ। ਇਨ੍ਹਾਂ ਲੋੜਾਂ ਦਾ ਵਰਨਣ ਵਰਿੰਦਰ ਪਰਿਹਾਰ ‘ਹਰੀ ਅੱਖ ਬਿਰਖ ਦੀ’, ‘ਲਾਲ ਬਿਰਖ’, ‘ਬਿਰਖ, ਘੁੱਗੀ ਤੇ ਮੈਂ’ ‘ਬਿਰਖ ਦਾ ਖ਼ਾਬ’, ‘ਬਿਰਖ ਦੀ ਵਰਤੋਂ’, ‘ਬਿਰਖ ਨਾਲ ਗੱਲ ’, ‘ਬਲਦੇ ਬੁਝਦੇ ਬਿਰਖ ਨੂੰ’, ‘ਰੁੱਖ ਅਤੇ ਦਸਤਕ ’, ‘ਰੁੱਖ ਅਤੇ ਦਸਤਕ ’, ‘ਆਰਾ ਚੱਲ ਰਿਹਾ ਸੀ’, ‘ਦਰੱਖ਼ਤ ਸਮਝਦਾ’, ‘ਲਹੂ-ਬਿਰਖ਼’ ਅਤੇ ‘ਸਰਗੋਸ਼ੀਆਂ’ ਆਦਿ ਕਵਿਤਾਵਾਂ ਰਾਹੀਂ ਰੁੱਖਾਂ ਦੇ ਉੱਗਣ ਤੋਂ ਲੈ ਕੇ ਉਮਰ ਹੰਢਾ ਕੇ ਗਲ ਸੁੱਕ ਜਾਣ ਦੀਆਂ ਘਟਨਾਵਾਂ ਦਾ ਜਿ਼ਕਰ ਕਰਦਾ ਹੈ। ਵਰਿੰਦਰ ਪਰਿਹਾਰ ਰੁੱਖਾਂ ਦੀ ਰੋਜ਼ਮਾਰਾ ਜਿ਼ੰਦਗੀ ਬਾਰੇ ਵੀ ਭਰਪੂਰ ਵਾਕਫੀਅਤ ਰੱਖਦਾ ਹੈ। ਉਹ ਪੰਛੀਆਂ ਦੀਆਂ ਕੁਤਕੁਤਾੜੀਆਂ ਜਿਹੀਆਂ ਸਰਗੋਸ਼ੀਆਂ ਤੱਕ ਸਮਝਦਾ ਹੈ।
‘ਪਰ ਤੁਸੀਂ ਦੇਖਿਆ ਕਦੇ-
ਜੇ ਪੰਛੀ ਤਿਤਲੀ ਜਾਂ ਕੀੜਾ ਕੋਈ
ਉਸ ਉੱਤੇ ਆਣ ਬੈਠੇ
ਉਹ ਸਾਰੇ ਕੰਮ ਛੱਡ ਛੜਾ ਕੇ
ਆਪਣੇ ਢਹਿ ਰਹੇ ਘਰ ਨੂੰ ਭੁੱਲ ਭੁਲਾਅ ਕੇ
ਸਾਹ ਰੋਕੀ
ਚੁੱਪ ਚੁਪੀਤੀ
ਉਨ੍ਹਾਂ ਦੀਆਂ ਸਰਗੋਸ਼ੀਆਂ
ਸੁਣਨ ਲਗ ਜਾਂਦੈ ਸਰਗੋਸ਼ੀਆਂ ਪੰਨਾ 303
‘ਅਣਜਾਣਿਆ ਸਫ਼ਰ’ ਪੰਨਾ 64 ਕਵਿਤਾ ਵਿੱਚ ਕਵੀ ਰੁੱਖ ਤੋਂ ਪੱਤਝੜ ਨਾਲ ਝੜੇ ਪੱਤਰ ਦੀ ਦਸਤਾਨ ਲਿਖਦਾ ਹੈ ਕਿ ਕਿਵੇਂ ਇੱਕ ਪੱਤਾ ਪਹਿਲਾਂ ਧੂੜਾਂ ਵਿੱਚ ਰੁਲਦਾ ਮੌਸਮ ਦਾ ਮਧੋਲਿਆ ਵਗਦੇ ਦਰਿਆਵਾਂ ਵਿਚ ਠਿੱਲ੍ਹ ਪੈਂਦਾ ਹੈ ਅਤੇ ਇਸੇ ਚੱਕਰ ਵਿੱਚ ਚੱਕਰ ਖਾਂਦਾ ਰਹਿੰਦਾ ਹੈ। ਵਰਿੰਦਰ ਇਸ ਗੱਲ ਵਿੱਚ ਯਕੀਨ ਰੱਖਦਾ ਹੈ ਕਿ ਰੇਤ ਹੀ ਇਕ ਦਿਨ ਪੱਥਰ ਬਣਦੀ ਹੈ। ਜਦ ਰੇਤ ਪੱਥਰ ਬਣ ਜਾਂਦੀ ਹੈ ਉਹ ਪੱਥਰ ਰੇਤ ਦੀ ਲਪੇਟ ਆਏ ਫੁੱਲ ਦਾ ਘਰ ਬਣ ਜਾਂਦੀ ਹੈ।
‘ਯੁਗਾਂ ਬਾਅਦ
ਵਗਦੀ ਇਸ ਨਦੀ ‘ਚ ਅੱਜ ਹਾਂ ਅਹਿੱਲ ਪਿਆ
ਲੋਕ ਆਖਣ ਮੈਂ ਨਦੀ-ਪੱਥਰ
ਨਾਦਾਨ ਨਹੀਂ ਜਾਣਦੇ ਐਪਰ
ਕਿ ਮੈਂ ਤਾਂ ਹਾਂ ਫੁੱਲ-ਫਾਸਲ ਦਾ ਘਰ ਫੁੱਲ-ਫਾਸਲ ਦਾ ਘਰ ਪੰਨਾ 40
ਦਰੱਖਤ ਦੀਆਂ ਜੜ੍ਹਾਂ ਹੀ ਹਨ ਜਿਹੜੀਆਂ ਦਰੱਖਤ ਨੂੰ ਜੀਵਨ ਦਾਨ ਦਿੰਦੀਆਂ ਹਨ। ਕਵੀ ਇਨ੍ਹਾਂ ਜੜ੍ਹਾਂ ਦੇ ਕਾਰਜ ਨੂੰ ਰੁੱਖ ਨਾਲੋਂ ਸੰਬੰਧ ਤੋੜ ਕੇ ਨਵੇਂ ਪ੍ਰਯੋਗ ਅਤੇ ਅਣਹੋਣੇ ਸੰਦੇਸ਼ ਦਿੰਦਾ ਹੈ।
‘ਹੋਰ ਚੰਗਾ ਹਊ ਪਰ
ਜੇ ਜੜ੍ਹਾਂ ਹੁਣ ਆਪਣੀ ਦਿਸ਼ਾ ਬਦਲਣ
ਖ਼ਲਾਅ
ਜਾਂ ਫਿਰ ਆਕਾਸ਼ ਵੱਲ ਨੂੰ ਵੱਧਣ ਜੜ੍ਹਾਂ ਹੁਣ ਪੰਨਾ 25
ਰੁੱਖਾਂ ਦੀਆਂ ਟਾਹਣੀਆਂ ਨੂੰ ਇਨਸਾਨ ਨੇ ਆਪਣੀ ਵਰਤੋਂ ਵਾਸਤੇ ਕੱਟਣ ਦੇ ਭਿਆਨਕ ਨਤੀਜੇ ਦਰਸਾਉਦਾ ਹੈ।
‘ਜਿਸ ਟਾਹਣੀ ਨੇ
ਕੱਲ੍ਹ
ਕੁਹਾੜੀ ਦਾ ਹੱਥਾ ਬਣਨਾ
ਫੁੱਲ ਖਿੜੇ ਹਨ
ਉਸ ਉੱਤੇ ਅੱਜ
ਟਾਹਣੀ ਪੰਨਾ 268
ਬਹਾਰ ਆਉਣ ਦੇ ਆਸਾਰ ‘ਹਰੀ ਅੱਖ ਬਿਰਖ਼ ਦੀ’ ਵਿੱਚੋਂ ਮਿਲਦੇ ਹਨ। ਜਦ ਇਕ ਕਰੂਬਲ ਫੁਟਦੀ ਹੈ ਅਤੇ ਫਿਰ ਹੌਲੀ ਹੌਲੀ ਸਾਰਾ ਬਿਰਖ ਹਰਾ ਭਰਾ ਹੋ ਜਾਂਦਾ ਹੈ।
ਚਾਣ ਚੱਕ
ਸੁੱਕੀ ਸ਼ਾਖ ਵਿੱਚੋਂ ਇੱਕ ਦਿਨ
ਖੁਲ੍ਹਦੀ ਅੱਖ ਇੱਕ ਹਰੀ ਬਿਰਖ ਦੀ
ਪਲ ਛਿਣ ਜਗਦੇ ਬੁੱਝਦੇ ਜਹਾਂ ਨੂੰ ਹੈ ਜੋ
ਵੇਖਦੀ ਘੋਖਦੀ ਹਰੀ ਅੱਖ ਬਿਰਖ ਦੀ ਪੰਨਾ 45
ਠੀਕ ਇਸੇ ਤਰ੍ਹਾਂ ਵਰਿੰਦਰ ਪਰਿਹਾਰ ਨੇ ਧੁੱਪ ਛਾਂ, ਗਰਮੀ ਸਰਦੀ, ਬਹਾਰ ਪੱਤਝੜ ਆਦਿ ਹਰ ਰੁੱਤਾਂ ਬਾਰੇ ਵੱਖੋ ਵੱਖਰੇ ਵਿਚਾਰਾਂ ਨਾਲ ਉਨ੍ਹਾਂ ਦੇ ਕਾਰਜਾਂ ਨੂੰ ਪ੍ਰਗਟਾਇਆ ਹੈ।
ਜੇਕਰ ਪ੍ਰਕ੍ਰਿਤੀ ਦੇ ਵਿਗਿਆਨ ਬਾਰੇ ਮਾੜਾ ਜਿਹਾ ਵੀ ਗਿਆਨ ਹੁੰਦਾ ਤਾਂ ਡਾ: ਜਸਵਿੰਦਰ ਸਿੰਘ ਅਤੇ ਡਾ: ਹਰਭਜਨ ਸਿੰਘ ਭਾਟੀਆ ਇਸ ਪੁਸਤਕ ਬਾਰੇ ਆਪਣੇ ਵਿਚਾਰ ਹੇਠ ਲਿਖੇ ਦੀ ਤਰ੍ਹਾਂ ਕਦੇ ਨਾ ਅੰਕਿਤ ਕਰਦੇ।
‘ਪਰਿਹਾਰ ਦੀ ਕਵਿਤਾ ਪਾਠਕ ਨੂੰ ਕਿਸੇ ਨਾ ਕਿਸੇ ਰੂਪ ਵਿਚ ਵਖ਼ਤ ਪਾਉਦੀ ਹੈ। ਇਸਦੇ ਵਿਭਿੰਨ ਥੀਮਕ ਪਸਾਰਾਂ ਵਿਚ ਅਨੇਕਾਂ ਬਿੰਦੂ ਪ੍ਰਤੱਖ ਤੌਰ ‘ਤੇ ਨਿਰੰਤਰ ਝਿਲਮਿਲਾਉਦੇ ਹਨ ਤੇ ਸਾਨੂੰ ਲਗਾਤਾਰ ਪਰੇਸ਼ਾਨ ਕਰੀ ਜਾਂਦੇ ਹਨ।’ ਡਾ: ਹਰਭਜਨ ਸਿੰਘ ਭਾਟੀਆ।
ਜਿਹੜਾ ਪਾਠਕ ਪ੍ਰਕ੍ਰਿਤਕ ਦੇ ਵਿਗਿਆਨ ਨੂੰ ਜਾਣਦਾ ਹੀ ਨਹੀਂ ਉਸ ਲਈ ਵਰਿੰਦਰ ਪਰਿਹਾਰ ਦਾ ਇਹ ਸੰਕਲਨ ‘ਕੁਦਰਤ’ ਜ਼ਰੂਰ ਹੀ ਇਕ ਪਰੇਸ਼ਾਨ ਕਰਨ ਵਾਲਾ ਸੰਕਲਨ ਹੋ ਸਕਦਾ ਹੈ।
‘ਉਸਦੀ ਸ਼ਾਇਰੀ ਇੱਕ ਅਜਿਹੀ ਸਿਰਜਨਾਤਮਿਕ ਬੇਚੈਨੀ ਵਿਚੋਂ ਪੈਦਾ ਹੁੰਦੀ ਹੈ, ਜੋ ਅਜੋਕੇ ਮਨੁੱਖ ਦੀ ਨਾ ਸਵੈ ਚੋਣ ਹੈ ਅਤੇ ਨਾ ਹੀ ਚਾਹਤ।’ਡਾ: ਜਸਵਿੰਦਰ ਸਿੰਘ।
ਵਰਤਮਾਨ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਦਾ ਮਸਲਾ ਗਲੋਬਲ ਬਣਿਆ ਹੋਇਆ ਹੈ। ਉਪ੍ਰੋਕਤ ਸਤਰਾਂ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਉਂਦੀਆਂ ਹਨ ਕਿ ਡਾ: ਜਸਵਿੰਦਰ ਸਿੰਘ ਇਸ ਗਿਆਨ ਅਤੇ ਵਿਗਿਆਨ ਵਲੋਂ ਬਿਲਕੁਲ ਕੋਰਾ ਹੈ। ਦਰਅਸਲ ਵਿਚ ਇਨ੍ਹਾਂ ਦੋਨਾਂ ਡਾਕਟਰਾਂ ਦੇ ਪੁਸਤਕ ਬਾਰੇ ਵਿਚਾਰ ਪੜ੍ਹ ਕੇ ਇਹ ਨਿਪਟਾਰਾ ਕਰਨਾ ਪੈਂਦਾ ਹੈ ਕਿ ਉਹ ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਦੀ ਆਲੋਚਨਾ-ਵਿਧਾਨ ਅਨੁਸਾਰ ਸਾਹਿਤਕ ਆਲੋਚਨਾ ਤਾਂ ਕਰਦੇ ਹਨ ਪਰ ਉਸਦੇ ਚੁਣੇ ਹੋਏ ਮੁਖ ਵਿਸ਼ਾ ਵਸਤੂ ਬਾਰੇ ਚੁੱਪ ਇਸ ਕਰਕੇ ਹਨ ਕਿਉਂਕਿ ਉਨ੍ਹਾਂ ਦਾ ਇਹ ਅਧਿਐਨ ਨਹੀਂ ਹੈ ਅਤੇ ਇਸੇ ਕਰਕੇ ਉਹ ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਦੇ ਮੁੱਖ ਥੀਮਕ ਵਰਤਾਰਿਆਂ ਨੂੰ ਸਮਝਣ ਤੋਂ ਅਸਮਰਥ ਰਹੇ ਹਨ।
ਵਰਿੰਦਰ ਪਰਿਹਾਰ ਪਹਿਲੇ ਸਫ਼ੇ ਉਪਰ ਇਕ ਨੋਟ ਵਿਚ ਲਿਖਦਾ ਹੈ, ‘ਇਸ ਕਾਵਿ-ਕਿਤਾਬ ਵਿੱਚ , ਮੈਨੂੰ ਆਪਣੀ ਗੱਲ ਆਖਣ ਲਈ, ਚਿਰਾਂ ਤੋਂ ਭੁੱਲੀ ਹੋਈ ਭਾਸ਼ਾ ਫੇਰ ਤੋਂ ਸਿੱਖਣੀ ਪਈ ਹੈ। ਤੇ ਮੇਰੀ ਇਸ ਗੱਲ ਨੂੰ ਸਮਝਣ ਲਈ, ਤੁਹਾਨੂੰ ਸਿੱਖੀ ਹੋਈ ਭਾਸ਼ਾ ਕੁਝ ਚਿਰ ਲਈ ਭੁਲਾਉਣੀ ਪਵੇਗੀ।’ ਵਰਿੰਦਰ ਪਰਿਹਾਰ ਨੇ ਨਾ ਤਾਂ ਆਮ-ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਇਸ ਸੰਕਲਨ ਵਿਚ ਨਾ ਹੀ ਵਿਗਿਆਨਕ ਭਾਸ਼ਾ ਹੈ ਪਰ ਵਰਿੰਦਰ ਆਪਣੇ ਇਸ ਸੰਕਲਨ ਵਿੱਚ ਪ੍ਰਕ੍ਰਿਤ ਭਾਸ਼ਾ ਦਾ ਪ੍ਰਯੋਗ ਬਹੁਤ ਹੀ ਵਿਗਿਆਨਕ ਢੰਗ ਨਾਲ ਕਰਦਾ ਹੈ। ਇਸੇ ਲਈ ਉਹ ਲਿਖਦਾ ਹੈ ਕਿ ਪ੍ਰਕ੍ਰਿਤੀ ਦੇ ਵਰਤਾਰਿਆਂ ਨੂੰ ਪਹਿਲਾਂ ਜਾਣ ਕੇ ਹੀ ਇਸ ਪੁਸਤਕ ਦੇ ਸਿਰਜਾਨਮਿਕ ਕਾਰਜ ਨੂੰ ਸਮਝਿਆ ਜਾ ਸਕਦਾ ਹੈ। ਕਿਉਂਕਿ ਵਰਿੰਦਰ ਬਚਪਨ ਤੋਂ ਆਪ ਇਸ ਸਭ ਕੁਝ ਨੂੰ ਸਿੱਖਦਾ ਸਮਝਦਾ ਆਇਆ ਹੈ।
‘ਸਤਾਰਾਂ ਵਰ੍ਹੇ ਦੀ ਉਮਰ ਵਿੱਚ, ਪਹਿਲੀ ਵੇਰਾਂ ਪਹਾੜ ਵੇਖੇ, ਬਰਫ਼, ਚੀੜ, ਦਯਾਰ, ਕੈਲ ਦੇ ਉੱਚੇ ਉੱਚੇ ਦਰੱਖਤ ਵੇਖੇ। ਖੱਡਾਂ, ਝੀਲਾਂ, ਜ੍ਹੇਲਮ, ਗੰਗਾ ਆਦਿ ਨਦੀਆਂ ਵੇਖੀਆਂ। ਬੇਲੇ ਤਰਾਈਆਂ ਪ੍ਰੇਰੀਆਂ ਛੰਭ, ਸਭ ਕੁਝ ਡੂੰਘੇ ਅੰਦਰ ਨਜ਼ਮਾਂ ਵਿੱਚ ਚੁੱਪ ਚੁਪੀਤੇ ਪ੍ਰਤੀਬਿੰਬਤ ਹੁੰਦਾ ਰਿਹਾ। ਪਰ ਇਹ ਇਤਫ਼ਾਕ ਹੀ ਹੈ ਕਿ ਕੁਦਰਤ ਦੀ ਪਹਿਲੀ ਕਵਿਤਾ ਗੁਲਮਰਗ ਵਿੱਚ ਲਿਖੀ ਗਈ ਤੇ ਅੰਤਲੀ ਇੰਤਰਲਾਰਕਨ (ਸਵਿੱਟਜ਼ਰਲੈਂਡ) ਯਾਨੀ ਕੁਦਰਤ ਦੀ ਗੋਦ ‘ਚ ਬਹਿ ਕੇ ਲਿਖੀ ਗਈ।’
ਇਸ ਸੰਕਲਨ ਬਾਰੇ ਤਾਂ ਹੀ ਅਜਮੇਰ ਰੋਡੇ ਲਿਖਦਾ ਹੈ, ‘ਵਰਿੰਦਰ ਦੀ ਅੱਖ ਵਿੱਚ ਸਾਧਾਰਣ ‘ਚੋਂ ਅਸਧਾਰਨ ਵੇਖ ਸਕਣ ਦੀ ਸਮਰੱਥਾ ਹੈ ਤੇ ਸ਼ੈਲੀ ਵਿੱਚ ਸੂਖ਼ਮ ਭਾਵ ਤੋਂ ਲੈ ਕੇ ਡੂੰਘੇ ਫ਼ਲਸਫ਼ੇ ਨੂੰ ਰੂਪਮਾਨ ਕਰਨ ਦੀ ਸ਼ਕਤੀ ਹੈ।’
ਕਵੀ ਦੀਆਂ ਕਵਿਤਾਵਾਂ ਦੇ ਸਰੋਤ ਉਸਦੇ ਲਿਖੇ ਉਪ੍ਰੋਕਤ ਸਿਰਲੇਖ ਪੰਨਾ 15 ਉਪਰ ਖੁਦ-ਬ-ਖੁਦ ਦਸਦੇ ਹਨ ਕਿ ਕਵੀ ਨੇ ਕਿੰਨਾਂ ਗੂੜ੍ਹਾ ਕੁਦਰਤ ਦਾ ਮੁਤਾਲਿਆ ਕੀਤਾ ਹੈ। -ਪੈਰਾਡਾਕਸ, ਇੱਕ ਹਾਸੋਹੀਣੀ- ਸਿਰਲੇਖ ਵਿੱਚ ਪੰਨਾ 17 ਉਪਰ ਉਹ ਆਪਣੀਆਂ ਕਵਿਤਾਵਾਂ ਦੇ ਵਿਸਿ਼ਆਂ ਪ੍ਰਤੀ ਪਾਠਕਾਂ ਨੂੰ ਜਾਣੂ ਕਰਵਾਉਦਾ ਹੈ। ਇਸ ਲੇਖ ਦੇ ਪੜ੍ਹਨ ਨਾਲ ਪਾਠਕ ਵਰਿੰਦਰ ਦੀਆਂ ਕਵਿਤਾਵਾਂ ਨੂੰ ਸਮਝਣ ਦੇ ਯੋਗ ਹੋ ਜਾਵੇਗਾ ਕਿਉਂਕਿ ਉਸਨੇ ਇਸ ਲੇਖ ਵਿੱਚ ਚੁਣੇ ਗਏ ਵਿਸਿ਼ਆਂ ਦੀ ਭਾਲ ਦਾ ਸਰੋਤ ਦਸਦਿਆਂ ਪ੍ਰਕ੍ਰਿਤੀ ਦੀ ਸਾਂਭ ਸੰਭਾਲ ਨਾ ਕਰਨ ਬਾਰੇ ਮਨੁੱਖ ਨੂੰ ਕੁਦਰਤ ਵਿੱਚ ਫੱਟਣ ਵਾਲੇ ਬੰਬ ਬਾਰੇ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਕੀਤੀ ਹੈ।
‘ਦੂਜੇ ਪਾਸੇ ਪ੍ਰਾਕ੍ਰਿਤੀ/ਪ੍ਰਥਿਵੀ ਦੀ ਦਸ਼ਾ ਤਰਸਯੋਗ ਹੋਈ। ‘ਕਾਢ’ ਦੀ ਧੁਨ ਨੇ, ਜ਼ਹੀਨ ਬੰਦੇ ਨੂੰ ਪਾਗ਼ਲ ਬਣਾਇਆ। ਬਨਾਵਟੀ ਗੈਸ ਤੇ ਫਾਸਲ-ਈਧਣ ਨੇ ਓਜ਼ੋਨ ‘ਤੇ ਹਮਲੇ ਚਾਲੂ ਕਰ ਦਿੱਤੇ। ਸਾਰਾ ਗ੍ਰਹਿ ਤੱਤਾ ਹੋਣ ਲੱਗਾ। ਸਮੁੰਦਰ ਉਛਲਣ ਲੱਗੇ। ਹੜ੍ਹਾਂ ਵਿੱਚ ਜ਼ਹੀਨ ਬੰਦਾ, ਮਾਸੂਮ ਬੰਦਿਆਂ ਨੂੰ ਉਨ੍ਹਾਂ ਦੇ ਘਰਾਂ ਦੇ ਸਾਮਾਨ ਅਸਬਾਬ ਸਮੇਤ ਰੋੜ੍ਹਣ ਲੱਗਾ। ਮੌਸਮ ਸਾਰੇ ਪਾਸੇ ਇੱਕੋ ਜਿੱਕੇ ਹੋਣ ਲੱਗੇ। ਮੀਂਹ, ਜੋ ਫ਼ਸਲਾਂ ਲਈ ਸਮੇਂ ਨਾਲ ਪੈਂਦੇ ਹੁੰਦੇ ਸਨ, ਬੇਨੇਮੇ ਹੋ ਗਏ।’
‘ਨਿਰਮਲ ਉਜਲਾ ਕੋਈ ਇੱਕ ਦਿਲ’ ਸਿਰਲੇਖ ਵਿੱਚ ਵੀ ਉਹ ਇਸ ਕੁਦਰਤ ਦੀ ਅਨੰਤਤਾ ਦਾ ਜਿ਼ਕਰ ਕਰਦਾ ਹੈ। ਕੁਦਰਤ ਵਿੱਚ ਅਣੂਆਂ ਨੂੰ ਪਕੜਿਆ ਹੈ। ਜਿਹੜੀ ਇਹ ਪਕੜ ਉਸਦੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਬਣੀ ਹੈ। ਉਸਦੀ ਇਹ ਵਾਰਤਕ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਕਵੀ ਕੁਦਰਤ ਨੂੰ ਕਿੰਨਾਂ ਨੇੜਿਓ ਵੇਖਦਾ ਹੈ ਅਤੇ ਉਸਦੀ ਲੀਨਤਾ ਵਿੱਚ ਪੂਰੇ ਦਾ ਪੂਰਾ ਲੁਪਤ ਹੋ ਗਿਆ ਹੈ। ਇਸ ਕਰਕੇ ਹੀ ਉਸਦੇ ਕੁਦਰਤ ਬਾਰੇ ਇਸ ਰਚਨਾਤਮਿਕ ਕਾਰਜ ਵਿੱਚ ਯਥਾਰਥ ਹੈ।
‘ਕਵਿਤਾ ਲਿਖਦਿਆ ਤੇ ਫਿਰ ਪੜ੍ਹਦਿਆਂ ਸਮੇਂ ਮੈਂ ਹਰ ਲਫ਼ਜ਼ ਵਿੱਚ ਇੱਕ ਵਿਸ਼ੇਸ਼ ਭਾਂਤ ਦਾ ‘ਨਾਚ’ ਤੱਕਿਆ ਹੈ। ਸਰਘੀ ਵੇਲੇ ਘਣੇ ਜੰਗਲ ਵਿੱਚ ਕਿਸੇ ਝਾੜ ਝੀਂਡੇ ‘ਤੇ ਪੈ ਰਹੀ ਸੂਰਜ ਦੀ ਰੂਪਹਿਲੀ ਕਿਰਨ ਦੀ ਲੋਅ ਵਿੱਚ ਜਿਵੇਂ ਲੱਖਾਂ ਅਰਬਾਂ ਮਿੱਟੀ ਦੇ ਮਹੀਨ ਕਿਣਕੇ ਨੱਚਦੇ ਦਿਸਦੇ ਹਨ, ਹਰ ਨਜ਼ਮ ਦੇ ਸਪੈਕਟਰਮ ਵਿੱਚ ਲਗਾਤਾਰ ਚੱਲ ਰਿਹਾ ਇੱਕ ਅਨੰਤ ਨਾਚ ਦਿਖਾਈ ਦਿੰਦਾ ਹੈ ਮੈਨੂੰ।’ ਕਵੀ ਇਸ ਵਿਸ਼ੇ ਵਿੱਚ ਏਨਾ ਪਰਪੱਕ ਹੋਇਆ ਜਾਂ ਆਪਣੇ ਆਪ ਨੂੰ ਮੁਦਈ ਹੋਇਆ ਸਮਝ ਕੇ ਲਿਖਦਾ ਹੈ।
‘ਜਾਣਦੇ ਹੋ
ਕਿੰਨੀਆਂ ਹੀ ਰਮਜ਼ਾਂ ਡੂੰਘੀਆਂ
ਤੁਸੀਂ ਚਾਹੇ ਬਿਰਖੋ
ਪਰ ਨਹੀਂ ਚਲਣਾ
ਕਦੇ ਪਤਾ ਤੁਸਾਂ ਨੂੰ
ਤੁਹਾਡੇ ਪੱਤਿਆਂ ਤੋਂ ਵੀ ਵੱਧ
ਨੇ ਲਫ਼ਜ਼ ਮੇਰੇ ਕੋਲ ਲਫ਼ਜ਼ ਲਫ਼ਜ਼ ਪੱਤੇ ਪੱਤੇ ਪੰਨਾ 174
ਉਸਦੀ ਵਰਤੀ ਗਈ ਸ਼ਬਦਾਵਲੀ ਵਿੱਚ ਅਜਿਹੀ ਪਰਬੱਲ ਸਮਰੱਥਾ ਹੈ ਕਿ ਪਾਠਕ ਪੜ੍ਹ ਕੇ ਇੰਝ ਮਹਿਸੂਸ ਕਰਦਾ ਹੈ ਕਿ ਉਹ ਪ੍ਰਕ੍ਰਿਤੀ ਨਾਲ ਸੰਵਾਦ ਰਚਾ ਰਿਹਾ ਹੁੰਦਾ ਹੈ। ਕਈ ਵਾਰ ਕਈ ਕਵਿਤਾਵਾਂ ਨੂੰ ਪੜ੍ਹ ਕੇ ਪਾਠਕ ਇਹ ਅਸਰ ਕਬੂਲਦਾ ਹੈ ਕਿ ਕਵਿਤਾਵਾਂ ਵਿੱਚ ਕਵੀ ਆਪਣੇ ਹੀ ਵਿਚਾਰਾਂ ਦਾ ਪ੍ਰਤਿਰੋਧ ਵੀ ਕਰਦਾ ਹੈ। ਇਸ ਪੈਰਾਡਾਕਸ ਦਾ ਅਨੰਦ ਮਾਣੋ।
‘ਜੀਵਨ ਨਹੀਂ ਏਸ ਲਈ ਹੁਣ ਮੌਤ ਟੋਲ
ਲੈ ਲੈ ਚੁੱਪ ਕੁਦਰਤ ਤੋਂ
ਸ਼ਬਦ ਤੇਰੇ ਕੋਲ
ਕੁਝ ਤਾਂ ਬੋਲ ਕੁਝ ਤਾਂ ਬੋਲ ਅੱਖ ਨਾਲ ਪੰਨਾ 50
ਮੀਂਹ ਦੇ ਵਸ ਜਾਣ ਦੀ ਧਰਾਤਲ ਨੂੰ ਤਿਆਰ ਕਰਦਾ ਕਵੀ ਵਰਿੰਦਰ ਪਰਿਹਾਰ ‘ਦੋ ਨਾਰਾਂ ਸਾਂਵਲੀਆਂ’ ਵਿੱਚ ਲਿਖਦਾ ਹੈ ਅਤੇ ਪੈ ਰਹੀ ਬਰਫ਼ਬਾਰੀ ਦੇ ਮੰਜਰ ਦੀ ਬਿਆਨਬਾਜ਼ੀ ਬਹੁਤ ਹੀ ਦਿਲ ਲੁਭਾਊ ਹੈ। ਇਹ ਮੰਜਰ ਪਾਠਕ ਨੂੰ ਇਸ ਗੱਲ ਦਾ ਅਹਿਸਾਸ ਦਵਾਉਦਾ ਹੈ ਕਿ ਕਵੀ ਕਿੰਨਾਂ ਚਿਰ ਕੁਦਰਤ ਨੂੰ ਨਿਹਾਰਦਾ ਰਿਹਾ ਹੈ ਜਿਵੇਂ ਕਿ ਬਰਫ਼ ਦਾ ਪਹਿਲਾਂ ਘਰਾਂ ਦੀਆਂ ਛੱਤਾਂ ਉਪਰ ਡਿੱਗਣਾ, ਫਿਰ ਰੁੱਖਾਂ, ਖੰਭਿਆਂ, ਮੈਦਾਨਾਂ ਸੜਕਾਂ, ਝਾੜ ਝੀਡਿਆਂ, ਘਾਹ ਫੂਸ ਅਤੇ ਪੱਥਰਾਂ ਨੂੰ ਢੱਕਣ ਤੱਕ ਦਾ ਸਮਾਂ ਕਵੀ ਨੇ ਮਾਣਿਆ ਹੈ।
‘ਸਾਰੇ ਘਰਾਂ ਦੀਆਂ ਛੱਤਾਂ ਨੂੰ ਪਹਿਲਾ
ਪਹਾੜਾਂ ਰੁੱਖਾਂ ਖੰਭਿਆਂ ਮੈਦਾਨਾ ਸੜਕਾਂ ਨੂੰ ਡੱਕਦੀ
ਝਾੜ ਝੀਡਿਆਂ ਘਾਹ ਫ਼ੂਸ ਪੱਥਰਾਂ ਨੂੰ ਢੱਕ ਰਹੀ ਹੁਣ ਬਰਫ਼ਬਾਰੀ ਪੰਨਾ 57
ਬਰਫ਼ ਦੇ ਕਾਰਜ ਨੂੰ ਬਿਆਨਦੀ ਕਵਿਤਾ ਵਿੱਚ ਕਵੀ ਦਾ ਆਪਣਾ ਅਕੀਦਾ ਹੈ ਕਿ ਉਹ ਮਰ ਕੇ ਬਰਫ਼ ਹੇਠਾਂ ਦਫਨ ਹੋਵੇ ਤਾਂ ਕਿ ਸਦੀਆਂ ਤੱਕ ‘ਸਨੋ-ਮੈਨ’ ਵਾਂਗ ਸਰੀਰਕ ਤੌਰ ਉਪਰ ਇਸ ਦੁਨੀਆਂ ਉਪਰ ਰਹਿ ਸਕੇ।
ਮੁਕਣਾ ਹੈ ਤਾਂ ਮੁਕ ਜਾਈਏ ਹੁਣ
ਰੁਕਣਾ ਹੈ ਸਿਲਸਿਲਾ ਤਾਂ ਰੁਕ ਜਾਵੇ ਹੁਣ
ਅੱਗ ਵਿੱਚ ਨਹੀਂ
ਇਹੀ ਬਸ ਚਹੁੰਦਾ ਹਾਂ ਮੈਂ
ਬੰਦਾ ਆਖਰੀ
ਬਰਫ਼ ਵਿੱਚ ਮਰੇ
ਚਿੰਨ੍ਹ ਜੀਵਨ ਦੇ
ਤਾਂ ਬਚੇ ਰਹਿ ਜਾਵਣ ਦੋ ਚਾਰ
ਥੱਲੇ ਕੁਝ ਦੱਬੇ ਲੁਕੇ
ਕਵੀ ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਦੀਆਂ ਸਤਰਾਂ ਕਿਰਿਆ ਵਿਹੂਣੀਆਂ ਹੋਣ ਕਰਕੇ ਆਮ ਪਾਠਕ ਸਤਰਾਂ ਰਾਹੀਂ ਉਜਾਗਰ ਹੋਣ ਵਾਲੀ ਪਰਿਕਿਰਿਆਂ ਬਾਰੇ ਸੋਚਣ ਲਗਦਾ ਹੈ। ਇਹ ਸੋਚ ਆਮ ਪਾਠਕ ਵਾਸਤੇ ਬੌਧਿਕ ਹੋ ਜਾਂਦੀ ਹੈ। ਕਿਰਿਆਵਾਂ ਦੀ ਅਣਹੋਂਦ ਕਾਰਨ ਪਾਠਕ ਉਸਰ ਰਹੇ ਕਾਰਜ ਨੂੰ ਸਮਝ ਨਹੀਂ ਸਕਦਾ ਕਿ ਇਹ ਕਾਰਜ ਹੋ ਚੁੱਕਾ ਹੈ, ਹੋ ਰਿਹਾ ਹੈ ਜਾਂ ਹੋਣ ਵਾਲਾ ਹੈ। ਕਵਿਤਾਵਾਂ ਵਿੱਚ ਸੰਖੇਪਤਾ ਭਾਵੇ ਕਵਿਤਾਵਾਂ ਦੇ ਸਾਹਿਤਕ ਮਿਆਰ ਨੂੰ ਉਚੇਰਾ ਕਰਦੀ ਹੈ ਪਰ ਇਹ ਸੰਖੇਪਤਾ ਕਵਿਤਾਵਾਂ ਦੇ ਬਹਾ ਉਪਰ ਸਵਾਲੀਆ ਨਿਸ਼ਾਨ ਲਾਉਦੀ ਹੈ। ਇਹ ਸੰਖੇਪਤਾ ਪਾਠਕ ਦੀ ਸੋਚ ਦੇ ਪਿੱਛੇ ਡੰਡੀ ਵੀ ਲਾਉਦੀ ਹੈ। ਇਸੇ ਕਰਕੇ ਇਹ ਕਵਿਤਾਵਾਂ ਆਮ ਪਾਠਕ ਵਾਸਤੇ ਨਹੀਂ ਹਨ ਸਗੋਂ ਉਨ੍ਹਾਂ ਪਾਠਕਾਂ ਵਾਸਤੇ ਲਿਖੀਆਂ ਗਈਆਂ ਹਨ ਜਿਨ੍ਹਾਂ ਕੋਲ ਹੋ ਰਹੇ ਕਾਰਜ ਦੀ ਸੋਝੀ ਹੋਵੇ। ਵਰਿੰਦਰ ਆਪਣੀਆਂ ਕਵਿਤਾਵਾਂ ਦਾ ਆਗਾਜ਼ ਸੰਖੇਪ ਸ਼ਬਦਾਵਲੀ ਨਾਲ ਮੁੱਖ ਵਿਸ਼ੇ ਦੇ ਪਰਿਣਾਮ ਅਨੁਸਾਰ ਇੱਕਹਿਰੇ ਸ਼ਬਦ ਨਾਲ ਕਰਦਾ ਹੈ।
‘ਕਵਿਤਾ
ਇਉਂ ਸੋਚਦੀ
ਜਿ਼ੰਦਗੀ ਬਾਰੇ-
ਸੋਚਦਾ ਪੱਥਰ ਜਿਵੇਂ
ਕਦੇ ਕਦੇ
ਉਪਰੋਂ ੳੱਡਦੇ ਜਾਂਦੇ
ਹਲਕੇ
ਡਿਗੂੰ ਡਿਗੂੰ ਕਰਦੇ
ਅੱਕ ਫੰਬੇ ਬਾਰੇ ਕਵਿਤਾ ਪੰਨਾ 63
ਅਸੀਂ ਹੇਠਲੇ ਪ੍ਰਕਰਣ ਦੀਆਂ ਪਹਿਲੀਆਂ ਅੱਠ ਸਤਰਾਂ ਨੂੰ ਜਦ ਪੜ੍ਹਦੇ ਹਾਂ ਤਾਂ ਸਾਨੂੰ ਸਵਾਲੀਆਂ ਨਿਸ਼ਾਨ ਕੁਝ ਵਾਪਰਨ ਬਾਰੇ ਦਸਦਾ ਹੈ। ਨੌਵੀਂ ਦਸਵੀ ਅਤੇ ਗਿਆਰਵੀਂ ਸਤਰ ਪਹਿਲੀਆਂ ਸਤਰਾਂ ਦੇ ਕਾਰਜ ਨੂੰ ਨਿਖਾਰਦੀਆਂ ਹਨ ਅਤੇ ਪਿਛਲੀਆਂ ਸਤਰਾਂ ਹੋਣ ਵਾਲੇ ਕਾਰਜ ਨੂੰ ਪਾਠਕ ਦੇ ਪ੍ਰਤੱਖ ਕਰਦੀਆਂ ਹਨ। ਇਹ ਹੀ ਭੇਦ ਹੈ ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਅਨੰਦ ਮਾਨਣ ਦਾ।
ਲੱਕੜਹਾਰਾ?
ਤਰਖ਼ਾਣ?
ਸ਼ਹਿਰ-ਆਯੋਜਕ?
ਦਸਤਕਾਰ?
ਸਿ਼ਲਪਕਾਰ?
ਕਾਸ਼ਤਕਾਰ?
ਨਹੀਂ ਨਹੀਂ
ਇਨ੍ਹਾਂ ਵਿੱਚੋਂ ਕੋਈ ਨਹੀਂ
ਕਵੀ!-
ਸਿਰਫ਼ ਕਵੀ
ਬਿਰਖ਼ ਦੀ ਵਧੀਆਂ ਵਰਤੋਂ ਕਰਦਾ
ਕੁਹਾੜੀ ਆਰੀ ਕਿੱਲ ਤੇਸੇ ਰੰਦੇ ਨਾਲ ਨਹੀਂ
ਉਹ ਤਾਂ
ਹਵਾ ਵਿੱਚ ਹੋਵੇ ਜਿਉਂ ਉਹਦੀ ਆਪਣੀ ਛਾਂ
ਕਰੇ ਤੇਹ ਬਿਰਖ਼ ਨੂੰ
ਬੱਚੇ ਨੂੰ ਜਿਉਂ ਮਾਂ ਬਿਰਖ਼ ਦੀ ਵਰਤੋਂ ਪੰਨਾ 217
ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਕਿ ਮਲਾਹ ਦੇ ਹੁੱਕੇ ਵਿੱਚ ਪਾਣੀ ਨਹੀਂ ਹੁੰਦਾ ਅਤੇ ਜਾਂ ਇੰਝ ਆਖ ਲਓ ਕਿ ਦੀਵੇ ਥੱਲੇ ਹਨੇਰਾ ਹੀ ਹੁੰਦਾ ਹੈ। ਠੀਕ ਇਸੇ ਤਰ੍ਹਾਂ ਕਵੀ ਆਪ ਭਾਵੇ ਵਾਤਾਵਰਨ ਦਾ ਮੁਦਈ ਹੈ ਪਰ ‘ਇਨਵਾਇਰਨਮੈਂਟ ਫਰੈਂਡਲੀ’ ਨਹੀਂ ਹੈ। ਉਪ੍ਰੋਕਤ ਕਵਿਤਾ ਵਾਂਗ ਕਈ ਹੋਰ ਕਵਿਤਾਵਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਕਵੀ ਕਿਵੇਂ ਇੱਕ ਸਤਰ ਵਿੱਚ ਇੱਕ ਸ਼ਬਦ ਹੀ ਲਿਖਦਾ ਹੈ। ਉਪ੍ਰੋਕਤ ਲਿਖੀ ਕਵਿਤਾ ਦੇ ਬਹੁਤੇ ਸ਼ਬਦ ਇੱਕ ਸਤਰ ਵਿੱਚ ਲਿਖੇ ਜਾ ਸਕਦੇ ਹਨ ਜਿਸ ਕਾਰਨ ਕਾਗਜ਼ ਦੀ ਬੱਚਤ ਕੀਤੀ ਜਾ ਸਕਦੀ ਸੀ। ਕਵੀ ਦੇ ਆਪਣੇ ਵਿਚਾਰ ਅਨੁਸਾਰ ਕਿ ਕਾਗਜ਼ ਦੀ ਖੱਪਤ ਦਰੱਖਤਾਂ ਦਾ ਵੱਢ-ਵੰਢਾਂਗਾ ਕਰਵਾਏਗੀ। ਦਰੱਖਤਾਂ ਦੀ ਕੱਟ ਵੱਡ ਕੁਦਰਤ ਦੇ ਸੁਹੱਪਣ ਨੂੰ ਖੋਰਾ ਲਾਵੇਗੀ। ਇਸ ਦਾ ਇਹ ਮਤਲਬ ਵੀ ਨਹੀਂ ਕਿ ਵਰਿੰਦਰ ਵਾਤਾਵਰਣ ਪੱਖੀ ਹੈ ਹੀ ਨਹੀਂ। ਇਸ ਸੰਕਲਨ ਦੀਆਂ ਕਈ ਕਵਿਤਾਵਾਂ ਇਸ ਮੰਤਵ ਨੂੰ ਧਿਆਨ ਵਿੱਚ ਰੱਖਦਿਆਂ ਵਾਰਤਕ ਵਾਂਗ ਵੀ ਲਿਖੀਆਂ ਗਈਆਂ ਹਨ ਜਿਵੇਂ ‘ਉਨ੍ਹਾਂ ਦੋ ਮਿੰਟਾਂ ਵਿੱਚ’ ਪੰਨਾ 287, ‘ਪੱਤਾ-ਅੱਖਾਂ’ ਪੰਨਾ 177, ‘ਇਹ ਕਵਿਤਾ ਨਹੀਂ ਹੈ’ ਪੰਨਾ 293 ਅਤੇ ਬਿਰਖ ਘੁੱਗੀ ਤੇ ਮੈਂ’ ਪੰਨਾ 71 ਉਪਰ ਆਦਿ।
ਭਾਵੇਂ ਵਰਿੰਦਰ ਨੇ ਖੁਲ੍ਹੀ ਕਵਿਤਾ ਦਾ ਕਾਵਿਕ ਰੂਪ ਵਰਤਿਆਂ ਹੈ ਪਰ ਇਸ ਕਾਵਿਕ ਰੂਪ ਨੂੰ ਪ੍ਰੋ: ਪੂਰਨ ਸਿੰਘ ਦੇ ਕਾਵਿ-ਰੂਪ ਨਾਲ ਨਹੀਂ ਜੋੜਿਆ ਜਾ ਸਕਦਾ। ਕਿਉਂਕਿ ਪ੍ਰੋ: ਪੂਰਨ ਸਿੰਘ ਅਤੇ ਹੋਰ ਪੰਜਾਬੀ ਕਵੀਆਂ ਨੇ ਸਿਰਫ਼ ਤੇ ਸਿਰਫ਼ ਪੰਜਾਬ ਦੇ ਵਾਤਾਵਰਣ ਬਾਰੇ ਛੋਹਾਂ ਹੀ ਲਈਆਂ ਹਨ ਜਿਹੜੀਆਂ ਗਲੋਬ ਦੇ ਵਾਤਾਵਰਣ ਦੀਆਂ ਪਰਸਸਿੱਥਤੀਆਂ ਤੋਂ ਵੱਖਰੀਆਂ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਬਾਰੇ ਕੋਈ ਟਿਪਣੀ ਕੀਤੀ ਨਹੀਂ ਪੜ੍ਹੀ ਜਾਂਦੀ। ਹਾਂ ਵਰਿੰਦਰ ਪਰਿਹਾਰ ਨੂੰ ਕਿਸੇ ਹੱਦ ਤੱਕ ਰਬਿੰਦਰਨਾਥ ਟੈਗੋਰ ਦੇ ਗੀਤਾਂ ਦੇ ਵਿਸ਼ੇ-ਵਸਤੂ ਨਾਲ ਜ਼ਰੂਰ ਜੋੜਿਆ ਜਾ ਸਕਦਾ ਹੈ। ਵਰਿੰਦਰ ਅਤੇ ਰਬਿੰਦਰਨਾਥ ਟੈਗੋਰ ਦੇ ਰਚਨਾਤਮਕ ਕਾਰਜ ਵਿੱਚ ਜੇ ਕੋਈ ਫਰਕ ਹੈ ਤਾਂ ਉਸਦੇ ਗੀਤਾਂ ਦਾ ਰੂਪਕ ਪੱਖ ਹੀ ਹੈ ਕਿਉਂਕਿ ਰਬਿੰਦਰ ਨਾਥ ਟੈਗੋਰ ਨੇ ਕਾਵਿਕ ਵਿਧਾਵਾਂ ਨੂੰ ਮੁੱਖ ਰੱਖਿਆ ਹੈ ਪਰ ਵਰਿੰਦਰ ਨੇ ਖੁਲ੍ਹੀ ਕਵਿਤਾ ਦਾ ਸਿਰਜਨਾਤਮਕ ਕਾਰਜ ਕੀਤਾ ਹੈ। ਰਬਿੰਦਰਨਾਥ ਟੈਗੋਰ ਨੇ ਅਲੰਕਾਰ, ਉਪਮਾ ਅਲੰਕਾਰ ਅਤੇ ਬਿੰਬ ਗੀਤਾਂ ਰਾਹੀਂ ਅਭਿਵਿਅੱਕਤ ਕੀਤੇ ਹਨ ਪਰ ਵਰਿੰਦਰ ਆਪਣੀਆਂ ਕਵਿਤਾਵਾਂ ਵਿੱਚ ਇਹ ਕਾਰਜ ਬੌਧਿਕ ਸ਼ਬਦਾਵਲੀ ਨਾਲ ਕਰਦਾ ਹੈ। ਰਬਿੰਦਰਨਾਥ ਟੈਗੋਰ ਸਮੁੰਦਰ ਦੀਆਂ ਲਹਿਰਾਂ, ਦਿਸਹੱਦਿਆਂ ਪਿੱਛੇ ਹੋ ਰਹੇ ਵਰਤਾਰੇ, ਬੱਦਲਾਂ ਉਪਰ ਵਰਤ ਰਹੀਆਂ ਪਰਸਥਿੱਤੀਆਂ ਭਾਵ ਅਣਡਿੱਠੇ ਦ੍ਰਿਸ਼ ਸਿਰਜਦਾ ਹੈ ਅਤੇ ਵਰਿੰਦਰ ਪਰਿਹਾਰ ਜੋ ਉਸਦੇ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਹੈ ਉਸ ਨੂੰ ਹੀ ਆਪਣੀਆਂ ਕਵਿਤਾਵਾਂ ਰਾਹੀਂ ਸਿਰਜਦਾ ਹੈ। ਟੈਗੋਰ ਅਚੇਤਨਾ ਦੇ ਲੋਰ ਵਿੱਚ ਲਿਖਦਾ ਹੈ ਅਤੇ ਵਰਿੰਦਰ ਪਰਿਹਾਰ ਆਪਣੀ ਲਿਖਣ ਪ੍ਰਕ੍ਰਿਆ ਨੂੰ ਚੇਤਨਾ ਦੇ ਦਾਇਰੇ ਵਿੱਚ ਰੱਖਦਾ ਹੈ। ਟੈਗੋਰ ਮਨੁੱਖ, ਪ੍ਰਕਿਰਤੀ ਅਤੇ ਪਰਮ ਸੱਚ ਦੇ ਅੰਤਰੀਵ ਵਿੱਚ ਲੈ ਜਾਂਦਾ ਹੈ ਅਤੇ ਵਰਿੰਦਰ ਪਰਮ-ਸੱਚ ਦੀ ਹੋਂਦ ਤੋਂ ਇਨਕਾਰੀ ਹੁੰਦਾ ਹੋਇਆ ਥਥਾਰਥ ਨੂੰ ਹੀ ਤਰਜੀਹ ਦਿੰਦਾ ਹੈ। ਟੈਗੋਰ ਦੇ ਗੀਤ ਪਰਮ-ਸੱਚ ਦਾ ਵਿਸ਼ਲੇਸ਼ਣਾਤਮਕ ਕਾਰਜ ਹੈ ਪਰ ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਕਾਦਰ ਦੀ ਕਲਾ ਦੀ ਸਾਂਭ ਸੰਭਾਲ ਨੂੰ ਸਮਰਪੱਤ ਹਨ। ਵਰਿੰਦਰ, ਟੈਗੋਰ ਵਾਂਗ ਆਪਣਾ ਰਚਨਾਤਮਿਕ ਕਾਰਜ ਕਰਦਿਆਂ ਸ਼ਬਦਾਰਥ ਅਤੇ ਕਾਵਿਤਾਰਥ ਦੇ ਕਈ ਪੜਾਵਾਂ ਵਿੱਚੋਂ ਲੰਘਦਾ ਹੈ। ਇਸ ਕਰਕੇ ਟੈਗੋਰ-ਮਿੱਥ ਅਤੇ ਵਰਿੰਦਰ-ਮਿੱਥ ਰਲੇ ਮਿਲੇ ਨਜ਼ਰ ਆਉਦੇ ਹਨ। ਇਸ ਗੱਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਵਰਿੰਦਰ ਪਰਿਹਾਰ ਇਸ ਗਲੋਬ ਦੀ ਪ੍ਰਕ੍ਰਿਤੀ ਦੀ ਸਾਂਭ ਸੰਭਾਲ ਬਾਰੇ ਮਨੁੱਖ ਨੂੰ ਜਾਗਰੂਕ ਕਰਦਾ ਹੈ। ਇਸੇ ਕਰਕੇ ਵਰਿੰਦਰ ਪਰਿਹਾਰ ਦੀ ਸਥਿੱਤੀ ਪ੍ਰੋ: ਪੂਰਨ ਸਿੰਘ ਤੋਂ ਵੱਖਰੀ ਹੈ। ਵਰਿੰਦਰ ਪਰਿਹਾਰ ਦੀ ਰਚਿੱਤ ‘ਕੁਦਰਤ’ ਪ੍ਰਕ੍ਰਿਤੀ ਉਪਰ ਲਿਖਿਆ ਇੱਕ ਥੀਸਸ ਹੈ। ਨਵਤੇਜ ਭਾਰਤੀ ਵਰਿੰਦਰ ਦੀ ‘ਕੁਦਰਤ ਬਾਰੇ ਲਿਖਦਾ ਹੈ।
‘ਕੀਟਸ’ ਕਵਿਤਾ ਦੀ ‘ਗਰਾਸਹਾਪਰ’ ਨੂੰ ਫੜ੍ਹਨ ਦੀ ਥਾਂ ਚੁੱਪ ਕਰਕੇ ਵੇਖਣ’ ਦੀ ਦ੍ਰਿਸ਼ਟੀ ਦੇਣ ਵਾਲੀ ਪੰਕਤੀ ਉਸ ਸਾਰੇ ਦਾਰਸ਼ਨਿਕ ਪਰਿਪੇਖ ਵੱਲ ਸੰਕੇਤ ਕਰਦੀ ਹੈ, ਜਿਸ ਵਿੱਚ ਕੁਦਰਤ ਕੇਵਲ ਮਨੁੱਖ ਦੇ ਵਰਤਣ ਲਈ ਬਣੀ ਹੈ।’ ਇਸੇ ਕਾਰਨ ਵਰਿੰਦਰ ਮਨੁੱਖ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਵਾਸਤੇ ਜਾਗਰੂਕ ਕਰਦਾ ਹੈ। ਇਸ ਗੱਲ ਨੂੰ ਵੀ ਅਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਭਵਿੱਖ ਵਿੱਚ ਇਸ ਵਾਤਾਵਰਣ ਦੇ ਵਿਗਿਆਨ ਬਾਰੇ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਜਦ ਕੋਈ ਵਰਿੰਦਰ ਪਰਿਹਾਰ ਦੇ ਵਿਸ਼ਾ ਵਸਤੂ ਨੂੰ ਆਪਣੀਆਂ ਕਵਿਤਾਵਾਂ ਦੇ ਕਲੇਵਰ ‘ਚ ਲੈਂਦਾ ਹੈ ਜਿਵੇਂ ਵਰਿੰਦਰ ਨੂੰ ਨੌਜੁਆਨ ਅੰਗਰੇਜ਼ੀ ਕਵੀ ਜੋਨ੍ਹ ਕੀਟਸ ਦੇ ਨਾਮ ਨਾਲ ਜੋੜਿਆ ਜਾ ਸਕਦਾ ਹੈ।
ਇਸ ਸੰਕਲਨ ਦੀਆਂ ਕੁਝ ਕਵਿਤਾਵਾਂ ਮਨੋਵਿਗਿਆਨਕ ਹਨ। ਅਜਿਹੀਆਂ ਕਵਿਤਾਵਾਂ ਕੁਦਰਤ ਦੇ ਧੁਰ ਅੰਦਰ ਲੁਕੇ ਸੁਹੱਪਣ ਦਾ ਵਰਨਣ ਕਰਦੀਆਂ ਹਨ। ਇਸ ਸੰਦਰਭ ਵਿੱਚ ਅੱਗੇ ਲਿਖੀਆਂ ਕਵਿਤਾਵਾਂ ਪੜ੍ਹੀਆਂ ਜਾ ਸਕਦੀਆਂ ਹਨ ਜਿਵੇਂ ‘ਬਿਰਖ਼ ਘੁੱਗੀ ਤੇ ਮੈਂ’ ਪੰਨਾ 70, ‘ਮਾਕੂਸ ਬਰਹਮ ਸੁਕੂੰ’ ਪੰਨਾ 180, ‘ਆਰਾ ਚੱਲ ਰਿਹਾ ਹੈ’ ਪੰਨਾ 198, ‘ਏਥੇ ਹੀ’ ਪੰਨਾ 223 ਅਤੇ ‘ਪੱਤਾ- ਅੱਖਾਂ’ ਪੰਨਾ 177 ਆਦਿ।
ਇਸੇ ਕਰਕੇ ਵਰਿੰਦਰ ਦੀ ਸ਼ਾਇਰੀ ਦੀ ਸਿਰਜਨਾਂ ਵਿੱਚ ਸੁਹਜ ਹੈ, ਸੰਕਲਪ ਹਨ, ਸ਼ਾਇਰੀ ਅਨੰਦਤ ਹੈ, ਕੁਦਰਤ ਦਾ ਸੁਹੱਪਣ ਹੈ ਅਤੇ ਮਨੁੱਖ ਵਾਸਤੇ ਸੰਦੇਸ਼ ਹਨ। ਇਹ ਰੰਗ ਬਹੁਤੀਆਂ ਕਵਿਤਾਵਾਂ ਵਿੱਚ ਵਿਖਰਿਆ ਪੜ੍ਹਿਆ ਜਾਂਦਾ ਹੈ ਖ਼ਾਸ ਕਰ ਜਿਵੇਂ ‘ਬੱਦਲ 1 ਅਤੇ 2’, ਪੰਨਾ 282/286, ‘ਬੇਰੰਗ ਥਾਂ’ ਪੰਨਾ 269, 'Once I heard Him...' ਪੰਨਾ 259, ‘ਪੱਥਰ ਪੱਥਰ’ ਪੰਨਾ 242 ਅਤੇ ‘ਲੰਮਹੇ ਇੱਕ ਨੂੰ’ ਕਵਿਤਾ ਦਾ ਅਨੰਦ ਮਾਣੋ।
ਇੱਕ ਲੰਮਹੇ
ਬਸ
ਲੰਮਹੇ ਇੱਕ ਨੂੰ, ਸਿਰਫ਼
ਫੜਣ ਖਾਤਰ
ਮੈਂ ਬੁਲਬਲਾ ਜਿਓਂ
ਚੁੰਮ ਜ਼ਮੀਨ ਇੱਕ ਵੇਰਾਂ
ਫਿਰ ਉੜੇ
ਫਟਨ ਫਟਨ ਕਰੇ
ਉੱਤਰੇ ਜ਼ਮੀਂ
ਫੇਰ ‘ਤਾਂਹ
ਮੁੜ ਮੁੜ ਚੜ੍ਹੇ ਪੰਨਾ 289
ਵਰਿੰਦਰ ਪਰਿਹਾਰ ਦੀਆਂ ਕਵਿਤਾਵਾਂ ਦਾ ਵਿਸ਼ਾ-ਵਸਤੂ ਪ੍ਰਕ੍ਰਿਤਕ ਹੈ। ਇਸ ਵਿਸ਼ੇ-ਵਸਤੂ ਦਾ ਕਾਰਜ ਹੀ ਉਸਦੀਆਂ ਕਵਿਤਾਵਾਂ ਦਾ ਰੂਪ ਹੈ। ਕਾਵਿ-ਵਿਧਾਨ ਅਨੁਸਾਰ ਕਵਿਤਾਵਾਂ ਦਾ ਰੂਪ ਖੁਲ੍ਹੀ ਕਵਿਤਾ ਤਾਂ ਮੰਨਿਆ ਜਾ ਸਕਦਾ ਹੈ ਪਰ ਚੁਣੇ ਗਏ ਵਿਸਿ਼ਆਂ ਦੀ ਵਿਗਿਆਨਤਾ ਕਾਰਨ ਵਿਸਾ਼-ਵਸਤੂ ਜੋ ਕਾਰਜ ਕਰਦਾ ਹੈ ਉਸ ਨੂੰ ਰੂਪ ਕਹਿਣਾ ਬਹੁਤ ਢੁਕਵਾਂ ਹੈ। ਪ੍ਰਕ੍ਰਿਤੀ ਦੀ ਵਿਆਖਿਆ ਹੀ ਇਨ੍ਹਾਂ ਕਵਿਤਾਵਾਂ ਦਾ ਰੂਪ ਹੈ। ਦੂਜੇ ਸ਼ਬਦਾਂ ਵਿੱਚ ਵਰਿੰਦਰ ਪਰਿਹਾਰ ਦੀ ਖੁਲ੍ਹੀ ਕਵਿਤਾ ਸ਼ਬਦਾਂ ਦੀ ਸ਼ਾਇਰੀ ਹੈ। ਵਰਤੇ ਗਏ ਸ਼ਬਦਾਂ ਦੇ ਅਰਥ ਹੀ ਇਨ੍ਹਾਂ ਕਵਿਤਾਵਾਂ ਦੀ ਸ਼ੈਲੀ ਹੈ। ਇਸ ਸ਼ੈਲੀ ਰਾਹੀਂ ਜੋ ਸੰਕਲਪ ਸਥਾਪਤ ਹੁੰਦੇ ਹਨ ਉਹੀ ਹੀ ਇਨ੍ਹਾਂ ਕਵਿਤਾਵਾਂ ਦਾ ਰੂਪ ਹੈ। ਇਨ੍ਹਾਂ ਵਿਚਾਰਾਂ ਨੂੰ ਹੋਰ ਨਿਖਾਰਨ ਵਾਸਤੇ ਕਿਸੇ ਇੱਕ ਕਵਿਤਾ ਦੀ ਉਦਾਹਰਣ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਸਮੁਚਾ ਸੰਕਲਨ ਹੀ ਇਸ ਸੰਦਰਭ ਵਿੱਚ ਪੜ੍ਹਿਆ ਜਾ ਸਕਦਾ ਹੈ। ਸ਼ਬਦਾਵਲੀ ਨਾ ਮਿੱਠੀ ਹੈ ਨਾ ਫਿੱਕੀ ਹੈ, ਨਾ ਕੌੜੀ ਹੈ ਨਾ ਕੁਸੈਲੀ ਹੈ ਅਤੇ ਨਾ ਖੱਟੀ ਹੈ ਨਾ ਕਸਿਆਈ ਹੈ ਪਰ ਪਾਠਕ ਇਸ ਸ਼ਬਦਾਵਲੀ ਵਿੱਚੋਂ ਆਪਣੀ ਸੂਝ ਅਨੁਸਾਰ ਇਹ ਸਾਰੇ ਸੁਆਦ ਮਾਣ ਸਕਦਾ ਹੈ। ਕਵਿਤਾਵਾਂ ਵਿੱਚ ਅੰਕਿਤ ਵਿਚਾਰ ਇਸ ਤਰ੍ਹਾਂ ਲਗਦੇ ਹਨ ਜਿਵੇਂ ਕੋਈ ਗ਼ਜ਼ਲ ਕਹਿੰਦਾ ਹੋਵੇ। ਭਾਵੇਂ ਵਰਿੰਦਰ ਗ਼ਜ਼ਲ ਦਾ ਬਹਿਰ ਨਹੀਂ ਵਰਤਦਾ ਪਰ ਕਵਿਤਾਵਾਂ ਵਿੱਚ ਵਿਚਾਰ ਗ਼ਜ਼ਲ ਦੀ ਤਰ੍ਹਾਂ ਉਜਾਗਰ ਹੁੰਦੇ ਹਨ। ਜਿਵੇਂ ਗ਼ਜ਼ਲ ਦੇ ਮਤਲੇ ਵਿੱਚ ਜੋ ਵੀ ਕਹਾਣੀ ਹੁੰਦੀ ਹੈ ਠੀਕ ਉਸੇ ਤਰ੍ਹਾਂ ਉਸ ਕਹਾਣੀ ਦੇ ਭਾਵ-ਅਰਥਾਂ ਦੀ ਪੁਸ਼ਟੀ ਕਰਦੀਆਂ ਵੱਖਰੀਆਂ ਕਹਾਣੀਆਂ ਦਾ ਸਿਰਜਾਨਮਿਕ ਕਾਰਜ ਹਰ ਸ਼ੇਅਰ ਅਤੇ ਮਕਤੇ ਵਿੱਚ ਉਪਲੱਬਧ ਹੁੰਦਾ ਹੈ। ਇਹੀ ਵਿਧਾਨ ਇਸ ਸੰਕਲਨ ਦੀ ਹਰ ਕਵਿਤਾ ਦਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਕਵਿਤਾਵਾਂ ਵਿੱਚ ਉਜਾਗਰ ਹੋਏ ਸਾਰੇ ਵਿਚਾਰ ਪ੍ਰਕ੍ਰਿਤੀ ਦੀਆਂ ਵਿਗਿਆਨਕ ਗਤੀ ਵਿਧੀਆਂ ਨੂੰ ਹੀ ਦਰਸਾਉਦੇ ਹਨ। ਕਵੀ ਪ੍ਰਕ੍ਰਿਤੀ ਵਿੱਚ ਇਸ ਤਰ੍ਹਾਂ ਖੁੱਭ ਚੁੱਕਿਆ ਹੈ ਕਿ ਉਹ ਅਜਿਹੀਆਂ ਕਹਾਣੀਆਂ ਸਿਰਜ ਦਿੰਦਾ ਹੈ ਜਿਨ੍ਹਾਂ ਨੂੰ ਸਿਰਫ਼ ਤੇ ਸਿਰਫ਼ ਉਹ ਖੁਦ ਹੀ ਸਮਝ ਸਕਦਾ ਹੈ। ਉਹ ਜਿਸ ਵੇਗ ਵਿੱਚ ਆਣ ਕੇ ਕਵਿਤਾਵਾਂ ਦੀ ਅਭਵਿਅਕਤੀ ਕਰਦਾ ਹੈ ਉਸ ਵੇਗ ਵਿੱਚ ਆਮ ਪਾਠਕ ਦਾ ਅਨਕੂਲਣ (acclimation) ਹੋ ਜਾਣਾ ਸੰਭਵ ਨਹੀਂ ਹੈ। ਕਵਿਤਾਵਾਂ ਵਿੱਚ ਅਜਿਹੀਆਂ ਕਹਾਣੀਆਂ ਯਥਾਰਥਕ ਤਾਂ ਹੈ ਹੀ ਹਨ ਪਰ ਕਹਾਣੀਆਂ ਦੀ ਯਥਾਰਥਿਕਤਾ ਉਪਰ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਹਨ ਜਦ ਡਾ: ਹਰਭਜਨ ਸਿੰਘ ਭਾਟੀਆ ਅਤੇ ਡਾ: ਜਸਵਿੰਦਰ ਸਿੰਘ ਜੀ ਦਾ ਲਿਖਿਆ ਪੜ੍ਹਦੇ ਹਾਂ ਕਿ ਇਹ ਕਹਾਣੀਆਂ ਵੱਡੇ ਵੱਡੇ ਵਿਦਵਾਨਾਂ ਨੂੰ ਚੱਕਰਾਂ ਵਿੱਚ ਪਾ ਦਿੰਦੀਆਂ ਹਨ।
ਇਸ ਸੰਕਲਨ ਦੀਆਂ ਸਾਰੀਆਂ ਕਵਿਤਾਵਾਂ ਦੇ ਵਿਸ਼ੇ ਭਾਵ-ਪੂਰਤ ਅਤੇ ਵਿਗਿਆਨਕ/ਪ੍ਰਕ੍ਰਿਤਕ ਭਾਸ਼ਾ ਨਾਲ ਉਜਾਗਰ ਕੀਤੇ ਗਏ ਹਨ। ਇਹ ਵਿਗਿਆਨਕ/ਪ੍ਰਕ੍ਰਿਤਕ ਭਾਸ਼ਾ ਸਰਲ ਅਤੇ ਸੰਖੇਪ ਸ਼ਬਦਾਵਲੀ ਵਿੱਚ ਲਿਖੀ ਗਈ ਹੈ। ਇਹ ਸੰਖੇਪਤਾ ਭਾਸ਼ਾ-ਸ਼ਾਸ਼ਤਰੀਆਂ ਦੀ ਸਿਰਦਰਦੀ ਵੀ ਬਣੀ ਹੋਈ ਹੈ। ਇਹ ਭਾਸ਼ਾ ਮਨੁੱਖ ਅਤੇ ਪ੍ਰਕ੍ਰਿਤੀ ਦੇ ਵਿੱਚਕਾਰ ਪਨਪ ਰਹੀ ਦਬੰਦਾਤਮਿਕ ਪ੍ਰਸ਼ਨੋਤਰੀ ਹੈ। ਭਾਸ਼ਾ ਪ੍ਰਕ੍ਰਿਤੀ ਦੀਆਂ ਉਹ ਪਰਤਾਂ ਉਧੇੜਦੀ ਹੈ ਜਿਸ ਦਾ ਆਮ ਮਨੁੱਖ ਨੂੰ ਗਿਆਨ ਨਹੀਂ ਹੈ ਅਤੇ ਮਨੁੱਖ ਸੁਭਾਵਕ ਹੀ ਕੁਦਰਤ ਨਾਲ ਛੇੜ-ਛਾੜ ਕਰ ਰਿਹਾ ਹੈ। ਇਸ ਦਾਇਰੇ ਦੀਆਂ ਕਵਿਤਾਵਾਂ ਹਨ ਜਿਵੇਂ ‘ਕੰਵਲ’ ਪੰਨਾ 210, ‘ਵਾਕਮੈਨ’ ਪੰਨਾ 228, ‘ਪੱਥਰ-ਪੱਥਰ’ ਪੰਨਾ 242, ‘ਅਗਸਤ’ ਪੰਨਾ 138, ਨਦੀ ਅਤੇ ’ਪੰਨਾ 108 ਅਤੇ 110 ਆਦਿ ਅਤੇ ਕਈ ਹੋਰ ਕਵਿਤਾਵਾਂ।
ਇਸ ਸੰਕਲਨ ਨੂੰ ਆਸਾਨੀ ਨਾਲ ਸਮਝਣ ਵਾਸਤੇ ਵਰਿੰਦਰ ਪਰਿਹਾਰ, ਸ਼ਵੇਤਾ ਪਰਿਹਾਰ ਅਤੇ ਸ਼ੀਕਾ ਪਰਿਹਾਰ ਨੇ ਕਵਿਤਾਵਾਂ ਦੇ ਭਾਵ-ਅਰਥਾਂ ਨੂੰ ਭਾਵਕ ਚਿੱਤਰਾਂ ਨਾਲ ਸਿ਼ੰਗਾਰਿਆ ਹੈ। ਇਸ ਸੰਕਲਨ ਦੀ ‘ਵਾਪਿਸ ਭਵਿੱਖ ‘ਚ: ਸਾਲ 2031’ ਵਾਲੀ ਆਖਰੀ ਕਵਿਤਾ ਵਿੱਚ ਕਿੰਨੀ ਸਚਾਈ ਹੈ ਇਹ ਵੇਖਣ ਵਾਸਤੇ ਸਾਨੂੰ ਸਮੇਂ ਦੇ ਨਾਲ ਤੁਰਦੇ ਰਹਿਣਾ ਅਤੇ ਉੱਥੇ ਤੱਕ ਜਿ਼ੰਦਗੀ ਜੀਣ ਜੋਗਾ ਸਮਾਂ ਲੋੜੀਂਦਾ ਹੈ। ਗਲੋਬਲ ਤਾਪਮਾਨ ਵਿੱਚ ਬੜੌਤੀ ਕਾਰਨ ਵਰਿੰਦਰ ਸਮਝਦਾ ਹੈ ਕਿ ਇਹ ਧਰਤੀ ਪਾਣੀ ਪਾਣੀ ਹੋ ਜਾਵੇਗੀ ਅਤੇ ਲੋਕ ਇਸ ਧਰਤੀ ਨੂੰ ਛੱਡ ਕੇ ਹੋਰ ਪੁਲਾੜਾ ਵਿੱਚ ਜਾਣ ਵਾਸਤੇ ਉਡਣ ਤਸ਼ਤਰੀਆਂ ਦੀ ਉਡੀਕ ਕਰਿਆ ਕਰਨਗੇ।
‘ਮੈਂ
ਬਗ਼ਲ ‘ਚੋਂ
ਨਜ਼ਮਾਂ ਦਾ ਪੁਲੰਦਾ ਕੱਢਿਆ
ਪੁਲਾੜ ਵੱਲ ਵਗਾਹ ਮਾਰਿਆ
ਤੇ ਖ਼ਾਲੀ ਮੁੜਦੀ ਆ ਰਹੀ
ਤਸ਼ਤਰੀ ਉਡੀਕਣ ਲੱਗ ਪਿਆ ਪੰਨਾ 311
ਇਸ ਸੰਕਲਨ ਵਿੱਚ ਅੰਕਿਤ ਕਵਿਤਾਵਾਂ ਦਾ ਵਿਸ਼ਾ ਪ੍ਰਕ੍ਰਿਤਕ ਹੈ ਜਿਸਨੂੰ ਵਿਗਿਆਨਕ ਭਾਸ਼ਾ ਨਾਲ ਨਿਭਾਇਆ ਗਿਆ ਹੋਣ ਕਰਕੇ ਪੰਜਾਬੀ ਸਾਹਿਤ ਦੀਆਂ ਕਲਾਤਮਿਕ ਕਵਿਤਾਵਾਂ ਕਹੀਆਂ ਜਾ ਸਕਦੀਆਂ ਹਨ। ਵੱਖੋ ਵੱਖਰੇ ਰਸਾਂ ਨਾਲ ਸਿੰ਼ਗਾਰੀਆਂ ਗਈਆਂ ਹਨ। ਸਰਲ ਸ਼ਬਦਾਵਲੀ ਵਿੱਚ ਸੰਖੇਪਤਾ ਕਾਰਨ ਇਨ੍ਹਾਂ ਕਵਿਤਾਵਾਂ ਦੀ ਭਾਸ਼ਾ ਕਾਵਿਕ ਕਹੀ ਜਾ ਸਕਦੀ ਹੈ। ਭਾਸ਼ਾ ਵਿੱਚ ਉਰਦੂ ਦੀ ਸ਼ਬਦਾਵਲੀ ਦਾ ਪ੍ਰਯੋਗ ਕਵੀ ਦਾ ਅਕੀਦਾ ਪੰਜਾਬੀ ਭਾਸ਼ਾ ਨੂੰ ਹੋਰ ਅਮੀਰ ਕਰਨ ਦਾ ਹੈ। ਮਨੁੱਖ ਅਤੇ ਪ੍ਰਕ੍ਰਿਤੀ ਦੇ ਵਿੱਚਕਾਰ ਪਨਪ ਰਹੇ ਦਬੰਦਾਤਮਕ ਸਮਸਿਆਵਾਂ ਦਾ ਵਰਨਣ ਹੈ। ਕੁਦਰਤ ਦੇ ਧੁਰ ਅੰਦਰ ਵਸ ਰਹੇ ਸੁਹੱਪਣ ਦਾ ਬ੍ਰਿਤਾਂਤ ਹੋਣ ਕਰਕੇ ਇਹ ਕਵਿਤਾਵਾਂ ਸੁਹਜਾਤਮਿਕ ਹਨ। ਪ੍ਰਕ੍ਰਿਤਕ ਬਿੰਬਾਵਲੀ ਹਰ ਕਵਿਤਾ ਆਪਣੇ ਕਲੇਵਰ ਵਿੱਚ ਲੈਂਦੀ ਹੈ। ਕਵਿਤਾਵਾਂ ਦੇ ਰੂਪ ਦੇ ਅੰਤਰਗਤਿ ਵਾਤਾਵਰਣ ਦਾ ਸੁਹੱਪਣ, ਕੁਦਰਤ ਦਾ ਅਨਿਖੜਤਾ ਦਾ ਕਾਨੂੰਨ ਅਤੇ ਪ੍ਰਕ੍ਰਿਤੀ ਦਾ ਸਮੁੱਚਾ ਕਾਰਜ ਹੈ। ਕੁਦਰਤ ਦੇ ਸੁਹੱਪਣ ਨੂੰ ਕਵੀ ਸ਼ਬਦਾਂ ਦੇ ਭੂਸ਼ਨਾ ਨਾਲ ਸਿ਼ੰਗਾਰਦਾ ਹੈ। ਪ੍ਰਕ੍ਰਿਤੀ ਦੇ ਵਿਆਪਕ ਵਰਤਾਰਿਆਂ ਦੇ ਹਾਨ ਲਾਭ ਨੂੰ ਦਰਸਾਉਦਾ, ਸ਼ਬਦਾਂ ਰਾਹੀ ਕੁਦਰਤ ਨਾਲ ਆਪਣੀ ਲਗਨ ਨੂੰ ਜ਼ਾਹਰ ਕਰਦਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਾਲੀ ਸ਼ਬਦਾਵਲੀ ਦੇ ਪ੍ਰਯੋਗ ਕਾਰਨ ਕਵੀ ਇਸੇ ਵਿਸ਼ੇ ਪ੍ਰਥਾਇ ਪੁਰਾਣਕ (Legendary) ਕਵੀ ਹੋ ਜਾਂਦਾ ਹੈ। ਇਸ ਸੰਕਲਨ ਦੀਆਂ ਕਵਿਤਾਵਾਂ ਸੁਭਾਵਕ ਹੀ ਵਾਤਾਵਰਣ ਨਾਲ ਮਨੁੱਖ ਦੀ ਛੇੜ-ਛਾੜ ਵੱਲ ਮਨੁੱਖ ਦਾ ਧਿਆਨ ਖਿਚਦੀਆਂ ਹਨ। ਕਵੀ ਦੀ ਅਜਿਹੀ ਅਭਿਵਿਅੱਤੀ ਰਾਹੀਂ ਭਾਵੇਂ ਯੂਰਪ ਦੇ ਦੇਸ਼ਾਂ ਦੇ ਵਾਤਾਵਰਣ ਦਾ ਵਰਨਣ ਹੈ ਇਸ ਆਧਾਰ ਉਪਰ ਕਵੀ ਦੇ ਵਿਚਾਰਾਂ ਨੂੰ ਯੂਰਪ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਭਾਵੇਂ ਇਹ ਕਵਿਤਾਵਾਂ ਯੂਰਪ ਦੇ ਵਾਤਾਵਰਣ ਨੂੰ ਮਨੁੱਖ ਰਾਹੀਂ ਛੇੜ-ਛਾੜ ਦੀ ਹੀ ਨਿਸ਼ਾਨਦੇਹੀ ਕਰਦੀਆਂ ਹਨ ਪਰ ਇਹ ਸਮਸਿਆ ਗਲੋਬਲ ਹੋਣ ਕਰਕੇ ਕਵੀ ਦੇ ਇਸ ਕਾਰਜ ਨੂੰ ਪ੍ਰਕ੍ਰਿਤੀ ਦੀ ਵਿਸ਼ਪ-ਵਿਆਪੀ ਸਮੱਸਿਆ ਨਾਲ ਜੋੜਿਆ ਜਾ ਸਕਦਾ ਹੈ। ਇਸ ਸੰਕਲਨ ਦੀਆਂ ਸਾਰੀਆ ਕਵਿਤਾਵਾਂ ਵਿੱਚ ਅਜਿਹਾ ਕੁਦਰਤ ਦੀ ਸਾਂਭ ਸੰਭਾਲ ਦਾ ਕਾਰਜ ਬਹੁਤ ਸ਼ਲਾਘਾਯੋਗ ਹੈ। ਕੁਦਰਤ, ਪ੍ਰਕ੍ਰਿਤੀ ਅਤੇ ਵਾਤਾਵਰਣ ਉਸ ਕਾਦਰ ਦੀ ਇਕ ਕਲਾ ਹੈ ਅਤੇ ਵਰਿੰਦਰ ਪਰਿਹਾਰ ਦੀ ‘ਕੁਦਰਤ’ ਉਸ ਕਾਦਰ ਦੀ ਕਲਾ ਨੂੰ ਸਮਰਪਤ ਸ਼ਬਦਾਂ ਦੀ ਸ਼ਾਇਰੀ ਹੈ।
ਮੈਂ ਕੁਦਰਤ ਨਾਲ ਮੱਸ ਰੱਖਣ ਵਾਲਿਆਂ, ਉਸਨੂੰ ਮਾਨਣ ਵਾਲਿਆਂ ਅਤੇ ਕੁਦਰਤ ਦੀ ਸਾਂਭ ਸੰਭਾਲ ਕਰਨ ਵਾਲਿਆਂ ਨੂੰ ਗੁਜਾਰਸ਼ ਕਰਾਂਗਾ ਕਿ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ, ਕੁਦਰਤ ਦੇ ਭੇਦਾਂ ਨੂੰ ਆਪ ਜਾਨਣ ਵਾਸਤੇ ਅਤੇ ਕੁਦਰਤ ਦੇ ਸੁਹੱਪਣ ਨੂੰ ਮਾਨਣ ਵਾਸਤੇ ਇਸ ਕਾਵਿ-ਸੰਗ੍ਰਹਿ ‘ਕੁਦਰਤ’ ਨੂੰ ਇੱਕ ਵਾਰ ਜ਼ਰੂਰ ਪੜ੍ਹਨ।
ਵਿਦਿਆ ਅਕਲ ਵਧਾਵਦੀ ‘ਤੇ ਬਸੰਤ ਵਧਾਉਦੀ ਰੁੱਖ।
ਜਿੰਨਾ ਵਧਾਵੋ ਰਤਨ ਵੱਧਦੇ, ਸ਼ੁਹਰਤ ਕਾਮ ‘ਤੇ ਭੁੱਖ।
****
No comments:
Post a Comment