ਚੰਨ ਜੰਡਿਆਲਵੀ ਦੇ ਗੀਤ ਅਤੇ ਗਾਇਕ ਇੱਕ ਅਧਿਐਨ।

ਲੋਕਾਂ ਰਾਹੀਂ ਰਚੇ ਗਏ ਗੀਤਾਂ ਨੂੰ ਲੋਕ ਗੀਤ ਆਖਿਆ ਜਾਂਦਾ ਹੈ। ਲੋਕ ਗੀਤਾਂ ਦਾ ਰਚਣਹਾਰਾ ਕੋਈ ਇੱਕ ਵਿਸ਼ੇਸ਼ ਕਵੀ ਨਹੀਂ ਹੁੰਦਾ। ਲੋਕ ਗੀਤ ਨੂੰ ਸੰਵਾਰਨ ਵਾਲੇ ਸਮੇਂ ਸਮੇਂ ਵੱਖੋ ਵੱਖਰੇ ਲੋਕ ਹੁੰਦੇ ਹਨ। ਲੋਕ ਗੀਤ ਕਿਸੇ ਸਭਿਆਚਾਰ ਦੀ ਰੂਹ ਹੁੰਦੇ ਹਨ। ਕਿਸੇ ਕੌਮ, ਦੇਸ਼ ਜਾਂ ਕਬੀਲੇ ਦਾ ਸਭਿਆਚਾਰ ਸਮੇਂ ਸਮੇਂ ਦੂਜਿਆਂ ਸਭਿਆਚਾਰਾਂ ਦਾ ਅਸਰ ਕਬੂਲਦਾ ਬਦਲਦਾ ਰਹਿੰਦਾ ਹੈ। ਇਹ ਬਦਲਾਉ ਸਭਿਆਚਾਰ ਆਪਣੇ ਰੀਤੀ ਰਿਵਾਜਾਂ ਨੂੰ ਰਾਸ ਆਉਂਣ ਉਪਰ ਹੀ ਬਦਲਦੇ ਹਨ। ਸਭਿਆਚਾਰ ਵਿੱਚ ਰੀਤੀ ਰਿਵਾਜ ਭੀ ਉਹੀ ਬਦਲਦੇ ਹਨ ਜਿਹਰੇ ਲੋਕ ਮਾਨਸ ਨੂੰ ਮਨਜ਼ੂਰ ਹੋ ਜਾਂਦੇ ਹਨ । ਕਿਸੇ ਇੱਕ ਵਿਅੱਕਤੀ ਦੇ ਰਿਵਾਜ ਬਦਲਣ ਨਾਲ ਸਮੂਹਿਕ ਰਿਵਾਜ ਕਦੇ ਨਹੀਂ ਬਦਲਦੇ। ਲੋਕ ਗੀਤਾਂ ਵਿੱਚ ਸ਼ਬਦਾਵਲੀ ਸਰਲ ਅਤੇ ਸੌਖੀ ਹੁੰਦੀ ਹੈ ਜਿਹੜੀ ਆਮ ਲੋਕ ਬੋਲਦੇ ਹਨ। ਲੋਕ ਗੀਤਾਂ ਵਿੱਚ ਰੀਤੀ ਰਿਵਾਜ, ਪਹਿਨਣ-ਖਾਣ, ਰਾਜਨੀਤਕ, ਇਤਿਹਾਸਕ, ਭੂਗੋਲਿਕ,ਧਾਰਮਕ ਅਤੇ ਸਮਾਜਕ ਪਹਿਲੂਆਂ ਨੂੰ ਅਪਨਾਇਆ ਜਾਂਦਾ ਹੈ। ਲੋਕ ਗੀਤ ਕਿਸੇ ਸਭਿਆਚਾਰ ਦੀ ਮਹੱਤਵਪੂਰਣ ਵੰਨਗੀ ਹੁੰਦੇ ਹਨ। ਪੰਜਾਬ ਦੇ ਲੋਕ ਗੀਤ ਪੰਜਾਬੀ ਸਭਿਆਚਾਰ ਦੀ ਆਤਮਾ ਦੀ ਆਵਾਜ਼ ਹਨ। ਲੋਕ ਗੀਤ ਪੀੜ੍ਹੀਉਂ ਪੀੜ੍ਹੀ ਤੁਰਿਆ ਆ ਰਿਹਾ ਮੌਖਿਕ ਸਾਹਿਤ ਹੁੰਦਾ ਹੈ। ਲੋਕ ਗੀਤ ਕਿਸੇ ਜਾਤੀ ਦੇ ਅੰਤਰੀਵ ਜ਼ਜਬਿਆਂ ਦੇ ਮਨੋਭਾਵਾਂ ਦਾ ਸਹਿਜ ਪ੍ਰਗਟਾ ਹੁੰਦੇ ਹਨ। ਜੇਕਰ ਅਸੀਂ ਕਵਿਤਾ ਨੂੰ ਕਿਸੇ ਆਤਮਾ ਦੀ ਭਾਵਾਂ ਗੁੱਧੀ ਰਚਨਾ ਕਹਿੰਦੇ ਹਾਂ ਤਾਂ ਗੀਤਾਂ ਤੋਂ ਸੁੱਚੀ ਕੋਈ ਹੋਰ ਕਵਿਤਾ ਨਹੀਂ ਹੋ ਸਕਦੀ। ਗੀਤ ਵੇਗ ਵਿੱਚ ਆਏ ਭਾਵ ਅਨੁਭਾਵ ਹੁੰਦੇ ਹਨ। ਲੋਕ ਗੀਤਾਂ ਦਾ ਵਰਗੀਕਰਨ ਹੇਠ ਲਿਖੇ ਦੀ ਤਰ੍ਹਾਂ ਹੁੰਦਾ ਹੈ ।
1) ਅਨੁਸ਼ਠਾਨਤਗਤ ਗੀਤ।           2) ਕਾਰਜਗੱਤ ਗੀਤ।                 
3) ਪ੍ਰੇਮ ਪਿਆਰ ਦੇ ਗੀਤ।             4) ਸੂਰਮਗਤੀ ਦੇ ਗੀਤ।
5) ਕਾਰ ਵਿਹਾਰ ਦੇ ਗੀਤ।            6) ਜਾਤੀਗਤ ਗੀਤ।                  
7) ਰੁੱਤਾਂ ਤਿਉਹਾਰਾਂ ਦੇ ਗੀਤ।         8) ਲੋਕ ਗਥਾਵਾਂ ਦੇ ਗੀਤ।
ਅੱਜ ਕੱਲ੍ਹ ਵਿਗਿਆਨਕ ਤਕਨੀਕ ਕਾਰਨ ਦੁਨੀਆਂ ਬਹੁਤ ਛੋਟੀ ਹੋ ਗਈ ਹੈ। ਰੇਡੀਓ, ਟੈਲੀਵੀਜ਼ਨ, ਵਿਮਾਨ ਦੀ ਕਾਢ ਨੇ ਇੱਕ ਸਭਿਆਚਾਰ ਨੂੰ ਦੂਸਰੇ ਸਭਿਆਚਾਰ ਦੇ ਬਹੁਤ ਨਜ਼ਦੀਕ ਕਰ ਦਿੱਤਾ ਹੈ। ਦੇਸਾਂ ਪ੍ਰਦੇਸਾਂ ਵਿੱਚ ਇੱਕ ਦੂਜੇ ਦੇ ਸਭਿਆਚਾਰ ਦੀ ਬਹੁਤ ਆਲੋਚਨਾ ਕੀਤੀ ਜਾ ਰਹੀ ਹੈ । ਚੰਗੇ ਰੀਤੀ ਰਿਵਾਜ਼ਾਂ ਨੂੰ ਅਪਣਾਇਆ ਜਾ ਰਿਹਾ ਹੈ। ਕਈ ਸਭਿਆਚਾਰ ਆਪਣੀਆਂ ਪਦਾਰਥਿੱਕ ਲੋੜਾਂ ਨੂੰ ਪੂਰਾ ਕਰਨ ਲਈ, ਦੂਸਰੇ ਸਭਿਆਚਾਰਾਂ ਦੇ ਗਲਤ ਰੀਤੀ ਰਿਵਾਜ਼ਾਂ ਨੂੰ ਵੀ ਬੜੀ ਚਾਹ ਨਾਲ ਆਪਣਾ ਲੈਂਦੇ ਹਨ। ਜਿਵੇਂ ਅੱਜ ਕੱਲ੍ਹ ਪੰਜਾਬੀ ਸਭਿਆਚਾਰ ਨੇ ਪੱਛਮੀ ਸਭਿਆਚਾਰ ਦੇ ਕਈ ਰੀਤੀ ਰਿਵਾਜ਼ ਅਪਣਾ ਲਏ ਹਨ। ਚੰਨ ਜੰਡਿਆਲੇ ਵਾਲੇ ਦੇ ਲਿਖੇ ਗੀਤ ਪੰਜਾਬ ਦੇ ਉਪ੍ਰੋਕਤ ਪ੍ਰੰਪਰਾਗੱਤ ਸਭਿਆਚਾਰ ਅਤੇ ਪੱਛਮੀ ਸਭਿਆਚਾਰ ਦੇ ਅਸਰ ਨਾਲ ਬਦਲਦੇ ਪੰਜਾਬੀ ਸਭਿਆਚਾਰ ਦੇ ਪ੍ਰਥਾਇ ਵੀ ਹਨ। ਜਿਨਾਂ ਗੀਤਾਂ ਨੂੰ ਪੰਜਾਬ ਦੇ ਜਨ-ਮਾਨਸ ਨੇ ਪ੍ਰਵਾਨ ਵੀ ਕਰ ਲਿਆ ਹੈ। ਉØੱਪਰ ਲਿਖੀਆਂ ਸਤਰਾਂ ਅਨੁਸਾਰ ਮੈਂ ਚੰਨ ਜੰਡਿਆਲਵੀ ਦੇ ਲਿਖੇ ਹੋਏ ਗੀਤਾਂ ਦਾ ਵਿਸ਼ਲੇਸ਼ਣਾਤਮਕ ਅਧਿਐਨ ਹੇਠ ਲਿਖੇ ਚੁਣੇ ਸਿਰਲੇਖਾਂ ਰਾਹੀਂ ਕਰਾਂਗਾ ਤਾਂ ਕਿ ਚੰਨ ਦੇ ਗੀਤਾਂ ਦਾ ਸਹੀ ਮੁਲਾਂਕਣ ਹੋ ਸਕੇ ਕਿ ਉਸਦੇ ਗੀਤ ਲੋਕਗੀਤਾਂ ਨਾਲ ਕਿੰਨੇ ਕੁ ਢੁੱਕਦੇ ਹਨ।
1)  ਕਿੱਸਾਕਾਰ ਚੰਨ।        
2)  ਚੰਨ ਦੀ ਪ੍ਰਤਿਭਾ ਬਾਰੇ ਸਮਕਾਲੀ ਗੀਤਕਾਰਾਂ ਦੇ ਵਿਚਾਰ।
3)  ਪੰਜ ਤੱਤਾਂ ਵਾਲੇ ਗੀਤ।
4)  ਗੀਤਾਂ ਵਿੱਚ ਦੇਸ਼ ਪਿਆਰ।
5)  ਧਾਰਮਿਕ ਚੇਤੰਨਤਾ।
6)  ਤਿਓਹਾਰ ਅਤੇ ਮੇਲੇ।
7)  ਗੀਤਾਂ ਵਿੱਚ ਰੁੱਤਾਂ ਅਤੇ ਦੇਸੀ ਸਾਲ ਮਹੀਨੇ ਆਦਿ।
8)  ਗੀਤਾਂ ਵਿੱਚ ਆਰਥਿਕ ਮਸਲਾ।
9)  ਗੀਤਾਂ ਵਿੱਚ ਰੰਗਾਂ ਅਤੇ ਅੰਗਾਂ ਦਾ ਵਰਨਣ।
10) ਪੰਜਾਬ ਦੇ ਪਿੰਡ ਅਤੇ ਸ਼ਹਿਰ।
11) ਗੀਤਾਂ ਵਿੱਚ ਰਿਸ਼ਤੇ ਨਾਤੇ।
12) ਦਾਜ-ਦਹੇਜ ਦਾ ਪ੍ਰਦੂਸ਼ਣ।
13) ਗੀਤਾਂ ਵਿੱਚ ਪਹਿਰਾਵਾ ਅਤੇ ਗਹਿਣੇ।
14) ਚੰਨ ਦੇ ਗੀਤਾਂ ਦੇ ਗਾਇਕ।
15) ਸ਼ਬਦਾਵਲੀ।
16) ਉਪਸੰਹਾਰ।
ਕਿੱਸਾਕਾਰ ਚੰਨ;-
ਚੰਨ ਜੰਡਿਆਲਵੀਂ ਨੇ ਆਪਣਾ ਸਾਹਿਤਕ ਸਫਰ ਕਿੱਸਾਕਾਰੀ ਤੋਂ ਹੀ ਅਰੰਭ ਕੀਤਾ ਹੈ। ਪੰਜਵੇਂ ਦਹਾਕੇ ਵਿੱਚ ਸਾਰੇ ਭਾਰਤ ਵਿੱਚ ਆਜ਼ਾਦੀ ਦੀ ਸੁਗੰਧਾਂ ਭਰੀ ਹਵਾ ਵਿੱਚ, ਲੋਕਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ। ਰਾਸ-ਧਾਰੀਏ ਰਾਤਾਂ ਭਰ ਰਾਸਾਂ ਪਾਉਂਦੇ, ਕ੍ਰਿਸ਼ਨ ਸੁਧਾਮਾਂ, ਮਹਾਂਭਾਰਤ ਰਮਾਇਣ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ, ਜੂਸਫ ਜੁਲੈਖਾ, ਦੁੱਲਾ-ਭੱਟੀ ਅਤੇ ਸ਼ਾਹਣੀ ਕੌਲਾਂ ਦੀਆਂ ਕਹਾਣੀਆਂ ਸੈਕੜੇ ਇੱਕਠੇ ਹੋਏ ਲੋਕਾਂ ਨੂੰ ਸੁਣਾਉਂਦੇ ਰਹਿੰਦੇ। ਇਸ ਤਰ੍ਹਾਂ ਇਤਿਹਾਸ ਨੂੰ ਦਰਸਾਉਂਣ ਵਾਲੇ ਪ੍ਰੰਪਾਗੱਤ ਰਾਸ-ਧਾਰੀਏ, ਆਪਣਾ ਰੁਜ਼ਗਾਰ ਤੋਰਦੇ। ਢੱਡ ਸਾਰੰਗੀ, ਤੂੰਬੀ, ਅਲਗੋਜੇ ਅਤੇ ਢੋਲਕ, ਢੋਲ ਨਾਲ ਪੰਜਾਬ ਵਿੱਚ ਸੈਂਕੜੇ ਕਲਾਕਾਰ ਉਜਾਗਰ ਹੋਏ। ਉਹ ਤਿਉਹਾਰਾਂ ਉØੱਤਸਵਾਂ ਅਤੇ ਮੇਲਿਆਂ ਵਿੱਚ ਆਪਣੇ ਫ਼ਨ ਦੇ ਜ਼ੌਹਰ ਦਿਖਾਉਂਦੇ। ਨਕਲੀਏ ਵੀ ਉਨ੍ਹਾਂ ਦਿਨਾਂ ਵਿੱਚ ਵਿਆਹਾਂ-ਸ਼ਾਦੀਆਂ, ਕੁੜਮਾਈਆਂ ਅਤੇ ਆਪਣੇ ਲਾਡਲਿਆਂ ਦੇ ਜਨਮ ਦਿਨਾਂ ਵਰਗੀਆਂ ਖੁਸ਼ੀਆਂ ਸਮੇਂ ਪਿੱਛੇ ਨਾ ਰਹਿੰਦੇ। ਉਪ੍ਰੋਕਤ ਕਲਾਕਾਰਾਂ ਵਲੋਂ ਗੀਤਾਂ ਦੀ ਮੰਗ ਕਾਰਨ ਉਨ੍ਹਾਂ ਦਿਨਾਂ ਵਿੱਚ ਚੰਨ ਜੰਡਿਆਲਵੀਂ ਵੀ ਇੱਕ ਪ੍ਰਬੱਲ ਕਿੱਸਾਕਾਰ ਦੇ ਰੂਪ ਵਿੱਚ ਉਜਾਗਰ ਹੋਇਆ। ਚੰਨ ਨੇ ਕਿੱਸਾ ਲਿਖਣ ਦਾ ਪ੍ਰਭਾਵ ਵਾਰਸ਼ਸ਼ਾਹ, ਦਮੋਦਰ, ਸ਼ਾਹ ਮਹੁੰਮਦ ਆਦਿ ਮਹਾਨ ਸਾਹਿਤਕ ਸ਼ਖਸ਼ੀਅਤਾਂ ਤੋਂ ਗ੍ਰਹਿਣ ਕੀਤਾ ਕਿਉਂਕਿ ਉਸ ਸਮੇਂ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਉਨ੍ਹਾਂ ਵਲੋਂ ਲਿਖੀਆਂ ਪੁਸਤਕਾਂ ਪੰਜਾਬ ਵਿੱਚ ਆਮ ਪੜ੍ਹੀਆਂ ਅਤੇ ਵਿਚਾਰੀਆਂ ਜਾਂਦੀਆਂ ਸਨ । ਇਸ ਦੁਰਾਨ ਤੂੰਬੀ ਨਾਲ ਗਾਏ ਜਾਣ ਵਾਲੇ ਦਸ ਗੀਤਾਂ ਵਾਲੇ ਪਹਿਲੇ ਕਿੱਸੇ ਜਿਸਦਾ ਨਾਮ ਸੀ ‘‘ਅਸੀਂ ਨਿੱਤ ਨਹੀਂ ਬਜ਼ਾਰੇ ਆਉਂਣਾ, ਲੈ ਦੇ ਦਿਉਰਾ ਨਾਸ਼ਪਾਤੀਆਂ‘‘ ਨਾਲ ਚੰਨ ਜੰਡਿਆਲੇ ਵਾਲਾ ਇੱਕ ਸਮਰੱਥ ਗੀਤਕਾਰ ਦੀ ਹੋਂਦ ਨਾਲ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਹੋਇਆ। ਸ਼ਾਇਦ ਉਸ ਸਮੇਂ ਚੰਨ ਜੰਡਿਆਲੇਵਾਲਾ ਪੰਜਾਬ ਦੇ ਪਿੰਡਾਂ ਵਿੱਚ ਜੰਮਿਆਂ ਪਹਿਲਾ ਅਜਿਹਾ ਗੀਤਕਾਰ ਸੀ ਜਿਸਨੂੰ ਸੈਂਕੜੇ ਕਲਾਕਾਰਾਂ ਨੇ ਜ਼ਬਾਨੀ-ਕਲਾਮੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਜ਼ਾਰਾਂ ਸਮਾਗਮਾਂ ਸਮੇਂ, ਲੱਖਾਂ ਦੇ ਹਜ਼ੂਮ ਸਾਹਮਣੇ ਗਾਇਆ। ਚੰਨ ਦੇ ਗੀਤਾਂ ਨੇ ਉਸ ਸਮੇ ਦੀ ਗਾਇਕੀ ਨੂੰ ਅਮੀਰ ਸ਼ਬਦਾਵਲੀ ਦੇ ਕੇ ਉਸ ਦੌਰ ਦੀ ਸਮਰੱਥ ਗਾਇਕੀ ਬਣਾ ਦਿੱਤਾ। ‘‘ਲੈ ਦੇ ਦਿਉਰਾ ਨਾਸ਼ਪਾਤੀਆਂ‘‘ ਵਾਲਾ ਕਿੱਸਾ ਉਸ ਸਮੇਂ ਦੋ ਹਜ਼ਾਰ ਦੀ ਗਿਣਤੀ ਵਿੱਚ ਛਾਪਿਆ ਗਿਆ ਜਿਸਦੀ ਕੀਮਤ ਸਿਰਫ ਵੀਹ ਨਵੇਂ ਪੈਸੇ ਸੀ। ਪੁਰਾਤਨ ਕਿਰਸਾਨੀ ਢਾਂਚੇ ਅਨੁਸਾਰ ਜੇਕਰ ਕਿਸੇ ਕਿਰਸਾਨ ਦੇ ਘਰ ਪੰਜ ਪੁੱਤਰ ਹੁੰਦੇ ਸਨ ਤਦ ਸਿਰਫ ਵੱਡੇ ਪੁੱਤਰ ਦਾ ਹੀ ਵਿਆਹ ਕੀਤਾ ਜਾਂਦਾ ਸੀ । ਜਾਇਦਾਦ ਨੂੰ ਬਹੁਤੇ ਜਾਨਸ਼ੀਨਾਂ ਵਿੱਚ ਵੰਡ ਵੰਡਾਈ ਦੇ ਡਰ ਪਖੋਂ, ਵੱਡੀ ਭਰਜਾਈ ਆਪਣੇ ਦਿਉਰ ਨੂੰ, ਚਾਅ-ਪਲੂਸੀ ਕਰਕੇ ਆਪਣੇ ਪ੍ਰੇਮ ਜਾਲ ਵਿੱਚ ਫਸਾਉਂਦੀ ਹੈ। ਲੱਗਭਗ ਮੰਨਿਆਂ ਹੋਇਆ ਦਿਉਰ ਉਸ ਨਾਲ ਸਹਿਮਤੀ ਪ੍ਰਗਟ ਕਰਨ ਤੋਂ ਪਹਿਲਾਂ, ਆਪਣੇ ਵੱਡੇ ਵੀਰ ਕੋਲੋਂ ਡਰ ਦਾ ਪ੍ਰਸਤਾਵ ਰੱਖ ਕੇ ਆਪਣੀ ਭਰਜਾਈ ਨੂੰ ਇਹ ਸੰਬੰਧ ਆਪਣੇ ਵੀਰ ਕੋਲੋਂ ਲੁਕਾਈ ਰੱਖਣ ਲਈ ਬੇਨਤੀਆਂ ਕਰਦਾ ਹੈ।
ਮੂੰਹੋ ਮੰਗੀਆਂ ਸੁਗਾਤਾਂ ਲੈ ਦਊ,ਂ ਨੀ ਵੀਰੇ ਕੋਲ ਗੱਲ ਨਾ ਕਰੀਂ।
ਗੀਤ ਦੇ ਵਿਸ਼ੇ ਵਿੱਚ ਦਿਉਰ ਭਾਬੀ ਦੇ ਆਪਸੀ ਸੰਬੰਧ ਪਿਆਰ ਵਾਲੇ ਹਨ। ਭਾਬੀ ਦਿਉਰ ਨੂੰ ਆਖਦੀ ਹੈ ਕਿ ਅੱਗੇ ਰੋਜ ਕਹਿੰਦਾ ਸੀ ਕਿ ਬਜ਼ਾਰ ਨੂੰ ਚੱਲ । ਤੂੰ ਜੋ ਵੀ ਮੰਗੂੰਗੀ ਉਹੀ ਹੀ ਲੈ ਕੇ ਦਿਊਂਗਾ। ਬਜ਼ਾਰ ਵਿੱਚ ਪਹੁੰਚੀ ਭਾਬੀ ਦਿਉਰ ਨੂੰ ਉਸਦਾ ਕੀਤਾ ਹੋਇਆ ਵਾਇਦਾ ਯਾਦ ਕਰਾਉਂਦੀ ਹੈ। ਇਨ੍ਹਾਂ ਸਤਰਾਂ ਨੇ ਏਥੋਂ ਤੱਕ ਸਾਫ ਜ਼ਾਹਰ ਕਰ ਦਿੱਤਾ ਹੈ ਕਿ ਭਾਬੀ ਦਾ ਉਕਸਾਇਆ ਦਿਉਰ ਹੌਲੀ ਹੌਲੀ ਉਸ ਦੇ ਪ੍ਰੇਮ ਜਾਲ ਵਿੱਚ ਫਸ ਗਿਆ ਹੈ। ਬਜ਼ਾਰ ਵਿੱਚ ਦਿਉਰ ਭਾਬੀ ਨੂੰ ਆਪਣੇ ਜੋਬਨ ਬਾਰੇ ਦੱਸਦਾ ਕਹਿੰਦਾ ਹੈ ਕਿ ਇਹ ਤੇਰਾ ਬਾਂਕਾ ਦਿਉਰ ਪਹਿਲਾਂ ਤੇਰਾ ਹੀ ਕੰਮ ਕਰੇਗਾ। ਹੋਰ ਚੀਜਾਂ ਜੋ ਖਰੀਦਣੀਆਂ ਹਨ ਉਨ੍ਹਾਂ ਲਈ ਪੈਸੇ ਜੇਕਰ ਨਹੀਂ ਬਚੇ ਤਾਂ ਘਰ ਵਿੱਚ ਬਹਾਨਾ ਬਣਾ ਲਉਗਾ ਕਿ ਪੈਸੇ ਮੁੱਕ ਗਏ ਸਨ। ਦਿਉਰ ਨੂੰ ਆਪਣੇ ਉØੱਪਰ ਪੂਰਾ ਮਸਤ ਹੋਏ ਨੂੰ ਦੇਖ ਕੇ ਭਾਬੀ ਉਸਦਾ ਧਿਆਨ ਉਸ ਦੇ ਭਤੀਜੇ ਵੱਲ ਨੂੰ ਕਰ ਦਿੰਦੀ ਹੈ, ਕਿਉਂਕਿ ਉਹ ਦਿਉਰ ਨੂੰ ਸਿਰਫ ਤਰਸਾਉਂਣਾ ਹੀ ਚਾਹੁੰਦੀ ਹੈ। ਭਾਵੇਂ ਪਤੀ ਨੇ ਉਸ ਨੂੰ ਆਪਣੇ ਦਿਉਰ ਨੂੰ ਹੱਥਾਂ ਵਿੱਚ ਰੱਖਣ ਲਈ ਕਿਹਾ ਹੋਇਆ ਸੀ। ਫਿਰ ਵੀ ਉਹ ਆਪਣੀ ਇੱਜ਼ਤ ਨੂੰ ਉਸ ਦੇ ਹੱਥ ਫੜ੍ਹਾਉਂਣ ਤੋਂ ਘਾਬਰਦੀ ਹੈ। ਦਿਉਰ ਉਸ ਨੂੰ ਫੇਰ ਆਖਦਾ ਹੈ ਕਿ ਤੂੰ ਮੇਰੀਆਂ ਬਜ਼ਾਰ ਵਿੱਚ ਕਿਉਂ ਭੰਡੀਆਂ ਕਰਦੀਂ ਏਂ? ਤੇਰਾ ਅਤੇ ਭਤੀਜੇ ਦਾ ਸਾਰਾ ਖਰਚ ਮੈਂ ਆਪ ਸਹਿ ਲਊਂਗਾ। ਫਿਰ ਭਾਬੀ ਦਿਉਰ ਨੂੰ ਆਪਣਾ ਹਾਣੀ ਜਾਣ ਕੇ ਆਪਾ ਸਮਰਪਣ ਲਈ ਕਾਹਲੀ ਪੈ ਜਾਂਦੀ ਹੈ।
ਬੱਲੇ ਵੇ ਦਿਉਰਾ ਵੇ ਮੇਰੇ ਹਾਣਦਿਆ ਹਾਣੀਆਂ।
ਗੱਲਾਂ ਵਿੱਚ ਕਰੀਂ ਜਾਵੇਂ ਲੰਬੀਆਂ ਕਹਾਣੀਆਂ।
ਇਨ੍ਹਾਂ ਗੱਲਾਂ ਨੇ ਦਿਲ ਨਹੀਂ ਪ੍ਰਚਾਉਂਣਾ।
ਲੈ ਦੇ ਦਿਉਰਾ ਨਾਸ਼ਪਾਤੀਆਂ।
ਭਾਬੀ ਦੇ ਸਵਾਲ ਦਾ ਜਵਾਬ ਦੇਰ ਦੇ ਮੂੰਹੋਂ ਅਖਵਾਉਂਦਾ ਹੈ।
ਚੱਲ ਤੁਰ ਮੇਰੇ ਨਾਲ ਤੈਨੂੰ ਮੈਂ ਲਿਜਾਵਾਂ ਨੀ।
ਚੰਨ ਕੋਲ ਬਹਿ ਕੇ ਨਾਸ਼ਪਾਤੀਆਂ ਖੁਆਵਾਂ ਨੀ।
ਇਹ ਸੁਣ ਕੇ ਭਰਜਾਈ ਦਿਉਰ ਨੂੰ ਸੱਜੀ ਬਾਂਹ ਫੜਾ ਦਿੰਦੀ ਹੈ ਅਤੇ ਦਿਉਰ ਦੇ ਹਿੱਸੇ ਨੂੰ ਆਪਣੇ ਹਿੱਸੇ ਵਿੱਚ ਮਿਲਾ ਲੈਂਦੀ ਹੈ। ਉਪ੍ਰੋਕਤ ਸਤਰਾਂ ਵਿੱਚ ਇੱਕ ਇਤਿਹਾਸਕ ਅਤੇ ਪਰਿਵਾਰਕ ਸਚਾਈ ਜੁੜੀ ਹੋਈ ਹੈ। ਜਿਸ ਕਾਰਨ ਇਸ ਪਹਿਲੇ ਗੀਤ ਨਾਲ ਹੀ ਚੰਨ ਲੋਕਾਂ ਵਿੱਚ ਇੱਕ ਪ੍ਰਵਾਨਿਤ ਗੀਤਕਾਰ ਹੋ ਗਿਆ ਕਿਉਂਕਿ ਇਸ ਗੀਤ ਦਾ ਸੰਬੰਧ ਨਿਮਨ ਕ੍ਰਿਸਾਨੀ ਮੁਆਸ਼ਰੇ ਨਾਲ ਹੈ। ਗੀਤ ਕ੍ਰਿਸਾਨੀ ਪ੍ਰੀਵਾਰਕ ਹੋਣ ਕਰਕੇ ਜਾਤੀਗਤ ਹੈ। ਇਤਹਾਸਕ ਤੱਥਾਂ ਕਾਰਨ ਲੋਕਯਾਨ ਹੈ। ਇਸ ਗੀਤ ਨੂੰ ਪੰਜਾਬ ਦੇ ਹਰ ਬੱਚੇ ਅਤੇ ਬੁੱਢੇ ਮਰਦ ਔਰਤ ਨੇ ਆਪਣੇ ਦਿਲਾਂ ਦੀ ਹੂਕ ਸਮਝ ਕੇ ਗੁਣਗੁਣਾਇਆ ਹੈ। ਇਸ ਕਰਕੇ ਜੇਕਰ ਅਸੀਂ ਉØੱਪਰ ਦੱਸੇ ਗਏ ਪਹਿਲੇ ਪਹਿਰੇ ਤੇ ਇਸ ਗੀਤ ਨੂੰ ਲੋਕਗੀਤ ਆਖੀਏ ਤਾਂ ਕੋਈ ਅਤਿਕੱਥਨੀ ਨਹੀਂ ਹੋਵੇਗੀ।
ਦੂਸਰਾ ਗੀਤ ਘਰ ਦੀ ਨਾਰ ਵਿਸਾਖੀ ਦਾ ਮੇਲਾ ਵੇਖਣ ਲਈ ਆਪਣੇ ਪਤੀ ਨੂੰ ਅਰਜੋਈਆਂ ਕਰਦੀ ਹੈ। ਤੀਸਰਾ ਗੀਤ ਇੱਕ ਜੋਬਨ ਮੱਤੀ ਮੁਟਿਆਰ ਦੀਆਂ ਸੱਧਰਾਂ, ਉਮੰਗਾਂ ਦਾ ਗੀਤ ਹੈ ਜਿਸ ਨੂੰ ਆਪਣੇ ਮਨ ਪਸੰਦ ਗੱਭਰੂ ਦੇ ਮੇਲਿਆਂ ਵਿੱਚ ਭੁਲੇਖੇ ਪੈਂਦੇ ਹਨ। ਚੌਥਾ ਗੀਤ ਜੋਬਨ ਮੱਤੇ ਨੌਜੁਆਨ ਦਾ ਹੈ ਜਿਹੜਾ ਆਪਣੇ ਹਾਣ ਦੀ ਮੁਟਿਆਰ ਦੀ ਭਰ ਜੁਆਨੀ ਬਾਰੇ ਕਲਪਨਾ ਕਰਦਾ ਹੋਇਆ ਆਪਣੇ ਬਚਪਨ ਵਿੱਚ ਖੇਡੀਆਂ ਖੇਡਾਂ ਨੂੰ ਯਾਦ ਕਰਦਾ ਹੈ। ਪੰਜਵਾਂ ਗੀਤ ਮੁਕਲਾਵੇ ਆਈ ਭਾਬੀ ਬਾਰੇ ਨਣਦ ਅਤੇ ਦਿਉਰ ਦੇ ਮੂੰਹੋਂ ਅਖਵਾਇਆ ਹੈ ਜਿਸ ਵਿੱਚ ਭਰਜਾਈ ਦੀ ਜਵਾਨੀ ਉਸਦੀਆਂ ਅਦਾਵਾਂ, ਉਸਦੀ ਬੋਲ-ਚਾਲ ਉਸਦੀ ਤੋਰ ਅਤੇ ਉਸਦੇ ਹੁਸਨ ਦੀਆਂ ਸਿਫਤਾਂ ਲਿਖੀਆਂ ਗਈਆਂ ਹਨ। ਛੇਵੇਂ ਗੀਤ ਵਿੱਚ ਫਿਰ ਪਿੰਡ ਦੀ ਮੁਟਿਆਰ ਦੀਆਂ ਸਿਫਤਾਂ ਦਰਜ ਹਨ ਜਿਹੜੀ ਭੱਤਾ ਲੈ ਕੇ ਖੂਹ ਨੂੰ ਜਾਂਦੀ ਹੈ ਅਤੇ ਉਸਦੇ ਪਾਏ ਹੋਏ ਪੰਜਾਬੀ ਪਹਿਰਾਵੇ, ਗਹਿਣੇ ਅਤੇ ਉਸਦੇ ਰੂਪ ਉØੱਪਰ ਸ਼ੁਦਾਈ ਹੋਣ ਵਾਲੇ ਜਵਾਨਾਂ ਦੀ ਮਾਨਸਕ ਦਸ਼ਾ ਪ੍ਰਗਟਾਈ ਗਈ ਹੈ । ਗੀਤ ਨੰਬਰ ਸੱਤ ਏਸੇ ਸੰਦਰਭ ਵਿੱਚ ਹੈ ਪਰ ਇਹ ਗੀਤ ਵਿਆਹੀ ਵਰੀ ਪਿੰਡ ਵਿੱਚ ਮੁਕਲਾਵੇ ਆਈ ਮੁਟਿਆਰ ਬਾਰੇ ਹੈ। ਅੱਠਵਾਂ ਗੀਤ ਮੁਟਿਆਰ ਦੇ ਆਪਣੇ ਹੀ ਮੂੰਹੋਂ ਆਪਣੇ ਹੁਸਨ, ਖਾਣ-ਪੀਣ, ਪਹਿਰਾਵਾ ਅਤੇ ਰਹਿਣ-ਬਹਿਣ ਬਾਰੇ ਬਿਆਨ ਕਰਵਾਇਆ ਗਿਆ ਹੈ। ਗੀਤ ਨੰਬਰ ਨੌਂ ਵਿੱਚ ਗੀਤਕਾਰ ਪੰਜਾਬ ਦੀ ਕੁੜੀ ਦੀਆਂ ਸਿਫਤਾਂ ਗਿਣਦਾ ਹੈ। ਇਸ ਗੀਤ ਦਾ ਮੁੱਖੜਾ ਹੀ ਸਾਰੇ ਗੀਤ ਦੀ ਵਿਆਖਿਆ ਆਪ ਹੈ।
ਵਾਹ ਕੁੜੀਏ ਪੰਜਾਬ ਦੀਏ, ਵਾਹ ਕੁੜੀਏ ਪੰਜਾਬ ਦੀਏ।
ਗੀਤ ਨੰਬਰ ਦੱਸ ਵਿੱਚ ਜਿਸ ਮੁਟਿਆਰ ਦਾ ਕੰਤ ਪ੍ਰਦੇਸੀ ਹੈ, ਉਸਨੂੰ ਤੀਆਂ ਸਮੇਂ ਪੇਕੇ ਪਰਤੀਆਂ ਮੁਟਿਆਰਾਂ ਦੀਆਂ ਗੱਲਾਂ ਸੁਣਕੇ ਆਪਣੇ ਵਿਛੋੜੇ ਵੱਲ ਸੋਚਕੇ ਸੜਦੀ ਹੈ ਅਤੇ ਆਪਣੇ ਮਾਹੀ ਦੀ ਗੈਰ ਹਾਜਰੀ ਨੂੰ ਵਸਲ ਨਾਲ ਕਲਪਦੀ ਹੈ। ਸਾਉਂਣ ਮਹੀਨੇ ਸਮੇਂ ਉਤੇਜਿੱਤ ਹੋਈ ਆਪਣੇ ਮਨ ਦੀ ਦਸ਼ਾ ਪ੍ਰਗਟਾਉਂਦੀ ਹੈ। ਕਾਲੀਆਂ ਰਾਤਾਂ ਨੂੰ ਇੱਕਲਿਆਂ ਕੱਟਣ ਦਾ ਪ੍ਰਸਤਾਵ ਰੱਖਦੀ ਹੈ। ਬਰਸਾਤਾਂ ਵਿੱਚ ਉਸਦੀ ਗੈਰ ਹਾਜਰੀ ਨੂੰ ਜਾਹਿਰ ਕਰਦੀ ਹੈ । ਆਪਣੀ ਸੱਸ ਦੇ ਸੁਭਾਅ ਨੂੰ ਦਰਸਾਉਂਦੀ ਹੈ। ਘਰ ਦੇ ਸਾਰੇ ਕੰਮਾਂ ਕਾਰਾਂ ਦੀ ਜਿੰਮੇਵਾਰੀ ਨੂੰ ਨਿਭਾਉਂਦੀ ਹੈ। ਹੋਰਾਂ ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਉਹ ਸਜ-ਧੱਜ ਹੀ ਨਹੀਂ ਸਕਦੀ। ਇਸ ਕਿੱਸੇ ਵਿੱਚ ਅਜਿਹੇ ਗੀਤਾਂ ਨਾਲ ਹੀ ਚੰਨ ਆਪਣੇ ਪਹਿਲੇ ਕਿੱਸੇ ਨਾਲ ਹੀ ਆਪਣੇ ਇੱਕ ਮਹਾਨ ਗੀਤਕਾਰ ਹੋਣ ਦੀ ਛਾਪ ਪੰਜਾਬ ਦੇ ਵਸਨੀਕਾਂ ਉØੱਪਰ ਲਾ ਗਿਆ ਹੈ । ਚੰਨ ਦਾ ਦੂਸਰਾ ਕਿੱਸਾ ਬਾਬਾ ਵੱਡਭਾਗ ਸਿੰਘ ਦੇ ਜੀਵਨ ਅਤੇ ਉਨ੍ਹਾਂ ਨਾਲ ਹੋਰ ਪ੍ਰਚਲਤ ਕਥਾਵਾਂ ਸੰਬੰਧਤ ਗੀਤਾਂ ਨਾਲ ਭਰਪੂਰ ਹੈ। ਚੰਨ ਦੇ ਲੋਕ ਗੀਤਚੰਨ ਜੰਡਿਆਲੇ ਵਾਲੇ ਦਾ ਤੀਸਰਾ ਕਿੱਸਾ ਹੈ ਜਿਸ ਵਿੱਚੋਂ ਪੰਜਾਬ ਦੀ ਕਿਰਸਾਨੀ, ਪੰਜਾਬ ਦੀਆਂ ਜਾਤਾਂ-ਪਾਤਾਂ, ਪੰਜਾਬ ਦੇ ਰਸਮੋਂ-ਰਿਵਾਜ, ਪੰਜਾਬੀ ਲੋਕਾਂ ਦੀਆਂ ਧਾਰਮਕ ਭਾਵਨਾਵਾਂ, ਪੰਜਾਬ ਦੇ ਲੋਕਾਂ ਦੀ ਰਹਿਣੀ-ਬਹਿਣੀ ਅਤੇ ਪਹਿਨਣ-ਖਾਣ ਬਾਰੇ ਭਰਪੂਰ ਵਾਕਫੀਅਤ ਮਿਲਦੀ ਹੈ। ਚੰਨ ਚਮਕਾਰੇਵਿੱਚ ਚੰਨ ਨੇ ਫਿਲਮੀ ਤਰਜਾਂ ਉØੱਪਰ ਧਾਰਮਕ ਗੀਤਾਂ ਦੀ ਰਚਨਾ ਕੀਤੀ ਹੈ। ਜਿਵੇਂ ਕਿ ਫਿਲਮ ਧੂਲ ਕਾ ਫੂਲ, ਫਾਗਨ, ਭੰਗੜਾ, ਦੁੱਲਾ-ਭੱਟੀ, ਛਲੀਆ, ਨਯਾ ਦੌਰ ਅਤੇ ਮਦਾਰੀ ਵਰਗੀਆਂ ਪੁਰਾਣੀਆਂ ਫਿਲਮਾਂ ਦੇ ਲੋਕਾਂ ਵਿੱਚ ਮਸ਼ਹੂਰ ਹੋ ਚੁੱਕੇ ਗੀਤਾਂ ਦੀਆਂ ਤਰਜਾਂ ਉØੱਪਰ ਧਾਰਮਕ ਗੀਤ ਲਿਖੇ ਹਨ ਜਿਹੜੇ ਸਿੱਖ ਧਰਮ ਦੇ ਇਤਿਹਾਸ ਅਤੇ ਕੁਰਬਾਨੀ ਨੂੰ ਅਰਪਤ ਹਨ। ਉØੱਪਰ ਲਿਖੀਆਂ ਪੁਰਾਣੀਆਂ ਫਿਲਮਾਂ ਦੇ ਪ੍ਰਚਲਤ ਗੀਤਾਂ ਉØੱਪਰ ਚੰਨ ਦਾ ਗੀਤਾਂ ਨੂੰ ਲਿਖਣਾ ਜਾਹਿਰ ਕਰਦਾ ਹੈ ਕਿ ਚੰਨ ਜੰਡਿਆਲੇ ਵਾਲਾ ਕਿੰਨਾਂ ਪੁਰਾਣਾ ਗੀਤਕਾਰ ਹੈ। ਇਸ ਕਿੱਸੇ ਦੇ ਅੰਤ ਵਿੱਚ ਉਸਨੇ ਪੰਜਾਬ ਦੇ ਪ੍ਰਚੱਲਤ ਲੋਕ ਗੀਤ ਮਾਹੀਆ ਰੂਪਾਕਾਰ ਉØੱਪਰ ਰੂਹਾਨੀ ਮਾਹੀਆ ਦੀ ਧੁਨ ਵਿੱਚ ਰਚਨਾ ਦਰਜ ਕੀਤੀ ਹੈ।
ਲੋਕ ਨਾਚ ਪੁਰਾਤਨ ਕਾਲ ਤੋਂ ਹੀ ਮਨੁੱਖ ਨਾਲ ਸੰਬੰਧਿਤ ਹੈ। ਆਦਮੀ ਦੇ ਮਨ ਦੀਆਂ ਖੁਸ਼ੀਆਂ ਅਤੇ ਚਾਵਾਂ ਦਾ ਪ੍ਰਗਟਾ ਅਤੇ ਆਪਣੀਆਂ ਅੰਦਰੂਨੀ ਭਾਵਨਾਵਾਂ ਦਾ ਸਰੀਰਕ ਅੰਗਾਂ ਦੀਆਂ ਅਦਾਵਾਂ ਨਾਲ ਕੀਤਾ ਪ੍ਰਗਟਾਵਾ ਲੋਕ ਨਾਚ ਦਾ ਰੂਪ ਹੁੰਦਾ ਹੈ। ਲੋਕ ਨਾਚ ਲੋਕੀ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਕੇ ਅਤੇ ਜ਼ਿੰਦਗੀ ਦੇ ਮਹੱਤਵ ਪੂਰਣ ਕੰਮਾਂ ਨੂੰ ਨਜਿੱਠ ਕੇ ਇੱਕ ਸਮੂੰਹਿਕ ਪ੍ਰਤੀਕ੍ਰਮ ਵੀ ਹੁੰਦਾ ਹੈ ਜਿਨ੍ਹਾਂ ਵਿੱਚ ਸਮੂੰਹ ਪ੍ਰਵਾਰ, ਸਮੂੰਹ ਪਿੰਡ ਜਾਂ ਸਮੂੰਹਿਕ ਵਿਆਕੱਤੀਆਂ ਦਾ ਇੱਕ ਥਾਂ ਇੱਕਠੇ ਹੋ ਕੇ ਆਪਣੀਆਂ ਭਾਵਨਾਵਾਂ ਅਤੇ ਵਿਸ਼ਵਾਸ਼ਾਂ ਦੀ ਤਰਜਮਾਨੀ ਕਰਨਾ ਹੁੰਦਾ ਹੈ। ਲੋਕ ਨਾਚ ਵਿੱਚ ਨਰ ਨਾਰੀ, ਦਿਉਰ ਭਰਜਾਈ, ਨਣਦ ਭਰਜਾਈ, ਭਾਈ ਭਾਈ ਜਾਂ ਯਾਰ ਦੋਸਤ ਇੱਕਠੇ ਨੱਚ ਨੱਚ ਆਪਣੀਆਂ ਖੁਸ਼ੀਆਂ ਨੂੰ ਜਾਹਰ ਕਰਦੇ ਹਨ। ਲੋਕ ਨਾਚ ਵਿੱਚ ਲੋਕ ਆਪਣੇ ਅੰਗਾਂ ਨੂੰ ਕਿਸੇ ਤਾਲ ਵਿੱਚ ਬੰਨ੍ਹ ਕੇ ਹਿਲਾਉਂਦੇ ਹਨ। ਲੋਕ ਨਾਚ ਵਿੱਚ ਸੰਬੰਧਿਤ ਇਲਾਕਾ, ਸੰਬੰਧਿਤ ਕਬੀਲਾ, ਜਾਂ ਸੰਬੰਧਿਤ ਪ੍ਰਾਣੀਆਂ ਦਾ ਸਭਿਆਚਾਰ ਪ੍ਰਗਟ ਹੁੰਦਾ ਹੈ। ਜਦ ਜਨ ਸਮੂੰਹ ਖੁਸ਼ੀ ਵਿੱਚ ਲਹਿਰਾਉਂਦਾ ਹੈ ਤਾਂ ਉਹ ਆਪਣੀ ਅਸਲੀਅਤ ਜਾਂ ਮਨ ਦੇ ਯਥਾਰਥ ਨੂੰ ਪ੍ਰਗਟਾਉਂਦੇ ਹਨ। ਪੰਜਾਬ ਵਿੱਚ ਲੋਕ ਨਾਚ ਕਈ ਤਰ੍ਹਾਂ ਦੇ ਪ੍ਰਚੱਲਤ ਹਨ। ਜਿਵੇਂ ਝੁੰਮਰ, ਸੰਮੀ, ਲੁੱਡੀ, ਕਿੱਕਲੀ, ਭੰਗੜਾ ਅਤੇ ਗਿੱਧਾ ਆਦਿ। ਚੰਨ ਜੰਡਿਆਲੇ ਵਾਲੇ ਨੇ ਤਕਰੀਬਨ ਹਰ ਲੋਕ ਨਾਚ ਬਾਰੇ ਅਤੇ ਗਿੱਧੇ ਬਾਰੇ ਖਾਸ ਗੀਤ ਲਿਖੇ ਹਨ। ਇਨ੍ਹਾਂ ਗੀਤਾਂ ਰਾਹੀਂ ਚੰਨ ਨੇ ਲੋਕ ਨਾਚ ਦਾ ਪੂਰਾ ਪੂਰਾ ਪੰਜਾਬੀਕਰਣ ਕੀਤਾ ਹੈ।
ਚੰਨ ਜੰਡਿਆਲੇ ਵਾਲੇ ਨੇ ਇੱਕ ਕਿੱਸਾ ਚੰਨ ਦਾ ਗਿੱਧਾਨਾਮ ਦੇ ਸਿਰਲੇਖ ਨਾਲ ਪ੍ਰਕਾਸ਼ਿਤ ਕੀਤਾ ਹੈ। ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਹਰਮਨ ਪਿਆਰਾ ਨਾਚ ਹੈ। ਬੱਚੇ ਦੇ ਜਨਮ, ਕੁੜਮਾਈ, ਵਿਆਹ, ਲੋਹੜੀ ਅਤੇ ਤੀਆਂ ਦੇ ਤਿਉਹਾਰ ਸਮੇਂ ਮੁਟਿਆਰਾਂ ਸਮਾਜਕ ਦਬਾਅ ਨਾਲ ਦੱਬੇ ਹੋਏ ਭਾਵਾਂ ਨੂੰ ਗਿੱਧਾ ਪਾ ਕੇ ਦਰਸਾਉਂਦੀਆਂ ਹਨ। ਚੰਨ ਦੇ ਗਿੱਧੇ ਦੇ ਪਹਿਲੇ ਗੀਤ ਵਿੱਚ ਮੁਟਿਆਰ ਜੋਬਨ ਵਿੱਚ ਪੈਰ ਧਰਦੀ ਕਹਿੰਦੀ ਹੈ।
ਹਾਣੀਆਂ ਆਈ ਜਵਾਨੀ ।।।।।।। ਸ਼ਾਵਾ।
ਬੇਲੀਆਂ ਆਈ ਜਵਾਨੀ  ।।।।।। ਸਾਵਾ।
ਇਸ ਗੀਤ ਵਿੱਚ ਸਾਉਂਣ ਦਾ ਮਹੀਨਾ, ਬਾਗਾਂ ਵਿੱਚ ਬਹਾਰਾਂ, ਕਲੀਆਂ ਵਾਂਗ ਖਿੜਖੜਾਉਂਦੀਆਂ ਮੁਟਿਆਰਾਂ, ਗਿੱਧੇ ਵਿੱਚ ਨੱਚਦੀ ਹਾਣੀ ਨਾਲ ਅੱਖ ਲੜਨੀ, ਅਜਿਹੀਆਂ ਪ੍ਰਸਥਿੱਤੀਆਂ ਅਤੇ ਸਮਾਂ ਚੰਨ ਨੇ ਵਰਨਣ ਕੀਤਾ ਹੈ ਜਿਹੜਾ ਮੁਟਿਆਰਾਂ ਨੂੰ ਗਿੱਧਾ ਪਾਉਂਣ ਲਈ ਉਕਸਾਉਂਦਾ ਹੈ। ਪੰਜਾਬ ਵਿੱਚ ਕਿਰਸਾਨ ਫਸਲਵਾੜੀ ਦੀ ਸੰਭਾਲ, ਮੀਂਹ ਕਣੀ ਤੋਂ ਬਚਾਉ ਕਰਕੇ, ਭੰਗੜਾ ਪਾਉਂਦੇ ਹਨ ਅਤੇ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ। ਲੋਕ ਫਸਲਾਂ ਨੂੰ ਆਪਣੇ ਪੁੱਤਾਂ ਵਾਂਗ ਵੱਡਾ ਹੁੰਦਾ ਵੇਖਦੇ ਹਨ। ਦੂਸਰੇ ਗੀਤ ਵਿੱਚ ਭਰ ਜੋਬਨ ਉØੱਤੇ ਆਈਆਂ ਫਸਲਾਂ ਵੱਲ ਵੇਖ ਕੇ ਕੁੜੀਆਂ ਗਿੱਧਾ ਪਾਉਂਦੀਆਂ ਹਨ।
ਰੁੱਤ ਗਿੱਧਾ ਪਾਉਂਣ ਦੀ ਆਈ, ਨੀ ਲੱਕ ਲੱਕ ਹੋ ਗਏ ਬਾਜਰੇ।
ਤੀਸਰੇ ਗੀਤ ਵਿੱਚ ਪੀਂਘ ਝੂਟ ਰਹੀ ਮੁਟਿਆਰ ਨੂੰ ਜੋ ਸਰੂਰ ਆਉਂਦਾ ਹੈ, ਉਸਨੂੰ ਬਿਆਨ ਕੀਤਾ ਹੈ ਕਿ ਕਿਵੇਂ ਪੀਂਘ ਦੇ ਹੁਲਾਰੇ ਨਾਲ ਮੁਟਿਆਰ ਅਰਸ਼ ਛੂੰਹਦੀ ਹੈ। ਲੱਕ ਦੇ ਹੁਲਾਰੇ ਨਾਲ ਪੀਂਘ ਦੇ ਝੜਾਉਣ ਨਾਲ ਜੋ ਸਰੂਰ ਆੳਂੁਦਾ ਹੈ ਉਸ ਸਰੂਰ ਵਿੱਚ ਮਧਹੋਸ਼ ਹੋ ਜਾਣਾ ਅਤੇ ਉਸ ਮਧਹੋਸ਼ੀ ਵਿੱਚ ਮਾਹੀ ਦੀ ਯਾਦ ਆਉਣ ਵਾਲੇ ਖਿੱਚੇ ਦ੍ਰਿਸ਼ ਬਿਲਕੁਲ ਹੀ ਮੁਟਿਆਰਾਂ ਨੂੰ ਗਿੱਧਾ ਪਾਉਣ ਲਈ ਮਜਬੂਰ ਕਰਦੇ ਹਨ।
ਨੀ ਪਿੱਪਲੀਂ ਤੇ ਪੀਂਘ ਘੂਟਦੀ ਮੈਂ ਤਾਂ ਅੜੀਓ ਸ਼ਰਾਬਣ ਹੋਈ।
ਬਹੁਤ ਕਰਕੇ ਗਿੱਧੇ ਵਿੱਚ ਬੋਲੀਆਂ ਪਾਈਆਂ ਜਾਂਦੀਆਂ ਹਨ। ਚੰਨ ਨੇ ਸੈਂਕੜੇ ਹੀ ਬੋਲੀਆਂ ਲਿਖੀਆਂ ਹਨ। ਗਿੱਧੇ ਵਿੱਚ ਇੱਕ ਮੁਟਿਆਰ ਆਪਣੀ ਚੁੰਨੀ ਦੀ ਪੱਗ ਬਣਾ ਕੇ ਸਿਰ ਉਪਰ ਬੰਨ੍ਹਦੀ ਹੈ ਅਤੇ ਮਰਦ ਦਾ ਪਾਤਰ ਬਣਦੀ ਹੈ। ਦੂਸਰੀ ਕੁੜੀ ਚੁੰਨੀ ਨੂੰ ਆਪਣੇ ਲੱਕ ਦੁਆਲੇ ਬੰਨ੍ਹ ਕੇ ਔਰਤ ਦਾ ਪਾਤਰ ਬਣਕੇ, ਵਾਰੋ ਵਾਰੀ ਬੋਲੀਆਂ ਪਾਉਂਦੀਆਂ ਹਨ। ਚੰਨ ਨੇ ਅਜਿਹੇ ਮਰਦਾਊਪੁਣੇ ਵਾਲੇ ਗੀਤ ਵਿੱਚ ਲਿਖਿਆ ਹੈ।
ਨੀ ਹੌਲੀ ਘੜਾ ਚੁੱਕ ਕੁੜੀਏ, ਭਿੱਜ ਸਗਨਾਂ ਦਾ ਜਾਏ ਨਾ ਪਰਾਂਦਾ।
ਅਤੇ
ਤੇਰੇ ਰੰਗ ਨੇ ਪੁਆੜੇ ਪਾਏ, ਨੀ ਗਲੀਆਂ ਚ ਗੱਲ ਫੈਲ ਗਈ।
ਗਿੱਧੇ ਵਿੱਚ ਆਮ ਤੌਰ ਉਪਰ ਘਰ ਦੀਆਂ ਕੁੜੀਆਂ ਨੂੰ ਨੱਚਣ ਤੋਂ ਵਰਜਿਆ ਜਾਂਦਾ ਹੈ। ਚੰਨ ਲਿਖਦਾ ਹੈ ਕਿ ਛੋਟੀ ਨਣਦ ਆਪਣੀ ਭਰਜਾਈ ਦੇ ਤਰਲੇ ਕਰਦੀ ਹੈ ਕਿ:
ਭਾਬੀ ਮੈਨੂੰ ਨੱਚ ਲੈਣ ਦੇ, ਚਿੱਤ ਤੀਆਂ ਚ ਨੱਚਣ ਨੂੰ ਕਰਦਾ।
ਗਿੱਧੇ ਵਿੱਚ ਮੁਟਿਆਰਾਂ ਆਪਣੇ ਮਨੋ ਵਲਵਲੇ ਦਰਸਾਉਦੀਆਂ ਹਨ। ਚੰਨ ਨੇ ਹੇਠ ਲਿਖੇ ਗੀਤ ਵਿੱਚਔਰਤਾਂ ਦੇ ਮਨਾ ਵਿੱਚ ਵਸੇ ਗੁੱਝੇ ਭਾਵਾਂ ਨੂੰ ਪ੍ਰਗਟਾਇਆ ਹੈ।
ਲੈਣ ਦਿਲਾਂ ਵਾਲੇ ਦਿਲਾਂ ਨੂੰ ਪਛਾਣ ਕੁੜੀਓ।
ਨੀ ਅਸੀਂ ਹਾਣੀਆਂ ਚੋਂ ਲੱਭ ਲਿਆ ਹਾਣ ਕੁੜੀਓ।
ਅਤੇ ਜੁਤੀ ਉਤੋਂ ਵਾਰਾਂ ਜੱਗ ਨੂੰ,
ਵੇ ਮੈਂ ਤੇਰੀ ਆਂ ਨਣਦ ਦਿਆ ਵੀਰਾ।
ਹੋਰ
ਚੂੜੇ ਵਾਲੀ ਬਾਂਹ ਕੱਢ ਕੇ,
ਸਾਨੂੰ ਵਾਜ ਨਾ ਚੰਦਰੀਏ ਮਾਰੀ।
ਹੋਰ
ਆਇਆ ਨੀ ਅੱਜ ਆਇਆ,
ਚੰਨ ਪਰਦੇਸੀ ਢੋਲਾ।
ਸ਼ਾਵਾ ਨੀ ਪਰਦੇਸੀ ਢੋਲਾ।
ਹਵਸ ਵਿੱਚ ਗ੍ਰੱਸੀ ਮੁਟਿਆਰ ਆਪਣੇ ਹਾਣੀ ਨੂੰ ਘੜਾ ਚੁਕਾਉਣ ਦੇ ਬਹਾਨੇ ਕੋਲ ਸੱਦਦੀ ਹੈ।
ਵੇ ਸਜਣਾ ਸਾਨੂੰ ਘੜਾ ਚੁਕਾ ਦੇ।
ਆ ਸਜਣਾ ਸਾਨੂੰ ਘੜਾ ਚੁਕਾ ਦੇ।
ਅਤੇ ਐਵੇਂ ਮੁੱਚੀ ਪਿਆਸ ਬੁਝਾਉਣ ਦਾ ਬਹਾਨਾ ਕਰਕੇ ਚੱਲਦੇ ਹੱਲਟ ਉਪਰ ਹਾਣੀ ਕੋਲੋਂ ਆਪ ਪਾਣੀ ਪੀਣ ਲਈ ਜਾਂਦੀ ਹੈ।
ਪਾਣੀ ਤਾਂ ਪਿਲਾ ਦੇ ਮਿੱਤਰਾ,
ਕੂੰਜਾਂ ਮਰਨ ਤ੍ਰਿਹਾਈਆਂ।
ਜਦ ਗਭਰੂ ਪਾਣੀ ਕਿਸੇ ਗੱਲੇ ਨਹੀਂ ਪਿਲਾਉਦਾ, ਫਿਰ ਮੁਟਿਆਰ ਰੁੱਸ ਜਾਂਦੀ ਹੈ ਅਤੇ ਗਭਰੂ ਉਸ ਦੀ ਬਾਂਹ ਫੜ ਕੇ ਪੁੱਛਦਾ ਹੈ।
ਐਵੇਂ ਰੁਸਣੇ ਦਾ ਪਿਆ ਤੈਨੂੰ ਝੱਸ ਗੋਰੀਏ।
ਵੀਣੀ ਫੜ ਲਈ ਤਾਂ ਹੋ ਗਿਆ ਕੀ ਦੱਸ ਗੋਰੀਏ।
ਗਿੱਧੇ ਵਿੱਚ ਪਿੰਡਾਂ ਕਸਬਿਆਂ ਦੇ ਨਾਮ ਇਸ ਕਰਕੇ ਲਏ ਜਾਂਦੇ ਹਨ ਕਿ ਮੁਟਿਆਰਾਂ ਵਿਆਹ ਕਰਵਾ ਕੇ ਦੂਸਰੇ ਪਿੰਡਾਂ ਵਿੱਚ ਜਾਂਦੀਆਂ ਹਨ। ਸਿਆਣੀਆਂ ਔਰਤਾਂ ਨੂੰ ਲਾਗਲੇ ਛਾਗਲੇ ਪਿੰਡਾਂ ਵਿੱਚ ਪ੍ਰਚਲਤ ਰਸਮ-ਰਿਵਾਜ, ਆਬੋ ਹਵਾ ਅਤੇ ਉਥੋਂ ਦੇ ਲੋਕਾਂ ਦੇ ਸੁਭਾਵ ਦਾ ਪੂਰਾ ਪੂਰਾ ਗਿਆਨ ਹੁੰਦਾ ਹੈ। ਜਿਸ ਪਿੰਡ ਦਾ ਗੀਤਕਾਰ ਆਪ ਹੈ ਉਸੇ ਪਿੰਡ ਬਾਰੇ ਆਪਣੇ ਗੀਤ ਵਿੱਚ ਲਿਖਦਾ ਹੈ।
ਹੌਲੀ ਹੌਲੀ ਚਲ ਕੁੜੇ ਜੰਡਿਆਲਾ ਨੇੜੇ ਆਇਆ।
ਚੰਨ ਜੰਡਿਆਲਵੀ ਦੀ ਲਿਖੀ ਬੋਲੀ ਪਾਉਦੀਆਂ ਮੁਟਿਆਰਾਂ ਆਪਣੇ ਭਾਵਾਂ ਨੂੰ ਆਪਣੇ ਬਾਬਲ ਤੱਕ ਪਹੁੰਚਾਉਣ ਲਈ ਕਹਿੰਦੀਆਂ ਹਨ ਕਿ ਪਿੰਡ ਵਿੱਚ ਪੱਕੇ ਘਰ ਵਾਲੇ ਮੁੰਡੇ ਨੂੰ ਮੇਰਾ ਵਰ ਚੁਣੀ ਤਾਂ ਕਿ;
ਪੱਕਾ ਘਰ ਟੋਲ੍ਹੀਂ ਬਾਬਲਾ, ਕਿਤੇ ਲਿਪਣੇ ਨਾ ਪੈਣ ਬਨੇਰੇ।
ਚੰਨ ਅਨੁਸਾਰ ਕੁੜੀਆਂ ਦੀਆਂ ਆਪਣੇ ਹਾਣੀਆਂ ਨਾਲ ਲੁਕ ਲੁਕ ਲਾਈਆਂ ਯਾਰੀਆਂ ਨੂੰ ਵੀ ਗਿੱਧੇ ਵਿੱਚ ਬੋਲੀ ਪਾ ਕੇ ਮੁਟਿਆਰਾਂ ਆਪਣੇ ਮਨ ਉਪਰ ਪਏ ਯਾਰੀ ਦੇ ਦਬਾਅ ਨੂੰ ਲਾਹੁੰਦੀਆਂ ਹਨ।
ਤੂਤਾਂ ਥੱਲੇ ਕੀਤੀਆਂ ਨੇ, ਗੱਲਾਂ ਜੋ ਪੁਰਾਣੀਆਂ।
ਅੱਜ ਯਾਦ ਆਉਦੀਆਂ ਨੇ ਖਸਮਾਂ ਨੂੰ ਖਾਣੀਆਂ।
ਗਿੱਧਾ ਸ੍ਰੌੋ ਕਰਨ ਵੇਲੇ ਇੱਕ ਮੁਟਿਆਰ ਪਹਿਲਾਂ ਬੋਲੀ ਚੁੱਕਦੀ ਹੈ। ਬੋਲੀ ਦੇ ਮੁੱਕਣ ਉਪਰ ਘੇਰਾ ਪਾਈ ਖੜ੍ਹੀਆਂ ਕੁੜੀਆਂ ਫੂ-ਫੂ, ਖਊ-ਖਊ, ਸ਼ਾਵਾ-ਸ਼ਾਵਾ ਅਤੇ ਹਾਇ ਜਮਾਲੋ ਕਹਿੰਦੀਆਂ ਹਨ। ਦੋ ਮੁਟਿਆਰਾਂ ਪਿੜ ਵਿੱਚ  ਨੱਚਣ ਵਾਸਤੇ ਗੋਲੀ ਵਾਂਗ ਵੜਦੀਆਂ ਹਨ। ਦੋ ਦੋ ਮੁਟਿਆਰਾਂ ਫਿਰ ਮੁਕਾਬਲੇ ਵਿੱਚ ਗੇੜਾ ਦਿੰਦੀਆਂ ਆਪਣੀਆਂ ਬਾਹਾਂ ਨੂੰ ਉਲਾਰਦੀਆਂ ਹਨ। ਇਹ ਮੁਟਿਆਰਾਂ ਇੱਕ ਪਰਿਵਾਰ, ਇੱਕ ਜਾਤ ਜਾਂ ਕਿਸੇ ਇੱਕ ਸਮਾਜ ਨਾਲ ਸੰਬੰਧਤ ਨਹੀਂ ਹੁੰਦੀਆਂ। ਜਿਹੜਾ ਨੱਚਣ ਜਿ਼ਆਦਾ ਜਾਣਦੀ ਹੁੰਦੀ ਹੈ, ਉਸਦੀ ਗਿੱਧੇ ਵਿੱਚ ਸਰਦਾਰੀ ਹੁੰਦੀ ਹੈ। ਚੰਨ ਦੇ ਵਿਚਾਰ ਵਿੱਚ ਜਿ਼ਆਦਾ ਕਰਕੇ ਪਤਲੀਆਂ ਮੁਟਿਆਰਾਂ ਦੇ ਲਚਕਵੇਂ ਸਰੀਰ ਗਿੱਧੇ ਵਿੱਚ ਸਲਾਹੇ ਜਾਂਦੇ ਹਨ। ਖਾਸ ਕਰ ਉਸ ਵੇਲੇ ਜਦ ਕੋਈ ਮੁਕਲਾਵੇ ਤੋਂ ਹੋ ਕੇ ਆਈ ਹੋਵੇ।
ਗੇੜਾ ਦੇ ਲੈ ਪਤਲੀਏ ਨਾਰੇ, ਚੂੜੇ ਵਾਲੀ ਬਾਂਹ ਕੱਢ ਕੇ।
ਬਣ ਸਪਣੀ ਮਾਰ ਫੁੰਕਾਰੇ, ਚੂੜ੍ਹੇ ਵਾਲੀ ਬਾਂਹ ਕੱਢ ਕੇ।
ਇਸੇ ਤਰ੍ਹਾਂ ਕਈਹੋਰ ਬੋਲੀਆਂ ਅਤੇ ਕਈ ਹੋਰ ਗੀਤਾਂ ਨਾਲ ਚੰਨ ਜੰਡਿਆਲੇਵਾਲੇ ਨੇ ਪੰਜਾਬ ਦੇ ਗਿੱਧੇ ਨੂੰ ਅਮਰ ਕਰ ਦਿੱਤਾ ਹੈ। ਪੰਜਾਬ ਦੀਆਂ ਮੁਟਿਆਰਾਂ ਚੰਨ ਦੀਆਂ ਰਚੀਆਂ ਹੋਈਆਂ ਬੋਲੀਆਂ ਪਾ ਕੇ ਅਤੇ ਗੀਤ ਗਾ ਕੇ ਕਿੱਕਲੀ ਪਾਉਦੀਆਂ ਹਨ। ਝੂੰਮਰ ਲਾਉਦੀਆਂ ਹਨ। ਸੰਮੀ ਨਾਚ ਜਿਸ ਸੰਮੀ ਕੁੜੀ ਨੂੰ ਉਸਦਾ ਮਾਹੀ ਪੇਕੇ ਛੱਡ ਗਿਆ ਸੀ ਉਸਦੇ ਨਾਮ ਉਪਰ ਨਾਚ ਨੱਚਿਆ ਜਾਂਦਾ ਹੈ ਅਤੇ ਚੰਨ ਜੰਡਿਆਲੇ ਵਾਲੇ ਦੇ ਵਿਛੋੜੇ ਵਾਲੇ ਗੀਤਾਂ ਨੂੰ ਗਾਇਆ ਜਾਂਦਾ ਹੈ।
ਚੰਨ ਨੇ ਭੰਗੜੇ ਵਾਲੇ ਵੀ ਗੀਤ ਲਿਖੇ ਹਨ। ਇਹ ਗੀਤ ਉਸਦੇ ਕਿੱਸੇ ਚੰਨ ਦਾ ਭੰਗੜਾਵਿੱਚ ਅੰਕਿਤ ਹਨ। ਭੰਗੜਾ ਪੰਜਾਬੀਆਂ ਦਾ ਮੁੱਖ ਨਾਚ ਹੈ। ਇਸ ਵਿੱਚ ਉਮਰ ਦਾ ਕੋਈ ਤਕਾਜਾ ਨਹੀਂ ਕੀਤਾ ਜਾਂਦਾ। ਜਦੋਂ ਕੋਈ ਖੁਸ਼ੀ ਦਾ ਸਮਾਂ ਆਉਂਦਾ ਹੈ, ਉਸ ਸਮੇਂ ਬੱਚੇ ਬੁੱਢੇ ਅਤੇ ਜੁਆਨ ਰਲ ਕੇ ਭੰਗੜੇ ਪਾਉਂਦੇ ਹਨ। ਭੰਗੜਾ ਵੀ ਪੰਜਾਬ ਦਾ ਤਾਲ ਬੱਧ ਨਾਚ ਹੈ। ਜਿਹੜਾ ਢੋਲ ਨਾਲ ਨੱਚਿਆ ਜਾਂਦਾ ਹੈ। ਭੰਗੜਾ ਪੰਜਾਬੀਆਂ ਦੇ ਸੁਭਾਵ, ਜੋਸ਼, ਸਾਹਸ, ਅਲਬੇਲਾਪਨ ਅਤੇ ਵੀਰਤਾ ਨੂੰ ਦਰਸਾਉਂਦਾ ਹੈ। ਭੰਗੜੇ ਨੂੰ ਭਾਵੇਂ ਸਿਆਲਕੋਟ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਸਥਿੱਤ ਹੈ, ਤੋਂ ਸ੍ਰੌੋ ਹੋਇਆ ਦੱਸਿਆ ਜਾਂਦਾ ਹੈ। ਪੁਰ ਜੋਸ਼ ਭਰਿਆ ਹੋਣ ਕਰਕੇ ਹੀ ਇਹ ਪੰਜਾਬੀਆਂ ਦੇ ਜੁਸ਼ੀਲੇ ਸੁਭਾਅ ਕਾਰਨ ਸਾਰੇ ਪੰਜਾਬ ਦਾ ਕੌਮੀ ਨਾਚ ਬਣ ਗਿਆ ਹੈ। ਇਹ ਨਾਚ ਬੜੇ ਜ਼ੋਰ ਅਤੇ ਸ਼ੋਰ ਨਾਲ ਨੱਚਿਆ ਜਾਂਦਾ ਹੈ। ਇਸ ਨਾਚ ਵਿੱਚ ਚੰਨ ਦੇ ਗੀਤਾਂ ਅਨੁਸਾਰ ਆਪਣੀ ਹੀ ਘੂਕਰ ਹੈ। ਇਹੀ ਕਾਰਨ ਹੈ ਕਿ ਇਸ ਨਾਚ ਨੂੰ ਪੰਜਾਬੀਆਂ ਤੋਂ ਬਿਨ੍ਹਾਂ ਹੋਰ ਕੋਈ ਨੱਚ ਨਹੀਂ ਸਕਦਾ। ਇਸ ਮੁਕਾਬਲੇ ਦਾ ਉਤਰ ਪ੍ਰਦੇਸ ਦਾ ਇੱਕ ਨਾਚ ਜਿਸਦਾ ਨਾਮ ਕਰਮਾਹੈ, ਜਿਸ ਵਿੱਚ ਮਰਦ ਅਤੇ ਔਰਤਾਂ ਇੱਕਠੀਆਂ ਨੱਚਦੀਆਂ ਹਨ। ਪਰ ਭੰਗੜਾ ਸਿਰਫ ਮਰਦਾਂ ਦਾ ਹੀ ਨਾਚ ਹੈ। ਭੰਗੜਾ ਪੰਜਾਬ ਦੀ ਕਿਰਸਾਨੀ ਨਾਲ ਸੰਬੰਧਤ ਹੈ। ਕਣਕ ਦੀ ਵਾਢੀ ਮਗਰੋਂ ਫਸਲ ਨੂੰ ਗਾਹ ਉਡਾ ਕੇ ਦਾਣੇ ਘਰੀਂ ਰੱਖ ਕੇ, ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ। ਢੋਲ ਨਗਾਰੇ ਵਜਦੇ ਹਨ। ਲੋਕ ਨਵੇਂ ਕਪੜੇ ਪਾਉਂਦੇ ਹਨ। ਆਪੋ ਆਪਣੇ ਮਨ ਪਸੰਦਗੀ ਦਾ ਖਾਧਾ ਪੀਤਾ ਜਾਂਦਾ ਹੈ। ਇਹ ਨਾਚ ਗਿੱਧੇ ਵਾਂਗ ਬੱਚੇ ਦੇ ਜਨਮ ਦਿਨ ਸਮੇਂ ਕੁੜਮਾਈ ਸਮੇਂ, ਵਿਆਹ ਸਮੇਂ ਅਤੇ ਮੇਲੇ ਤਿਉਹਾਰਾਂ ਸਮੇਂ ਵੀ ਨੱਚਿਆ ਜਾਂਦਾ ਹੈ। ਭੰਗੜਾ ਪਾਉਣ ਵੇਲੇ ਲੋਕ ਸ਼ਮਲੇ ਵਾਲੀ ਪੱਗ, ਖੁਲ੍ਹੀਆਂ ਬਾਹਵਾਂ ਵਾਲਾ ਕੁੜਤਾ, ਅਤੇ ਤੇੜ ਚਾਦਰਾ ਬੰਨ੍ਹਦੇ ਹਨ। ਭੰਗੜੇ ਵਿੱਚ ਢੋਲ ਦੇ ਨਾਲ ਨਾਲ ਚਿੱਮਟਾ, ਕਾਟੋ, ਅਲਗੋਜਾ ਅਤੇ ਤੂੰਬੀ ਆਦਿ ਸਾਜ ਵੀ ਵਰਤੇ ਜਾਂਦੇ ਹਨ। ਨਾਚਾਰ ਆਪਣੀਆਂ ਸਰੀਰਕ ਹਰਕਤਾਂ ਢੋਲ ਦੇ ਤਾਲ ਨਾਲ ਕਰਦੇ ਬਦਲਦੇ ਹਨ। ਬੋਲੀ ਮੁੱਕਣ ਉਪਰ ਚੰਨ ਦੇ ਗੀਤ ਅਨੁਸਾਰ , ਲੋਕੀ ਹੋਇ ਹੋਇ, ਬੱਲੇ ਬੱਲੇ ਅਤੇ ਹੂ ਵਾਊ ਹੂ ਵਾਊ ਦੀਆਂ ਹੇਕਾਂ ਲਾਉਦੇ ਹਨ। ਚੰਨ ਦਾ ਭੰਗੜਾਕਿੱਸੇ ਵਿੱਚ ਚੰਨ ਨੇ ਉਪਰ ਲਿਖੀਆਂ ਸਭ ਸਥਿੱਤੀਆਂ ਦਾ ਵਰਨਣ ਕਰਕੇ ਗੀਤ ਬੋਲੀਆਂ ਅਤੇ ਟੱਪੇ ਲਿਖੇ ਹਨ। ਵੇਖੋ ਇੱਕ ਗੀਤ ਦਾ ਮਤਲਾ;
ਕੁੜੀਓ ਨੀ ਹਾਣ ਦੀਏ, ਆਹਾ। ਨੀ ਸਾਡੇ ਵੱਲ ਤੱਕ ਜਰਾ, ਬੱਲੇ।
ਤੇਰੇ ਨਖ਼ਰੇ ਨੇ ਅਜਬ ਨਜਾਰੇ, ਬਈ ਬੱਲੇ ਬੱਲੇ ਬੱਲੇ।
ਚੰਨ ਦੇ ਗੀਤਾਂ ਅਤੇ ਬੋਲੀਆਂ ਨੂੰ ਪਾ ਕੇ ਪੰਜਾਬ ਦੇ ਲੋਕੀ ਝੁੰਮਰ ਪਾਉਂਦੇ ਹਨ। ਲੁੱਡੀਆਂ ਅਤੇ ਭੰਗੜੇ ਪਾ ਕੇ ਆਪਣੇ ਮਨ ਦੀਆਂ ਖੁਸ਼ੀਆਂ ਦੀ ਚਰਮ ਸੀਮਾਂ ਛੁਹ ਲੈਂਦੇ ਹਨ।
ਤੂੰਬੀ ਦੇ ਗੀਤਚੰਨ ਜੰਡਿਆਲੇ ਵਾਲੇ ਦਾ ਆਖਰੀ ਕਿੱਸਾ ਹੈ। ਇਸ ਤੋਂ ਬਾਅਦ ਚੰਨ ਨੇ ਆਪਣੇ ਗੀਤਾਂ ਨੂੰ ਪੁਸਤਕਾਂ ਦੇ ਰੂਪ ਵਿੱਚ ਛਪਵਾਇਆ ਹੈ। ਤੂੰਬੀ ਪੰਜਾਬ ਦਾ ਇੱਕ ਲੋਕ ਸਾਜ ਹੈ। ਪਹਿਲਾਂ ਪਹਿਲ ਪੰਜਾਬ ਦੇ  ਮਸ਼ਹੂਰ ਹੋਏ ਗਾਇਕਾਂ ਨੇ ਤੂੰਬੀ ਨੂੰ ਹੀ ਤਾਲ ਵਾਸਤੇ ਵਰਤਿਆ ਸੀ। ਜਿਵੇਂ ਨਵਾਬ ਘੁਮਾਰ, ਅਨਾਇਤ ਕੋਟੀਆ, ਸਦੀਕ ਮਹੁੰਮਦ ਔੜਿਆ, ਫਜ਼ਲ ਮਹੁੰਮਦ ਟੁੰਡਾ ਜਗਰਾਵਾਂ ਵਾਲਾ, ਮਹੁੰਮਦ ਆਲਮ ਲੁਹਾਰ, ਨਿੱਕੂ ਸੋਫੀ ਮਹੁੰਮਦ ਮੋਗੇ ਵਾਲਾ, ਬੂਟਾ ਗੁਜਰ ਲੁਧਿਆਣੇ ਵਾਲਾ, ਯਮਲਾ ਜੱਟ, ਸ਼ਾਦੀ ਬਖਸ਼ੀ, ਚਾਂਦੀ ਰਾਮ, ਹਰਚਰਨ ਗਰੇਵਾਲ, ਜਗਤ ਸਿੰਘ ਜੱਗਾ, ਕਰਮਜੀਤ ਧੂਰੀ, ਗੁਰਪਾਲ ਸਿੰਘ ਪਾਲ, ਮਹੁੰਮਦ ਸਦੀਕ, ਗੁਰਚਰਨ ਪੋਹਲੀ, ਨਿੱਕਾ ਸਿੰਘ ਦਰਦੀ, ਦਲੀਪ ਸਿੰਘ ਦੀਪ, ਕਰਨੈ਼ਲ ਗਿੱਲ, ਰਮੇਸ਼ ਰੰਗੀਲਾ, ਨਰਿੰਦਰ ਬੀਬਾ ਅਤੇ ਹਜਾਰਾ ਸਿੰਘ ਰਮਤਾ ਆਦਿ ਦੇ ਨਾਮ ਵਰਨਣ ਯੋਗ ਹਨ। ਉਪ੍ਰੋਕਤ ਕਲਾਕਾਰਾਂ ਦੇ ਨਾਮ ਲਿਖਣ ਤੋਂ ਭਾਵ ਇਹ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਕੁ ਕਲਾਕਾਰਾਂ ਨੇ ਚੰਨ ਦੇ ਗੀਤਾਂ ਨੂੰ ਤੂੰਬੀ ਉਪਰ ਗਾਇਆ ਹੈ। ਚੰਨ ਦੇ ਲਿਖੇ ਤੂੰਬੀ ਲਈ ਗੀਤ ਹੇਠ ਲਿਖੇ ਬਹੁਤ ਮਕਬੂਲ ਹੋਏ ਹਨ।
1ਮੇਰਾ ਕਰੂਏ ਦਾ ਵਰਤ ਪੁਗਾਇਆ, ਨੀ ਪੇਕਿਆਂ ਨੇ ਘੱਲ ਸਰਘੀ।
2ਚੰਦ ਚੜ੍ਹਿਆ ਬਾਪ ਦੇ ਵਿਹੜੇ, ਨੀ ਵੀਰ ਘਰ ਪੁੱਤ ਜੰਮਿਆ।
3ਕੁੜੀ ਪਿੰਡ ਦੇ ਖੂਹੇ ਵੱਲ ਜਾਵੇ, ਤੇ ਲੌਂਗ ਉਹਦਾ ਮਾਰੇ ਲਿਸ਼ਕਾਂ।
4ਮੁੰਡਿਆ ਸਿਆਲਕੋਟੀਆ, ਮੈਂ ਮੰਜਕੀ ਦੀ ਜਾਈ।
5ਤੂੰ ਇੱਕ ਵੀਰ ਦਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।
6ਮੇਰੇ ਮਿੱਤਰਾ ਵਾਲੀ ਫੁਲਕਾਰੀ, ਵੇਖੀਂ ਕਿਤੇ ਨਿੰਦ ਨਾ ਦਈਂ।
7ਗੋਰੇ ਰੰਗ ਤੇ ਦੁਪੱਟਾ ਕਾਲਾ, ਸਜਦਾ ਨੀ ਪੁੱਛ ਲੈ ਤੂੰ ਜਾ ਕੇ ਚੰਨ ਤੋਂ।
8ਚੱਲ ਚੱਲੀਏ ਵਸੋਏ ਮੇਰੇ ਹਾਣੀਆਂ, ਵਿਸਾਖੀ ਦਾ ਤਿਉਹਾਰ ਆ ਗਿਆ।
9ਸਾਡਾ ਚਿੱਤ ਨਾ ਗੁਆਂਢੀਆਂ ਦਾ ਲੱਗਦਾ, ਵੇ ਮੁੰਡਿਆ ਨਾ ਮਾਰ ਸੀਟੀਆਂ।
10ਇੱਕ ਪੱਲ ਬਹਿ ਜਾ ਸੱਜਣਾ, ਸਾਡੀ ਸੁਣ ਜਾਈਂ ਦਰਦ ਕਹਾਣੀ।
ਸੱਤ ਲੋਕ ਗੀਤਾਂ ਦੇ ਕਿੱਸਿਆਂ ਨਾਲ ਚੰਨ ਕਿੱਸਾਕਾਰ ਦੇ ਰੂਪ ਵਿੱਚ ਇੱਕ ਸਮਰੱਥ ਕਿੱਸਾਕਾਰ ਹੋ ਨਿਬੜਿਆ ਹੈ। ਚੰਨ ਨੇ ਪਰੰਪਰਾਵਾਦੀ ਕਿੱਸਾ ਕਵਿ-ਵਿਧੀ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਹੈ। ਪੁਰਾਤਨ ਕਿੱਸਿਆਂ ਵਿੱਚ ਕੋਈ ਇਤਿਹਾਸਕ ਜਾਂ ਮਿੱਥਿਹਾਸਕ ਕਹਾਣੀ ਦਾ ਵਰਨਣ ਹੁੰਦਾ ਸੀ। ਚੰਨ ਨੇ ਸਮੁੱਚੇ ਪੰਜਾਬੀ ਸਭਿਆਚਾਰ ਦੇ ਇਤਹਾਸ ਦਾ ਵਰਨਣਾਤਮਿਕ ਮੁਲਾਂਕਣ ਕਰਕੇ ਘਟਨਾਵਾਂ ਦੀਆਂ ਅਕਾਂਖਿਆਵਾਂ ਕਿੱਸਿਆਂ ਵਿੱਚ ਅੰਕਿਤ ਕਰਕੇ ਇੱਕ ਨਵੀਂ ਪਿਰਤ ਪਾਈ ਹੈ।
ਚੰਨ ਦੀ ਪ੍ਰਤਿਭਾ ਬਾਰੇ ਸਮਕਾਲੀ ਗੀਤਕਾਰਾਂ ਦੇ ਵਿਚਾਰ:
ਚੰਨ ਜੰਡਿਆਲੇ ਵਾਲੇ ਦੀਆਂ ਸੱਤ ਪੁਸਤਕਾਂ ਗੀਤਾਂ ਦੀਆਂ ਛਪੀਆਂ ਹਨ। ਤੋਰ ਪੰਜਾਬਣ ਦੀ, ਪੰਜਾਬ ਦੇ ਲੋਕ ਗੀਤ,ਤੇਰੀ  ਮੇਰੀ ਇਕ ਜਿੰਦੜੀ, ਦਿਨ ਚੜ੍ਹਦੇ ਦੀ ਲਾਲੀ, ਚਿਟਿਆਂ ਦੰਦਾਂ ਦਾਂ ਹਾਸਾ, ਸਪਣੀਆ ਵਰਗੀਆਂ ਤੋਰਾਂ ਅਤੇ ਨਾਨਕੀ ਨਸੀਬਾਂ ਵਾਲੜੀ ਆਦਿ।      ਇਸ ਅਧਿਆਇ ਵਿਚ ਉਨ੍ਹਾਂ ਪੁਸਤਕਾਂ ਦੇ ਆਦਿ ਕਥਨ ਵਿਚ ਸਮਕਾਲੀ ਗੀਤਕਾਰਾਂ ਦੇ ਵਿਚਾਰ ਲਿਖਣੇ ਯੋਗ ਸਮਝੇ ਹਨ ਅਤੇ ਅਗਲੇ ਅਧਿਆਵਾਂ ਵਿਚ ਚੰਨ ਦੇ ਗੀਤਾਂ ਦਾਂ ਪ੍ਰੂਰਨ ਵਿਸਤਾਰ ਨਾਲ ਵਿਸ਼ਲੇ਼ਸ਼ਣ ਕਰਾਗਾਂ।
ਬਾਬੂ ਸਿੰਘ ਮਾਨ, ਤੇਰੀ ਮੇਰੀ ਇਕ ਜਿੰਦੜੀ ਦੇ ਮੁੱਖ ਪੰਨਿਆਂ ਉਪਰ ਚੰਨ ਅਤੇ ਚਾਨਣੀ ਦੇ ਸਿਰਲੇਖ ਵਿਚ ਪੰਨਾ ਨੌ ਉਪਰ ਲਿਖਦਾ ਹੈ, ਆਪਣੇ ਤੁਛ ਤਜਰਬ ਦੇ ਆਧਾਰ ਤੇ ਲੈਅ ਅਤੇ ਰਸ  ਨੂੰ ਮੈਂ ਗੀਤ ਰਚਨਾ ਦੇ ਬੁਨਿਆਦੀ ਤੱਤ ਸਮਝਦਾ ਹਾਂ। ਮਿਸਾਲ ਦੇ ਤੌਰ ਤੇ ਚੰਨ ਦੇ ਗੀਤਾਂ ਦੀਆਂ ਕੁਝਾਂ ਸੱਤਰਾਂ ਪੇਸ਼ ਹਨ, ਜਿਸ ਵਿੱਚ ਕਵੀ ਦੇ ਸੁਚੱਜੀ ਚੋਣ, ਸੁੱਨਖਾ ਚਿੱਤਰਣ ਅਤੇ ਕੁਦਰਤੀ ਵਹਾ ਪ੍ਰਸੰਸਾਯੋਗ ਹਨ। ਅੱਗੇ ਜਾ ਕੇ ਪੰਨਾ ਦਸ ਉਪਰ ਲਿਖਦਾ ਹੈ,ਚੰਨ ਦੇ ਧੀਰਜ ਅਤੇ ਸਮੁੱਲ ਨਾਲ ਲਿਖੇ ਗਏ ਕੁਝ ਗੀਤ ਪੰਜਾਬੀ ਦੇ ਸਫਲ ਗੀਤ ਅਖਵਾ ਸਕਦੇ ਹਨ। ਮੌਲਿਕ ਰਚਨਾ ਹੁੰਦਿਆਂ ਹੋਇਆਂ, ਜੇ ਕੋਈ ਗੀਤ ਕਿਸੇ ਲੋਕ ਗੀਤ ਦਾ ਸੁਆਦਲਾ ਰੂਪ ਜਾਪੇ ਤਾਂ ਉਸਦਾ ਇਹ ਕੁਦਰਤੀ ਹੋਣ ਦਾ ਭੁਲੇਖਾ ਹੀ ਉਸਦੀ ਉਤਮ ਹੋਣ ਦੀ ਨਿਸ਼ਾਨੀ ਹੈਂ। ਇਨ੍ਹਾਂ ਸੱਤਰਾਂ ਤੋਂ ਜ਼ਾਹਿਰ ਹੈਂ ਚੰਨ ਜੰਡਿਆਲੇ ਵਾਲੇ  ਦੇ ਗੀਤਾਂ ਵਿਚ ਮੌਲਿਕਤਾ ਹੈ ਅਤੇ ਉਸਦੇ ਲਿਖੇ ਗੀਤ, ਲੋਕ ਗੀਤ ਬਣਨ ਦਾ ਮੁੱਦਾ ਰੱਖਦੇ ਹਨ।
ਦਿਨ ਚੜ੍ਹਦੇ ਦੀ ਲਾਲੀ ਦੀ ਭੂਮਕਾ ਵਿਚ ਦੇਵ ਥਰੀਕੇ ਵਾਲਾ ਲਿਖਦਾ ਹੈ। ਚੰਨ ਦਾ ਇਕ ਗੀਤ (ਨੱਚਾਂ ਮੈਂ ਲੁਧਿਆਣੇ) ਮੇਰੇ ਮਨ ਦੀ ਫੱਟੀ ਉਤੇ ਉਕਰਿਆ ਪਿਆ ਹੈ। ਚੰਨ ਦੇ ਗੀਤਾਂ ਵਿਚ ਸਾਦਗੀ, ਪੁਖਤਗੀ ਅਤੇ ਲੈਅ ਹੈ। ਪੰਜਾਬ ਦਾ ਸਭਿਆਚਾਰ ਗੀਤਾਂ ਵਿੱਚ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਜਿਹੜੇ ਗੀਤ ਕਿਸੇ ਸੱਭਿਆਚਾਰ ਦਾ ਅਕਸ਼ ਹੁੰਦੇ ਹਨ, ਉਨ੍ਹਾਂ ਗੀਤਾਂ ਨੂੰ ਹੀ ਲੋਕ ਗੀਤ ਆਖਿਆ ਜਾਂਦਾ ਹੈ। ਏਸੇ ਪੁਸਤਕ ਦੇ ਸਿਰਲੇਖ ਵਿੱਚ ਚਰਨ ਸਿੰਘ ਸਫਰੀ ਜੀ ਲਿਖਦੇ ਹਨ, ‘ਇਨ੍ਹਾਂ ਦੇ ਗੀਤਾਂ ਵਿੱਚ ਚੋਖੀ ਜਾਨ ਹੈ, ਵਲਵਲਾ ਭਰਪੂਰ ਗੀਤਾਂ ਰਾਹੀਂ ਚੰਨ ਜੀ ਨੇ, ਪੰਜਾਬੀ ਦੀ ਨਿੱਗਰ ਸੇਵਾ ਕੀਤੀ ਹੈ। ਗੀਤ ਦੀ ਟੈਕਨੀਕ ਸਮਝਦੇ ਹਨ। ਵਜ਼ਨ ਤੋਲ  ਬਿਲਕੁਲ ਦਰੁਸਤ ਅਤੇ ਸੁਰ ਤਾਲ ਵਿੱਚ ਗਾਏ ਜਾ ਸਕਦੇ ਹਨ। ਉਪ੍ਰੋਕਤ ਸਿਫਤ ਵੀ ਲੋਕ ਗੀਤਾਂ ਵਿੱਚ ਹੁੰਦੀ ਹੈ। ਸਰਲ ਅਤੇ ਸੁਰਤਾਲ ਵਿੱਚ ਵਲਵਲਿਆਂ ਭਰਪੂਰ ਗੀਤਾਂ ਨੂੰ ਲੋਕ ਗੀਤ ਹੀ ਆਖਿਆ ਜਾਦਾ ਹੈ।
ਸੁਰਿੰਦਰ ਸਿ਼ੰਦਾ ਲਿਖਦਾ ਹੈ, ‘ਜਦੋਂ ਮੈਂ ਇਨ੍ਹਾਂ ਦੇ ਗੀਤ ਪੜ੍ਹੇ ਤਾਂ ਅਹਿਸਾਸ ਹੋਇਆ ਕਿ ਚੰਗੇ ਗੀਤਕਾਰਾਂ ਵਿੱਚੋਂ ਬਾਈ ਵੀ ਇੱਕ ਹੈ। ਚੰਗੀ ਲੇਖਣੀ ਦੀ ਦਾਦ ਜੇ ਜ਼ਬਾਨ ਨਾ ਦੇਵੇ ਤਾਂ ਰੂਹ ਆਪਮੁਹਾਰੇ ਬੋਲ ਉਠਦੀ ਹੈ। ਜਿਨ੍ਹਾਂ ਗੀਤਾਂ ਨਾਲ ਰੂਹਾਂ ਖੁਸ਼ ਹੁੰਦੀਆਂ ਹਨ ਉਨ੍ਹਾਂ ਗੀਤਾਂ ਨੂੰ ਗਾ ਕੇ, ਸੁਣ ਕੇ ਲੋਕੀ ਖੁਸ਼ੀਆਂ ਮਨਾਉਦੇ ਹਨ, ਨੱਚਦੇ ਹਨ ਟੱਪਦੇ ਹਨ।ਸੁਰਿੰਦਰ ਸਿ਼ੰਦੇ ਦੇ ਕਥਨ ਅਨੁਸਾਰ ਚੰਨ ਦੇ ਗੀਤਾਂ ਨੂੰ ਸੁਣ ਕੇ ਲੋਕੀ ਝੂਮ ਉਠਦੇ ਹਨ। ਲੋਕਾਂ ਦੀ ਖੁਸ਼ੀ ਨੂੰ ਉਤੇਜਿਤ ਕਰਨ ਵਾਲੇ ਗੀਤਾਂ ਨੂੰ ਵੀ ਲੋਕ ਗੀਤ ਆਖਿਆ ਜਾਂਦਾ ਹੈ। ਚਿੱਟਿਆਂ ਦੰਦਾਂ ਦਾ ਹਾਸਾ ਪੁਸਤਕ ਦੇ ਮੁਖ ਬੰਦ ਵਿੱਚ ਸਾਜਨ ਰਾਏਕੋਟੀ ਜੀ ਲਿਖਦੇ ਹਨ, ‘ਤਰਲੋਚਨ ਸਿੰਘ ਚੰਨ ਉਹ ਕਵੀ ਨੇ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਯਾਦ ਵੀ ਰੱਖਿਆ ਅਤੇ ਪਿਆਰ ਵੀ ਕੀਤਾ ਹੈ। ਇਹ ਵਿਰਸਾ ਹੈ ਪੰਜਾਬ, ਪੰਜਾਬੀ ਤੇ ਪੰਜਾਬੀ ਕਵਿਤਾ ਅਤੇ ਉਸ ਤੋਂ ਵੱਧ ਇਨ੍ਹਾਂ ਤਿੰਨਾਂ ਨਾਲ ਇਸ਼ਕ।ਜਿਹੜੇ ਗੀਤ ਕਿਸੇ ਵਿਰਸੇ ਦੇ ਸੰਦਰਭ ਵਿੱਚ ਲਿਖੇ ਜਾਂਦੇ ਹਨ ਉਨ੍ਹਾਂ ਗੀਤਾਂ ਨੂੰ ਵੀ ਲੋਕ ਗੀਤ ਕਰਕੇ ਜਾਣਿਆਂ ਜਾਦਾ ਹੈ।
ਸੱਪਣੀਆ ਵਰਗੀਆਂ ਤੋਰਾਂਦੀ ਭੂਮਿਕਾ ਵਿੱਚ ਸਨਮੁਖ ਸਿੰਘ ਆਜ਼ਾਦ ਜੀਿ ਨੇ ਬਿਆਨਿਆਂ ਹੈ, ‘ਕਾਵਿ ਮਹਾਂਸਾਗਰ ਵਿੱਚ ਕਾਫੀ ਕਵੀਆਂ ਦੀ ਕਲਮ ਨੇ ਟੁੱਭੀ ਲਾਈ ਹੈ। ਜਿਨ੍ਹਾਂ ਦੇ ਗੀਤ ਹੁਣ ਵੀ ਉਨ੍ਹਾਂ ਦੀ ਯਾਦ ਤਾਜ਼ੀ ਕਰਦੇ ਹਨ। ਉਨ੍ਹਾਂ ਵਿੱਚੋਂ ਇੱਕ ਮੇਰਾ ਯਾਰ ਜਿਸ ਨਾਲ ਮੇਰੀ 20 ਸਾਲ ਪੁਰਾਣੀ ਦੋਸਤੀ ਹੈ। ਜਿਸ ਵਿੱਚ ਅੱਜ ਤੱਕ ਕੋਈ ਫਰਕ ਨਹੀਂ ਆਇਆ। ਇਹ ਹੈ ਮੇਰਾ ਮਿੱਤਰ ਚੰਨ ਜੰਡਿਆਲੇਵਾਲਾ ਜਿਹੜਾ ਕਿ ਪੰਜਾਬ ਦੀ ਧਰਤੀ ਛੱਡ ਕੇ ਅੱਜ ਕੱਲ ਇੰਗਲੈਂਡ ਰਹਿ ਰਿਹਾ ਹੈ। ਪਰ ਇਸ ਦੀ ਕਲਮ ਪਿਛੋਕੜ ਨਾ ਭੁੱਲ ਸਕੀ ਤੇ ਪੰਜਾਬੀ ਗੀਤਾਂ ਨੂੰ ਜਨਮ ਦਿੰਦੀ ਰਹੀ। ਇਸਦੇ ਗੀਤਾਂ ਦੇ ਮੁਖੜੇ ਮੂੰਹੋਂ ਬੋਲਦੇ ਹਨ।ਜਿਨ੍ਹਾਂ ਗੀਤਾਂ ਨੂੰ 20 ਸਾਲ ਬਾਅਦ ਵੀ ਨਾ ਭੁਲਾਇਆ ਜਾ ਸਕੇ ਉਹ ਗੀਤ ਕਿਸੇ ਦੇ ਮਨ ਦੇ ਭਾਵਾਂ ਨੂੰ ਸੰਬੋਧਿਤ ਹੋਣ ਤਾਂ ਹੀ ਉਨ੍ਹਾਂ ਗੀਤਾਂ ਦੇ ਮੁਖੜੇ ਮੂੰਹੋਂ ਬੋਲਦੇ ਹੁੰਦੇ ਹਨ। ਮੂੰਹੋਂ ਮੁਖੜੇ ਬੋਲਣ ਵਾਲੇ ਗੀਤਾਂ ਨੂੰ ਲੋਕ ਗੀਤਾਂ ਤੋਂ ਬਿਨ੍ਹਾਂ ਭਲਾ ਅਸੀਂ ਹੋਰ ਕੀ ਆਖ ਸਕਦੇ ਹਾਂ?
ਪੰਜ ਤੱਤਾਂ ਵਾਲੇ ਗੀਤ
ਪੰਚ ਤੱਤ ਮਿਲ ਕਾਇਆ ਕੀਨੀਗੌਡ ਕਬੀਰ ਬਾਣੀ ਵਿੱਚ ਸਾਫ ਪ੍ਰਗਟ ਹੈ ਕਿ ਵਿਅਤਕਤੀ ਦਾ ਸਰੀਰ ਪੰਜਾਂ ਤੱਤਾਂ ਨਾਲ ਮਿਲ ਕੇ ਬਣਿਆ ਹੈ। ਜਿਸ ਵਿੱਚ ਆਪ ਪ੍ਰਭੂ ਵਸਦਾ ਹੈ। ਬਾਣੀ ਗੌਡ ਕਬੀਰ ਅਨੁਸਾਰ ਪੰਜਾਂ ਤੱਤਾਂ ਦੇ ਨਾਮ ਹਨ, ਹਵਾ ਪਾਣੀ ਅੱਗ ਅਕਾਸ਼ ਅਤੇ ਧਰਤੀ। ਬਾਣੀ ਤੋਂ ਪਹਿਲਾਂ ਸੰਸਕ੍ਰਿਤ ਦੇ ਵਿਦਵਾਨਾਂ ਨੇ ਇਨਸਾਨ ਦੇ ਸਰੀਰ ਵਿੱਚ ਤੱਤਾਂ ਦੀ ਕੀ ਮਹੱਤਤਾ ਹੈ? ਉਸਦਾ ਬਿਆਨ ਹੇਠ ਲਿਖੇ ਦੀ ਤਰ੍ਹਾਂ ਕੀਤਾ ਸੀ। ਸੰਸਕ੍ਰਿਤ ਦੇ ਵਿਦਵਾਨਾਂ ਅਨੁਸਾਰ ਜਿਵੇਂ ਇਨਸਾਨ ਕਿਸੇ ਵਸਤੂ ਨੂੰ ਫੜਦਾ ਹੈ, ਇਸ ਵਸਤੂ ਦੇ ਫੜਨ ਫੜਾੳੇੁਣ ਦੀ ਕਿਰਿਆ, ਕਿਸੇ ਪਦਾਰਥ ਨੂੰ ਸੁੱਟਣ ਦੀ ਕਿਰਿਆ, ਕਿਸੇ ਵਸਤੂ ਨੂੰ ਸਮੇਟਣ ਅਤੇ ਫੈਲਾਉਣ ਦੀ ਕਿਰਿਆ, ਚੱਲਣ ਚਲਾਉਣ ਦੀ ਕਿਰਿਆ ਦਾ ਕਾਰਨ ਹਵਾ ਹੈ। ਚੰਨ ਨੇ ਹਵਾ ਨੂੰ ਕਿਵੇਂ ਆਪਣੇ ਗੀਤਾਂ ਵਿੱਚ ਅੰਕਿਤ ਕੀਤਾ ਹੈ? ਆਓ ਨਜ਼ਰ ਮਾਰੀਏ।
ਹਵਾ ਠੰਢੀ ਵਗੇ ਦਿਲਾਂ ਨੂੰ ਸੁਹਣੀ ਲੱਗੇ,
ਓ ਬੇਲੀਆ ਰੁੱਤ ਪਿਆਰਾਂ ਦੀ ਆਈ।
ਜਦ ਕਿਸੇ ਮਰਦ ਜਾਂ ਮੁਟਿਆਰ ਨੂੰ ਪਿਆਰ ਹੋ ਜਾਂਦਾ ਹੈ। ਉਸ ਸਮੇਂ ਜੁਆਨੀ ਦੀ ਸਾਂਵਲੀ ਰੁੱਤ ਹੁੰਦੀ ਹੈ। ਉਹ ਰੁੱਤ ਕਿਸ ਜੋਸ਼ ਨਾਲ ਚੜ੍ਹਦੀ ਹੈ, ਚੰਨ ਦੇ ਗੀਤ ਵਿੱਚ ਵੇਖੋ।
ਨ੍ਹੇਰੀ ਵਾਂਗੂੰ ਚੜ੍ਹ ਗਈ ਜਵਾਨੀ ਕਹਿਰ ਦੀ,
ਗੋਰਾ ਰੰਗ ਪਿੰਡੇ ਤੇ ਨਾ ਮੱਖੀ ਠਹਿਰਦੀ। (ਦਿਨ ਚੜ੍ਹਦੇ ਦੀ ਲਾਲੀ 23)
ਚੜ੍ਹੀ ਹੋਈ ਜਵਾਨੀ ਆਪਣਾ ਰੰਗ ਕਿਵੇਂ ਵਿਖਾਉਦੀ ਹੈ?
ਕਹਿਰਾਂ ਦੀ ਜਵਾਨੀ ਆਈ, ਨ੍ਹੇਰੀ ਵਾਂਗ ਸ਼ੂਕਦੀ।
ਜਿਧਰੋਂ ਦੀ ਲੰਘੇ ਬਸ ਲੰਘੇ ਹਿੱਕ ਫੂਕਦੀ। (ਦਿਨ ਚੜ੍ਹਦੇ ਦੀ ਲਾਲੀ 47)
ਜਦੋਂ ਦੋ ਦਿਲਾਂ ਦਾ ਮੇਲ ਹੋ ਜਾਂਦਾ ਹੈ, ਫਿਰ ਆਦਮੀ ਆਰਥਿਕ ਤਰੁੱਟੀਆਂ ਨੂੰ ਪੂਰਨ ਲਈ ਪ੍ਰਦੇਸ ਚਲੇ ਜਾਂਦਾ ਹੈ ਅਤੇ ਮੁਟਿਆਰ ਵਾਪਸ ਆਉਣ ਲਈ ਸੁਨੇਹੇ ਕਿਵੇਂ ਘਲਦੀ ਹੈ?
ਦੇਂਦੇ ਪੌਣਾਂ ਨੂੰ ਸੁਨੇਹੇ, ਸਾਡੇ ਡੋਰੀਏ ਦੇ ਪੱਲੇ।
ਤੀਆਂ ਗਿੱਧਿਆਂ ਤ੍ਰਿਝਣਾਂ ਚ ਹੋ ਗਈ ਬੱਲੇ ਬੱਲੇ। (ਚਿੱਟਿਆਂ ਦੰਦਾਂ ਦਾ ਹਾਸਾ 46)
ਆਖਿਰ ਵਿੱਚ ਸੱਪਣੀਆ ਵਰਗੀਆਂ ਤੋਰਾਂ ਪੁਸਤਕ ਦੇ ਪੰਨਾ ਨੰ: 59 ਉਪਰ ਲਿਖਦਾ ਹੈ।
ਹੈ ਕੌਣ ਜੋ ਦਿੰਦਾ ਪਿਆ ਖੁੰਦਕ ਨੂੰ ਹਵਾ,
ਨਾ ਨਾ ਬਈ ਭਰਾਓ ਹੁਸੀਨ ਘੜੀ ਹੈ।
ਅਧੁਨਿਕ ਵਿਗਿਆਨ ਨੇ ਸਿੱਧ ਕਰ ਦਿੱਤਾ ਹੈਕਿ ਸਰੀਰ ਨੂੰ ਆਕਸੀਜ਼ਨ ਦੀ ਜਰੂਰਤ ਹੈ। ਹਰ ਜਾਨਦਾਰ ਜੀਣ ਵਾਸਤੇ ਸਾਹ ਰਾਹੀਂ ਹਵਾ ਵਿੱਚ ਰਲੀ ਆਕਸੀਜ਼ਨ ਨੂੰ ਆਪਣੇ ਸਰੀਰ ਵਿੱਚ ਸਮਾਉਦਾ ਹੈ। ਇਸ ਤਰ੍ਹਾਂ ਲਹੂ ਵੀਰਜ, ਮਿੰਜ ਮਲਮੂਤਰ, ਸਰੀਰ ਵਿੱਚ ਪਾਣੀ ਕਾਰਨ ਹੀ ਉਤਪੰਨ ਹੁੰਦੇ ਹਨ। ਚੰਨ ਨੇ ਇਸ ਪਾਣੀ ਵਰਗੇ ਤੱਤ ਨੂੰ ਆਪਣੇ ਢੰਗ ਨਾਲ ਹੀ ਬਿਆਨ ਕੀਤਾ ਹੈ। ਜਦ ਜੁਆਨ ਨੂੰ ਕੋਈ ਮੁਟਿਆਰ ਲਾਰਾ ਲਾਉਦੀ ਹੈ। ਉਹ ਅੱਗਿਓ ਇੱਕ ਪਹਾੜੀ ਗੀਤ ਵਿੱਚ ਆਖਦਾ ਹੈ।
ਸਾਡਾ ਜੰਮੂਏ ਦਾ ਜੀਣਾ, ਨੀਰ ਨਦੀਏ ਦਾ ਪੀਣਾ।
ਜਾਪੇ ਜਿੰਦੜੀ ਨੂੰ ਨਿਰਾ ਜ਼ਹਿਰ ਚੱਖਣਾ।
ਗੇਜੋ ਕਿੰਨਾਂ ਚਿਰ ਲਾਰਿਆਂ ਚ ਰੱਖਣਾ।  
(ਤੇਰੀ ਮੇਰੀ ਇੱਕ ਜਿੰਦੜੀ 114)
ਜਦ ਨੌਜੁਆਨ ਕਿਸੇ ਮੁਟਿਆਰ ਨੂੰ ਆਪਣੇ ਮਨ ਵਿੱਚ ਆਪਣੀ ਬਣਾ ਲੈਂਦਾ ਹੈ। ਉਹ ਮੁਟਿਆਰ ਦੇ ਮਗਰ ਮਗਰ ਫਿਰਦਾ ਹੈ। ਚੰਨ ਨੇ ਆਪਣੇ ਇੱਕ ਗੀਤ ਵਿੱਚ ਵੇਖੋ ਕੀ ਸੀਨ ਖਿੱਚਿਆ ਹੈ?
ਲੈ ਗਾਗਰ ਚੰਨ ਖੂਹ ਤੇ ਜਾਵਾਂ। ਠੰਢੇ ਪਾਣੀ ਨੂੰ ਅੱਗਾਂ ਲਾਵਾਂ।
ਉਹ ਮਗਰ ਮਗਰ ਮੇਰੇ ਆਉਦਾ ਜਿਉਂ ਹੋਵੇ ਪਰਛਾਵਾਂ।
(ਸੱਪਣੀ ਵਰਗੀਆਂ ਤੋਰਾਂ12)
ਅਤੇ
ਪਾਣੀ ਨੂੰ ਜਦ ਜਾਈਏ ਜਾਵੇ ਨਾਲ ਵਾਂਗ ਪ੍ਰਛਾਵੇ ।
(ਸੱਪਣੀ ਵਰਗੀਆਂ ਤੋਰਾਂ )
ਬਹੁਤ ਸੁਹਣੀਆਂ ਮੁਟਿਆਰਾਂ ਦਾ ਮੁੰਡੇ ਪਾਣੀ ਭਰਦੇ ਹਨ ਤਾਂ ਕਿ ਉਹ ਉਨ੍ਹਾਂ ਉਪਰ ਖੁਸ਼ ਹੋ ਕੇ ਕਿਧਰੇ ਆਪਾ ਉਨ੍ਹਾਂ ਨੂੰ ਸੌਪ ਹੀ ਦੇਣ । ਚੰਨ ਜੀ ਸਪਣੀ ਵਰਗੀਆ ਤੋਰਾਂ ਸਫਾ ਉਪਰ ਲਿਖਦੇ ਹਨ :-
ਚੜਦੀ ਜਵਾਨੀ ਤੇਰੀ ਅੱਖ ਮਸਤਾਨੀ,
ਜੱਗ ਭਰੇ ਪਾਣੀ ਤੇਰੇ ਜਿਹੀ ਹੁਸੀਨ ਦੁਾ।
ਨੀਦ, ਭੁੱਖ ਪਿਆਸ, ਪਸੀਨਾ, ਸਰੀਰ ਵਿਚ ਅਗਨੀ ਦੀ ਵਾਧ ਘਾਟ ਨਾਲ ਹੀ ਪੈਦਾ ਹੁੰਦੇ ਹਨ। ਸਿਆਣੇ ਕਹਿੰਦੇ ਹਨ, ਸਰੀਰ ਦੇ ਢਿੱਡ ਵਿਚਾਲੇ ਏਨੀ ਅੱਗ ਹੁੰਦੀ ਹੈ ਜਿਹੜੀ ਲੋਹੇ ਵਰਗੀ ਵਸਤੂ ਨੂੰ ਭਸਮ ਕਰ ਸਕਦੀ ਹੈ। ਇਸ ਸਰੀਰ ਦੀ ਅੱਗ ਨਾਲ ਹੋਰ ਕਈ ਪ੍ਰਕਾਰ ਦੀਆਂ ਅੱਗਾਂ ਦਾ ਸੰਬੰਧ ਹੈ, ਜਿਹੜੀਆਂ ਚੰਨ ਜੰਡਿਆਲੇਵਾਲੇ ਨੇ ਆਪਣੇ ਗੀਤਾਂ ਵਿੱਚ ਬਿਆਨ ਕੀਤੀਆਂ ਹਨ। ਗੀਤਕਾਰ ਦੇ ਕਹਿਣ ਦੇ ਅਨੁਸਾਰ ਪਹਿਲਾਂ ਮੁਟਿਆਰ ਨੇ ਯਾਰੀਆਂ ਲਾਈਆਂ। ਪਿਰ ਤੋੜ ਵਿਛੋੜੇ ਕਰਦੀ ਹੈ। ਇਸ ਨੂੰ ਕਿਹੜੇ ਢੰਗ ਨਾਲ ਚੰਨ ਨੇ ਆਪਣੇ ਗੀਤ ਵਿੱਚ ਅੰਕਿਤ ਕੀਤਾ ਹੈ?
ਪਹਿਲਾਂ ਸੀਨੇ ਲਾਈਆਂ ਅੱਗਾਂ, ਹੁਣ ਮੈਂ ਤੈਨੂੰ ਮਾੜਾ ਲੱਗਾਂ,
ਬਿਲੋ ਸੀਨਾ ਸਾਡਾ ਠਾਰ, ਦੇ ਕੇ ਪਿਆਰ ਦੀ ਪੁੜੀ
ਲੁੱਟ ਲੈਣ ਦੇ ਬਹਾਰ। ਮਸਾਂ ਸਾਨੂੰ ਤੂੰ ਜੁੜੀ।
(ਤੇਰੀ ਮੇਰੀ ਇੱਕ ਜਿੰਦੜੀ 119)
ਮੁਟਿਆਰ ਦੀ ਜੁਆਨੀ ਨੂੰ ਅੱਗ ਵਾਂਗ ਭੱਖਦੀ ਦਸਿਆ ਹੈ।
ਰੂਪ  ਜਵਾਨੀ ਡਲਕਾਂ ਮਾਰੇ। ਚੁੰਨੀ ਹੇਠ ਭੱਖਣ ਅੰਗਿਆਰੇ ’’
(ਦਿਨ ਚੜ੍ਹਦੇ ਦੀ ਲਾਲੀ 68)
ਅਤੇ
ਕੁੜਤੀ ਚ ਅੱਗ ਸਿੰਮੇ ਗੱਲਾਂ ਵਿਚੋਂ ਤਾਅ ਵੇ ।
ਹਿੱਕ ਉਤੇ ਹੱਥ ਰੱਖਾਂ, ਫੁੱਲਦੇ ਨੇ ਸਾਹ ਵੇ ।’’
(ਦਿਨ ਚੜ੍ਹਦੇ ਦੀ ਲਾਲੀ 82)
ਦਿੳਰ ਆਪਣੀ ਭਾਬੀ ਦਾ ਲਾਇਆ ਦੰਦਾਸਾ ਦੇਖਕੇ ਭਾਬੀ ਨੂੰ ਅਰਜ ਕਰਦਾ ਹੈ:-
          ਭਾਬੀ ਬੁੱਲੀਆਂ ਤੋ ਪੂੰਝ ਲੈ ਦੰਦਾਸਾ,
    ਨੀ ਛੜਿਆਂ ਦੇ ਅੱਗ ਲੱਗ ਜਾਊ।’’(ਚਿਟਿਆਂ ਦੰਦਾਂ ਦਾ ਹਾਸਾ 42)
ਅਤੇ ਭਾਬੀ ਅੱਗਿਉ ਕੋਰਾ ਉਤਰ ਦਿੰਦੀ ਹੈ।
ਸਾਨੂੰ ਡਰ ਨਹੀ ਕਿਸੇ ਦਾ ਰਤੀ ਮਾਸਾ,
ਅੱਗ ਲੱਗੇ ਛੜਿਆਂ ਨੂੰ।’’ (ਚਿਟਿਆਂ ਦੰਦਾਂ ਦਾ ਹਾਸਾ )
ਚੌਥਾ ਤੱਤ ਅਕਾਸ਼ ਨੂੰ ਮੰਨਿਆਂ ਗਿਆ ਹੈ, ਜਿਸ ਕਾਰਨ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਲੱਜਾ ਆਦਮੀ ਇਸ ਖਾਲੀ ਆਕਾਸ਼ ਕੋਲੋਂ ਪ੍ਰਾਪਤ ਕਰਦਾ ਹੈ। ਇਸ ਅਕਾਸ਼ ਨੂੰ ਚੰਨ ਨੇ ਆਪਣੇ ਬਹੁਤ ਸਾਰੇ ਗੀਤਾਂ ਵਿਚ ਵਰਨਣ ਕੀਤਾ ਹੈ। ਚੰਨ ਆਪਣੇ ਗੀਤਾਂ ਵਿੱਚ ਲਿਖਦਾ ਹੈ ਕਿ ਭਰ ਜੋਬਨ ਮੁਟਿਆਰ ਦੇ ਭੂਸ਼ਣਾਂ ਦੇ ਰੰਗਾਂ ਵਿਚੋ ਰੰਗ ਲੈ ਕੇ ਨੀਲਾ ਅਸਮਾਨ ਬਣਿਆਂ ਹੈ।ਮੁਟਿਆਰ ਦੇ ਮੁੱਖੜੇ ਦੀ ਝੱਲਕ ਪਹੁਫੁਟਾਲੇ ਵਿਚ ਹੈ।
ਔਹ ਦੇ ਨੀ ਵੇਖ ਅੰਬਰਾਂ ਨੇ, ਤੇਰੇ ਰੂਪ ਦੇ ਚੁਰਾ ਕੇ ਰੰਗ ਸਾਰੇ।
ਰੰਗੀ ਨੀ ਤੇਰੇ ਰੰਗ ਵਰਗੀ, ਦਿਨ ਚੜ੍ਹਦੇ ਦੀ ਲਾਲੀ ਮੁਟਿਆਰੇ।’’
(ਤੇਰੀ ਮੇਰੀ ਇੱਕ ਜਿੰਦੜੀ 80)
ਜਦ ਅੰਬਰਾਂ ਉਪਰ ਕਾਲੀਆਂ ਘਟਾਵਾਂ ਛਾ ਜਾਂਦੀਆਂ ਹਨ, ਤਦ ਆਦਮੀ ਦੇ ਵਿੱਚ ਹੱਵਸ ਦੀ ਉਪਜ ਨਿੱਪਜ, ਸਹਿਜ ਹੀ ਹੋ ਜਾਂਦੀ ਹੈ । ਆਪਣੀ ਹੱਵਸ ਨੂੰ ਪੂਰਣ ਲਈ, ਆਦਮੀ ਫਿਰ ਔਰਤ ਨੂੰ ਆਪਣੇ ਕੋਲ ਬਿਠਾਉ਼ਣ ਲਈ ਤਰਲੇ ਕਰਦਾ ਹੈ।
ਅੰਬਰਾਂ ਤੇ ਵੇਖਕੇ ਘਟਾਵਾਂ ਛਾਈਆਂ ਕਾਲੀਆਂ।
ਨਾਲੇ ਮੇਰਾ ਜੈ਼ਂਪਰ ਖਿੱਚੇ, ਨਾਲੇ ਖਿੱਚੇ ਵਾਲੀਆਂ’’
(ਤੇਰੀ ਮੇਰੀ ਇੱਕ ਜਿੰਦੜੀ 88)
ਅਤੇ:-
ਛਾਈਆਂ ਅੰਬਰਾਂ ਤੇ ਕਾਲੀਆਂ ਘਟਾਵਾਂ।
ਹੋਈਆਂ ਮਸਤੀ, ਚ ਮਸਤ ਹਵਾਵਾਂ।
ਅੱਜ ਤੱਕਾਂ ਮੈ ਤੇਰੀਆਂ ਹੀ ਰਾਹਵਾਂ।
ਇਹ ਮੌਸਮ ਰੰਗੀਨ ਹੈ ਕਿੰਨਾ ਹੁਸੀਨ,
ਜੋ ਦਿੰਦਾ ਹੈ ਪੱਕੀ ਗਵਾਹੀ।’’ (ਤੇਰੀ ਮੇਰੀ ਇੱਕ ਜਿੰਦੜੀ 119)
                ਮੁਟਿਆਰ ਆਪਣੇ ਹੁਸਨ ਉਪਰ ਮਸਤ ਹੋਏ ਮੁੰਡਿਆਂ ਨੂੰ ਤੱਕ ਕੇ ਹੇਠ ਲਿਖੇ ਗੀਤ ਵਿਚ ਕਿੰਨਾ ਗੌਰਵਮਈ ਲੱਗਦੀ ਹੈ।
ਮੈ ਨੱਚਾਂ ਤਾਂ ਅੰਬਰ ਨੱਚੇ, ਘੁੰਮਾਂ ਧਰਤੀ ਘੁੰਮੇਂ।
ਸੱਜੇ ਖੱਬੇ ਮਾਰੇ ਕੇ ਛਾਲਾਂ,ਗੁੱਤ ਗਿਟਿਆਂ ਨੂੰ ਚੁੰਮੇਂ।
ਜਦ ਪਿਆਰ ਹੋ ਜਾਂਦਾ ਹੈ ਤਾਂ ਆਪਣੀ ਗੁੱਡੀ ਅਰਸ਼ਾਂ ਉਪਰ ਚੜ੍ਹੀ ਵੇਖਦੇ ਹਨ ਕਿਤੇ ਡੋਰ ਅੱਧਵਾਟਿੳਂੁ ਹੀ ਨਾ ਟੁੱਟ ਜਾਵੇ।
ਪਿਆਰ ਵਾਲੀ ਗੁੱਡੀ ਅੱਧ ਅੰਬਰੀ ਉਡਾ ਕੇ।
ਹਾੜਾਂ ਸੁੱਟ ਦੇਵੀਂ ਨਾ ਤੂੰ ਭੁੱਜੇ ਪਟਕਾ ਕੇ।”(ਚਿਟਿਆਂ ਦੰਦਾਂ ਦਾ ਹਾਸਾ 64)
ਅਤੇ ਅੰਬਰਾਂ ਉਪਰ ਘਟਾਵਾਂ ਵੇਖਕੇ ਇਕੱਲੇ ਦਾ ਜਦ ਜੀਅ ਨਹੀਂ ਲੱਗਦਾ ਤਾਂ ਆਖਦਾ ਹੈ:-
ਜਦੋਂ ਅੰਬਰਾਂ ਤੇ ਆਉਂਦੀਆਂ ਘਟਾਵਾਂ,
ਕਿੰਝ ਅੱਥਰੀ ਜਵਾਨੀ ਪ੍ਰਚਾਵਾਂ ਨੀ।(ਸੱਪਣੀ ਵਰਗੀਆਂ ਤੋਰਾਂ 42)
ਪੰਜਵਾਂ ਤੱਤ ਜਿਹੜਾ ਧਰਤੀ ਨੂੰ ਮੰਨਿਆਂ ਗਿਆ ਹੈ। ਜਿਸ ਕਾਰਨ ਹੱਡ ਮਾਸ ਨੱਖ, (ਚਮੜੀ) ਰੋਮ ਆਦਿ ਆਦਮੀ ਦੇ ਸਰੀਰ ਵਿਚ ਧਰਤੀ ਵਿਚੋਂ ਉਪਜੀ ਪੈਦਾਵਾਰ ਖਾਣ ਨਾਲ ਹੀ ਬਣਦੇ ਹਨ ਅਤੇ ਮਰਨ ਮਗਰੋਂ ਇਹ ਚੀਜਾਂ ਧਰਤੀ ਵਿਚ ਹੀ ਸਮੋ ਜਾਂਦੀਆਂ ਹਨ। ਚੰਨ ਦੇ ਗੀਤਾਂ ਨੇ ਧਰਤੀ ਨੂੰ ਇਕ ਮੁਟਿਆਰ ਦੀ ਤਾਕਤ ਤੋਂ ਪ੍ਰਭਾਵਿਤ ਹੋਇਆ ਦੱਸਿਆ ਹੈ। ਮੁਟਿਆਰ ਇਨੇ ਜ਼ੋਰ ਨਾਲ ਨੱਚਣ ਲੱਗਦੀ ਹੈ ਕਿ ਧਰਤੀ ਤੇ ਅਸਮਾਨ ਨਾਲ ਹੀ ਨੱਚਣ ਲੱਗ ਪੈਂਦੇ ਹਨ।
ਮੈਂ ਕੁੜੀ ਜਲੰਧਰ ਸ਼ਹਿਰ ਦੀ, ਮੈਨੂੰ ਜਾਣੇ ਕੁਲ ਜਹਾਨ ਵੇ।
ਮੈਂ ਨੱਚਾਂ ਤਾਂ ਨਾਲ ਨਚਾਵਾਂ ਧਰਤੀ ਤੇ ਆਸਮਾਨ ਵੇ।”(ਦਿਨ ਚੜ੍ਹਦੇ ਦੀ ਲਾਲੀ 21)
ਅਤੇ ਅੱਲ੍ਹੜਾਂ ਨੂੰ ਉਹ ਜਗ੍ਹਾ ਸੁਹਣੀ ਲੱਗਦੀ ਹੈ ਜਿਥੋਂ ਦੀ ਭਰ ਜੋਬਣ ਮੁਟਿਆਰਾਂ ਲੰਘਦੀਆਂ ਹਨ। ਉਹ ਮੁਟਿਆਰਾਂ ਦੀਆਂ ਤੋਰਾਂ ਬਾਰੇ ਕਈ ਗੱਲਾਂ ਦੀ ਕਲਪਨਾ ਕਰਦੇ ਹਨ।)
ਜਿਥੋਂ ਲੰਘ ਜਾਂਦੇ ਯਾਰ,ਆਵੇ ਧਰਤੀ ਨੂੰ ਲੋਰ।
 ਵੇਖ ਸੁਹਣੀਆਂ ਸਲੇਟੀਆਂ ਕਈ ਭੁੱਲ ਗਈਆਂ ਤੋਰ।”(ਚਿੱਟਿਆਂ ਦੰਦਾਂ ਦਾ ਹਾਸਾ 16)
ਦੁਨੀਆਂ ਵਿਚ ਪੈ ਰਹੀ ਆਪੋ ਧਾਪ ਨੂੰ ਚੰਨ ਜੰਡਿਆਲਵੀ ਇੱਕ ਖਲਜਗਣ ਸਮਝਦਾ ਹੈ। ਦਿਨ ਚੜ੍ਹਦੇ ਦੀ ਲਾਲੀ ਨਾਮੀ ਪੁਸਤਕ ਦੇ ਪੰਨਾ ਨੰ 55 ਉਪਰ ਲਿਖਦਾ ਹੈ।
                     ਕਾਹਨੂੰ ਕਰਦਾ ਮੇਰੀ ਮੇਰੀ,
                     ਬਹੁਤੀਆਂ ਜਗੀਰਾਂ ਵਾਲਿਆ
                     ਮਸਾਂ ਤਿੰਨ ਹੱਥ ਧਰਤੀ ਤੇਰੀ।
ਇਨਸਾਨ ਵਾਸਤੇ ਇਹ ਚਣੌਤੀ ਭਰੀਆਂ ਸੱਤਰਾਂ ਹਨ। ਇਨਸਾਨ ਸੌ ਹੇਰਾ ਫੇਰੀਆਂ ਕਰਕੇ ਧੰਨ ਇੱਕਤਰ ਕਰਦਾ ਹੈ। ਜਾਇਦਾਦ ਬਣਾਉਦਾ ਹੈ ਪਰ ੳੇਸਦੇ ਮਰਨ ਮਗਰੋਂ ਇਹ ਸਭ ਕੁੱਝ ਏਥੇ ਹੀ ਰਹਿ ਜਾਂਦਾ ਹੈ। ਸਿਰਫ ਬੰਦੇ ਦੇ ਕੱਦ ਜੇਡੀ ਹੀ ਜਮੀਨ ਉਸਦੇ ਕੰਮ ਆਉਦੀ ਹੈ। ਚੰਨ ਨੇ ਪੰਜਾਂ ਤੱਤਾਂ ਦੇ ਅਨੁਸਾਰ ਹਵਾ, ਮਹੁੱਬਤ ਲਈ ਕੀ ਆਹਰ ਕਰਦੀ ਹੈ? ਪਿਆਰ ਵਿਚ ਸ਼ਾਂਤੀ ਦੇ ਨਾਲ-ਨਾਲ ਕਿੰਨੀ ਅੱਗ ਹੁੰਦੀ ਹੈ? ਪਿਆਰ ਕਰਨ ਵਾਲਿਆਂ ਲਈ ਆਕਾਸ਼ ਕਿਵੇਂ ਸਹਾਈ ਹੁੰਦਾ ਹੈ?ਪਿਆਰ ਅਤੇ ਧਰਤੀ ਵਿਚ ਕੀ ਸੰਬੰਧ ਹਨ? ਇਹ ਸਭ ਕੁਝ ਉਸਨੇ ਆਪਣੇ ਗੀਤਾਂ ਵਿਚ ਦਰਸਾਇਆ ਹੈ। ਚੰਨ ਦੇ ਗੀਤਾਂ ਵਿਚ ਗੁੰਦੀਆਂ ਹੋਈਆਂ ਇਹ ਤੱਤ ਸੱਚਾਈਆਂ ਸਰਬ ਵਿਆਪਕ ਹਨ ਨਾ ਕਿ ਇਨ੍ਹਾਂ ਦਾ ਇਕੱਲੀ ਪੰਜਾਬ ਦੀ ਧਰਤੀ ਨਾਲ ਸੰਬੰਧ ਹੈ।
ਗੀਤਾਂ ਵਿਚ ਦੇਸ਼ ਪਿਆਰ
         ਕਹਿੰਦੇ ਹਨ ਕਿ ਵਿਛੜ ਕੇ ਸਿ਼ੱਦਤ ਆ ਜਾਂਦੀ ਹੈ। ਚੰਨ ਕਿਉਂਕਿ ਆਪ ਪ੍ਰਵਾਸ ਭੋਗ ਰਿਹਾ ਹੈ। ਇਸ ਕਰਕੇ ਉਸ ਦੇ ਗੀਤਾਂ ਵਿਚ ਦੇਸ਼ ਪਿਆਰ ਦੀ ਝੱਲਕ ਦਾ ਪਾਰਾਵਾਰ ਨਹੀ ਹੈ।ਉਸਦਾ ਦੇਸ਼ ਪਿਆਰ ਇੱਕ ਰਾਸ਼ਟਰਵਾਦ ਹੈ। ਜਦੋਂ ਉਹ ਆਪਣੇ ਦੇਸ਼ ਵਿਚ ਵੱਸਦਾ ਸੀ। ਉਸ ਸਮੇਂ ਦੀ ਹਾਕਮ ਪਾਰਟੀ ਦੇ ਕਾਫੀ ਗੁਣ ਗਾਏ ਹਨ। ਦੇਸ਼ ਦੀਆਂ ਆਰਥੀ ਔਕੜਾਂ ਬਾਰੇ ਬਹੁਤ ਚਿੰਤਕ ਅਤੇ ਸਲਝਾਉਂਣ ਲਈ ਉਪਰਾਲੇ ਕਰਦਾ ਹੈ। ਜਮਹੂਰੀਅਤ ਦੇ ਹੱਕ ਵਿੱਚ ਹੈ। ਨੇਤਾਵਾਂ ਦੇ ਭ੍ਰਿਸ਼ਟਾਚਾਰ ਨੂੰ ਨਿੰਦਦਾ ਹੈ। ਖਾਣ ਪੀਣ ਵਾਲੀਆਂ ਵਸਤੂਆਂ ਵਿਚ ਮਿਲਾਵਟ ਕਰਨ ਵਾਲੇ ਲੋਕਾਂ ਨੂੰ ਭੰਡਦਾ ਹੈ। ਮਜਦੂਰ ਅਤੇ ਮਾਲਕ ਦੇ ਰਿਸ਼ਤੇ ਨੂੰ ਇੱਕ ਹੋਇਆ ਦੇਖਣਾ ਚਾਹੁੰਦਾ ਹੈ। ਮਜਦੂਰ ਦੀ ਮਿਹਨਤ ਦੀ ਲੁੱਟ ਖਸੁੱਟ ਬਾਰੇ ਪ੍ਰੇਸ਼ਾਨ ਦਿੱਖਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਸਫਾਈਆਂ ਕਰਨ ਵਾਲੇ ਇੰਤਜਾਮਾਂ ਬਾਰੇ ਕਈ ਕਮਜੋਰੀਆਂ ਵੱਲ ਇਸ਼ਾਰੇ ਕਰਦਾ ਹੈ। ਲੋਕਾਂ ਨੂੰ ਉਨ੍ਹਾਂ ਦੀ ਵੋਟ ਦੀ ਕੀੰਮਤ ਦੱਸਕੇ ਉਸਦਾ ਸਹੀ ਪ੍ਰਯੋਗ ਕਰਨ ਕਰਾਉਣ ਲਈ ਕਰਮਸ਼ੀਲ ਹੈ। ਲੋਕਾਂ ਵਿਚ ਆਪਸ ਵਿਚ ਪ੍ਰੇਮ ਪਿਆਰ ਦੀ ਭਾਵਨਾ ਹੋਈ ਵੇਖਣਾ ਚਾਹੁੰਦਾ ਹੈ। ਉਹ ਵਖੋ ਵੱਖਰੇ ਪੰਥ ਚਲਾ ਰਹੇ ਲੋਕਾਂ ਨੂੰ ਇੱਕ ਮੁੱਠ ਹੋਣ ਲਈ ਵੰਗਾਰਦਾ ਹੈ। ਉਸਦੇ ਇੱਕ ਗੀਤ ਦੀ ਪੁਸਿ਼ਠਕਾ ਹੇਠ ਪੜ੍ਹੋ।
ਫ਼ਰਜ ਅਸਾਂ ਸਭਨਾਂ ਦਾ ਬਣਦਾ, ਕਰੀਏ ਕੰਮ ਭਲਾਈ ਦਾ।
ਦੇਸ਼ ਵਾਸੀਉ ਦੇਸ਼ ਪੁਕਾਰੇ ਇੱਕ ਮੁੱਠ ਹੋਣਾ ਚਾਹੀਦਾ।” (ਤੇਰੀ ਮੇਰੀ ਇਕ ਜਿੰਦੜੀ 20)
ਉਸਦੇ ਗੀਤ ਬਜਰੁਗਾਂ ਵਾਸਤੇ, ਨੌਜਵਾਨਾਂ ਵਾਸਤੇ, ਅਤੇ ਬੱਚਿਆਂ ਲਈ ਵੀ ਸਿਰਜੇ ਗਏ ਮਿਲਦੇ ਹਨ। ਜਿਨ੍ਹਾਂ ਵਿਚੋਂ ਪਿਆਰ ਉਮੱਡ ਰਿਹਾ ਹੈ। ਉਹ ਬੱਚਿਆਂ ਦੇ ਦਿਲਾਂ ਅੰਦਰ ਸਵੈ ਭਰੋਸਾ ਜਗਾਉਂਣ ਲਈ ਲਿਖਦਾ ਹੈ।
ਬੱਚਾ ਹਾਂ ਮੈਂ ਅੱਜ ਦਾ, ਤੇ ਕੱਲ ਦਾ ਨੇਤਾ ਹਾਂ।
ਚੰਨ ਜੰਡਿਆਲਵੀ ਦੇਸ਼ ਦੇ ਮਜਦੂਰਾਂ ਅਤੇ ਕਿਰਸਾਨਾਂ ਨੂੰ ਹੋਕਾ ਦੇ ਕੇ ਉਨ੍ਹਾ ਦੇ ਹੱਕਾਂ ਨੂੰ ਦੱਸਦਾ ਹੈ। ਉਨ੍ਹਾਂ ਨੂੰ ਆਪਣੇ ਤੋਂ ਬੇਪ੍ਰਵਾਹ ਹੋ ਕੇ ਸੁੱਤੇ ਨਹੀਂ ਰਹਿਣ ਦੇਣਾ ਚਾਹੁੰਦਾ। ਇਸੇ ਕਰਕੇ ਉਹ ਪਹਿਰਾ ਦੇ ਕੇ ਉਨ੍ਹਾਂ ਨੂੰ ਜਗਾਉਦਾ ਹੈ।
ਐ ਮੇਰੇ ਮਜਦੂਰ ਵੀਰਾ, ਮੇਰੇ ਕਿਰਤੀ ਕਿਰਸਾਨਾ।
ਜਾਗ ਸ਼ੇਰਾ ਜਾਗ ਜੱਟਾ, ਜਾਗਿਆ ਸਾਰਾ ਜ਼ਮਾਨਾ।” (ਸੱਪਣੀਆ ਵਰਗੀਆਂ ਤੋਰਾਂ 65)
ਜਦੋਂ ਦੇਸ਼ ਤੇ ਭਾਰੀ ਆਉਂਦੀ ਹੈ। ਦੁਸ਼ਮਣ ਵੰਗਾਰਦਾ ਹੈ। ਦੇਸ਼ ਨੂੰ ਆਪਣੀ ਧਰਤੀ ਦੀ ਰੱਖਿਆ ਲਈ ਜੰਗ ਕਰਨੀ ਪੈਂਦੀ ਹੈ ਤਦ ਉਹ ਭਾਰਤ ਵਰਸ਼ ਵਿੱਚ ਵੱਸ ਰਹੇ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਧਰਮਾਂ ਨੂੰ ਇੱਕ ਮੁੱਠ ਹੋ ਕੇ ਜੂਝਣ ਲਈ ਵੰਗਾਰਦਾ ਹੈ।
 ‘‘ਹਿੰਦੂ ਮੁਸਲਿਮ ਸਿੱਖ ਈਸਾਈ, ਸਾਰਾ ਹਿੰਦੋਸਤਾਨ।
ਸੀਸ ਤਲੀ ਤੇ ਧਰ ਕੇ ਨਿਕਲੋ ਆਵੋ ਵਿਚ ਮੈਦਾਨ।’’ (ਤੇਰੀ ਮੇਰੀ ਇੱਕ ਜਿੰਦੜੀ 76)
ਏਥੇ ਹੀ ਵੱਸ ਨਹੀਂ, ਚੰਨ ਦੁਨੀਆਂ ਦੇ ਹਰ ਬੱਚੇ ਬੁੱਢੇ ਮਰਦ ਅਤੇ ਔਰਤਾਂ ਨੂੰ ਵੰਗਾਰ ਕਰਦਾ ਹੈ।
‘‘ਉਹ ਦੁਨੀਆਂ ਦੇ ਲੋਕੋ ਸੁਣ ਲਉ ਭਾਰਤ ਕਹੇ ਵੰਗਾਰ।
ਦੋਸਤ ਲਈ ਹੈ ਜਾਨ ਵੀ ਹਾਜਰ, ਦੁਸ਼ਮਣ ਲਈ ਤਲਵਾਰ।’’
(ਤੇਰੀ ਮੇਰੀ ਇੱਕ ਜਿੰਦੜੀ 68)
ਜਦੋਂ ਦੇਸ਼ ਜੰਗ ਦੀ ਲਪੇਟ ਵਿਚ ਆ ਜਾਂਦਾ ਹੈ ।
ਚੰਨ ਲੋਕਾਂ ਨੂੰ ਆਪਣੇ ਗੀਤਾਂ ਵਿਚ ਲਿਖ ਕੇ ਸਮਝਾਉਂਦਾ ਹੈ, ਕਿ ਮਾਵਾਂ ਦੇ ਪੁੱਤਾਂ ਨੇ ਜੰਗ ਵਿਚ ਸ਼ਹੀਦੀਆਂ ਪਾ ਕੇ ਆਪਣਾ ਯੋਗਦਾਨ ਪਾਇਆ ਹੈ। ਹੁਣ ਤੁਹਾਡੀ ਵੀ ਵਾਰੀ ਹੈ ।
‘‘ਮਾਵਾਂ ਦਿਆਂ ਸ਼ੇਰਾ ਪੁੱਤਾਂ ਕੀਤਾ ਸੰਗ੍ਰਾਮ, ਤੁਸੀਂ ਵੀ ਕਰੋ।
ਦੇਸ਼ ਦੇ ਸ਼ਹੀਦਾਂ ਨੂੰ ਹੈ ਮੇਰਾ ਪ੍ਰਣਾਮ, ਤੁਸੀਂ ਵੀ ਕਰੋ।’’
(ਸੱਪਣੀ ਵਰਗੀਆਂ ਤੋਰਾਂ 75)
ਇਸ ਲੱਗੀ ਹੋਈ ਜੰਗ ਨੂੰ ਠੱਲ੍ਹ ਪਾਉਂਣ ਲਈ ਭੈਣਾਂ ਆਪਣੇ ਵੀਰਾਂ ਨੂੰ ਕਹਿੰਦੀਆਂ ਹਨ।
‘‘ਜੇ ਤੂੰ ਦੇਸ਼ ਤੋਂ ਜਿੰਦੜੀ ਘੁਮਾਵੇਂ,
ਵੇ ਵੀਰਾ ਤੇਰਾ ਸ਼ਗਨ ਕਰਾਂ।’’ (ਚੰਨ ਦਾ ਭੰਗੜਾ 18)
ਅਤੇ ਸਰਹੱਦ ਉਪਰ ਲੜ ਰਹੇ ਸਿਪਾਹੀ ਦੀ ਨਾਰ ਆਪਣੇ ਢੋਲੇ ਨੂੰ ਅਰਜ਼ ਗੁਜਾਰਦੀ ਹੈ:-
‘‘ਸੁਣ ਸਰਹੱਦ ਤੇ ਗਏ ਸਿਪਾਹੀਆ।
ਮੇਰਿਆ ਢੋਲਾ ਬਾਂਕਿਆ ਮਾਹੀਆ।
ਇਹ ਕੀ ਜਾਣੇਗਾ,
ਫੜ ਫੜ ਵੈਰੀ ਸੰਘੋਂ ਘੁੱਟੀਂ?
ਹੁਣ ਤਾਂ ਦੱਬ ਦੱਬ ਕੇ,
ਗਿੱਦੜ ਕੁੱਟ ਇਨ੍ਹਾਂ ਨੂੰ ਕੁੱਟੀਂ।’’ (ਤੇਰੀ ਮੇਰੀ ਇੱਕ ਜਿੰਦੜੀ 112)
ਜੰਗ ਵਿਚ ਲੜ ਰਹੇ ਜਵਾਨਾਂ ਦੀ ਬਹਾਦਰੀ ਦਰਸਾਉਂਦਾ ਵੇਖੋ ਚੰਨ ਲੜਾਈ ਦਾ ਕਿੰਨਾ ਸੁਹਣਾ ਸੀਨ ਖਿੱਚਦਾ ਹੈ।
ਮੇਰੇ ਹਿੰਦ ਦਾ ਜਵਾਨ।
ਵਿੱਚ ਜੰਗ ਦੇ ਮੈਦਾਨ।
ਪਿਆ ਗੋਲੀਆਂ ਚਲਾਵੇ ਠਾਹ ਠਾਹ।’’ (ਤੇਰੀ ਮੇਰੀ ਇੱਕ ਜਿੰਦੜੀ 104)
ਲੋਕਾਂ ਨੂੰ ਵੰਗਾਰ ਕੇ ਲਿਖਦਾ ਹੈ:-
ਦੇਸ਼ ਕੌਮ ਤੋਂ ਲੋੜ ਸਮੇਂ ਜਿੰਦ ਕਰਦਾ ਜੋ ਕੁਰਬਾਨ ਨਹੀਂ।
ਹੈਵਾਨ ਸ਼ੈਤਾਨ ਤਾਂ ਹੋ ਸਕਦਾ, ਹੋ ਸਕਦਾ ਚੰਨ ਇਨਸਾਨ ਨਹੀਂ।
(ਨਾਨਕੀ ਨਸੀਬਾਂ ਵਾਲੜੀ 73)
       ਚੰਨ ਜੰਡਿਆਲਵੀ ਨੇ ਦੇਸ਼ ਦੀ ਰੱਖਿਆ, ਦੇਸ਼ ਦਾ ਆਰਥਿਕ ਢਾਂਚਾ, ਦੇਸ਼ ਦੀ ਰਾਜਨੀਤਿਕ ਹਾਲਤ, ਦੇਸ਼ ਵਿਚ ਸਮਾਜਕ ਉਲਝਣਾਂ ਦੇ ਹੱਲ ਅਤੇ ਦੇਸ਼ ਦੇ ਧਰਮਾਂ ਨੰ ਦੇਸ਼ ਹਿੱਤ ਆਪਣਾ ਪਿਆਰ ਜਤਾਉਂਣ ਲਈ, ਜਾਗਰੂਕ ਆਪਣੇ ਗੀਤਾਂ ਰਾਹੀਂ ਕੀਤਾ ਹੈ। ਲੋਕ ਗੀਤਾਂ ਦੇ ਰਚਣਹਾਰੇ ਲਈ, ਇਹ ਪੱਖ ਉਘਾੜਨਾ ਬਹੁਤ ਜਰੂਰੀ ਹੁੰਦਾ ਹੈ। ਚੰਨ ਜੰਡਿਆਲਵੀ ਨੇ ਆਪਣੀ ਬੁੱਧੀ ਅਤੇ ਕਲਮ ਵਰਤ ਕੇ ਇਹ ਮੋਰਚਾ ਫ਼ਤਿਹ ਕਰ ਲਿਆ ਹੈ।
ਧਾਰਮਿਕ ਚੇਤੰਨਤਾ
ਚੰਨ ਸਿੱਖ ਘਰਾਣੇ ਵਿਚ ਪੈਦਾ ਹੋਇਆ ਹੈ ਭਾਂਵੇਂ ਉਹ ਸੰਪੂਰਣ ਗੁਰਸਿੱਖ ਨਹੀਂ ਹੈ ਪਰ ਫਿਰ ਵੀ ਉਸਦੀ ਸਿੱਖ ਧਰਮ ਵਿਚ ਬਹੁਤ ਸ਼ਰਧਾ ਹੈ, ਗੁਰਬਾਣੀ ਵਿਚ ਵਿਸ਼ਵਾਸ਼ ਹੈ। ਸਿੱਖ ਧਰਮ ਹੀ ਉਸਦਾ ਇਸ਼ਟ ਹੈ, ਈਮਾਨ ਹੈ । ਚੰਨ ਦੀ ਇਹ ਸਖਸ਼ੀਅਤ ਉਸਦੇ ਗੀਤਾਂ ਵਿਚ ਦਰਜ ਉਸਦੇ ਵਿਚਾਰਾਂ ਤੋਂ ਪ੍ਰਾਪਤ ਹੁੰਦੀ ਹੈ। ਭਾਵੇਂ ਚੰਨ ਦਾ ਵਿਸ਼ਵਾਸ ਸਿੱਖੀ ਵਿਚ ਹੈ, ਪਰ ਫਿਰ ਵੀ ਉਹ ਗੁਰਬਾਣੀ ਦੀ ਸਿਖਿਆ ਅਨੁਸਾਰ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਹੈ।
‘‘ਮਨ ਰੇ ਲੈ ੳਟ ਸਦਾ ਪ੍ਰਭ ਏਕ ਦੀ।
ਰਾਮ ਰਹੀਮ ਵਾਹਿਗੁਰੂ ਅੱਲਾ
ਧੁੰਨ ਹੈ ੳਸੇ ਟੇਕ ਦੀ ।’’(ਨਾਨਕੀ ਨਸੀਬਾਂ ਵਾਲੜੀ 11)
ਚੰਨ ਦੇ ਗੀਤ ਸਿੱਖੀ ਸਿਧਾਂਤ, ਸਿੱਖ ਮਰਿਯਾਦਾ ਅਤੇ ਸਿੱਖੀ ਰਹਿਤਾਂ ਤੋਂ ਬਿਨਾਂ, ਬਹੁਤੇ ਗੀਤ ਉਸਦੇ ਗੁਰੂ ਨਾਨਕ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸ਼ੰਘਰਸ ਨਾਲ ਸੰਬੰਧਿਤ ਹਨ। ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਫਲਸਫੇ ਬਾਰੇ ਵੀ ਗੀਤਾਂ ਦੀ ਰਚਨਾ ਕੀਤੀ ਹੈ।
ਚੰਨ ਦੇ ਗੀਤ ਸਿੱਖੀ ਸਿਧਾਂਤ, ਸਿੱਖ ਮਰਿਯਾਦਾ ਅਤੇ ਸਿੱਖੀ ਰਹਿਤਾਂ ਤੋਂ ਬਿਨਾਂ, ਬਹੁਤੇ ਗੀਤ ਉਸਦੇ ਗੁਰੂ ਨਾਨਕ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸ਼ੰਘਰਸ ਨਾਲ ਸੰਬੰਧਿਤ ਹਨ। ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਫਲਸਫੇ ਬਾਰੇ ਵੀ ਗੀਤਾਂ ਦੀ ਰਚਨਾ ਕੀਤੀ ਹੈ।
‘‘ਸਿਰਤਾਜ ਸ਼ਹੀਦਾਂ ਦੇ ਪੁਤਲੇ ਕੁਰਬਾਨੀ ਦੇ।
ਤੱਤੀ ਲੋਹ ਤੇ ਬੈਠ ਗਏ ਪੁੱਤਰ ਮਾਂ ਭਾਨੀ ਦੇ ।’’ (ਨਾਨਕੀ ਨਸੀਬਾਂ ਵਾਲੜੀ 16)
ਸਿੱਖੀ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਮ੍ਰਿੰਤਸਰ ਬਾਰੇ ਚੰਨ ਜੀ ਦੀ ਸ਼ਰਧਾ ਪੜਨਯੋਗ ਹੈ:-
‘‘ਹਰਿਮੰਦਰ ਦੇ ਹਰ ਕੋਨੇ ਵਿਚ ਵਾਸ ਕਰੇ ਮੇਰਾ ਹਰਿ ਜੀ।
ਹਿਰਦੇ ਠਾਰੇ ਉਨ੍ਹਾਂ ਜਿਨਾਂ ਲਏ ਦਰਸ਼ਣ ਕਰ ਜੀ।
ਸਾਰੇ ਬੋਲੋ ਧੰਨ ਧੰਨ ਸ੍ਰੀ ਅਮ੍ਰਿਤਸਰ ਜੀ ।  (ਨਾਨਕੀ ਨਸੀਬਾ ਵਾਲੜੀ 13)
ਇਸ ਦੁਨੀਆਂ ਦੇ ਪਾਖੰਡਾਂ ਵੱਲ ਦੇਖਕੇ ਚੰਨ ਲਿਖਦਾ ਹੈ:
ਨਾ ਕੋਈ ਸੰਗੀ ਸਾਥੀ ਧੁਰ ਦਾ , ਨਾ ਕੋਈ ਮਹਿਰਮ ਦਿਲ ਦਾ।
ਚੱਲਦੀਆਂ ਦੇ ਸਭ ਸੰਗੀ ਸਾਥੀ , ਜਦ ਤੱਕ ਹੱਥ ਚੰਨ ਹਿੱਲਦਾ ।
(ਸੱਪਣੀ ਵਰਗੀਆਂ ਤੋਰਾਂ 57)
ਜਾਤਾਂ ਪਾਤਾਂ ਦੇ ਵਿਤਕਰੇ ਨੂੰ ਦੂਰ ਕਰਨ ਲਈ  ਚੰਨ ਭਗਤ ਰਵਿਦਾਸ ਜੀ ਨੂੰ ਸਤਿਗੁਰ ਰਵਿਦਾਸ ਜੀ ਦਾ ਦਰਜਾ ਦਿੰਦੇ ਹਨ।
‘‘ ਜੇ ਸਤਿਗੁਰ ਰਵਿਦਾਸ ਨਾ ਹੁੰਦੇ।
ਜ਼ੁਲਮ ਵਿਤਕਰੇ ਨਾਸ ਨਾ ਹੁੰਦੇ।’’
ਚੰਨ ਦੇ ਧਾਰਮਿਕ ਗੀਤਾਂ ਦੇ ਪਾਠ ਕਰਨ ਉਪਰੰਤ ਪਾਠਕ ਦੇ ਮਨ ਵਿਚ ਹਰ ਧਰਮ ਲਈ ਸਤਿਕਾਰ ਦੇ ਨਾਲ ਨਾਲ ਸੱਚ ਅਤੇ ਪ੍ਰੇਮ ਪਿਆਰ ਦੀ ਭਾਵਨਾ ਜਾਗਦੀ ਹੈ। ਇੰਝ ਲੱਗਦਾ ਹੈ, ਸਭ ਧਰਮਾਂ ਨੂੰ ਘੋਖਣ ਪਰਖਣ ਅਤੇ ਸਮਝਣ ਵਾਲਾ ਚੰਨ ਦੁਨੀਆਂ ਵਿਚ ਰੱਬ ਦੀ ਹੋਂਦ ਤੋਂ ਆਪ ਮੁੱਨਕਰ ਹੋ ਗਿਆ ਹੈ। ਹੇਠ ਲਿਖਿਆ ਉਸਦਾ ਕੋਲੋਫੋ਼ਨ ਵਿਚਾਰ ਅਧੀਨ ਹੈ। ‘‘ ਕਿੱਦਾਂ ਕਰਾਂ ਭਰੋਸਾ ਜਿਥੇ ਕੂੜ ਫਿਰੇ ਪ੍ਰਧਾਨ।
ਸਾਂਭੋ ਆਪਣੀ ਦੁਨੀਆਂ ਏਥੇ ,
ਪੱਲਦੇ ਨਹੀਂ ਅਰਮਾਨ।
ਏਥੇ ਪੱਥਰ ਹੈ ਭਗਵਾਨ।’’
ਤਿਉਹਾਰ ਅਤੇ ਮੇਲੇ
ਪੰਜਾਬ ਵਿਚ ਪ੍ਰਚੱਲਤ ਤਿਉਹਾਰ ਜਿਵੇਂ ਲੋਹੜੀ, ਨਿਰਜਲਾ ਇਕਾਦਸ਼ੀ, ਗੁੱਗਾ ਨੌਮੀ ,ਰਾਮ ਨੌਮੀ, ਸ਼ਰਾਧ, ਬਰਤ,ਦਿਵਾਲੀ,ਰੱਖੜੀ ਅਤੇ ਤੀਆਂ ਦੇ ਤਿਉਹਾਰ ਬਾਰੇ ਚੰਨ ਨੇ ਬੜੀ ਤਫ਼ਸੀਲ ਨਾਲ ਲਿਖਿਆ ਹੈ। ਲੋਹੜੀ ਮਨਾਉਂਣ ਦਾ ਮੰਤਵ, ਰੱਖੜੀ ਬੰਨਣ ਦਾ ਕਾਰਜ, ਰਾਮ ਨੌਮੀ ਮਨਾਉਂਣ ਦੀ ਗੀਤ, ਗੂਗਾ ਪੂਜਣ ਦੀ ਸ਼ਰਧਾ, ਬ੍ਰਤ ਰੱਖਣ ਦੇ ਭਾਵ, ਦਿਵਾਲੀ ਮਨਾਉਂਣ ਦੇ ਜਸ਼ਨ ਅਤੇ ਤੀਆਂ ਵਿਚ ਮੁਟਿਆਰਾ ਦੇ ਮਨੋਭਾਵਾਂ ਨੂੰ ਖੂਬ ਚਿਤਰਿਆ ਹੈ । ਤੀਆਂ ਦੇ ਤਿਉਹਾਰ ਸਮੇਂ ਮੁਟਿਆਰਾਂ ਸਹੁਰਿਆਂ ਤੋਂ  ਪਰਤ ਕੇ ਸਾਉਂਣ ਦੇ ਮਹੀਨੇ ਆਪਣੇ ਪੇਕੇ ਘਰ ਆਉਂਦੀਆਂ ਹਨ ।ਸਹੇਲੀਆਂ ਨਾਲ ਰਲ ਮਿਲ ਕੇ ਪੀਂਘਾਂ ਝੂਟਦੀਆਂ ਅਤੇ ਆਪੋ ਆਪਣੇ ਢੋਲ ਮਾਹੀ ਦੀਆਂ ਖੂਬੀਆਂ ਅਤੇ ਬਦਖੋਹੀਆਂ ਆਪਣੀਆਂ ਸਹੇਲੀਆਂ ਨਾਲ ਦਿਲ ਖੋਹਲ  ਕੇ ਕਰਦੀਆਂ ਹਨ ।ਪੇਕੇ ਘਰ ਆਈ ਇੱਕ ਮੁਟਿਆਰ ਆਪਣੀ ਭਾਬੀ ਨੂੰ ਕਹਿੰਦੀ ਹੋਈ ਵੇਖੋ ਕਿਵੇਂ ਤੀਆਂ ਦਾ ਦ੍ਰਿਸ਼ ਅੱਖਾਂ ਸਾਹਵੇਂ ਲਿਆਉਂਦੀ ਹੈ;-
‘‘ ਸਾਰੀਆਂ ਸਹੇਲੀਆਂ ਨੇ ਰਲ ਮਿਲ ਕੇ ਕਿਕਲੀ ਪਾਈ।
ਗਿਧਿਆਂ ,ਚ ਲੱਖ ਰੌਣਕਾਂ ਕਈ ਜੋੜੀਆਂ ਨੇ ਪੀਂਘ ਚੜਾਈ।
ਸਿਖਰ ਜਵਾਨੀ ਪੁੱਜ ਗਈ, ਹੁਣ ਨੱਚਿਆਂ ਬਿਨਾ ਨਹੀ ਸਰਦਾ।
ਨੀ ਭਾਬੀ ਮੈਨੁੰ ਨੱਚ  ਲੈਣ ਦੇ, ਚਿੱਤ ਤੀਆਂ ਚ ਨੱਚਣ ਨੂੰ ਕਰਦਾ।’’
(ਚੰਨ ਦਾ ਗਿੱਧਾ 11)
       ਪੰਜਾਬ ਵਿੱਚ ਮੇਲੇ ਆਰਥਿਕ ਖੁਸ਼ਹਾਲੀ ਦਾ ਪ੍ਰਤੀਕ ਹਨ। ਚੰਨ ਦੇ ਗੀਤਾਂ ਦੇ ਆਧਾਰ ਉਪਂਰ ਇਸ ਦਿਨ ਲੋਕੀ ਨਵੇ ਕਪੜੇ ਪਾਉਂਦੇ ਹਨ। ਚੰਗਾ ਚੋਸਾ ਖਾਂਦੇ ਪੀੰਂਦੇ ਹਨ। ਆਪਣੇ ਦਿਲਾਂ ਦੀਆ ਨਿਕੀਆਂ ਵੱਡੀਆਂ ਭਾਵਨਾਵਾਂ ਨੂੰ ਖੁੱਲ੍ਹਕੇ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ। ਇਸ ਸਮੇਂ ਹਰ ਜਾਤ ਅਤੇ ਹਰ ਕਬੀਲਾ ਇੱਕਮਿੱਕ ਹੋਇਆ ਲੱਗਦਾ ਹੈ। ਇਸ ਕਰਕੇ ਚੰਨ ਕਹਿੰਦਾ ਹੈ ਕਿ ਮੇਲੇ ਅਫਿਰਕੂ ਸੋਚ ਦਾ ਵੀ ਪ੍ਰਤੀਕ ਹਨ। ਵੱਡੀ ਉਮਰ ਦੇ ਲੋਕਾਂ ਨਾਲੋ ਬੱਚਿਆਂ ਨੂੰ ਇਸ ਦਿਨ ਬਹੁਤ ਖੁਸ਼ੀ ਹੁੰਦੀ ਹੈ। ਮੇਲਿਆਂ ਵਿਚ ਪੰਜਾਬੀ ਸਭਿਆਚਾਰ ਦਾ ਵਿਖਾਵਾ ਕੀਤਾ ਜਾਂਦਾ ਹੈ । ਆਪਣੇ ਸਰੀਰਾਂ ਦੀ ਤਾਕਤ ਨੂੰ ਲੋਕਾਂ ਵਿਚ ਖੁੱਲ੍ਹੇਆਮ ਵਿਖਾਇਆ ਜਾਂਦਾ ਹੈ। ਆਪਣੇ ਕਾਰੋਬਾਰ ਅਤੇ ਮਾਲ ਡੰਗਰ ਦੀਆਂ ਤਾਕਤਾਂ ਦੀ ਵੀ ਨੁੰਮਾਇਸ਼ ਕੀਤੀ ਜਾਂਦੀ ਹੈ। ਨੌ ਜਵਾਨ ਅਤੇ ਮੁਟਿਆਰਾਂ ਭੀੜ ਵਿਚ ਇੱਕ ਦੂਜੇ ਨੂੰ ਛੂਹ ਕੇ ਚਿਰ ਵਿਛੁੰਨੀਆਂ ਸੱਧਰਾਂ ਨੂੰ ਤ੍ਰਿਪਤ ਕਰਦੇ ਹਨ। ਕਈ ਮੁਟਿਆਰਾਂ ਜਿਹੜੀਆਂ ਘਰ ਵਿਚ ਨਜ਼ਰਬੰਦ ਰਹਿੰਦੀਆਂ ਹਨ, ਜਾਣ ਬੁੱਝ ਕੇ ਮੇਲੇ ਦੀ ਭੀੜ ਅੰਦਰ ਗੁੰਮ ਹੋ ਕੇ ਆਪਣੇ ਮਨ ਪਸੰਦ ਗੱਭਰੂ ਨਾਲ ਮਨਆਈਆਂ ਕਰਨ ਵਿਚ ਸਫਲ ਹੁੰਦੀਆਂ ਚੰਨ ਦੇ ਗੀਤਾਂ ਨੇ ਵਿਖਾਈਆਂ ਹਨ। ਮੇਲਿਆਂ ਵਿਚ ਲੋਕ ਖੁੱਲ੍ਹਕੇ ਸਾਹ ਲੈਂਦੇ ਹਨ। ਲੋਕ ਪ੍ਰਤਿਭਾ ਨਿਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲਿਆਂ ਵਿਚ ਅਹਿਰਣ, ਬੋਰੀ ਗੱਤਕੇਬਾਜੀ, ਘੋੜ ਦੌੜ, ਬੈਲ ਗੱਡੀਆਂ ਦੀ ਦੌੜ, ਊਠਾਂ ਦੀ ਦੌੜ, ਕੁੱਕੜਾਂ ਦੀ ਲੜਾਈ ਅਤੇ ਬਲਦਾਂ ਨੂੰ ਹੱਲਟ ਅੱਗੇ ਜੋਤਕੇ ਬਣੇ ਸਰੋਵਰਾਂ ਵਿਚ ਪਾਣੀ ਭਰੀਆਂ ਜਾਂਦਾ ਹੈ ਜਿਥੇ ਦੂਰੋਂ ਆਏ ਦਰਸ਼ਕ ਇਸ਼ਨਾਨ ਕਰਕੇ, ਆਪਣੇ ਆਪ ਨੂੰ ਸਾਫ਼ ਸੁੱਥਰੇ, ਅਤੇ ਚੁਸਤ ਬਣਾਉਦੇ ਹਨ। ਪੰਜਾਬ ਵਿਚ ਸ਼ਾਇਦ ਹੀ ਕੋਈ ਐਸਾ ਮਹੀਨਾ ਹੋਵੇ ਜਿਸ ਮਹੀਨੇ ਕੋਈ ਮੇਲਾ ਨਾ ਲੱਗਦਾ ਹੋਵੇ। ਪਰ ਫੇਰ ਵੀ ਚੰਨ ਦੇ ਗੀਤਾਂ ਅਨੁਸਾਰ ਹੇਠ ਲਿਖੇ ਮੇਲਿਆਂ ਬਾਰੇ ਵਾਕਫੀਅਤ ਮਿਲਦੀ ਹੈ। ਵਿਸਾਖੀ ਦਾ ਮੇਲਾ, ਮੱਸਿਆ ਦਾ ਮੇਲਾ, ਜਰਗ ਦਾ ਮੇਲਾ, ਛਪਾਰ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਸਾਂਈ ਇਲਾਹੀ ਸ਼ਾਂਹ ਦਾ ਮੇਲਾ, ਅਚੱਲ ਦਾ ਮੇਲਾ, ਮੁਕਤਸਰ ਅਤੇ ਤਖਤੂਪੁਰੇ ਦੀ ਮਾਘੀ ਜਗਰਾਵਾਂ ਦੀ ਰੌਸ਼ਨੀ ਹਰਿਵੱਲਭ ਦਾ ਮੇਲਾ, ਆਨੰਦਪੁਰ ਦਾ ਹੋਲਾ ਮੁਹੱਲਾ, ਦੁਆਬੇ ਵਿਚ ਖਟਕੜਕਲਾਂ ਵਿਖੇ ਝੰਡਾ ਜੀ ਦਾ ਮੇਲਾ, ਦੁਸਿਹਰਾ ਅਤੇ ਮੰਢਾਲੀ ਦਾ ਮੇਲਾ ਆਦਿ ਕੁਝ ਪੁਰਾਤਨ ਕਾਲ ਤੋ ਮਾਨਏ ਜਾ ਰਹੇ ਮੇਲਿਆਂ ਦਾ ਚੰਨ ਦੇ ਗੀਤਾਂ ਵਿਚ ਜਿ਼ਕਰ ਹੋਇਆਂ ਹੈ। ਜਿਹੜੇ ਮੇਲੇ ਅੱਜਕੱਲ ਕਈਆਂ ਪਿੰਡਾਂ ਅਤੇ ਕਸਬਿਆਂ ਵਿਚ ਉਥੋਂ ਦੇ ਪਤਵੰਤਿਆਂ ਦੀਆਂ ਲੋਕਾਂ ਹਿੱਤ ਕੀਤੀਆਂ ਕਾਰਗੁਜਾਰੀਆਂ ਨੂੰ ਯਾਦ ਕਰਨ ਲਈ ਲਾਏ ਜਾਂਦੇ ਹਨ ਜਾਂ ਸਰਕਾਰ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਮੇਲਿਆਂ ਦੀ ਲੜੀ ਤੋਰੀ ਹੈ ਅਤੇ ਇੱਕ ਸਾਹਿਤਕ ਮੇਲਾ ਜੋ ਹੁਣੇ ਹੁਣੇ ਆਰੰਭ ਹੋਇਆ ਹੈ ਜਿਸ ਨੂੰ ਪ੍ਰੋ: ਮੋਹਣ ਸਿੰਘ ਮੇਲਾ ਕਰਕੇ ਸੱਦਿਆ ਜਾਂਦਾ ਹੈ, ਇਨ੍ਹਾਂ ਬਾਰੇ ਚੰਨ ਨੇ ਹਾਲੇ ਕੋਈ ਗੀਤ ਨਹੀ ਰਚਿਆ ਕਿਉਂਕਿ  ਇਹ ਮੇਲੇ ਲੱਗਣੇ ਉਸਦੇ ਪ੍ਰਵਾਸ ਤੋ ਬਾਅਦ ਆਰੰਭ ਹੋਏ ਹਨ, ਵਿਸਾਖੀ ਦੇ ਮੇਲੇ ਉਪਰ ਗੀਤ ਲਿਖਕੇ ਚੰਨ ਲੋਕਾਂ ਨੂੰ ਵਧਾਈ ਦਿੰਦਾ ਹੈ।
 ‘‘ਸਭ ਨੂੰ ਵਧਾਈ, ਸਾਰੇ ਜੱਗ ਨੂੰ ਵਧਾਈ
ਵਰ੍ਹੇ ਪਿਛੋਂ ਸਾਡੀ ਏ ਵਿਸਾਖੀ ਅੱਜ ਆਈ।’’
ਅਤੇ ਵਿਸਾਖੀ ਦੀ ਮਹੱਤਤਾ ਲਿਖਦਾ ਹੈ
‘‘ ਏਸੇ ਦਿਨ ਚਿੜੀਆਂ ਤੋ ਬਾਜ ਸੀ ਤੁੜਾਏ ਗਏ।
ਗਿੱਦੜਾਂ ਤੋ ਸ਼ੇਰ ਸਿੰਘ ਸੂਰਮੇ ਬਣਾਏ ਗਏ।
 ਝੂਮ ਝੂਮ ਸੁੱਤੀ ਜਦੋ ਕੌਮ ਸੀ ਜਗਾਈ।
ਵਿਸਾਖੀ ਦੀ ਵਧਾਈ।’’ (ਨਾਨਕੀ ਨਸੀਬਾਂ ਵਾਲੜੀ 18)
ਮੱਸਿਆ ਨੂੰ ਜਾਂਦੀਆਂ ਮੁਟਿਆਰਾਂ ਦਾ ਦ੍ਰਿਸ਼ ਖੂਬ ਖਿਚਿਆ ਹੈ।
ਊਠਾਂ ਵਾਲਿਆਂ ਨੇ ਰਾਹ ਰੋਕੇ, ਕੁੜੀਆਂ ਨੇ ਜੂਹਾਂ ਮੱਲੀਆਂ।
ਮੇਲੇ ਮੱਸਿਆ ਦੇ, ਸੱਸੀਆਂ ਸੁਹਣੀਆ ਚੱਲੀਆਂ।’’
(ਸੱਪਣੀ ਵਰਗੀਆਂ ਤੋਰਾਂ 36)
ਜਦੋ ਮੁਟਿਆਰ ਮੱਸਿਆ ਦਾ ਮੇਲਾ ਦੇਖਣ ਚੱਲੇ ਜਾਂਦੀ ਹੈ। ਉਸਨੂੰ ਆਪਣੇ ਦਿਲਦਾਰ ਦੀ ਭਾਲ ਹੁੰਦੀ ਹੈ। ਉਹ ਹਰ ਉਸ ਗੱਭਰੂ ਵੱਲ ਗਹੁ ਨਾਲ ਤੱਕਦੀ ਹੈ, ਜਿਸਦਾ ਪਹਿਰਾਵਾ ਅਤੇ ਮੜੰਗਾ ਉਸਦੇ ਦਿਲਦਾਰ ਵਰਗਾ ਹੁੰਦਾ ਹੈ। ਗਹੁ ਨਾਲ ਤੱਕਣ ਉਪਰ ਜਦ ਉਹ ਗੱਭਰੂ ਕੋਈ ਓਪਰਾ ਲੱਗਦਾ ਹੈ ਮਗਰੋਂ ਮੁਟਿਆਰ ਆਪਣੇ ਦਿਲਦਾਰ ਨੂੰ ਕੀ ਕਹਿੰਦੀ ਹੈ? ਉਸਦੇ ਇੱਕ ਗੀਤ ਦੀ ਅਕਸ਼ਕਸ਼ੀ ਹੇਠ ਦਰਜ ਹੈ:-
ਸਾਨੂੰ ਮੱਸਿਆ, ਚ ਪੈਣ ਭੁਲੇਖੇ,
ਤੇਰੀ ਵੇ ਸੰਧੂਰੀ ਪੱਗ ਦੇ। ( ਲੈ ਦੇ ਦਿਉਰਾ ਨਾਸਪਾਤੀਆਂ 7)
ਗੀਤਾਂ ਵਿਚ ਰੁੱਤਾਂ ਅਤੇ ਦੇਸੀ ਸਾਲ ਮਹੀਨੇ
ਚੰਨ ਨੇ ਪੰਜਾਬ ਦੀਆਂ ਰੁੱਤਾਂ ਬਾਰੇ ਉਥੋਂ ਦੇ ਪੰਜ ਦਰਿਆਵਾਂ ਅਤੇ ਪਹਾੜਾਂ ਦਾ ਬਹੁਤ ਵੱਡਾ ਕਾਰਜ ਦੱਸਿਆ ਹੈ। ਚੰਨ ਲਿਖਦਾ ਹੈ ਕਿ ਪੰਜਾਂ ਦਰਿਆਵਾਂ ਦੇ ਵੱਗਣ ਕਾਰਨ, ਪਾਣੀਆਂ ਦਾ ਹਰ ਮੌਸਮ ਵਿਚ ਬਰਾਬਰ ਚੱਲਣਾ, ਦਰਖਤਾਂ ਦਾ ਲਹਿਰਾਉ ਲਹਿਰਾਉਣਾ, ਹਰੇ ਹਰੇ ਘਾਹ ਦਾ ਉਪਜਣਾ ਅਤੇ ਇਨ੍ਹਾਂ ਵਿਚੋ ਲੰਘਕੇ ਆਉਦੀ ਹਵਾ ਸਾਡੇ ਮਨਾਂ ਉਪਰ ਅਦਭੁੱਤ ਪ੍ਰਭਾਵ ਪਾਉਦੀ ਹੈ। ਅਤੇ ਪ੍ਰਕ੍ਰਿਤੀ ਨੂੰ ਵੱਖੇ ਵੱਖਰੇ ਮੌਸਮਾਂ ਨਾਲ ਸਿੰਗਾਰਦੀ ਹੈ। ਪੰਜਾਬ ਵਿਚ ਰੁੱਤ ਬਹਾਰ ਬਾਰੇ ਚੰਨ ਨੇ ਖੂਬ ਗੀਤ ਲਿਖੇ ਹਨ। ਗਰਮੀਆਂ ਦੀਆਂ ਰੁੱਤਾਂ ਨੂੰ ਉਸਨੇ ਮੁਟਿਆਰਾਂ ਦੀਆਂ ਹੱਵਸ ਵਾਲੀਆਂ ਪ੍ਰਸਥਿਤੀਆਂ ਦਾ ਹੁੱਟ ਹੁਲਾਸ ਅਤੇ ਵਿਲਾਸ ਵਾਲਾ ਚਿੱਤਰਣ ਚਿਤਰਿਆ ਹੈ। ਚੰਨ ਦੇ ਵਿਚਾਰ ਵਿਚ ਪ੍ਰਕ੍ਰਿਤੀ ਮਨੁੱਖੀ ਸਭਿਆਚਾਰ ਦੇ ਪਦਾਰਥਕ, ਪ੍ਰਤਿਮਾਨਕ ਅਤੇ ਬੌਧਾਤਮਿਕ ਪੱਖਾਂ ਦਾ ਨਿਰਮਾਣ ਕਰਦੀ ਹੈ। ਪਹਾੜਾਂ ਵਾਸਤੇ ਲਿਖਦਾ ਹੈ ਨੌਜਵਾਨਾਂ ਦੀਆਂ ਹਿੱਕਾਂ ਪਰਬਤਾਂ ਵਰਗੀਆਂ ਹਨ। ਦਰਿਆਵਾਂ ਬਾਰੇ ਲਿਖਦਾ ਹੈ ਕਿ ਲੋਕਾਂ ਦੇ ਦਿਲ ਦਰਿਆ ਹਨ। ਪੱਤਝੱੜ ਦੀ ਰੁੱਤ ਨੂੰ ਬਿਆਨ ਕਰਦਿਆਂ ਚੰਨ ਨੇ ਵਿਛੋੜੇ ਵਾਲੇ ਗੀਤ ਲੀਖੇ ਹਨ ਜਿਨ੍ਹਾਂ ਵਿਚ ਬ੍ਰਿਹਾ ਕੁੱਠੀ ਪਈ ਹੈ। ਗੀਤ ਪੜ੍ਹ ਸੁਣ ਕੇ ਮਨ ਦ੍ਰਵ ਜਾਂਦਾ ਹੈ। ਮੁਟਿਆਰਾਂ ਦੇ ਸੰਦਰਭ ਵਿਚ ਲਿਖੇ ਅਜਿਹੇ ਗੀਤ ਪੰਜਾਬੀ ਸਭਿਆਚਾਰ ਦਾ ਅਤੁੱਟਵਾਂ ਅੰਗ ਹਨ। ਅਜਿਹੇ ਗੀਤਾਂ ਨੂੰ ਮੁਟਿਆਰਾਂ ਸੰਮੀਨਾਚ  ਸਮੇਂ ਗਾਉਂਦੀਆਂ ਹਨ। ਚੰਨ ਨੇ ਇਸ ਤੋਂ ਪਹਿਲਾਂ ਦੇਸੀ ਮਹੀਨਿਆਂ, ਦਿਨਾਂ ਅਤੇ ਤਾਰੀਖਾਂ ਦਾ ਵੀ ਵਰਨਣ ਕੀਤਾ ਹੈ। ਉਸਨੇ ਬਾਰਾਂ ਮਾਂਹ ਵਿਚ ਗੱਭਰੂਆਂ ਅਤੇ ਮੁਟਿਆਰਾਂ ਦਾ ਹਰ ਮਹੀਨੇ ਦੇ ਮੌਸਮ ਅਨੁਸਾਰ ਪਿਆਰ ਵਿਚ ਵੀ ਫ਼ਰਕ ਪੈਂਦਾ ਦਰਸਾਇਆ ਹੈ। ਚੰਨ ਨੇ ਕਾਵਿ ਰੂਪ ਸਤਵਾਰਾ ਦੀ ਵੀ ਰਚਨਾ ਕੀਤੀ ਹੈ। ਜਿਸ ਵਿਚ ਉਸਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਨਿੱਤਾਪ੍ਰਤੀ ਦੇ ਕਾਰਜਾਂ ਬਾਰੇ ਵਰਨਣ ਕੀਤਾ ਹੈ। ਜਦੋਂ ਉਹ ਸਾਲਾਂ ਦੀ ਗਿਣਤੀ ਕਰਦਾ ਹੈ ਤਾਂ ਮੁਟਿਆਰ ਦੀ ਉਮਰ ਦੀ ਹੀ ਗੱਲ ਕਰਦਾ ਹੈ।
‘‘ਚੜ੍ਹਿਆ ਸੌਲਵਾਂ ਸਾਲ ਤੈਨੂੰ।
ਤੂੰ ਭਾਵੇਂ ਕੁਝ ਨਾ ਦੱਸ ਮੈਨੂੰ।
ਸਾਰੀ ਰਮਜ ਮੈਂ ਸਮਝਾਂ ਤੇਰੀ,
ਚੰਦਰਾ ਰੋਗ ਹਟਾ ਦਊਂ,
ਕਰ ਸਬਰ ਜ਼ਰਾ ਨਣਦੇ, ਵੈਦ ਮੰਗਾ ਦੳਂੂ।’’ (ਦਿਨ ਚੜ੍ਰਦੇ ਦੀ ਲਾਲੀ 28)                                                      
     ਅਤੇ ਸੋਲਵੇਂ ਸਾਲ ਨੂੰ ਢੁੱਕੀ ਮੁਟਿਆਰ ਆਪਣੀ ਮਾਂ ਨੂੰ ਕਹਿੰਦੀ ਹੈ:-
‘‘ਤੋਰ ਮੁਕਲਾਵਾ ਦੋ ਦਿਲਾਂ ਦਾ ਜਸ ਖੱਟ ਨੀ।
ਅੱਸੂ ਦੇ ਨਰਾਤਿਆਂ ਤੋਂ ਨਹੀਂ ਇਹ ਦਿਨ ਘੱਟ ਨੀ।’’
ਭਰ ਜੋਬਨ ਤੇ ਆਈ ਮੁਟਿਆਰ ਲਈ ਮਾਹੀ ਬਿਨਾ ਦਿਨ ਕੱਟਣੇ ਔਖੇ ਹੋ ਗਏ ਸਨ। ਇਸ ਲਈ ਉਹ ਹਰ ਮਹੀਨ ਦੇ ਹਰ ਦਿਨ ਨੂੰ, ਨਰਾਤਿਆਂ ਕਰਕੇ ਜਾਨਣ ਲਈ, ਮਾਂ ਨੂੰ ਆਖਦੀ ਸੀ। ਜਦ ਮੁਟਿਆਰ ਮੁਕਲਾਵੇ ਆਉਂਦੀ ਹੈ ਉਸ ਮਹੀਨੇ ਦਾ ਵਰਨਣ ਕਰਦਾ ਹੈ:-
‘‘ਚੜ੍ਹਦੇ ਚੇਤ ਆਏ ਮੁਕਲਾਵੇ, ਆਉਂਣੀ ਅਜੇ ਵਿਸਾਖੀ।
ਰੰਨਾਂ ਵਾਲੇ ਘਰ ਪੈਣਗੇ ,ਛੜੇ ਪੈਣਗੇ ਕਣਕ ਦੀ ਰਾਖੀ।’’ (ਦਿਨ ਚੜ੍ਹਦੇ ਦੀ ਲਾਲੀ  49)
ਭੱਤਾ ਲੈ ਕੇ ਜਾਂਦੀ ਮੁਟਿਆਰ ਰਾਹੀਂ ਦੁਪਿਹਰ ਦਾ ਇਕਾਂਤ ਅਤੇ ਕੱਚੇ ਰਾਹਾਂ ਦਾ ਦ੍ਰਿਸ਼ ਵਿਖਾਉਂਦਾ ਹੈ:-
‘‘ਸਿਖਰ ਦੁਪਿਹਰੇ ਰੋਟੀ ਖੇਤਾਂ ਨੂੰ ਲਿਜਾਂਦੀ ਆ।
ਕੱਚਿਆਂ ਰਾਹਾਂ ਦੇ ਵਿੱਚ ਭੱਸੜ ਭਨਾਂਦੀ ਆ।’’ (ਤੇਰੀ ਮੇਰੀ ਇੱਕ ਜਿੰਦੜੀ 54)
ਛੜਿਆਂ ਦਾ ਅੱਡੇ ਉੁਪਰ ਖੜ੍ਹਕੇ ਔਰਤਾਂ ਵੱਲ ਝਾਕਣ ਦੇ ਮਹੀਨਿਆਂ ਬਾਰੇ ਦੱਸਦਾ ਹੈ:-
ਪੋਹ ਮਾਘ ਹੋਵੇ ਜਾਂ ਮਹੀਨਾ ਜੇਠ ਹਾੜ ਦਾ।
ਖੜਾ ਅੱਡੇ ਤੇ ਜਨਾਨੀਆਂ ਨੂੰ ਰਹੇ ਤਾੜਦਾ। ‘‘ (ਦਿਨ ਚੜ੍ਹਦੇ ਦੀ ਲਾਲੀ 66)
ਮੁਟਿਆਰ ਆਪਣੇ ਨੌਕਰ ਮਾਹੀਏ ਨੂੰ ਉਸਦਾ ਇਕਰਾਰ ਯਾਦ ਕਰਾੳਂੁਦੀ ਹੈ।
‘‘ਕਰ ਗਿਆ ਸੀ ਇਕਰਾਰ ਜਦੋਂ ਆਉਂਣ ਦਾ।
ਅੱਜ ਆ ਗਿਆ ਮਹੀਨਾ ਉਹੀਉ ਸਾਉਂਣ ਦਾ।
ਚੰਨ ਨੇ ਪੁੰਨਿਆ ਅਤੇ ਮੱਸਿਆ ਦੀਆਂ ਰਾਤਾਂ ਦਾ ਵੀ ਵਿਭਾਵ ਪ੍ਰਗਟਾਇਆ ਹੈ।
ਗੀਤਾਂ ਵਿਚ ਆਰਥਿਕ ਮਸਲਾ
ਪੰਜਾਬ ਕਿਰਸਾਨੀ ਉਪਰ ਨਿਰਭਰ ਹੈ। ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ। ਹਾੜੀ ਸਾਉਣੀ ਨੂੰ ਫਸਲਾਂ ਦੀ ਵੱਢ ਵਢਾਈ ਮਗਰੋਂ ਕਿਰਸਾਨ ਦੇ ਘਰ ਪੈਸੇ ਆੳਂੁਦੇ ਹਨ। ਧੀਆਂ ਪੁੱਤਰਾਂ ਦੀਆਂ ਲੋੜਾਂ ਕਾਰਨ ਇਹ ਹਾੜੀ ਸਾਉਣੀ ਦੀ ਆਈ ਕਮਾਈ, ਦਿਨਾਂ ਵਿਚ ਰੁੱੜ੍ਹ ਜਾਂਦੀ ਹੈ। ਜਿਸ ਕਾਰਨ ਪੰਜਾਬ ਦੇ ਲੋਕੀ ਆਰਥਿਕ ਸੰਕਟ ਦਾ ਸਿ਼ਕਾਰ ਰਹਿੰਦੇ ਹਨ। ਪੁਰਾਣੇ ਸਮੇਂ ਵਿਚ ਇਹ ਸੰਕਟ ਬਹੁਤ ਸੀ, ਪਰ ਅੱਜ ਕੱਲ ਘਰ ਵਿਚ ਕੋਈ ਨਾ ਕੋਈ ਜੀਅ ਪੜ੍ਹ ਲਿਖ ਕੇ ਨੌਕਰੀ ਕਰਦਾ ਹੈ, ਤਾਂ ਇਹ ਮੁਸਿ਼ਕਲ  ਕਈ ਪ੍ਰੀਵਾਰਾਂ ਵਿਚ ਸੁਲਝ ਗਈ ਜਾਪਦੀ ਹੈ। ਪਰ ਚੰਨ ਦੇ ਲੋਕ ਗੀਤ ਆਪਣੇ ਅੰਦਰ ਆਰਥਿਕ ਸੰਕਟ ਦਾ ਦਰਦ ਲੁਕੋਈ ਬੈਠੇ ਹਨ।
ਗੱਲ ਆਰਥਿਕ ਸਮੱਸਿਆ ਦੀ ਹੈ। ਇਸ ਸੰਬੰਧੀ ਇਹ ਜਾਨਣਾ ਜਰੂਰੀ ਹੈ ਕਿ ਪੰਜਾਬ ਵਿਚ ਮੁੱਢ ਤਂੋ ਹੀ ਕੋਈ ਨਾ ਕੋਈ ਘੋਲ ਹੁੰਦਾ ਰਿਹਾ ਹੈ। ਬਦਲਣਾ ਵੀ ਕੁਦਰਤ ਦਾ ਹੀ ਨਿਯਮ ਹੈ। ਪੰਜਾਬ ਅੰਦਰ ਕੋਈ ਨਾ ਕੋਈ ਲਹਿਰ ਚੱਲਦੀ ਹੀ ਰਹਿੰਦੀ ਹੈ। ਦੂਜੀ ਜੰਗ ਸਮੇਂ ਜਿਨਸਾਂ ਦੇ ਭਾਅ ਵੱਧ ਗਏ। ਉਪਰੋਂ ਕਬੀਲਦਾਰੀ ਵੱਧ ਗਈ। ਮਾਮਲੇ ਸਿਰ ਉਪਰ ਕਰਜ ਹੋ ਗਏ । ਧੀਆਂ ਦੇ ਵਿਆਹ ਕਰਨੇ ਪੈ ਗਏ। ਇਸ ਤਰ੍ਰਾਂ ਆਰਥਿਕ ਮੰਦਬਾੜੀ ਵੱਧਦੀ ਹੀ ਗਈ। ਕਈਆਂ ਨੂੰ ਘਰ ਛੱਡਕੇ ਨੌਕਰੀ ਲਈ ਪ੍ਰਦੇਸ ਜਾਣਾ ਪਿਆ । ਉਸਦੀ ਮੁਟਿਆਰ ਉਸਨੂੰ ਮਿਹਣਾ ਮਾਰਦੀ ਹੈ:-
‘‘ਰੋਂਦੀ ਨੂੰ ਛੱਡ ਤੁਰ ਗਿਉਂ ਪ੍ਰਦੇਸ ਵੇ।
ਦਮਾਂ ਦਿਆਂ ਲੋਭੀਆਂ ਨਾ ਸੋਚੀ ਕੀ ਵਰੇਸ ਵੇ।’’(ਤੇਰੀ ਮੇਰੀ ਇੱਕ ਜਿੰਦੜੀ 84)
ਘਰ ਵਿਚ ਧੀ ਆਪਣੇ ਬਾਬਲ ਨੂੰ ਕਹਿੰਦੀ ਹੈ। ਕਿ ਮੇਰੇ ਲਈ ਵਰ ਲੱਭਣ ਸਮੇਂ ਇਸ ਗੱਲ ਦਾ ਖਿਆਲ ਜਰੂਰ ਰੱਖੀਂ ਕਿ ਸਹੁਰਿਆਂ ਦਾ ਘਰ ਪੱਕਾ ਹੋਵੇ।
‘‘ਪੱਕਾ ਘਰ ਟ੍ਹੋਲੀਂ ਬਾਬਲਾ,
ਕਿਤੇ ਲਿਪਣੇ ਨਾ ਪੈਣ ਬਨੇਰੇ।’’ (ਤੇਰੀ ਮੇਰੀ ਇੱਕ ਜਿੰਦੜੀ 116)
ਜਿਸ ਸਮੇਂ ਹਾੜੀ ਸਾਉਣੀ ਵੇਚ ਵੱਟ ਕਿਰਸਾਨ ਆਪਣੇ ਘਰ ਵਿਚ ਆਪਣੇ ਖੂਹ ਉਪਰ ਹੀ ਬਣਾਇਆ ਗੁੜ ਲੈ ਕੇ ਘਰ ਆਉਂਦਾ ਹੈ। ਹੱਥ ਵਿਚ ਗੁੜ ਦੀਆਂ ਪੇਸੀਆਂ ਦੇਖਕੇ ਉਸਦੀ ਨਾਰ ਉਸ ਅੱਗੇ ਆਪਣਾ ਪ੍ਰਸਤਾਵ ਰੱਖਦੀ ਹੈ:-
‘‘ਮੱਥੇ ਮਾਰੇਂ ਤੂੰ ਲਿਆ ਕੇ ਨਿਰਾ ਗੁੜ ਵੇ,
ਲੱਡੂ ਖਾਣੇ ਮੋਤੀ ਚੂਰ ਦੇ।
ਤੈਨੂੰ ਦੱਸ ਹੁਣ ਕਾਹਦੀ ਥੁੜ ਵੇ ,
ਲੱਡੂ ਖਾਣੇ ਮੋਤੀ ਚੂਰ ਦੇ।’’(ਦਿਨ ਚੜ੍ਹਦੇ ਦੀ ਲਾਲੀ 70)
ਘਰ ਵਿਚ ਆਈ ਰਕਮ ਨੂੰ ਵੇਖਕੇ ਨਾਰ ਆਪਣੇ ਆਦਮੀ ਨੂੰ ਤਾਹਨਾ ਮਾਰਦੀ ਹੈ:-
‘‘ਨਾ ਕਰਮਾਂ ਵਿਚ ਪਲੰਘ ਨਵਾਰੀ,
ਨਾ ਦਿੱਸਦੀ ਸੂਹੀ ਫੁੱਲਕਾਰੀ।
ਢਿੱਡ ਵਿਚ ਮੁੱਕੀਆਂ ਲੈ ਲੈ ਰੋਂਦੇ,
ਸੁੰਨੀ ਵੇਖ ਸਵਾਤ ਨੂੰ।’’ (ਸੱਪਣੀ ਵਰਗੀਆ ਤੋਰਾਂ 51)
ਅਤੇ ਘਰ ਵਿਚ ਆਈ ਲੱਛਮੀ ਨੂੰ ਵੇਖਕੇ ਮੁਟਿਆਰ ਸੋਚਦੀ ਹੈ, ਇਹ ਸ਼ਰਾਬਾਂ ਅਤੇ ਕਬਾਬਾਂ ਰਾਹੀ ਦਿਨਾਂ ਵਿਚ ਰੁੜ੍ਹ ਜਾਣੀ ਹੈ ਉਹ ਆਪਣੇ ਗਹਿਣੇ ਬਚਾਉਂਣ ਲਈ ਤਰਲੇ ਕਰਦੀ ਹੈ। ਪਹਿਲਾਂ ਇਹ ਮਿੰਨਤਾਂ ਤਰਲੇ ਕਰਕੇ ਗਹਿਣੇ ਬਣਵਾ ਲੈਂਦੀ ਹੈ। ਉਸਦਾ ਵਿਚਾਰ ਹੈ ਕਿ ਮਗਰੋ ਸੋਨੇ ਦੇ ਲਾਲਚ ਕਾਰਨ ਉਸਦਾ ਘਰ ਵਾਲਾ ਉਸਦੇ ਮੋਹ ਵਿਚ ਰਹੇਗਾ। ਇਸ ਲਈ ਗਹਿਣੇ ਬਣਵਾਉਣ ਲਈ ਆਪਣੇ ਘਰ ਵਾਲੇ ਨੂੰ ਬਹਾਨੇਬਾਜੀ ਨਾਲ ਕਹਿੰਦੀ ਹੈ।
‘‘ ਗੋਰੇ ਰੰਗ ਨੂੰ ਤਵੀਤ ਕਰਾ ਦੇ।
ਮੈਂ ਨਜ਼ਰਾਂ ਨੇ ਲਈ ਚੰਨ ਵੇ।’’ (ਦਿਨ ਚੜ੍ਹਦੇ ਦੀ ਲਾਲੀ 18)
ਅਤੇ ਉਹ ਹਰ ਔਰਤ ਦੇ ਗਲ ਪਾਏ ਗਹਿਣਿਆਂ ਵੱਲ ਇਸ਼ਾਰਾ ਕਰਕੇ ਕਹਿੰਦੀ ਹੈ।
‘‘ਔਹ ਦੇ ਜੀਤੋ ਔਹ ਦੇ ਦੀਪੋ,
ਘੁੱਟ ਸਜਾ ਕੇ ਖੜੀ
ੜੇ ਕੈਂਠੇ ਵਾਲਿਆ ਇੱਕ ਸਾਨੂੰ ਵੀ
ਤੂੰ ਲੈ ਦੇ ਗੁੱਟ ਘੜੀ।’’( ਤੇਰੀ ਮੇਰੀ ਇੱਕ ਜਿੰਦੜੀ 26)
ਚੰਨ ਕਿਰਸਾਨ ਅਤੇ ਮਜ਼ਦੂਰ ਨੂੰ ਉਸਦੀ ਕਮਾਈ ਨੂੰ ਸਾਂਭਣ ਲਈ ਸੂਚਿਤ ਕਰਦਾ ਲਿਖਦਾ ਹੈ:-
‘‘ਕੰਮ ਚੋਰਾਂ ਖਾ ਲਿਆ ਸਭ ਤੂੰ ਰਿਹਾ ਕਰਦਾ ਕਮਾਈ।
ਵਿਹਲੜਾਂ ਨੂੰ ਖੀਰ ਪੂੜੇ, ਤੈਨੂੰ ਰੁੱਖੀ ਮਿਸੀ ਆਈ।
ਕਿੰਨਾ ਚਿਰ ਸਹਿੰਦਾ ਰਹੇਂਗਾ ਤੂੰ ਵਤੀਰਾ ਜ਼ਾਲਮਾਨਾ।
ਜਾਗ ਸ਼ੇਰਾ ਜਾਗ ਜੱਟਾ, ਜਾਗਿਆ ਸਾਰਾ ਜ਼ਮਾਨਾ।’’ (ਸਪਣੀ ਵਰਗੀਆਂ ਤੋਰਾਂ 66)
ਨਵ ਵਿਆਹੀ ਮੁਟਿਆਰ ਆਪਣੇ ਘਰ ਵਾਲੇ ਦੇ ਤਰਲੇ ਕਰਦੀ ਹੈ। ਉਸ ਨੂੰ ਪਿਆਰ ਭਰੀਆਂ ਗੱਲਾਂ ਨਾਲ ਸਮਝਾਉਂਦੀ ਹੈ ਕਿ ਇਹ ਪੈਸਾ ਤਾਂ ਸਾਰੇ ਸੰਸਾਰ ਦੀ ਭੁੱਖ ਹੈ। ਤੂੰ ਪ੍ਰਦੇਸ ਨਾ ਜਾਵੀਂ, ਅਜੇ ਆਪਣੀ ਵਰੇਸ ਪਿਆਰ ਕਰਨ ਵਾਲੀ ਹੈ।
‘‘ਰੋਟੀ ਕੱਪੜਾ ਤੇ ਪੈਸਾ ਭੁੱਖ ਸੰਸਾਰ ਦੀ।
ਸਾਨੂੰ ਤਾਂ ਭੁੱਖ ਚੰਨਾ ਤੇਰੇ ਹੀ ਦੀਦਾਰ ਦੀ।
ਅੱਖੀਆਂ ਤੋ ਅੱਖੀਆਂ ਦੂਰ ਨਾ ਲਿਜਾਈਂ।
ਛੱਡ ਕੇ ਨਾ ਜਾਈਂ ਚੰਨਾਂ ਛੱਡ ਕੇ ਨਾ ਜਾਈਂ। (ਚਿਟਿਆਂ ਦੰਦਾਂ ਦਾ ਹਾਸਾ 64)
ਚੰਨ ਨੇ ਗੀਤਾਂ ਵਿਚ ਜੋ ਆਰਥਿਕ ਸੰਕਟ ਦੀਆਂ ਸਥਿਤੀਆਂ ਵਰਨਣ ਕੀਤੀਆਂ ਹਨ, ਉਨ੍ਹਾਂ ਦਾ ਸੰਬੰਧ ਕਿਰਸਾਨੀ ਜੀਵਨ ਅਤੇ ਉਨ੍ਹਾਂ ਦੇ ਪ੍ਰੀਵਾਰਿਕ ਢਾਂਚੇ ਦਾ ਹੀ ਪ੍ਰਸੰਗਕ ਹੈ। ਪਰ ਲੱਗਦਾ ਹੈ ਚੰਨ ਪੰਜਾਬ ਵਿਚ ਆਰਥਿਕ ਸੰਕਟ ਦੇ ਇਲਾਜ ਨੂੰ ਬੜੀ ਗੰਭੀਰਤਾ ਨਾਲ ਸੋਚਦਾ ਹੈ।
ਗੀਤਾਂ ਵਿਚ ਰੰਗਾਂ ਅਤੇ ਅੰਗਾਂ ਦਾ ਵਰਨਣ
ਜਦੋਂ ਅਸੀ ਪ੍ਰਿਜ਼ਮ ਵਿੱਚ ਦੀ ਤੇਜ਼ ਰੋਸ਼ਨੀ ਲੰਘਾਈਏ, ਤਾਂ ਸੱਤ ਰੰਗ ਪ੍ਰਤੱਖ ਦਿੱਸਦੇ ਹਨ। ਏਸੇ ਤਰ੍ਹਾਂ ਜਦੋਂ ਨੀਲੇ ਆਸਮਾਨ ਉਪਰ ਮਾਈ ਬੁੱਢੀ ਦੀ ਪੀਂਘ ਫਈ ਹੋਵੇ ਤਾਂ ਵੀ ਸੱਤ ਰੰਗ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਸੱਤਾਂ ਰੰਗਾਂ ਨੂੰ ਆਪਸ ਵਿਚ ਮਿਲਾ ਕੇ, ਚੰਨ ਜੰਡਿਆਲਵੀ ਨੇ ਸੈਂਕੜੇ ਰੰਗ ਆਪਣੇ ਗੀਤਾਂ ਵਿਚ ਚਿਤਾਰੇ ਹਨ। ਇਨ੍ਹਾਂ ਰੰਗਾਂ ਵਿਚ ਪ੍ਰਮਾਤਮਾ ਦੇ ਰੰਗ ਹਨ ਦੁਨੀਆਂ ਦੇ ਰੰਗ ਹਨ। ਰਾਜਨੀਤਿਕ ਪਾਰਟੀਆਂ ਦੇ ਰੰਗ ਹਨ। ਸਮਾਜਿਕ ਅਨੁਸ਼ਠਾਨਿਤਗਤ ਰੰਗ ਹਨ। ਦੁਨੀਆਂ ਭਰ ਦੇ ਸਭਿਆਚਾਰਾਂ ਦੇ ਰੰਗ ਉਪਲੱਬਧ ਹਨ। ਪੈਸੇ ਦੇ ਰੰਗ ਵੀ ਉਸਦੇ ਗੀਤਾਂ ਵਿਚੋ ਪ੍ਰਤੱਖ ਨਜ਼ਰ ਆਉਂਦੇ ਹਨ। ਜਿਹੜੇ ਪਦਾਰਥਿਕ ਰੰਗਾਂ ਨਾਲ ਮੈਂ ਗੱਲ ਸ਼ੁਰੂ ਕੀਤੀ ਸੀ ਚੰਨ ਨੇ ਉਹ ਰੰਗ ਕਿਹੜੇ ਕਿਹੜੇ ਅਤੇ ਕਿਸ ਤਰ੍ਹਾਂ ਉਨ੍ਹਾਂ ਰੰਗਾਂ ਦਾ ਆਪਣੇ ਗੀਤਾਂ ਵਿਚ ਮਿਸ਼ਰਣ ਕੀਤਾ ਹੈ ਸੰਖੇਪ ਰੂਪ ਵਿਚ ਵਰਨਣ ਕਰਦਾ ਹਾਂ। ਗੋਰਾ, ਲਾਲ, ਗੁਲਾਬੀ, ਖਾਖੀ, ਕੇਸਰੀ, ਸੰਧੂਰੀ, ਸੂਹੀਆ, ਸੌਂਫੀਆ, ਕਪਾਹੀ ਹਵਾ ਗੁਲਾਬੀ, ਜਾਮਣੀ, ਨੀਲਾ, ਪੀਲਾ, ਅਤੇ ਕਾਲੇ ਰੰਗ ਨੂੰ ਹੇਠ ਦੀ ਤਰ੍ਹਾਂ ਬਿਆਨ ਕੀਤਾ ਹੈ।
‘‘ਗੋਰੇ ਰੰਗ ਤੇ ਦੁਪੱਟਾ ਕਾਲਾ ਸੱਜਦਾ,
ਨੀ ਪੁੱਛ ਲਈਂ ਤੂੰ ਜਾ ਕੇ ਚੰਨ ਤੋਂ।’’ (ਸੱਪਣੀ ਵਰਗੀਆਂ ਤੋਰਾਂ)
ਅਤੇ:-
‘‘ਗੋਰੇ ਰੰਗ ਨੇ ਪੁਆੜੇ ਪਾਏ,
ਨੀ ਘਰ ਘਰ ਗੱਲਾਂ ਹੁੰਦੀਆਂ ।’’ (ਤੇਰੀ ਮੇਰੀ ਇੱਕ ਜਿੰਦੜੀ 46)
ਮੁਟਿਆਰ ਜਦ ਜਵਾਨੀ ਵਿਚ ਪੈਰ ਧਰਦੀ ਹੈ ਉਸ ਨੂੰ ਆਪਣੇ ਸਰੀਰ ਨੂੰ ਸੰਵਾਰਨ ਅਤੇ ਸਿ਼ੰਗਾਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਔਰਤ ਦੀ ਇਹ ਕਮਜੋਰੀ ਵੀ ਹੈ ਜਿੰਨਾ ਚਿਰ ਉਹ ਆਪਣੇ ਆਪ ਨੂੰ ਲਿਸ਼ਕਾ ਪੋਚਕੇ ਨਹੀ ਰੱਖਦੀ, ਮਰਦਾਂ ਦਾ ਉਸ ਵੱਲ ਧਿਆਨ ਹੀ ਨਹੀਂ ਜਾਂਦਾ, ਜਿਸ ਕਰਕੇ ਔਰਤ ਨੂੰ ਆਪਣੇ ਸਰੀਰ ਲਈ ਸੁਹਣੇ ਸੁਹਣੇ ਕੱਪੜੇ, ਸੁਹਣੇ ਸੁਹਣੇ ਗਹਿਣੇ ਪਾਉਂਣੇ ਪੈਂਦੇ ਹਨ। ਜਦੋਂ ਕਦੇ ਮਿਲਣੀ ਦਾ ਸਮਾਂ ਹੋਵੇ ਉਸ ਸਮੇਂ ਤਾਂ ਮੁਟਿਆਰ ਨੂੰ ਸੁਧ-ਬੁੱਧ ਹੀ ਨਹੀਂ ਰਹਿੰਦੀ ਕਿ ਉਹ ਕਿਹੜਾ ਗਹਿਣਾ ਪਾਵੇ ਅਤੇ ਕਿਹੜੀ ਪੁਸ਼ਾਕ ਪਾਉਂਣ ਨਾਲ ਉਹ ਫ਼ੱਬੇਗੀ?
‘‘ਕਾਸ਼ਣੀ ਉਨਾਭੀ, ਗੁਲਾਨਾਰੀ ਹੈ ਜਾਂ ਮੋਤੀਆ।
ਭਾਵੇ ਸ਼ਰਦਈ, ਸੁਰਮਈ ਸਾਵਾ ਤੋਤੀਆ।
ਇਨ੍ਹਾਂ ਰੰਗਾਂ ਚੋਂ ਨਾ ਰੰਗ ਕੋਈ ਫੱਬਦਾ।’’
ਪੁਰਾਣੇ ਸਮਿਆਂ ਵਿਚ ਮਾਪੇ ਕੁੜੀਆਂ ਦੀਆਂ ਬਾਹਾਂ ਵਿਚ ਕੱਚ ਦੀਆਂ ਵੰਗਾਂ ਪਹਿਨਾਉਂਦੇ ਹੁੰਦੇ ਸਨ। ਅਜਿਹਾ ਇਸ ਕਰਕੇ ਕਰਦੇ ਸਨ ਜਦ ਕੋਈ ਕੁੜੀ ਆਪਣੇ ਮਨ ਪਸੰਦ ਗੱਭਰੂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਸੀ ਉਸ ਸਮੇ ਕੱਚ ਦੀਆਂ ਵੰਗਾਂ ਟੁੱਟ ਜਾਣ ਉਪਰ ਮਾਪਿਆਂ ਨੂੰ ਕੁੜੀ ਦੇ ਚਾਲ-ਚਲਣ ਬਾਰੇ ਪਤਾ ਲੱਗ ਜਾਂਦਾ ਸੀ। ਟੁੱਟੀ ਹੋਈ ਵੰਗ ਨੂੰ ਮੁਟਿਆਰ ਫਿਰ ਆਪਣੇ ਮਿੱਤਰ ਕੋਲੋਂ ਮੰਗ ਕਰਦੀ ਪਹਿਲਾਂ ਪਹਿਨੇ ਹੋਏ ਸੁਨਹਿਰੀ ਰੰਗ ਵਰਗੇ ਰੰਗ ਦੀਆਂ ਵੰਗਾਂ ਲਿਆਉਂਣ ਲਈ ਕਹਿੰਦੀ ਹੈ:-
‘‘ਵੰਗਾਂ ਲੈਣੀਆਂ ਸੁਨਹਿਰੀ ਰੰਗ ਸੁਹਣਾ,
ਜਾ ਕੇ ਤੂੰ ਲਿਆ ਦੇ ਮਿੱਤਰਾ।’’
                ਸੁਰਮਾ ਪਾਉਂਣਾ ਠੀਕ ਸਿੱਧ ਕਰਨ ਲਈ ਸੁਰਮੇ ਨੂੰ ਅੱਖਾਂ ਦਾ ਦਾਰੂ ਕਹਿੰਦੀ ਹੈ:-
‘‘ਕਾਲਾ ਸੁਰਮਾ ਅੱਖਾਂ ਦਾ ਦਾਰੂ,
ਲੋਕ ਮੈਨੂੰ ਕਹਿਣ ਕੰਜਰੀ।’’
ਜਦੋਂ ਕੋਈ ਗੱਭਰੂ ਕਿਸੇ ਮੁਟਿਆਰ ਨੂੰ ਕਿਸੇ ਗੱਲੋ ਆਪਣੇ ਮਨ ਵਿਚੋ ਵਿਸਾਰ ਦਿੰਦਾ ਹੈ ਤਾਂ ਉਹ ਮੁਟਿਆਰ ਆਪਣੇ ਗੱਭਰੂ ਨੂੰ ਚੋਭ ਲਾਉਂਦੀ ਆਖਦੀ ਹੈ:-
‘‘ਪੱਟ ਹਰੀਆਂ ਬੋਤਲਾ ਵਰਗੇ,
ਤੇਰੇ ਨਾ ਪਸੰਦ ਮੁੰਡਿਆ।’’
ਗੱਭਰੂ ਅਤੇ ਮੁਟਿਆਰ ਦਾ ਜਦ ਆਪਸ ਵਿਚ ਵਿਆਹ ਹੋ ਜਾਂਦਾ ਹੈ, ਮੁੰਡਾ ਸਹੁਰੇ ਘਰੋਂ ਆਪਣੀ ਨਾਰ ਨੂੰ ਲੈ ਕੇ ਤੁਰਦਾ ਹੈ। ਚੰਨ ਜੰਡਿਆਲਵੀ ਨੇ ਬੜਾ ਭਾਵਪੂਰਤ ਚਿੱਤਰ ਚਿਤਰਿਆ ਹੈ।
‘‘ਅੱਗੇ ਤੁਰਿਆ ਬਦਾਮੀ ਪੱਗ ਵਾਲਾ,
ਪਿਛੇ ਪਿਛੇ ਆਵਾਂ ਮੇਲਦੀ।’’
ਇਨ੍ਹਾਂ ਰੰਗਾਂ ਤੋ ਇਲਾਵਾ ਚੰਨ ਆਪਣੇ ਕੀਤਾਂ ਵਿਚ ਕਿਸਮਤ ਦੇ ਰੰਗ ਖਿਆਲਾਂ ਦੇ ਰੰਗ ਅਤੇ ਸਹਿਜ ਅਵਸਥਾ ਦੇ ਕਈ ਰੰਗ ਗਿਣਦਾ ਹੈ। ਚੰਨ ਦੇ ਗੀਤਾ ਵਿਚ ਮਰਦ ਦੇ ਸੁੰਦਰ ਸਡੌਲ ਸਰੀਰ ਵਾਰ ਵੀ ਵਰਨਣ ਹੈ। ਔਰਤਾਂ ਦੇ ਸੁਭਾਅ, ਚਾਲਚਲਣ ਅਤੇ ਉਸਦੇ ਅੰਗਾਂ ਬਾਰੇ, ਉਸਦੇ ਰੰਗਾਂ ਬਾਰੇ, ੳਸਦੀਆਂ ਅਦਾਵਾਂ ਢੰਗਾਂ ਬਾਰੇ, ਅੱਖਾਂ,ਬੁੱਲੀਆਂ, ਮੱਥਾ, ਨੱਕ, ਕੰਨ, ਕਮਰ, ਬਾਰੇ ਤਕਰੀਬਨ ਤਕਰੀਬਨ ਹਰ ਕਵੀ ਨੇ ਕਿਸੇ ਨਾ ਕਿਸੇ ਢੰਗ ਅਤੇ ਵਿਅੰਗ ਨਾਲ ਚਿਤਰਿਆ ਹੈ। ਚੰਨ ਜੰਡਿਆਲਵੀ ਵੀ ਪਿਛੇ ਨਾ ਰਹਿ ਸਕਿਆ।
ਉਸਦੇ ਗੀਤਾਂ ਵਿੱਚ ਔਰਤ ਦੀ ਬਣਤਰ, ਉਸਦੀ ਤੋਰ, ਉਸਦਾ ਪਹਿਨਣ  ਖਾਣ, ਉਸਦਾ ਰਹਿਣ ਸਹਿਣ ਦਾ ਢੰਗ, ਉਸਦੀ ਬੋਲ ਚਾਲ ਬਾਰੇ, ਆਮ ਸੱਤਰਾਂ ਲਿਖੀਆਂ ਉਪਲਬੱਧ ਹਨ। ਇਸਤ੍ਰੀ ਦੇ ਰੰਗ ਰੂਪ ਬਾਰੇ ਲਿਖਦਾ ਹੈ:
‘‘ਭਾਬੀ ਸਾਡੀ ਚੰਦ ਵਰਗੀ ,
ਦੇਖ ਮੁੱਖੜਾ ਵੀਰ ਸ਼ਰਮਾਵੇ।’’ (ਲੈ ਦੇ ਦਿਉਰਾ ਨਾਸਪਾਤੀਆਂ  8)
ਉਸਦੀ ਤੋਰ ਦੇਖਕੇ ਪੈਲਾਂ ਪਾਉਂਣੀਆਂ ਮੋਰ ਭੁੱਲ ਜਾਂਦੇ ਹਨ। ਕਦੇ ਹਿਰਨੀਆਂ ਵਰਗੀਆਂ ਤੋਰਾਂ ਲਿਖਦਾ ਹੈ ਕਦੇ ਹਿਰਨੀ ਵਰਗੀਆਂ ਅੱਖਾਂ ਲਿਖਦਾ ਹੈ। ਜਿਨ੍ਹਾਂ ਅੱਖਾਂ ਨੂੰ ਦੇਖਕੇ ਕਈ ਮਿਰਗ ਗਸ਼ ਖਾ ਕੇ ਡਿੱਗ ਪੈਂਦੇ ਹਨ। ਮੁਟਿਆਰ ਦੀ ਗੁੱਤ ਨੂੰ ਸੱਪਣੀ ਦਾ ਰੂਪ ਦਿੱਤਾ ਹੈ। ਮੁਟਿਆਰ ਦੇ ਗੋਰੇ ਰੰਗ ਦਾ ਪ੍ਰਤੀਕ੍ਰਮ ਹੇਠ ਲਿਖੇ ਗੀਤ ਵਿਚ ਵਿਖਾਉਂਦਾ ਹੈ:-
‘‘ਗੋਰੇ ਰੰਗ ਨੇ ਪੁਆੜੇ ਪਾਏ।
ਨੀ ਗਲੀਆਂ ,ਚ ਗੱਲ ਫੈਲ ਗਈ।’’
ਮੁਟਿਆਰ ਦੀਆਂ ਗੱਲ੍ਹਾਂ ਦੀ ਬਣਤਰ ਦੀ ਤੁਲਨਾ ਅੰਬੀਆਂ ਨਾਲ ਕਰਦਾ ਹੈ:-
‘‘ਗੱਲ੍ਹਾਂ ਸੰਦਲੀ ਸੰਧੂਰੀ ਅੰਬੀਆਂ ,
ਤੇ ਅੱਖੀਆਂ ਦਾ ਮੁੱਲ ਕੋਈ ਨਾ।’’ (ਸਪਣੀ ਵਰਗੀਆਂ ਤੋਰਾ 9)
ਮੁਟਿਆਰ ਦੇ ਲਚਕੀਲੇ ਲੱਕ ਦਾ ਆਪਣੇ ਗੀਤ ਵਿਚ ਵਰਨਣ ਕਰਦਾ ਲਿਖਦਾ ਹੈ:-
‘‘ਪਤਲਾ ਲੱਕ ਮਰੋੜੇ ਖਾਵੇ।
ਡਰ ਲੱਗਦਾ ਟੁੱਟ ਨਾ ਜਾਵੇ। (ਸਪਣੀ ਵਰਗੀਆਂ ਤੋਰਾਂ 16)
ਅਤੇ:-
‘‘ਘੜਾ ਪਤਲੀ ਢਾਕ ਤੇ ਧਰ ਕੇ ,
ਚੰਨਾ ਵੇ ਤੈਨੂੰ ਟੋਹਲਦੀ ਫਿਰਾਂ।’’ (ਤੇਰੀ ਮੇਰੀ ਇੱਕ ਜਿੰਦੜੀ 22)
ਮੁਟਿਆਰ ਦੀਆਂ ਬੁੱਲੀਆਂ ਨੂੰ, ਗੁਲਾਬ ਦੇ ਫੁੱਲਾਂ ਨਾਲ ਤੁਲਨਾਇਆ ਹੈ:-
‘‘ਬੁੱਲੀਆਂ ਗੁਲਾਬੀ ਖਿੜੇ ਫੁੱਲ ਨੇ ਗੁਲਾਬ ਦੇ।
ਨੈਣੀਂ ਡੋਰੇ ਕੱਜਲੇ ਦੇ , ਡੋਰੇ ਨੀ ਸ਼ਰਾਬ ਦੇ।’’
ਠੋਡੀ ਦੇ ਸਿੰਗਾਰ ਬਾਰੇ ਵਰਨਣ  ਕੀਤਾ ਹੈ।
‘‘ਗੋਰੀਆਂ ਗੱਲ੍ਹਾਂ ਤੇ ਠੋਡੀ ਉਤੇ ਕਾਲਾ ਤਿੱਲ ਨੀ।
ਕੱਢੀ ਜਾਵੇ ਮੱਲੋ ਮੱਲੀ ਚੋਬਰਾਂ ਦਾ ਦਿਲ ਨੀ।’’
ਲੰਬੀਆਂ ਲੰਬੀਆਂ ਜ਼ੁਲਫਾਂ ਦਾ ਗਭਰੂ ਦੇ ਦਿਲ ਉਪਰ ਕੀ ਅਸਰ ਹੁੰਦਾ ਹੈ ਉਸਦਾ ਬਿਆਨ ਵੀ ਚੰਨ ਨੇ ਬਾ ੱਖੂਬੀ ਕੀਤਾ ਹੈ।
‘‘ਗੱਜ ਗੱਜ ਲੰਬੀਆਂ ਜੁ਼ਲਫਾਂ ਖਿਲਾਰ ਕੇ।
ਚੰਨ ਜੰਡਿਆਲੇ ਵਾਲਾ ਛੱਡੇਗੀਂ ਤੂੰ ਮਾਰ ਕੇ।’’
ਔਰਤ ਦੀਆਂ ਜਾਦੂ ਭਰੀਆਂ ਅੱਖੀਆਂ ਨੂੰ, ਕਦੇ ਟੂਣੇ ਹਾਰੀਆਂ ਲਿਖਦਾ ਹੈ। ਕਦੀ ਸ਼ਰਾਬ ਵਾਂਗ ਮਸਤ ਹੋਈਆਂ ਲਿਖਦਾ ਹੈ। ਕਦੇ ਨਜ਼ਰਾਂ ਦੇ ਤਿੱਖੇ ਤਿੱਖੇ ਤੀਰ ਗੀਤਾਂ ਵਿਚ ਖਿੱਚਕੇ ਮਾਰਦਾ ਹੈ। ਸ਼ਰਬਤੀ ਰੰਗ ਦੇ ਡੋਰਿਆਂ ਬਾਰੇ ਚੰਨ ਦੇ ਵਿਚਾਰ ਪੜ੍ਹਨਯੋਗ ਹਨ:-
‘‘ਨੀਲੇ ਨੀਲੇ ਨੈਣਾਂ ਦੇ ਵਿਚ ਨੀਮ ਸ਼ਰਬਤੀ ਡੋਰੇ।
ਸੌ ਵੱਲ ਖਾਂਦੀ, ਜਾਏ ਨਖਰੇਲੋ ਦੇਖਣ ਕਾਲੇ ਗੋਰੇ।’’(ਚਿਟਿਆਂ ਦੰਦਾਂ ਦਾ ਹਾਸਾ  65)
ਉਭਰੀ ਹਿੱਕੜੀ ਨੂੰ ਕਦੇ ਬਾਗ ਦੇ ਨਿਬੂੰ ਲਿਖਦਾ ਹੈ, ਕਦੇ ਦੋ ਪਹਾੜੀਆਂ ਲਿਖਦਾ ਹੈ। ਕਦੇ ਗੁੱਤਾਂ ਦੇ ਨਾਗ ਉਸ ਉਂਪਰ ਲਿਟਾਉਂਦਾ ਹੈ। ਗਹਿਣਿਆਂ ਵਿਚੋਂ ੍ਹਾਰ ਦੇ ਨਾਲ ਨਾਲ ਤਵੀਤਾਂ ਬਾਰੇ ਵੀ ਲਿਖਿਆ ਹੈ।
‘‘ਠਹਿਰ ਜਰਾ ਮੈਂ ਸੂਤ ਕਰ ਲਵਾਂ , ਚੁੰਨੀ ਤਿੱਤਰ ਖੰਭੀ।
ਗੋਰੀ ਹਿੱਕ ਤਵੀਤਾਂ ਵਾਲੀ, ਬਦੋਬਦੀ ਹੋਏ ਨੰਗੀ।(ਚਿਟਿਆਂ ਦੰਦਾਂ ਦਾ ਹਾਸਾ 72)
ਮੁਟਿਆਰ ਦੇ ਮੱਥੇ ਦੇ ਤੇਜ ਕੋਲੋਂ ਆਸਮਾਨ ਦਾ ਚੰਨ ਰੌਸ਼ਨੀ ਲੈਂਦਾ ਹੈ। ਆਕਾਸ਼ਾਂ ਦਾ ਚੰਨ ਕਿਵੇਂ ਰੌਸ਼ਨੀ ਲੈਂਦਾ ਹੈ ਧਰਤੀ ਦਾ ਚੰਨ ਜੰਡਿਆਲੇ ਵਾਲਾ ਅਪਣੇ ਗੀਤ ਵਿਚ ਲਿਖਦਾ ਹੈ:-
‘‘ਦਿਨ ਰਾਤ ਵੇਖਦੇ ਨੇ ਤੈਨੂੰ ਘੁੰਮ ਘੁੰਮ ਕੇ।
ਚੰਦ ਚਮਕੇ ਨੀ ਤੇਰਾ ਚੰਦ ਮੱਥਾ ਚੁੰਮਕੇ।’’ (ਦਿਨ ਚੜ੍ਹਦੇ ਦੀ ਲਾਲੀ 17)
ਪੈਰਾਂ ਵਿਚ ਝਾਂਜਰਾਂ ਹਨ, ਹੱਥਾਂ ਉਤੇ ਮਹਿੰਦੀ ਹੈ। ਛਣਕਦੀਆਂ ਝਾਜਰਾਂ ਰਾਹੀਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਅਤੇ ਗੋਰੇ ਗੋਰੇ ਹਥਾਂ ਉਪਰ ਲੱਗੀ ਹੋਈ ਲਾਲ ਮਹਿੰਦੀ ਵੇਖ ਕੇ ਗੱਭਰੂ ਦਿਲ ਹਾਰ ਜਾਂਦੇ ਹਨ।
‘‘ਪੈਰਾਂ ਵਿਚ ਝਾਂਜਰਾਂ ਤੇ ਹੱਥੀਂ ਤੇਰੇ ਮਹਿੰਦੀ ਨੀਂ।
ਝਾਂਜਰਾਂ ਬਲਾਉਂਣ ਰਾਹੀ ਮਹਿੰਦੀ ਗੱਲ ਪੈਂਦੀ ਨੀਂ।(ਦਿਨ ਚੜ੍ਹਦੇ ਦੀ ਲਾਲੀ 20)
ਅਜੇ ਤੱਕ ਕਿਸੇ ਸ਼ਾਇਰ ਨੇ ਔਰਤ ਦੀ ਪਿੱਠ ਬਾਰੇ ਕਦੇ ਕੋਈ ਸਿਫ਼ਤ ਨਹੀਂ ਲਿਖੀ। ਵੇਖੋ ਚੰਨ ਜੰਡਿਆਲਵੀ ਦੀ ਔਰਤ ਦੀ ਪਿੱਠ ਬਾਰੇ ਨਿਰੁਕਤੀ:-
‘‘ਪਿੱਠ ਤੇ ਪਰਾਂਦਾ ਵੇਖੋ ਕਿੰਨੇ ਲੋਹੜੇ ਮਾਰਦਾ?’’(ਤੇਰੀ ਮੇਰੀ ਇੱਕ ਜਿੰਦੜੀ 18)
ਅਤੇ:-
‘‘ਨ੍ਹੇਰੀ ਵਾਂਗੂੰ ਚੜ੍ਹ ਗਈ ਜਵਾਨੀ ਕਹਿਰ ਦੀ।
ਗੋਰਾ ਰੰਗ ਪਿੰਡੇ ਤੇ ਨਾ ਮੱਖੀ ਠਹਿਰਦੀ।’’ (ਦਿਨ ਚੜ੍ਹਦੇ ਦੀ ਲਾਲੀ 23)
ਨੱਕ ਬਾਰੇ ਵੀ ਚੰਨ ਦਾ ਲਿਖਿਆ ਮਤਲਾ ਹਾਜਿਰ ਹੈ।
ਲਾਵੇ ਕਾਲਜੇ, ਤੇ ਪੱਛ ਤਿੱਖਾ ਨੱਕ ਨੀ ਮਜ਼ਾਜਣੇ।
ਆਸ਼ਕ ਚੜਾਵੇਂ ਸੂਲੀ ਤੱਕ ਨੀ ਮਜ਼ਾਜਣੇ।’’
ਚੰਨ ਨੇ ਮੁਟਿਆਰ ਦੇ ਦੰਦਾਂ ਬਾਰੇ ਕਦੀ ਛੱਲੀਆਂ ਦੇ ਦਾਣੇ ਲਿਖੇ ਹਨ। ਵੇਖੋ ਕਦੇ ਦੰਦਾਂ ਨੂੰ ਮੋਤੀਆਂ ਨਾਲ ਤੁਲਨਾ ਕਰਦਾ ਹੈ।
‘‘ਦੰਦ ਮੋਤੀਆਂ ਵਰਗੇ ਤੇਰੇ, ਚਾਲ ਸ਼ਰਾਬਣ ਤੇਰੀ।
ਕਾਲਾ ਲੈਹਿੰਗਾ ਪਾ ਕੇ ਸੂਫ਼ ਦਾ, ਬਣਦੀ ਜਾਏਂ ਹਨੇਰੀ।’’ (ਦਿਨ ਚੜ੍ਹਦੇ ਦੀ ਲਾਲੀ 34)
ਚੰਨ ਨੇ ਮੁਟਿਆਰ ਦੇ ਹਰ ਅੰਗ ਬਾਰੇ ਕਿਸੇ ਨਾ ਕਿਸੇ ਤਸ਼ਬੀਹ ਨਾਲ ਲਿਖਿਆ ਹੈ। ਕਦੇ ਧੌਣ ਨੂੰ ਉਹ ਸੁਰਾਹੀ ਕਹਿੰਦਾ ਹੈ। ਕਦੇ ਉਹ ਧੌਣ ਵਿੱਚ ਗਹਿਣਿਆਂ ਦੀ ਭਰਮਾਰ ਦੱਸਦਾ ਹੈ। ਹੇਠਲੇ ਗੀਤ ਵਿਚ ਪੜ੍ਹੋ। ਮੁਟਿਆਰ ਦੀ ਧੌਣ ਨੂੰ ਚੰਨ ਨੇ ਕਿਸ ਤਰ੍ਹਾਂ ਸਜਾਇਆ ਹੈ।
‘‘ਇੱਕ ਲੱਕ ਪੱਤਲਾ, ਦੂਜੀ ਅੱਖ ਮਸਤਾਨੀ।
ਗੋਰੀ ਗੋਰੀ ਧੌਣ ਉਤੇ ਕਾਲੀ ਕਾਲੀ ਗਾਨੀ।
ਹਾਇ ਮਾਰ ਸੁਟਿਆ।’’ (ਦਿਨ ਚੜਦੇ ਦੀ ਲਾਲੀ 36)
ਕੰਨਾਂ ਬਾਰੇ ਲਿਖਦਾ ਕਦੇ ਕੰਨਾਂ ਵਿਚ ਵਾਲੀਆਂ ਅਤੇ ਬੁੰਦੇ ਪਾਉਂਦਾ ਹੈ ਕਦੇ ਕਾਂਟੇ ਪਾਉਂਦਾ ਹੈ। ਹੇਠਲੇ ਗੀਤ ਵਿਚ ਉਸਨੇ ਮੁਟਿਆਰ ਦੇ ਕੰਨਾਂ ਵਿਚ ਝੁੱਮਕੇ ਪਵਾਏ ਹਨ।
‘‘ਸੁਹਣੇ ਚੱਲੇ ਮਾਰਕੀਟ ਨੂੰ, ਬੱਲੇ ਬੱਲੇ।
ਕੰਨਾ ਵਿਚ ਸੁਨਿਹਰੀ ਝੁੱਮਕੇ
ਹੱਥੀਂ ਛਾਪਾਂ ਛੱਲੇ।
ਸੁਹਣੇ ਚੱਲੇ ਮਾਰਕੀਟ ਨੂੰ।’’ (ਚਿਟਿਆਂ ਦੰਦਾਂ ਦਾ ਹਾਸਾ 65)
ਪੰਜਾਬ ਦੇ ਮੱਧਕਾਲੀਨ ਸਭਿਆਚਾਰ ਵਿਚ ਅਤੇ ਅਜੋਕੇ ਸਭਿਆਚਾਰ ਵਿਚ ਔਰਤ ਦੇ ਗੌਰਵ ਨੂੰ ਉਸਦੀ ਪੁਸ਼ਾਕ ਹੀ ਮੰਨਿਆਂ ਗਿਆ ਹੈ ਕਿਉਂਕਿ ਔਰਤ ਦੇ ਅੰਗਾਂ ਨੂੰ ਉਸਦਾ ਪਹਿਰਾਵਾ ਹੀ ਢੱਕਦਾ ਹੈ।ਕਈ ਔਰਤਾਂ ਮਰਦਾਂ ਨੁੰ ਆਪਣੇ ਹੱਵਸ ਦੇ ਜਾਲ ਵਿਚ ਫਸਾਉਂਣ ਲਈ ਆਪਣੇ ਅੰਗਾਂ ਦੀ ਪ੍ਰਦਰਸ਼ਨੀ ਕਰਦੀਆਂ ਹਨ। ਚੰਨ ਜੰਡਿਆਲਵੀ ਨੇ ਆਪਣੇ ਕੀਤਾਂ ਵਿਚ ਇਸ ਪ੍ਰਦਰਸ਼ਣੀ ਦੀ ਇੱਕ ਚਿਤਰਾਵਲੀ ਬਣਾਈ ਹੈ।
ਗੀਤਾਂ ਵਿਚ ਪੰਜਾਬ ਦੇ ਪਿੰਡ ਅਤੇ ਸ਼ਹਿਰ
ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਰਨਣ ਕਰਦਾ ਚੰਨ, ਮੁਟਿਆਰ ਦੇ ਮੂੰਹੋਂ ਅਪਣੇ ਪਿੰਡ ਜਾਂ ਸ਼ਹਿਰ ਦੀਆਂ ਸਿਫ਼ਤਾਂ ਕਰਵਾਉਂਦਾ ਹੈ । ਇਹ ਸਿਫਤਾਂ ਨਿਰੀਆਂ ਉਹ ਮੁਟਿਆਰ ਦੇ ਸ਼ਹਿਰ ਹੋਣ ਕਰਕੇ ਹੀ ਨਹੀਂ ਸਗੋਂ ਉਹ ਸਿਫਤਾਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਸਤਵ ਵਿਚ ਵੇਖੀਆਂ ਜਾਂਦੀਆਂ ਹਨ। ਹੇਠ ਲਿਖੇ ਗੀਤਾਂ ਦੇ ਅਵਤਰਣ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਵੈ ਵਰਨਣ ਹਨ।
‘‘ਮੇਰਾ ਸੁਹਣਾ ਸ਼ਹਿਰ ਜਲੰਧਰ ਵੇ,
ਮੈ ਜੰਮੀ ਪਲੀ ਜਿਸ ਅੰਦਰ ਵੇ।
ਕਦੀ ਆਵੇਂ ਜੇ ਲੁਧਿਆਣੇ ਨੀ,
ਤਾਂ ਇਹਦੀਆਂ ਸਿਫਤਾਂ ਜਾਣੇ ਨੀ।’’ (ਤੇਰੀ ਮੇਰੀ ਇੱਕ ਜਿੰਦੜੀ 34 )
‘‘ਬੜੀ ਦੂਰ ਬਿੱਲੋ ਅਜੇ ਰਹਿੰਦਾ ਜੰਡਿਆਲਾ ਨੀ।
ਕਿਰ ਕਿਰ ਪੈਂਦੀ ਠੰਡ ਲੱਗਦਾ ਏ ਪਾਲਾ ਨੀ।
ਹੋਰ:-
‘‘ਮੈ ਜੱਟੀ ਮਾਲਵੇ ਦੀ,
ਜੱਟਾ ਕਦੇ ਨਾ ਦਬਾਅ ਥੱਲੇ ਆਊਂ
ਸਾਨੂੰ ਵੀ ਮਝੈਲ ਆਖਦੇ,
ਅਸੀਂ ਕੱਚੀਆਂ ਨਹੀਂ ਗੋਲੀਆਂ ਖੇਲੇ।’’ (ਤੇਰੀ ਮੇਰੀ ਇੱਕ ਜਿੰਦੜੀ 102)
ਅਤੇ:-
‘‘ਮੁੰਡਿਆ ਸਿਆਲਕੋਟੀਆ ਮੈ ਮੰਜਕੀ ਦੀ ਜਾਈ’’ (ਤੂੰਬੀ ਦੇ ਗੀਤ 13)
         ਏਸੇ ਤਰ੍ਹਾਂ ਜੰਮੂ ਕਸ਼ਮੀਰ, ਦਿੱਲੀ, ਅਮ੍ਰਿਤਸਰ, ਪਟਿਆਲਾ, ਅੰਬਾਲਾ, ਸੂਰਾਨੁਸੀ, ਫ਼ਗਵਾੜਾ, ਨਵਾਂਸ਼ਹਿਰ, ਖਾਨਖਾਨਾ, ਜਗਰਾਵਾਂ, ਮੋਗਾ, ਚੰਡੀਗੜ੍ਹ, ਯੂ ਪੀ, ਸੀਪ ੀ, ਪੰਜਾਬ, ਕਾਬਲ ਕੰਧਾਰ, ਹਰਿਆਣਾ, ਹਿਮਾਚਲ, ਬੰਗਾਲ, ਬਿਹਾਰ ਅਤੇ ਵਲੈਤ ਵਿੱਚ ਆਣਕੇ ਵੀ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਨਾਮ ਆਪਣੇ ਗੀਤਾਂ ਵਿਚ ਵਰਤਣੋਂ ਨਹੀਂ ਹੱਟਿਆ । ਕਲਾਤਮਿਕ ਗੱਲ ਇਹ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਦੇ ਨਾ ਆਪਣੇ ਗੀਤਾਂ ਵਿਚ ਇਸ ਤਰ੍ਹਾਂ ਵਰਤਦਾ ਹੈ, ਕਦੇ ਪਾਠਕ ਅਤੇ ਸਰੋਤੇ ਨੂੰ ਇਹ ਗੀਤ ਓਪਰੇ ਨਹੀਂ ਲੱਗਦੇ। ਦੇਖੋ ਇੱਕ ਝੱਲਕੀ :
‘‘ਬਿੱਲਬੌਟਮ ਲਿਆਂਦਾ ਕਿਹੜੀ ਸ਼ਾਪ ਤੋਂ,
ਤੂੰ ਮਿਡਲੈਂਡ ਸਾਰਾ ਪੱਟਿਆ।
ਕੋਈ ਛੱਡਿਆ ਨਾ ਵੱਡਾ ਛੋਟਾ ਆਪ ਤੋਂ,
ਇੰਗਲੈਂਡ ਸਾਰਾ ਪੱਟਿਆ।’’(ਸਪਣੀ ਵਰਗੀਆਂ ਤੋਰਾਂ 61)
ਗੀਤਾਂ ਵਿਚ ਰਿਸ਼ਤੇ ਨਾਤੇ
        ਪੰਜਾਬ ਦਾ ਸਭਿਆਚਾਰ ਹੀ ਰਿਸ਼ਤੇ ਨਾਤਿਆਂ ਨਾਲ ਅਭਿਵਿਅਕਤ ਹੋਇਆ ਹੈ। ਲੋਕਾਂ ਵਿਚ ਆਪਸੀ ਸਾਂਝ, ਮਿੱਠ ਬੋਲਣਾ, ਇੱਕ ਦੂਜੇ ਦੀ ਸਹਾਇਤਾ ਕਰਨੀ, ਆਪਸ ਵਿਚ ਪ੍ਰੇਮ ਪਿਆਰ ਨਾਲ ਰਹਿਣਾ ਪੰਜਾਬੀਆਂ ਦਾ ਕਰਤੱਵ ਹੈ। ਚੰਨ ਦੇ ਗੀਤਾਂ ਮੁਤਾਬਿਕ ਕੁਰਬਾਨੀ ਦਾ ਦੂਸਰਾ ਨਾਂ ਪੰਜਾਬੀਅਤ ਹੈ। ਚੰਨ ਨੇ ਪ੍ਰੀਵਾਰਾਂ , ਕਬੀਲਿਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਗੱਲ ਕੀ ਹਰ ਢੰਗ ਦੇ ਰਿਸ਼ਤੇ ਅਤੇ ਨਾਤਿਆਂ ਨੂੰ ਆਪਣੇ ਗੀਤਾਂ ਦਾ ਆਧਾਰ ਬਣਾਇਆ ਹੈ। ਕਈ ਬਾਰ ਉਹ ਇਨ੍ਹਾਂ ਰਿਸ਼ਤੇ ਅਤੇ ਨਾਤਿਆਂ ਨੂੰ ਇੱਕ ਪ੍ਰਤਕਿ ਵਜੋਂ ਵਰਤਦਾ ਹੈ। ਕਦੇ ਉਹ ਗੀਤਾਂ ਵਿਚ ਇਨ੍ਹਾਂ ਰਿਸ਼ਤਿਆਂ ਦੇ ਫ਼ਰਜਾਂ ਨੂੰ ਉਘਾੜਦਾ ਹੈ। ਕਦੇ ਉਹ ਇਨ੍ਹਾਂ ਰਿਸ਼ਤਿਆਂ ਵਿਚ ਪੈ ਰਹੀਆਂ ਤ੍ਰੇੜਾਂ ਨੂੰ ਦਰਸਾਉਂਦਾ ਹੈ। ਮਾਂ ਪੁੱਤਰ ਦਾ ਰਿਸ਼ਤਾ, ਪਿਉ ਪੁੱਤਰ ਦਾ ਰਿਸ਼ਤਾ, ਭੈਣ ਭਰਾ ਦਾ ਰਿਸ਼ਤਾ, ਭਾਈ ਭਾਈ ਦਾ ਰਿਸ਼ਤਾ, ਮਾਂ ਪਿਉ ਅਤੇ ਧੀ ਦਾ ਰਿਸ਼ਤਾ। ਗੱਲ ਕੀ ਉਸਨੇ ਹਰ ਇੱਕ ਖੂਨ ਦੇ ਰਿਸ਼ਤੇ ਦੇ ਨਾਲ ਨਾਲ ਦੋਸਤੀ ਯਾਰੀ ਬਾਰੇ ਵੀ ਗੀਤ ਲਿਖੇ ਹਨ। ਹੇਠ ਲਿਖੀਆਂ ਗੀਤਾਂ ਦੀਆਂ ਸੱਤਰਾਂ ਉਦਾਹਰਣ ਚਿੰਨ੍ਹਾਂ ਲਈ ਧਿਆਨਣ ਯੋਗ ਹਨ।
‘‘ਨੰਗੇ ਪੈਰੀਂ ਜਾਵਾਂ ਲਾਹਵਾਂ ਮਾਪਿਆਂ ਦਾ ਕਰ ਵੇ।
ਜੇ ਮੈਂ ਕਹਿਣਾ ਮੋੜ ਦੇਵਾਂ ਬਾਬਲੇ ਦਾ ਡਰ ਵੇ।’’(ਤੇਰੀ ਮੇਰੀ ਇੱਕ ਜਿੰਦੜੀ 42)
‘‘ਭੱਤਾ ਦੇ ਕੇ ਤੋਰ ਦੇਣ ਸਿਖਰ ਦੁਪਿਹਰੇ ਮੈਨੂੰ,
ਆਪ ਘਰੀਂ ਬਹਿਣ ਭਰਜਾਈਆਂ।’’ (ਤੇਰੀ ਮੇਰੀ ਇੱਕ ਜਿੰਦੜੀ 42)
‘‘ਚੁੰਨੀ ਮੋਢਿਆਂ ਤੇ ਟਿੱਕਦੀ ਨਾ ਖਸਮਾਂ ਨੂੰ ਖਾਣੀਂ’’
(ਤੇਰੀ ਮੇਰੀ ਇੱਕ ਜਿੰਦੜੀ 42)
‘‘ਰੁੱਸੇ ਢੋਲ ਨੂੰ ਮਨਾਵਣ ਜਾਵਾਂ।
ਨਿੱਕਾ ਜਿਹਾ ਘੁੰਡ ਕੱਢਕੇ।’’
ਦਿਉਰਾ ਵੇ ਦਿਉਰਾ ਰੋਟੀ ਖਾ ਲੈ ਕਲੈਹਰੀਆਂ ਮੋਰਾ।
ਤੇਰਾ ਭੱਤਾ ਲੈ ਕੇ ਆਈ ਤੇਰੀ ਫੁੱਲ ਵਰਗੀ ਭਰਜਾਈ।’’
‘‘ਸਾਨੂੰ ਕਾਹਦਾ ਚਾਅ ਜੇਠ ਦੀ ਮੋਟਰ ਦਾ।’’
(ਤੇਰੀ ਮੇਰੀ ਇੱਕ ਜਿੰਦੜੀ 54)
‘‘ਜੀਜਾ ਅੱਖੀਆਂ ਨਾ ਮਾਰ ਮੈਂ ਤਾਂ ਕੱਲ੍ਹ ਦੀ ਕੁੜੀ।’’ (ਤੇਰੀ ਮੇਰੀ ਇੱਕ ਜਿੰਦੜੀ 54 )
‘‘ਤੂੰ ਇੱਕ ਵੀਰ ਦਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਜੀਅ ਕਰਦਾ।’’ (ਤੂੰਬੀ ਦੇ ਗੀਤ 14)
ਚੰਨ ਨੇ ਜੇਕਰ ਰਿਸ਼ਤੇ ਨਾਤਿਆਂ ਨੂੰ ਆਪਣੇ ਗੀਤਾਂ ਵਿਚ ਲਿਖਿਆ ਹੈ ਸਿਰਫ਼ ਉਨ੍ਹਾਂ ਦੇ ਪਿਆਰ ਪੱਖੀ ਕਿਰਦਾਰਾਂ ਨੂੰ ਹੀ ਉਘਾੜਿਆ ਹੈ। ਕਈ ਵਾਰ ਉਹ ਦਰਜੇ ਬਦਰਜੇ ਦੇ ਰਿਸ਼ਤਿਆਂ ਵਲੋਂ ਹੁੰਦਾ ਸਤਿਕਾਰ ਅਤੇ ਹੈਂਕੜ ਵੀ ਦਿਖਾਲਦਾ ਹੈ।
ਦਾਜ ਦਹੇਜ ਦਾ ਪ੍ਰਦਰਸ਼ਣ
ਦਾਜ ਦਹੇਜ ਪੰਜਾਬ ਦੇ ਸਭਿਅਚਾਰ ਲਈ ਇੱਕ ਕਲੰਕ ਹੈ। ਇਹ ਪ੍ਰੰਪਰਾ ਉਸ ਸਮੇ ਚੱਲੀ ਲੱਗਦੀ ਹੈ ਜਦ ਕਿਸੇ ਘਰ ਦੀ ਮੁਟਿਆਰ ਧੀ ਆਪਣਾ ਪੇਕਾ ਘਰ ਛੱਡਕੇ ਸਹੁਰੇ ਨਹੀਂ ਜਾਣਾ ਚਾਹੁੰਦੀ ਸੀ। ਘਰੋਂ ਨਾ ਤੁਰਨ ਦੇ ਉਸਨੇ ਕਈ ਬਹਾਨੇ ਕੀਤੇ ਹੋਣਗੇ। ਜਿਵੇਂ ਬੁੱਢੇ ਮਾਂ ਬਾਪ ਨੂੰ ਕਿਹਾ ਹੋਵੇਗਾ ਕਿ ਮੇਰੇ ਮਗਰੋਂ ਤੁਹਾਡੀ ਕੌਣ ਸੇਵਾ ਕਰੇਗਾ? ਵੀਰਾਂ ਨੂੰ ਆਖਿਆ ਹੋਵੇਗਾ ਕਿ ਭਾਬੀਆਂ ਦਾ ਦਿਲ ਕੌਣ ਬਹਿਲਾਵੇਗਾ? ਇਹ ਸਭ ਕੁਝ ਨਿਸਫਲ ਹੁੰਦਾ ਵੇਖਕੇ ਆਖਰੀ ਦਾਅ ਚਲਾਉਂਦੀ ਕਹਿੰਦੀ ਹੋਵੇਗੀ ਕਿ ਮੇਰੇ ਵੀਰਾਂ ਨੇ ਜ਼ਮੀਨਾਂ ਜਾਇਦਾਦਾਂ ਦਾ ਵਾਰਿਸ ਹੋਜਾਣਾ ਹੈ। ਪਰ ਮੈਨੂੰ ਵੀ ਆਪਣੇ ਮਾਪਿਆਂ ਦੀ ਜਗੀਰ ਵਿਚੋਂ ਹਿੱਸਾ ਚਾਹੀਦਾ ਹੈ। ਦਾਜ ਦਹੇਜ ਦੀ ਪੰਡ ਬੰਨਕੇ ਆਪਣੇ ਬਾਪ ਨੂੰ ਕਹਿੰਦੀ ਹੈ ਕਿ ਜੇਕਰ ਮੇਰਾ ਵਿਆਹ ਹੀ ਕਰਨਾ ਹੈ ਤਾਂ ਸੁਣੋ:
‘‘ਪੱਕਾ ਘਰ ਟੋਹਲੀਂ ਬਾਬਲਾ,
ਕਿਤੇ ਲਿੱਪਣੇ ਨਾ ਪੈਣ ਬਨੇਰੇ।’’(ਚੰਨ ਦਾ ਗਿੱਧਾ 26)        
ਏਸੇ ਤਰ੍ਹਾਂ ਹੌਲੀ ਹੌਲੀ ਇਹ ਰਿਵਾਜ ਹੀ ਹੋ ਗਿਆ ਕਿ ਧੀ ਦੀ ਡੋਲੀ ਨਾਲ ਵਿੱਤ ਮੁਤਾਬਿਕ ਦਾਜ ਦਿੱਤਾ ਜਾਣ ਲੱਗ ਪਿਆ ਅਤੇ ਫਿਰ ਇਹ ਲੜਕੇ ਵਾਲਿਆਂ ਦੇ ਘਰਾਣੇ ਦੀ ਅਮੀਰਤਾ ਨੂੰ ਜਾਣਕੇ ਇਹ ਦਾਜ ਵਿੱਤੋਂ ਵਾਹਰਾ ਵੀ ਦਿੱਤਾ ਜਾਣ ਲੱਗ ਪਿਆ। ਇਹ ਰਸਮ ਲੋਕਾਂ ਵਿੱਚ ਇਸ ਤਰ੍ਹਾਂ ਪੱਕ ਗਈ ਅੱਜ ਕੱਲ ਮੁੰਡੇ ਵਾਲੇ ਪਹਿਲਾਂ ਦਾਜ ਕਿੰਨਾ ਆਵੇਗਾ ਇਸ ਬਾਰੇ ਪੂਰੀ ਪਰਖ ਕਰਦੇ ਹਨ। ਬਹੁਤੇ ਦਾਜ ਦੀ ਆਸ ਨਾ ਹੋਣ ਕਾਰਣ, ਚੰਨ ਲਿਖਦਾ ਹੈ ਕਿ ਰਿਸ਼ਤੇ ਟੁੱਟ ਵੀ ਜਾਂਦੇ ਹਨ, ਕਈ ਵਾਰ ਵਿਆਹ ਤੋਂ ਬਾਅਦ ਵੀ ਇਸਤ੍ਰੀ ਨੂੰ ਤੰਗੀਆਂ ਦੇ ਕੇ ਦਾਜ ਦੀ ਮੰਗ ਕੀਤੀ ਜਾਂਦੀ ਹੈ। ਇਸ ਕੋਹੜ ਬਾਰੇ ਚੰਨ ਜੰਡਿਆਲਵੀ ਨੇ ਪੁੱਤਰਾਂ ਵਾਲਿਆਂ ਨੂੰ ਆਪਣੇ ਗੀਤਾਂ ਵਿਚ ਚੁਣੌਤੀਆਂ ਦਿੱਤੀਆਂ ਹਨ। ਮੁਟਿਆਰਾਂ ਦੇ ਦਾਜ ਹਿੱਤ ਬਲੀ ਚੜ੍ਹਨ ਦਾ ਉਸਨੂੰ ਨਿੱਤ ਖਦਸ਼ਾ ਹੈ। ਉਸਨੇ ਆਪਣੇ ਗੀਤਾਂ ਵਿਚ ਲਿਖਕੇ ਸਮਝਾਉਂਣ ਦੀ ਕੋਸਿ਼ਸ਼ ਕੀਤੀ ਹੈ, ਕਿ ਕਿਸੇ ਦੇ ਮਾਲ ਧੰਨ ਦਿਤਿਆਂ ਬੰਦੇ ਦੀ ਕਦੇ ਵੀ ਨੀਯਤ ਨਹੀਂ ਭਰਦੀ ਹੁੰਦੀ। ਦਾਜ ਮੂੰਹੋਂ ਨਹੀਂ ਮੰਗਣਾ ਚਾਹੀਦਾ । ਜੋ ਸਰਦਾ ਆਪਣੀ ਧੀ ਨੂੰ ਜੋ ਮਰਜੀ ਦੇਵੇ । ਉਹ ਦੁੱਧ ਬਰਾਬਰ ਹੁੰਦਾ ਹੈ । ਜਿਹੜੀ ਚੀਜ ਮੰਗ ਕੇ ਲਈ ਜਾਵੇ ਉਹ ਪਾਣੀ ਬਰਾਬਰ ਹੁੰਦੀ ਹੈ। ਹਰ ਧੀ ਭੈਣ ਦੀ ਇੱਜ਼ਤ ਸਾਂਝੀ ਸਮਝਣੀ ਚਾਹੀਦੀ ਹੈ । ਚੰਨ ਬੜੇ ਭਾਵਪੂਰਤ ਤਰੀਕੇ ਨਾਲ ਆਪਣਾ ਗੀਤ ਹੇਠ ਲਿਖੇ ਦੀ ਤਰ੍ਹਾਂ ਕਲਮਬੰਧ ਕਰਦਾ ਹੈ।
‘‘ਪਾਲ ਕੇ ਧੀ ਆਪਣੀ ਜੋ,
ਦੇਵੇ ਨਾਲ ਕਿਸੇ ਦੇ ਤੋਰ।
ਉਸ ਨਿਮਾਣੇ ਮਾਂ ਬਾਪ ਦੇ,
ਰਿਹਾ ਕੀ ਪੱਲੇ ਹੋਰ।’’(ਚਿਟਿਆਂ ਦੰਦਾਂ ਦਾ ਹਾਸਾ 39)
ਗੀਤਾਂ ਵਿਚ ਪਹਿਨਣ ਖਾਣ ਅਤੇ ਗਹਿਣੇ
ਚੰਨ ਨੇ ਮੁਟਿਆਰ ਦੇ ਪਹਿਨਣ ਅਤੇ ਖਾਣ ਲਈ ਕਈ ਮਸ਼ਵਰੇ ਆਪਣੇ ਗੀਤਾ ਰਾਹੀਂ ਦਿੱਤੇ ਹਨ। ਜਿਨ੍ਹਾਂ ਤੇ ਅਮਲ ਕਰਕੇ ਮੁਟਿਆਰ ਆਪਣੇ ਸਰੀਰ ਨੂੰ ਤੰਦਰੁਸਤ, ਚੁੱਸਤ ਅਤੇ ਹੁਸੀਨ ਰੱਖ ਸਕਦੀ ਹੈ। ਕਈ ਖਾਣ ਵਾਲੀਆਂ ਚੀਜਾਂ ਜਿਨ੍ਹਾ ਨੂੰ ਖਾਣ ਦਾ ਔਰਤਾਂ ਨੂੰ ਬਹੁਤ ਸ਼ੌਕ ਹੈ। ਚੰਨ ਨੇ ਇਸਤ੍ਰੀ ਦੀ ਇਸ ਖਾਹਿਸ਼ ਨੂੰ ਆਪਣੇ ਗੀਤ ਵਿਚ ਖੂਬ ਅਪਣਾਇਆ ਹੈ । ਜਿਵੇਂ ਲੱਡੂ, ਬਰਫ਼ੀ, ਪੇੜੇ, ਗੁੜ, ਜਲੇਬੀਆਂ, ਸਾਗ, ਨਿੰਬੂ, ਨਾਸ਼ਪਾਤੀਆਂ, ਅੰਬ, ਪੇਂਦੂ ਬੇਰ, ਦਾਖਾਂ, ਸੰਗਤਰੇ, ਅੰਗੂਰ, ਕੇਲੇ, ਮਿਸ਼ਰੀ, ਸ਼ਰਬਤ, ਲੌਂਗ, ਇਲੈਚੀ, ਮਿਰਚ, ਦਹੀਂ ਲੱਸੀ, ਦੁੱਧ ਮੱਖਣ ਆਦਿ:
‘‘ਐਂਵੇ ਸੁੱਟ ਨਾ ਬਾਰੀ ਦੇ ਵਿੱਚ  ਪੇੜੇ।’’(ਤੇਰੀ ਮੇਰੀ ਇੱਕ ਜਿੰਦੜੀ 44)
ਅਤੇ :-
‘‘ ਤੇਰੀ ਕੱਤਣੀ ,ਚ ਲੱਡੂ ਵਥੇਰੇ ,
ਨਾਲੇ ਖਾਵੇਂ ਤੇ ਨਾਲੇ ਤੰਦ ਪਾਵੇ।’’
        ਮੁਟਿਆਰ ਦੇ ਪਹਿਰਾਵੇਂ ਬਾਰੇ ਚੰਨ ਕਈ ਤਰ੍ਹਾਂ ਦੇ ਸੂਟਾਂ ਬੂਟਾਂ ਦੀ ਗੱਲ ਕਰਦਾ ਹੈ।ਜਿਵੇ ਘੁੰਡ, ਚੁੰਨੀ, ਦੁਪੱਟਾ, ਪੱਗ, ਕੁੜਤਾ, ਕੁੜਤੀ,ਤੜਾਗੀ, ਫੁਲਕਾਰੀ, ਬਾਸਕਟ, ਸਲਵਾਰ, ਸਾੜ੍ਹੀ, ਅੰਗੀ, ਐਚਕਨ, ਪਜ਼ਾਮਾ, ਗਾਨੀ, ਜ਼ੀਨ, ਜੈਂਕਟ,ਸੂਟ,ਬੁਨੈਣ,ਪੇਟੀ ਕੋਟ,ਰੁਮਾਲ,ਡੋਰ,ਡੋਰੀਆ,ਘੱਗਰਾ,ਗਰਾਰਾ ਆਦਿ।ਪੰਜਾਬੀ ਪਹਿਰਾਵਾ ਹੀ ਆਪਣੇ ਗੀਤਾਂ ਵਿਚ ਵਰਤਿਆ ਹੈ। ਵੇਖੋ :-
‘‘ਆਪੇ ਖੁੱਲ੍ਹ ਖੁੱਲ੍ਹ ਜਾਣ ਕੁੜ੍ਹੇ ਕੁੜਤੀ ਦੇ ਬੀੜੇ।
ਅਜ ਖੁੱਲ੍ਹੇ ਖੁੱਲ੍ਹੇ ਕੱਪੜੇ ਵੀ ਲੱਗਦੇ ਨੇ ਭੀੜੇ।’’(ਤੇਰੀ ਮੇਰੀ ਇੱਕ ਜਿੰਦੜੀ 44 )
ਅਤੇ :-
‘‘ਮੇਰੀ ਤਿੱਤਰਾਂ ਵਾਲੀ ਫੁੱਲਕਾਰੀ ,ਵੇ ਵੇਖੀਂ ਕਿਤੇ ਨਿੰਦ ਨਾ ਦਈ।’’
(ਤੇਰੀ ਮੇਰੀ ਇੱਕ ਜਿੰਦੜੀ 30)
ਅਤੇ :-
‘‘ਘੁੱਟਵੀਂ ਪਜਾਮੀਂ ਪਾਈ ਜੁੱਤੀ ਮਖਮਲ ਦੀ ,
ਬਣਕੇ ਕਬੂਤਰੀ ਜਾਏ ਨਖਰੋ। (ਦਿਨ ਚੜ੍ਹਦੇ ਦੀ ਲਾਲੀ)
       ਮੁਟਿਆਰ ਦੇ ਗਹਿਣਿਆਂ ਬਾਰੇ ਚੰਨ ਨੇ ਕੋਈ ਐਸਾ ਗਹਿਣਾ ਨਹੀਂ ਛੱਡਿਆ ਜਿਹੜਾ ਪੰਜਾਬੀ ਸਭਿਆਚਾਰ ਅਨੁਸਾਰ ਮੁਟਿਆਰਾਂ ਪਹਿਨਣ ਦਾ ਸ਼ੌਕ ਰੱਖਦੀਆਂ ਹੋਣ ਅਤੇ ਚੰਨ ਜੰਡਿਆਲੇ ਵਾਲੇ ਨੇ ਉਸ ਗਹਿਣੇ ਨੂੰ ਗੀਤਾਂ ਦੇ ਕੈਮਰੇ ਵਿਚ ਨਾ ਪਕੜਿਆ ਹੋਇਆ ਹੋਵੇ। ਜਿਵੇਂ  ਸੱਗੀ ਫੁੱਲ, ਗਾਨੀ, ਚੌਂਕ, ਚੰਦ, ਟਿੱਕਾ, ਕਲਿੱਪ, ਝੁੰਮਰ, ਸੂਈ-ਝੁੰਮਰ, ਸਿ਼ੰਗਾਰ-ਪੱਟੀ ਕਾਂਟੇ, ਬੁੰਦੇ, ਪਿੱਪਲ ਪੱਤੀਆਂ, ਤੁੰਗਲ, ਸੋਨ ਚਿੜੀਆਂ, ਬੁਜਲੀਆਂ, ਟੌਪਸ, ਤੀਲੀ, ਲੌਗ, ਕੋਕਾ, ਰੇਖ, ਨੱਥ, ਮੱਛਲੀ, ਨੁੱਕਰਾਂ, ਹੱਸ ਕੰਦੀ, ਗੁਲੂਬੰਦ, ਮਟਰ ਮਾਲਾ, ਹਾਰ ,ਗੌਖੜ, ਸੰਘਾੜੇ, ਲੱਡੇ ਘੜੀ ਚੂੜੀਆਂ, ਬਾਂਕਾ, ਕੰਗਣ, ਚੂੜੀ, ਗਜਰੇ, ਵੰਗਾਂ ਕੜੇ, ਜੰਜੀਰੀਆਂ, ਲੱਛੇ, ਗੁਸਲਪੁਰੀ ਸੌਕੰਤਲਾਚੈਨ, ਪੰਜੇਬਾਂ ਕੁੰਡਲੀਦਾਰ ਤੋੜੇ ਅਤੇ ਘੁੰਗਰੂ। ਮਰਦਾਵੇਂ ਗਹਿਣਿਆਂ ਦਾ ਵੀ ਜਿ਼ਕਰ ਕੀਤਾ ਹੈ ਜਿਵੇਂ ਮੁੰਦਰੀ ਮੁੰਦਰਾ, ਕਾਂਠਾ, ਮਾਲਾ, ਕੰਗਣ, ਤਵੀਤੜੀਆਂ, ਵਾਲੇ ਅਤੇ ਨਾਂਤੀਆਂ। ਵੇਖੋ ਕੁਝ ਦਾ ਉਦਾਹਰਣ:-
‘‘ਨਾ ਮੈਂ ਤੈਥੋਂ ਝਾਂਜਰ ਮੰਗਾਂ ,ਨਾ ਮੈਂ ਗਾਨੀ।
ਜੋਬਨ ਉਤੇ ਮਾਣ ਹੈ ਮੈਨੂੰ ਡੁੱਲਦੀ ਫਿਰੇ ਜਵਾਨੀ।
ਅੰਨੀ ਕਾਣੀ ਬਣ ਬਣ ਬੈਠੇ ਮੇਰੀ ਕਿਸਮਤ ਸੜੀ
ਵੇ ਕੈਂਠੇ ਵਾਲਿਆ ਇੱਕ ਸਾਨੂੰ ਵੀ ਲੈ ਦੇ ਗੁੱਟ ਘੜੀ।
(ਤੇਰੀ ਮੇਰੀ ਇੱਕ ਜਿੰਦੜੀ  27)
ਅਤੇ:-
ਤੂੰ ਸੁਹਣੀ ਲੱਗਦੀ ਏਂ,ਮਨ ਮੋਹਣੀ ਲੱਗਦੀ ਏਂ,ਜਦੋਂ ਨਿਕਲੇਂ ਪਟੋਲਾ ਬਣਕੇ।
ਉਦਾਂ ਉਦਾਂ ਦਿਲ ਧੜਕੇ ,
ਜਿੱਦਾਂ ਜਿੱਦਾਂ ਨੀ ਪੰਜੇਬ ਤੇਰੀ ਛਣਕੇ।’’(ਦਿਨ ਚੜ੍ਹਦੇ ਦੀ ਲਾਲੀ 113)
ਹੋਰ :-
‘‘ਪੈਰੀਂ ਝਾਂਜਰਾਂ ਹੱਥੀਂ ਛੱਲੇ।
ਗੂੰਜਣ ਬੇਲੇ ਗਲੀ ਮੁਹੱਲੇ।
ਹਾਏ ਮੈਂ ਗਈ ,
ਊਈ ਮੈਂ ਮਰ ਗਈ ,
ਕਿੰਝ ਕਸਤੂਰੀ ਢੱਕਾਂ?’’(ਸਪਣੀ ਵਰਗੀਆਂ ਤੋਰਾਂ 11)
ਸਮੇ ਅਤੇ ਲੇਖ ਦੇ ਲੰਬੇ ਹੋਣ ਦੇ ਡਰੋਂ ਇਸ ਵਿਸ਼ੇ ਤੇ ਹੇਠ ਲਿਖੀ ਟੂਕ ਪੜ੍ਹੋ ਅਤੇ ਚੰਨ ਦੇ ਗੀਤ ਦਾ ਲੁਤਫ਼ ਮਾਣੋ।
‘‘ਸਿਖਰ ਦੁਪਿਹਰੇ ਝਾਂਜਰ ਛਣਕੀ ,
ਪੈ ਗਈ ਪਿੰਡ ਤਰਥੱਲੀ।
ਮਰ ਗਈ ਨੀ ਮੇਰੇ ਹਾਣ ਦੀਉ ,
ਪਿੰਡ ਸਾਰਾ ਤੇ ਮੈਂ ਕੱਲ੍ਹੀ।’’(ਸਪਣੀ ਵਰਗੀਆਂ ਤੋਰਾਂ 15)
  ਗੀਤਾਂ ਦੇ ਗਾਇਕ ਅਤੇ ਗਾਇਕੀ
      ਚੰਨ ਦੇ ਗੀਤ ਪੰਜਾਬੀ ਸੰਸਕ੍ਰਿਤੀ ਦਾ ਇਤਿਹਾਸ ਹਨ। ਉਸਦੇ ਗੀਤਾਂ ਵਿਚ ਕਿੱਤੇ ਕਾਰ ਵਿਹਾਰ, ਰਹਿਣਬਹਿਣ, ਰਸਮੋ ਰਿਵਾਜ, ਅਤੇ ਪਹਿਰਾਵੇ ਪ੍ਰਤੀਕਾਂ ਵਜੋਂ ਵਰਤੇ ਗਏ ਹਨ। ਪੰਜਾਬੀ ਗੀਤਾਂ ਦੀ ਰਿਕਾਰਡਿੰਗ ਬਾਕੀ ਭਾਸ਼ਾਵਾਂ ਦੇ ਗੀਤਾਂ ਦੀ ਰਿਕਾਰਡਿੰਗ ਤੋਂ ਕਈ ਚਿਰ ਬਾਅਦ ਹੋਈ। ਪੰਜਾਬੀ ਗੀਤਾਂ ਦੀ ਗਾਇਕੀ ਦੀ ਰਿਕਾਰਡਿੰਗ 1930 ਵਿਚ ਹੀ ਸੌਰੂ ਹੋਈ ਸੀ। ਪੂਰੇ 28 ਵਰ੍ਹੇ ਬਾਅਦ ਚੰਨ ਜੰਡਿਆਲੇ ਵਾਲੇ ਦਾ ਪਹਿਲਾ ਗੀਤ ਮਿਸਿਜ਼ ਅਵਤਾਰ ਫ਼ਲੋਰਾ ਨੇ 1958 ਵਿਚ ਰਿਕਾਰਡ ਕਰਵਾਇਆ ਸੀ। ਜਿਨ੍ਹਾਂ ਗਾਇਕਾਂ ਅਤੇ ਗਾਇਕਾਵਾਂ ਨੇ ਚੰਨ ਦੇ ਗੀਤਾਂ ਨੂੰ ਗਾਇਆ ਹੈ, ਉਨ੍ਹਾਂ ਦੀ ਲਿਸਟ ਬਹੁਤ ਲੰਬੀ ਹੈ। ਜਿਵੇਂ ਪੰਜਾਬ ਦੇ ਗਾਇਕ ਹਨ, ਸੱਵਰਨ ਲਤਾ, ਜਗਮੋਹਣ ਕੌਰ, ਹਰਬੰਸ ਅਰੋੜਾ, ਸਰੂਪ ਸਿੰਘ ਸਰੂਪ, ਗੁਰਦਿਆਲ ਰੰਧਾਵਾ, ਉਜਾਗਰ ਸਿੰਘ ਮਲੰਗ, ਬਿਮਲਾ ਜੰਮੂਵਾਲੀ, ਅਵਤਾਰ ਫਲੋਰਾ, ਕੀੜੇ ਖਾਂ, ਪਾਲੀ ਦੇਤਵਾਲੀਆ, ਕੁਲਦੀਪ ਪਾਰਸ, ਕੁਲਦੀਪ ਮਾਣਕ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਡੌਲੀ ਗੁਲੇਰੀਆ, ਰਿਪੂਦਮਨ ਸ਼ੈਲੇ, ਸੁਰਿੰਦਰ ਕੋਹਲੀ, ਮੋਹਨੀ ਨਰੂਲਾ, ਜਸਪਿੰਦਰ ਨਰੂਲਾ, ਨਰਿੰਦਰ ਬੀਬਾ, ਸੀਤਲ ਸਿੰਘ ਸੀਤਲ, ਹਰਜੀਤ ਰਾਏਪੁਰੀ, ਊਸ਼ਾ ਭਾਸਕਰ, ਬਲਵਿੰਦਰ ਢਿੱਲੋਂ, ਅਤੇ ਜਸਵੰਤ ਕੌਰ।
ਇੰਗਲੈਂਡ ਦੇ ਗਾਇਕ ਇਸ ਪ੍ਰਕਾਰ ਹਨ ਗੁਰਦਿਆਲ ਸਿੰਘ ਰਸੀਆ, ਗਿਆਨ ਸਿੰਘ ਸੁਰਜੀਤ, ਚੈਨ ਜੱਸਲ, ਮਨਜੀਤ ਜੱਸਲ, ਦੇਵ ਰਾਜ ਜੱਸਲ, ਸੁਭਾਗ ਸਿੰਘ, ਦੀਵਾਨ ਮਹਿੰਦਰਾ, ਬਲਵਿੰਦਰ ਸਫਰੀ, ਸੰਗੀਤਾ, ਹਰਬੰਸ (ਆਜ਼ਾਦ ਗਰੁੱਪ) ਬਲਵੀਰ ਬੌਬੀ, ਬਲਵੰਤ ਸਿੰਘ ਲਿੱਤਰਾਂਵਾਲਾ, ਉਕਾਰ ਰਾਣਾ, ਸੋਹਣ ਲਾਲ ਪੰਛੀ, ਸੁਰਜੀਤ ਮੱਟੂ, ਆਰ ਕੇ ਮਹਿਤਾ, ਆਰ ਐਲ ਬਦਨਾਮ, ਸੇਵਾ ਸਿੰਘ ਮਥਾਰੂ, ਡੌਲੀ ਲੰਡਨ ਵਾਲੀ, ਕੇ ਬੀਬਾ, ਮਹਿੰਦਰ ਕੌਰ ਭੰਮਰਾ, ਚਰਨਜੀਤ ਭੰਮਰਾ, ਅਤੇ ਸੀਤਲ ਸਿੰਘ ਸਿਤਾਰਾ ਆਦਿ।
ਇਸੇ ਤਰ੍ਹਾਂ ਚੰਨ ਜੰਡਿਆਲੇ ਵਾਲੇ ਦੇ ਸਮੁੱਚੇ ਪੰਜਾਬ ਦੇ ਗਾਇਕ ਅਤੇ ਸਮੁੱਚੇ ਹੀ ਇੰਗਲੈਂਡ ਦੇ ਗਾਇਕਾਂ ਨੇ, ਉਸਦੇ ਲਿਖੇ ਹੋਏ ਸੈਂਕੜੇ ਗੀਤ ਗਾਏ, ਅਤੇ ਰਿਕਾਰਡ ਕਰਵਾਏ ਹਨ। ਇਹ ਗੀਤ ਸਾਲਾਂ ਬੱਧੀ ਰਿਕਾਰਡਿੰਗ ਤੋਂ ਮਗਰੋਂ ਵੀ ਅੱਜ ਬੜੇ ਚਾਅ ਨਾਲ ਸੁਣੇ ਜਾਂਦੇ ਹਨ। ਲੇਖ ਦੇ ਲੰਬੇ ਹੋਣ ਦੇ ਡਰੋਂ ਕੁਝ ਕੁ ਦੇ ਨਾਮ ਨਿਮਨ ਲਿਖਤ ਹਨ।
ਪੰਜਾਬ ਵਿਚਲੇ ਗੀਤ:- ਨੱਚਾਂ ਮੈਂ ਲੁਧਿਆਣੇ, ਮੂੰਹ ਵਿਚ ਭਾਬੀ ਦੇ ਨੱਣਦ ਬੁਰਕੀਆਂ ਪਾਵੇ, ਚਰੀਆਂ ਸ਼ੂਕਦੀਆਂ, ਮੇਰੇ ਕਲਗੀਆਂ ਵਾਲੇ ਪ੍ਰੀਤਮਾ, ਸੱਸੇ ਤੂੰ ਸਮਝਾ ਲੈ ਪੁੱਤ ਨੂੰ, ਮੈ ਤਾਂ ਅੜੀਉ ਸ਼ਰਾਬਣ ਹੋਈ, ਸਾਨੂੰ ਅੱਲੜਾਂ ਨੂੰ ਨੀਂਦ ਪਿਆਰੀ, ਮੁੰਡਿਆਂ ਦੀ ਢਾਣੀ ਕਹਿੰਦੀ ਹਾਇ ਓਏ, ਸ਼ੂਸ਼ਕ ਭਾਂਡਾ ਮਿਟੀ ਦਾ, ਮੇਲੇ ਚੱਲੀ ਹੌਲਦਾਰਨੀ, ਵੀਰ ਘਰ ਪੁੱਤ ਜੰਮਿਆਂ । ਵਲੈਤ ਵਿਚਲੇ ਗੀਤਾਂ ਨੂੰ ਪੜ੍ਹੋ, ਮਾਵਾਂ ਠੰਡੀਆਂ ਛਾਵਾਂ, ਤੁਰਦੀ ਦਾ ਤੇਰਾ ਹਿੱਲੇ ਲੱਕ ਨੀ ਮਜ਼ਾਜਣੇ, ਪੱਥਰ ਹੈ ਭਗਵਾਨ, ਮਾਂ ਦੀਏ ਮੋਰਨੀਏ, ਨਾਮ ਜਪ ਲੈ ਨਿਮਾਣੀਏਂ ਜਿੰਦੇ, ਸੁਹਣੇ ਚੱਲੇ ਮਾਰਕੀਟ ਨੂੰ, ਇਤਿਆਦਿ।
ਪ੍ਰਿਥਵੀ ਰਾਜ ਕਪੂਰ ਦੇ ਥੇਟਰ ਛੱਡਣ ਤੋਂ ਬਾਅਦ ਉਸਨੇ ਫਿਲਮਾਂ ਬਣਾਉਂਣੀਆਂ ਸ਼ੁਰੂ ਕਰ ਦਿੱਤੀਆਂ, ਭਾਰਤੀ ਫਿਲਮਾਂ ਵਿਚ ਗਾਣੇ, ਇਸ ਤਰ੍ਹਾਂ ਮੰਚ ਸੱਜਾ ਵਿਚ ਨਿਸਚਿਤ ਕੀਤੇ ਹੋਏ ਹੁੰਦੇ ਹਨ, ਫਿਲਮ ਵਿਚੋਂ ਇੱਕ ਗਾਣਾ ਕੱਢ ਲੈਣ ਨਾਲ ਫਿਲਮ ਇਸ ਤਰ੍ਹਾਂ ਭਾਸਣ ਲੱਗ ਪੈਂਦੀ ਹੈ, ਜਿਵੇਂ ਕਿਸੇ ਆਦਮੀ ਵਿਚੋਂ ਜਾਨ ਨਿਕਲ ਜਾਂਦੀ ਹੈ। ਫਿਲਮਾਂ ਦੀ ਬਹੁਤਾਤ ਨੇ ਨਵੇਂ ਨਵੇਂ ਗਾਣਿਆਂ ਦੀ ਮੰਗ ਵਧਾ ਦਿੱਤੀ। ਸੰਗੀਤਕਾਰਾਂ ਨੇ ਪ੍ਰੰਪਰਾਵਾਦੀ ਰਾਗਾਂ ਦੀਆਂ ਧੁੰਨਾਂ ਨੂੰ ਲੋਕਾਂ ਦੀਆਂ ਖਾਹਿਸਾਂ, ਉਮੰਗਾਂ ਅਤੇ ਤਰੰਗਾਂ ਅਨੁਕੂਲ ਬਦਲ ਲਿਆ। ਸੁਰ ਤਾਲ ਅਤੇ ਧੁਨਾਂ ਬਦਲਣ ਦੇ ਨਾਲ ਨਾਲ ਗਾਇਕੀ ਵੀ ਬਦਲ ਗਈ। ਚੰਨ ਜੰਡਿਆਲੇ ਵਾਲਾ ਫਿਲਮੀ ਧੁੰਨਾਂ ਨੂੰ ਆਪਣੇ ਗੀਤਾਂ ਵਿਚ ਫੜਦਾ ਫੜਦਾ ਪੰਜਾਬੀ ਲੋਕਾਂ ਦੇ ਉਤਸ਼ਾਹ, ਉਮੰਗਾਂ, ਤਰੰਗਾਂ ਅਤੇ ਜ਼ੋਸ ਬਾਰੇ ਇਤਨਾ ਚਿੰਤਨਸ਼ੀਲ ਹੋ ਗਿਆ। ਉਸਨੇ ਫਿਲਮਾਂ ਵਿਚ ਬਦਲਦੀਆਂ ਧੁਨਾਂ ਨੂੰ, ਪੱਥ ਪ੍ਰਦਰਸ਼ਕ ਬਣਾਕੇ ਪੰਜਾਬੀ ਮਾਹੌਲ ਅਤੇ ਪੰਜਾਬੀ ਸਭਿਆਚਾਰ ਅਨੁਸਾਰ ਗੀਤਾਂ ਦੀ ਸੰਰਚਨਾ ਨੂੰ ਇਸ ਢੰਗ ਨਾਲ ਘੜਿਆ ਜਿਨ੍ਹਾਂ ਧੁੰਨਾਂ ਦੀ ਆਭਿਖਕਾਰ ਨਾਲ ਪੰਜਾਬੀ ਜਨ ਜੀਵਨ, ਪੰਜਾਬੀ ਸੁਭਾਵ, ਜੋਸ਼, ਸਾਹਸ, ਬੀਰਤਾ, ਅਲਬੇਲਾਪਨ, ਅਤੇ ਪੰਜਾਬੀਆਂ ਦੇ ਅੰਤਰੀਵ ਜ਼ਜਬਿਆਂ ਦੇ ਮਨੋਭਾਵਾਂ ਦਾ ਪ੍ਰਵਾਹ, ਉਤਸ਼ਾਹ, ਚੇਤਨ ਅਵਿਚੇਤਨ, ਮਨਾਂ ਵਿਚ ਵੱਸਦੇ ਮੱਚਲਦੇ ਵਲਵਲਿਆਂ ਦਾ ਪ੍ਰਗਟਾਵਾ, ਆਪਣੇ ਗੀਤਾਂ ਦੀਆਂ ਧੁੰਨਾਂ ਰਾਹੀਂ ਕਰਵਾਇਆ। ਇਸ ਸਮੂਹਿਕ ਪ੍ਰਗਟਾਵੇ ਨੇ ਪੰਜਾਬੀ ਗੱਭਰੂ, ਮੁਟਿਆਰਾਂ, ਬੱਚੇ, ਬੁੱਢਿਆਂ ਨੇ ਆਪਣੇ ਮਨ ਦੀ ਹੇਕ ਅਤੇ ਹੂਕ ਸਮਝ ਕੇ ਗਾਇਕਾਂ ਦੀ ਗਾਇਕੀ ਨੂੰ, ਆਪਣੇ ਕੰਮਾਂ ਕਾਰਾਂ ਨੂੰ ਕਰਦਿਆਂ ਹੋਇਆਂ ਗੁਣਗਣਾਇਆ। ਇਸ ਤਰ੍ਹਾਂ ਚੰਨ ਜੰਡਿਆਲੇ ਵਾਲੇ ਦੇ ਗੀਤਾਂ ਦੀ ਗਾਇਕੀ ਨੂੰ, ਪੰਜਾਬੀ ਸਭਿਆਚਾਰ ਨੇ ਆਪਣੇ ਕਲਾਵੇ ਵਿਚ ਲੈ ਲਿਆ। ਜਿਵੇਂ ਉਪਰ ਦੱਸਿਆ ਗਿਆ ਹੈ ਕਿ ਚੰਨ ਦੇ ਗੀਤਾਂ ਨੂੰ ਗਾਉਂਣ ਵਾਲੇ ਗਾਇਕ ਵਿਸ਼ਵ ਪ੍ਰਸਿਧੀ ਦੇ ਮਾਲਕ ਹਨ। ਇਹ ਪ੍ਰਸਿਧੀ ਉਨ੍ਹਾਂ ਨੂੰ ਚੰਨ ਦੇ ਗੀਤ ਗਾਉਂਣ ਕਰਕੇ ਹੀ ਹਾਸਿਲ ਹੋਈ ਹੈ। ਪੰਜਾਬੀ ਜਨ-ਮਾਨਸ ਚੰਨ ਦੇ ਗੀਤਾਂ ਵਿਚਲਾ ਸੰਗੀਤ ਸਮੁੱਚੀ ਪੰਜਾਬੀਅਤ ਦੇ ਹਾਵਾਂ ਭਾਵਾਂ ਦਾ ਉਤਕੰਠਾ ਹੋ ਨਿਬੜਿਆ ਹੈ, ਕਿਉਂਕਿ ਚੰਨ ਜੰਡਿਆਲੇ ਵਾਲੇ ਦੇ ਗੀਤਾਂ ਦਾ ਰਚਨਾਤਮਿਕ ਢੰਗ ਅਜਿਹੀ ਵਿਧੀ ਨਾਲ ਸੰਬੋਧਿਤ ਹੋਇਆ ਹੈ ਜਿਹੜੀਆਂ ਪੰਜਾਬੀ ਸਭਿਆਚਾਰ ਦੀ ਤਰਜ਼ਮਾਨੀ ਕਰਦੀਆਂ ਹਨ। ਇਨ੍ਹਾਂ ਗਾਇਕਾਂ ਦੀ ਗਾਇਕੀ ਤੇ ਚੰਨ ਦੇ ਸਿਰਜੇ ਹੋਏ ਗੀਤਾਂ ਵਿਚ ਉਭਰਿਆ ਸੰਗੀਤ ਸਮੁੱਚੇ ਪੰਜਾਬੀਆਂ ਦੇ ਦਿਲ ਧੜਕਾ ਗਿਆ। ਚੰਨ ਦੇ ਗੀਤਾਂ ਦੀ ਗਾਇਕੀ ਨੇ ਹੇਠ ਲਿਖੇ ਬਹਿਰਾਂ ਨੂੰ ਅਪਣਾਇਆ ਹੈ। ਜਿਵੇਂ ਟੱਪੇ, ਬੋਲੀਆਂ, ਸ਼ੇਅਰ ਛੰਦ ਪਰਾਗਾ, ਮਾਹੀਆ, ਢੋਲਾ, ਲੋਰੀਆਂ, ਜਨਮ ਦੇ ਗੀਤ, ਰੁਮਾਂਟਿਕ ਗੀਤ, ਗਿੱਧੇ ਅਤੇ ਭੰਗੜੇ ਦੇ ਗੀਤ, ਝੁੰਮਰ, ਸੰਮੀ, ਲੁੱਡੀ, ਦੋਹਿਰਾ, ਸਿਠਣੀਆਂ, ਕਿਕਲੀ, ਘੋੜੀਆਂ, ਸੁਹਾਗ, ਵਾਰਾਂ ਜੁਗਨੀ ਅਤੇ ਥਿਤੀਆਂ ਵਰਗੇ ਪਚੱਲਤ ਪੰਜਾਬੀ ਗਾਇਕੀ ਦੇ ਬਹਿਰਾਂ ਨੂੰ, ਨਵੇਂ ਰੂਪ ਅਤੇ ਨਵੇਂ ਸੁਰਤਾਲ ਦਿੱਤੇ ਹਨ। ਚੰਨ ਦੇ ਗੀਤਾਂ ਦੀਆਂ ਧੁੰਨਾਂ ਨੂੰ ਗਾਇਕਾਂ ਨੇ ਪੰਜਾਬੀ ਸਾਜਾਂ ਨੂੰ ਵਰਤ ਕੇ ਹੀ ਸਿ਼ੰਗਾਰਿਆ ਹੈ । ਗਾਇਕਾਂ ਨੇ ਗਾਇਕੀ ਦੀ ਸੁੰਦਰਤਾ ਲਈ ਢੋਲ, ਢੋਲਕੀ, ਘੜਾ, ਇੱਕ ਤਾਰਾ, ਦੋ ਤਾਰਾ, ਅਲਗੋਜਾ, ਵੰਝਲੀ, ਢੱਡ-ਸਾਰੰਗੀ, ਡੱਫਲੀ ਕਾਟੋ, ਬੈਂਜੋ, ਸ਼ਹਿਨਾਈ, ਅਤੇ ਹਰਮੋਨੀਅਮ ਅਦਿ ਸਾਜ ਵਰਤੇ ਹਨ।
ਯੂਰਪ ਵਿਚ ਰਹਿਣ ਵਾਲੇ ਸੰਗੀਤਕਾਰਾਂ ਨੇ ਪੱਛਮੀ ਸਾਜਾਂ ਦਾ ਵੀ ਪ੍ਰਯੋਗ ਕੀਤਾ ਹੈ। ਜਿਵੇਂ ਡਰੰਮਜ, ਕੀ ਬੋਰਡ, ਗੁਟਾਰ, ਸੈਕਸਾਫੋਨ, ਵਾਇਲਿਨ ਅਤੇ ਕਲਾਂਟ ਵਰਗੇ ਸਾਜ ਵੀ ਵਰਤੇ ਹਨ। ਉਪਰੋਕਤ ਸਤਰਾਂ ਦੀ ਰੌਸ਼ਨੀ ਵਿਚ ਆਖ ਸਕਦੇ ਹਾਂ ਕਿ ਚੰਨ ਦੇ ਗੀਤਾਂ ਕਾਰਨ ਉਨ੍ਹਾਂ ਦੇ ਗਾਇਕ ਵਿਸ਼ਵ ਪ੍ਰਸਿਧ ਹੋਏ ਹਨ ਅਤੇ ਉਨ੍ਹਾਂ ਦੀ ਗਾਇਕੀ ਨੇ ਪੰਜਾਬੀਆਂ ਦੇ ਮਨਾਂ ਵਿਚ ਇੱਕ ਤੰਦਰੁੱਸਤ ਰੂਹ ਪੈਦਾ ਕੀਤੀ ਹੈ। ਇੱਕ ਖਾਸ ਗੱਲ ਇਹ ਵੀ ਹੈ ਕਿ ਗਾਇਕਾਂ ਨੇ ਆਧੁਨਿਕ ਉਪਕਰਣਾਂ ਦੀਆਂ ਸਹੂਲਤਾਂ ਨਾਲ, ਗਾਇਕੀ ਨੂੰ ਅੰਕਿਤਨ ਆਲੇਖ (ਰਿਕਾਰਡ) ਕਰਵਾ ਕੇ ਗੀਤਾਂ ਨੂੰ ਅਮਰ ਕਰ ਦਿੱਤਾ ਹੈ। ਜਿਸਦਾ ਲਾਭ ਇਹ ਹੈ ਕਿ ਲੋਕ ਵਾਰ ਵਾਰ ਸੁਣਕੇ ਆਪਣੇ ਮਨ ਨੂੰ ਲੁਭਾ, ਪ੍ਰਚਾ ਅਤੇ ਉਤਸ਼ਾਹਤ ਕਰ ਸਕਦੇ ਹਨ।
ਸ਼ਬਦਾਵਲੀ:- ਚੰਨ ਜੰਡਿਆਲਵੀ ਨੇ ਆਪਣੇ ਗੀਤਾਂ ਵਿੱਚ ਬੜੀ ਸਰਲ ਸ਼ਬਦਾਵਲੀ ਵਰਤੀ ਹੈ। ਉਸਨੇ ਪੰਜਾਬ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੀ ਬੋਲੀ ਨੂੰ ਤੱਤਸਮ ਰੂਪ ਵਿੱਚ ਹੀ ਵਰਤਿਆ ਹੈ। ਜੇ ਕਿਧਰੇ ਉਸਨੇ ਕਿਸੇ ਸਬਦ ਦੇ ਤੱਦਭਵ ਰੂਪ ਨੂੰ ਕਬੂਲਿਆ ਹੈ ਤਾਂ ਇਸ ਗੱਲ ਦੀ ਕੋਸਿ਼ਸ਼ ਰੱਖੀ ਹੈ ਕਿ ਸ਼ਬਦ ਦੇ ਤੱਤਸਮ ਰੂਪ ਨੂੰ ਵੀ ਗੁਆਚਣ ਨਹੀਂ ਦਿੱਤਾ। ਉਸਦੇ ਗੀਤਾਂ ਦੀ ਬੋਲੀ ਉਪਰ ਦੁਆਬੇ ਦਾ ਅਸਰ ਪ੍ਰਤੱਖ ਦਿੱਸਦਾ ਹੈ। ਜੇਕਰ ਉਸਦੀ ਬੋਲੀ ਬਾਰੇ ਹੋਰ ਵਿਚਾਰ ਕਰੀਏ ਤਾਂ ਉਸਦੀ ਸ਼ਬਦਾਵਲੀ ਵਿੱਚ ਮੰਜਕੀ ਦੇ ਇਲਾਕੇ ਦੀ ਬੋਲੀ ਵਿੱਚ ਨਿਤਾ ਪ੍ਰਤੀ ਵਰਤੇ ਜਾਂਦੇ ਸਬਦਾਂ ਦਾ ਆਲੋਪ ਹੋ ਰਿਹਾ  ਕੋਸ਼ ਹੈ । ਹੇਠ ਲਿਖੀਆਂ ਸੱਤਰਾਂ ਨੂੰ ਗਹੁ ਨਾਲ ਪੜ੍ਹਨ ਨਾਲ ਮੰਜਕੀ ਦੀ ਬੋਲੀ ਦੇ ਰਸਦਾਇਕ ਅਤੇ ਸੁਆਦਲੇ ਸ਼ਬਦ ਪੜ੍ਹਕੇ ਮਨ ਦ੍ਰਵ ਜਾਂਦਾ ਹੈ।
 ‘‘ਏਸ ਇਸ਼ਕ ਦੀ ਚੇਟਕ ਲੱਗਿਆਂ,
ਚਿੱਤ ਚਿੱਤਮਣੀ ਲੱਗੇ।
ਅੱਖੀਆਂ ਦੇ ਵਿੱਚ ਰਾਤ ਗੁਜਰਦੀ,
ਦਿਨ ਦਰਵਾਜੇ ਅੱਗੇ।’’
ਉਸਦੇ ਗੀਤਾਂ ਦੀ ਸ਼ਬਦਾਵਲੀ ਵਿੱਚ ਪੰਜਾਬੀ ਬੋਲੀ ਵਾਲੀ ਮਿਠਾਸ ਹੈ। ਸ਼ਬਦਾਂ ਦੀ ਚੋਣ ਇਸ ਢੰਗ ਨਾਲ ਕਰਦਾ ਹੈ ਇੱਕ ਸ਼ਬਦ ਦੂਜੇ ਸ਼ਬਦ ਦੀ ਜਾਨ ਬਣ ਜਾਂਦਾ ਹੈ। ਗੀਤਾਂ ਵਿੱਚ ਵਰਤੇ ਸ਼ਬਦਾਂ ਦੀ ਸੰਖੇਪਤਾ ਕਾਰਨ ਪਾਠਕ ਅਤੇ ਸਰੋਤੇ ਦੇ ਮਨ ਵਿੱਚ ਗੀਤ ਪੜ੍ਹਨ ਅਤੇ ਸੁਣਨ ਦੀ ਉਤਸਕਤਾ ਵੱਧ ਜਾਂਦੀ ਹੈ।
‘‘ਮੈਂ ਕੱਲ੍ਹੀ ਨਹੀਂ ਕਹਿੰਦੀ ਚੋਬਰਾ,
ਸਾਰੀ ਦੁਨੀਆਂ ਕਹਿੰਦੀ।
ਨੱਚਾਂ ਮੈ ਲੁਧਿਆਣੇ,
ਮੇਰੀ ਧਮਕ ਜਲੰਧਰ ਪੈਂਦੀ।’’
ਚੰਨ ਦੇ ਗੀਤਾਂ ਵਿੱਚ ਵਰਤੇ ਗਏ ਸ਼ਬਦ ਪੰਜਾਬੀਆਂ ਦੇ ਮਨਾਂ ਉਪਰ ਆਪਣਾ ਪ੍ਰਭਾਵਮਈ ਅਕਸ਼ ਉਕਰਦੇ ਹਨ। ਉਨ੍ਹਾਂ ਸ਼ਬਦਾਂ ਦਾ ਜਨ ਸਮੂਹ ਦੇ ਹਿਰਦੇ ਉਪਰ ਸਿੱਧਾਂ ਅਤੇ ਡੂੰਘਾ ਅਸਰ ਹੁੰਦਾ ਹੈ। ਮੰਜਕੀ ਦੀ ਸ਼ਬਦਾਵਲੀ ਦਾ ਮਜੀਠ ਰੰਗ, ਹੋਰ ਹਜਾਰ ਗੀਤ ਸੁਣਿਆਂ ਵੀ ਨਹੀਂ ਉਤਰਦਾ। ਉਸਦੇ ਗੀਤਾਂ ਵਿੱਚ ਵਰਤੇ ਠੇਠ ਅਤੇ ਸਰਲ ਪੰਜਾਬੀ ਸ਼ਬਦਾਂ ਨੇ ਬੜੇ ਡੂੰਘੇ ਅਤੇ ਉਸਾਰੂ ਵਿਚਾਰਾਂ ਨੂੰ, ਪੰਜਾਬੀ ਸੁਭਾਵ ਅਨੁਸਾਰ ਬੜੀ ਸਰਲਤਾ ਨਾਲ ਪ੍ਰਗਟਾਇਆ ਹੈ।
ਉਪਸੰਹਾਰ:- ਸਮਾਪਤੀ ਲਈ ਏਥੇ ਇਹ ਲਿਖਣਾ ਵੀ ਮੈਂ ਵਾਜਬ ਸਮਝਦਾ ਹਾ ਜਿਵੇ, ਦਵਿੰਦਰ ਸਤਿਆਰਥੀ, ਅਮ੍ਰਿਤਾ ਪ੍ਰੀਤਮ ਮਹਿੰਦਰ ਸਿੰਘ ਰੰਧਾਵਾ, ਵਣਜਾਰਾ ਬੇਦੀ, ਬਿਕਰਮ ਸਿੰਘ  ਘੁੰਮਣ, ਅਮਰਜੀਤ ਕੌਰ ਘੁੰਮਣ, ਡਾ: ਕਰਮਜੀਤ ਸਿੰਘ, ਗੁਰਚਰਨ ਸਿੰਘ ਭਾਟੀਆ ਅਤੇ ਹਰਕੇਸ਼ ਸਿੰਘ ਕਹਿਲ ਨੇ ਪੰਜਾਬ ਦੇ ਲੋਕ ਗੀਤਾਂ ਦੀ ਸੰਪਾਦਨਾ ਕਰਕੇ ਇੱਕ ਸਿਰਜਨਾਤਮਿਕ ਕੰਮ ਕੀਤਾ ਹੈ। ਉਥੇ ਚੰਨ ਜੰਡਿਆਲੇ ਵਾਲੇ ਨੇ ਸਮਕਾਲੀ ਪ੍ਰਵਿਰਤੀਆਂ ਅਤੇ ਪੰਜਾਬੀ ਸਭਿਆਚਾਰ ਵਿਚ ਬਦਲਦੀਆਂ ਪ੍ਰਸਥਿਤੀਆਂ ਜਿਵੇਂ-ਅਨੁਸ਼ਠਾਨਤਗਤ ਬਦਲਾਉ, ਮਰਦ ਔਰਤ ਦਾ ਆਪਸ ਵਿਚੀ ਪਿਆਰ, ਅਤੇ ਤਣਾਉ ਦੇ ਹੱਲ ਨੂੰ ਆਧੁਨਿਕ ਅਤੇ ਬੜੇ ਹੀ ਵਿਗਿਆਨਿਕ ਢੰਗ ਨਾਲ ਆਪਣੇ ਗੀਤਾਂ ਵਿਚ ਅਭਿਵਿਅਕਤ ਕਰਕੇ ਇੱਕ ਰਚਨਾਤਮਿਕ ਕਾਰਜ ਕੀਤਾ ਹੈ। ਜਾਤ ਬਰਾਦਰੀ ਜਿਵੇਂ ਜੱਟ, ਤਰਖਾਣ, ਭੰਗੀ, ਸੁਨਿਆਰਾ, ਬਾਹਮਣ, ਕਸ਼ੱਤ੍ਰੀ ਆਦਿ ਵਰਣ ਚੰਨ ਦੇ ਗੀਤਾਂ ਵਿਚ ਵਾਰ ਵਾਰ ਪੜ੍ਹਨ ਸੁਣਨ ਵਿਚ ਆਉਂਦੇ ਹਨ। ਪੰਜਾਬੀ ਸਭਿਆਚਾਰ ਦੀਆਂ ਰਸਮਾਂ ਅਤੇ ਰੀਤੀਆਂ ਦਾ ਖੁਲਾਸਾ ਪੜ੍ਹਨ ਨੂੰ ਮਿਲਦਾ ਹੈ। ਦਰਿਆਵਾਂ, ਨਹਿਰਾਂ ਅਤੇ ਪਹਾੜਾਂ ਦੇ ਨਾਮ ਵਰਨਣ ਹਨ। ਪਸੋ, ਪੰਛੀਆਂ ਅਤੇ ਸ਼ੇਰ ਬਘੇਲਿਆਂ ਦਾ ਵਰਨਣ ਹੈ। ਮੌਸਮ ਅਤੇ ਰੁੱਤਾਂ ਦੀ ਵਿਸਥਾਰਪੂਰਵਕ ਤਰਜਮਾਨੀ ਕੀਤੀ ਹੋਈ ਦਿੱਸਦੀ ਹੈ। ਦਿਨ, ਰਾਤ, ਸਾਲ, ਮਹੀਨੇ, ਧੁੱਪ, ਛਾਂ, ਚਾਨਣੀ, ਚੰਦ, ਸੂਰਜ, ਤਾਰੇ, ਹਵਾਵਾਂ, ਝੱਖੜ, ਬਰਸਾਤਾਂ, ਬਸੰਤ, ਖਾਣ ਪੀਣ ਅਤੇ ਪਹਿਨਣ, ਰਹਿਣ ਸਹਿਣ ਦਾ ਵਰਨਣ ਪ੍ਰਤੱਖ ਹੈ। ਉਸਦੇ ਗੀਤਾਂ ਵਿਚ ਆਰਥਿਕ ਮੰਦਵਾੜੀ, ਸਮਾਜਿਕ ਉਲਝਣਾਂ, ਧਾਰਮਿਕ ਕਰਮ ਕਾਂਡ, ਮਿਥਿਹਾਸਿਕ-ਮਿੱਥਾਂ, ਭੂਗੋਲਿਕ ਅਖਾੜਾ ਅਤੇ ਰਾਜਨੀਤਿਕ ਵਿਚਾਰ ਅੰਕਿਤ ਹਨ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਮ ਨਕਸ਼ੇ, ਉਥੋਂ ਦੀ ਆਬੋ-ਹਵਾ ਅਤੇ ਉਥੇ ਦੇ ਲੋਕਾਂ ਦਾ ਸੁਭਾਵ ਚਿਤ੍ਰਣ ਹੈ। ਰਿਸ਼ਤੇ ਨਾਤਿਆਂ ਦੀ ਕੜੀ ਨਾਲ ਕੋਸ਼ ਬਣਿਆਂ ਲੱਗਦਾ ਹੈ। ਬਦਲ ਰਹੇ ਸਭਿਆਚਾਰ ਵਿਚ ਵੱਧ ਰਹੇ ਪ੍ਰਦੂਸ਼ਣਾਂ ਦਾ ਜਿ਼ਕਰ ਹੈ। ਪੰਜਾਬ ਦੇ ਤਿਉਹਾਰ ਅਤੇ ਮੇਲਿਆਂ ਬਾਰੇ ਭਰਪੂਰ ਵਾਕਫੀਅਤ ਮਿਲਦੀ ਹੈ। ਪੰਜਾਬ ਦੇ ਲੋਕਾਂ ਦੇ ਕਿੱਤੇ ਅਤੇ ਪਹਿਰਾਵੇ ਪ੍ਰਤੀਕਾਂ ਵਜੋਂ ਵਰਤੇ ਗਏ ਹਨ। ਸਮੂਹ ਰੰਗਾਂ, ਢੰਗਾਂ ਅਤੇ ਔਰਤ ਮਰਦ ਦੇ ਅੰਗਾਂ ਬਾਰੇ ਵਿਸ਼ਲੇਸ਼ਣ ਹੈ। ਔਰਤ਼ ਅਤੇ ਮਰਦਾਂ ਦੇ ਗਹਿਣਿਆਂ ਦਾ ਇੱਕ ਸੂਚੀ ਪੱਤਰ ਹੈ। ਸ਼ਬਦਾਂ ਦੀ ਸੰਖੇਪਤਾ ਦੇ ਨਾਲ ਨਾਲ ਠੰਠ ਅਤੇ ਸਰਲ ਪੰਜਾਬੀ ਬੋਲੀ ਹੈ, ਜਿਸ ਨੂੰ ਪੜ੍ਹਕੇ ਨਿਰਸੰਦੇਹ ਕਹਿ ਸਕਦੇ ਹਾਂ ਕਿ ਤ੍ਰਿਲੋਚਨ ਸਿੰਘ ਚੰਨ ਜੰਡਿਆਲੇ ਵਾਲੇ ਦੇ ਗੀਤ, ਨਿਰੇ ਗੀਤ ਹੀ ਨਹੀਂ ਹਨ, ਸਗੋਂ ਲੋਕ ਗੀਤ ਬਣ ਗਏ ਹਨ। ਭਾਵੇਂ ਲੋਕਗੀਤਾਂ ਦਾ ਰਚਣਹਾਰਾ ਕੋਈ ਗੁੰਮਨਾਮ ਕਵੀ ਹੁੰਦਾ ਹੈ। ਪਰ ਚੰਨ ਜੰਡਿਆਲੇ ਵਾਲੇ ਦੇ ਗੀਤਾਂ ਨੂੰ ਕਿਉਂਕਿ ਲੋਕ ਮਾਨਸ ਨੇ ਪ੍ਰਵਾਂ ਕਰ ਲਿਆ ਹੈ ਇਸ ਲਈ ਉਨ੍ਹਾਂ ਗੀਤਾਂ ਨੂੰ ਲੋਕ ਗੀਤ ਕਹਿਣ ਨਾਲ ਕੋਈ ਅਤਿ ਕਥਨੀ ਨਹੀਂ ਹੋਵੇਗੀ। ਚੰਨ ਦੇ ਬਹੁਤੇ ਗੀਤਾਂ ਦੇ ਮੁੱਖੜੇ ਉਪ੍ਰੋਕਤ ਵਿਆਕਤੀਆਂ ਨੇ ਆਪਣੇ ਲੋਕ ਗੀਤਾਂ ਦੇ ਸੰਪਾਦਿਤ ਕੀਤੇ ਸੰਗ੍ਰਿਹਾਂ ਵਿਚ ਲੋਕ ਗੀਤਾਂ ਦਾ ਨਾਮ ਦੇ ਕੇ ਸ਼ਾਮਿਲ ਕੀਤੇ ਹਨ। ਇਸ ਲਈ ਮੈਂ ਦਾਅਵੇ ਨਾਲ ਇਹ ਲਿਖਣ ਵਿਚ ਆਪਣਾ ਮਾਣ ਸਮਝਦਾ ਹਾਂ ਚੰਨ ਜੰਡਿਆਲੇ ਵਾਲਾ ਲੋਕ ਗੀਤਾਂ ਦਾ ਰਚਣਹਾਰਾ ਕੋਈ ਗੁੰਮਨਾਮ ਗੀਤਕਾਰ ਨਹੀਂ ਹੈ ਸਗੋਂ ਉਸਦਾ ਨਾਮ ਵਿਸ਼ੇਸ ਤੌਰ ਉਪਰ, ਉਸਦੇ ਲੋਕ ਗੀਤਾਂ ਉਪਰ ਇੱਕ ਛਾਪ ਹੈ ਅਤੇ ਚੰਨ ਜਨ ਪ੍ਰਵਾਨਤ ਗੀਤ ਕਾਰ ਹੈ। ਚੰਨ ਜੰਡਿਆਲੇ ਵਾਲੇ ਦੇ ਹੁਣ ਤੱਕ ਸੱਤ ਗੀਤਾਂ ਦੇ ਕਿੱਸੇ ਅਤੇ ਸੱਤ ਪੁਸਤਕਾਂ ਛੱਪ ਚੁੱਕੀਆਂ ਹਨ ਅਤੇ ਇਹ ਕਾਰਜ ਅਜੇ ਵੀ ਜਾਰੀ ਹੈ। ਪੰਜਾਬੀ ਆਲੋਚਕ ਗੀਤਾਂ ਦੇ ਏਡੇ ਭੰਡਾਰ ਨੂੰ ਵਿਚਾਰਦਿਆਂ ਲੋਕ ਗੀਤਾਂ ਦਾ ਵਿਸ਼ਲੇਸ਼ਣ ਕਰਦਿਆਂ, ਹੁਣ ਇਹ ਨਹੀਂ ਲਿਖੇਗਾ ਕਿ ਲੋਕ ਗੀਤਾਂ ਦਾ ਰਚਣਹਾਰਾ ਕੋਈ ਗੁੰਮਨਾਮ ਗੀਤਕਾਰ ਹੁੰਦਾ ਹੈ।
****

No comments:

Post a Comment