ਪ੍ਰਗਤੀਵਾਦੀ ਕਵੀ ਪ੍ਰਕਾਸ਼ ਆਜ਼ਾਦ ਦੀ ਕਾਵਿ-ਚੇਤਨਾ ਦੇ ਅੰਤਰਗਤ ਮਾਨਵ-ਵਾਦੀ ਤਰਕ।

ਪ੍ਰਕਾਸ਼ ਆਜ਼ਾਦ ਰਚਿਤ ਪੁਸਤਕਾਂ ਜਿਵੇਂ ਦਰਪਣ, ਉਭਾਰ ਨਿਖਾਰ, ਪਿਘਲਦਾ ਲਾਵਾ, ਜਦ ਰੋਈ ਧਰਤ ਪੰਜਾਬ ਦੀ ਅਤੇ ਹਯਾਤੀ ਦਾ ਨੂਰ ਮੇਰੇ ਅਧਿਐਨ ਵਿੱਚ ਆਈਆਂ ਹਨ। ਉਸਦੀ ਹਰ ਪੁਸਤਕ ਦੇ ਪਾਠ ਉਪ੍ਰੰਤ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਰ ਪੁਸਤਕ ਵਿਚਲੀਆਂ ਕਵਿਤਾਵਾਂ ਵਿੱਚ ਲੋਕ-ਗਾਥਾਵਾਂ ਦੇ ਵਿਧਾਨ ਦੀਆਂ ਯੁਗਤਾਂ ਪਾਈਆਂ ਜਾਂਦੀਆਂ ਹਨ। ਹਰ ਕਵਿਤਾ ਦੂਜੀ ਕਵਿਤਾ ਤੋਂ ਵੱਧ ਕਲਾਤਮਿਕ ਅਤੇ ਮਿਆਰੀ ਪੜ੍ਹਨ ਨੂੰ ਮਿਲੀਆਂ ਹਨ।
ਲੋਕ ਗਾਥਾਵਾਂ ਭਾਵੇਂ ਕਿਸੇ ਅਗਿਆਤ ਲੇਖਕ ਦੀਆਂ ਹੁੰਦੀਆਂ ਹਨ ਪਰ ਜੇਕਰ ਕਿਸੇ ਲੇਖਕ ਵਲੋਂ ਲਿਖੀ ਗਈ ਰਚਨਾ ਵਿੱਚ ਲੋਕ ਗਾਥਾ ਦਾ ਗੁਣ ਹੋਵੇ ਤਾਂ ਉਸ ਲਿਖਤ ਨੂੰ ਵੀ ਲੋਕ ਗਾਥਾ ਹੀ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਲੋਕ ਗਾਥਾ ਨੂੰ (Folk ballad) ਕਿਹਾ ਜਾਂਦਾ ਹੈ। ਲੋਕ ਗਾਥਾਵਾਂ ਦੇ ਪ੍ਰਮਾਣਤ ਗੁਣ ਹਨ ਜਿਵੇਂ ਕਲਾਤਮਿਕ ਅਭਿਵਿਅਕਤੀ, ਬਨਾਵਟੀ ਸੂਖ਼ਮਤਾਵਾਂ ਦਾ ਨਾ ਹੋਣਾ, ਜਿਨ੍ਹਾਂ ਵਿੱਚ ਇਤਿਹਾਸਕ ਅਤੇ ਭਗੋਲਿਕ ਯਥਾਰਥ ਹੋਵੇ, ਪਰੰਪਰਾਗਤ ਸੰਗੀਤਮਈ ਕਥਾਨਕ ਹੋਣ ਜਿਸ ਰਾਹੀਂ ਵੀਰ ਰਸ ਅਤੇ ਸਿ਼ੰਗਾਰ ਰਸ ਹੋਵੇ, ਸਫੂਰਤੀਦਾਇਕ, ਸੰਗੀਤਾਮਿਕ ਅਤੇ ਉਤਸ਼ਾਹ-ਜਨਕ ਹੋਣ ਆਦਿ। ਲੋਕ-ਗਾਥਾਵਾਂ ਦੀ ਭਾਸ਼ਾ ਸਰਲ ਹੋਣ ਕਰਕੇ ਆਲੰਕਾਰਿਕ ਸ਼ੈਲੀ ਨਹੀਂ ਹੁੰਦੀ। ਪ੍ਰਕਾਸ਼ ਆਜ਼ਾਦ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਅਤੇ ਰੁਬਾਈਆਂ ਦੀ ਅਭਿਵਿਅਕਤੀ ਲੋਕ ਗਾਥਾਵਾਂ ਦੇ ਸਾਮਾਨਾਰਥਕ ਹੀ ਸਮਝੀਆ ਜਾ ਸਕਦੀਆਂ ਹਨ।
ਪ੍ਰਗਤੀ ਸ਼ਬਦ ਨੂੰ ਕਈ ਵਿਚਾਰਾਂ ਨਾਲ ਜੋੜਿਆ ਜਾ ਸਕਦਾ ਹੈ ਜਿਵੇਂ ਤਰੱਕੀ (Improvement), ਪ੍ਰਗਮਨ, ਅਗ੍ਰਗਤੀ (advance), ਵਿਕਸਿਤ (development), ਪ੍ਰੋਤਸਾਹਿਤ (evolve), ਉਤਰੋਤਰ ਬ੍ਰਧਮਾਨੀ, ਸੁਧਾਰ (reform) ਆਦਿ। ਸਮੁੱਚੇ ਤੌਰ ਉਪਰ ਉਪ੍ਰੋਕਤ ਵਿਧੀਆਂ ਦੇ ਵਿਕਾਸ ਵਿੱਚ ਆਈ ਪ੍ਰੋੜ੍ਹਤਾ ਦੇ ਸਿਸਟਿਮ ਵਿੱਚ ਮਨੁੱਖ ਨੂੰ ਪੈਂਦੀਆਂ ਸਮੱਸਿਆਵਾਂ ਦੇ ਕੀਤੇ ਵਿਗਿਆਨਕ ਸਮਾਧਾਨ ਨੂੰ ਕਿਸੇ ਰਚਨਾ ਵਿੱਚ ਆਈ ਪ੍ਰਗਤੀ ਆਖਿਆ ਜਾ ਸਕਦਾ ਹੈ। ਪ੍ਰਗਤੀਸ਼ੀਲ ਰਚਨਾਵਾਂ ਹੀ ਕਿਸੇ ਸਾਹਿਤ ਵਿੱਚ ਕਲਾਤਮਿਕ ਰਚਨਾਵਾਂ ਕਹੀਆਂ ਜਾ ਸਕਦੀਆਂ ਹਨ।  ਕਿਸੇ ਹੋਰ ਵਿਹਾਰ ਵਿੱਚ ਆਏ ਸੁਧਾਰ ਨੂੰ ਅਧੁਨਿਕਤਾ ਦਾ ਨਾਮ ਦਿੱਤਾ ਜਾਂਦਾ ਹੈ। ਪ੍ਰਕਾਸ਼ ਆਜ਼ਾਦ ਦੇ ਰਚਨਾਤਮਿਕ ਕਾਰਜ ਵਿੱਚ ਪ੍ਰਗਤੀ, ਮਾਨਵਤਾ, ਤਰਕ, ਉਤਰ-ਅਧੁਨਿਕਤਾ ਅਤੇ ਲੋਕ-ਗਾਥਾਵਾਂ ਵਰਗਾ ਸੁਮੇਲ ਹੈ। ਸਿੱਖੀ ਇਸ਼ਟ, ਸਿੱਖੀ ਵਿਸ਼ਵਾਸ ਅਤੇ ਸਿੱਖ ਗੁਰੂਆਂ ਦੀ ਮਨੁੱਖਵਾਦੀ ਸੋਚ ਜੁਝਾਰੂ ਕਾਵਿ ਰਾਹੀਂ ਪ੍ਰਗਟ ਹੁੰਦੀ ਹੈ। ਆਜ਼ਾਦ ਦੀਆਂ ਕਵਿਤਾਵਾਂ ਵਿੱਚ ਯਥਾਰਥਿਕਤਾ ਦੀ ਹੋਂਦ ਕਾਰਨ ਇਹ ਕਵਿਤਾਵਾਂ ਮਨਮੋਹਕ ਹੋਣ ਦੇ ਨਾਲ ਨਾਲ ਸੁਰ ਤਾਲ ਵਿੱਚ ਵੀ ਹਨ। ਸਾਹਿਤ, ਸਮਾਜ ਅਤੇ ਸਭਿਆਚਾਰ ਦੇ ਸੂਖ਼ਮ ਵਰਤਾਰਿਆ ਰਾਹੀਂ ਧਾਰਮਿਕ, ਅਧਿਆਤਮਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਸਮੱਸਿਆਵਾਂ ਨੂੰ ਉਜਾਗਰ ਕਰਕੇ ਪਾਠਕਾਂ ਦਾ ਧਿਆਨ ਉਨ੍ਹਾਂ ਬਾਰੇ ਸੋਚਣ ਵੱਲ ਕਰਾਉਦਾ ਹੈ। ਪ੍ਰਕਾਸ਼ ਕਵਿਤਾਵਾਂ ਦਾ ਸਿਰਜਨਾਤਮਿਕ ਕਾਰਜ ਇਸ ਵਿਧੀ ਨਾਲ ਕਰਦਾ ਹੈ ਕਿ ਕਵਿਤਾਵਾਂ ਦੇ ਪਾਠ ਉਪ੍ਰੰਤ ਪਾਠਕਾਂ ਦੇ ਦਿਲ ਦਿਮਾਗ਼ ਅੰਦਰ ਸਮੱਸਿਆਵਾਂ ਦੇ ਪ੍ਰਕਾਸ਼ ਹੋ ਜਾਣ ਕਾਰਨ ਉਨ੍ਹਾਂ ਦਾ ਤਨ ਮਨ ਸਮੱਸਿਆਵਾਂ ਨਾਲ ਨਜਿੱਠਣ ਵਾਸਤੇ ਉਤਸ਼ਾਹਤ ਹੋ ਜਾਂਦਾ ਹੈ ਅਤੇ ਪਾਠਕ ਖਿਆਲਾਂ ਦੀਆਂ ਬੁਲੰਦੀਆਂ ਨੂੰ ਪ੍ਰਾਪਤ ਕਰਦੇ ਹਨ। ਕਵੀ ਨੇ ਮਨੁੱਖ ਦੇ ਜੀਵਨ ਵਿੱਚ ਆਉਣ ਵਾਲੀਆਂ ਸੁਭਾਵਕ ਸਮੱਸਿਆਵਾਂ ਨੂੰ ਖੂਬ ਸਮਝ ਕੇ ਉਨ੍ਹਾਂ ਦੇ ਸਮਾਧਾਨ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਸਤੁੱਤ ਕੀਤੇ ਹਨ। ਮਾਨਵਤਾ ਦੀ ਉਸਾਰੀ ਜਾਂ ਸਰਬੱਤ ਦੇ ਭਲੇ  ਦੇ ਕੀਤੇ ਯਤਨਾ ਨੂੰ ਪ੍ਰਗਤੀ ਆਖਿਆ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦੇ ਧਾਰਨੀ ਲੇਖਕ ਨੂੰ ਮਾਨਵ-ਵਾਦੀ, ਪ੍ਰਗਤੀਵਾਦੀ ਜਾਂ ਤਰਕਵਾਦੀ ਲੇਖਕ ਸਮਝਿਆ ਜਾਂਦਾ ਹੈ। ਪ੍ਰਕਾਸ਼ ਸਿੰਘ ਆਜ਼ਾਦ ਇਸੇ ਸ਼੍ਰੇਣੀ ਦਾ ਇੱਕ ਸਰਵੋਤਮ ਕਵੀ ਹੈ। ਸਮੱਸਿਆਵਾਂ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ ਸ਼ੋਸ਼ਣ ਅਮੀਰੀ ਅਤੇ ਗਰੀਬੀ ਦੇ ਪਏ ਪਾੜੇ, ਮਾਲਕ ਅਤੇ ਕਾਮੇ ਦੇ ਰਿਸ਼ਤੇ ਵਰਗੀਆਂ ਹਨ ਜਿਸਨੂੰ ਮਨੁੱਖ ਨਿੱਤ ਦਿਨ ਆਪਣੇ ਤਨ ਉਪਰ ਹੰਢਾਉਦਾ ਹੈ।
ਕਾਮੇ ਦਾ ਤੇ ਮਿਲ ਮਾਲਕ ਦਾ
ਹਾਲੇ ਤੱਕ ਹੈ ਨਾਤਾ ਉਹੀਓ
ਹਾਲੇ ਤੱਕ ਖ਼ਤਮ ਨਾ ਹੋਈ
ਲੋਟੂ ਬੁੱਚੜਾਂ ਦੀ ਇਹ ਢਾਣੀ      ਉਭਾਰ ਨਿਖਾਰ ਤੇ ਦਰਪਣ, ਕਾਣੀ ਵੰਡ 81
ਪ੍ਰਕਾਸ਼ ਕਿਸੇ ਵਿਸ਼ੇਸ਼ ਵਿਅੱਕਤੀ ਜਿਹੜਾ ਸਮੱਸਿਆ ਨੂੰ ਉਤਪੰਨ ਕਰਨ ਦਾ ਜਿੰਮੇਦਾਰ ਬਣਦਾ ਹੈ, ਉਸ ਵਿਸ਼ੇਸ਼ ਵਿਅੱਕਤੀ ਦਾ ਸ਼ੋਸ਼ਣ ਕਰਨ ਦੀ ਬਜਾਏ ਉਹ ਸਮੱਸਿਆਵਾਂ ਦੇ ਆਧਾਰ ਨੂੰ ਜਾਣ ਸਮਝ ਕੇ ਸਮੱਸਿਆਵਾਂ ਦਾ ਹੀ ਵਿਸ਼ਲੇਸ਼ਣ ਕਰਦਾ ਸਮੱਸਿਆਵਾਂ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦਾ ਹੈ। ਇਹੀ ਕਾਰਨ ਹੈ ਕਿ ਉਸਦੀਆਂ ਕਵਿਤਾਵਾਂ ਵਿੱਚ ਯਥਾਰਥਿਕਤਾ ਪਾਈ ਜਾਂਦੀ ਹੈ। ਆਜ਼ਾਦ ਕਵਿਤਾਵਾਂ ਦੀ ਅਭਿਵਿਅਕਤੀ ਕਰਦਾ ਜੀਵਨ ਦੇ ਸਿਧਾਤਾਂ ਨੂੰ ਕੁਦਰਤ ਦੇ ਵਿਗਿਆਨਕ ਵਿਧਾਨ ਅਨੁਸਾਰ ਪੇਸ਼ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਬੇਅਰਥੀ ਅਤੇ ਬੇਤਰਤੀਬੀ ਬਿਲਕੁਲ ਨਹੀਂ ਹੈ। ਪਰਕਾਸ਼ ਆਜ਼ਾਦ ਦੀਆਂ ਕਵਿਤਾਵਾਂ ਦਾ ਜਿਹੜਾ ਮੁੱਖ ਸੁਰ ਹੈ, ਉਹ ਇੰਨਕਲਾਬ ਨੂੰ ਤਾਕਤ ਨਾਲ ਲਿਆਉਣਾ ਚਹੁੰਦਾ ਹੈ। ਜੰਗ ਲੜ ਕੇ ਲਿਆਉਣਾ ਚਹੁੰਦਾ ਹੈ। ਖ਼ੂਨ ਖ਼ਰਾਬਾ ਕਰਕੇ ਲਿਆਉਣਾ ਚਹੁੰਦਾ ਹੈ। ਇੱਕ ਪਾਸੇ ਉਸਦਾ ਵਿਚਾਰ ਹੈ ਕਿ ਹੱਕ ਮ਼ੰਗਣ ਨਾਲ ਹੱਕਾਂ ਨੂੰ ਕੋਈ ਵੀ ਝੋਲੀ ਨਹੀਂ ਪਾਉਂਦਾ। ਹੱਕ ਲਾਠੀ ਦੇ ਜ਼ੋਰ ਨਾਲ ਲਏ ਜਾਂਦੇ ਹਨ।
ਖੁਦਗ਼ਰਜ਼ੀ ਦੀ ਝੋਲੀ ਕਿਉਂ ਫੈਲਾਉਦੇ ਹੋ
ਸਾਂਝੀ ਹੱਕਦਾਰਾਂ ਦੇ ਲਈ ਕਟਾਰ ਬਣੋ।
ਉਭਾਰ ਨਿਖਾਰ ਤੇ ਦਰਪਣ, ਕਾਣੀ ਵੰਡ 8
ਅਤੇ
ਜਦ ਹੱਥ ਤੇ ਚੇਤਨਾ ਇੱਕ ਹੋਏ
ਹੱਥ ਕਰਨਗੇ ਫਿਰ ਹਥਿਆਰ ਦੀ ਗੱਲ।   
ਉਭਾਰ ਨਿਖਾਰ ਦਰਪਣ, ਕਾਣੀ ਵੰਡ 57
ਰਸ਼ੀਅਨ ਨਾਵਲਕਾਰ ‘ਲੀਓ ਟਾਲਸਟਾਇ’ ਨੇ ‘ਵਾਰ ਐਂਡ ਪੀਸ’ ਇਕ ਨਾਵਲ ਲਿਖਿਆ ਹੈ ਜੋ ਵਿਸ਼ਵ ਪ੍ਰਸਿੱਧੀ ਦਾ ਉਸਦਾ ਸ਼ਾਹਕਾਰ ਹੈ। ਦੂਜੇ ਪਾਸੇ ਕਵੀ ਇਸ ਨਾਵਲ ਅਨੁਸਾਰ ਦੁਨੀਆਂ ਵਿੱਚ ਇੰਨਕਲਾਬ ਤਾਂ ਲਿਆਉਣਾ ਚਹੁੰਦਾ ਹੈ ਪਰ ਖ਼ੂਨ ਖ਼ਰਾਬੇ ਨਾਲ ਨਹੀਂ। ਪਰਕਾਸ਼ ਆਜ਼ਾਦ ਹਿੰਸਾ ਅਤੇ ਅਹਿੰਸਾ ਦੋਨਾਂ ਵਸੀਲਿਆਂ ਨਾਲ ਇੰਨਕਲਾਬ ਲਿਆਉਣ ਦਾ ਚਾਹਵਾਨ ਹੈ। ਭਾਵੇਂ ਕੁਝ ਵੀ ਹੋਵੇ, ਉਹ ਇੰਨਕਲਾਬ ਲਿਆਉਣ ਵਾਸਤੇ ਆਪਣੀਆਂ ਰਚਨਾਵਾਂ ਰਾਹੀਂ ਸੰਘਰਸ਼ ਕਰਦਾ ਜਾਪਦਾ ਹੈ।
ਨਾ ਤਲਵਾਰ ਨਾ ਤੀਰ ਹੀ ਚਾਹੀਏ
ਨਾ ਰਾਝਾਂ, ਨਾ ਹੀਰ ਹੀ ਚਾਹੀਏ
ਨਾਲ ਦਲੀਲਾਂ ਜੋ ਜੋਗ ਜਿੱਤੇ
ਨਾਨਕ ਵਰਗਾ ਪੀਰ ਤਾਂ ਚਾਹੀਏ। ਹਯਾਤੀ ਦਾ ਨੂਰ ਪੰਨਾ 40
‘ਹਯਾਤੀ ਦਾ ਨੂਰ’ ਪੁਸਤਕ ਵਿੱਚ ‘ਪ੍ਰਕਾਸ਼ ਸਿੰਘ ‘ਆਜ਼ਾਦ’ ਦੀ ਸ਼ਾਇਰੀ’ ਦੇ ਸਿਰਲੇਖ ਹੇਠ ਡਾ: ਪ੍ਰੀਤਮ ਸਿੰਘ ਕੌਂਬ, ਲੰਡਨ ਲਿਖਦੇ ਹਨ; ‘ਕਵੀ ਅੰਤਰਰਾਸ਼ਟਰੀ ਸਮੱਸਿਆਵਾਂ ਨੂੰ ਆਪਣੀ ਕਾਵਿ-ਚੇਤਨਾ ਵਿੱਚ ਪੇਸ਼ ਕਰਦਾ ਹੈ। ਉਨ੍ਹਾਂ ਵਿੱਚਲੇ ਸਾਮਰਾਜੀ ਅਮਲ ਤੇ ਦਰਦਾਂਦੇ ਜਬਰ ਨੂੰ ਤਿੱਖੀ ਆਵਾਜ਼ ਵਿੱਚ ਭੰਡਦਾ ਹੈ। ਉਸਦੀ ਗਹਿਰੀ ਅੱਖ ਫ਼ਲਸਤੀਨ, ਵਰਤਮਾਨ ਆਦਿ ਦੇ ਮਸਲਿਆਂ ਤੋਂ ਲੈ ਕੇ ਕਸ਼ਮੀਰ ਤੱਕ ਦੀ ਖਿਚੋਤਾਣ ਨੂੰ ਪੇਸ਼ ਕਰਦੀ ਹੈ। ਉਸਦੀ ਕਲਮ ਭਾਰਤ ਦੇ ਰਾਸ਼ਟਰ ਵਿੱਚ ਵਾਪਰ ਰਹੇ ਘਿਨੌਣੇ ਦ੍ਰਿਸ਼ਾਂ ਨੂੰ ਬੇਨਕਾਬ ਕਰਦੀ ਹੈ। ਉਸਦਾ ਹਿਰਦਾ 1984 ਤੇ ਗੁਜ਼ਰਾਤ ਦੇ ਦੰਗਿਆਂ ਬਾਰੇ ਕਲਪਦਾ ਤੇ ਤੜਪਦਾ ਹੈ। ਉਸਨੇ ਭਾਰਤ ਦੇ ਰਾਸ਼ਟਰ ਤੇ ਉਸ ਦੀ ਧਰਮ-ਨਿਰਪੇਖਤਾ ਦੀ ਨੀਤੀ ਤੇ ਤਿੱਖੀਆਂ ਚੋਭਾਂ ਲਾਈਆਂ ਹਨ। ਉਹ ਆਪਣੀਆਂ ਗ਼ਜ਼ਲਾਂ ਵਿੱਚ ਦੁਨੀਆਂ ਤੇ ਸਾਮਰਾਜੀ ਜਕੜ ਬਣਾਈ ਰੱਖਣ ਵਾਲੇ ਅਮਰੀਕਾ ਨੂੰ ਆਹੜੇ ਹੱਥੀਂ ਲੈਂਦਾ ਹੈ ਤੇ ਉਸ ਤੇ ਸਾਮਰਾਜੀ ਸਮੁੱਚੀ ਦੁਨੀਆਂ ਦੇ ਆਰਥਕ ਵਸੀਲਿਆਂ ਤੇ ਦਬਦਬਾ ਜਮਾਈ ਰੱਖਣ ਦੇ ਇਲਜ਼ਾਮ ਧਰਦਾ ਹੈ।’ ਪ੍ਰਕਾਸ਼ ਆਜ਼ਾਦ ਦੀ ਸ਼ਾਇਰੀ ਇਸ ਤੋਂ ਅੱਗੇ ਹੋਰ ਵੀ ਦਰਸ਼ਨ ਪੇਸ਼ ਕਰਦੀ ਹੈ।
 ‘ਜਦ ਰੋਈ ਧਰਤ ਪੰਜਾਬ ਦੀ’ ਪੁਸਤਕ ਵਿੱਚ ‘ਕੁਝ ਸ਼ਬਦ ਮੇਰੇ ਵਲੋਂ’ ਸਿਰਲੇਖ ਵਿੱਚ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ‘ਮੋਤਾ ਸਿੰਘ ‘ਸਰਾਏ’ ਲਿਖਦੇ ਹਨ: ‘ਸ: ਪ੍ਰਕਾਸ਼ ਸਿੰਘ ਆਜ਼ਾਦ ਵਧਾਈ ਦੇ ਹੱਕਦਾਰ ਹਨ ਕਿਉਂਕਿ ਦੁਖਾਂਤ ਨੂੰ ਸ਼ਬਦਾਂ ਰਾਹੀਂ ਪਾਠਕਾਂ ਦੀ ਰੂਹ ਤੱਕ ਪਹੁੰਚਦਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ।’ ਕਿਹੜੇ ਦੁਖਾਤਾਂ ਨੂੰ ਕਵੀ ਪ੍ਰਕਾਸ਼ ਆਜ਼ਾਦ ਨੇ ਆਪਣੀਆਂ ਕਵਿਤਾਵਾਂ ਰਾਹੀਂ ਪਾਠਕਾਂ ਦੇ ਰੂ-ਬਰੂ ਕੀਤਾ ਹੈ ਉਨ੍ਹਾਂ ਬਾਰੇ ਇਸ ਲੇਖ ਵਿੱਚ ਵਿਸਥਾਰ ਨਾਲ ਵਿਚਾਰਿਆ ਜਾਵੇਗਾ?
‘ਜਦ ਰੋਈ ਧਰਤ ਪੰਜਾਬ ਦੀ’ ਪੁਸਤਕ ਅਤੇ ਸਿਰਲੇਖ ਹੇਠ ਡਾ: ਨਿਰਮਲ ਸਿੰਘ ਸੇਵਾਦਾਰ, ਪੰਜਾਬੀ ਸੱਥ ਲਿਖਦੇ ਹਨ: ‘ਪ੍ਰਕਾਸ਼ ਸਿੰਘ ਆਜ਼ਾਦ ਕੋਲ ਜਿ਼ੰਦਗੀ ਦੇ ਹਰ ਪਸਾਰ ਦਾ, ਵਿਚਾਰਾਂ ਦੇ ਹਰ ਪੱਖ ਦਾ ਉਮਰ ਭਰ ਦਾ ਤਜ਼ਰਬਾ ਹੈ। ਉਹ ਦੇਸ ਪਿਆਰ ਤੋਂ ਲੈ ਕੇ ਮਾਰਕਸਵਾਦ ਤੱਕ ਆਸਤਿਕਤਾ ਤੋਂ ਨਾਸਤਿਕਤਾ, ਪੂਰਬ ਤੋਂ ਪੱਛਮ, ਅਧਿਆਤਮਿਕਵਾਦ ਤੋਂ ਲੈ ਕੇ ਆਧੁਨਿਕਤਾ ਤੱਕ ਦੇ ਵਿਚਾਰਾਂ ਨੂੰ ਹੱਡੀ ਹੰਢਾ ਚੁੱਕੇ ਨੇ। ਵਲੈਤ ਵਿੱਚ ਰਹਿੰਦਿਆਂ ਵੀ ਉਨ੍ਹਾਂ ਨੂੰ ਪੰਜਾਬੀ ਪੁਣੇ ਵਿੱਚ ਪਏ ਵਿਗਾੜਾਂ ਦੀ, ਉਲਾਰਾਂ ਦੀ ਚਿੰਤਾਂ ਹੈ। ਕਹਿੰਦੇ ਨੇ ਸਾਰੇ ਹੀ ਕਲਮਕਾਰ ਹਮਾਤੜਾਂ ਨਾਲੋਂ ਵੱਧ ਸਿਆਣੇ ਤੇ ਸੰਵੇਦਨਸ਼ੀਲ ਹੁੰਦੇ ਨੇ ਤੇ ਕਈ ਤਾਂ ਉਨ੍ਹਾਂ ਤੋਂ ਵੀ ਅੱਗੇ ਹਮੇਸ਼ਾਂ ਤੀਜਾ ਨੇਤਰ ਖੋਲ੍ਹ ਰੱਖਦੇ ਨੇ। ਉਨ੍ਹਾਂ ਨੂੰ ਲੋਕਾਈ ਦੀ ਚਿੰਤਾਂ ਹੁੰਦੀ ਹੈ। ਉਹ ਹਰ ਪਖੋਂ ਵਧੀਆ ਸਮਾਜ ਸਿਰਜਣ ਦੇ ਚਾਹਵਾਨ ਹੁੰਦੇ ਨੇ। ਕੁਝ ਅਜਿਹਾ ਹੀ ਪ੍ਰਕਾਸ਼ ਸਿੰਘ ਆਜ਼ਾਦ ਦੀਆਂ ਰਵਨਾਵਾਂ ਵਿੱਚ ਸਾਨੂੰ ਸਭ ਨੂੰ ਜਾਪੇਗਾ, ਨਜ਼ਰੀਂ ਚੜ੍ਹੇਗਾ ਤੇ ਸਾਨੂੰ ਕੁਝ ਸੋਚਣ ਅਤੇ ਕਰਨ ਲਈ ਮਜ਼ਬੂਰ ਕਰੇਗਾ। ਇਹੋ ਕਿਸੇ ਕਲਮਕਾਰ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ।’ ਪ੍ਰਕਾਸ਼ ਸਿੰਘ ਆਜ਼ਾਦ ਨੇ ਇਸ ਸਾਰੀ ਆਪਣੀ ਦੌਲਤ ਨੂੰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਇਸ ਤਰ੍ਹਾਂ ਪਾ ਦਿੱਤਾ ਹੈ ਜਿਵੇਂ ਕੋਈ ਬਾਪ ਖਿੜ੍ਹੇ ਮੱਥੇ ਆਪਣੀ ਜੀਵਨ ਭਰ ਦੀ ਕਮਾਈ ਨੂੰ ਆਪਣੀ ਲਾਡਲੀ ਧੀ ਦੀ ਝੋਲੀ ਵਿੱਚ ਪਾ ਦਿੰਦਾ ਹੈ।,
‘ਪਿਘਲਦਾ ਲਾਵਾ’ ਪੁਸਤਕ ਵਿੱਚ ‘ਪ੍ਰਕਾਸ਼ ਸਿੰਘ ਆਜ਼ਾਦ’ ਦੀ ਵਾਪਸੀ’ ਸਿਰਲੇਖ ਹੇਠ ਮੁਸ਼ਤਾਕ ਲਿਖਦਾ ਹੈ: ‘ਇਹ ਜਾਣ ਕੇ ਬਹੁਤ ਖੁਸ਼ੀ ਹੋਈ ‘ਲੜਾਗਾਂ ਜਦੋਂ ਤੱਕ ਸਾਹ ਬਾਕੀ ਹੈ’ ਕਹਿਣ ਵਾਲਾ ਆਜ਼ਾਦ ‘ਮਸਲਾ-ਏ-ਕਸ਼ਮੀਰ’, ਮਸਲਾ-ਏ-ਫਲਸਤੀਨ’ ਵਰਗੀਆਂ ਕਵਿਤਾਵਾਂ ਲੈ ਕੇ ਕਾਵਿ-ਖੇਤਰ ਵਿੱਚ ਫੇਰ ਮੁੜਕੇ ਆਇਆ ਹੈ। ਮੈਂ ‘ਪਿਘਲਦਾ ਲਾਵਾ’ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਾ ਹਾਂ ਤੇ ਵਿਸ਼ਵਾਸ਼ ਕਰਦਾ ਹਾਂ, ਇਸ ਦਾ ਨਿਵੇਕਲਾਪਣ ਪਾਠਕ ਦੋਸਤਾਂ ਨੂੰ ਅਵੱਸ਼ ਹੀ ਪ੍ਰਭਾਵਿਤ ਕਰੇਗਾ।’ ਪ੍ਰਕਾਸ਼ ਸਿੰਘ ਆਜ਼ਾਦ ਦੀਆਂ ਕਵਿਤਾਵਾਂ ਦਾ ਪਾਠਕ ਪਾਠ ਕਰਕੇ ‘ਮੁਸ਼ਤਾਕ’ ਦੇ ਇਸ ਵਿਚਾਰ ਨਾਲ ਜ਼ਰੂਰ ਸਹਿਮਤ ਹੋਵੇਗਾ।
ਸਵਰਗੀਆ ‘ਨਿਰੰਜਨ ਸਿੰਘ ਨੂਰ’ ‘ਉਭਾਰ ਨਿਖਾਰ ਤੇ ਦਰਪਣ’ ਪੁਸਤਕ ਦੇ ਮੁੱਖ ਪੰਨਿਆਂ ਵਿੱਚ ਲਿਖਦਾ ਹੈ; ‘ਕਵਿਤਾ ਪੀੜ ‘ਚੋਂ ਜੰਮਦੀ ਹੈ, ਪਰ ਹਰ ਪੀੜਤ ਕਵੀ ਨਹੀਂ ਹੁੰਦਾ। ਆਜ਼ਾਦ ਨਿੱਜੀ ਪੀੜ ਦੇ ਕੀਰਨੇ ਨਹੀੰ ਪਾਉਦਾ। ਰੁਮਾਂਸ ਦੀ ਦਲਦਲ ਵਿੱਚ ਨਹੀਂ ਫਸਦਾ। ਉਹ ਕਵੀ ਦੇ ਉਚੇਰੇ ਫਰਜ਼ ਵੱਲ ਇਸਾਰ ਕਰਦਾ ਹੈ।’
ਕਵੀ ਪ੍ਰਕਾਸ਼ ਆਜ਼ਾਦ ਦੇ ਸਿਰਨਾਤਮਕ ਕਾਰਜ ਬਾਰੇ ਨਿਰੰਜਨ ਸਿੰਘ ਨੂਰ ਜਦ ਲਿਖਦਾ ਹੈ ਕਿ ਰਚਨਾਵਾਂ ਸਾਹਿਤਕ, ਕਲਾਤਮਕ ਅਤੇ ਅਦਰਸ਼ਕ ਹਨ ਪਰ ਪਤਾ ਨਹੀਂ ਨਿਰੰਜਨ ਸਿੰਘ ਨੂਰ ਪ੍ਰਕਾਸ਼ ਆਜ਼ਾਦ ਬਾਰੇ ਹੇਠ ਲਿਖਿਆ ਨਜ਼ਰੀਆਂ ਕਿਉਂ ਰੱਖਦਾ ਸੀ?
‘ਉਹ ਮਸਲੇ ਨੂੰ ਮਾਰਕਸੀ ਕਸੌਟੀ ਤੇ ਪਰਖਦਾ ਹੈ। ਜਿਵੇਂ ਵਿਸ਼ੇਸ਼ ਮੰਜਿਲ ਵਲ ਵੱਧਦੇ ਰਾਹੀਂ ਨੂੰ ਦਿਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ, ਏਸੇ ਤਰ੍ਹਾਂ ਕਵੀ ਕੋਲ ਕਸੌਟੀ ਦੀ ਅਣਹੋਂਦ ਉਹਦੀ ਕਲਾ ਨੂੰ ਮੰਤਵਹੀਣ ਬਣਾ ਦਿੰਦੀ ਹੈ।’ ਪ੍ਰਕਾਸ਼ ਆਜ਼ਾਦ ਦੀ ਕਿਹੜੀ ਕਵਿਤਾ ਵਿੱਚ ਕਿਹੜਾ ਵਿਚਾਰ ਮੰਤਵਹੀਣ ਹੈ। ਇਸ ਬਾਰੇ ਨਿਰੰਜਨ ਸਿੰਘ ਨੂਰ ਚੁੱਪ ਹੈ ਪਰ ਉਸਦਾ ਮੰਤਵ ਪ੍ਰਕਾਸ਼ ਆਜ਼ਾਦ ਦੀ ਕਲਾ ਉਪਰ ਉਂਗਲ ਧਰਨ ਦਾ ਹੀ ਸੀ। ਮੈਂ ਸਮਝਦਾ ਹਾਂ ਕਿ ਨੂਰ ਦੇ ਇਸ ਵਿਚਾਰ ਦਾ ਮੰਤਵ ਹੀ ਕਵੀ ਦੀ ਚੜ੍ਹਤ ਦੀ ਮਲਾਮਤ ਕਰਨਾ ਹੈ। ਅੱਗੇ ਪੜ੍ਹੋ ਨੂਰ ਲਿਖਦਾ ਹੈ: ‘ਆਜ਼ਾਦ ਦੀ ਕਵਿਤਾ ਵਿੱਚ ਰਿੱਦਮ ਹੈ। ਉਹਦੀ ਕਵਿਤਾ ਵਿੱਚ ਰੋਹ ਹੈ। ਉਹ ਸਿੱਧੀ ਗੱਲ ਕਹਿਣ ਵਿੱਚ ਯਕੀਨ ਰੱਖਦਾ ਹੈ। ਇਹ ਗੁਣ ਵੀ ਹੈ ਔਗਣ ਵੀ।’ ਸਵਰਗੀਆ ਨਿਰੰਜਨ ਸਿੰਘ ਨੂਰ ਸੱਚੀ ਗੱਲ ਕਹਿਣ ਨੂੰ ਵੀ ਔਗਣ ਹੀ ਕਹਿੰਦਾ ਹੈ। ਇਸ ਤਰ੍ਹਾਂ ਲਿਖ ਕੇ ਕਵੀ ਦੀ ਹੇਠੀ ਹੀ ਨਹੀਂ ਕਰਦਾ ਸਗੋਂ ਆਪਣੀ ਵਿਦਵਤਾ ਦਾ ਵੀ ਸਬੂਤ ਦੇ ਗਿਆ ਹੈ।
ਕਵੀ ਪ੍ਰਕਾਸ਼ ਆਜ਼ਾਦ ਮਾਲਕ ਅਤੇ ਕਾਮੇ ਦੇ ਫਰਕ, ਅਮੀਰੀ ਅਤੇ ਗਰੀਬੀ ਵਿਚਲੇ ਪਾੜੇ ਨੂੰ ਮੁਕਾਉਣਾ ਚਹੁੰਦਾ ਹੈ। ਬਸਤੀਵਾਦ ਅਤੇ ਬਰਜੂਆ ਸਿਸਟਿਮ ਨੂੰ ਖਤਮ ਕਰਨਾ ਚਹੁੰਦਾ ਹੈ। ਕਵੀ ਸਾਮੰਤਸ਼ਾਹੀ ਨੂੰ ਮਨਸੂਖ ਕਰਕੇ ਦੁਨੀਆਂ ਵਿੱਚ ਸਮਾਜਵਾਦ ਫੈਲਾਉਣਾ ਚਹੁੰਦਾ ਹੈ। ਦੇਸ਼ ਵਿੱਚੋਂ ਭ੍ਰਿਸ਼ਟਗਚਾਰ ਅਤੇ ਰਿਸ਼ਵਤਖੋਰੀ ਦਾ ਨਾਸ਼ ਕਰਨਾ ਲੋੜਦਾ ਹੈ। ਦੇਸ਼ ਭਗਤੀ ਦੇ ਮਾਅਨੇ ਅਤੇ ਫਾਇਦੇ ਸਮਝਾਉਦਾ ਹੈ। ਕਵੀ ਗਣਤੰਤਰ ਰਾਜ ਦਾ ਹਾਮੀ ਹੈ। ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਹੁੰਦਾ ਹੋਇਆ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਸਮੱਸਿਆਂਵਾ ਦਾ ਪਾਠਕਾਂ ਨੂੰ ਬੋਧ-ਗਿਆਨ ਕਰਵਾਉਦਾ ਹੈ। ਉਹ ਭਾਰਤ ਦੇ ਰਾਸ਼ਟਰ ਦਾ ਧਰਮ ਨਿਰਪੇਖਤਾ ਵਾਲੇ ਸੰਕਲਪ ਉਪਰ ੳਂਗਲ ਧਰਦਾ ਹੈ ਅਤੇ ਅੰਤਰ-ਰਾਸ਼ਟਰੀ ਬਸਤੀਵਾਦੀ ਵਿਚਾਰਾਂ ਨੂੰ ਨਿੰਦਦਾ ਹੈ।  ਗੱਲ ਕੀ ਕਿ ਉਸਦੀ ਸੋਚ ਗਲੋਬਲ ਹੈ। ਕਵੀ ਅਣਮਨੁੱਖੀ ਸਿਲਸਲਿਆਂ ਨੂੰ ਨਿੰਦਦਾ ਹੈ। ਉਹ ਮਨੁੱਖ ਨੂੰ ਮਨੁੱਖ ਦੀ ਸਹਾਨਭੂਤੀ ਲਈ ਤਿਆਰ ਕਰਦਾ ਹੈ ਅਤੇ ਅਮਾਨਵੀ ਵਰਤਾਰਿਆਂ ਨੂੰ ਦੁਨੀਆਂ ਵਿੱਚੋਂ ਖਤਮ ਕਰਨਾ ਲੋੜਦਾ ਹੈ। ਕਵੀ ਨਸ਼ੀਲੇ ਪਦਾਰਥਾਂ ਦੇ ਪ੍ਰਯੋਗ ਅਤੇ ਨੰਗੇਜ਼ਵਾਦ ਨੂੰ ਪੰਜਾਬ ਦੀਆਂ ਸਰਹੱਦਾਂ ਤੋਂ ਪਾਰ ਕਰਵਾਉਣ ਵਾਸਤੇ ਕਰਮਸ਼ੀਲ ਹੈ। ਪੱਛਮ ਤੋਂ ਦਰਾਮਦ ਹੋਈਆਂ ਕਾਮਿਕ ਰੁਚੀਆਂ ਅਤੇ ਖੁਲ੍ਹਾਂ ਖੇਲਾਂ ਨੂੰ ਮਾਨਵ ਵਾਸਤੇ ਘਾਤਕ ਗਰਦਾਨਦਾ ਹੈ। ਉਹ ਮਾਰਕਸੀ ਸਿਸਟਿਮ ਨੂੰ ਵਿਸ਼ਵ ਭਰ ਵਿੱਚ ਲਾਗੂ ਹੋਇਆ ਵੇਖਣਾ ਚਹੁੰਦਾ ਹੈ। ਕਵੀ ਸਰਬੱਤ ਦੇ ਭਲੇ ਦੀ ਹਾਮੀ ਭਰਦਾ ਹੋਣ ਕਰਕੇ ਪ੍ਰਗਤੀਵਾਦੀ ਅਤੇ ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੈ। ਏਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਸਵ: ਨਿਰੰਜਨ ਸਿੰਘ ਨੂਰ ਪ੍ਰਕਾਸ਼ ਆਜ਼ਾਦ ਦੇ ਪੂਰਬ, ਪੱਛਮ ਉਤਰ ਦੱਖਣ ਉਪਰ ਗੱਡੇ ਵਿਦਵਤਾ ਦੇ ਝੰਡਿਆਂ ਨੂੰ ਵੇਖਣੋ ਅਸਮਰਥ ਰਿਹਾ ਹੈ।
ਪ੍ਰਕਾਸ਼ ਆਜ਼ਾਦ ਦੀਆਂ ਉਪ੍ਰੋਕਤ ਪੁਸਤਕਾਂ ਦਾ ਪੰਜਾਬੀ ਸਾਹਿਤ ਅੰਦਰ ਕੀ ਸਥਾਨ ਹੈ? ਇਹ ਸੰਕਲਨ ਕਿਸ ਮਿਆਰ ਦੇ ਹਨ। ਇਨ੍ਹਾਂ ਸੰਕਲਨਾ ਦੀ ਪੰਜਾਬੀ ਸਾਹਿਤ ਅੰਦਰ ਕਿੰਨੀ ਕੁ ਚਰਚਾ ਹੈ। ਪ੍ਰਕਾਸ਼ ਆਜ਼ਾਦ ਦੀਆਂ ਰਚਨਾਵਾਂ ਦੇ ਸਫ਼ਰ ਨੂੰ ਜਾਨਣ ਵਾਸਤੇ ਪਾਠਕ ਜੀ ‘ਜਦ ਰੋਈ ਧਰਤ ਪੰਜਾਬ ਦੀ’ ਪੁਸਤਕ ਵਿੱਚ ‘ਮੇਰੇ ਵਲੋਂ’ ਸਿਰਲੇਖ ਹੇਠ ਕਵੀ ਦੀ ਆਪਣੀ ਕਲਮ ਰਾਹੀਂ ਲਿਖਿਆ ਨਿਬੰਧ ਪੜ੍ਹਨਯੋਗ ਹੈ।
‘ਜਦ ਰੋਈ ਧਰਤ ਪੰਜਾਬ ਦੀ’ ਇਹ ਮੇਰਾ ਚੌਥਾ  ਕਾਵਿ-ਸੰਗ੍ਰਹਿ ਹੈ। 1973 ਵਿੱਚ ਦਰਪਣ, 1977 ਵਿੱਚ ‘ਉਭਾਰ ਨਿਖਾਰ’, 2003 ਵਿੱਚ ਦਬਾਰਾ ‘ਉਭਾਰ ਨਿਖਾਰ ਤੇ ਦਰਪਣ’ ਦੋਵੇਂ ਇੱਕਠੀਆਂ ਇੱਕੋ ਕਾਵਿ ਸੰਗ੍ਰਹਿ ਵਿੱਚ ਗੁਰਮੁਖੀ ਤੇ ਸ਼ਾਹਮੁਖੀ ਲਿੱਪੀ ਵਿੱਚ ਲਾਹੌਰ (ਪਾਕਿਸਤਾਨ ਤੋਂ ਪ੍ਰਕਾਸ਼ਤ ਕੀਤੀਆਂ ਗਈਆਂ। 2003 ਵਿੱਚ ਚੰਡੀਗੜ੍ਹ ਇੰਟਰਨੈਸ਼ਨਲ ਰਾਈਟਰਜ਼ ਐਸੋਸੀਏਸ਼ਨ ਵਲੋਂ ‘ਪਿਘਲਦਾ ਲਾਵਾ’ ਗੁਰਮੁਖੀ ਸ਼ਾਹਮੁਖੀ ਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਤੇ ਰੀਲੀਜ਼ ਕੀਤੀ ਗਈ। ਇਨ੍ਹਾਂ ਨੇ ਹੀ ਅੰਗਰੇਜ਼ੀ ਵਿੱਚ ‘ਪਿਘਲਦਾ ਲਾਵਾ’ ਵੱਖਰੇ ਤੌਰ ਤੇ ਛਪਵਾਇਆ।’
‘ਜਦ ਰੋਈ ਧਰਤ ਪੰਜਾਬ ਦੀ’ ਪੁਸਤਕ ਵਿੱਚ ਕਵੀ ਚਿੰਤਤ ਹੈ ਹਰਿਮੰਦਰ ਉਪਰ ਹੋਏ ਹਮਲੇ ਬਾਰੇ। ਗੁਜਰਾਤ ਵਿੱਚ ਹੋਏ ਦੰਗਿਆਂ ਬਾਰੇ ਅਤੇ ਪੰਜਾਬ ਦੀ ਧਰਤੀ ਉਪਰ ਕਈ ਹੋਰ ਹੋਏ ਘੁਟਾਲੇ ਅਤੇ ਦਰਦਨਾਕ ਕਾਂਡਾ ਬਾਰੇ। ਕਵੀ ਪੰਜਾਬ ਦੀਆਂ ਫਸਲਾਂ ਉਪਰ ਕੁਦਰਤ ਦਾ ਕਹਿਰ ਅਤੇ ਸਰਕਾਰੀ ਅਦਾਰਿਆਂ ਵਲੋਂ ਫਸਲਾਂ ਦੀ ਬੇਕਦਰੀ ਕਾਰਨ ਮੰਡੀਆਂ ਵਿੱਚ ਰੁਲਦਾ ਵੇਖ ਕੇ ਕੁਰਲਾਹਟ ਵਿੱਚ ਆ ਜਾਂਦਾ ਹੈ। ਪੰਜਾਬ ਵਿੱਚ ਧਰਮਾਂ ਦੇ ਨਾਮ ਉਪਰ ਪਾਇਆ ਜਾਂਦਾ ਨੇਤਾਵਾਂ ਵਲੋਂ ਪਾੜਾ, ਸਾੜਾ ਅਤੇ ਉਜਾੜਾ ਬਾਰੇ ਫਿ਼ਕਰਮੰਦ ਹੈ। ਅਫ਼ਸਰਸ਼ਾਹੀ ਦੀਆਂ ਆਪ-ਹੁਦਰੀਆਂ, ਤਾਨਾਸ਼ਾਹੀ ਅਤੇ ਰਿਸ਼ਵਤ-ਖੋਰੀ ਨੂੰ ਕਵੀ ਨੇ ਆਪਣੀਆਂ ਕਵਿਤਾਵਾਂ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।
    ਪ੍ਰਕਾਸ਼ ਆਜ਼ਾਦ ਨੇ ਆਪਣੀਆਂ ਗ਼ਜ਼ਲਾਂ ਦੇ ਕਈ ਬਹਿਰ ਸਿਰਜੇ ਹਨ। ਨਾਜ਼ਕ ਖਿਆਲੀ ਗ਼ਜ਼ਲ ਦੇ ਸ਼ੇਅਰਾਂ ਦੀ ਜ਼ਿੰਦ ਜਾਨ ਹੁੰਦੀ ਹੈ। ਨਾਜ਼ਕ ਖਿਆਲਾਂ ਤੋਂ ਬਿਨ੍ਹਾਂ ਕੋਈ ਗ਼ਜ਼ਲ ਇੱਕ ਕਲਬੂਤ ਦੀ ਤਰ੍ਹਾਂ ਹੁੰਦੀ ਹੈ। ਆਜ਼ਾਦ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਇਹ ਬਿਆਨ ਵੀ ਬਹੁਤ ਪ੍ਰਬੱਲ ਰੂਪ ਵਿੱਚ ਨਜ਼ਰ ਆਉਂਦਾ ਹੈ। ਆਜ਼ਾਦ ਨੇ ਤਮਸੀਲੀ ਸ਼ੇਅਰ ਵੀ ਲਿਖੇ ਹਨ। ਉਹ ਆਪਣੇ ਰਚੇ ਹੋਏ ਸ਼ੇਅਰਾਂ ਵਿੱਚ ਉਚੇਚੇ ਵਿਚਾਰਾਂ ਦੀਆਂ ਉਦਾਹਰਣਾ ਪੇਸ਼ ਕਰਦਾ ਹੈ। ਪ੍ਰਕਾਸ਼ ਆਜ਼ਾਦ ਦੀ ਗ਼ਜ਼ਲ ਦੀਆਂ ਸਤਰਾਂ ਕੋਈ ਗਾਇਕ ਇੱਕ ਸਾਹ ਵਿੱਚ ਸੌਖਿਆਂ ਹੀ ਗਾਇਨ ਕਰ ਸਕਦਾ ਹੈ। ਉਨ੍ਹਾਂ ਦਾ ਸੁਰ ਤਾਲ ਜਾਂ ਧਰੁਪੱਦ ਤੋਂ ਥੱਲੜੀ ਪੱਧਤੀ ਤੱਕ ਜਾਂਦਾ ਹੈ ਅਤੇ ਜਾਂ ਫਿਰ ਪਹਿਲੇ ਸੁਰ ਤੋਂ ਲਗਾਤਾਰ ਸੱਤਵੇ ਸੁਰ ਤੱਕ ਗਾਇਆ ਜਾ ਸਕਦਾ ਹੈ। ਅਜਿਹੀ ਗ਼ਜ਼ਲ ਕਹਿਣੀ ਪ੍ਰੋੜ ਸੰਗੀਤਕ ਤਜ਼ਰਬਾ ਮੰਗਦੀ ਹੈ।
ਰਦੀਫ ਕਾਫੀਏ ਵਾਲੀਆਂ ਅਤੇ ਇੱਕਲੇ ਕਾਫੀਏ ਵਾਲੀਆਂ ਆਜ਼ਾਦ ਨੇ ਅਨੇਕਾਂ ਗ਼ਜ਼ਲਾਂ ਕਹੀਆਂ ਹਨ। ਛੋਟੇ ਵੱਡੇ ਬਹਿਰ ਦੀਆਂ ਗ਼ਜ਼ਲਾਂ ਕਹੀਆਂ ਹਨ। ਛੋਟੇ ਬਹਿਰ ਦੀਆਂ ਗ਼ਜ਼ਲਾਂ ਦੇ ਮਤਲੇ ਹਨ ਪਰ ਵੱਡੇ ਬਹਿਰ ਦੀ ਗ਼ਜ਼ਲ ਮਤਲਾ ਰਹਿਤ ਕਹੀ ਹੈ। ਆਰੂਜ਼ ਦੇ ਗ਼ਜ਼ਲ ਵਿਧਾਨ ਅਨੁਸਾਰ ਗ਼ਜ਼ਲਗੋ ਪ੍ਰਕਾਸ਼ ਆਜ਼ਾਦ ਨੇ ਮਤਲੇ ਦੇ ਭਾਵ ਅਰਥਾਂ ਦੀ ਆਬਰੀ ਕਰਨ ਵਾਸਤੇ ਸ਼ੇਅਰਾਂ ਵਿੱਚ ਵੱਖਰੀਆਂ ਕਹਾਣੀਆਂ ਦਾ ਪ੍ਰਯੋਗ ਕੀਤਾ ਹੈ। ਕਈਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਏਨੀ ਮਹਤੱਤਾ ਹੈ ਕਿ ਉਹ ਸ਼ੇਅਰ ‘ਫਰਦ’ (ਜ਼ਰਬੁਲਮਿਸਲ) ਬਣ ਜਾਣ ਦੀ ਕਲਾ ਦੇ ਧਾਰਨੀ ਹਨ, ਭਾਵ ਇਹ ਕਿ ਉਹ ਸ਼ੇਅਰ ਸਵਤੰਤਰ ਤੌਰ ਉਪਰ ਇੱਕ ਮੁਕੰਮਲ ਖਿਆਲ ਹਨ, ਜਿਨ੍ਹਾਂ ਨੂੰ ਨਾ ਵਧਾਇਆ ਜਾ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਸ਼ੇਅਰਾਂ ਵਿੱਚੋਂ ਕੋਈ ਲਫ਼ਜ਼ ਕੱਟਿਆ ਜਾ ਸਕਦਾ ਹੈ। ਗ਼ਜ਼ਲਾਂ ਦੇ ਕਈ ਸ਼ੇਅਰ ਮਸਤਾਣੇ ਹਨ। ਥੋੜੇ ਜਿਹੇ ਸ਼ੇਅਰ ਇਸ਼ਕ ਮਜ਼ਾਜੀ ਦੇ ਕਹੇ ਗਏ ਹਨ ਪਰ ਬਹੁਤ ਸ਼ੇਅਰਾਂ ਦੀ ਕਹਾਵਤ ਇਸ਼ਕ ਹਕਾਨੀ ਹੀ ਹੈ। ਵਿੱਚ ਵਿੱਚ ਐਸੇ ਸ਼ੇਅਰ ਵੀ ਕਹੇ ਗਏ ਹਨ, ਜਿਨ੍ਹਾਂ ਦਾ ਮੁਹਾੜ ਤਸੱਵੁਫ (ਸੂਫੀ) ਹੈ। ਜ਼ਮੀਨ ਨੂੰ ਕਿਸੇ ਕਵਰ ਦਾ ਬਾਹਰੀ ਕਲੇਵਰ ਕਿਹਾ ਜਾ ਸਕਦਾ ਹੈ। ਪ੍ਰਕਾਸ਼ ਆਜ਼ਾਦ ਦੀਆਂ ਸਾਰੀਆਂ ਗ਼ਜ਼ਲਾਂ ਵਖੋ ਵਖਰੀ ਜ਼ਮੀਨ ਦੀਆਂ ਹੀ ਹਨ। ਆਜ਼ਾਦ ਹਰ ਗੱਲ ਨੂੰ ਆਪਣੇ ਸ਼ੇਅਰਾਂ ਵਿੱਚ ਬੜੀ ਰਮਜ਼ ਨਾਲ ਕਹਿੰਦਾ ਹੈ। ਅਜਿਹਾ ਕਰਦਾ ਉਹ ਸਪੱਸ਼ਟ ਸ਼ਬਦਾਂ ਦੀ ਵਰਤੋਂ ਕਰਦਾ ਹੈ ਅਤੇ ਇਹ ਇਤਿਹਾਤ ਰੱਖਦਾ ਹੈ ਕਿ ਕਨਾਇਆ ਬੁਝਾਰਤ ਹੀ ਨਾ ਬਣ ਜਾਵੇ। ਏਸੇ ਕਰਕੇ ਉਸਦੇ ਸ਼ੇਅਰਾਂ ਦੇ ਭਾਵ ਸਪੱਸ਼ਟ ਸਮਝ ਵਿੱਚ ਆਉਂਦੇ ਹਨ। ਕਈ ਸ਼ੇਅਰ ਬਹੁਤ ਆਕਰਮਣਕਾਰੀ ਅਤੇ ਕਈ ਸ਼ੇਅਰ ਬੜੇ ਸਾਕਾਰਾਤਮਕ ਕਹਿ ਜਾਂਦਾ ਹੈ। ਪ੍ਰਕਾਸ਼ ਆਜ਼ਾਦ ਦੀਆਂ ਗ਼ਜ਼ਲਾਂ ਦੇ ਥੀਮਾਂ ਵਿੱਚ ਸੋਜ਼ ਅਤੇ ਤੜ੍ਹਪ ਹੈ।
ਜਿਵੇਂ ਉØੱਪਰ ਦਸਿਆ ਗਿਆ ਹੈ ਕਿ ਗ਼ਜ਼ਲਾਂ ਦੇ ਸ਼ੇਅਰਾਂ ਨੂੰ ਹੋਰ ਭਾਵਪੂਰਤ ਬਣਾਉਂਣ ਲਈ, ਇੱਕ ਜਾਂ ਇੱਕ ਤੋਂ ਵੱਧ ਪ੍ਰਤੀਕਾਂ ਦਾ ਆਸਰਾ ਲਿਆ ਜਾਂਦਾ ਹੈ ਜਿਸ ਕਾਰਨ ਸ਼ੇਅਰਾਂ ਵਿੱਚ ਸੰਜਮਤਾ ਆ ਜਾਂਦੀ ਹੈ। ਇਹ ਸੰਜਮਤਾ ਹੀ ਗ਼ਜ਼ਲ ਦਾ ਇੱਕ ਦੈਵੀ ਗੁਣ ਹੈ ਜਿਹੜਾ ਗ਼ਜ਼ਲੋ ਪ੍ਰਕਾਸ਼ ਦੇ ਰਚਨਾਤਮਕ ਕਾਰਜ਼ ਵਿੱਚ ਪੂਰਾ ਫਿਟ ਹੋਇਆ ਪੜ੍ਹਿਆ ਜਾਂਦਾ ਹੈ।
‘ਜਦ ਰੋਈ ਧਰਤ ਪੰਜਾਬ ਦੀ’ ਪੁਸਤਕ ਦੇ ਪਹਿਲੇ ਭਾਗ ਵਿੱਚ ਗ਼ਜ਼ਲਾਂ ਸਯੱਦ, ਸ਼ੈਖ, ਰਿੰਦ, ਮੈ-ਕਦਾ, ਜਾਮ ਆਦਿ ਸ਼ਬਦਾਵਲੀ ਰਾਹੀਂ ਅਲੌਕਿਕ ਵਿਚਾਰਾਂ ਦੀ ਅਭਿਵਿਅੱਕਤੀ ਕੀਤੀ ਹੈ।
ਸ਼ੈਖ ਹੁਰੀ ਮੈਅਖਾਨੇ ‘ਚੋਂ।
ਬਾਂਹੋ ਪਕੜ ਉਠਾਲੇ ਨੇ। ਜਦ ਰੋਈ।।।। ਪੰਨਾ 35
ਮੈ ਕਦਾ ਵਸਦਾ ਰਹੇ ਭਾਵੇਂ,
ਦਿਲ ਟੁੱਟਣਾ ਹੀ ਅੰਜਾਮ ਸਹੀ। ਪੰਨਾ 18
ਭਾਰਤ ਵਰਸ਼ ਨੂੰ ਮਿਲੀ ਆਜ਼ਾਦੀ ਬਾਰੇ ਕਵੀ ਦੇ ਵਿਚਾਰ ਹਨ।
ਜੇਕਰ ਇਸ ਦਾ ਨਾਮ ਆਜ਼ਾਦੀ।
ਕਿਹਨੂੰ ਕਹਿੰਦੇ ਫਿਰ ਬਰਬਾਦੀ। ਜਦ ਰੋਈ।।।। ਪੰਨਾ 27
ਸ਼ੈਖ ਨੇ ਮਸਜਦ ‘ਚ,
ਰਿੰਦਾਂ ਨੂੰ ਕਦੇ ਸੀ ਘੂਰਿਆ।
ਮੈ ਕਦੇ ਵਿੱਚ ਮਿਲਕੇ ਰਿੰਦਾ,
ਸ਼ੈਖ ਅੱਗੇ ਕਰ ਲਿਆ। ਜਦ ਰੋਈ।।।। ਪੰਨਾ 38
ਅਤੇ
ਧਰ ਲਿਆ ਸ਼ੌਕ ਨੇ
ਪੈਰ ਅੱਗੇ ਧਰ ਲਿਆ।
ਕਰ ਲਿਆ ਸਯੱਦ ਕਰਨਾ,
ਸੀ ਕਹਿਰ ਜੋ ਕਰ ਲਿਆ। ਜਦ ਰੋਈ।।।। ਪੰਨਾ 37
ਤੜਪਦਾ ਜਾਮ ਹੈ ਸਰਕਾਰ ਮਗਰ,
ਇੱਛਾ ਲਬ-ਏ-ਜਾਮ ਤੱਕ ਪਹੁੰਚਣ ਦੀ ਹੈ। ਜਦ ਰੋਈ।।।। ਪੰਨਾ 19
ਆਜ਼ਾਦ ਦੀਆਂ ਗ਼ਜ਼ਲਾਂ ਦੇ ਕਈ ਸ਼ੇਅਰ ਸਿੱਖ ਗੁਰੂਆਂ ਦੇ ਅਧਿਆਤਮਕ ਜੀਵਨ ਬਾਰੇ ਕਹੇ ਗਏ ਹਨ। ਸਿੱਖ ਗੁਰੂਆਂ ਅਤੇ ਸਿੱਖ ਜਰਨੈਲਾਂ ਦੀਆਂ ਕੁਰਬਾਨੀਆਂ ਦਾ ਵਰਨਣ ਇਸ ਢੰਗ ਨਾਲ ਕੀਤਾ ਗਿਆ ਹੈ ਕਿ ਪਾਠਕ ਅਜਿਹੀਆਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਆਪਣੀ ਅੱਖੀ ਵੇਖ ਸਕਦਾ ਹੈ।
ਚਿੜੀਆਂ ਨੇ ਨੋਚ ਦਿੱਤਾ, ਜ਼ਾਲਮ ਏ ਬਾਜ਼ ਨੂੰ,
ਅੰਮ੍ਰਿਤ ਦੇ ਪੰਜ ਘੁੱਟ ਜਾਂ, ਦਿੱਤੇ ਪਿਆਲ ਤੂੰ।
ਇਹ ਚੌਂਕ ਚਾਦਨੀ ਵਿੱਚ, ਚਾਨਣ ਬਖ਼ੇਰ ਕੇ,
ਸਾਰੇ ਗੁਨਾਹ ਹੀ ਜੱਗਦੇ, ਲੈ ਲਏ ਨਾਲ ਤੂੰ।
ਤਵੀਆਂ ਤੇ ਬੈਠ ਕੇ ਵੀ, ਤੂੰ ਸ਼ਾਂਤ ਚਿਤ ਸੈਂ,
ਲਾਇਆ ਏ ਤਪਸ਼ ਨੂੰ ਵੀ, ਸੀਨੇ ਦੇ ਨਾਲ ਤੂੰ।
ਉਬਾਲੇ ਨੇ ਦੇਗ਼ ਦੇ ਵਿੱਚ, ਸਭ ਮਾਲਾ ਮਾਲ ਤੂੰ।  ਹਯਾਤੀ ਦਾ ਨ੍ਰੂਰ ਪੰਨਾ 12
ਸਿੱਖੀ ਸਿਧਾਂਤ ਅਨੁਸਾਰ ਭਾਈ ਘਨ੍ਹਈਆ ਵੈਰੀ ਮਨੁੱਖ ਨੂੰ ਵੀ ਉਸ ਇਕ ਪ੍ਰਮਾਤਮਾ ਦਾ ਹੀ ਸਰੂਪ ਸਮਝ ਕੇ ਮਰਦੇ ਵੈਰੀ ਦੇ ਵੀ ਮੂੰਹ ਵਿੱਚ ਪਾਣੀ ਪਾਉਂਦਾ ਸੀ। ਇਸ ਸਿਧਾਂਤ ਨੂੰ ਗ਼ਜ਼ਲਗੋ ਆਜ਼ਾਦ ਇੱਕ ਸ਼ੇਅਰ ਵਿੱਚ ਕਹਿੰਦਾ ਹੈ।
ਰਣਭੂਮੀ ਵਿੱਚ ਹਰ ਜ਼ਖ਼ਮੀ ਸੀ, ਪਾਣੀ ਦਾ ਤਿਹਾਇਆ,
ਵਧਿਆ ਹੱਥ ਸੀ ਜੋ ਜੋ ਅੱਗੇ, ਉਸਨੂੰ ਪਾਣੀ ਪਿਆਇਆ।
ਹਿੰਦੂ, ਸਿੱਖ ਜਾਂ ਕੌਣ ਹੈ ਮੋਮਨ, ਪਤਾ ਨਾ ਲੱਗਾ ਮੈਨੂੰ,
ਹਰ ਜ਼ਖ਼ਮੀ ‘ਚੋਂ ਮੈਨੂੰ ਮੇਰਾ, ਗੋਬਿੰਦ ਨਜ਼ਰੀ ਆਇਆ।
ਹਯਾਤੀ ਦਾ ਨ੍ਰੂਰ ਪੰਨਾ 20
ਕਵੀ ਅਮਰੀਕਾ ਦੇਸ਼ ਦੀ ਦੁਨੀਆਂ ਵਿੱਚ ਚੱਲ ਰਹੀ ਸਰਦਾਰੀ, ਹੈਂਕੜ ਅਤੇ ਧੌਂਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਸ਼ਾਇਰ ਅਨੁਸਾਰ ਅਮਰੀਕਾ ਦਾ ਇਰਾਦਾ ਦੁਨੀਆਂ ਭਰ ਦੇ ਤੇਲ ਨੂੰ ਹੜੱਪਣ ਦਾ ਹੈ। ਇਸੇ ਕਰਕੇ ਉਹ ਜ਼ਮਹੂਰੀਅਤ ਦਾ ਵਾਸਤਾ ਪਾ ਕੇ ਅਰਬ ਦੇਸ਼ਾਂ ਨਾਲ ਆਹਡੇ ਲੈਂਦਾ ਹੈ। ਅਮਰੀਕਾ ਦੀ ਬਸਤੀਵਾਦੀ ਵਾਲੀ ਚਾਲ ਨੂੰ ਕਵੀ ਨੇ ਖੂਬ ਪਛਾਣਿਆ ਹੈ। ਕਵੀ ਨੂੰ ਅਮਰੀਕਾ ਵਲੋਂ ਇਜ਼ਰਾਈਲ ਨੂੰ ਹਥਿਆਰ ਦੇਕੇ ਫਲਸਤੀਨ ਨਾਲ ਲੜਾਉਣ ਦੀ ਉਸਦੀ ਚਾਲ ਨੂੰ ਕਵੀ ਫਰੇਬ ਸਮਝਦਾ ਹੈ। ਵੀਤਨਾਮ ਵਿੱਚ ਹਾਰੇ ਅਮਰੀਕਾ ਨੂੰ ਸ਼ਰਮਿੰਦਗੀ ਦਾ ਭਾਵੇਂ ਮੂੰਹ ਵੇਖਣਾ ਪਿਆ ਹੈ ਪਰ ਫਿਰ ਵੀ ਉਹ ਅਰਬ ਦੇਸ਼ਾਂ ਵਿੱਚ ਆਪਣੀਆਂ ਚੰਮ ਦੀਆਂ ਚਲਾਉਣਾ ਚਹੁੰਦਾ ਹੈ। ਇੱਕ ਗ਼ਜ਼ਲ ਵਿੱਚ ਲਿਖਦਾ ਹੈ।
ਫਲਸਤੀਨ ਜਲ ਰਿਹਾ ਹੈ, ਇਨਸਾਨ ਜਲ ਰਿਹਾ ਹੈ,
ਪੱਛਮ ਦੀ ਸੱਭਿਅਤਾ ਦਾ, ਜ਼ਨਾਜਾ ਨਿਕਲ ਰਿਹਾ ਹੈ।
ਬੈਰੂਤ ਵੀਤਨਾਮ ਵੀ, ਇਸ ਨਾਲ ਮਿਲਦੇ ਜੁਲਦੇ,
ਖ਼ੂਨੀ ਦਰਿੰਦਾ ਜਿਸ ਥਾਂ, ਸਚਾਈ ਮਸਲ ਰਿਹਾ ਹੈ।  ਪਿਘਲਦਾ ਲਾਵਾ ਪੰਨਾ 10
ਨਵ-ਬਸਤੀਵਾਦੀ ਬਣਨਾ ਚਹੁੰਦਾ ਦੁਨੀਆਂ ਦਾ ਹੁਕਮਰਾਨ ਹੈ।
ਤਰਕਸ਼ ਨਾਲ ਡਾਲਰ ਬੰਨ੍ਹ ਕੇ, ਮੋਢੇ ਤੀਰ ਕਮਾਨ ਹੈ।
ਪਿਘਲਦਾ ਲਾਵਾ ਪੰਨਾ 18
ਪ੍ਰਕਾਸ਼ ਆਜ਼ਾਦ ਨੂੰ ਲਗਦਾ ਹੈ ਕਿ ਵਿਕਸਤ ਦੇਸ਼ਾਂ ਵਲੋਂ ਬਣਾਈ ਗਈ ਯੂ ਐਨ ਓ ਦੀਆਂ ਕਾਰਗੁਜ਼ਾਰੀਆਂ ਵਿਕਸਤ ਦੇਸ਼ਾਂ ਦੇ ਮਨਸੂਬਿਆਂ ਲਈ ਕਾਰਜ ਕਰਦੀਆਂ ਹਨ। ਉਹ ਕੋਈ ਵੀ ਕਾਨੂੰਨ ਪਾਸ ਕਰਕੇ ਕਿਸੇ ਦੇਸ਼ ਉਪਰ ਹਮਲਾ ਕਰਨ ਲਈ ਜਾਇਜ ਕਾਰਨ ਸਥਾਪਤ ਕਰ ਦਿੰਦੀ ਹੈ। ਕਵੀ ਨੂੰ ਅਜਿਹੇ ਮਸਲਿਆਂ ਬਾਰੇ ਅੰਤਰ-ਰਾਸ਼ਟਰੀ ਸੂਝ ਹੈ। ਉਹ ਇਸ ਗਲੋਬ ਉਪਰ ਕਿਸੇ ਵੀ ਮੁਲਕ ਨਾਲ ਹੁੰਦੇ ਧੱਕੇ ਨੂੰ ਨਹੀਂ ਸਹਾਰਦਾ। ਮਸਲਾ-ਏ-ਕਸ਼ਮੀਰ ਗ਼ਜ਼ਲ ਵਿੱਚ ਲਿਖਦਾ ਹੈ।
ਮਸਲਾ ਜੋ ਕਸ਼ਮੀਰ ਦਾ।
ਨਾ ਰਾਜਾ ਰੰਕ ਵਜ਼ੀਰ ਦਾ।
ਲੀਡਰਾਂ ਦੀ ਮਕਾਰੀ ਦਾ,
ਨਤੀਜਾ ਹੈ ਤਦਬੀਰ ਦਾ।
ਗਾਜ਼ੀ ਜੋ ਗੁਫ਼ਤਾਰ ਦਾ,
ਉਹ ਮੂਜ਼ੀ ਹੈ ਜ਼ਮੀਰ ਦਾ। ਪਿਘਲਦਾ ਲਾਵਾ ਪੰਨਾ 22
ਤੁਕ ਨਾਲ ਤੁਕ ਜੋੜਨ ਵਾਲੇ ਕਵੀ ਤਾਂ ਬਹੁਤ ਹੁੰਦੇ ਹਨ। ਸਮਾਜਕ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਸਮਾਧਾਨ ਤੁਕਾਂਤ-ਰਹਿਤ ਕਵਿਤਾਵਾਂ ਰਾਹੀਂ ਕਰਨ ਵਾਲੇ ਅੰਗਰੇਜ਼ੀ ਕਵਿਤਾ ਤੋਂ ਪ੍ਰਭਾਵਿਤ ਵੀ ਬਹੁਤ ਕਵੀ ਹਨ। ਸਮਾਜਕ ਅਤੇ ਸੱਭਿਆਚਾਰਕ ਵਿਸੰਗਤੀਆਂ ਨੂੰ ਦੂਰ ਕਰਨ ਵਾਸਤੇ ਤੁਕਾਂਤਕ ਕਵਿਤਾਵਾਂ ਦੇ ਰਚੇਤਾ ਸੂਰਜ ਦੀ ਰੌਸ਼ਨੀ ਵਿੱਚ ਦਿਸਣ ਵਾਲੇ ਤਾਰੇ ਵਾਂਗ ਟਾਂਵੇ ਟਾਂਵੇ ਹੀ ਹੁੰਦੇ ਹਨ। ਅੰਤਰ ਸਮਾਜਕ, ਅੰਤਰ ਸੱਭਿਆਚਾਰਕ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਕਰਨ ਵਾਲਾ ਪ੍ਰਕਾਸ਼ ਆਜ਼ਾਦ ਅਗਾਂਹਵਧੂ ਕਵੀ ਹੈ। ਆਜ਼ਾਦ ਅਜਿਹੇ ਕਵੀਆਂ ਦੀ ਮੁਹਰਲੀ ਕਤਾਰ ਵਿੱਚ ਧਰੂ ਤਾਰੇ ਵਾਂਗ ਚਮਕਦਾ ਦਿਸਦਾ ਹੈ। ਪ੍ਰਕਾਸ਼ ਆਜ਼ਾਦ ਪੰਜਾਬ ਵਿੱਚ ਅਤਿਵਾਦ ਦੇ ਪਨਪਦੇ ਮਨਸੂਬਿਆਂ ਵਲੋਂ ਬਹੁਤ ਫਿਕਰਮੰਦ ਹੈ। ਉਸ ਦੇ ਵਿਚਾਰ ਅਨੁਸਾਰ ਵਾੜ ਹੀ ਖੇਤ ਨੂੰ ਖਾਈ ਜਾ ਰਹੀ ਹੈ। ਲੋਕਾਂ ਦੀ ਹਫਾਜਤ ਕਰਨ ਵਾਲੇ ਅਫਸਰ ਹੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਕਵੀ ਲੋਕਾਂ ਨੂੰ ਕ੍ਰਿਤ ਦੇ ਲੜ ਲਾਉਦਾ ਹੋਇਆ ਖ਼ਬਰਦਾਰ ਕਰਦਾ  ਹੈ ਕਿ ਲੋਟੂ ਸਮਾਜ ਤੋਂ ਬਚ ਕੇ ਰਹਿਣਾ ਹੈ ਅਤੇ ਆਪਣੀ ਕ੍ਰਿਤ ਨੂੰ ਸਾਂਭਣਾ ਵੀ ਇਕ ਕ੍ਰਿਤੀ ਦਾ ਫ਼ਰਜ ਹੈ। ਕਵੀ ਪੰਜਾਬੀਆਂ ਨੂੰ ਵੰਗਾਰਦਾ ਹੈ ਕਿ ਹਿੰਮਤ ਅਤੇ ਹੌਸਲੇ ਨਾਲ ਹੀ ਮੰਜ਼ਲ ਨੂੰ ਪਾਇਆ ਜਾ ਸਕਦਾ ਹੈ। ਸਮਾਜ ਵਿੱਚ ਵਿਗਿਆਨਕ ਬਦਲਾਓ ਲਿਆਉਣ ਵਾਸਤੇ ਕਵੀ ਲਿਖਦਾ ਹੈ।
ਹੱਕ ਦੀ ਆਵਾਜ਼ ਜੇ,
ਆਵਾਮ ਤੱਕ ਨਾ ਪਹੁੰਚਗੀ।
ਗੱਲ ਇਨਕਲਾਬ ਦੀ,
ਅੰਜ਼ਾਮ ਤੱਕ ਨਾ ਪਹੁੰਚੇਗੀ। ਜਦ ਰੋਈ।।।। ਪੰਨਾ 41
ਕਵੀ ਗਣਤੰਤਰ ਰਾਜ ਦੀਆਂ ਵਿਸ਼ੇਸ਼ਤਾਈਆਂ ਲਿਖਦਾ ਹੈ।
ਜੋ ਲੋਕਾਂ ਦਾ ਦਮ ਭਰਦਾ ਹੈ।
ਉਹ ਰਾਜ ਦਿਲਾਂ ਤੇ ਕਰਦਾ ਹੈ। ਪੰਨਾ 29
ਮੰਦਹਾਲੀ ਨਾਲ ਜੂਝਦੇ ਲੋਕਾਂ ਦੀ ਹੋਈ ਬੁਰੀ ਹਾਲਤ, ਭੁੱਖ-ਨੰਗ, ਤੰਗੀ ਤੁਰਸ਼ੀ, ਬੇਰੁਜ਼ਗਾਰੀ ਅਤੇ ਲੋਕਾਂ ਉਪਰ ਅਸੀਮ ਬਿਮਾਰੀਆਂ ਦੀ ਜਕੜ ਨੂੰ ਵੇਖ ਕੇ ਉਹ ਸੰਗੀਆਂ ਸਾਥੀਆਂ ਨੂੰ ਨਵਾਂ-ਸਾਲ ਮੁਬਾਰਕ ਕਹਿਣ ਤੋਂ ਵੀ ਡਰਦਾ ਹੈ। ਪੂਰਬੀ ਅਤੇ ਪੱਛਮੀ ਸਾਂਝੇ ਪੰਜਾਬ ਦੇ ਸਾਂਝੇ ਸਮਾਜ, ਸਾਂਝੇ ਵਿਧਾਨ, ਸਾਂਝੇ ਪਰਿਵਾਰ, ਪੰਜਾਂ ਦਰਿਆਵਾਂ ਦੀਆਂ ਚਾਂਦੀ ਰੰਗੀਆਂ ਲਹਿਰਾਂ, ਲਹਿਰਾਉਦੀਆਂ ਫ਼ਸਲਾਂ, ਰੁੱਤਾਂ ਦੇ ਨਜ਼ਾਰੇ, ਇੱਕੋ ਜਿਹੀ ਪੈਦਾਵਾਰ ਦੀ ਕੀਰਤੀ ਗਾੳਂੁਦਾ ਹੈ। ਸੈਟੇਲਾਈਟ ਦੀ ਹੋਂਦ ਕਾਰਨ ਪੰਜਾਬ ਵਿੱਚ ਫੈਲ ਰਹੇ ਨੰਗੇਜ਼ਵਾਦ, ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਨੌਜੁਆਨਾ ਦੇ ਭਵਿੱਖ ਬਾਰੇ ਬਹੁਤ ਚਿੰਤਤ ਹੈ। ਜਿਸਦੀ ਰੋਕ-ਥਾਮ ਬਾਰੇ ਆਪਣੀਆਂ ਰਚਨਾਵਾਂ ਰਾਹੀਂ ਯਤਨ-ਸ਼ੀਲ ਹੈ।
ਸਿੱਖੀ ਸਿਧਾਂਤ ਅਨੁਸਾਰ ਕਵੀ ਜੁਲਮ ਵਿਰੁੱਧ ਲੋਕਾਂ ਨੂੰ ਲਾਮ ਬੰਦ ਕਰਦਾ ਲਿਖਦਾ ਹੈ ਕਿ ਜੁਲਮ ਕਰਨਾ ਅਤੇ ਜੁਲਮ ਨੂੰ ਸਹਿਣਾ ਵੀ ਅਣਮਨੁੱਖੀ ਵਰਤਾਰਾ ਹੈ। ਜ਼ਰਵਾਣੀ ਸਰਕਾਰ ਦੀਆਂ ਆਪਹੁਦਰੀਆਂ ਨੂੰ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਦਾ ਹੋਇਆ ਪੰਜਾਬ ਵਿੱਚ ਫੈਲੀ ਦਹਿਸ਼ਤ ਦੇ ਅਸਰ ਨੂੰ ਚਿਤਰਦਾ ਹੈ।
ਕੌਣ ਲਿਖੇਗਾ ਜੁਲਮ ਕਹਾਣੀ,
ਹਰ ਲੇਖਕ ਹੈ ਡਰਿਆ ਡਰਿਆ। ਜਦ ਰੋਈ।।।। ਪੰਨਾ 49
‘ਜਦ ਰੋਈ ਧਰਤ ਪੰਜਾਬ ਦੀ’ ਕਵਿਤਾ ਦਾ ਸੰਬੰਧ ਇਸ ਪੁਸਤਕ ਦੇ ਨਾਮ ਨਾਲ ਵੀ ਹੈ, ਵਿੱਚ ਕਵੀ ਲਿਖਦਾ ਹੈ ਕਿ ਪੰਜਾਬ ਦੀ ਧਰਤੀ ਦੇ ਪੰਜ ਦਰਿਆ ਅਧੀਰ ਹੋ ਗਏ ਹਨ। ਪਰਿਵਾਰਾਂ ਵਿੱਚ ਪਾੜਾ, ਧਰਮਾਂ ਨੇ ਪਾਇਆ ਹੋਇਆ ਹੋਇਆ ਹੈ। ਪੰਜਾਬ ਦੇ ਹੋਏ ਦੋ ਟੁਕੜਿਆਂ ਨੂੰ ਕਵੀ ਪੰਜਾਬ ਦੀ ਬਦਨਸੀਬੀ ਸਮਝਦਾ ਹੈ। ਕਵੀ ਦੇ ਕਥਨ ਅਨੁਸਾਰ ਸਾਂਝਾ ਨੂੰ ਘੁਣ ਖਾ ਗਿਆ ਹੈ। ਮੈਂ ਧਰਤੀ ਪੰਜਾਬ ਦੀ, ਅਮਨ ਕਰੇਂਦੇ ਭੰਗ, ਕੀਤੀ ਲੀਰੋ ਲੀਰ, ਨਾਉਂ ਮੇਰਾ ਪੰਜਾਬ, ਮੇਲਿਆਂ ਦੀ ਭਰਮਾਰ, ਲੱਗਾ ਰੋਗ ਆਸਾਧ, ਸਭ ਕੁਝ ਮੇਰੇ ਕੋਲ, ਹਿਰਦਾ ਬਹੁਤ ਵਿਸ਼ਾਲ, ਸੰਗੀਤ ਕਲਾ ਭਰਪੂਰ, ਦਰਵੇਸ਼ਾਂ ਦਾ ਦੇਸ਼, ਕਰਦੇ ਗੁਰੂ ਨਿਵਾਸ, ਕੇਹੀ ਹੈ ਤਕਦੀਰ, ਹੋਈ ਲਹੂ ਲੁਹਾਨ, ਕੀਕਣ ਕਰਾਂ ਬਿਆਨ, ਨਾ ਕੋਈ ਮੇਰੇ ਤੁੱਲ ਅਤੇ ਕੀਤੇ ਲਾਡ-ਮਲ੍ਹਾਰ ਆਦਿ ਸਾਰੀਆਂ ਕਵਿਤਾਵਾਂ ਪੰਜਾਬ ਦੀ ਧਰਤੀ ਦੀ ਤਰਾਸਦੀ ਨੂੰ ਬਿਆਨ ਕਰਦੀਆਂ ਹਨ। ਉਪ੍ਰੋਕਤ ਸਾਰੀਆਂ ਕਵਿਤਾਵਾਂ ਦਾ ਬਹਿਰ ਇੱਕੋ ਹੀ ਹੈ। ਇਹ ਕਵਿਤਾਵਾਂ ਪੰਨਾ 46 ਤੋਂ ਲੈ ਕੇ ਪੰਨਾ 79 ਤੱਕ ਫੈਲੀਆਂ ਹੋਈਆਂ ਹਨ। ਕਿਉਂਕਿ ਇਹ ਸਾਰੀਆਂ ਕਵਿਤਾਵਾਂ ਪੰਜਾਬ ਦੀ ਬੋਲੀ ਦੀ ਸਾਂਭ ਸੰਭਾਲ ਬਾਰੇ, ਪੰਜਾਬ ਦੀਆਂ ਰੁੱਤਾਂ ਦੇ ਦਿਲਕਸ਼ ਨਜ਼ਾਰੇ, ਪੰਜਾਬ ਦੀਆਂ ਝੂਮਦੀਆਂ ਫਸਲਾਂ, ਪੰਜਾਬ ਦੀ ਜ਼ਰਖੇਜ਼ ਪ੍ਰਕ੍ਰਿਤੀ, ਪੰਜਾਬ ਦਾ ਸਮਾਜਕ ਢਾਂਚਾ, ਸੱਭਿਆਚਾਰਕ ਕਦਰਾਂ ਕੀਮਤਾ, ਪੰਜਾਬੀਆਂ ਦਾ ਧਾਰਮਿਕ ਵਿਸ਼ਵਾਸ਼, ਪੰਜਾਬ ਦੇ ਖੁਲ੍ਹੇ ਡੁੱਲ੍ਹੇ ਮਹੌਲ ਅਤੇ ਪੰਜਾਬ ਦੇ ਨੱਢੇ ਅਤੇ ਨੱਢੀਆਂ ਦੇ ਨਖਰੇ ਅਦਾਵਾਂ, ਬੱਚੇ ਅਤੇ ਬੁੱਢਿਆਂ ਦੇ ਕਿਰਦਾਰਾਂ ਨੂੰ ਬਿਆਨ ਕਰਦੀਆਂ ਹਨ। ਜੇਕਰ ਇਨ੍ਹਾਂ ਸਾਰੀਆਂ ਕਵਿਤਾਵਾਂ ਨੂੰ ਇੱਕ ਲੰਮੀ ਕਵਿਤਾ ਦੇ ਰੂਪ ਵਿੱਚ ਛਾਪਿਆ ਜਾਂਦਾ ਤਾਂ ਇਨ੍ਹਾਂ ਕਵਿਤਾਵਾਂ ਦੇ ਰਚਨਾਤਮਕ ਕਾਰਜ ਦੀ ਇੱਕ ਵੱਖਰੀ ਅਹਿਮੀਅਤ ਹੋ ਜਾਣ ਕਰਕੇ, ਇਕ ਕਲਾਤਮਕ ਰਚਨਾ ਹੋ ਕੇ ਇੱਕ ਵਿਲੱਖਣ ਤਰ੍ਹਾਂ ਦੀ ਮੁਲਵਾਨ ਸਾਹਿਤਕ ਰਚਨਾ ਬਣ ਜਾਣੀ ਸੀ। ‘ਹਯਾਤੀ ਦਾ ਨੂਰ’ ਪੁਸਤਕ ਦੇ ਪੰਨਾ 84 ਤੋਂ ਲੈ ਕੇ ਪੰਨਾ 100 ਤੱਕ ਵੀ ਏਸੇ ਸੰਦਰਭ ਦੀਆਂ ਕਵਿਤਾਵਾਂ ਹਨ। ਭਾਵੇਂ ਇਹ ਕਵਿਤਾਵਾਂ ਵਖੋ ਵੱਖਰੇ ਰੂਪ ਅਤੇ ਵਜ਼ਨ ਵਾਲੀਆਂ ਹਨ ਪਰ ਇਨ੍ਹਾਂ ਕਵਿਤਾਵਾਂ ਵਿੱਚ ਸੁਨੇਹਾ ਪੰਜਾਬ ਦੀ ਬੋਲੀ, ਪੰਜਾਬ ਦੇ ਦਰਿਆ, ਲੋਕਾਂ ਦੀ ਦਰਿਆ ਦਿਲੀ, ਕੁਰਬਾਨੀ, ਗਿੱਧੇ ਭੰਗੜੇ, ਢੋਲ ਢੋਲਕੀਆਂ, ਰਹਿਣ ਬਹਿਣ ਪਹਿਰਾਵਾ, ਖੇਡਾਂ ਮੇਲੇ ਛਿੰਜਾਂ ਬਾਜ਼ੀਆਂ, ਝੂਮਦੀਆਂ ਫਸਲਾਂ, ਰੁਤਾਂ, ਫਲਾਂ ਫੁਲਾਂ ਨਾਲ ਲੱਦੇ ਬਾਗ਼ ਅਤੇ ਬਾਗ਼ਾਂ ਵਿੱਚ ਕੂਕਦੀਆਂ ਕੋਇਲਾਂ, ਕਲੀਆਂ ਦੁਆਲੇ ਗੇੜੀਆਂ ਲਾਉਦੇ ਭੌਰ, ਪਿੰਡਾਂ ਵਿੱਚ ਜਾਤਾਂ ਪਾਤਾਂ ਦਾ ਆਪਸੀ ਪ੍ਰੇਮ ਪਿਆਰ, ਕੁੜਮਾਈਆਂ ਅਤੇ ਵਿਆਹਾਂ ਸਮੇਂ ਦੇ ਦ੍ਰਿਸ਼ਟਾਂਤਾਂ ਦਾ ਵਰਨਣ ਹੋਇਆ ਹੈ।
‘ਹਯਾਤੀ ਦਾ ਨੂਰ’ ਪੁਸਤਕ ਦੇ ਪਹਿਲੇ ਭਾਗ ਵਿੱਚ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਫ਼ਲਸਫ਼ਾ ਕੋਈ ਤੇਰਾਂ ਕਵਿਤਾਵਾਂ ਰਾਹੀਂ ਲਿਖਿਆ ਗਿਆ ਹੈ। ਦੂਸਰੇ ਭਾਗ ਵਿੱਚ ਪੂਰਬ ਦਾ ਚਾਨਣ ਦੇ ਸਿਰਲੇਖ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦਾ ਪੁਨਰ ਵਰਨਣ ਹੈ। ‘ਉਭਾਰ ਨਿਖਾਰ ਤੇ ਦਰਪਣ’ ਪੁਸਤਕ ਵਿੱਚ ਕਵਿਤਾਵਾਂ ਦੇ ਵਿਸ਼ੇ ਸਮਾਜਕ ਅਤੇ ਸੱਭਿਆਚਾਰਕ ਹਨ। ਪੰਜਾਬ ਨੇ ਹੰਢਾਏ ਅਤਿਵਾਦ ਬਾਰੇ ਵੀ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਸਾਂਝੇ ਪੰਜਾਬ ਅਤੇ ਪੰਜਾਬ ਦੇ ਵੰਡੇ ਗਏ ਪਾਣੀਆਂ ਦੀ ਤਰਾਸਦੀ ਵੀ ਪ੍ਰਗਟ ਹੋਈ ਹੈ। ਨੇਤਾਵਾਂ ਦੇ ਸ਼ੋਸ਼ਣ ਅਤੇ ਕਾਣੀ ਵੰਡ ਬਾਰੇ ਵੀ ਕਵਿਤਾਵਾਂ ਲਿਖੀਆਂ ਗਈਆਂ ਹਨ। ਪ੍ਰਕਾਸ਼ ਆਪਣੀਆਂ ਕਵਿਤਾਵਾਂ ਦੇ ਪਾਰਦਰਸ਼ੀ ਵਿਸਿ਼ਆਂ ਵਾਂਗ ਉਸਦੀ ਕਵਿਤਾ ਦੀ ਇੱਕ ਵੰਨਗੀ ਅਨੁਸਾਰ ਆਪ ਵੀ ਸਾਫ਼ ਦਿਲ ਵਾਲਾ ਮਨੁੱਖ ਲਗਦਾ ਹੈ।
ਮੈਂ ਖੱਦਰ ਹਾਂ
ਸਿੱਧਾ ਸਾਧਾ
ਮੇਰੇ ਵਿੱਚ ਵਲ ਛਲ ਨਾ ਕੋਈ।  ਉਭਾਰ ਨਿਖਾਰ ਤੇ ਦਰਪਣ ਪੰਨਾ 78
ਕਵਿਤਾਵਾਂ ਵਿੱਚ ਮੂਲਵਾਦ, ਰਾਸ਼ਟਰਵਾਦ, ਨਵ-ਬਸਤੀਵਾਦ ਅਤੇ ਮਜ਼੍ਹਬੀ ਜਨੂੰਨ ਵਰਗੇ ਭਖਦੇ ਮਸਲਿਆਂ ਬਾਰੇ ਵਿਸਥਾਰ ਰੂਪ ਵਿੱਚ ਲਿਖਿਆ ਗਿਆ ਹੈ।
ਕਿਸੇ ਰਚਨਾ ਵਿੱਚ ਵਿਚਾਰਾਂ ਦੇ ਫਰੇਮ ਵਿੱਚ ਜੜ੍ਹ ਪਾਰਦਰਸ਼ੀ ਸ਼ਬਦਾਂ ਦੇ ਸ਼ੀਸ਼ੇ ਨੂੰ ਉਸ ਰਚਨਾ ਦਾ ਰੂਪ ਕਿਹਾ ਜਾਂਦਾ ਹੈ। ਪੁਰਾਤਨ ਕਾਵਿ-ਸ਼ਾਸ਼ਤਰੀਆਂ ਨੇ ਕਾਵਿ-ਰੂਪਕ ਦ੍ਰਿਸ਼ਟਾਂਤਾ ਦਾ ਨਾਮੀਕਰਣ ਕੀਤਾ ਹੋਇਆ ਹੈ। ਜਿਵੇਂ ਗ਼ਜ਼ਲ, ਗੀਤ, ਰੁਬਾਈ, ਬੈਂਤ, ਛੰਦ ਅਤੇ ਕੋਰੜਾ ਛੰਦ, ਦੋਹਰਾ, ਚੁਪਈ, ਚੁਵਰਗਾ ਅਤੇ ਅਠਵਰਗਾ ਆਦਿ ਵਰਤਮਾਨ ਵਿੱਚ ਕੋਈ ਵੀ ਕਵੀ ਇਸ ਕਾਵਿਕ-ਵਿਧਾਨ ਦੀ ਕੋਈ ਪਰਵਾਹ ਨਹੀਂ ਕਰਦਾ ਪਰ ਪ੍ਰਕਾਸ਼ ਆਜ਼ਾਦ ਨੇ ਅਜਿਹੇ ਕਵੀਆਂ ਦੀ ਲਾਪਰਵਾਹੀ ਪਰਥਾਇ ਆਪਣੀ ਬੇਪਰਵਾਹੀ ਵਿਖਾ ਕੇ ਕਾਵਿਕ-ਰੂਪ ਵਿਧਾਨ ਹੀ ਆਪਣੀਆਂ ਕਵਿਤਾਵਾਂ ਦਾ ਮੁੱਖ ਧੁਰਾ ਰੱਖਿਆ ਹੈ। ਪ੍ਰਕਾਸ਼ ਆਜ਼ਾਦ ਨੇ ਅਜਿਹੇ ਪਰੰਪਰਵਾਦੀ ਕਾਵਿਕ-ਰੂਪ ਹੀ ਆਪਣੇ ਸਿਰਜਨਾਤਮਕ ਕਾਰਜ ਵਿੱਚ ਕਾਵਿਕ-ਵਿਧਾਨਾ ਅਨੁਸਾਰ ਹੀ ਵਰਤੇ ਹਨ।
ਪ੍ਰਕਾਸ਼ ਆਜ਼ਾਦ ਦੇ ਗੀਤ ਭਾਵੇਂ ਰੁਮਾਟਿਕ ਤਰਜ਼ਾਂ ਦੇ ਹਨ ਪਰ ਉਨ੍ਹਾਂ ਵਿੱਚ ਵਿਚਾਰ ਪੰਜਾਬ ਦੀ ਤਰਾਸਦੀ, ਸਮਾਜਕ ਨਿਘਾਰ, ਸੱਭਿਆਚਾਰਕ ਪ੍ਰਦੂਸ਼ਣ, ਰਾਜਨੀਤਕ ਸ਼ੋਸ਼ਣ, ਧਾਰਮਿਕ ਅੰਧ-ਵਿਸ਼ਵਾਸ਼, ਬੇਅਰਥ ਰੀਤੀ ਰਿਵਾਜ, ਪੰਜਾਬ ਦੇ ਪ੍ਰਦੂਸ਼ਤ ਦਰਿਆ, ਲਹਿਰਾਉਦੀਆਂ ਫਸਲਾਂ, ਵਗਦੇ ਦਰਿਆਵਾਂ ਦੀਆਂ ਚਾਂਦੀ ਵਰਗੀ ਲਹਿਰਾਂ, ਪਿੰਡਾਂ ਦਾ ਅਮਨ-ਚੈਨ ਵਾਲਾ ਜੀਵਨ, ਸ਼ਹਿਰਾਂ ਦਾ ਭੀੜ-ਭੜੱਕਾ ਅਤੇ ਤੇਜ਼ ਦੌੜਦਾ ਸਮਾਂ, ਅਫਸਰਾਂ ਦੀ ਰਿਸ਼ਵਤ-ਖੋਰੀ, ਕਾਨੂੰਨ-ਪਾਲਕਾਂ ਦੀ ਮਨਮਾਨੀ ਦੇ ਫਲ-ਸਰੂਪ ਜੰਤਾਂ ਵਲੋਂ ਅਮਨ-ਕਾਨੂੰਨ ਦੀ ਉਲੰਘਣਾ, ਮਾਪਿਆਂ ਅਤੇ ਪੁਤਾਂ ਵਿਚਕਾਰ ਅਲੋਪ ਹੋ ਰਿਹਾ ਮੁਹੇਰਵਾ, ਭਾਈਆਂ ਅਤੇ ਭੈਣਾ ਵਿੱਚ ਸੁੰਗੜ ਰਿਹਾ ਪ੍ਰੇਮ-ਪਿਆਰ, ਭਾਈਆਂ ਦੇ ਆਪਸ ਵਿੱਚੀ ਵਰਤਾਰਿਆਂ ਵਿੱਚ ਪਈਆਂ ਤਰੇੜਾਂ ਅਤੇ ਖੰਡਤ ਹੋਏ ਪਰਿਵਾਰਾਂ ਨੂੰ ਕੋਸਦਾ ਹੈ। ਪਰਵਾਸ ਭੋਗ ਰਹੇ ਪੰਜਾਬੀ ਪਰਵਾਸੀਆਂ ਦੇ ਭੂਹੇਰਵੇ ਅਤੇ ਮੁਹੇਰਵੇ ਕਾਰਨ ਪਰਵਾਸੀਆਂ ਦੇ ਮਾਨਸਿਕ ਤਨਾਓ ਦੀ ਤਸਵੀਰ ਖਿਚਦਾ ਹੈ।
ਨੀ ਮਾਏਂ ਨੀ ਪਿਆਰੀਏ ਮਾਏਂ
ਸ੍ਰਿਸ਼ਟੀ ਦੇ ਵਿੱਚ ਨਿਆਰੀਏ ਮਾਏਂ।
ਆਵਾਂ ਚੱਲ ਪ੍ਰਦੇਸਾਂ ਵਿੱਚੋਂ
ਤੇਰੇ ਅੰਤਮ ਦਰਸ਼ਨ ਲਈ
ਬਣ ਗਈ ਹੈ ਮਜਬੂਰੀ।
ਮਾਏਂ! ਬਣ ਗਈ ਹੈ ਮਜਬੂਰੀ। ਜਦ ਰੋਈ।।।। ਪੰਨਾ 98
ਭਰੂਣ ਹੱਤਿਆ ਵਰਗੀ ਨਾਮੁਰਾਦ ਬਿਮਾਰੀ ਬਾਰੇ ਵੀ ਪ੍ਰਕਾਸ਼ ਆਜ਼ਾਦ ਨੇ ਗੀਤ ਲਿਖੇ ਹਨ। ਇੱਕ ਗੀਤ ਦੇ ਅੰਤਰੇ ਨੂੰ ਪਰਖਦੇ ਹਾਂ।
ਕੁਝ ਧੀਆਂ ਨੇ ਕੁੜੀਆਂ ਚਿੜੀਆਂ
ਕੁਝ ਧੀਆਂ ਨੇ ਕੂੰਜਾਂ।
ਖੰਭ ਜਿਹਨਾਂ ਦੇ ਨੋਚੇ ਜਾਂਦੇ
ਅੰਬਰੀ ਉਡਣੋ ਪਹਿਲਾਂ।
ਕੁਝ ਨੂੰ ਗਰਭ ‘ਚ ਮਾਰ ਮੁਕਾਉਦੇ
ਪਹੁੰਚੇ ਦਿਲ ਨੂੰ ਠੇਸ ਵੇ ਬਾਬਲ
ਪਹੁੰਚੇ ਦਿਲ ਨੂੰ ਠੇਸ।
ਨਾ ਭੇਜੀਂ ਪਰਦੇਸ ਵੇ ਬਾਬਲ । ਜਦ ਰੋਈ।।।। ਪੰਨਾ 84
ਪਰੰਪਰਾਵਾਦੀ ਸਾਜਾਂ ਜਿਵੇਂ ਨਗੋਜ਼ੇ, ਛਹਿਨਾਈ, ਖੜਤਾਲਾਂ, ਚਿੱਮਟੇ ਛੈਣੇ ਅਤੇ ਢੋਲ, ਢੋਲਕੀ ਦਾ ਵਰਨਣ ਵੀ ਕਈ ਗੀਤਾਂ ਵਿੱਚ ਆਉਦਾ ਹੈ। ਪ੍ਰਕਾਸ਼ ਆਜ਼ਾਦ ਦੇ ਗੀਤਾਂ ਰਾਹੀਂ ਪੰਜਾਬ ਦੇ ਸ਼ਾਸ਼ਤਰੀ ਸੰਗੀਤ ਦੀ ਗੂੰਜ ਪੈਂਦੀ ਹੈ। ਗੀਤਕਾਰ ਆਜ਼ਾਦ ਦੇ ਗੀਤ ਧਰੁਪੱਦ ਤਾਲ ਵਿੱਚ ਗਾਏ ਜਾਣ ਵਾਲੇ ਹਨ। ਬਹੁਤੇ ਗੀਤ ਭੈਰਵੀ ਰਾਗ ਵਿੱਚ ਗਾਏ ਜਾ ਸਕਦੇ ਹਨ ਪਰ ਲੱਗ ਪੱਗ ਕੋਈ ਸੱਤ ਕੁ ਰਾਗਾਂ ਵਿੱਚ ਇਨ੍ਹਾਂ ਗੀਤਾਂ ਨੂੰ ਗਾਇਆ ਜਾ ਸਕਦਾ ਹੈ। ਗੀਤਕਾਰ ਆਪਣੇ ਗੀਤਾਂ ਨੂੰ ਮਟਿਆਰਾਂ ਦੀਆਂ ਮਟਕਦੀਆਂ ਅੱਖਾਂ ਨਹੀਂ ਲਿਖਦਾ ਅਤੇ ਨਾ ਹੀ ਗਭਰੂਆਂ ਦੇ ਫਰਕਦੇ ਡੌਲਿਆਂ ਦਾ ਜਿ਼ਕਰ ਕਰਦਾ ਹੈ ਸਗੋਂ ਗੀਤਾਂ ਵਿੱਚ ਆਦਤ ਅਨੁਸਾਰ ਕੋਈ ਸੁਨੇਹਾ ਦਿੰਦਾ ਹੈ। ਇਸ ਤਰ੍ਹਾਂ ਪ੍ਰਕਾਸ਼ ਆਜ਼ਾਦ ਇਕ ਨਿਵੇਕਲੀ ਕਿਸਮ ਦਾ ਗੀਤਕਾਰ ਸਥਾਪਤ ਹੋ ਜਾਂਦਾ ਹੈ। ਇੱਕ ਗੀਤ ਦੀ ਵੰਨਗੀ ਹੇਠਾਂ ਪੜ੍ਹੋ।
ਜਦ ਡਗਾ ਢੋਲ ਤੇ ਲੱਗਣ ਲੱਗਾ।
ਪੰਜਾਬੀਆਂ ਦਾ ਬੁਗਦੂ ਵੱਜਣ ਲੱਗਾ।
ਇਹ ਦੁਨੀਆਂ ਰੌਣਕ ਮੇਲਾ ਏ।
ਕੋਈ ਕਰ ਲਓ ਹਾਸਾ ਖੇਲਾ ਏ।
ਨਾ ਵਾਪਸ ਮੁੜ ਕੇ ਆਉਦਾ ਏ,
ਜੋ ਬੀਤਿਆ ਹੋਇਆ ਵੇਲਾ ਏ।
ਇਹ ਹੱਥ ਸਵਰਾਜ ਦਾ ਲੱਗਦੇ ਹੀ
ਢੋਲ ਤੱਕ-ਧਿੰਨ-ਤੱਕ-ਧਿੰਨ ਰੱਟਣ ਲੱਗਾ। ਪਿਘਲਦਾ ਲਾਵਾ ਪੰਨਾ 84
ਕਾਵਿਕ-ਰੂਪ ਰੁਬਾਈਆਂ ਨੂੰ ‘ਉਮਰੇ ਖਿਆਮ’ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਰੁਬਾਈਆਂ ਵਿੱਚ ਸ਼ਬਦਾਂ ਦੀ ਸੰਖੇਪਤਾ ਰਾਹੀਂ ਦੀਰਘ ਤੋਂ ਦੀਰਘ ਵਿਚਾਰਾਂ ਨੂੰ ਸਿਰਜਿਆ ਜਾਂਦਾ ਹੈ। ਰੁਬਾਈ ਵਿੱਚ ਇੱਕ ਪੂਰੀ ਕਹਾਣੀ ਦਾ ਸੁਧਾਰਵਾਦੀ ਵਰਨਣ ਹੁੰਦਾ ਹੈ। ਰੁਬਾਈਆਂ ਨੂੰ ਅਕਸਰ ਪ੍ਰਗਤੀਵਾਦੀ ਸਾਹਿਤ ਕਿਹਾ ਜਾ ਸਕਦਾ ਹੈ। ਰੁਬਾਈਆਂ ਅੰਦਰ ਮਾਨਵ–ਵਾਦ ਦੀਆਂ ਛੁਹਾਂ ਹੁੰਦੀਆਂ ਹਨ। ਰੁਬਾਈਆਂ ਵਿੱਚ ਆਏ ਵਿਚਾਰਾਂ ਅੰਦਰ ਤਰਕ ਵੀ ਹੁੰਦਾ ਹੈ। ਰੁਬਾਈਆਂ ਵਿੱਚ ਅੰਕਿਤ ਵਿਚਾਰਾਂ ਨੂੰ ਅਲੰਕਾਰਾਂ ਨਾਲ ਸਿ਼ੰਗਾਰਿਆ ਜਾਂਦਾ ਹੈ। ਵਿਅੰਗਾਤਮਿਕ ਸ਼ਬਦਾਵਲੀ ਰੁਬਾਈਆਂ ਦੀ ਜਿ਼ੰਦ-ਜਾਨ ਹੁੰਦੀ ਹੈ। ਰੁਬਾਈਆਂ ਵਿੱਚ ਵਿਚਾਰ ਇਸ ਤਰ੍ਹਾਂ ਸਮੋਏ ਹੋਏ ਹੁੰਦੇ ਹਨ ਜਿਵੇਂ ਕਿਸੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਰੁਬਾਈਆਂ ਦੀ ਬਣਤਰ ਅਤੇ ਬੁਣਤਰ ਵਿੱਚ ਸਿਰਫ਼ ਚਾਰ ਸਤਰਾਂ ਹੀ ਹੁੰਦੀਆਂ ਹਨ। ਪਹਿਲੀ ਸਤਰ ਵਿੱਚ ਕਹਾਣੀ ਦਾ ਪਿਛੋਕੜ ਹੁੰਦਾ ਹੈ। ਦੂਜੀ ਸਤਰ ਵਿੱਚ ਕਹਾਣੀ ਦਾ ਮੱਧ ਅਤੇ ਤੀਸਰੀ ਸਤਰ ਵਿੱਚ ਕਹਾਣੀ ਦਾ ਤੀਸਰਾ ਭਾਗ ਬਿਆਨਿਆਂ ਜਾਂਦਾ ਹੈ। ਅਤੇ ਚੌਥੀ ਸਤਰ ਵਿੱਚ ਕੋਈ ਸੁਧਾਰਕ ਨਤੀਜਾ ਹੁੰਦਾ ਹੈ। ਕਾਵਿਕ-ਵਿਧਾਨ ਅਨੁਸਾਰ ਪਹਿਲੀ, ਦੂਜੀ ਅਤੇ ਚੌਥੀ ਸਤਰ ਤੁਕਾਂਤਕ ਹੋਣੀ ਲਾਜ਼ਮੀ ਹੁੰਦੀ ਹੈ। ਰੁਬਾਈ ਦੀ ਤੀਸਰੀ ਸਤਰ ਪਟਾਖ਼ੇ ਵਰਗੀ ਹੁੰਦੀ ਹੈ ਜਿਸਦਾ ਖੁਲ੍ਹਾ ਪਲੀਤਾ ਜਲਦਾ ਜਲਦਾ ਜਦ ਵਿਸਫੋਟਕ ਪਦਾਰਥ ਅੰਦਰ ਦਾਖ਼ਲ ਹੋਣ ਲੱਗਦਾ ਹੈ, ਠੀਕ ਇਸੇ ਤਰ੍ਹਾਂ ਰੁਬਾਈ ਵਿੱਚ ਅੰਕਿਤ ਵਿਚਾਰਾਂ ਦਾ ਗਿਆਨ ਪਾਠਕ ਦੇ ਦਿਮਾਗ਼ ਅੰਦਰ ਫੱਟਣ ਵਾਸਤੇ ਤਿਆਰ ਹੋ ਜਾਂਦਾ ਹੈ। ਪ੍ਰਕਾਸ਼ ਆਜ਼ਾਦ ਦੀਆਂ ਸਾਰੀਆਂ ਰੁਬਾਈਆਂ ਉਪ੍ਰੋਕਤ ਸਰਵ-ਗੁਣ ਸੰਪੰਨ ਹਨ। ਆਓ ਅੱਗੇ ਆਜ਼ਾਦ ਦੀਆਂ ਰੁਬਾਈਆਂ ਰਾਹੀਂ ਪ੍ਰਗਟ ਹੋਏ ਵਿਚਾਰਾਂ ਦੀ ਚਰਚਾ ਕਰਦੇ ਹਾਂ।
ਰੁਬਾਈਆਂ ਵਿੱਚ ਗੁਰਬਾਣੀ ਦੇ ਸਿਧਾਂਤਾ ਅਤੇ ਗਿਆਨ ਦੀ ਪੁਨਰ ਵਿਆਖਿਆ ਹੈ। ਸਿੱਖ ਗੁਰੂਆਂ ਅਤੇ ਸਿੱਖ ਜਰਨੈਲਾਂ, ਸਿਦਕੀਆਂ ਦੀਆਂ ਕੁਰਬਾਨੀਆਂ ਦੀ ਕੀਰਤੀ ਗਾਈ ਗਈ ਹੈ। ਸਿੱਖ ਧਰਮ ਵਿੱਚ ਅੰਧ-ਵਿਸ਼ਵਾਸ਼ ਨੂੰ ਭੰਡਿਆ ਗਿਆ ਹੈ। ਕ੍ਰਿਤ ਦੀ ਸ਼ੋਭਾ ਵਧਾਈ ਗਈ ਹੈ। ਪੰਜਾਂ ਤੱਖਤਾਂ ਦੇ ਇਨਸਾਫ਼ ਨੂੰ ਸੁਲਾਹਿਆ ਗਿਆ ਹੈ। ਪਰਾਇਆ ਹੱਕ ਅਤੇ ਪਰਾਈ ਔਰਤ ਦੇ ਸੰਬੰਧਾ ਦੀ ਨਿਖੇਧੀ ਕੀਤੀ ਗਈ ਹੈ। ਸੱਚ ਅਤੇ ਝੂਠ ਦਾ ਨਿਤਾਰਾ ਕੀਤਾ ਪੜ੍ਹਿਆ ਜਾਂਦਾ ਹੈ। ਮੀਰੀ ਅਤੇ ਪੀਰੀ ਦਾ ਸੰਕਲਪ ਰਚਿਆ ਗਿਆ ਹੈ। ਮਨੁੱਖ ਜੁਲਮ ਅਤੇ ਜ਼ਾਲਮ ਨਾਲ ਟਕਰਾਉਦਾ ਦਿਸਦਾ ਹੈ। ਪੰਜਾਂ ਪਿਆਰਿਆਂ ਦੇ ਸਿਦਕ, ਵਿਸ਼ਵਾਸ਼ ਅਤੇ ਸਮਰਪਣ ਬਾਰੇ ਸੁਹਲਾਤਮਕ ਅਤੇ ਸੁਹਜਾਤਮਕ ਬਿਆਨ ਹੈ। ਸਿੱਖ ਧਰਮ ਦੇ ਛੋਟੇ ਅਤੇ ਵੱਡੇ ਘਲੂਕਾਰੇ ਅਤੇ ਹੋਰ ਸਾਕਿਆਂ ਦਾ ਵੀਰ ਰਸੀ ਵਰਨਣ ਹੈ। ਸੇਵਾ ਅਤੇ ਸਿਮਰਨ ਦਾ ਸੰਕਲਪ ਸਮਝਾਇਆ ਗਿਆ ਹੈ। ਗੁਰਮਤ ਅਤੇ ਦੁਰਮਤ, ਗੁਰਮੁਖ ਅਤੇ ਮਨਮੁਖ ਦੇ ਕਿਰਦਾਰਾਂ ਦੇ ਫਰਕ ਨੂੰ ਬਾਖੂਬੀ ਦਰਸਾਇਆ ਗਿਆ ਹੈ। ਚੁਰਾਸੀ ਲੱਖ ਜੂਨ ਅਤੇ ਅਜੂਨ ਦੇ ਭੇਦਾਂ ਨੂੰ ਬੜੇ ਸੂਖਮ ਅਤੇ ਗੰਭੀਰ ਵਿਚਾਰਾਂ ਨਾਲ ਪ੍ਰਗਟਾਇਆ ਗਿਆ ਹੈ। ਪਾਪ ਅਤੇ ਪੁੰਨ ਦੇ ਨਤੀਜਿਆਂ ਦੇ ਚਕਰਵਿਊ ਨੂੰ ਉਲੀਕਿਆ ਹੈ। ਗੁਨਾਹਾਂ ਨੂੰ ਬਖ਼ਸ਼ਾਉਣ ਵਾਸਤੇ ਸਿਫਤੀ ਦੇ ਘਰ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਦੱਸੇ ਗਏ ਹਨ। ਭਗਤ ਅਤੇ ਪ੍ਰਭੂ ਦੇ ਨਾਤੇ ਨਾਲ ਗੰਢਾ ਪਵਾਈਆਂ ਹਨ। ਭਗਤੀ ਅਤੇ ਸੇਵਾ ਦੇ ਫਲਾਂ ਨੂੰ ਸਰਲ ਭਾਸ਼ਾ ਰਾਹੀਂ ਉਜਾਗਰ ਕੀਤਾ ਹੈ। ਰੇਖ, ਭੇਖ, ਅਤੇ ਭੇਸ ਨੂੰ ਸਪੱਸ਼ਟ ਕੀਤਾ ਹੈ। ਸਮਾਂ ਅਤੇ ਸਫ਼ਰ ਦੀ ਦੂਰੀ ਨੂੰ ਮਿਟਾਇਆ ਗਿਆ ਹੈ। ਧਰਮੀਆਂ ਅਤੇ ਕੁਕਰਮੀਆਂ ਦੇ ਚਰਿਤਰ ਦਾ ਦਬੰਦਾਤਮਕ ਵਿਸ਼ਲੇਸ਼ਣ ਹੈ। ਸੰਗਤ ਅਤੇ ਪੰਗਤ ਦੇ ਮਹੱਤਵ ਨੂੰ ਸੁਲਾਹਿਆ ਹੈ। ਸਿ਼ਸ਼ਟਾਚਾਰ ਅਤੇ ਭ੍ਰਿਸ਼ਟਾਚਾਰ ਨੂੰ ਨਿੰਦਿਆ ਹੈ। ਗੁਰਦੁਆਰੇ ਅਤੇ ਗੁਰੂ, ਗੁਰੂ ਅਤੇ ਸ਼ਬਦ ਦੀ ਵਿਆਖਿਆ ਹੋਈ ਪੜ੍ਹੀ ਜਾਂਦੀ ਹੈ। ਸਮਾਜਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਉਪਰ ਪਹਿਰਾਂ ਦੇਣ ਵੱਲ ਮਨੁੱਖ ਦਾ ਧਿਆਨ ਦਵਾਇਆ ਗਿਆ ਹੈ। ਪ੍ਰਕਾਸ਼ ਆਜ਼ਾਦ ਨੇ ਰੁਬਾਈ ਦਾ ‘ਸਵਾਲੀਆ’ ਇੱਕ ਨਵਾ ਰੂਪ ਸਿਰਜਿਆ ਹੈ। ਪਾਠਕਾ ਦੀ ਦ੍ਰਿਸ਼ਟੀ ਗੋਚਰ ਹੈ।
ਮੰਗਦੇ  ਹੋ  ਸਬੂਤ  ਤਾਂ  ਕਿਤਨੇ ਪੇਸ਼ ਕਰਾਂ?
ਦਸਖ਼ਤਾਂ ਭਰੀ ਤਫ਼ਸੀਲ ਕੀ ਸਾਹਮਣੇ ਧਰਾਂ?
ਡਰ ਅਸਾਂ ਨਾ ਹੁਣ ਸਾਨੂੰ ਖੰਜਰ ਤੇ ਸੂਲੀ ਦਾ,
ਸਚਾਈ ਕਹਿਣੋ ਭਲਾ ਫੇਰ ਕਿਸ ਲਈ ਡਰਾਂ? ਹਯਾਤੀ ਦਾ ਨੂਰ ਪੰਨਾ 69
ਕਵੀ ਪ੍ਰਕਾਸ਼ ਆਜ਼ਾਦ ਦੇ ਕਥਨ ਦੇ ਅਨੁਰਾਗੀ ਗੁਰੂ ਨਾਨਕ ਦੇ ਦਰਸ਼ਨ ਅਤੇ ਲੈਨਿਨ ਦੇ ਦਰਸ਼ਨ ਨੇ ਇਸ ਦੁਨੀਆਂ ਨੂੰ ਬਦਲ ਦਿੱਤਾ ਸੀ। ਇਸ ਦਾ ਇਤਿਹਾਸਕ ਖੁਲਾਸਾ ਇਕ ਰੁਬਾਈ ਰਾਹੀਂ ਹੋਇਆ ਹੈ। ਕਵੀ ਦਾ ਵਿਚਾਰ ਹੈ ਕਿ ਜਿਵੇਂ ਗੁਰੂ ਨਾਨਕ ਦੀ ਗੁਰਬਾਣੀ ਨੇ ਮੁਗ਼ਲਰਾਜ ਦੇ ਖਾਤਮੇ ਦਾ ਮੁੱਢ ਬੰਨ੍ਹਿਆਂ ਸੀ ਅਤੇ ਠੀਕ ਇਸੇ ਤਰ੍ਹਾਂ ਵਰਤਮਾਨ ਵਿੱਚ ਲੈਨਿਨ ਦੇ ਦਰਸ਼ਨ ਨੇ ਦੁਨੀਆਂ ਵਿੱਚੋਂ ਸਾਮਰਾਜ ਦੇ ਖਾਤਮੇ ਦੀ ਧਰਾਤਲ ਤਿਆਰ ਕਰ ਦਿੱਤੀ ਹੈ। ਭਾਵੇਂ ਅਜਿਹਾ ਹੋਣਾ ਸੰਭਵ ਇਸ ਕਰਕੇ ਨਹੀਂ ਕਿਉਂਕਿ ਅਧੁਨਿਕਤਾ ਕਾਰਨ ਮਨੁੱਖ ਦੀ ਐਸ਼ਪ੍ਰਸਤੀ ਵਾਸਤੇ ਅਨੇਕਾ ਸਹੂਲਤਾ ਉਪਲਬਧ ਹਨ। ਅਜਿਹੀਆਂ ਸਹੂਲਤਾ ਨੂੰ ਪਰਾਪਤ ਕਰਨ ਵਾਸਤੇ ਪੂੰਜੀ ਦੀ ਲੋੜ ਹੁੰਦੀ ਹੇ ਅਤੇ ਵਰਤਮਾਨ ਵਿੱਚ ਹਰ ਕੋਈ ਪੂੰਜੀ ਨੂੰ ਇੱਕਤਰ ਕਰਨ ਵਾਸਤੇ ਕਰਮਸ਼ੀਲ ਹੈ ਪਰ ਹੋ ਸਕਦਾ ਹੈ ਕਿ ਕਵੀ ਆਜ਼ਾਦ ਦੀ ਇਹ ਭਵਿੱਖ ਬਾਣੀ ਕਦੇ ਸਹੀ ਵੀ ਹੋ ਜਾਵੇ।
ਨਾਨਕ  ਤੇ  ਲੈਨਿਨ  ਵਿੱਚ  ਕੁਝ ਸਦੀਆਂ ਦੀ ਦੂਰੀ ਸੀ।
ਹਰ  ਸਦੀ  ਆਪਣੀ  ਜਗਾਹ  ਦੋਹਾਂ  ਬਿਨ੍ਹ ਅਧੂਰੀ ਸੀ।
ਨਾਨਕ ਦੀ ਲਹਿਰ ਮੁਢ ਬੱਧਾ ਮੁਗ਼ਲਰਾਜ ਦੇ ਖਾਤਮੇ ਦਾ,
ਲੈਨਿਨ  ਦੀ  ਲਹਿਰ  ਕਬਰ  ਸਾਮਰਾਜ  ਦੀ  ਪੂਰੀ ਸੀ।
ਪਿਘਲਦਾ ਲਾਵਾ ਪੰਨਾ 98
ਆਪਣੀ ਮਾਂ ਬੋਲੀ ਪੰਜਾਬੀ ਨੂੰ ਆਜ਼ਾਦ ਆਪਣੇ ਵਾਸਤੇ ਨਿਆਮਤ ਅਤੇ ਵਰਦਾਨ ਸਮਝਦਾ ਹੈ।
ਪੰਜਾਬੀ ਬੋਲੀ ਪੰਜਾਬੀਅਤ ਦੀ ਨਿਆਮਤ ਹੈ।
ਲਾਹੌਰ ਅੰਮ੍ਰਿਤਸਰ ਸਾਰੇ ਪੰਜਾਬ ਦੀ ਵਿਰਾਸਤ ਹੈ।
ਐਟਮ ਨੂੰ ਚਲਾਏ ਸ਼ੈਖ ਜਾਂ ਕੋਈ ਬ੍ਰਾਹਮਣ,
ਹਰ ਥਾਂ ਮੰਦਿਰ ਤੇ ਮਸਜਦ ਲਈ ਕਿਆਮਤ ਹੈ। ਪਿਘਲਦਾ ਲਾਵਾ ਪੰਨਾ 180
ਜਦ ਕਵੀ ਸਿਧਾਂਤਾ ਦੀ ਗੱਲ ਕਰਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਲੋਕਾਈ ਇਨ੍ਹਾਂ ਸਿਧਾਂਤਾ ਉਪਰ ਚੱਲ ਨਹੀਂ ਰਹੀ।
ਸਿਧਾਂਤ ਵੱਲ ਵਫ਼ਾ ਪਾਲਣੀ ਬਹੁਤ ਔਖੀ ਹੈ।
ਜਿ਼ੰਦਗੀ ਵਿੱਚ ਘਾਲ ਘਾਲਣੀ ਬਹੁਤ ਔਖੀ ਹੈ।
ਮਿਲ ਵ ਿਜਾਏ ਆਜ਼ਾਦੀ ਜੇ ਬਿਨ੍ਹਾਂ ਕੀਮਤ ਤੋਂ,
ਮੁਫ਼ਤ ਮਿਲੀ ਚੀਜ਼ ਸੰਭਾਲਣੀ ਬਹੁਤ ਔਖੀ ਹੈ। ਪਿਘਲਦਾ ਲਾਵਾ ਪੰਨਾ 104
ਪ੍ਰਕਾਸ਼ ਆਜ਼ਾਦ ਦੀਆਂ ਕਵਿਤਾਵਾਂ, ਗੀਤਾਂ ਅਤੇ ਗ਼ਜ਼ਲਾਂ ਵਿੱਚ ਵੀ ਉਪ੍ਰੋਕਤ ਵਿਚਾਰ ਪ੍ਰਗਟ ਹੁੰਦੇ ਹਨ। ਪ੍ਰਕਾਸ਼ ਆਜ਼ਾਦ ਦੀਆਂ ਰਚਨਾਵਾਂ ਦੇ ਵਿਸ਼ੇ ਵਿਗਿਆਨਕ ਹਨ ਅਤੇ ਕੁਦਰਤ ਦੇ ਵਿਗਿਆਨ ਦੀ ਪੁਨਰ ਵਿਆਖਿਆ ਕਰਦੇ ਹਨ। ਸ਼ਬਦਾਵਲੀ ਸਰਲ ਅਤੇ ਮਿਠਾਸ ਭਰੀ ਹੈ ਕਿਉਂਕਿ ਆਜ਼ਾਦ ਨੇ ਇਸ ਸ਼ਬਦਾਵਲੀ ਰਾਹੀਂ ਵੀਰਰਸ, ਕਰੁਣਾ ਰਸ, ਸਿ਼ੰਗਾਰ ਰਸ ਅਤੇ ਭੀਵਤਸ ਰਸ ਵਰਤੇ ਹਨ। ਕਵਿਤਾਵਾਂ ਵਿੱਚ ਸ਼ਬਦਿਕ ਅਲੰਕਾਰਾਂ ਦੇ ਨਾਲ ਨਾਲ ਉਭਯਲੰਕਾਰ ਵੀ ਪੜ੍ਹਨ ਨੂੰ ਮਿਲਦੇ ਹਨ। ਅਜਿਹੇ ਅਲੰਕਾਰ ਵਰਤਣ ਨਾਲ ਕਿਸੇ ਰਚਨਾ ਵਿੱਚ ਯਥਾਰਥਿਕਤਾ ਆ ਜਾਂਦੀ ਹੈ। ਰਚਨਾਵਾਂ ਵਿੱਚ ਵਰਤੇ ਗਏ ਪ੍ਰਤੀਕ ਸਿੱਖੀ ਵਿਚਾਰਧਾਰਾ, ਪ੍ਰਕ੍ਰਿਤਕ ਪਸਾਰੇ, ਲਾਸਾਨੀ ਕੁਰਬਾਨੀਆਂ ਦੇ ਸਿਤਮ, ਜੁਲਮ ਅਤੇ ਦਹਿਸ਼ਤ ਗਰਦ ਮਹੌਲ ਦੀ ਬਿੰਬਾਵਲੀ ਵਰਤੀ ਹੈ। ਹੱਕ ਅਤੇ ਸੱਚ ਨੂੰ ਦਰਸਾੳਂੁਦੇ ਦ੍ਰਿਸ਼ਟਾਂਤ ਸਿਰਜੇ ਹਨ। ਮਜ਼ਦੂਰ ਅਤੇ ਮਾਲਕ ਦੇ ਰਿਸ਼ਤੇ ਦੇ ਦਬੰਦਾਤਮਕ ਚਿੰਨ੍ਹਾ ਦਾ ਰਚਨਾਤਮਕ ਕਾਰਜ ਹੋਇਆ ਹੈ। ਵਿਸ਼ਵ ਵਿੱਚ ਸਾਮਰਾਜ ਦੀ ਹੋਂਦ ਕਾਰਨ ਪ੍ਰਕਾਸ਼ ਆਜ਼ਾਦ ਮਜ਼ਦੂਰ ਦੀ ਲੁੱਟੀ ਜਾਂਦੀ ਕ੍ਰਿਤ ਬਾਰੇ ਆਪਣੀਆਂ ਕਵਿਤਾਵਾਂ ਰਾਹੀ ਚਿੰਤਾ ਪ੍ਰਗਟ ਕਰਦਾ ਹੈ। ਦੁਨੀਆਂ ਵਿੱਚ ਪਨਪ ਰਹੇ ਨਸਲਵਾਦ ਬਾਰੇ ਪਾਠਕ ਨੂੰ ਜਾਗਰੂਕ ਕਰਦਾ ਹੈ। ਅੰਤਰ-ਸਮਾਜਿਕ, ਅੰਤਰ ਸੱਭਿਆਚਾਰਕ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦੇ ਸਮਾਧਾਨ ਹੁੰਦੇ ਨਜ਼ਰ ਆਉਣ ਕਰਕੇ ਪਾਠਕ ਇੰਝ ਮਹਿਸੂਸ ਕਰਦਾ ਹੈ ਕਿ ਪ੍ਰਕਾਸ਼ ਆਜ਼ਾਦ ਦੀ ਵਿਦਵਤਾ ਦਾ ਘੇਰਾ ਬ੍ਰਹਿਮੰਡਕ ਹੈ। ਬਹੁਤਾ ਕਰਕੇ ਪ੍ਰਕਾਸ਼ ਆਜ਼ਾਦ ਮਜ਼ਦੂਰ ਦੇ ਨਿੱਤ ਪਰਤੀ ਜੀਵਨ ਵਿੱਚ ਖੁਸ਼ਹਾਲੀ ਲਿਆਉਣਾ ਚਹੁੰਦਾ ਹੈ। ਇਸ ਸੰਦਰਭ ਵਿੱਚ ਪ੍ਰਕਾਸ਼ ਆਜ਼ਾਦ ਦੇ ਸਮੁੱਚੇ ਸਿਰਜਨਾਤਮਕ ਕਾਰਜ ਨੂੰ ਉਤਰ-ਆਧੁਨਿਕਤਾ ਦਾ ਨਾਮ ਦਿਤਾ ਜਾ ਸਕਦਾ ਹੈ। ਉਸਦੇ ਦਰਸ਼ਨ ਵਿੱਚੋਂ ਮਨੁੱਖ ਦੇ ਸਮੁੱਚੇ ਜੀਵਨ ਦੀਆਂ ਜ਼ਰੂਰਤਾਂ ਨੂੰ ਸਿੱਖਇਜ਼ਮ ਅਨੁਸਾਰ ਦੁਹਰਾਇਆ ਗਿਆ ਹੈ। ਉਹ ਮਾਰਕਸੀ ਸਿਸਟਿਮ ਨੂੰ ਗੁਰੂ ਨਾਨਕ ਦੇ ਦਰਸ਼ਨ ਦਾ ਤੁਲਨਾਤਮਕ ਦਰਸ਼ਨ ਕਹਿੰਦਾ ਹੈ। ਗ਼ਜ਼ਲ ਨੂੰ ਉਹ ਆਰੂਜ਼ ਦੇ ਸਿਧਾਤਾਂ ਅਨੁਸਾਰ ਸਿਰਜਦਾ ਹੈ। ਗੀਤਾਂ ਨੂੰ ਰਾਗਾਂ ਦੀਆਂ ਧਾਰਨਾ ਅਨੁਸਾਰ ਰਚਦਾ ਹੈ। ਉਸ ਦੀਆਂ ਲਿਖੀਆਂ ਰੁਬਾਈਆਂ ਨੂੰ ਪੜ੍ਹਨ ਵਾਲਾ ਇਹ ਭੁਲੇਖਾ ਖਾ ਜਾਂਦਾ ਹੈ ਕਿ ਉਹ ‘ਉਮਰੇ ਖਿ਼ਆਮ’ ਨੂੰ ਪੜ੍ਹ ਰਿਹਾ ਹੈ। ਕਵਿਤਾਵਾਂ ਵਿੱਚ ਦੀਰਘ ਅਤੇ ਸੁਧਾਰਵਾਦੀ ਵਿਚਾਰ ਪੜ੍ਹਨ ਨੂੰ ਮਿਲਦੇ ਹਨ। ਆਜ਼ਾਦ ਦੇ ਦਰਸ਼ਨ ਰਾਹੀਂ ਮਨੁੱਖ, ਮਨੁੱਖ ਦੇ ਭਲੇ ਵਾਸਤੇ ਤੱਤਪਰ ਰਹਿੰਦਾ ਹੈ। ਕਵੀ ਸਰਬੱਤ ਦੇ ਭਲੇ ਦਾ ਹੋਕਾ ਦਿੰਦਾ ਹੈ। ਇਸ ਕਰਕੇ ਕਵੀ ਪ੍ਰਗਤੀਵਾਦੀ, ਮਾਨਵ-ਵਾਦੀ, ਤਰਕਵਾਦੀ ਅਤੇ ਜੁਝਾਰੂ ਕਵੀ ਹੈ। ਇਹੀ ਕਾਰਨ ਹੈ ਕਿ ਕਵੀ ਦਾ ਰਚਨਾਤਮਕ ਕਾਰਜ ਕਲਾਤਮਿਕ ਹੈ। ਕਲਾਤਮਕ ਰਚਨਾਵਾਂ ਨੂੰ ਮਿਆਰੀ ਸਾਹਿਤ ਕਿਹਾ ਜਾਂਦਾ ਹੈ। ਪ੍ਰਕਾਸ਼ ਆਜ਼ਾਦ ਮਨੁੱਖ ਨੂੰ ਸੂਝਵਾਨ ਬਣਾਉਣ ਵਾਸਤੇ ਉਸ ਸਾਰੇ ਗਿਆਨ ਨੂੰ ਆਪਣੀਆਂ ਰਚਨਾਵਾਂ ਵਿੱਚ ਸਿਰਜਦਾ ਹੈ ਜਿਸ ਗਿਆਨ ਦੀ ਮਨੁੱਖ ਨੂੰ ਆਪਣਾ ਸਾਰਾ ਜੀਵਨ ਖੁਸ਼ਹਾਲੀ ਨਾਲ ਜਿਉਣ ਵਾਸਤੇ ਲੋੜ ਹੁੰਦੀ ਹੈ। ਕਵੀ ਦਾ ਗਿਆਨ ਸੰਤਾਂ ਵਰਗਾ ਹੈ। ਪੈਗ਼ਾਮ ਪੈਗੰਬਰਾਂ ਵਾਲਾ ਹੈ। ਹੱਥ ਮਜ਼ਦੂਰੀ ਵਾਸਤੇ ਸੰਘਰਸ਼-ਸ਼ੀਲ ਹਨ। ਉਸਦੀਆਂ ਗ਼ਜ਼ਲਾਂ, ਗੀਤਾਂ, ਰੁਬਾਈਆਂ ਅਤੇ ਕਵਿਤਾਵਾਂ ਵਿੱਚ ਯਥਾਰਥਕਤਾ ਹੈ, ਸਚਾਈ ਹੈ, ਮਨੁੱਖ ਦੇ ਧੁਰ ਅੰਦਰਲੇ ਦੀ ਹਕੀਕਤ ਹੈ, ਸਰਲ ਭਾਸ਼ਾ ਵਿੱਚ ਅਭਿਵਿਆਕਤੀ ਹੋਈ ਹੈ। ਉਸਦੀਆਂ ਕਵਿਤਾਵਾਂ ਰਾਹੀਂ ਸਰਬੱਤ ਦੇ ਭਲੇ ਲਈ ਸੰਘਰਸ਼ ਹੋਣ ਕਰਕੇ ਕਵਿਤਾਵਾਂ ਨੂੰ ਲੋਕ-ਕਾਵਿ ਅਤੇ ਗੀਤਾਂ ਨੂੰ ਲੋਕ ਗੀਤ ਕਿਹਾ ਜਾ ਸਕਦਾ ਹੈ। ਪ੍ਰਕਾਸ਼ ਆਜ਼ਾਦ ਦੀਆਂ ਗ਼ਜ਼ਲਾਂ ਦੇ ਵਿਸ਼ੇ ਅਤੇ ਬਣਤਰ ਮੁਢਲੀ ਗ਼ਜ਼ਲ ਦੇ ਆਧਾਰ ਦੇ ਹਨ। ਉਹ ਇਨ੍ਹਾਂ ਵਿਸਿ਼ਆਂ ਦੇ ਮੂਲ ਤੱਤ ਤੋਂ ਲੈ ਕੇ ਅਧੁਨਿਕ ਤੱਕ ਲੈ ਜਾਂਦਾ ਹੈ। ਜਿਸ ਰਾਹੀਂ  ਉਪਰ ਲਿਖੇ ਵਾਂਗ ਸਮੱਸਿਆਵਾਂ ਦਾ ਵਰਨਣ ਹੋਇਆ ਹੈ। ਮੈਂ ਪ੍ਰਕਾਸ਼ ਆਜ਼ਾਦ ਦੇ ਅਜਿਹੇ ਪੰਜਾਬੀ ਜਗਤ ਲਈ ਮੁਲਵਾਨ ਸੰਕਲਨਾਂ ਦਾ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨੂੰ ਜੀ ਆਇਆਂ ਕਹਿੰਦਾ ਹੋਇਆ ਪਾਠਕਾਂ ਨੂੰ ਇਨ੍ਹਾਂ ਸੰਕਲਨਾ ਦਾ ਆਪ ਪਾਠ ਕਰਨ ਵਾਸਤੇ ਗੁਜ਼ਾਰਿਸ਼ ਕਰਦਾ ਹਾਂ।

****

No comments:

Post a Comment