ਮਹਿੰਦਰ ਦਿਲਬਰ, ਵਿਭਿੰਨ ਵਿਸਿ਼ਆਂ ਅਤੇ ਵਿਵਿਧ ਵਿਧਾਵਾਂ ਦਾ ਕਵੀ।

‘ਕਾਲਾ ਗੁਲਾਬ ਚਿੱਟੀ ਮਹਿਕ’ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਦੇ ਕਵੀ, ਗ਼ਜ਼ਲਗੋ ਅਤੇ ਗੀਤਕਾਰ ਹਨ ਬਹੁਤ ਹੀ ਸੁਲਝੇ ਹੋਏ ਅਤੇ ਅਨੁਭਵੀ ਸਾਹਿਤਕਾਰ ਮਹਿੰਦਰ ਸਿੰਘ ਦਿਲਬਰ ਜਿਸਦੀਆਂ ਰਚਨਾਵਾਂ ਵਿੱਚ ਮਾਨਵ-ਵਾਦੀ ਵਿਚਾਰ, ਪ੍ਰਕ੍ਰਿਤੀ ਦੇ ਕਾਇਦੇ ਕਾਨੂੰਨ ਅਤੇ ਪ੍ਰਦੂਸ਼ਣ, ਬਸਤੀਵਾਦੀ ਵਲੋਂ ਅਰੰਭਿਆਂ ਅੰਤਰ-ਰਾਸ਼ਟਰੀ ਅਤੰਕਵਾਦ, ਸਮਾਜਿਕ ਵਿਸੰਗਤੀਆਂ ਅਤੇ ਸਮਾਜਿਕ ਤਬਦੀਲੀਆਂ, ਸੱਭਿਆਚਾਰਕ ਭਿੰਨਤਾ, ਰਾਜਨੀਤਕ ਨੇਤਾਵਾਂ ਦਾ ਸ਼ੋਸ਼ਣ, ਮਜ਼ਦੂਰ ਅਤੇ ਮਾਲਕ ਦਾ ਸੰਬੰਧ, ਅਮੀਰੀ ਅਤੇ ਗਰੀਬੀ ਗ੍ਰਸਤ ਲੋਕ, ਧਾਰਮਿਕ ਅੰਧ-ਵਿਸ਼ਵਾਸ, ਰਾਸ਼ਟਰਵਾਦ ਦੇ ਪੈਰੋਕਾਰਾਂ ਦੇ ਚਰਿਤਰ ਅਤੇ ਧੜਾ ਧੜ ਬਣ ਰਹੇ ਜੰਗੀਂ ਸਾਜਾਂ ਸਾਮਾਨਾ ਉਪਰ ਪ੍ਰਸ਼ਨ ਚਿੰਨ੍ਹ ਲਾਉਣ ਵਾਲੇ ਵਿਚਾਰ ਅੰਕਿਤ ਹਨ। ਖਾਸ ਕਰ ਦਿਲਬਰ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਆ ਰਹੀਆਂ ਗਿਰਾਵਟਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਦਾ ਹੈ। ਪੱਛਮੀ ਕਲਚਰ ਵਿੱਚ ਧੁੱਸ ਦਿੰਦੇ ਪੰਜਾਬੀਆਂ ਵਾਸਤੇ ਉਹ ਬਹੁਤ ਫਿਕਰਮੰਦ ਹੈ। ਪੰਜਾਬੀਆਂ ਦੀਆਂ ਪਰਵਾਸੀ ਚੇਤਨਾਵਾਂ ਅਤੇ ਪੰਜਾਬ ਦੀ ਧਰਤੀ ਦਾ ਭੂਹੇਰਵਾ ਅਤੇ ਮੁਹੇਰਵਾ ਕਵਿਤਾਵਾਂ ਵਿੱਚ ਬਰਕਰਾਰ ਪੜ੍ਹਿਆ ਜਾਂਦਾ ਹੈ। ਕਵੀ ਨੇ ਆਪਣੀਆਂ ਕਵਿਤਾਵਾਂ ਰਾਹੀ ਸ਼ਹੀਦਾਂ ਦੀ ਕੀਰਤੀ ਵੀ ਗਾਈ ਹੈ।
‘ਮੈਨੂੰ ਤਾਂ
ਕਿਸੇ ਵੀ ਤਿਉਹਾਰ ਤੋਂ
ਵੱਡਾ ਲੱਗਦਾ ਹੈ ਮਨਾਉਣਾ
ਇਹ ਤੇਰਾ ਸ਼ਹੀਦੀ ਦਿਨ।     ਸ਼ਹੀਦ ਪੰਨਾ 79    
ਉਪ੍ਰੋਕਤ ਵਿਸਿ਼ਆ ਉਪਰ ਉਸਦੀਆਂ ਕਵਿਤਾਵਾਂ ਵਿੱਚ ਅਲੰਕਾਰ, ਰਸ, ਸ਼ਬਦਾਵਲੀ ਅਤੇ ਮੁਹਾਵਰਿਆਂ ਦੀ ਭਰਮਾਰ ਹੈ। ‘ਕਾਲਾ ਗੁਲਾਬ ਚਿੱਟੀ ਮਹਿਕ’ ਕਵਿਤਾ ਵਿੱਚ ਕਵੀ ਦਾ ਇਸ਼ਾਰਾ ਨੈਲਸਨ ਮੰਡੇਲਾ ਦਾ ਗੋਰੇ ਰੰਗ ਦੀ ਹਾਕਮ ਜਮਾਤ ਵਲੋਂ ਕਾਲੇ ਰੰਗ ਦੇ ਵਸਿ਼ੰਦਿਆ ਉਪਰ ਜੁਲਮ ਅਤੇ ਹੱਕਾਂ ਦੀ ਜਦੋ ਜਹਿਦ ਦੀ ਜਿੱਤ ਦਾ ਵਿਸ਼ਲੇਸ਼ਣ ਉਜਾਗਰ ਹੋਇਆ ਹੈ। ਭਾਵੇਂ ਅਮਲੀ ਤੌਰ ਉਪਰ ਨੈਲਸਨ ਮੰਡੇਲਾ ਨੂੰ ਕਾਲੇ ਗੁਲਾਬ ਦੇ ਦ੍ਰਿਸ਼ਟਾਂਤ ਵਜੋਂ ਵਰਤਿਆ ਹੈ ਪਰ ਸਾਹਿਤਕ ਤੌਰ ਉਪਰ ਇਹ ਤੁਲਨਾਤਮਿਕ ਕਾਰਜ ਅਸਦ੍ਰਿਸ਼ ਹੈ ਕਿਉਂਕਿ ਕੁਦਰਤ ਵਿੱਚ ਕਾਲੇ ਗੁਲਾਬ ਦੀ ਅਣਹੋਂਦ ਹੈ। ਉਪਮਾਵਾਂ ਉਹ ਹੀ ਕਲਾਤਮਿਕ ਹੁੰਦੀਆਂ ਹਨ ਜਿਨ੍ਹਾਂ ਵਿੱਚ ਯਥਾਰਥਕਤਾ ਹੋਵੇ। ਕਵੀ ਵਲੋਂ ਕਾਲੇ ਗੁਲਾਬ ਦਾ ਪਰੰਪਰਾਗਤ ਚਿੰਨ੍ਹ ਇੱਕ ਖਾਸ ਸੰਕੇਤਕ ਵਰਨਣ ਹੈ। ਨੈਲਸਨ ਮੰਡੇਲਾ ਸਾਊਥ ਅਫਰੀਕਾ ਵਿੱਚ ਗੋਰੇ ਪ੍ਰਸ਼ਾਸ਼ਨ ਦੇ ਨਸਲੀ ਵਿਤਕਰੇ ਵਿਰੁੱਧ (apartheid) ਸ਼ੰਘਰਸ਼ੀਲ ਹੋ ਕੇ ਕਾਲੇ ਰੰਗ ਦੇ ਸਰਬਸਾਂਝੇ ਪ੍ਰਸ਼ਾਸ਼ਨ ਨੂੰ ਲਾਗੂ ਕਰਵਾਉਣ ਵਾਲਾ ਦੁਨੀਆਂ ਵਿੱਚ ਇੱਕ ਵਵਿਸ਼ਸ਼ਟ ਲਾਖਣਕ ਹੋਣ ਕਰਕੇ ਇਸ ਚਿੰਨ੍ਹ ਦਾ ਸਾਹਿਤ ਵਿੱਚ ਆਪਣਾ ਮਹੱਤਵ ਇਨਕਲਾਬ ਕਰਕੇ ਹੋ ਜਾਂਦਾ ਹੈ ਪਰ ਮਹਿਕ ਦਾ ਕੋਈ ਰੰਗ ਨਹੀਂ ਹੁੰਦਾ। ਮਹਿਕਾਂ ਨੂੰ ਤਾਂ ਸਿਰਫ਼ ਨੱਕ ਦੀਆਂ ਇੰਦਰੀਆਂ ਰਾਹੀਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਮਹਿਕਾਂ ਨੂੰ ਕਦੇ ਡੱਕਿਆਂ ਵੀ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਨੈਲਸਨ ਮੰਡੇਲਾ ਦੀ ਜਿੱਤ ਦਾ ਅਹਿਸਾਸ ਉਸਦੇ ਆਪਣੇ ਦੇਸ਼ ਦੀਆਂ ਹੱਦਾਂ ਬੰਨ੍ਹੇ ਟੱਪ ਕਿ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ। ਉਸਦੇ ਲੰਮੇ ਸੰਘਰਸ ਨੂੰ ਨਾ ਸਿਰਫ਼ ਸਾਊਥ ਅਫਰੀਕਾ ਦੇ ਕਾਲੇ ਰੰਗ ਦੇ ਲੋਕਾਂ ਨੇ ਮਹਿਸੂਸ ਕੀਤਾ ਹੈ ਸਗੋਂ ਸਾਰੀ ਦੁਨੀਆਂ ਦੇ ਲੋਕ ਵਰਤਮਾਨ ਵਿੱਚ ਉਸਦੇ ਸ਼ੰਘਰਸ਼ ਨਾਲ ਆਏ ਇਨਕਲਾਬ ਨੂੰ ਮਹਿਸੂਸ ਕਰਦੇ ਰੰਗਾਂ ਦੇ ਮਤ-ਭੇਦਾਂ ਨੂੰ ਭੰਡਦੇ ਹਨ ਅਤੇ ਗੁਰੂ ਨਾਨਕ ਦੇ ਸਿਧਾਂਤ ਅਨੁਸਾਰ ‘ਏਕ ਨੂਰ ਤੋਂ ਸਭ ਜੱਗ ਉਪਜਿਆ’ ਵਾਲੇ ਸਿਧਾਂਤ ਨੂੰ ਪਹਿਲ ਦਿੰਦੇ ਹਨ। ਪੁਸਤਕ ਦਾ ਨਾਮ ‘ਕਾਲਾ ਗੁਲਾਬ ਇਨਕਲਾਬੀ ਮਹਿਕ’ ਜਿ਼ਆਦਾ ਢੁਕਵਾਂ ਹੋ ਸਕਦਾ ਸੀ।
‘ਤਲਵਾੜ ਤੋਂ ਦਿਲਬਰ ਤੱਕ’ ਸਿਰਲੇਖ ਅਨੁਸਾਰ ਮਹਿੰਦਰ ਸਿੰਘ ਦਿਲਬਰ ਨੂੰ ਲਿਖਣ ਦੀ ਰੀਝ ਜਗਤ ਪੁਰ ਲਿਖਾਰੀ ਸਭਾ ਵਿੱਚ ਹਾਜ਼ਰੀਆਂ ਭਰਦਿਆਂ ਲੱਗੀ। ਇਹ ਸਤਰ ਪੜ੍ਹਦਿਆਂ ਮੈਨੂੰ ਮਹਿੰਦਰ ਸਿੰਘ ਦਿਲਬਰ ਕੁਝ ਆਪਣਾ ਜਿਹਾ ਲੱਗਿਆ ਕਿਉਂਕਿ ਜਗਤਪੁਰ ਲਿਖਾਰੀ ਸਭਾ ਮੈਂ, ਰਵਿੰਦਰ ਰਵੀ (ਕੇਨੇਡਾ), ਜਗਤ ਸਿੰਘ ਜੱਗਾ (ਗਾਇਕ) ਅਤੇ ਮਹਿੰਦਰ ਦੁਸਾਂਝ ਨੇ ਬਣਾਈ ਸੀ। ਮਹਿੰਦਰ ਦੁਸਾਂਝ ਨੇ ਹੀ ਮਹਿੰਦਰ ਤਲਵਾੜ ਤੋਂ ਦਿਲਬਰ ਬਣਾ ਦਿੱਤਾ। ਸੰਨ 57/58 ਵਿੱਚ ਪੰਜਾਬੀ ਸਾਹਿਤ ਸਭਾ ਗੁਰਾਇਆਂ ਤੋਂ ਬਾਅਦ ਜਗਤਪੁਰ ਲਿਖਾਰੀ ਸਭਾ ਇਸ ਇਲਾਕੇ ਦੀ ਦੂਸਰੀ ਸਾਹਿਤ ਸਭਾ ਸੀ। ਮਹਿੰਦਰ ਦਿਲਬਰ ਦਾ ਮਿਡਲੈਂਡ ਵਿੱਚ ਆ ਕੇ ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਾਸਤ ਦੇ ਵਿਕਾਸ ਵਾਸਤੇ ਵਲੈਤ ਵਿੱਚ ਯਤਨਸ਼ੀਲ ਮੋਤਾ ਸਿੰਘ ਸਰਾਏ ਨਾਲ ਹੋਇਆ। ਡਾ਼ ਨਿਰਮਲ ਸਿੰਘ ਅਤੇ ਮੋਤਾ ਸਿੰਘ ਸਰਾਏ ‘ਕਾਲਾ ਗੁਲਾਬ’ ਦੇ ਸਿਰਲੇਖ ਹੇਠ ਇਸ ਪੁਸਤਕ ਦੇ ਪੰਨਾ 8 ਉਪਰ ਲਿਖਦੇ ਹਨ।
‘ਅਖਾਉਤ ਵਰਗੀ ਮੀਆਂ ਵਾਰਸ ਸ਼ਾਹ ਦੀ ਸਤਰ ਹੈ ‘ਬਿਨਾਂ ਮੁਰਸ਼ਦੋਂ ਰਾਹ ਨਾ ਹੱਥ ਆਵੇ, ਦੁੱਧਾਂ ਬਾਝ ਨਾ ਰਿੱਝਦੀ ਖੀਰ ਮੀਆਂ।’, ਯੂ ਕੇ ਆਣ ਕੇ ਤਲਵਾੜ ਦੀ ਦਿਲਬਰ ਬਣਨ ਦੀ ਦਾਸਤਾਨ ਵੀ ਕੁਝ ਅਜਿਹੀ ਹੀ ਹੈ। ਬਜੁਰਗਵਾਰ ਅਜਮੇਰ ਕਵੈਂਟਰੀ ਦੇ ਰੂਪ ਵਿੱਚ ਮਹਿੰਦਰ ਸਿੰਘ ਨੂੰ ਕਾਮਲ ਮੁਰਸ਼ਦ ਮਿਲ ਗਿਆ ਤੇ ਖੀਰ ਲਈ ਦੁੱਧ ਦਾ ਸਬੱਬ ‘ਯੂਰਪੀ ਸੱਥ’ ਵਾਲੇ ਸੱਜਣਾਂ ਨੇ ਬਣਾ ਦਿੱਤਾ।’ ਹੁਣ ਮਹਿੰਦਰ ਲਗਦਾ ਲੀਹੇ ਪੈ ਗਿਆ ਹੈ ਅਤੇ ਲਗਾਤਾਰ ਸਾਹਿਤ ਸਿਰਜਨਾ ਕਰ ਰਿਹਾ ਹੈ। ਸਾਹਿਤਕ ਸਮਾਗਮਾਂ ਵਿੱਚ ਮਹਿੰਦਰ ਸਿੰਘ ਦਿਲਬਰ ਅਕਸਰ ਆਪਣੀ ਕਲਾ ਦੇ ਜੌਹਰ ਵਿਖਾਉਦਾ ਤੱਕਿਆ ਜਾਂਦਾ ਹੈ।
‘ਲੁੱਟ ਲੈਂਦੇ ਨੇ ਮੁਸ਼ਹਿਰਾ
ਉਹ ਕਦੀ ਕਦੀ
ਲੁਟਾਇਆ ਹੁੰਦਾ ਏ ਜਿਹਨਾਂ ਨੇ
ਘਰ ਬਾਰ ਆਪਣਾ।        ਕਿਆਮਤ ਦੀ ਨਜ਼ਰ ਪੰਨਾ 115
‘ਠੂਠੇ’ ਕਵਿਤਾ ਵਿੱਚ ਕਵੀ ਮਜ਼ਦੂਰ ਦੀ ਕਮਾਈ ਮਾਲਕ ਦੇ ਖ਼ਜ਼ਾਨੇ ਵਿੱਚ ਜਮਾ ਹੁੰਦਾ ਦਸਦਾ ਹੈ। ਇਹ ਠੂਠੇ ਕਿਸੇ ਨੇਤਾ ਦੇ ਹਨ ਜੋ ਜੰਤਾਂ ਕੋਲੋ ਲੋਕ-ਮੱਤ ਮੰਗਣ ਵਾਸਤੇ ਵਰਤਦੇ ਹਨ। ਇਹ ਠੂਠੇ ਉਹ ਵੀ ਹਨ ਜਿਨ੍ਹਾਂ ਵਿੱਚ ਲੋਕ ਬੇਸਹਾਰਾ ਅਸਮਤਾਂ ਲੁਟ ਕੇ ਪਾਉਦੇ ਹਨ। ਕਵੀ ਦਾ ਵਿਚਾਰ ਹੈ ਕਿ ਭਾਵੇ ਇਹ ਠੂਠੇ ਸੋਨੇ ਚਾਂਦੀ ਦੇ ਹਨ ਪਰ ਹੈ ਤਾਂ ਠੂਠੇ ਹੀ ਹਨ। ਇਹ ਇੱਕ ਪ੍ਰਤੀਕਾਤਮਿਕ ਕਵਿਤਾ ਹੈ। ‘ਚਾਨਣ ਦੀ ਗੱਲ’ ਕਵਿਤਾ ਵਿੱਚ ਦਾਦੀ ਪੋਤੇ ਦਾ ਸੰਵਾਦ ਰਚਾਉਦਾ ਕਵੀ ਸੋਚਦਾ ਹੈ ਕਿ ਸਿਖਰ ਦੁਪਹਿਰੇ ਵੀ ਗਰੀਬ ਦੇ ਵਿਹੜੇ ਵਿੱਚ ਧੁੱਪ ਨਹੀਂ ਜਾਂਦੀ।
‘ਕਾਕਾ
ਸਾਡੇ ਘਰ ਦੇ ਬੂਹੇ
ਉਲਟ ਲੱਗੇ ਹੋਏ ਹਨ
ਇਧਰ ਚਾਨਣ ਨਹੀਂ ਆਉਣਾ।    ਚਾਨਣ ਦੀ ਗੱਲ ਪੰਨਾ 91
ਕਵੀ ਕਵਿਤਾਵਾਂ ਦੀ ਅਭਿਵਿਅਕਤੀ ਕਰਦਾ ਅਜਿਹੀ ਭਾਵਕ ਸਥਿੱਤੀ ਵਿੱਚ ਚਲੇ ਜਾਂਦਾ ਹੈ ਜਿਸਦਾ ਪ੍ਰਣਾਮ ਮਨੋਵਿਗਿਆਨਕ ਕਵਿਤਾਵਾਂ ਦੀ ਸਿਰਜਨਾ ਹੋ ਜਾਂਦੀ ਹੈ।
ਹੱਥ ਦੇ ਉਤੋਂ
ਰੋਟੀ ਚੁੱਕਣ
ਸੱਚ ਬੋਲਣ ਤੇ
ਇਹ ਆਵਣ ਕੁੱਟਣ
ਗਿਰਝਾਂ ਬਣ ਬਣ ਆਉਣ
ਇਹ ਭੈਅ ਦੇ ਪ੍ਰਛਾਵੇਂ।     ਭੈਤ ਦੇ ਪ੍ਰਛਾਵੇਂ ਪੰਨਾ 13
ਅਤੇ ਕਵੀ ਪ੍ਰਮਾਣੂ ਹਥਿਆਰਾਂ ਅਤੇ ਅਤਿਵਾਦੀਆਂ ਦੀਆਂ ਕਾਰਗੁਜ਼ਾਰੀਆਂ ਦੇ ਡਰ ਨਾਲ ਸਹਿਮਿਆਂ ਪਿਆ ਹੈ।
ਹੁਣ ਤਾਂ ਤੁਸੀਂ ਬਾਹਰ ਨਿਕਲੋ
ਖੁਲ੍ਹੇ ਅਸਮਾਨ ਵਿੱਚ
ਕੁਝ ਵੀ ਡਿੱਗ ਸਕਦਾ ਹੈ ਸਿਰ ਵਿੱਚ
ਤਾਂ ਤੇ ਫਿਰ ਸਹਿਮੇ ਸਹਿਮੇ ਹੀ
ਫਿਰਾਂਗੇ
ਆਪਣੇ ਹੀ ਵਿਹੜੇ ਵਿੱਚ।    ਲਾਸ਼ ਦਾ ਭਾਰ ਪੰਨਾ 82
ਕਵੀ ਪੂਰਬ ਵਿੱਚ ਵਸਦੇ ਲੋਕਾਂ ਦੀਆਂ ਖੁਦਗਰਜ਼ ਕਾਰਗੁਜ਼ਾਰੀਆਂ ਤੋਂ ਨਾ ਖ਼ੁਸ਼ ਹੈ।
‘ਮਾਤਮ ਰਹਿੰਦਾ ਹੈ ਛਾਇਆ
ਡਰ ਤੇ ਭਰਮ
ਮਨੁੱਖਤਾ ਦੇ ਜਿ਼ਹਨ ਵਿੱਚ
ਰਚ ਗਿਆ ਹੈ।    ਪੂਰਬ ਦੇ ਲੋਕਾਂ ਦੇ ਨਾਮ ਪੰਨਾ 22
ਅਤੇ ਜੰਗ ਦੇ ਭੈੜੇ ਨਤੀਜਿਆਂ ਨੂੰ ਕਲਮਬੰਦ ਕਰਦਾ ਹੈ।
‘ਮੇਰਾ ਵੀ ਇੱਕ ਬਾਲ ਹੁੰਦਾ ਸੀ
ਮੇਰਾ ਵੀ ਕੋਈ ਕੰਤ ਸੀ ਏਥੇ
ਚਲੇ ਗਏ ਨੇ ਉਹ ਮੈਨੂੰ ਛੱਡ ਕੇ
ਬੰਦੂਕਾਂ ਅਤੇ ਸੰਗੀਨਾ ਦੀ ਛਾਵੇਂ।    ।।।ਦੋ ਔਰਤਾਂ ਦੀ ਦਾਸਤਾਨ ਪੰਨਾ 17
ਕਵੀ ਖੰਡਰਾਂ ਨੂੰ ਮੁਖ਼ਾਬਤ ਹੁੰਦਾ ਖੰ਼ਡਰਾਤਾਂ ਦੇ ਵਜੂਦ ਬਾਰੇ ਬਸਤੀਵਾਦੀ ਅਤੰਕਬਾਦ ਨੂੰ ਜਿੰਮੇਦਾਰ ਠਹਿਰਾਉਦਾ ਹੈ।
‘ਹੀਰੋ ਸ਼ੀਮਾਂ ਅਤੇ ਨਾਗਾ ਸਾਕੀ
ਫਿਰ ਦੁਹਰਾਏ ਜਾਣਗੇ
ਫਿਰ ਤੋਂ ਬਣਨਗੇ ਖੰਡਰਾਤ
ਅਤੇ ਉਹ ਖੰਡਰਾਤ
ਬੋਲਣਗੇ ਅੱਜ ਦੀ
ਨਵੀਂ ਭਾਸ਼ਾ।    ।।।।ਭਾਸ਼ਾ ਖੰਡਰਾਂ ਦੀ ਜ਼ਬਾਨੀ ਪੰਨਾ 19
ਸੈਟੇਲਾਈਟ ਦੀ ਕਾਂਢ ਨੇ ਇਸ ਗਲੋਬ ਨੂੰ ਇੱਕ ਪਿੰਡ ਬਣਾ ਦਿੱਤਾ ਹੈ। ਇਸ ਗਲੋਬ ਉਪਰ ਬਸਤੀਵਾਦੀਆਂ ਦਾ ਰਾਜ ਚਲਦਾ ਹੈ। ਰਾਜੇ ਪਰਜਾ ਦੀਆਂ ਖੁਸ਼ੀਆ ਉੜਾ ਕੇ ਲੈ ਗਏ ਹਨ। ਭਾਵੇਂ ਉਹ ਲੋਕਤੰਤਰ ਦਾ ਢੰਡੋਰਾ ਪਿੱਟਦੇ ਹਨ ਪਰ ਉਨ੍ਹਾਂ ਨੇ ਲੋਕ ਮਤ ਹੈਂਕੜ ਨਾਲ ਖਰੀਦ ਰੱਖਿਆ ਹੈ। ਕਵੀ ਰੋ-ਬੋਟ ਦੀ ਕਾਂਢ ਵਲੋਂ ਅਤਿਅੰਤ ਦੁਖੀ ਇਸ ਕਰਕੇ ਹੈ ਕਿਉਂਕਿ ਉਸਨੇ ਮਜ਼ਦੂਰਾਂ ਦੇ ਹੱਕ ਖੋਹ ਲਏ ਹਨ। ਪੈਸੇ ਨਾਲ ਜੰਗੀ ਸਾਮਾਨ ਧੜਾ ਧੜ ਬਣਾ ਰਹੇ ਹਨ।
‘ਬਾਲਣ (ਬਾਰੂਦ) ਇੱਕਠਾ ਕਰ ਰਹੇ ਨੇ
ਵਿਸ਼ਵ ਦੇ ਦੇਸ਼ ਕਈ
ਸਾੜਨੇ ਲਈ ਖ਼ੂਬਸੂਰਤ
ਧਰਤ ਦੇ ਨਜ਼ਾਰਿਆਂ ਨੂੰ।    ਵਿਗਿਆਨ ਦੇ ਯੁੱਗ ਵਿੱਚ ਪੰਨਾ 21
ਜੰਗ ਦੇ ਨਿਕਲਣ ਵਾਲੇ ਪਰਿਣਾਮ ਭਾਵ ਉਜਾੜੇ, ਮੌਤ ਅਤੇ ਭੈਅ ਬਾਰੇ ਕਵੀ ਭਲੀ ਭਾਂਤ ਜਾਣਦਾ ਹੈ। ਕਵੀ ਸੀਮਾਂ ਦੇ ਆਰ ਪਾਰ ਘੁੱਗ ਵਸਦੇ ਪਿੰਡਾਂ ਅਤੇ ਸ਼ਹਿਰਾਂ ਦੀ ਦੁਰਦਸਾ ਨੂੰ ਬੜੀ ਹੀ ਭੈਅ ਭੀਤ ਸ਼ਬਦਾਵਲੀ ਨਾਲ ਅੰਕਿਤ ਕਰਦਾ ਹੈ। ਜਦ ਧਰਤੀ ਉਪਰ ਲਾਸ਼ਾਂ ਵਿਛ ਜਾਣਗੀਆਂ ਉਹ ਸੋਚਦਾ ਹੈ ਕਿ ਫਿਰ ਮਾਵਾਂ ਦੇ ਪੁੱਤ ਮਰਨਗੇ। ਔਰਤਾਂ ਵਿਧਵਾ ਹੋਣਗੀਆਂ। ਭੈਣਾਂ ਕੋਲੋਂ ਭਰਾ ਸਦਾ ਸਦਾ ਲਈ ਵਿਛੜ ਜਾਣਗੇ। ਜੰਗ ਦੇ ਜਰਨੈਲਾ ਨੂੰ ਤਗ਼ਮੇ ਮਿਲਣਗੇ। ਸੀਮਾ ਦੀ ਲਕੀਰ ਖਿੱਚੀ ਜਾਵੇਗੀ ਅਤੇ ਫਿਰ ਕੋਈ ਨਵਾਂ ਹੁਕਮਰਾਨ ਉਸ ਸਰਹੱਦ ਦੀ ਛੇੜ ਛਾਂੜ ਕਰੇਗਾ ਅਤੇ ਇਸੇ ਤਰ੍ਹਾਂ ਸਰਹੱਦਾਂ ਉਪਰ ਜੰਗਾਂ ਛਿੜੀਆਂ ਹੀ ਰਹਿਣਗੀਆਂ। ਸਰਹੱਦਾਂ ਕੋਲ ਉਡਦੇ ਪੰਛੀ ਕਦੇ ਇਸ ਪਾਰ ਅਤੇ ਕਦੇ ਉਸ ਪਾਰ ਉਡਦੇ ਮਨੁੱਖ ਦੀਆਂ ਗਲਤੀਆਂ ਵੱਲ ਤੱਕਣਗੇ।
‘ਆਕਾਸ਼ ਵਿੱਚ ਉਡਦੇ ਪੰਛੀ
ਸੀਮਾ ਦੀ ਲਕੀਰ ਤੋਂ
ਕਦੀ ਇਸ ਪਾਰ
ਤੇ ਕਦੀ ਉਸ ਪਾਰ ਤੱਕਣਗੇ।    ਸੀਮਾ ਦੇ ਇਸ ਪਾਰਅਤੇ ਉਸ ਪਾਰ ਪੰਨਾ 29
‘ਕਵਿਤਾ ਦੀ ਕਹਾਣੀ ਕਵਿਤਾ ਦੀ ਜ਼ੁਬਾਨੀ’ ਕਵਿਤਾ ਵਿੱਚ ਕਵੀ ਨੇ ਪੰਜਾਬ ਦੇ ਇਤਿਹਾਸ ਨੂੰ ਦੁਹਰਾਇਆ ਹੈ। ਅਜਿਹਾ ਕਾਰਜ ਕਵੀ ਦੇ ਅਨੁਭਵ ਦਾ ਬ੍ਰਹਿਮੰਡ ਕਾਇਮ ਕਰਦਾ ਹੈ।
‘ਜਦ ਮੁਗ਼ਲਾਂ ਦੀ ਨੀਅਤ
ਬੜੀ ਹੀ ਬੇ-ਰਹਿਮੀ ਸੀ
ਉਦੋਂ ਮੈਂ ਗੋਬਿੰਦ ਦੀ
ਤਲਵਾਰ ‘ਚੋਂ ਜਨਮੀ ਸੀ।     ਪੰਨਾ 35
ਕਵੀ ਰੁਮਾਂਟਿਕ ਕਵਿਤਾਵਾਂ ਵੀ ਲਿਖਦਾ ਹੈ। ਪ੍ਰੇਮ ਵਿੱਚ ਗੜੁੱਚ ਹੇਠਲੇ ਪ੍ਰਕਰਣ ਪੜ੍ਹਨਯੋਗ ਹੈ।
‘ਚੰਨ ਵਰਗਾ ਜੋ ਤੇਰਾ
ਹੁਸੀਨ ਮੁੱਖੜਾ
ਕਾਲੀਆਂ ਰਾਤਾਂ ਵਿੱਚ
ਮੇਰੇ ਸੰਗ ਹੁੰਦਾ ਏ
ਰਾਤ ਦੇ ਇੱਕਲੇਪਨ ਲਈ
ਬੜਾ ਸਹਾਈ ਹੁੰਦਾ ਏ।     ਤੇਰੇ ਸੰਗ ਪੰਨਾ 41
ਅਤੇ
ਜੁਲਫਾਂ ਤੋਂ ਲੰਮੀ ਤਾਂ
ਕੋਈ ਕਹਾਣੀ ਨਹੀਂ ਹੁੰਦੀ
ਯਾਰਾਂ ਬੇਲੀਆਂ ਤੋਂ ਵੱਧ
ਕੋਈ ਢਾਣੀ ਨਹੀਂ ਹੁੰਦੀ।    ਜੁਲਫਾਂ ਤੋਂ ਲੰਮੀ ਪੰਨਾ 126
ਮਨੁੱਖ ਵਲੋਂ ਮਨੁੱਖਤਾ ਦੇ ਬਹਾਏ ਜਾ ਰਹੇ ਖੂਨ ਦੇ ਕਾਰਨਾ ਨੂੰ ਦਰਸਾਉਦਾ ਹੈ। ਉਹ ਖਾਸ ਧਰਮ ਜਿਸ ਵਿੱਚ ਇਹ ਸਿਖਲਾਇਆ ਜਾਂਦਾ ਹੈ ਕਿ ਕਿਸੇ ਹੋਰ ਧਰਮ ਦੇ ਮਨੁੱਖ ਨੂੰ ਮਾਰ ਕੇ ਜੰਨਤ ਮਿਲੇਗੀ। ਕਵੀ ਇਸ ਸੰਦਰਭ ਨੂੰ ਵੀ ਫੜ੍ਹਦਾ ਹੈ।
‘ਤੁਸੀਂ ਮਨੁੱਖੀ ਬੰਬ ਬਣ ਕੇ ਜਾਵੋ
ਅਤੇ ਦਹਿਸ਼ਤ ਫੈਲਾਵੋ
ਫਿਰ ਉਪਰ ਜਾ ਕੇ ਤੁਹਾਨੂੰ
ਜੰਨਤ ਮਿਲੇਗੀ।    ਜੰਨਤ ਮਿਲੇਗੀ ਪੰਨਾ 43
ਅਤੇ ਭਰੂਣ ਹੱਤਿਆ ਬਾਰੇ ਵੀ ਕਵੀ ਜਾਗਰੂਕ ਹੈ। ਅਣਜੰਮੀ ਧੀ ਦੀ ਜ਼ਬਾਨੀ ਮਾਂ ਨਾਲ ਸੰਵਾਦ ਰਚਾਉਦਾ ਹੈ।
‘ਪਰ ਮਾਂ ਮੈਂ ਤਾਂ
ਅਜੇ ਵੀ ਚਿੰਤਕ ਹਾ
ਕਿ ਵੀਰੇ ਲਈ ਹੁਣ
ਭਾਬੀ ਕਿਥੋਂ ਆਵੇਗੀ।    ਕੁੱਖ ਦਾ ਕਤਲ ਪੰਨਾ 138
ਪਰਵਾਸੀਆਂ ਦੀਆਂ ਬੇਵਸੀਆਂ ਅਤੇ ਪੇਟ ਦੀ ਭੁੱਖ ਮਿਟਾਉਣ ਵਾਸਤੇ ਮਜ਼ਬੂਰਨ ਪਰਵਾਸ ਹੰਢਾਉਣਾ ਅਤੇ ਆਪਣਿਆਂ ਤੋਂ ਦੂਰ ਬਦੇਸ਼ਾਂ ਵਿੱਚ ਵਸ ਕੇ ਚੰਗਾ ਚੋਸਾ ਖਾਣਾ ਪਹਿਨਣਾ ਕਵੀ ਨੂੰ ਰਾਸ ਨਹੀਂ ਆਉਦਾ। ਉਹ ‘ਮਾਂ’ ਦੇ ਪ੍ਰਤੀਕ ਵਿੱਚ ਆਪਣੀ ਮਾਂ ਤੋਂ ਦੂਰ ਰਹਿ ਕੇ ਲਿਖਦਾ ਹੈ।
‘ਪਰ ਕੀ ਕਰਾਂ ਮਾਂ
ਮੈਂ ਰੋਜ਼ੀ ਰੋਟੀ ਦੀ ਭਾਲ ਵਿੱਚ
ਹੱਦਾਂ ਬੰਨ੍ਹੇ ਵੀ ਟੱਪ ਜਾਂਦਾ ਹਾਂ
ਅਤੇ ਵਸਾ ਲੈਂਦਾ ਹਾਂ ਮੈਂ
ਆਪਣੀ ਦੁਨੀਆਂ ਬਦੇਸ਼ਾਂ ਵਿੱਚ।     ਮਾਂ ਪੰਨਾ 45
ਪ੍ਰਵਾਸੀ ਆਪਣੇ ਧੀਆਂ ਪੁੱਤਰਾਂ ਨੂੰ ਜਦ ਪੰਜਾਬ ਵਿੱਚ ਵਿਆਹਉਣ ਜਾਂਦੇ ਹਨ ਤਾਂ ਵਿਕਾਸ਼ਸ਼ੀਲ ਦੇਸ਼ ਵਿੱਚ ਰਹਿੰਦੇ ਹੋਣ ਕਰਕੇ ਉਨ੍ਹਾਂ ਦਾ ਮੁੱਲ ਵਸੂਲ ਕਰਦੇ ਹਨ। ‘ਬਹਿੜਕੇ ਦਾ ਮੁੱਲ’ ਕਵਿਤਾ ਵਿੱਚ ਕਵੀ ਨੂੰ ਇਹ ਵਰਤਾਰਾ ਬਹੁਤ ਸਤਾਉਦਾ ਹੈ। ਪਰਵਾਸੀਆਂ ਦਾ ਹੱਡ ਭੰਨਵੀਂ ਮਿਹਨਤ ਕਰਨ ਵਿੱਚ ਏਨਾ ਰੁੱਝ ਜਾਣਾ ਅਤੇ ਪਰਦੇਸਾਂ ਵਿੱਚਲੇ ਪਿੰਡ ਨੂੰ ਹੀ ਆਪਣਾ ਸਮਝਣਾ। ਸਮਾਂ ਪੈ ਕੇ ਫਿਰ ਇਹ ਪਿੰਡ ਧੀਆਂ ਪੁੱਤਾਂ ਦਾ ਹੋ ਜਾਣਾ। ‘ਮੇਰਾ ਟਾਊਨ ਮੇਰਾ ਪਿੰਡ’ ਕਵਿਤਾ ਵਿੱਚ ਕਵੀ ਦੇ ਇਸ ਵਿਚਾਰ ਵਿੱਚ ਯਥਾਰਥ ਹੈ। ਪੰਜਾਬ ਦੇ ਵਾਤਾਵਰਣ, ਕਿੱਤੇ, ਰਾਜਨੀਤਕ ਸਿਸਟਿਮ ਅਤੇ ਧਾਰਮਿਕ ਅੰਧ-ਵਿਸ਼ਵਾਸ਼ ਬਾਰੇ ਕਵੀ ਦਾ ਨਜ਼ਰੀਆ ਪੜ੍ਹਨਯੋਗ ਹੈ। ਕਵੀ ਨੇ ਅਧਿਆਤਮਕਵਾਦੀ ਕਵਿਤਾਵਾਂ ਵੀ ਲਿਖੀਆਂ ਹਨ। ਇਨ੍ਹਾਂ ਅਧਿਆਤਮਿਕਵਾਦੀ ਕਵਿਤਾਵਾਂ ਵਿੱਚ ਸਿੱਖੀ ਰਹਿਤ ਮਰਿਯਾਦਾ, ਸਿੱਖੀ ਸਿਧਾਂਤ ਅਤੇ ਸਿੱਖੀ ਵਿਸ਼ਵਾਸ਼ ਪ੍ਰਗਟ ਹੁੰਦਾ ਹੈ।
‘ਚਰਖੜੀਆਂ ਤੇ ਚਾੜ੍ਹ ਕੇ
ਗੇੜਦੇ ਰਹੇ ਸਨ
ਕਿ ਜਿ਼ੰਦਗੀ ਦੀ ਭੀਖ ਮੰਗਣਗੇ
ਪਰ ਐਸਾ ਨਹੀਂ ਹੋਇਆ।    ਨੀਹਾਂ ਤੇ ਮੱਮਟੀਆਂ ਪੰਨਾ 50
ਸਿੱਖ ਧਰਮ ਵਿੱਚ ਪ੍ਰਮਾਤਮਾ ਇੱਕ ਅਨੰਤਤਾ ਦਰਸਾਈ ਗਈ ਹੈ ਅਤੇ ਕਵੀ ਇਸ ਅਨੰਤਤਾ ਦੇ ਭੇਦ ਨੂੰ ਜਾਨਣ ਵਾਸਤੇ ਰੱਬ ਨੂੰ ਪੁਕਾਰ ਕਰਦਾ ਹੈ।
‘ਕਿਤਨਾ ਕੁ ਦੂਰ ਦੂਰ ਹੈ
ਇਹ ਸਭ ਕੁੱਝ
ਕੀ ਕੋਈ ਹੈ ਹੱਦ ਬੰਨਾਂ
ਜੇ ਹੈ ਤਾਂ
ਉਸ ਤੋਂ ਪਰੇ
ਕੀ ਹੈ ਕੀ ਹੈ ਕੀ ਹੈ?    ਤੇਰੀਆਂ ਤੂੰ ਜਾਣੇ ਪੰਨਾ 53
ਵਰਤਮਾਨ ਵਿੱਚ ਵਿਸ਼ਵ ਸ਼ਕਤੀ ਦੀ ਹੋਂਦ ਨੂੰ ਭਾਰਤ ਦੀਆਂ ਪੁਰਾਤਤਵ ਪ੍ਰਵਿਰਤੀਆਂ ਨੂੰ ਮੰਨਦਾ ਹੈ।
‘ਸ਼ਾਇਦ ਇਹ ਵਿਸ਼ਵ ਸ਼ਕਤੀ
ਤੁਰੀ ਹੋਵੇ ਹਿੰਦੋਸਤਾਨ ‘ਚੋਂ
ਜਿਥੇ ਇਸ ਨੇ
ਹੜੱਪਾ ਅਤੇ ਮਹਿੰਜੋਦਾਰੋ ਦੇ ਨਿਸ਼ਾਨ ਛੱਡੇ।    ਵਿਸ਼ਵ ਸ਼ਕਤੀ ਪੰਨਾ 55
ਪ੍ਰਕ੍ਰਿਤੀ ਦਾ ਵਿਸ਼ਲੇਸ਼ਣ ਕਰਦਾ ਕਵੀ ਰਾਤ ਦਿਨ, ਗਰਮੀ ਸਰਦੀ ਪਤਝੜ, ਧੁੱਪ ਛਾਂ, ਦਿਸਹੱਦਾ, ਪਹਾੜ, ਨਦੀ ਨਾਲੇ ਰੁੱਖ ਅਤੇ ਹੋਰ ਜੰਗਲਾਤਾਂ ਨੂੰ ਬਹੁਤ ਨੇੜਿਓਂ ਮਾਣਦਾ ਹੈ।
‘ਦੂਰ ਸਾਗਰ ਦੇ ਕਿਨਾਰੇ
ਬੱਦਲ ਡੁੱਬਦੇ ਸੂਰਜ ਤੋਂ
ਕੁੱਝ ਲਾਲੀ ਲੈ ਲੈਂਦੇ ਹਨ
ਸ਼ਾਮ ਇੱਕ ਵਹੁਟੀ ਜਿਹੀ ਬਣ
ਮਚਲ ਰਹੀ ਹੁੰਦੀ ਹੈ।     ਧੁੱਪ ਅਤੇ ਛਾਂ ਪੰਨਾ 59
ਬਿਜਲੀ ਦੇ ਖੰਭਿਆਂ ਦਾ ਤਾਰਾਂ ਦੇ ਆਸਰੇ ਖੜ੍ਹਨਾ ਅਤੇ ਛੱਲੀਆਂ ਦੇ ਟਾਂਡਿਆਂ ਦਾ ਆਪਣੀਆਂ ਜੜ੍ਹਾਂ ਦੇ ਸਹਾਰਾ ਖੜ੍ਹੇ ਰਹਿਣ ਦਾ ਪ੍ਰਤੀਕ ਕਵੀ ਦਾ ਵਿਚਾਰ ਆਪਣੇ ਪੈਰਾਂ ਉਪਰ ਆਪ ਖੜ੍ਹੇ ਰਹਿਣ ਦਾ ਪੈਗ਼ਾਮ ਹੈ। ਅਜਿਹੀਆਂ ਕਵਿਤਾਵਾਂ ਨੂੰ ਪ੍ਰਤੀਕਾਤਮਿਕ ਕਵਿਤਾਵਾਂ ਦਾ ਨਾਮ ਦਿੱਤਾ ਜਾ ਸਕਦਾ ਹੈ।
‘ਉਹ ਓਪਰੀਆਂ ਜੜ੍ਹਾਂ
ਤੁਹਾਡੇ ਤਾਰਾਂ ਰੂਪੀ ਖੰਭੇ ਵਾਂਗ
ਮੈਨੂੰ ਸਹਾਰਾ ਦਿੰਦੀਆਂ ਹਨ
ਤਾਂ ਹੀ ਤਾਂ ਮੈਂ ਰਹਿੰਦਾ ਹਾਂ ਖੜ੍ਹਾ ਸਿੱਧਾ
ਝੱਖੜਾਂ ਵਿੱਚ ਵੀ ਅਡੋਲ।    ਮੱਕੀ ਦਾ ਟਾਂਡਾ ਪੰਨਾ 94
ਅਤੇ
ਚੜ੍ਹੀਆਂ ਘਨਘੋਰ ਘਟਾਵਾਂ ਵੇ
ਬੱਦਲਾਂ ਦੀਆਂ ਠੰਢੀਆਂ ਛਾਵਾਂ ਵੇ
ਇੱਕ ਪੀੜ ਕਲੇਜੇ ਬ੍ਰਿਹੋਂ ਦੀ
ਮੈਂ ਕਿਹੜਾ ਲੁਕਮਾਨ ਬੁਲਾਵਾਂ ਵੇ।    ਇੱਕ ਪੀੜ ਪੰਨਾ 65
ਵਰਤਮਾਨ ਵਿੱਚ ਪੈਰ ਪੈਰ ਉਪਰ ਪੁੱਟੇ ਹੋਏ ਟੋਏ, ਮੋੜ ਮੋੜ ਉਪਰ ਕੱਸੀਆਂ ਹੋਈਆਂ ਸੰਗੀਨਾ, ਹਵਾ ਅਤੇ ਪਾਣੀ ਵਿੱਚ ਘੁਲਦੀਆਂ ਜ਼ਹਿਰਾਂ, ਘਰ ਘਰ ਬਲਦੇ ਸਿਵੇ ਨੂੰ ਵੇਖ ਕੇ ਕਵੀ ਪੁਰਾਣੇ ਸਮਿਆਂ ਦੀ ਕੀਰਤੀ ਗਾਉਦਾ ਹੈ।
‘ਸੂਫ਼ ਦੇ ਘੱਗਰੇ ਪਾਉਦੀਆਂ ਸਨ ਮਾਵਾਂ
ਠੰਢੀਆਂ ਬੋਹੜ ਦੀਆਂ ਸਨ ਛਾਵਾਂ
ਉਦੋਂ ਘੱਟ ਹੀ ਹੁੰਦੇ ਦੰਗੇ ਸੀ
ਉਹ ਸਮੇਂ ਪੁਰਾਣੇ ਚੰਗੇ ਸੀ।    ਉਹ ਸਮੇਂ ਪੁਰਾਣੇ ਪੰਨਾ 68
ਕਵੀ ਦਾ ਵਿਸ਼ਵਾਸ਼ ਹੈ ਕਿ ਸਿੱਖ ਧਰਮ ਵਿੱਚ ਬਿਪਰਨ ਦੀਆਂ ਰੀਤਾਂ ਹੌਲੀ ਹੌਲੀ ਘਰ ਕਰ ਰਹੀਆਂ ਹਨ। ਵਰਤਮਾਨ ਵਿੱਚ ਸਿੱਖਾਂ ਨੂੰ ਵਹਿਮ ਹੋਣ ਲੱਗਾ ਹੈ ਕਿ ਆਪਣੇ ਸੁਖ ਆਰਾਮ ਵਾਸਤੇ ਅਖੰਡ ਪਾਠ ਕਰਵਾਉਣੇ ਜਿਵੇਂ ਬਿਪਰਨ ਦੀ ਰੀਤ ਅਨੁਸਾਰ ਮੰਤਰਾਂ ਦਾ ਜਾਪ ਕਰਾਉਣਾ ਆਦਿ ਪਨਪਣ ਦਾ ਕਵੀ ਨੂੰ ਬਹੁਤ ਖਦਸ਼ਾ ਹੈ।
‘ਪਰ ਨਹੀਂ
ਅਸੀਂ ਇਸ ਰਸਮ ਨੂੰ ਬੰਦ ਨਹੀਂ ਕੀਤਾ
ਅਸੀਂ ਅਜੇ ਵੀ ਮਨਾਉਦੇ ਹਾਂ ਸਰਾਧ
ਸਿਰਫ਼ ਨਾਮ ਹੀ ਬਦਲਿਆਗ ਹੈ
ਹੁਣ ਅਸੀਂ ਉਹਨਾਂ ਤੁਰ ਗਏ ਪੁਰਖਿਆਂ ਦੇ
ਸ਼ਰਾਧਾਂ ਦਾ ਨਾਮ ਅਖੰਡ ਪਾਠ ਰੱਖਿਆ ਹੈ।    ਸ਼ਰਾਧਾਂ ਦਾ ਬਦਲਾਵ ਪੰਨਾ 75
ਦੁਨੀਆਂ ਵਿੱਚ ਈਰਖਾ ਵੱਧ ਰਹੀ ਹੈ। ਕਵੀ ਤਾਂ ਇਸ ਈਰਖਾ ਨੂੰ ਧਰਮਾਂ ਵਿੱਚ ਵੀ ਸਮਾਈ ਹੋਈ ਵੇਖਦਾ ਹੈ।
‘ਇਹ ਕਿਹੜੇ ਸ਼ਖ਼ਸ਼ ਦੇ
ਮਨ ਦਾ ਫੁਰਨਾ ਸੀ
ਕਿ ਢਾਹ ਦਿਓ ਏਸ ਨੂੰ
ਤੇ ਫਿਰ ਨਿਰਾ ਪੁਰਾ
ਹਿੰਦੂ ਰਾਸ਼ਟਰ ਬਣਾਵਾਂਗੇ
ਜਾਂ ਫਿਰ ਅਸੀਂ ਕੋਈ
ਸੁੱਤੀ ਕਲਾ ਜਗਾਵਾਂਗੇ।    ਬਾਬਰੀ ਮਸਜਿਦ ਪੰਨਾ 108
ਇਨ੍ਹਾਂ ਰੀਤੀ ਰਿਵਾਜਾਂ ਦੀ ਟੀਸੀ ਉਪਰ ਪਹੁੰਚ ਕੇ ਕਵੀ ਝੂਠੀ ਆਸ਼ਕੀ, ਵਿਆਹਾਂ ਸ਼ਾਦੀਆਂ ਵੇਲੇ ਦਾਜ ਦਹੇਜ, ਦੇਹ ਵਪਾਰ ਅਤੇ ਵਿਗਿਆਨ ਕਰਕੇ ਭਾਵੇਂ ਇੱਕ ਮੁਲਕ ਦੂਜੇ ਮੁਲਕ ਦੇ ਲਾਗੇ ਹੋ ਗਿਆ ਹੈ ਪਰ ਦਿਲਾਂ ਦੀਆਂ ਦੂਰੀਆਂ ਨਹੀਂ ਮੁਕੀਆਂ। ਕਵੀ ਦਾ ਇਹ ਸ਼ੇਅਰ ਉਰਦੂ ਦੇ ਉਸ ਸ਼ੇਅਰ ਦੇ ਮਿਆਰ ਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ‘ਕਿਸ ਨੇ ਵੇਖੀ ਹੈ ਜਾਨ ਨਿਕਲਤੀ, ਵੋ ਵੇਖੋ ਮੇਰੀ ਜਾਨ ਜਾ ਰਹੀ ਹੈ।’
‘ਵਿਗਿਆਨ ਨੇ ਮੁਕਾ ਦਿਤੇ ਨੇ
ਫਾਸਲੇ-ਤੇ-ਦੂਰੀਆਂ
ਪਰ ਦਿਲ ਤੋਂ ਦਿਲ ਦਾ ਪੈਂਡਾ
ਹੋਰ ਲੰਮੇਰਾ ਹੋ ਗਿਆ।    ਟੀਸੀ ਕੋਹ ਕਾਫ਼ ਦੀ ਪੰਨਾ 76
ਕਵੀ ਮਹਿੰਦਰ ਸਿੰਘ ਦਿਲਬਰ ਦੀਆਂ ਕਵਿਤਾਵਾਂ ਦੇ ਵਿਸ਼ੇ-ਵਸਤੂ ਵਿੱਚ ਪਾਸਾਰ ਹੈ। ਉਸਦੀ ਵਾਕਫੀਅਤ ਦਾ ਘੇਰਾ ਸੀਮਤ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਵਿਸ਼ੇਸ਼ ਵਿਚਾਰ ਨਾਲ ਲਗਾਓ ਰੱਖਦਾ ਹੈ। ਉਹ ਜਿਸ ਵਰਗ ਵਿੱਚ ਕੋਈ ਕੁਰੀਤੀਆਂ ਵੇਖਦਾ ਹੈ ਅਤੇ ਫਿਰ ਉਸੇ ਵਰਗ ਦੇ ਸੁਧਾਰ ਦਾ ਸਮਾਧਾਨ ਲਿਖ ਦਿੰਦਾ ਹੈ। ਇਹੀ ਵਿਚਾਰ ਉਸਦੇ ਗੀਤਾਂ ਅਤੇ ਗ਼ਜ਼ਲਾਂ ਵਿੱਚ ਪੜ੍ਹਨ ਨੂੰ ਮਿਲਦੇ ਹਨ। ਉਸਦੇ ਬਹੁਤੇ ਗੀਤ ਭੈਰਵੀ ਰਾਗ ਵਿੱਚ ਗਾਏ ਜਾ ਸਕਦੇ ਹਨ। ਕੁਝ ਕੁ ਗੀਤ ਉਪਰਲੇ ਠਾਠ ਉਪਰ ਵੀ ਗਾਏ ਜਾ ਸਕਦੇ ਹਨ। ਅਜਿਹੇ ਗੀਤ ਜੇਕਰ ਰਿਕਾਰਡ ਹੋ ਜਾਂਦੇ ਹਨ ਤਾਂ ਨੌਜੁਆਨਾਂ ਦੇ ਪੈਰ ਧਰਤੀ ਤੋਂ ਗਿੱਠ ਗਿੱਠ ਉਭਰਨਗੇ ਅਤੇ ਮਟਿਆਰਾਂ ਦੀਆਂ ਅੱਡੀਆਂ ਨਾਲ ਧਰਤੀ ਕੰਬ ਉਠੇਗੀ। ਮਹਿੰਦਰ ਸਿੰਘ ਦਿਲਬਰ ਦੀਆਂ ਖੁਲ੍ਹੀਆਂ ਕਵਿਤਾਵਾਂ ਵਿੱਚ ਵੀ ਸੁਰ ਤਾਲ ਅਤੇ ਰਵਾਨੀ ਵਾਲਾ ਬਹਿਰ ਹੋਣ ਕਰਕੇ ਕਿਸੇ ਧਰੁਪਦ ਗੀਤ ਵਾਂਗ ਗਾਈਆਂ ਜਾ ਸਕਦੀਆਂ ਹਨ।
‘ਛੇੜੋ ਕੁਝ ਨਵੇਂ ਤਰਾਨੇ ਓ ਪੰਜਾਬੀਓ।
ਗਾਵੋ ਸਭ ਆਪਣੇ ਬਿਗ਼ਾਨੇ ਓ ਪੰਜਾਬੀਓ।    ਗੀਤ ਪੰਨਾ 176
ਅਤੇ
ਤੇਰੇ ਨੈਣ ਸ਼ਰਾਬੀ
ਨਿੱਤ ਕਰਦੇ ਖਰਾਬੀ
ਬਿਨ੍ਹ ਪੀਤਿਆਂ ਨਸ਼ਾ ਚੜ੍ਹ ਜਾਂਦਾ ਨੀ।
ਮੁੰਡਾ ਲੰਬੜਾਂ ਦਾ ਮਰ ਮਰ ਜਾਂਦਾ ਨੀ।    ਗੀਤ ਪੰਨਾ 186
ਮਹਿੰਦਰ ਸਿੰਘ ਦਿਲਬਰ ਦੀਆਂ ਕਵਿਤਾਵਾਂ, ਗ਼ਜ਼ਲਾਂ ਜਾਂ ਗੀਤਾਂ ਦੀ ਵਿਚਾਰਧਾਰਾ ਦਾ ਕੋਈ ਬਦਲਾਓ ਨਹੀਂ ਪਰ ਗ਼ਜ਼ਲ ਨੂੰ ਕਹਿਣ ਦਾ ਢੰਗ ਰਵਾਇਤੀ ਹੀ ਹੈ। ਉਰਦੂ ਗ਼ਜ਼ਲ ਦੀ ਤਕਨੀਕ ਨੂੰ ਕਵੀ ਦਿਲਬਰ ਨੇ ਖੂਬ ਸਮਝ ਕੇ ਆਪਣੀਆਂ ਗ਼ਜ਼ਲਾਂ ਕਹੀਆਂ ਹਨ।
ਦੇਖੋ ਮੇਰੇ ਦੇਸ਼ ਦੀ ਜਵਾਨੀ ਨੂੰ ਕੀ ਹੋ ਗਿਆ।
ਪੰਜਾਂ ਪਾਣੀਆਂ ਦੀ ਰਵਾਨੀ ਨੂੰ ਕੀ ਹੋ ਗਿਆ।    ਗ਼ਜ਼ਲ ਪੰਨਾ 206
ਅਤੇ
ਮਾਂ  ਨੇ  ਆਪਣੀ ਚੁੰਨੀ ਹੰਝੂਆਂ ਨਾਲ ਧੋਈ ਸੀ।
ਜਦ ਤੁਰਿਆਂ ਸਾਂ ਪਰਦੇਸ ਮਾਂ ਧਾਹੀਂ ਰੋਈ ਸੀ।    ਗ਼ਜ਼ਲ ਪੰਨਾ 212
ਮਹਿੰਦਰ ਸਿੰਘ ਦਿਲਬਰ ਦੀਆਂ ਕਵਿਤਾਵਾਂ ਵਿੱਚ ਰਾਸ਼ਟਰਵਾਦ ਲਈ ਸਿਸਕ ਹੈ ਅਤੇ ਉਹ ਰਾਸ਼ਟਰਵਾਦ ਨੂੰ ਕਾਇਮ ਰੱਖਣ ਵਾਲੇ ਨੇਤਾਵਾਂ ਦੇ ਸ਼ੋਸ਼ਣਾ ਨੂੰ ਜੱਗ ਜ਼ਾਹਰ ਕਰਦਾ ਹੈ ਅਤੇ ਸ਼ਹੀਦਾਂ ਦੀਆਂ ਕੀਰਤੀਆਂ ਗਾਉਦਾ ਹੈ। ਕਵੀ ਆਪਣੀਆਂ ਕਵਿਤਾਵਾਂ ਰਾਹੀਂ ਪੂਰਬ ਖਾਸ ਕਰਕੇ ਭਾਰਤ ਵਿੱਚ ਸਮਾਜਕ ਬਰਾਬਰੀ ਮੰਗਦਾ ਹੈ ਅਤੇ ਪੱਛਮ ਵਿੱਚ ਪੂਰਬ ਅਤੇ ਪੱਛਮ ਵਿੱਚ ਹੋ ਰਹੇ ‘ਕਲਚਰ ਕਲੈਸਿ਼ਸ’ ਬਾਰੇ ਫਿ਼ਕਰਮੰਦ ਹੈ। ਕਵਿਤਾਵਾਂ ਪ੍ਰਤੀਕਾਤਮਿਕ ਹਨ। ਕਵਿਤਾਵਾਂ ਵਿੱਚ ਸਰਲ ਸ਼ਬਦਾਵਲੀ ਨਾਲ ਬਹੁਤ ਹੀ ਮਹੀਨ ਵਿਚਾਰ ਪ੍ਰਗਟ ਹੁੰਦੇ ਹਨ। ਕਵਿਤਾਵਾਂ ਵਿੱਚ ਵੀਰ ਰਸ, ਕਰੁਣਾ ਰਸ, ਭੈਭੀਤ ਰਸ ੳਤਪੰਨ ਹੁੰਦਾ ਹੈ। ਕਵੀ ਦੇ ਰਚੇ ਗੀਤਾਂ ਵਿੱਚ ਵੀਰ ਰਸ ਅਤੇ ਸਿੰਗਾਰ ਰਸ ਦੋਨੋ ਰਸ ਡੁੱਲ੍ਹ ਡੁੱਲ੍ਹ ਪੈਂਦੇ ਹਨ। ਗ਼ਜ਼ਲਾਂ ਵਿਚਾਰ ਪ੍ਰਧਾਨ ਹੋਣ ਕਰਕੇ ਸ਼ਾਬਦਿਕ ਆਲੰਕਾਰਾਂ ਨਾਲ ਸ਼ੇਅਰ ਕਹੇ ਗਏ ਹਨ। ਜਿਸ ਕਾਰਨ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਰਸੀਲੇ ਹੋ ਜਾਂਦੇ ਹਨ। ਕਵਿਤਾਵਾਂ ਵਿੱਚ ਬਹੁਤ ਕਰਕੇ ਉਭਯਲੰਕਾਰ ਪੜ੍ਹਨ ਨੂੰ ਮਿਲਦਾ ਹੈ। ਕਵੀ ਸਿੱਖੀ ਸਿਧਾਂਤਾ ਨੂੰ ਮੁੱਖ ਰੱਖ ਕੇ ਆਪਣੀਆਂ ਕਵਿਤਾਵਾਂ ਵਿੱਚ ਸਿੱਖੀ ਇਸ਼ਟ, ਸਿੱਖੀ ਵਿਸ਼ਵਾਸ਼, ਗੁਰੂਆਂ ਦੀਆਂ ਕੁਰਬਾਨੀਆਂ ਅਤੇ ਜੁਲਮ ਵਿਰੁੱਧ ਲਾਮਬੱਧ ਹੁੰਦਾ ਹੈ। ਸਿੱਖ ਧਰਮ ਵਿੱਚ ਪਨਪ ਰਹੇ ਅੰਧ-ਵਿਸ਼ਵਾਸ਼ ਨੂੰ ਨਿੰਦਦਾ ਹੈ। ਧਰਮਾਂ ਵਿੱਚ ਆਪਸੀ ਈਰਖਾ ਦੀ ਹੋਂਦ ਵੱਲ ਇਸ਼ਾਰਾ ਕਰਦਾ ਹੈ। ਬਸਤੀਵਾਦੀਆਂ ਵਲੋਂ ਅੰਤਰ-ਰਾਸ਼ਟਰੀ ਅਤਿਵਾਦ ਨੂੰ ਸਮਝਦਾ ਉਸ ਵਿਰੁੱਧ ਮੁਹਿੰਮ ਵਿੱਢਦਾ ਹੈ। ਧੜਾ ਧੜ ਬਣ ਰਹੇ ਜੰਗੀ ਸਾਜਾਂ ਸਾਮਾਨਾ ਦਾ ਵਿਰੋਧ ਕਰਕੇ ਨਿਊਕਲੀਅਰ ਹਥਿਆਰਾਂ ਨੂੰ ਮਨੁੱਖ ਲਈ ਘਾਤਕ ਸਮਝਦਾ ਹੈ। ਮਨੁੱਖੀ ਬੰਬ ਦੇ ਨੁਕਸਾਨਾਂ ਨੂੰ ਆਪਣੇ ਵਿਸ਼ੇ-ਵਸਤੂ ਦਾ ਆਧਾਰ ਬਣਾਉਦਾ ਹੈ। ਸਮਾਜਿਕ ਕੁਰੀਤੀਆਂ ਅਤੇ ਪੱਛਮ ਵਿੱਚ ਸੱਭਿਆਚਾਰਕ ਭਿੰਨਤਾ ਦੇ ਕਾਰਨਾ ਨੂੰ ਪਾਠਕਾਂ ਦੇ ਰੂ-ਬ-ਰੂ ਕਰਦਾ ਹੈ। ਪਰਵਾਸੀਆਂ ਦੀਆਂ ਮਾਨਸਿਕ ਪਰਸਥਿੱਤੀਆਂ ਨੂੰ ਬਾਖੂਬੀ ਨਿਭਾਇਆ ਹੈ। ਅਜਿਹੀਆਂ ਕਵਿਤਾਵਾਂ ਨੂੰ ਮਨੋਵਿਗਿਆਨਕ ਕਵਿਤਾਵਾਂ ਦਾ ਨਾਮ ਦਿੱਤਾ ਜਾ ਸਕਦਾ ਹੈ। ਮਹਿੰਦਰ ਸਿੰਘ ਦਿਲਬਰ ਨੇ ਪ੍ਰਕ੍ਰਿਤੀ ਦੀ ਸਾਂਭ ਸੰਭਾਲ ਅਤੇ ਉਸਦੇ ਅਨੰਦ ਨੂੰ ਮਾਨਣ ਪ੍ਰਥਾਇ ਵੀ ਆਪਣੀਆਂ ਰਚਨਾਵਾਂ ਲਿਖੀਆਂ ਹਨ। ਕਵੀ ਰੁਮਾਂਟਿਕ ਵੀ ਹੈ। ਦੁਨੀਆਂ ਵਿੱਚ ਪਨਪ ਰਹੇ ਰੰਗਾਂ ਨਸਲਾਂ  ਵਰਗੇ ਵਿਸਿ਼ਆਂ ਨੂੰ ਆਪਣੀਆਂ ਕਵਿਤਾਵਾਂ ਦੇ ਕਲੇਵਰ ਵਿੱਚ ਲੈਂਦਾ ਹੈ। ਪੱਛਮ ਵਿੱਚ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਵਿੱਚ ਆ ਰਹੇ ਬਦਲਾਓ ਨੂੰ ਪਾਠਕਾਂ ਦੇ ਸਨਮੁੱਖ ਕਰਦਾ ਹੈ। ਗੱਲ ਕੀ ਕਿ ਕਵੀ ਮਹਿੰਦਰ ਸਿੰਘ ਦਿਲਬਰ ਦੀਆਂ ਕਵਿਤਾਵਾਂ ਦਾ ਵਿਸ਼ਾ ਵਸਤੂ ਕਿਸੇ ਇੱਕ ਵਿਚਾਰ ਨੂੰ ਨਹੀਂ ਪ੍ਰਗਟਾਉਦਾ ਸਗੋਂ ਉਸ ਦੇ ਵਿਸ਼ਾ-ਵਸਤੂ ਦਾ ਇੱਕ ਐਸਾ ਬ੍ਰਹਿਮੰਡ ਹੈ ਜਿਸ ਵਿੱਚ ਉਹ ਸਮਰਦਸ਼ੀ ਹੋ ਕੇ ਰਹਿਣਾ ਚਹੁੰਦਾ ਹੈ। ਇਸ ਸੰਕਲਨ ਦੇ ਰਚਨਾਤਮਿਕ ਕਾਰਜ ਰਾਹੀਂ ਵਿਚਾਰਧਾਰਿਕ ਵਿਵਿਧ ਵਿਧਾਵਾਂ ਉਤਪੰਨ ਹੁੰਦੀਆ ਹਨ ਜਿਨ੍ਹਾਂ ਦਾ ਸਰੋਕਾਰ ਮਨੁੱਖ ਦੀ ਰੋਜ਼ਮਰਾਂ ਜਿੰਦਗੀ ਨਾਲ ਬਹੁਤ ਨੇੜੇ ਦਾ ਹੈ।
ਮੈਂ ‘ਕਾਲਾ ਗੁਲਾਬ ਚਿੱਟੀ ਮਹਿਕ’ ਕਾਵਿ-ਸੰਗ੍ਰਹਿ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨੂੰ ‘ਜੀ ਆਇਆਂ’ ਕਹਿੰਦਾ ਹਾਂ ਅਤੇ ਮਹਿੰਦਰ ਸਿੰਘ ਦਿਲਬਰ ਦੀਆਂ ਵਿਭਿੰਨ ਵਿਚਾਰਾਂ ਅਤੇ ਵਿਵਿਧ ਵਿਧਾਵਾਂ ਵਾਲੀਆਂ ਰਚਨਾਵਾਂ ਦਾ ਬਹੁ-ਰੰਗੀ ਲੁਤਫ਼ ਮਾਨਣ ਵਾਸਤੇ ਪਾਠਕਾਂ ਨੂੰ ਇਸ ਕਾਵਿ-ਸੰਗ੍ਰਹਿ ਨੂੰ ਆਪ ਪੜ੍ਹਨ ਵਾਸਤੇ ਗੁਜਾਰਿਸ਼ ਕਰਦਾ ਹਾਂ।

****

No comments:

Post a Comment