ਕਾਵਿ-ਸੰਗ੍ਰਹਿ ‘ਮੌਨ ਦੀ ਅਗਨ’ ਵਿੱਚ ਭਖ਼ਦੀ ਅੰਤਰ-ਆਤਮਾ ਦੀਆਂ ਪ੍ਰੇਮ ਭਾਵਨਾਵਾਂ ਦਾ ਮੁਲਾਂਕਣ।

ਹਰਮਨਜੀਤ ਦੀ ਈ-ਪੁਸਤਕ ‘ਮੌਨ ਦੀ ਅਗਨ’ ਪੜ੍ਹਨ ਵਾਸਤੇ ਮਿਲੀ। ਈ-ਮੇਲ ਵਿੱਚ ਲਿਖਿਆ ਹੋਇਆ ਸੀ ਕਿ ਇਸ ਪੁਸਤਕ ਬਾਰੇ ਆਪਣੇ ਵਿਚਾਰ ਵਿਸਥਾਰ ਨਾਲ ਲਿਖਣ ਦੀ ਕ੍ਰਿਪਾਲਤਾ ਕਰਨੀ। ਦੀਖਿਅਤ ਪੜ੍ਹਾਈ ਕਰਨ ਤੋਂ ਪਤਾ ਚਲਿਆ ਕਿ ਏਨੀ ਛੋਟੀ 61 ਪੰਨਿਆਂ ਦੀ ਪੁਸਤਕ ਵਿੱਚ ਮਨੁੱਖ ਦੀ ਚੁੱਪ ਵਿੱਚ ਬੋਧ-ਗਿਆਨ ਦਾ ਸਾਗਰ ਛਲਕ ਰਿਹਾ ਹੈ। ਏਨੇ ਸਫਿ਼ਆਂ ਵਿੱਚ ਹੀ ਇਨ੍ਹਾਂ ਕਵਿਤਾਵਾਂ ਦਾ ‘ਅਰਬਦ ਨਰਬਦ ਧੂੰਧੂਕਾਰਾ’ ਤੋਂ ਲੈ ਕੇ ‘ਬਿਗ-ਬੈਂਗ’ (ਹਸ਼ਰ) ਤੱਕ ਦਾ ਸਫ਼ਰ ਹੈ। ਇਸ ਬ੍ਰਹਿਮੰਡ ਦੀ ਕੁਦਰਤ ਵਿੱਚ ਅਨੇਕਾ ਮੌਨਧਾਰਿਕ ਪ੍ਰਵਿਰਤੀਆਂ ਆਪਣਾ ਕਾਰਜ ਕਰ ਰਹੀਆਂ ਹਨ। ਇਹ ਬ੍ਰਹਿਮੰਡ ਤਾਂ ਭਾਵੇਂ ਉਡਣ ਤਸ਼ਤਰੀਆਂ ਦੇ ਸ਼ੋਰ ਨੂੰ ਆਪਣੀ ਬੁੱਕਲ ਵਿੱਚ ਲੁਕਾਉਦਾ ਹੈ ਪਰ ਬ੍ਰਹਿਮੰਡ ਆਪ ਬਹੁਤ ਚੁੱਪ ਹੈ। ਆਕਰਸ਼ਣ ਸ਼ਕਤੀ ਘਟ ਜਾਣ ਨਾਲ ਉਪਗ੍ਰਹਿਾਂ (asteriods) ਦੇ ਹਿੱਲਣ ਨਾਲ ਕਦੇ ਕਦੇ ਬ੍ਰਹਿਮੰਡ ਵਿੱਚ ਇਕ ਦਮ ਸ਼ੋਰ ਵੀ ਮਚ ਜਾਂਦਾ ਹੈ। ਸਾਡੇ ਇਸ ਗਲੋਬ ਦੇ ਕੁਦਰਤ ਦੇ ਨਜ਼ਾਰੇ ਸਾਰੇ ਦੇ ਸਾਰੇ ਹੀ ਚੁੱਪ ਹਨ। ਕੁਦਰਤ ਦੀ ਚੁੱਪ ਨੂੰ ਤੋੜਨ ਵਾਲੇ ਅਸੀਂ ਇਸ ਵਿੱਚ ਰਹਿਣ ਵਾਲੇ ਹੀ ਹਾਂ। ਚੰਦ ਤਾਰੇ ਅਤੇ ਸੂਰਜ ਚੜ੍ਹਦਾ ਅਤੇ ਲਹਿੰਦਾ ਕਦੇ ਰੌਲਾ ਨਹੀਂ ਪਾਉਂਦਾ। ਦਿਨ ਅਤੇ ਰਾਤ ਬਦਲਣ ਨਾਲ ਕਦੇ ਕੋਈ ਸ਼ੋਰ ਨਹੀਂ ਹੁੰਦਾ। ਰੁੱਤਾਂ ਬਦਲਣ ਨਾਲ ਕਦੇ ਕੋਈ ਖੜਕਾ ਨਹੀਂ ਹੁੰਦਾ। ਅਸੀਂ ਹੀ ਹਾਂ ਜਾਂ ਸਾਡੀ ਵਰਤੋਂ ਵਿੱਚ ਆਉਣ ਵਾਲੇ ਪਦਾਰਥ ਹੀ ਹਨ ਜੋ ਇਸ ਕੁਦਰਤ ਦੀ ਚੁੱਪ ਨੂੰ ਤੋੜਦੇ ਹਨ। ਠੀਕ ਇਸੇ ਤਰ੍ਹਾਂ ਕਵੀ ਦੀ ਅੰਤਰ-ਆਤਮਾ ਵਿੱਚ ਤਾਂ ਮੌਨ ਹੈ ਪਰ ਜਦ ਦੁਨੀਆਵੀ ਪ੍ਰਵਿਰਤੀਆਂ ਦਾ ਅਸਰ ਮਨ ਉਪਰ ਭਾਰੂ ਹੋ ਜਾਂਦਾ ਹੈ ਤਾਂ ਆਪ-ਹੁਦਰੇ ਬੇਕਾਬੂ ਹੋ ਕੇ ਇੱਕ ਫੌੜੇ ਦੇ ਫਿਸਣ ਵਾਗ ਕਈ ਵਾਰ ਇਹ ਮੌਨ ਦਰਦਨਾਕ ਧੁਨੀਆਂ ਵਿੱਚ ਬਦਲ ਜਾਂਦਾ ਹੈ। ਕਈ ਵਾਰ ਗੁਸੇ ਦੇ ਪ੍ਰਭਾਵ ਨਾਲ ਬੰਬ ਦੇ ਫਟਣ ਵਾਂਗ ਫਟ ਜਾਂਦਾ ਹੈ। ਮੌਨ ਦੀ ਪਰਿਭਾਸ਼ਾ ਕਈ ਅਰਥਾ ਵਿੱਚ ਲਿਖੀ ਜਾ ਸਕਦੀ ਹੈ। ਧਰਤੀ ਹੇਠਾਂ ਦੱਬਿਆ ਲਾਵਾ ਫੁਟਣ ਤੋਂ ਪਹਿਲਾ ਸਦੀਆਂ ਭਰ ਸ਼ਾਂਤ ਰਹਿੰਦਾ ਹੈ। ਜਦ ਉਸ ਵਿੱਚ ਕਈ ਅੰਤਰ-ਗੈਸਾਂ ਕਰਮਸ਼ੀਲ ਹੁੰਦੀਆਂ ਹਨ ਤਾਂ ਉਹ ਫੁਟਣ ਲੱਗ ਜਾਂਦਾ ਹੈ। ‘ਮੌਨ ਦੀ ਅਗਨ’ ਪੁਸਤਕ ਦੇ ਰਚਨਾਤਮਿਕ ਕਾਰਜ ਵਿੱਚ ਇਸੇ ਤਰ੍ਹਾਂ ਕਵੀ ਨੇ ਮੌਨ ਦੀ ਸਥਿੱਤੀ ਵਿੱਚ ਮਨੁੱਖ ਦੀ ਅੰਤਰ ਆਤਮਾ ਅੰਦਰ ਕਈ ਪਨਪ ਰਹੀਆਂ ਪ੍ਰੇਮ ਭਾਵਨਾਵਾਂ ਦੇ ਦੁਬੰਦ ਕਾਰਨ ਉਹ ਅੰਤਰ-ਮੁਖੀ ਮੌਨ ਦੀ ਸਥਿੱਤੀ ਤੋਂ ਬਾਹਰਮੁਖੀ ਗਤੀ-ਵਿਧੀਆ ਵੱਲ ਰੁਚਿਤ ਹੋ ਜਾਂਦਾ ਹੈ। ਮੌਨ ਇੱਕ ਉਸ ਬੰਬ ਦੀ ਤਰ੍ਹਾਂ ਹੈ ਜਿਹੜਾ ਫਟਣ ਤੋਂ ਪਹਿਲਾਂ ਸਥੂਲ ਹੁੰਦਾ ਹੈ। ਜਦ ਬੰਬ ਨੂੰ ਅੱਗ ਦਾ ਸਪਰਸ਼ ਮਿਲਦਾ ਹੈ ਤਾਂ ਧਮਾਕੇ ਨਾਲ ਫਟ ਕੇ ਕਣ ਕਣ ਹੋ ਕੇ ਵਿਖਰ ਜਾਂਦਾ ਹੈ। ਹਰਮਨਜੀਤ ਦੀ ਸ਼ਾਇਰੀ ਦੇ ਸਹੀ ਅਰਥ ਵੀ ਅਜਿਹੇ ਹੀ ਹਨ। ਜਦ ਕਿਸੇ ਦੇ ਮਨ ਵਿੱਚ ਧਾਰੇ ਮੌਨ ਦੀਆਂ ਪ੍ਰੇਮ ਭਾਵਨਾਵਾਂ ਨੂੰ ਦੁਨੀਆਂ ਦਾ ਸਪਰਸ਼ ਹੁੰਦਾ ਹੈ ਤਾਂ ਉਹ ਉਸਦੀਆਂ ਪ੍ਰੇਮ ਭਾਵਨਾਵਾਂ ਅਗਨ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਭਾਵ ਉਨ੍ਹਾਂ ਦੇ ਮਨ ਦੂਈ ਦੁਵੈਤ ਅੰਦਰ ਗ੍ਰਸ ਜਾਂਦੇ ਹਨ। ਕਿਸੇ ਅਚੰਭੇ ਵਾਲੀ ਗੱਲ ਨੂੰ ਸੁਣਨ ਤੋਂ ਬਾਅਦ ਹੀ ਭਾਵਨਾਵਾਂ ਨੂੰ ਕੋਈ ਠੇਸ ਲਗਦੀ ਹੈ। ਕਵੀ ਦਾ ਅਕੀਦਾ ਹੈ ਕਿ ਜਦ ਅਸੀਂ ਕਿਸੇ ਨਾਲ ਵਾਰਤਾਲਾਪ ਰਚਾਉਦੇ ਹਾਂ ਤਾਂ ਜਵਾਬ ਦੇਣ ਤੋਂ ਪਹਿਲਾਂ ਅਸੀਂ ਮੌਨ (reticence) ਅਵਸੱਥਾ ਵਿੱਚ ਜ਼ਰੂਰ ਹੁੰਦੇ ਹਾਂ ਭਾਵੇਂ ਇਸ ਸਥਿੱਤੀ ਵਿੱਚ ਇੱਕ ਸੈਕਿੰਟ ਵੀ ਕਿਉਂ ਨਾ ਹੋਈਏ। ਇਸ ਪੁਸਤਕ ਰਾਹੀਂ ਮੌਨ ਦੀ ਪਰਿਭਾਸ਼ਾ ਸਿਰਜਦਾ ਹਰਮਨਜੀਤ ਅਮਰੀਕਨ ਕਵੀ ‘ਜੀਰਾਡ ਮੈਨਲੀ ਹੱਪਕਿਨ’ ਦੇ ਰਚਨਾਤਮਿਕ ਕਾਰਜ ਨੂੰ ਅੱਗੇ ਤੋਰਦਾ ਹੈ। ਕਦੇ ਇਹ ਮੌਨ ਹਕਾਨੀ, ਰਕਾਨੀ ਅਤੇ ਰੂਹਾਨੀ ਪ੍ਰੇਮ ਪਿਆਰ ਦੀਆਂ ਬਾਤਾਂ ਜਦ ਪਾਉਦਾ ਹੈ ਤਾਂ ਬ੍ਰਿਹੋਂ ਤੋਂ ਪਾਰ ਹੋਣ ਵਾਸਤੇ ਬ੍ਰਿਤਾਂਤ ਛੇੜ ਲੈਂਦਾ ਹੈ। ਕਦੇ ਇਸ ਮੌਨ ਵਿੱਚੋਂ ਗਿਆਨ ਉਗਮ ਪੈਂਦਾ ਹੈ। ਹਰਮਨਜੀਤ ਇਸ ਮੌਨ ਵਿੱਚ ਹੀ ਛੁਪੀ ਹੋਈ ਖੁਸ਼ੀ ਨੂੰ ਮਹਿਸੂਸ ਕਰਦਾ ਜਦ ਬਾਹਰਮੁਖੀ ਦੁਖਾਂ ਨੂੰ ਮਹਿਸੂਸ ਕਰਦਾ ਹੈ ਤਾਂ ਉਸਦਾ ਮੌਨ ਹੰਝੂਆਂ ਨਾਲ ਨ੍ਹਾਤਾ ਧੋਤਾ ਜਾਂਦਾ ਹੈ ਅਤੇ ਬੜੇ ਸਹਿਜ ਨਾਲ ਆਪਣੇ ਦਿਲ ਦੀ ਪੀੜਾਂ ਨੂੰ ਲੋਕ ਅਰਪਨ ਕਰ ਜਾਂਦਾ ਹੈ।
ਜਾਗ੍ਰਿਤ ਹੋਣਾ ਤਾਂ ਕੁੱਝ ਹੋਰ ਹੈ
ਜੋ ਹੈ, ਉਹ ਰੱਬ ਨਹੀਂ, ਸ਼ੋਰ ਹੈ
ਹੈ ਜੀਵਨ ਲੀਲ੍ਹਾ ਇਹ
ਜੀਵਨ ਦੇ ਮੋਹ ‘ਚੋਂ ਉਪਜੀ ਜੋ
ਸ਼ਾਂਤੀ, ਮੁਕਤੀ, ਨਿਰਵਾਣ ਦੀ ਤਲਾਸ਼ ‘ਚ
ਜਦ ਡੂੰਘੇ ਅੰਦਰ ਝਾਤੀ ਮਾਰਦਾਂ
ਖੁਸ਼ੀ ਇੱਕ ਖੂੰਜੇ ਲੱਗ ਬੈਠੀ
ਤੱਕਦੀ ਹੈ ਟਿਕ-ਟਕੀ ਲਗਾ
ਆਖੇ ‘ਮੈਨੂ ਈ ਲੱਭਦਾ ਪਿਆ ਸੈ?’    ਪੰਨਾ 55
ਆਪਣੀ ਅੰਤਰ-ਆਤਮਾ ਦੇ ਮੌਨ ਵਿੱਚ ਵਸੇ ਸੱਚ, ਸੱਤ ਅਤੇ ਸ਼ਕਤੀ ਨੂੰ ਕਵੀ ਕਈ ਸ਼ਬਦਾਂ ਅਤੇ ਅਰਥਾਂ ਰਾਹੀ ਪੇਸ਼ ਕਰਦਾ ਹੈ। ਕਈ ਵਾਰ ਕਵੀ ਇਸ ਅੰਤਰਮੁਖੀ ਮੌਨ ਦੀਆਂ ਗਤੀ ਵਿਧੀਆਂ ਰਾਹੀਂ ਰੱਬ ਵਿੱਚ ਵਿਸ਼ਵਾਸ ਕਰਨ ਲੱਗਦਾ ਹੈ ਅਤੇ ਜਦ ਉਹ ਦੁਨੀਆਂ ਦੇ ਵਰਤਾਰਿਆਂ ਨੂੰ ਆਪਣੀ ਪਾਰਖੂ ਅੱਖ ਨਾਲ ਪਰਖਦਾ ‘ਮੈਂ’ ਅਤੇ ‘ਤੂੰ’ ਦੇ ਅੰਤਰ ਦਾ ਵਿਸ਼ਲੇਸ਼ਣ ਕਰਦਾ, ਰੱਬ ਦੀ ਹੋਂਦ ਤੋਂ ਮੁਨਕਰ (atheist) ਵੀ ਹੋ ਜਾਂਦਾ ਹੈ।
ਇਸ ਪੁਸਤਕ ਰਾਹੀਂ ਕਵੀ ਨੇ ਮਾਨਸਿਕ ‘ਮੌਨ’ ਦੇ ਅਭਿਵਿਅੰਜਨ ਦੇ ਕਈ ਸਿਧਾਂਤ ਸਿਰਜੇ ਹਨ। ਮਨੁੱਖ ਮੌਨ ਸਥਿੱਤੀ ਵਿੱਚ ਰਹਿ ਕੇ ਗਿਆਨ ਅਤੇ ਧਿਆਨ ਪ੍ਰਾਪਤ ਕਰਦਾ ਹੈ। ਸਬਰ ਕਰਕੇ ਮਨ ਨੂੰ ਸ਼ਾਂਤ ਰੱਖਣ ਵਾਸਤੇ ਪ੍ਰਬੱਲ ਸ਼ਕਤੀ ਧਾਰਨ ਕਰਦਾ ਹੈ। ਮੌਨ ਹੀ ਸਮਾਧੀ ਹੈ। ਮੌਨ ਸਿਮਰਤੀ ਹੈ। ਵਿਚਾਰ ਹੈ। ਸੰਜਮ ਹੈ। ਪ੍ਰੇਮ ਹੈ। ਸ਼ੂਨ ਅਵਸਥਾ ਵਿੱਚ ਜਾ ਕੇ ਮਨੁੱਖ ਦੇ ਮਨ ਵਿੱਚ ਸੰਤੁਸ਼ਟੀ ਪੈਦਾ ਹੁੰਦੀ ਹੈ। ਸਹਿਜ ਨਾਲ ਸੁਹਜ ਪ੍ਰਾਪਤ ਕਰਦਾ ਹੈ। ਸਰਬ-ਸ਼ਕਤੀਮਾਨ ਨਾਲ ਮਿਲਾਪ ਦੀ ਤੜ੍ਹਪ ਕਾਰਨ ਉਸਦੀ ਦੀ ਤਲਾਸ਼ ਕਰਨ ਵਾਸਤੇ ਗਿਆਨ ਅਤੇ ਧਿਆਨ ਦੀ ਖੋਜ ਕਰਦਾ ਪ੍ਰੇਮ ਅਤੇ ਘ੍ਰਿਣਾ ਦੇ ਪਾੜੇ ਨੂੰ ਪੂਰਨ ਵਾਸਤੇ ਯਤਨਸ਼ੀਲ ਹੁੰਦਾ ਹੈ। ਸਰੀਰਕ ਦੁੱਖ ਦਰਦ, ਆਤਮਿਕ ਪੀੜਾ, ਬੇਚੈਨੀ, ਵਿਰਾਗ, ਵਿਯੋਗ ਤੋਂ ਆਜ਼ਾਦ ਹੋਣ ਵਾਸਤੇ ਕਵੀ ਮੌਨ ਹੀ ਇੱਕ ਸਾਧਨ ਦਸਦਾ ਹੈ। ਇਸ ਸਥਿਤੀ ਵਿੱਚ ਮਨੁੱਖ ਨੂੰ ਇਹ ਦੁਨੀਆਂ ਦਾ ਵਜੂਦ ਛਿੰਨ-ਭੰਗਰ ਜਿਹਾ ਪ੍ਰਤੀਤ ਹੋਣ ਲਗਦਾ ਹੈ। ਮਨੁੱਖ ਇਹ ਗੱਲ ਨਿਸਚੇ ਕਰਕੇ ਚਿਤਵਣ ਲਗਦਾ ਹੈ ਕਿ ਜੋ ਦਿਸਦਾ ਹੈ ਭਾਵੇਂ ਉਹ ਹੈ ਦਰਅਸਲ ਉਹ ਹੈ ਨਹੀਂ ਹੈ। ਯੁਕਤ ਨਾਲ ਸੰਯੁਕਤ ਹੋ ਕੇ ਮਨ ਸੰਤੁਲਤ ਰਹਿੰਦਾ ਹੈ। ਮੌਨ ਤੋਂ ਪਾਰ ਜਾ ਕੇ ਮਨੁੱਖ ਦਾ ਇਹ ਨਜ਼ਰੀਆ ਬਦਲ ਜਾਂਦਾ ਹੈ। ਇਹ ਨਜ਼ਰੀਆ ਕੋਈ ਅੱਖ ਨਹੀਂ ਵੇਖ ਸਕਦੀ ਕਿਉਂਕਿ ਨਜ਼ਰੀਆਂ ਕਿਸੇ ਭਾਵਨਾ ਨਾਲ ਜੁੜਿਆ ਹੁੰਦਾ ਹੈ।
ਪਰ, ਅੱਖ ਕੇਵਲ ਦ੍ਰਿਸ਼ ਸਾਂਭਦੀ ਹੈ
ਤੇ ਨਜ਼ਰੀਆ ਨਜ਼ਰ ਨਾਲ ਨਹੀਂ
ਸੋਚ ਨਾਲ ਜੁੜੀ ਕ੍ਰਿਆ ਹੈ ।           ਪੰਨਾ 61
 ਮਨ ਅਤੇ ਦੁਨੀਆਂ ਦੋਵੇਂ ਪਲੀਤ ਹੋ ਜਾਂਦੇ ਹਨ।  ਸਭ ਕਾਰਜ ਅਸ਼ੁਧੀ ਦੀ ਲਾਗ ਨਾਲ ਜੁੜ ਕੇ ਬੁੱਧ ਭ੍ਰਸਿ਼ਟ ਹੋ ਜਾਂਦੀ ਹੈ। ਆਸ ਅਤੇ ਨਿਰਾਸ਼ਾ ਦੀ ਇੱਛਾ ਹੋ ਜਾਂਦੀ ਹੈ। ਮਨ ਵਿੱਚ ਕਈ ਦੁਬੰਦ ਪੈਦਾ ਹੋਣ ਲਗਦੇ ਹਨ। ਸਮਾਜਕ ਖਲਜਗਣ ਵੱਧ ਜਾਂਦਾ ਹੈ। ਮਨ ਵਿੱਚ ਲਾਲਚ ਅਤੇ ਲਾਲਸਾ ਆ ਜਾਣ ਕਾਰਨ ਧਾਰਮਿਕ ਅੰਧ-ਵਿਸ਼ਵਾਸ, ਸੱਭਿਆਚਾਰਕ ਪ੍ਰਦੂਸ਼ਣ ਫੈਲ ਜਾਂਦਾ ਹੈ। ਸਰਦਾਰੀ ਦੀ ਚਾਹ ਹੋ ਜਾਣ ਕਾਰਨ ਰਾਜਨੀਤਕ ਸ਼ੋਸ਼ਣ ਵੀ ਹੋਣ ਲਗਦਾ ਹੈ। ਮਨੁੱਖ ਦੁਨੀਆਂ ਦੇ ਇਸ ਕੂੜ-ਪਸਾਰੇ ਦੀ ਦਲਦਲ ਵਿੱਚ ਫਸ ਜਾਂਦਾ ਹੈ। ਮਨ ਵਿੱਚ ਕਾਮ, ਕ੍ਰੋਧ, ਲੋਭ ਮੁਹ ਅਤੇ ਹੰਕਾਰ ਆਪਣਾ ਘਰ ਬਣਾ ਲੈਂਦਾ ਹੈ। ਮਾਨਸਿਕ ਤਣਾਓ ਵੱਧ ਜਾਂਦਾ ਹੈ। ਮਨੁੱਖ ਦੀ ਇਸ ਸਥਿੱਤੀ ਦਾ ਇਹ ਕਾਰਨ ਮੌਨ ਤੋਂ ਪਾਰ ਹੋ ਕੇ ਵਾਪਰਦਾ ਹੈ। ਹਰਮਨਜੀਤ ਦੀ ਸ਼ਾਇਰੀ ਮੌਨ ਤੋਂ ਸ਼ਬਦ ਤੱਕ ਅਤੇ ਸ਼ਬਦਾਂ ਦੇ ਕਈ ਅਰਥਾਂ ਤੋਂ ਪਾਰ ਕਈ ਤਰ੍ਹਾਂ ਦੀ ਧੁਨੀਆਂ ਤੱਕ ਫੈਲੀ ਹੋਈ ਹੈ।
ਮਨੁੱਖ ਦੀ ਰਾਤੋ ਰਾਤ ਲੱਖ-ਪਤੀ ਬਣ ਜਾਣ ਦੀ ਰੁੱਚੀ ਮਨੁੱਖ ਦੇ ਦਿਲ ਵਿੱਚ ਬੇਚੈਨੀ ਫੈਲਾ ਰਹੀ ਹੈ। ਇਹ ਬੇਚੈਨੀ ਉਸ ਸਮੇਂ ਸ਼ੁਰੂ ਹੁੰਦੀ ਹੈ ਜਦ ਮਨੁੱਖ ਦੂਸਰਿਆਂ ਦੇ ਚੁਬਾਰੇ ਵੇਖ ਕੇ ਆਪਣੇ ਢਾਰੇ ਢਾਉਣ ਦੀ ਸੋਚਣ ਲਗਦਾ ਹੈ। ਜੇਕਰ ਮਨੁੱਖ ਸਾਦਾ ਰਹੇ। ਸਾਦਾ ਖਾਵੇ ਪਹਿਨੇ ਅਤੇ ਆਪਣੇ ਮਿਆਰ ਨੂੰ ਸਾਦਾ ਹੀ ਰਖੇ ਤਾਂ ਉਸਨੂੰ ਬਹੁਤੀ ਮਾਇਆ ਦੀ ਲੋੜ ਨਹੀਂ ਪਵੇਗੀ। ਬਹੁਤੀ ਮਾਇਆ ਦੀ ਲੋੜ ਨਹੀਂ ਹੋਵੇਗੀ ਤਾਂ ਉਹ ਬਹੁਤੇ ਦਗ਼ੇ ਫ਼ਰੇਬ ਨਹੀਂ ਕਰੇਗਾ। ਹਰਮਨਜੀਤ ਮਨੁੱਖ ਦੀ ਇਸ ਮਾਨਸਿਕ ਦਸ਼ਾ ਨੂੰ ਦਰਸਾਉਦਾ ਲਿਖਦਾ ਹੈ ਕਿ ਮਨੁੱਖ ਕਿਵੇਂ ਆਪਣਾ ਸਾਹ ਸਾਹ ਆਪਣੀ ਉਮਰ ਵਿੱਚੋਂ ਮਨਫ਼ੀ ਕਰ ਰਿਹਾ ਹੈ।
ਨਿਕਲਦੇ ਹਾਂ ਘਰਾਂ ਤੋਂ
ਤੇ ਆਉਦੇ ਹਾਂ ਪਰਤ
ਪਰ ਦੋਸਤੋ!
ਨਾ ਕਦੇ ਪੂਰੇ ਨਿਕਲੇ ਹਾਂ ਘਰਾਂ ‘ਚੋਂ
ਨਾ ਕਦੀ
ਪੂਰੇ ਪਰਤੇ ਹਾਂ ਘਰਾਂ ‘ਚ
ਇੰਜ਼ ਹੀ ਲਗਾਤਾਰ
ਹੋ ਰਹੇ ਹਾਂ ਮਨਫ਼ੀ ।।।।।
‘ਆਪਣੇ ਵਲੋਂ’ ਕਵਿਤਾ ਵਿੱਚ ਕਵੀ ਕਵਿਤਾ ਦੇ ਪ੍ਰਤੀਕ ਨਾਲ ਇਹ ਕਹਿਣ ਦੀ ਕੋਸਿ਼ਸ਼ ਕਰ ਰਿਹਾ ਹੈ ਕਿ ਕਿਸੇ ਦੇ ਮਨ ਵਿੱਚ ਛੁਪੀਆਂ ਸਭ ਭਾਵਨਾਵਾਂ ਨੂੰ ਜਿੰਨਾ ਵੀ ਮਰਜੀ ਲੁਕਾਉਣ ਦੀ ਕੋਸਿ਼ਸ਼ ਕਰੋ ਪਰ ਇਹ ਦੁਨੀਆਂ ਫਿਰ ਵੀ ਜਾਣਦੀ ਹੈ।
ਤੇ ਕਵਿਤਾ ਉਹ ਵੀ ਜਾਣਦੀ ਹੈ
ਜੋ ਮੈ ਸਭ ਤੋਂ ਛੁਪਾ ਲੈਂਦਾ ਹਾਂ
ਕਦੇ ਕਦੇ ਆਪਣੇ ਤੋਂ ਵੀ                 
ਪਰ ਕਵਿਤਾ ਜਾਣਦੀ ਹੈ                ਪੰਨਾ 7
‘ਫ਼ਰਕ’ ਕਵਿਤਾ ਦੇ ਥੀਮ ਅਨੁਸਾਰ ਇਹ ਦੁਨੀਆਂ ਮਤਲਬ ਦੀ ਹੈ। ਅਕ੍ਰਿਤਘਣ ਹੈ। ਮਨੁੱਖ ਮੌਨ ਤਿਆਗ ਕੇ ਦੁਨੀਆਂ ਵਿੱਚ ਏਨਾ ਲੀਨ ਹੋ ਜਾਂਦਾ ਹੈ ਕਿ ਉਹ ਆਉਣ ਵਾਲੀ ਮੌਤ ਨੂੰ ਵੀ ਦਿਲੋਂ ਭੁਲਾ ਬੈਠਦਾ ਹੈ। ਇਸ ਝੂਠੀ ਦੁਨੀਆਂ ਨਾਲ ਆਪਣਾ ਪੱਕਾ ਨਾਤਾ ਜੋੜ ਲੈਦਾ ਹੈ। ਉਹਦੀ ਆਪਣੀ ਕਿਸੇ ਪਰਾਪਤੀ ਦੀ ਭੁੱਖ ਪਿਆਸ ਨੂੰ ਬੁਝਾ ਲੈਣ ਵਾਲੀ ਉਤਸੁਕਤਾ ਹੀ ਉਸਦੇ ਜੀਵਨ ਨੂੰ ਇਸ ਦੁਨੀਆਂ ਨਾਲ ਜੋੜੀ ਰਖਦੀ ਹੈ। ਦੁਨੀਆਂ ਨੂੰ ਆਪਸ ਵਿੱਚੀ ਪ੍ਰੇਮ ਪਿਆਰ ਅਤੇ ਸਾਂਝੀਵਾਲਤਾ ਨੂੰ ਬਣਾਈ ਰਖਣ ਵਾਸਤੇ ਕਵੀ ਆਪ ਬਿਆਨਬਾਜ਼ੀ ਨਹੀਂ ਕਰਦਾ ਸਗੋਂ ਇਸ ਕਾਰਜ ਵਾਸਤੇ ਪ੍ਰੇਮ ਦੀ ਦੇਵੀ ਕੋਲੌ ਵਰਦਾਨ ਮੰਗਦਾ ਹੈ। ਧਾਰਮਿਕ ਗ੍ਰੰਥ ਪ੍ਰੇਮ ਨੂੰ ਪ੍ਰਮਾਤਮਾ ਕਹਿੰਦੇ ਹਨ। ਪ੍ਰਮਾਤਮਾ ਸਿਰਫ਼ ਮੌਨ ਹੀ ਨਹੀਂ ਸਗੋਂ ਅਦਿੱਖ ਵੀ ਹੈ। ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਹੀ ਹਰ ਪ੍ਰਾਣੀ ਦੀ ਆਤਮਾ ਹੈ ਅਤੇ ਆਤਮਾ ਹੀ ਪ੍ਰਮਾਤਮਾ ਤੋਂ ਵਿਛੜੀ ਹੋਈ ਜੋਤ ਹੈ। ‘ਤ੍ਰਿਪਤੀ ਦਾ ਮਾਰਗ’ ਕਵਿਤਾ ਵਿੱਚ ਕਵੀ ਇਸ ਵਿਚਾਰ ਦਾ ਸਮਰੱਥਨ ਕਰਦਾ ਲਿਖਦਾ ਹੈ ਕਿ ‘ਆਤਮਾ’ ਪਰਮਾਤਮਾ ਨਹੀਂ ਹੈ ਸਗੋਂ ਇਹ ਆਤਮਾ, ਪਰਮਾਤਮਾ ਨੂੰ ਲੱਭਦੀ ਹੈ। ਇਸ ਆਤਮਾ ਕਰਕੇ ਹੀ ਪਰਮਾਤਮਾ ਹੈ। ਗੁਰਬਾਣੀ ਦੇ ਇਸ ਸੰਕਲਪ ਦਾ ਵਿਕਲਪ ਲਿਖਦਾ ਹੈ।
ਤੇ ਆਤਮਾ ਤਲਾਸ਼ੇ ਪਰਮਾਤਮਾ ਨੂੰ
ਪਰ ਮੇਰਾ ਹੋਣਾ ਹੀ
ਪਰਮਾਤਮਾ ਦਾ ਹੋਣਾ ਹੈ           ਪੰਨਾ14
ਇਸੇ ਕਵਿਤਾ ਦੇ ਇਸੇ ਵਿਚਾਰ ਨੂੰ ਹੋਰ ਸ਼ਬਦਾਂ ਵਿੱਚ ਲਿਖਦਾ ਉਸ ਪਰਮਾਤਮਾ ਦੀ ਪਛਾਣ ਵੀ ਦਸ ਜਾਂਦਾ ਹੈ।
ਮੇਰੇ ਅੰਦਰ ਬ੍ਰਹਿਮੰਡ
ਮੌਜੂਦ ਹੈ
ਬ੍ਰਹਿਮੰਡ-ਪ੍ਰੇਮ ਹੈ
ਪ੍ਰੇਮ-ਸਤਿ ਹੈ
ਸਤਿ-ਪਰਮਾਤਮਾ ਹੈ    ਪੰਨਾ15
ਕਵੀ ਪ੍ਰੇਮ ਦੀ ਪਰਿਭਾਸ਼ਾ ਨੂੰ ਬੜੀ ਹਕੀਕਤ ਨਾਲ ਸਿਰਜਦਾ ਹੈ।
ਕਿਸੇ ਦਾ
ਤੁਹਾਡੇ ਅੰਦਰ ਧੜਕਣਾ ਹੀ
ਹੈ ਉਸਦੀ ਹੋਂਦ ਦੀ ਗਵਾਹੀ
ਤੇ ਤੁਹਾਡੇ ਪ੍ਰੇਮ ਦੀ
ਪਾਕੀਜ਼ਗੀ ਦਾ ਸਬੂਤ         ਪੰਨਾ 22
ਕਵੀ ਦਾ ਮੰਨਣਾ ਹੈ ਕਿ ਕਿਸੇ ਦੇ ਕਹੇ ਰੁਮਾਂਟਿਕ ਸ਼ਬਦਾਂ ਵਿੱਚ ਪ੍ਰੇਮ ਨਹੀਂ ਹੁੰਦਾ। ਸ਼ਬਦ ਤਾਂ ਸੰਕੇਤ ਹੀ ਦਿੰਦੇ ਹਨ। ਪ੍ਰੇਮ ਤਾਂ ਹਮੇਸ਼ਾ ਮੌਨ ਰਾਹੀਂ ਪ੍ਰਾਪਤ ਹੋ ਸਕਦਾ ਹੈ।
ਮੌਨ ‘ਚ ਹੀ ਫੈਲਿਆ ਹੋਇਆ ਹੈ ਪ੍ਰੇਮ
ਮੌਨ ‘ਚ ਹੀ ਛੁਪਿਆ ਹੈ ਸਤਿ
ਮੇਰੇ ਅੰਦਰਲੇ ਸਤਿ ਨੂੰ ਜਾਣਨ ਲਈ
ਖੁਦ ਨੂੰ ਤਿਆਗ ਕੇ
ਮੇਰੇ ਵਿੱਚ ਸਮਾ ਜਾਵੋ      ਪੰਨਾ 23/24
ਜਿਸ ਮਨੁੱਖ ਦੇ ਦਿਲ ਵਿੱਚ ਆਪ ਪ੍ਰੇਮ ਹੈ। ਉਸ ਨੂੰ ਸਾਰੀ ਦੁਨੀਆਂ, ਇਹ ਕਾਇਨਾਤ, ਕਿਣਕਾ ਕਿਣਕਾ ਅਤੇ ਹਰ ਸ਼ੈ ਪ੍ਰੈਮ ਵਿੱਚ ਰੰਗੀ ਲਗਦੀ ਹੈ। ਜਦ ਕੋਈ ਕਿਸੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ, ਉਸ ਰੰਗੀਲੇ ਪ੍ਰੇਮ ਨੂੰ ਪ੍ਰੇਮ ਨਹੀਂ ਆਖਿਆ ਜਾ ਸਕਦਾ। ਇਹ ਰੰਗ ਤਾਂ ਪ੍ਰੇਮ ਦਾ ਪ੍ਰਗਟਾਵਾ ਹੁੰਦਾ ਹੈ।
ਸੋਚ ਇਹ ਵੀ ਹੈ ਕਿ
ਪ੍ਰੇਮ ਦਾ ਹੋਣਾ ਹੀ ਸ੍ਰੇਸ਼ਟ ਹੈ
ਕਰਨਾ ਕੇਵਲ ਵਿਖਾਵਾ ਹੈ
ਪਰ ਅਸੀਂ ਹਮੇਸ਼ਾ ਹੀ
ਹੋਣ ਅਤੇ ਕਰਨ ਦੇ ਵਿਚਕਾਰ
ਸੂਖ਼ਮ ਦੁਬਿਧਾ ‘ਚ ਘਿਰੇ ਹੋਏ
ਪ੍ਰੇਮ ਦੇ ਸਹੀ ਮਾਇਨੇ ਗਵਾ ਲੈਂਦੇ ਹਾਂ      ਪੰਨਾ 39
‘ਇਹ ਸੱਚ ਹੈ’ ਕਵਿਤਾ ਅਨੁਸਾਰ ਮਨੁੱਖ ਆਪਣੀ ਦੁਬਿਧਾ ਕਾਰਨ ਇਸ ਪ੍ਰੇਮ ਤੋਂ ਕੋਹਾਂ ਦੂਰ ਹੋ ਜਾਂਦਾ ਹੈ।
ਤੇ ਸੱਚ ਇਹੀ ਹੈ ਕਿ
ਸਾਨੂੰ ਨਾ ਤਾਂ ਪ੍ਰੇਮ ‘ਚ ਹੋਣਾ ਆਉਂਦਾ ਹੈ
ਨਾ ਪ੍ਰੇਮ ਕਰਨਾ ਆਉਂਦਾ ਹੈ
ਮਨ ਇਸੇ ਦੁਬਿਧਾ ਵਿੱਚ
ਦਰ ਦਰ ਭਾਉਂਦਾ ਹੈ                   ਪੰਨਾ 39
ਜਿਸ ਪ੍ਰੇਮ ਨੂੰ ਅੱਖਾਂ ਨੇ ਪ੍ਰਮਾਣਿਤ ਅਤੇ ਦਿਲ ਨੇ ਤਸਦੀਕ ਕੀਤਾ ਹੋਵੇ, ਉਸ ਪ੍ਰੇਮ ਪਰਥਾਇ ਕਵੀ ਦਾ ਇੱਕ ਇਹ ਵੀ ਦਰਸ਼ਨ ਹੈ ਕਿ ਪ੍ਰੇਮ ਕਿਸੇ ਰਿਸ਼ਤੇ ਵਿੱਚ ਬਝ ਨਹੀਂ ਸਕਦਾ। ਜਦ ਪ੍ਰੇਮ ਖਾਮੋਸ਼ੀ ਦੀ ਰਾਹ ਫੜ੍ਹ ਲੈਦਾ ਹੈ ਤਾਂ ਜਿ਼ੰਦਗੀ ਨੂੰ ਅਗੇ ਤੋਰਨ ਵਾਲੀਆਂ ਭਾਵਨਾਵਾਂ ਦੀ ਮੌਤ ਹੋ ਜਾਂਦੀ ਹੈ। ਪ੍ਰੇਮ ਵਿਗੁੱਤਾ ਮਨੁੱਖ ਫਿਰ ਇਸ ਪ੍ਰੇਮ ਦੇ ਰੰਗ ਨੂੰ ਕੁਸੰਭੜਾ ਹੀ ਸਮਝਦਾ ਹੈ।
ਬਸ ਤੂੰ ਅੱਖ ਨ ਭਰੀ
ਜਾਣਦਾ ਹਾਂ ਇਹ ਸੁਭਾਵਿਕ ਹੈ
ਪਰ ਤੂੰ ਆਪਣੀ ਤ੍ਰੇਹ ਜ਼ਾਹਿਰ ਨਾ ਕਰੀ
ਮੈਥੋਂ ਪਿਘਲਿਆ ਨਹੀਂ ਜਾਣਾ
ਮੈਂ ਪਿਘਲਿਆ ਤਾਂ
ਬਹੁਤ ਕੁੱਝ ਹੋ ਜਾਏਗਾ ਪਾਣੀ ਪਾਣੀ          ਪੰਨਾ 56
ਪ੍ਰੇਮ ਨੂੰ ਕਾਇਮ ਰੱਖਣ ਵਾਸਤੇ ਸਾਥ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸਮਾਂ ਨਿਰੰਤਰ ਚਲਦਾ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਪ੍ਰੇਮ ਦੀ ਨਿਰੰਤਰਤਾ ਕਾਇਮ ਰੱਖਣ ਵਾਸਤੇ ਸਾਥ ਦੀ ਸਹਾਨਭੂਤੀ ਜ਼ਰੂਰੀ ਹੈ।
ਕਾਲ ਦੀ ਨਿਰੰਤਰਤਾ ਵਿੱਚੋਂ
ਕਿਰਦੇ ਪਲਾਂ ‘ਚ
ਤੂੰ ਮੇਰਾ ਸਾਥ ਦੇ
ਮੈਂ ਤੇਰਾ ਸਾਥ ਦੇਵਾਂਗਾ
ਦੋ ਤੋਂ ਇੱਕ ਹੋ ਜਾਵਾਂਗੇ
ਜੀਵਨ ਪੰਧ ਮੁਕਾਵਾਂਗੇ             ਪੰਨਾ59
ਕਵੀ ਦੀਆਂ ਭਾਵਨਾਵਾਂ ਰਾਹੀ ਪ੍ਰੇਮ ਜੋਗੀ ਨੂੰ ਜੋਗ ਪਿਆਰਾ ਹੈ। ਰਾਜੇ ਨੂੰ ਤਖ਼ਤ ਅਤੇ ਤਾਜ਼ ਨਾਲ ਪ੍ਰੇਮ ਹੈ। ਹਿਜ਼ਰ ਅਤੇ ਬ੍ਰਿਹਾ ਵਿੱਚ ਪ੍ਰੇਮ ਹੈ। ਸੰਗੀਤ ਰਾਹੀਂ ਵੀ ਪ੍ਰੇਮ ਉਤਪੰਨ ਹੁੰਦਾ ਹੈ। ਇਹ ਪ੍ਰੇਮ ਹੀ ਪਰਮਾਤਮਾ ਹੈ।
ਪ੍ਰੇਮ ਸਰਘੀ, ਲੋਅ ਪ੍ਰੇਮ
ਪਰਮ ਗਿਆਨ ਦੀ ਛੋਹ ਪ੍ਰੇਮ
ਪਰਮਾਤਮਾ ਦਾ ਮੋਹ ਪ੍ਰੇਮ।               ਪੰਨਾ 32
ਹਰਮਨਜੀਤ ਅਤੀਤ ਨੂੰ ਫੜਨਾਂ ਚਾਹੁੰਦਾ ਹੈ ਪਰ ਸਮਾਂ ਲੰਘਿਆ ਵਾਪਸ ਕਦੇ ਨਹੀਂ ਆਉਦਾ। ਅਧਵਾਟੇ ਟੁੱਟੇ ਪ੍ਰੇਮ ਨੂੰ ਕਵੀ ਸਮੇਂ ਨੂੰ ਪਿੱਛੇ ਵੱਲ ਧੂਹ ਕੇ ਮੁੜ ਮਾਨਣਾ ਚਾਹੁੰਦਾ ਹੈ। ਇਹ ਗੱਲ ਕਵੀ ਵੀ ਮੰਨਦਾ ਹੈ ਕਿ ਸਮਾਂ ਨਾ ਤਾਂ ਪਿੱਛੇ ਜਾ ਸਕਦਾ ਹੈ, ਨਾ ਹੀ ਖੜ੍ਹ ਸਕਦਾ ਹੈ ਸਗੋਂ ਸਮਾਂ ਮਨੁੱਖ ਨੂੰ ਸਹਿਜੇ ਸਹਿਜੇ ਧੂਹ ਕੇ ਮੌਤ ਦੇ ਮੂੰਹ ਕੋਲ ਲੈ ਕੇ ਜਾ ਰਿਹਾ ਹੈ।
ਮੇਰੇ ਪ੍ਰੀਤਮਾ
ਪਰ ਕਿਥੇ ਮੰਨਦਾ ਮੇਰਾ ਮਨ
ਉਸੇ ਘੜੀ ਤੋਂ
ਵਕਤ ਨੂੰ ਆਪਣੇ ਵੱਲ ਧੂਹਣ ਦੀਆ
ਨਾਕਾਮ ਕੋਸਿ਼ਸ਼ਾਂ ਕਰਦਾ ਆ ਰਿਹਾ ਹੈ
ਪਰ ਵਕਤ ਆਪਣੇ ਜ਼ੋਰ ਸੰਗ
ਮੈਨੂੰ ਲਈ ਜਾ ਰਿਹਾ ਹੈ
ਅਣਜਾਨ ਰਾਹਾਂ-ਪੱਗਡੰਡੀਆਂ ਵੱਲ     ਪੰਨਾ 28
‘ਪੀੜਾਂ ਅਤੇ ਪ੍ਰਾਰਥਨਾ’ ਕਵਿਤਾ ਵਿੱਚ ਕਵੀ ਇਹ ਗੱਲ ਸਵੀਕਾਰ ਕਰਦਾ ਹੈ ਕਿ ਸਦੀਵੀਂ ਵਿਛੋੜਾ ਦੇ ਗਏ ਨੇੜਲੇ ਸਾਥੀ ਲੱਖਾਂ ਦੁਆਰਿਆਂ ਉਪਰ ਪ੍ਰਾਰਥਨਾ ਕਰਨ ਦੇ ਬਾਵਜੂਦ ਵੀ ਵਾਪਸ ਨਹੀਂ ਪਰਤਣਗੇ ਪਰ ਪਤਾ ਨਹੀਂ ਫਿਰ ਵੀ ਇਸ ਝੱਲੇ ਮਨ ਦਾ ਧਿਆਨ ਅਤੀਤ ਦੀਆਂ ਸਿਮਰਤੀਆਂ ਵੱਲ ਕਿਉਂ ਰਹਿੰਦਾ ਹੈ?
ਰਿਖੀਵਰ! ਜੋ ਵਿਛੜ ਗਏ
ਉਨ੍ਹਾਂ ਦਾ ਵਿਛੜ ਜਾਣਾ ਹੀ
ਮੁਨਾਸਿਫ ਸੀ ਸ਼ਾਇਦ !
ਪਰ ਮਨ ਦੇ ਕਲਪਣਦਾ ਕੀ ਕਰਾਂ?
ਸੋਚ ਦਾ ਪੈਂਡਾ
ਅਤੀਤ ਦੀਆਂ ਸਿਮਰਤੀਆਂ ਵੱਲ ਕਿਉਂ ਹੈ?     ਪੰਨਾ 52
ਭਾਵੇਂ ਹਰਮਨਜੀਤ ਪ੍ਰੇਮ ਨੂੰ ਹੀ ਪਰਮਾਤਮਾ ਮੰਨਦਾ ਹੈ ਪਰ ਫਿਰ ਵੀ ਪਰਮਾਤਮਾ ਦੀ ਤਲਾਸ਼ ਵਿੱਚ ਭਟਕਦਾ ਫਿਰਦਾ ਹੈ। ਇਸ ਵਿੱਚ ਕਵੀ ਦੀਆਂ ਭਾਵਨਾਵਾਂ ਦਾ ਕੋਈ ਕਸੂਰ ਨਹੀਂ ਹੈ। ਪਰਮਾਤਮਾ ਅਦਿੱਖ ਹੈ, ਅਥਾਹ ਹੈ, ਅਕਹਿ ਹੈ ਅਤੇ ਅਜੂਨੀ ਹੈ। ਇਸੇ ਕਰਕੇ ਹੀ ਕਵੀ ਦੀ ਲਾਲਸਾ ਉਸ ਪਰਮਾਤਮਾ ਦੇ ਮੇਲ ਨੂੰ ਤੜਫ਼ਦੀ ਹੈ ਪਰ ਲੇਖਕ ਦਾ ਵਿਚਾਰ ਹੈ ਕਿ ਪਰਮਾਤਮਾ ਨਾਲ ਹੁਣ ਮੇਲ ਕਿਸੇ ਦਾ ਵੀ ਨਹੀਂ ਹੋਣ ਵਾਲਾ। ਪਹਿਲਾਂ ਵੀ ਜਿਹੜੇ ਹੋਏ ਮੇਲ ਦੀ ਨਿਸ਼ਾਨਦੇਹੀ ਕਰ ਗਏ ਹਨ। ਇਹ ਸਿਰਫ਼ ਉਨ੍ਹਾਂ ਦੀ ਕਲਪਨਾ ਹੀ ਸੀ। ਹਰਮਨਜੀਤ ਉਸ ਜੂਨੀ ਗੁਰੂ ਦੀ ਭਾਲ ਵਿੱਚ ਹੈ ਜਿਹੜਾ ਉਸਦੇ ਮਨ ਵਿੱਚ ਗਿਆਨ ਵਸਾ ਸਕੇ।
ਤੇ ਸੱਚਾ ਗੁਰੂ ਉਹੀ ਹੈ
ਜੋ ਮੇਰੇ ਅੰਦਰ ਦੀ ਦੁਬਿਧਾ ਦਾ
ਸਹੀ ਨਿਰਣਾ ਮੇਰੇ ਕੋਲੋਂ ਹੀ ਕਰਵਾਏ           ਪੰਨਾ 37
ਜਦ ਕਿਸੇ ਪ੍ਰਾਣੀ ਦਾ ਪ੍ਰੇਮ ਪਿਆਰ ਅਧੂਰਾ ਰਹਿ ਜਾਂਦਾ ਹੈ। ਕਵੀ ਦਾ ਵਿਚਾਰ ਹੈ ਉਸ ਅਧੂਰੇਪਨ ਨੂੰ ਨਾ ਪੂਰੇ ਜਾਣ ਦੀਆਂ ਕੋਸਿ਼ਸ਼ਾਂ ਵੇਲੇ ਧਾਰਿਆ ਮੌਨ ਵੀ ਖਤਰਨਾਕ ਹੋ ਸਕਦਾ ਹੈ। ਇਸੇ ਵਾਸਤੇ ਮੌਨ ਨੂੰ ਸਿਰਫ਼ ਗਿਆਨ ਦੀ ਪ੍ਰਾਪਤੀ ਵਾਸਤੇ ਹੀ ਧਾਰਨਾ ਚਾਹੀਦਾ ਹੈ।
ਪਰ ਤੂੰ ਪਰਤ ਜਾਂਦੀ ਏਂ
ਸਾਡੇ ਪਾਕ ਰਿਸ਼ਤੇ ਤੋਂ ਮੁਨਕਰ ਹੋ
ਜੀਵਨ ਪੰਧ ‘ਤੇ ਬੇਗ਼ਾਨਾ ਕਰ
ਗ਼ਮਾਂ ਦਾ ਮਣਾਂ-ਮੂੰਹੀ ਭਾਰ
ਕੋਮਲ ਹਿਰਦੇ ‘ਤੇ ਲਈ

ਤੈਨੂੰ ਮੌਨ ਦੀ ਅਗਨ ਸਾੜੇਗੀ!
ਤੇਰੀ ਚੁੱਪ ਹੀ ਤੈਨੂੰ ਮਾਰੇਗੀ!!    ਪੰਨਾ 31
ਕਵੀ ਦੇ ਕੱਥਨ ਅਨੁਸਾਰ ਕਿ ਮਨੁੱਖ ਦੇ ਹਿਰਦੇ ਅੰਦਰ ‘ਪਰਮਾਤਮਾ’ਨਹੀਂ ਵਸਦਾ ਸਗੋਂ ਸੱਚਾ ਪ੍ਰੇਮ ਕਰਨਾ ਹੀ ਸੱਚ ਹੈ ਅਤੇ ਸੱਚ ਹੀ ਪਰਮਾਤਮਾ ਹੈ। ਇਸੇ ਸੱਚ ਨੂੰ ਲੱਭਣ ਵਾਸਤੇ ‘ਤਲਾਸ਼’ ਕਵਿਤਾ ਰਾਹੀਂ ਕਵੀ ਆਪਣੀਆਂ ਪ੍ਰੇਮ ਭਾਵਨਾਵਾਂ ਪ੍ਰਗਟ ਕਰਦਾ ਹੈ।
ਸਖ਼ੀ! ਮੈਨੂੰ ਬੰਦਸ਼ਾਂ ਵਿੱਚ ਨਾ ਬੰਨ੍ਹ
ਮੈਨੂੰ ਦਰਸ਼ਨ ਕਰ ਲੈਣ ਦੇ
ਉਸ ਵਿਸਮਾਦਜਨਕ ਹਕੀਕਤ ਦੇ
ਜਿਸਦਾ ਅਕਸ ਹੈ ਮੇਰੇ ਅੰਦਰ                ਪੰਨਾ 16
 ਮਨੁੱਖ ਦੀ ਆਤਮਾ ਚੁੱਪ ਚਾਪ ਸੋਚਦੀ ਹੈ। ਸ਼ਬਦ ਘੜਦੀ ਹੈ। ਅਰਥ ਸਮਝਦੀ ਹੈ। ਅਤੇ ਫਿਰ ਉਨ੍ਹਾਂ ਅਰਥਾਂ ਦੀ ਤਰਜਮਾਨੀ ਕਿਸੇ ਮੁਖਾਰਬਿੰਦ ਹੁੰਦੀ ਹੈ। ਕਿਸੇ ਮੁਖ ਵਿੱਚੋ ਨਿਕਲੇ ਬੋਲ ਫਿਰ ਆਪਣੇ ਨਿਵੇਕਲੇ ਭੇਸਾਂ ਨਾਲ ਵਾਰਤਾਲਾਪ ਦਾ ਸਾਧਨ ਬਣਦੇ ਹਨ। ਆਤਮਾ ਹਮੇਸ਼ਾ ਸੁੰਨ ਰਹਿੰਦੀ ਹੈ। ਇਸੇ ਵਾਸਤੇ ਕਵੀ ਮੌਨ ਦੀ ਸਥਿੱਤੀ ਵਿੱਚ ਪ੍ਰਮਾਤਮਾ ਨੂੰ ਸਮਝਦਾ ਹੋਇਆ ਮਨੁੱਖ ਦੇ ਅੰਗ ਸੰਗ ਦਸਦਾ ਹੈ ਅਤੇ ਦੁਨੀਆਂ ਦੇ ਇਸ ਰਾਮ ਰੌਲੇ ਵਿੱਚ ਵੀ ਉਹ ਕਿਸੇ ਦੇ ਨੈਣਾਂ ਵਿੱਚੋਂ ਡਿਗੇ ਹੰਝ ਦੇ ਖੜਾਕ, ਹਉਕੇ ਅਤੇ ਆਹਾਂ ਨੂੰ ਸੁਣ ਸਕਦਾ ਹੈ। ਇਹ ਸਤਰਾਂ ਕਵੀ ਦੇ ਮਨੋ-ਵਿਗਿਆਨ ਦੀ ਪਰਾਪਤੀ ਦਸਦੀਆਂ ਹਨ।
ਸਖ਼ੀ! ਮੌਨ ਨੂੰ ਸਮਝ
ਦਿਲ ਨਾਲ ਵੇਖ
ਮੈਂ ਤੇਰੇ ਅੰਗ ਸੰਗ ਹਾਂ
ਹਰ ਪਲ
ਤੇਰੇ ਅੰਦਰ ਕਿਤੇ
ਚੁਪ ਚਾਪ ਤੈਨੂੰ ਸੁਣ ਰਿਹਾਂ      ਪੰਨਾ 11
ਮੌਨ ਵਿੱਚ ਸਿਰਫ਼ ਪ੍ਰੇਮ, ਗਿਆਨ ਅਤੇ ਕਲਾ ਹੀ ਨਹੀਂ ਸਗੋਂ ਵਿਦਰੋਹ, ਪੀੜਾਂ, ਸੋਚਾਂ, ਉਡੀਕ ਅਤੇ ਕਈ ਤਰ੍ਹਾਂ ਦੀਆਂ ਮਜ਼ਬੂਰੀਆਂ ਵੀ ਆ ਜਾਂਦੀਆ ਹਨ।
ਮੌਨ! ਕਦੇ ਸਾਧਾਰਨ ਨਹੀਂ ਹੁੰਦਾ
ਮੌਨ!
-ਵਿਦਰੋਹ ਪਾਲ ਰਿਹਾ ਸਬਰ
-ਪੀੜਾਂ ਸਹਿ ਰਿਹਾ ਮਨ
-ਸੋਚਾਂ ਵਿੱਚ ਗੁਆਚਾ ਮਸਤਿਕ
-ਆਪਣੇ ਆਪ ਵਿੱਚ ਖੁਰਨਾ
-ਆਪਣੇ ਆਪ ਨੂੰ ਸੰਭਾਲਣ ਦਾ ਯਤਨ ਵੀ
-ਕਿਸੇ ਦੀ ਉਡੀਕ
-ਕਿਸੇ ਦੀ ਮਜ਼ਬੂਰੀ ਵੀ                              ਪੰਨਾ 44
ਮੌਨ ਟੁਟਣ ਅਤੇ ਮੌਨ ਖੁਲ੍ਹਣ ਵਿੱਚ ਉਤਰ ਦੱਖਣ ਜਿੰਨਾ ਫਰਕ ਹੈ। ਮੌਨ ਟੁੱਟਦਾ ਹੈ ਤਾਂ ਮਨੁੱਖ ਦੁਨੀਆਵੀ ਰੰਗਾਂ ਵਿੱਚ ਰੰਗਿਆ ਜਾਂਦਾ ਹੈ ਜਦ ਮੌਨ ਖੁਲ੍ਹਦਾ ਹੈ ਤਾਂ;
ਮੌਨ ਖੁਲ੍ਹਦਾ ਹੈ
ਤਾਂ ਅੰਮ੍ਰਿਤ ਬਰਸਦਾ ਹੈ
ਗਿਆਨ ਸੋਮਾ ਫੁੱਟਦਾ ਹੈ          ਪੰਨਾ 45
ਮੌਨ ਜਦ ਖੁਲ੍ਹਦਾ ਹੈ ਤਾਂ ਦਸਦਾ ਹੈ।
ਮੈਂ ਤੋਂ ਅਖੰਡ ਵਿਚਕਾਰ ਫੈਲੇ ਬ੍ਰਹਿਮੰਡ ਵਿੱਚ
ਅਨੇਕਾ ਸ਼ਬਦ ਸੰਕੇਤ ਕਰ ਰਹੇ ਹਨ
ਸੰਕੇਤਾਂ ਨੂੰ ਸਮਝਣ ਲਈ
ਤੇ ਅਰਥਾਂ ਤੋਂ ਪਾਰ ਜਾਣ ਲਈ
ਜਾਣਾ ਜ਼ਰੂਰੀ ਹੈ
ਮੈਂ ਦੀਆਂ ਬਰੂਹਾਂ ਤੋਂ ਪਾਰ
ਮੌਨ ਦੀ ਸਰਦਲ ਅੰਦਰ                ਪੰਨਾ 47
ਹਰਮਨਜੀਤ ਮੁਕਤੀ ਨੂੰ ਜੋਤ ਨਾਲ ਜੋਤ ਮਿਲਣ ਦੇ ਸੰਕਲਪ ਨੂੰ ਨਹੀਂ ਮੰਨਦਾ। ਉਸਦਾ ਤਰਕ ਹੈ ਕਿ ਮਨੁੱਖ ਨੂੰ ਪੂਰਨ ਪਰਮ ਗਿਆਨ ਹੋ ਜਾਣ ਨਾਲ ਹੀ ਇਸ ਦੁਨੀਆਂ ਦੇ ਕੂੜ ਪਸਾਰੇ ਤੋਂ ਮੁਕਤੀ ਮਿਲਦੀ ਹੈ। ਮਨੁੱਖ ਨੂੰ ਜੋ ਗਿਆਨ ਹੁੰਦਾ ਹੈ ਮਨੁੱਖ ਉਸੇ ਗਿਆਨ ਅਨੁਸਾਰ ਹੀ ਬਾਹਰਮੁਖੀ ਪਦਾਰਥਾ ਨੂੰ ਵੇਖ ਕੇ ਸਮਝਦਾ ਹੈ।
ਗਿਆਨ ਦਸਦਾ ਹੈ ਕਿ
ਉਹੀ ਹੁੰਦਾ ਹੈ ਬਾਹਰ ਦ੍ਰਿਸ਼ਟੀਮਾਨ
ਜੋ ਹੈ ਤੁਹਾਡੇ ਅੰਤਰੀਵ ਵਿੱਚ
ਨਿਰੰਤਰ ਗਤੀ ਸ਼ੀਲ                  ਪੰਨਾ18
ਮੂੰਹੋ ਮੂੰਹ ਚਲੀਆਂ ਆ ਰਹੀਆਂ ਸਾਖੀਆਂ ਵਿੱਚ ਵੀ ਕਵੀ ਦਾ ਯਕੀਨ ਨਹੀਂ ਹੈ। ਉਸਦਾ ਦਰਸ਼ਨ ਹੈ ਕਿ ਗੁਰੂਨਾਨਕ ਨੇ ‘ਜਪੁਜੀ’ ਸਾਹਿਬ ਜੀ ਦੀ ਰਚਨਾ ਵੇਈਂ ਵਿੱਚ ਟੁੱਭੀ ਮਾਰ ਕੇ ਨਹੀਂ ਉਚਾਰੀ। ਮਹਾਤਮਾ ਬੁੱਧ ਨੂੰ ਬਿਰਖ਼ ਹੇਠਾਂ ਹੀ ਗਿਆਨ ਨਹੀਂ ਸੀ ਹੋਇਆ। ਇਹ ਤਾਂ ਉਨ੍ਹਾਂ ਦੇ ਹਿਰਦੇ ਅੰਦਰ ਵਸੇ ਹੋਏ ਗਿਆਨ ਦਾ ਹੀ ਕ੍ਰਿਸ਼ਮਾ ਹੈ।
ਨਾਨਕ ਅਤੇ ਬੁੱਧ ਦਾ ਗਿਆਨ
ਵੇਈਂ ਜਾਂ ਬੋਧ ਬਿਰਖ਼ ਦਾ ਚਮਤਕਾਰ ਨਹੀਂ
ਇਹ ਤਾਂ ਅੰਤਰਆਤਮਾ-ਅੰਤਰਧਾਰਾ ਹੈ
ਹਿਰਦੇ ਵਿੱਚ ਵਸੀ
ਆਤਮ ਸਿਰਜਨਾ-ਆਤਮ ਰੌਸ਼ਨੀ ਹੈ।   ਪੰਨਾ 19
ਇਸ ਯਥਾਰਥ ਨੂੰ ਝੂਠਲਾਇਆ ਨਹੀਂ ਜਾ ਸਕਦਾ ਕਿ ਪੰਛੀ ਕੁਕਨੂਸ ਸੁਆਹ ਹੋ ਕੇ ਵੀ ਸੁਰਜੀਤ ਹੋ ਜਾਂਦਾ ਹੈ। ‘ੳੇਦੈ-ਅਸਤ’ ਕਵਿਤਾ ਵਿੱਚ ਕਵੀ ਨੇ ਸਿਖਰ ਦੁਪਹਿਰੇ ਸੂਰਜ ਨੂੰ ‘ਮਰ-ਖੱਪ’ ਜਾਣ ਵਾਲੇ ਪ੍ਰਤੀਕ ਨੂੰ ਨਵੇਂ ਅਰਥ ਦਿੱਤੇ ਹਨ ਕਿਉਂਕਿ ਸੂਰਜ ਦੁਪਹਿਰਾਂ ਨੂੰ ਬਦਲਾਂ ਉਹਲੇ ਹੋ ਸਕਦਾ ਹੈ ਪਰ ਛੁਪਦਾ ਤਾਂ ਸ਼ਾਮ ਵੇਲੇ ਹੀ ਹੈ। ਜਦ ਦੁਨੀਆਂ ਦੀ ਭੀੜ ਵਿੱਚ ਰਲ ਕੇ ਆਪਣੀਆਂ ਅੰਤਰ-ਆਤਮਾ ਦੀਆਂ ਭਾਵਨਾਵਾਂ ਤੋਂ ਦੂਰ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਸੂਰਜ ਵਾਲੇ ਉਪਮਾਲੰਕਾਰ ਦੀ ਵਰਤੋਂ ਕਰਦਾ ਭਾਵੇਂ ਕੁਦਰਤ ਦੀ ਵਿਗਿਆਨਕ ਕਲਾ ਤੋਂ ਥੌੜਾ ਜਿਹਾ ਲਾਂਭੇ ਤਾਂ ਜ਼ਰੂਰ ਹੋ ਜਾਂਦਾ ਹੈ ਪਰ ਆਪਣੇ ਅਕੀਦੇ ਦਾ ਸਮਰੱਥਨ ਵੀ ਕਰਦਾ ਹੈ। ਇਸ ਤਰ੍ਹਾਂ ਕਵੀ ਮਨੁੱਖ ਦੀਆਂ ਚਿੰਤਾਵਾਂ ਅਤੇ ਚਿਤਾਵਾਂ ਵਿੱਚ ਹੋਣ ਵਾਲੇ ਵਾਧੇ ਬਾਰੇ ਬਹੁਤ ਚਿੰਤਤ ਹੈ।
‘ਰਿਸ਼ਤਾ’ ਕਵਿਤਾ ਰਾਹੀਂ ਪਛੂ ਪੰਛੀਆਂ ਦੇ ਰੁੱਖਾਂ ਨਾਲ ਨੇੜਲੇ ਰਿਸਿਤਿਆਂ ਦਾ ਬੜੇ ਵਿਗਿਆਨਕ ਢੰਗ ਨਾਲ ਵਰਨਣ ਹੋਇਆ ਹੈ। ਕਵੀ ਦੀ ਅੰਤਰ ਆਤਮਾ ਦੀ ਭਾਵਨਾ ਦੀ ਸੂਖ਼ਮਤਾ, ਤੀਖ਼ਣਤਾ ਅਤੇ ਮਨ ਵਿੱਚ ਉਪਜੀ ਚਿੰਤਾਂ ਨੂੰ ਪੜ੍ਹੋ।
ਝਖੜ ਜੋ ਝੁੱਲਦਾ
ਆਲ੍ਹਣਾ ਜੋ ਟੁੱਟ ਡਿੱਗਦਾ
ਇੱਕ ਨਸ਼ਤਰ ਤਾਂ
ਬਿਰਖ਼ ਸੀਨੇ ਵੀ ਚਲਦਾ ਏ
ਕਿਉਂ ਜੋ
ਇੱਕ ਰਿਸ਼ਤਾ
ਬਿਰਖ਼-ਪੰਖੇਰੂ ‘ਚ ਵੀ ਪਲਦਾ ਹੈ        ਪੰਨਾ 40
‘ਖਤਰਨਾਕ’ ਕਵਿਤਾ ਵਿੱਚ ਕਵੀ ਦੁਸ਼ਮਨਾ ਨਾਲੋਂ ਆਪਣਿਆਂ ਲੋਕਾਂ ਕੋਲੋਂ ਸੁਰੱਖਿਅਤ ਨਹੀਂ ਮਹਿਸੂਸ ਕਰਦਾ। ਵਰਤਮਾਨ ਵਿੱਚ ਆਪਣਿਆਂ ਨੂੰ ਬੋਝ ਬਣਿਆ ਇਸ ਤਰ੍ਹਾਂ ਸਮਝਦਾ ਹੈ ਜਿਵੇਂ ਕੋਈ ਮੱਛਲੀ ਪਾਣੀ ਨਾਲ ਬਗ਼ਾਵਤ ਕਰ ਦਿੰਦੀ ਹੈ।
ਬਹੁਤ ਬੁਰਾ ਹੁੰਦਾ ਹੈ
ਘਰਾਂ ਦਾ ਕੈਦ
ਰਿਸ਼ਤਿਆਂ ਦਾ ਬੋਝ ਬਣ ਜਾਣਾ
ਬਹੁਤ ਖ਼ਤਰਨਾਕ ਹੁੰਦਾ ਹੈ
ਮੱਛੀ ਦਾ ਜਲ ‘ਚ ਰਹਿਕੇ
ਜਲ ਖਿ਼ਲਾਫ਼ ਬਗਾਵਤ ਪਾਲਣਾ          ਪੰਨਾ 25
ਹਰਮਨਜੀਤ ਦਾ ਦਰਸ਼ਨ ਹੈ ਕਿ ਹਨੇਰੀ ਰਾਤ ਅਕਸਰ ਗੁਜ਼ਰ ਜਾਂਦੀ ਹੈ। ਬੀਤੀ ਰਾਤ ਮਨੁੱਖ ਦੇ ਜੀਵਨ ਵਾਸਤੇ ਇੱਕ ਸੁਨੇਹਾ ਹੈ ਕਿ ਸਾਰੀ ਦੀ ਸਾਰੀ ਜਿ਼ੰਦਗੀ ਵਿੱਚ ਹਨੇਰਾ ਨਹੀਂ ਹੁੰਦਾ। ਰੌਸ਼ਨੀ ਵੀ ਹੁੰਦੀ ਹੈ। ਇਸ ਰੌਸ਼ਨੀ ਵਿੱਚ ਆਪਣੇ ਸੁੱਤੇ ਜ਼ਜਬਾਤਾਂ ਅਤੇ ਅਣਖਾਂ ਨੂੰ ਜਗਾਉਣ ਦਾ ਸਮਾਂ ਮਿਲ ਜਾਂਦਾ ਹੈ। ਇਸ ਦੁਨੀਆਂ ਨੂੰ ਉਨੀਂਦਰੇ ਦੀ ਚਾਦਰ ਉਤਾਰ ਕੇ ਕਿਸੇ ਨੂੰ ਪ੍ਰੇਮ ਜਿਤਾਉਣ ਦਾ ਵਕਤ ਮਿਲਦਾ ਹੈ। ਜਿ਼ੰਦਗੀ ਨੂੰ ਖੁਸ਼ਹਾਲ ਅਤੇ ਰੰਗੀਨ ਬਣਾਉਣ ਵਾਸਤੇ ਹਿੰਮਤ, ਸਿਦਕ ਅਤੇ ਸਮੱਸਿਆਂਵਾਂ ਵਾਸਤੇ ਸ਼ੰਘਰਸ਼ ਕਰਨ ਦੀ ਮੁਹਲਤ ਮਿਲ ਜਾਂਦੀ ਹੈ।
ਲੰਘ ਗਈ ਰਾਤ
ਸਿਖਾ ਗਈ ਬਹੁਤ ਕੁੱਝ
ਕਿ ਆਓਧ ਸਾਰੀ
ਸਫ਼ਰ ਨਹੀਂ ਹਨੇਰੇ ਦਾ
ਪਹੁ ਫੁਟਣੀ ਹੀ ਹੁੰਦੀ ਏ
ਹਰ ਰਾਤ ਦੇ ਬਾਅਦ              ਪੰਨਾ 41
ਧਰਮ ਦੇ ਠੇਕੇਦਾਰਾਂ ਨੂੰ ਆਪਣੇ ਧਰਮ ਦਾ ਪਰਚਮ ਲਹਿਰਾਉਣ ਵੇਲੇ ਕਵੀ ਦੀ ਵੰਗਾਰ ਹੈ ਕਿ ਧਰਮ ਨਿਭਾਉਣ ਦੇ ਨਾਲ ਨਾਲ ਰਾਜਨੀਤੀ ਨੂੰ ਵੀ ਸਮਝਣਾ ਜ਼ਰੂਰੀ ਹੈ। ਇਸ ਗਿਆਨ ਬਿਨ੍ਹਾਂ ਧਰਮ ਸਿਆਸਤ ਦੇ ਗੁਲਾਮ ਹੋ ਸਕਦਾ ਹੈ। ਬਸਤੀਵਾਦੀਆਂ ਦੀ ਜਮਹੂਰੀਅਤ ਉਪਰ ਉਂਗਲ ਧਰਦਾ ਹੈ। ਸਿਆਸਤਦਾਨਾ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਬਾਰੇ ਧਰਮ ਦੇ ਠੇਕੇਦਾਰਾਂ ਨੂੰ ਖ਼ਬਰਦਾਰ ਕਰਦਾ ਹੈ। ਜਿਹੜੀ ਨੀਤੀ ਧਰਮਾਂ ਨੂੰ ਧਰਮਾਂ ਨਾਲ ਭੇੜਦੀ ਹੈ। ਦੇਸ਼ਾਂ ਨੂੰ ਦੇਸ਼ਾਂ ਨਾਲ ਲੜਾਉਦੀ ਹੈ। ਗਰੀਬ ਅਤੇ ਅਮੀਰੀ ਦੇ ਪਾੜੇ ਨੂੰ ਹੋਰ ਵਧਾਉਦੀ ਹੈ। ਕਵੀ ਇਹ ਨਹੀਂ ਕਹਿੰਦਾ ਕਿ ਆਪਣੇ ਸੰਸਕਾਰ ਛੱਡ ਕੇ ਸਿਆਸਤ ਵੱਲ ਹੋ ਤੁਰੋ ਪਰ ਇਸ ਗੱਲ ਉਪਰ ਜ਼ੋਰ ਦਿੰਦਾ ਹੈ ਕਿ ਧਰਮ ਦੇ ਨਾਲ ਨਾਲ ਸਿਆਸਤ ਨੂੰ ਅਪਨਾਉਣਾ ਚਾਹੀਦਾ ਹੈ।
ਵਿਸ਼ਵ ਪਿੰਡ ‘ਚ
ਇਹ ਸਭ
ਪੁਰਾਣੀਆਂ ਗੱਲਾਂ ਨੇ
ਰੂੜੀਵਾਦੀ ਹਾਂ ਅਸੀਂ
ਵਿਸ਼ਵ ਮੰਡੀ ਦਾ ਤਾਂ
ਇੱਕੋ ਅਸੂਲ ਹੈ ਯਾਰੋ
ਫੁਟ ਪਾਉ ਤੇ ਰਾਜ ਕਰੋ
ਤੇ ਇੰਜ਼ ਹੀ ਹੋਣਾ ਗੁਣ
-ਆਪਣੇ ਦੇਸ਼ ‘ਚ
ਅੰਨ੍ਹੀ ਪੀਹੇ ਤੇ ਕੁੱਤਾ ਚੱਟੇ                          ਪੰਨਾ 43
‘ਮੌਨ ਦੀ ਅਗਨ’ ਪੁਸਤਕ ਦੇ ਪਾਠ ਉਪ੍ਰੰਤ ਕੋਈ ਵੀ ਵਿਦਵਾਨ  ਹਰਮਨਜੀਤ ਦੇ ਰਚਨਾਤਮਿਕ ਕਾਰਜ ਬਾਰੇ ਇਹੋ ਸਥਾਪਤ ਕਰੇਗਾ ਕਿ ਕਵੀ ਨੇ ਗੁਰਬਾਣੀ ਦੇ ਉਹ ਮਹਾਂਵਾਕ ਜਿਹੜੇ ਸੰਬੰਧਤ ਹਨ ਮੌਤ ਨਾਲ, ਪ੍ਰੇਮਾ ਭਗਤੀ ਨਾਲ, ਮਨੁੱਖ ਦੇ ਵਿਸ਼ਵਾਸ਼ ਨਾਲ, ਆਤਮਾ ਅਤੇ ਪਰਮਾਤਮਾ ਪ੍ਰਥਾਇ ਹਨ, ਉਨ੍ਹਾਂ ਮਹਾਂਵਾਕਾ ਨੂੰ ਨਵੇਂ ਅਰਥ ਦਿੱਤੇ ਹਨ। ਮੌਨ ਵਿੱਚ ਹੀ ਮਨੁੱਖ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਮੌਨ ਵਿੱਚ ਰਹਿ ਕੇ ਹੀ ਧਿਆਨ ਧਰਿਆ ਜਾ ਸਕਦਾ ਹੈ। ਮੌਨ ਵਿੱਚ ਪ੍ਰੇਮ ਹੈ। ਪ੍ਰੇਮ ਸਤਿ ਹੈ ਅਤੇ ਸਤਿ ਹੀ ਪਰਮਾਤਮਾ ਹੈ। ਭਾਵੇਂ ਹਰਮਨਜੀਤ ਪਰਮਾਤਮਾ ਦੀ ਖੋਜ ਵਾਸਤੇ ਕਰਮਸ਼ੀਲ ਤਾਂ ਹੈ ਪਰ ਉਸਨੂੰ ਇਸ ਗੱਲ ਦਾ ਗਿਆਨ ਵੀ ਹੈ ਕਿ ਪਰਮਾਤਮਾ ਵਰਤਮਾਨ ਵਿੱਚ ਕਿਸੇ ਨੂੰ ਵੀ ਮਿਲਣ ਵਾਲਾ ਨਹੀਂ ਹੈ ਇਸੇ ਵਾਸਤੇ ਉਹ ਕਿਸੇ ਉਸ ਗੁਰੂ ਦੀ ਤਲਾਸ਼ ਵਿੱਚ ਹੈ ਜਿਹੜਾ ਉਸ ਨੂੰ ਇਹ ਗਿਆਨ ਦੇ ਸਕੇ ਕਿ ਆਪਣੀਆਂ ਸਮੱਸਿਆਵਾਂ ਨੂੰ ਆਪ ਕਿਵੇਂ ਨਜਿੱਠਣਾ ਹੈ? ਸ਼ਬਦਾਰਥ ਰਾਹੀਂ ਕਵੀ ਨੇ ਮਨੁੱਖ ਦੀਆਂ ਮਾਨਸਿਕ ਸਥਿੱਤੀਆਂ ਨੂੰ ਪਰਤ ਦਰ ਪਰਤ ਬੜੀ ਵਿਲੱਖਣਤਾ ਨਾਲ ਪੇਸ਼ ਕੀਤਾ ਹੈ। ਆਪਣੀਆਂ ਕਵਿਤਾਵਾਂ ਵਿੱਚ ਮਨੁੱਖ ਦੀਆਂ ਮਾਨਸਿਕ ਗਤੀ ਵਿਧੀਆਂ ਨੂੰ ਪੇਸ਼ ਕਰਨ ਦੇ ਸੰਦਰਭ ਵਿੱਚ ਕਵੀ ਮਨੋ ਵਿਗਿਆਨੀ ਬਣ ਜਾਂਦਾ ਹੈ। ਕਵੀ ਅੰਤਰ-ਆਤਮਾ ਵਿੱਚ ਭਖਦੀਆਂ ਪ੍ਰੇਮ ਭਾਵਨਾਵਾਂ ਨੂੰ ਵਿਸਥਾਰ ਪੂਰਬਕ ਲਿਖਦਾ ਹੈ। ਇਥੋ ਤੱਕ ਕਿ ਉਹ ਪ੍ਰੇਮ ਨੂੰ ਹੀ ਪਰਮਾਤਮਾ ਮੰਨਦਾ ਹੈ। ਧਰਮ-ਤੱਤ ਸੰਬੰਧੀ (ਠਹੲੋਲੋਗਚਿਅਲ) ਉਸਦਾ ਦਰਸ਼ਨ ਇਹ ਕਹਿੰਦਾ ਹੈ ਕਿ ਮੌਨ ਵਿਸਮਾਦੀ ਹੈ ਅਤੇ ਮੌਨ ਦਾ ਟੁੱਟਣਾ ਬਰਬਾਦੀ ਹੈ। ਮੌਨ ਗਿਆਨ ਦਾ ਸੋਮਾਂ ਹੈ। ਮੌਨ ਧਾਰਨ ਕਰਕੇ ਜਦ ਮਨੁੱ਼ਖ ਪ੍ਰੇਮ ਵਿਗੁਤਾ ਹੋ ਜਾਂਦਾ ਹੈ ਤਾਂ ਉਸਦੀ ਆਤਮਾ ਪਵਿਤਰ ਹੋ ਜਾਂਦੀ ਹੈ। ਇਸੇ ਪਵਿਤਰਤਾ ਕਾਰਨ ਮਨੁੱਖ ਇਸ ਦੁਨੀਆਂ ਵਿੱਚ ਸਤਿਕਾਰ ਦਾ ਪਾਤਰ ਬਣਦਾ ਹੈ। ਅਜਿਹੀਆਂ ਪ੍ਰੇਮ ਭਾਵਨਾਵਾਂ ਸਰਬ-ਵਿਆਪਕ ਹਨ ਜਿਨ੍ਹਾਂ ਨੂੰ ਕਵੀ ਨੇ ਸਮਝ ਵਿਚਾਰ ਕੇ ਆਪਣੇ ਦਰਸ਼ਨ ਰਾਹੀਂ ਪੁਨਰ ਸਥਾਪਨ ਕੀਤਾ ਹੈ। ਇਹ ਪ੍ਰੇਮ ਭਾਵਨਾਵਾਂ ਹਰ ਪਵਿਤਰ ਮਨੁੱਖ ਅੰਦਰ ਇੱਕ ਸਦਾਚਾਰ ਬਣ ਜਾਂਦੀਆਂ ਹਨ। ਕਵੀ ਇਸ ਸਿਧਾਂਤ ਉਪਰ ਵੀ ਜ਼ੋਰ ਦਿੰਦਾ ਹੈ ਕਿ ਸਮੇਂ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ ਅਤੇ ਨਾ ਹੀ ਹਵਾ ਅਤੇ ਖੁਸ਼ਬੂ ਵਾਂਗੂੰ ਸਮੇ ਨੂੰ ਕਦੇ ਡੱਕਿਆ ਜਾ ਸਕਦਾ ਹੈ। ਇਸ ਕਰਕੇ ਮਨੁੱਖ ਨੂੰ ਚਾਹੀਦਾ ਹੈ ਕਿ ਸਮੇਂ ਦੇ ਨਾਲ ਚੱਲੇ। ਸਮੇਂ ਦੇ ਨਾਲ ਚੱਲਣ ਨਾਲ ਮਨੁੱਖ ਸੁਖੀ ਰਹਿੰਦਾ ਹੈ। ਕਵੀ ਦਾ ਹੋਕਾ ਹੈ ਕਿ ਤੁਸੀਂ ਜਿਸ ਵੀ ਸਮੇਂ ਵਿੱਚ ਹੋ, ਉਸ ਸਮੇਂ ਦਾ ਖੂਬ ਫਾਇਦਾ ਉਠਾਓ। ਕੁੱਝ ਕਰਨ ਦੀ ਇੱਛਾ ਬਣਾਈ ਰੱਖੋ। ਸਮੇਂ ਨੂੰ ਕਦੇ ਅਜਾਂਈ ਨਾ ਗੁਆਓ। ਮਨੁੱਖ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਤੁਰਿਆ ਸਮਾਂ ਤੁਹਾਨੂੰ ਅਣਜਾਣਿਆ ਹੀ ਮੌਤ ਤੱਕ ਲੈ ਜਾਵੇਗਾ। ਹਰਮਨਜੀਤ ਇਸ ਗੱਲ ਦਾ ਵੀ ਮੁਦਈ ਹੈ ਕਿ ਮਾੜੀ ਸੰਗਤ ਵਾਲੇ ਨੂੰ ਕਦੇ ਵੀ ਮੂੰਹ ਨਾ ਲਾਓ ਭਾਵੇਂ ਉਹ ਆਪਣਾ ਵੀ ਕਿਉਂ ਨਾ ਹੋਵੇ। ‘ਮੌਨ ਦੀ ਅਗਨ’ ਪੁਸਤਕ ਰਾਹੀਂ ਇਕ ਇਹ ਸਿਧਾਂਤਕ ਵਿਚਾਰ ਵੀ ਪ੍ਰਗਟ ਹੁੰਦਾ ਹੈ ਕਿ ਮਨੁੱਖ ਨੂੰ ਆਪਣੇ ਅਤੀਤ ਦੀ ਚਿੰਤਾਂ ਛੱਡ ਕੇ ਵਰਤਮਾਨ ਸਮੇਂ ਨਾਲ ਜਿ਼ਆਦਾ ਲਗਾਓ ਰੱਖਣਾ ਚਾਹੀਦਾ ਹੈ। ਕਵਿਤਾਵਾਂ ਭਾਵੇਂ ਤੁਕਾਂਤ ਰਹਿਤ ਹੀ ਹਨ ਪਰ ਇਨ੍ਹਾਂ ਕਵਿਤਾਵਾਂ ਅੰਦਰ ਲੈਅ ਦੀ ਹੋਂਦ ਕਾਰਨ ਸੰਗੀਤਮਈ ਹਨ। ਸ਼ਬਦਾਵਲੀ ਵਿਗਿਆਨਕ ਹੋਣ ਕਰਕੇ ਇਹ ਕਵਿਤਾਵਾਂ ਕਲਾਤਮਿਕ ਹਨ। ਸ਼ਬਦਾਵਲੀ ਵਿੱਚ ਸ਼ਬਦ-ਸਮਾਸ, ਭੀਵਤਸ ਰਸ, ਉਭਯਲੰਕਾਰ ਅਤੇ ਉਪਮਾਲੰਕਾਰ ਹੋਣ ਕਰਕੇ ਬਹੁਤ ਰੌਚਿਕ ਬਣ ਗਈ ਹੈ। ਤੁਕਾਂਤ ਰਹਿਤ ਕਵਿਤਾਵਾਂ ਵਿੱਚ ਇਹ ਕਲਾ ਹੋਣ ਕਰਕੇ ਮਨੁੱਖ ਇਨ੍ਹਾਂ ਦਾ ਪਾਠ ਕਰਦਾ ਆਪਣੇ ਦਿਮਾਗ਼ ਉਪਰ ਬੋਝ ਨਹੀਂ ਸਮਝਦਾ। ਸਰਲ ਅਤੇ ਸੰਖੇਪ ਸ਼ਬਦਾਵਲੀ ਰਾਹੀਂ ਅਧਿਆਤਮਿਕ ਗਿਆਨ ਦੀਆਂ ਪਰਤਾਂ ਖੁਲਦੀਆਂ ਹਨ। ਭਾਵੇਂ ਇਹ ਗੱਲ ਸਵੀਕਾਰ ਕੀਤੀ ਜਾਂਦੀ ਹੈ ਕਿ ਸ਼ਬਦਾਵਲੀ ਸੰਖੇਪ ਹੈ ਪਰ ਇਤਨੀ ਵੀ ਸੰਖੇਪ ਨਹੀਂ ਕਿ ਪਾਠਕ ਨੂੰ ਸਤਰਾਂ ਦੇ ਭਾਵ-ਅਰਥ ਹੀ ਨਾ ਸਮਝ ਪੈਣ। ਸਤਰਾਂ ਨਾ ਕਿਸੇ ਹੋਰ ਸ਼ਬਦ ਦਾ ਭਾਰ ਝੱਲ ਸਕਦੀਆਂ ਹਨ ਅਤੇ ਨਾ ਹੀ ਸਤਰਾਂ ਵਿੱਚੋਂ ਕੋਈ ਸ਼ਬਦ ਕੱਟਿਆ ਜਾ ਸਕਦਾ ਹੈ। ‘ਮੌਨ ਦੀ ਅਗਨ’ ਇੱਕ ਕਵਿਤਾਵਾਂ ਦਾ ਹੀ ਸੰਕਲਨ ਨਹੀਂ ਹੈ ਸਗੋਂ ਇਸ ਸੰਕਲਨ ਵਿੱਚ ਅੰਕਿਤ ਕਵਿਤਾਵਾਂ ਦੇ ਅੰਤਰਗਤਿ ਗਿਆਨ ਹੋਣ ਕਰਕੇ ਇਹ ਕਵਿਤਾਵਾਂ ਹਰ ਜੀਵ ਦੀ ਰੂਹ ਦੀ ਖੁਰਾਕ ਹਨ। ਪੰਜਾਬੀ ਸਾਹਿਤ ਅੰਦਰ ਇਸ ਪੁਸਤਕ ਦੇ ਪ੍ਰਵੇਸ਼ ਨਾਲ ਪੰਜਾਬੀ ਦੇ ਉਸਾਰੂ ਸਾਹਿਤ ਵਿੱਚ ਇਹ ਪੁਸਤਕ ਇੱਕ ਵਾਧਾ ਹੈ। ਮੈਂ ਪਾਠਕਾਂ ਨੂੰ ਸਿਫਾਰਸ਼ ਕਰਦਾਂ ਹਾਂ ਕਿ ਸਰਬੱਤ ਦੇ ਭਲੇ ਵਾਸਤੇ ਇਸ ਪੁਸਤਕ ਦਾ ਪਾਠ ਆਪ ਕਰਨ।

****

No comments:

Post a Comment