‘...ਤੇ ਕਾਨੂ ਮਰ ਗਿਆ’ ਸੰਕਲਨ ਦੀਆਂ ਕਹਾਣੀਆਂ ਦੇ ਸੰਰਚਨਾ ਪ੍ਰਬੰਧ ਵਿਚ ਉਤਰ-ਅਧੁਨਿਕਤਾ ਦੇ ਸੰਕਲਪ।

ਕਹਾਣੀ ਸੰਗ੍ਰਹਿ ‘...ਤੇ ਕਾਨੂ ਮਰ ਗਿਆ’ ਦੀਆਂ ਕੁਲ ਦਸ ਕਹਾਣੀਆਂ 152 ਪੰਨਿਆਂ ਉਪਰ ਅੰਕਿਤ ਹਨ। ਮੈਂ ਆਪਣੇ ਵਿਚਾਰ ਉਪ੍ਰੋਕਤ ਸਿਰਲੇਖ ਅਨੁਸਾਰ ਹੀ ਲਿਖਣ ਵਾਸਤੇ ਵਿਸ਼ੇਸ਼ਾਧ੍ਰਿਕ੍ਰਿਤ ਹੋ ਰਿਹਾਂ ਹਾਂ।
ਸਾਹਿਤਕ ਭਾਸ਼ਾ ਕਲਾਤਮਿਕ ਜੁਗਤਾਂ ਨੂੰ ਸਿਰਜਦੀ ਹੈ। ਲੇਖਕ ਇਨ੍ਹਾਂ ਜੁਗਤਾਂ ਰਾਹੀਂ ਗੈਰ-ਕੁਦਰਤੀ ਅੰਸ਼ਾਂ ਨੂੰ ਨਿੰਦਦਾ ਹੈ। ਸੰਤੋਖ ਧਾਲੀਵਾਲ ਯੂਰਪ ਵਿਚ ਆਜ਼ਾਦ ਕਾਮਿਕ ਰੁਚੀਆਂ ਕਾਰਨ ਪੈਣ ਵਾਲੇ ਸਮਾਜਕ ਨਿਘਾਰ, ਧਾਰਮਿਕ ਅੰਧ-ਵਿਸ਼ਵਾਸ਼, ਰਾਜਨੀਤਕ ਅਤੇ ਸੱਭਿਆਚਾਰਕ ਪਰਦੂਸ਼ਣ ਆਦਿ ਨੂੰ ਆਪਣੀਆਂ ਰਚਨਾਵਾਂ ਰਾਹੀਂ ਮਿਟਾਉਣਾ ਚਾਹੁੰਦਾ ਹੈ। ਕਹਾਣੀ ਦੇ ਸੰਗਠਤ ਕਾਰਜ ਵਾਸਤੇ ਭਾਸ਼ਾ ਰਾਹੀਂ ਉਸਰੀਆਂ ਅਜਿਹੀਆਂ ਜੁਗਤਾਂ ਸਾਹਿਤਕ ਅਤੇ ਕਲਾਤਮਿਕ ਹੁੰਦੀਆਂ ਹਨ। ਇਹ ਜੁਗਤਾਂ ਹੀ ਕਿਸੇ ਕਹਾਣੀ ਦੇ ਰੂਪ ਨੂੰ ਟਕਸਾਲੀ ਬਣਾਉਦੀਆਂ ਹਨ। ਕਹਾਣੀ ਦਾ ਰੂਪ ਸਾਹਿਤਕ ਭਾਸ਼ਾ ਰਾਹੀਂ ਹੀ ਉਜਾਗਰ ਹੁੰਦਾ ਹੈ। ਸਾਹਿਤਕ ਭਾਸ਼ਾ ਵਿਚ ਪ੍ਰਤੀਕ, ਬਿੰਬ, ਚਿੰਨ੍ਹ, ਯਥਾਰਥ ਨਾਲ ਸੰਬੰਧਤ ਕਲਪਨਾ, ਰਸ ਅਤੇ ਅਲੰਕਾਰ ਹੁੰਦੇ ਹਨ। ਅਜਿਹੀ ਭਾਸ਼ਾ ਵਾਲੀਆਂ ਜੁਗਤਾਂ ਹੀ ਕਲਾਤਮਿਕ ਹੁੰਦੀਆਂ ਹਨ। ਕਿਸੇ ਰਚਨਾ ਦੇ ਰੂਪ ਨੂੰ ਜਾਨਣ ਵਾਸਤੇ ਸਿੱਧੇ ਤੌਰ ਉਪਰ ਆਖਿਆ ਜਾ ਸਕਦਾ ਹੈ ਕਿ ਜਿਵੇਂ ਇਕ ਗਲਾਸ ਹੈ। ਇਹ ਕਹਾਣੀ ਦਾ ਵਿਸ਼ਾ ਵਸਤੂ ਹੈ। ਗਲਾਸ ਵਿਚ ਭਰੇ ਪਾਣੀ ਨੂੰ ਕਹਾਣੀ ਦਾ ਰੂਪ ਆਖਿਆ ਜਾ ਸਕਦਾ ਹੈ। ਕਹਾਣੀ ਵਿਚ ਕਲਾਤਮਿਕ ਰੂਪ ਦੀ ਪਛਾਣ ਕਿਸੇ ਕਥਾਨਕ, ਪਾਤਰ ਉਸਾਰੀ, ਅਕੀਦਾ, ਕਥਾ-ਪ੍ਰਸੰਗ ਅਤੇ ਕਹਾਣੀ ਦੀ ਗੋਂਦ ਤੋਂ ਹੀ ਹੁੰਦੀ ਹੈ। ਜਿਵੇਂ ਕਹਾਣੀ ਵਿਚ ਵਿਗਿਆਨਕ ਭਾਸ਼ਾ ਰਾਹੀਂ ਕਹਾਣੀਕਾਰ ਵਲੋਂ ਅਨੇਕਾਂ ਜੁਗਤਾਂ ਸਿਰਜੀਆਂ ਜਾਂਦੀਆਂ ਹਨ, ਠੀਕ ਇਸੇ ਤਰ੍ਹਾਂ ਕਹਾਣੀ ਦੇ ਰੂਪ ਨੂੰ ਸੁਆਰਨ ਸਿ਼ੰਗਰਨ ਵਾਸਤੇ ਕਹਾਣੀਕਾਰ ਵਿਭਿੰਨ ਜੁਗਤਾਂ ਦਾ ਆਸਰਾ ਲੈਂਦਾ ਹੈ। ਕਹਾਣੀਕਾਰ ਕਿਸੇ ਵੀ ਜੁਗਤ ਦਾ ਪ੍ਰਯੋਗ ਕਰੇ ਪਰ ਉਸ ਜੁਗਤ ਵਿਚ ਵਿਗਿਆਨਕ ਭਾਸ਼ਾ ਦੀ ਹੋਂਦ ਹੀ ਉਸ ਜੁਗਤ ਨੂੰ ਸਾਹਿਤਕ ਰੂਪ ਦਿੰਦੀ ਹੈ। ਵਿਗਿਆਨਕ ਭਾਸ਼ਾ ਹੀ ਸਾਹਿਤਕ ਭਾਸ਼ਾ ਹੁੰਦੀ ਹੈ ਅਤੇ ਇਸ ਭਾਸ਼ਾ ਵਿਚਲੇ ਮਾਨਵ-ਵਾਦੀ, ਸਮਾਜ-ਸੁਧਾਰਕ ਅਤੇ ਸੱਭਿਆਚਾਰਕ ਵਿਸ਼ੇ ਹੀ ਕਹਾਣੀ ਨੂੰ ਕਲਾਤਮਿਕ, ਸਾਹਿਤਕ ਅਤੇ ਵਿਆਪਕ ਕਹਾਣੀ ਬਣਾ ਸਕਦੇ ਹਨ। ਸੰਤੋਖ ਧਾਲੀਵਾਲ ਦੇ ਕਹਾਣੀ ਸੰਗ੍ਰਹਿ ‘ਤੇ ਕਾਨੂ ਮਰ ਗਿਆ’ ਦੀਆਂ ਕਹਾਣੀਆਂ ਨੂੰ ਉਪ੍ਰੋਕਤ ਕਸਵੱਟੀਆਂ ਉਪਰ ਪਰਖ ਕੇ ਆਪਣੇ ਵਿਚਾਰ ਲਿਖਾਗਾਂ ਕਿ ਕਹਾਣੀਆਂ ਦੀ ਸਾਹਿਤਕ ਮਹਤੱਤਾ ਕਿਹੜੇ ਫਰਮੈਟ ਦੀ ਵਲੱਗਣ ਵਿਚ ਆਉਂਦੀ ਹੈ।

ਸਫ਼ਲ, ਸਮਰੱਥ ਅਤੇ ਸਥਾਪਤ ਕਹਾਣੀਕਾਰ ਸੰਤੋਖ ਧਾਲੀਵਾਲ ਦੇ ਪਹਿਲਾਂ ਦੋ ਕਹਾਣੀ ਸੰਗ੍ਰਹਿ ਅਤੇ ਦੋ ਕਾਵਿ ਸੰਗ੍ਰਹਿ ਇਕ ਸੰਪਾਦਤ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਉਸਨੇ ਦੋ ਨਾਵਲ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ ਹਨ। ਸੰਤੋਖ ਇਕ ਤ੍ਰੈ-ਮਾਸਿਕ ਮੈਗ਼ਜ਼ੀਨ ‘ਪ੍ਰਵਚਨ’ ਵੀ ਲਗਾਤਾਰ ਬੁੱਧੀਜੀਵੀ ਪਾਠਕਾਂ ਦੀ ਰੂਹ ਦੀ ਖੁਰਾਕ ਵਾਸਤੇ ਛਾਪ ਰਿਹਾ ਹੈ। ‘ਤੇ ਕਾਨੂ ਮਰ ਗਿਆ’ ਸੰਤੋਖ ਧਾਲੀਵਾਲ ਦਾ ਤੀਜਾ ਕਹਾਣੀ ਸੰਗ੍ਰਹਿ ਹੈ।

ਪਲਾਟ ਕਹਾਣੀ ਵਿਚ ਦਰਜ ਸਾਰੀਆਂ ਘਟਨਾਵਾਂ ਦੀ ਪੀਂਡੀ ਗੋਂਦ ਨੂੰ ਕਹਿੰਦੇ ਹਨ। ਬੁਨਿਆਦੀ ਤੌਰ ਉਪਰ ਪਲਾਟ ਜਿਵੇਂ ਕਹਾਣੀ ਵਿਚ ਕਥਾਨਕ, ਗੋਂਦ, ਖਾਕਾ ਜਾਂ ਰੂਪ-ਰੇਖਾ ਨੂੰ ਚਿਤੰਤ ਕਰਨਾ ਹੁੰਦਾ ਹੈ। ‘ਤੇ ਕਾਨੂ ਮਰ ਗਿਆ’ ਕਹਾਣੀ ਸਮਾਲੀਆਂ ਦੀ ਰਾਜਧਾਨੀ ਮੋਗਾਡਿਸੂ ਤੋਂ ਵੀਹ ਕੁ ਮੀਲ ਦੂਰ ਸਥਿੱਤ ਇਕ ਪਿੰਡ ਵਿਚ ਲੱਗੇ ਕੈਂਪ ਵਿਚ ਅਰੰਭ ਹੁੰਦੀ ਹੈ ਅਤੇ ਕੈਂਪ ਵਿਚ ਹੀ ਕਹਾਣੀ ਦਾ ਅੰਤ ਹੁੰਦਾ ਹੈ। ਦ੍ਰਿਸ਼ ਚਿਤਰਣ ਦਸਦਾ ਹੈ ਕਿ ਹੁਣ ਇਹ ਪਿੰਡ ਇਕ ਨਾਮ ਦਾ ਹੀ ਪਿੰਡ ਰਹਿ ਗਿਆ ਹੈ। ਅਮਰੀਕਨ ਫੌਜਾਂ ਜੋ ਵਸਿ਼ੰਦਿਆਂ ਦੀ ਮੱਦਦ ਵਾਸਤੇ ਮੁਲਕ ਵਿਚ ਦਾੜ ਦਾੜ ਕਰਦੀਆਂ ਫਿਰਦੀਆਂ ਹਨ ਇਹ ਉਨ੍ਹਾਂ ਦੇ ਹੀ ਜੁਲਮ ਨਾਲ ਪਿੰਡ ਉਜੜਿਆ ਹੈ। ‘ਸੇਵ ਦਾ ਚਿਲਡਰਨ’ ਚੈਰਿਟੀ ਵਲੋਂ ਕਰੈਸਟੀਨਾ ਟੀ ਵੀ ਉਪਰ ਪਏ ਉਜਾੜੇ ਨੂੰ ਵੇਖ ਕੇ ਕੈਂਪ ਵਿਚ ਦਸ ਸਾਲਾਂ ਤੋਂ ਛੋਟੇ ਬੱਚਿਆਂ ਦੀ ਸਿਹਤਯਾਬੀ ਵਾਸਤੇ ਉਸ ਕੈਂਪ ਵਿਚ ਮੁਖ ਪ੍ਰਬੰਧਕ ਬਣ ਕੇ ਚਲੇ ਜਾਂਦੀ ਹੈ। ਪਾਠਕਾਂ ਦੀਆਂ ਅੱਖਾਂ ਸਾਹਮਣੇ ਨਿੱਤ ਬੱਚੇ ਮਰਦੇ ਵਿਖਾਏ ਗਏ ਹਨ। ਅਮਰੀਕਨ ਫੌਜੀ ਜੋ ਚੈਰਿਟੀ ਵਾਸਤੇ ਦੁਆਈਆਂ ਅਤੇ ਹੋਰ ਲੋੜੀਂਦਾ ਸਮਾਨ ਕੈਂਪ ਵਿਚ ਪਹੁੰਚਦਾ ਕਰਦੇ ਹਨ। ਉਸ ਸਾਮਾਨ ਨੂੰ ਰਸਤੇ ਵਿਚ ਹੀ ਆਪਣੇ ਮੁਨਾਫ਼ੇ ਵਾਸਤੇ ਹੈਂਕੜ ਵਿਖਾ ਕੇ ਚੋਰੀ ਕਰਕੇ ਵੇਚਦੇ ਜ਼ਾਹਰ ਹੁੰਦੇ ਹਨ। ਕਰੈਸਟੀਨਾ ਉਨ੍ਹਾਂ ਦੀ ਚੋਰੀ ਫ਼ੜ ਕੇ ਕਹਿੰਦੀ ਹੈ, ‘ਤੁਹਾਨੂੰ ਸ਼ਰਮ ਨਹੀਂ ਆਉਂਦੀ, ਬਾਹਰ ਭੁੱਖ ਤੇ ਬੀਮਾਰੀ ਨਾਲ ਮਰ ਰਹੀਆਂ ਭੋਰਾ ਭੋਰਾ ਜਾਨਾਂ ਤੇ ਵੀ ਤਰਸ ਨਹੀਂ ਆਉਂਦਾ। ਉਨ੍ਹਾਂ ਦੀਆਂ ਅੱਖਾਂ ‘ਚ ਝਾਕਿਆਂ ਕਦੀ? ਉਨ੍ਹਾਂ ਦੀਆਂ ਮਾਵਾਂ ਦੀ ਬੇਵਸੀ ਤੇ ਆਪਣੇ ਢਿੱਡ ਦੀਆਂ ਆਂਦਰਾਂ ਲਈ ਵਿਲਕ ਮਹਿਸੂਸੀ ਹੈ ਕਦੀ? ਤੁਸੀਂ ਆਪਣੇ ਢਿੱਡ ਵਧਾਈ ਫਿਰਦੇ ਹੋ। ਤੁਹਾਡੇ ਤੇ ਤਾਂ ਇਸ ਕਾਲ ਤੇ ਭੁੱਖਮਰੀ ਦਾ, ਇਸ ਭਿਆਨਕ ਖ਼ਾਨਾਜੰਗੀ ਦਾ ਤਾਂ ਕੋਈ ਅਸਰ ਹੋਇਆ ਨਹੀਂ ਲਗਦਾ।’
 
ਇਸ ਕਹਾਣੀ ਵਿਚ ਮੁਖ ਘਟਨਾ ਇਕ ਬੱਚੇ ‘ਕਾਨੂ’ ਦੀ ਮੌਤ ਦਾ ਕਾਰਨ ਇਲਾਜ ਦੀਆਂ ਸੁਵਧਾਵਾਂ ਦਾ ਨਾ ਮਿਲਣਾ ਹੈ। ਇਸ ਦੇ ਨਾਲ ਨਾਲ ਅਮਰੀਕੀ ਫੌਜਾਂ ਦੀ ਹੈਂਕੜਬਾਜ਼ੀ, ਉਨ੍ਹਾਂ ਦਾ ਸਮਾਲੀਆਂ ਦੀਆਂ ਸੁੰਦਰ ਕੁੜੀਆ ਨੂੰ ਰੇਪ ਕਰਨਾ, ਅੰਤਰ-ਰਾਸ਼ਟਰੀ ਭ੍ਰਿਸ਼ਟਤਾ ਅਤੇ ਕੈਂਪ ਵਿਚ ਕਰੈਸਟੀਨਾ ਦੀਆਂ ਸਵੈ ਇੱਛਕ ਗਤੀਵਿੱਧੀਆਂ ਬੜੀ ਪੀਂਡੀ ਗੋਂਦ ਨਾਲ ਪੜ੍ਹਨ ਵਾਸਤੇ ਮਿਲਦੀਆਂ ਹਨ। ਕਾਨੂ ਦੀ ਮਾਂ ਨੂੰ ਅਮਰੀਕਣ ਫੌਜੀ ਉਧਾਲ ਕੇ ਲੈ ਜਾਂਦੇ ਹਨ। ਵਰਨਣਕਾਰ ਨੂੰ ਕਾਨੂ ਦਾ ਬਾਬਾ ਦਸਦਾ ਹੈ ਕਿ ਕਿ ਕਾਨੂ ਦੀ ਮਾਂ ਬਹੁਤ ਅਣਖ ਵਾਲੀ ਔਰਤ ਹੈ। ਉਸਦਾ ਰੇਪ ਹੋਵੇ ਉਸ ਤੋਂ ਪਹਿਲਾਂ ਉਹ ਮਰ ਜਾਵੇਗੀ। ਇਹ ਸਤਰਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਕਾਨੂ ਦੀ ਮਾਂ ਦਾ ਅਮਰੀਕਨ ਫੌਜਾਂ ਵਲੋਂ ਰੇਪ ਨਹੀਂ ਹੋਇਆ ਹੋਵੇਗਾ ਅਤੇ ਕਹਾਣੀਕਾਰ ਨੇ ਅਜਿਹੀਆਂ ਸਤਰਾਂ ਨਾਲ ਕਾਨੂ ਦੀ ਮਾਂ ਦਾ ਨਿੱਗਰ ਚਰਿਤਰ ਵਿਖਾਇਆ ਹੈ। ਇਹ ਕਹਾਣੀ ਵਕਰ ਤੌਰ ਉਪਰ ਇਸ ਗੱਲ ਦਾ ਵੀ ਸੰਕੇਤ ਕਰਦੀ ਹੈ ਕਿ ਸਮਾਲੀਆਂ ਦੇ ਸਮੁੰਦਰੀ ਡਾਕੂਆਂ ਪਿਛੇ ਮੁਨਾਫ਼ਾਖੋਰ ਅਮਰੀਕੀ ਫੌਜੀਆਂ ਦਾ ਵੀ ਹੱਥ ਹੋ ਸਕਦਾ ਹੈ।
 
‘ਸਪਰਮ ਡੋਨਰ’ ਕਹਾਣੀ ਵਿਚ ਸਾਰੀ ਦਿਹਾੜੀ ਦਾ ਥੱਕਾ ਟੁੱਟਾ ਇਕ ਬੇਰੁਜ਼ਗਾਰ ਵਿਅਕਤੀ ‘ਕਲਿਫ’ ਜਦ ਘਰ ਪਹੁੰਚ ਕੇ ਵਿਸਰਾਮ ਕਰਦਾ ਬੀਅਰ ਪੀਣ ਲਗਦਾ ਹੈ ਤਾਂ ਟੈਲੀਫੂਨ ਖੜਕ ਪੈਂਦਾ ਹੈ। ਅਗਿਓ ‘ਸਟੀਵਨ ਪੈਟਰਸਨ’ ਬੋਲਦਾ ਕਹਿੰਦਾ ਹੈ, ‘ਇਹ ਮੈਨੂੰ ਪਤਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਪਤਾ ਕਰ ਲਿਆ ਹੈ ਕਿ ਮੈਂ ਤੁਹਾਡਾ ਪੁੱਤਰ ਹਾਂ। ਵਿਆਹ ਤੋਂ ਨਹੀਂ, ਤੁਸੀਂ ਮੇਰੇ ਸਪਰਮ ਡੋਨਰ ਹੋ।’
 
ਦਾਨ ਕੀਤੇ ਕਿਸੇ ਮਨੁੱਖ ਦੇ ਸ਼ੁਕਰਾਣੂਆਂ ਨਾਲ ਕਿਸੇ ਬੇਔਲਾਦ ਔਰਤ ਨੂੰ ਗਰਭਵਤੀ ਕਰ ਦੇਣਾ ਇਕ ਵਿਗਿਆਨਕ ਕਾਂਢ ਹੈ। ‘ਸਪਰਮਜ਼ ਡੋਨਰ’ ਤੋਂ ਪੈਦਾ ਹੋਇਆ ਬੱਚਾ ਆਪਣੇ ਡੋਨਰ ਬਾਰੇ ਅਠਾਰਾਂ ਸਾਲ ਦੀ ਉਮਰ ਹੋ ਜਾਣ ਮਗਰੋਂ ਪੁਛ ਪੜਤਾਲ ਕਰ ਸਕਦਾ ਹੈ।  ‘ਕਲਿਫ’ ਨੇ ਕਦੇ ਆਪਣੇ ਸ਼ੁਕਰਾਣੂ ਪੰਜਾਹ ਪੌਂਡ ਵਿਚ ਦਾਨ ਕੀਤੇ ਸਨ। ਆਪਣੀ ਵਿਤਰੇਕਤਾ ਨੂੰ ਹੰਢਾਉਣ ਵਾਸਤੇ ਕਲਿਫ ਪੱਬਾਂ ਵਿਚ ਵੇਖੇ ਹੋਏ ਲੈਜ਼ਬੀਅਨ ਅਤੇ ਗੇਅ ਸਮਲਿੰਗੀ ਪ੍ਰੇਮ ਦੇ ਦ੍ਰਿਸ਼ਾਂ ਦਾ ਪੂਰਬ ਦ੍ਰਿਸ਼ਟਾਂਤ ਫੂਨ ਸੁਣਨ ਤੋਂ ਬਾਅਦ ਦੁਹਰਾਉਦਾ ਹੈ। ਇਹ ਦ੍ਰਿਸ਼ਟਾਂਤ ਇਸ ਮੁੱਖ ਘਟਨਾ ਦੇ ਕਲੇਵਰ ਵਿਚ ਕਲਿਫ ਦੀ ਵਿਤਰੇਕਤਾ ਨੂੰ ਪ੍ਰਗਾਉਟੀ ਉਸਦੀ ਮਾਂ ਦਾ ਯਾਰ ਹੰਢਾਉਣ ਵਾਂਗ ਕਹਾਣੀ ਵਿਚ ਵਾਧੂ ਖਿਲਾਰ ਨਹੀਂ ਹੈ ਕਿਉਂਕਿ ਇਹ ਇਕ ਅਨੋਖੀ ਘਟਨਾ ਹੈ ਕਿ ਸਟੀਵਨ ਦੀ ਲੈਜ਼ਬੀਅਨ ਮਾਂ ਕਲਿਫ ਦੇ ਸਪਰਮ ਨਾਲ ਗਰਭਵਤੀ ਹੋ ਜਾਂਦੀ ਹੈ। ਸਟੀਵਨ ਅਤੇ ਕਲਿਫ ਦੀਆਂ ਪੱਬਾਂ ਵਿਚ ਮਿਲਣੀਆਂ ਨੂੰ ਵੀ ਕਈ ਵਾਰ ‘ਫਲੈਸ਼-ਬੈਕ’ ਕਰਦਾ ਹੈ। ਮੁਖ ਘਟਨਾ ਦੀ ਪੁਸ਼ਟੀ ਵਾਸਤੇ ਸ਼ੁਕਰਾਣੂਆਂ (ਸਪਰਮਜ)਼ ਨੂੰ ਦਾਨ ਕਰਨ ਦੀਆਂ ਕਈ ਅਧੁਨਿਕ ਵਿਧੀਆ, ਪਾਬੰਦੀਆਂ ਅਤੇ ਕਈ ਹੋਰ ਕਾਨੂੰਨੀ ਮਸ਼ਵਰਿਆਂ ਬਾਰੇ ਵਾਕਫੀਅਤ ਦਰਸਾਉਣ ਵਾਲੀਆਂ ਘਟਨਾਵਾਂ ਦਾ ਪੁਨਰ ਦ੍ਰਿਸ਼ਟਾਂਤ ਕਹਾਣੀਕਾਰ ਆਪ ਵਰਨਣਕਾਰ ਹੋ ਕੇ ਕਰਦਾ ਹੈ ਅਤੇ ਅਦਾਰਿਆ ਬਾਰੇ ਜਾਣਕਾਰੀ ਦੇਣ ਵਾਲੇ ਕਥਾਨਕ ਲਿਖਣ ਨਾਲ ਵੀ ਕਹਾਣੀ ਦੇ ਸੁਜੇਤ ਦੀ ਗੋਂਦ ਵਿਚ ਢੇਹਲ ਨਹੀਂ ਆਉਦੀ ਅਤੇ ਪਾਠਕ ਕਹਾਣੀ ਨਾਲ ਜੁੜਿਆ ਰਹਿੰਦਾ ਹੈ। ਅਜਿਹੀ ਵਾਕਫੀਅਤ ਸਗੋਂ ਵਿਘਨਕਾਰਕ ਪਾਠਕਾਂ ਵਾਸਤੇ ਲਾਭਕਾਰੀ ਹੈ। ਉਸਦਾ ਸ਼ੁਕਰਾਣੂਆਂ ਦੇ ਵਿਸਰਜਨ ਕਰਨ ਦਾ ਕਾਰਜ ਪ੍ਰਬੰਧਕਾਂ ਦੀਆਂ ਨੀਤੀਆਂ ਅਨੁਸਾਰ ਭਾਵੇਂ ਅਸ਼ਲੀਲ ਹੋ ਸਕਦਾ ਹੈ ਅਤੇ ਇਹ ਹੈ ਵੀ ਕੁਦਰਤੀ ਇਸ ਕਾਰਜ ਨੂੰ ਹੋਰ ਕਿਸੇ ਢੰਗ ਨਾਲ ਦਰਸਾਇਆ ਵੀ ਨਹੀਂ ਜਾ ਸਕਦਾ ਸੀ ਪਰ ਜਿਸ ਸ਼ਬਦਾਵਲੀ ਨੂੰ ਵਰਤ ਕੇ ਕਹਾਣੀਕਾਰ ਇਸ ਦ੍ਰਿਸ਼ ਨੂੰ ਜਿਸ  ਵੱਖਰੇ ਢੰਗ ਨਾਲ ਚਿਤਰਦਾ ਲਿਖਦਾ ਹੈ ਉਹ ਭਾਸ਼ਾ ਅਸ਼ਲੀਲ ਨਹੀਂ ਹੈ,‘ਰੀਸਪੈਸ਼ਨੈਸ਼ਟ ਕੁੜੀ ਮੁਸਕੜੀਏਂ ਹਸਦੀ ਬੜੇ ਤਪਾਕ ਨਾਲ ਮਿਲੀ। ਉਸਦੇ ਸਾਰੇ ਜ਼ਰੂਰੀ ਕਾਗਜ਼ ਤਿਆਰ ਸਨ। ਉਸਤੋਂ ਦਸਤਖ਼ਤ ਕਰਵਾ ਕੇ ਉਸਨੂੰ ਉਸ ਕਮਰੇ ‘ਚ ਇਕ ਟਿਊਬ ਦੇ ਕੇ ਵਾੜ ਗਈ ਜਿਥੇ ਅੱਜ ਪਹਿਲੀ ਵਾਰ ਸਪਰਮ ਡੋਨਰ ਬਨਣਾ ਸੀ। ਕਮਰਾ ਉਕਸਾਊ ਤੇ ਭੜਕਾਊ ਤਸਵੀਰਾਂ ਨਾਲ ਸਜਾਇਆ ਹੋਇਆ ਸੀ। ਵੱਡੀ ਸਕਰੀਨ ਤੇ ਬਲੂ ਫਿ਼ਲਮ ਚਲਣ ਲਗੀ। ਕਮਰੇ ਦੇ ਉਕਸਾਊ ਸਜਾਵਟ ਤੇ ਬਲੂ ਫਿ਼ਲਮ ਵੇਖਦਿਆਂ ਉਹ ਝੱਟ ਤਿਆਰ ਹੋ ਗਿਆ ਤੇ ਕੁਝ ਹੀ ਪਲਾਂ ‘ਚ ਉਸਨੇ ਆਪਣੇ ਸਪਰਮ ਦਿਤੀ ਹੋਈ ਟਿਊਬ ‘ਚ ਢੇਰ ਕਰ ਦਿਤੇ।’ ਧਾਲੀਵਾਲ ਦੀ ਵਿਗਿਆਨਕ ਭਾਸ਼ਾ ਹੀ ਇਸ ਕਹਾਣੀ ਨੂੰ ਸਾਹਿਤਕ ਰੂਪ ਦਿੰਦੀ ਹੈ।
 
ਬੇਰੁਜ਼ਗਾਰ ਕਲਿਫ਼ ਇਸ ਗਲੋਂ ਡਰਦਾ ਹੈ ਕਿ ਉਸਦਾ ਸਪਰਮ ਡੋਨਰ ਪੁੱਤਰ ਉਸ ਉਪਰ ਭਾਰ ਨਾ ਬਣ ਜਾਵੇ ਅਤੇ ਇਕ ਦਿਨ ਪੱਬ ਵਿਚੋਂ ਵਿਦਾ ਹੋਣ ਵੇਲੇ ਉਸਨੂੰ ਪੰਜਾਹ ਪੌਂਡ ਦਾ ਨੋਟ ਫੜਾਉਦਾ ਹੈ ਪਰ ਸਟੀਵਨ ਪੰਜਾਹਾ ਦੇ ਨੋਟ ਨੂੰ ਨਾ ਲੈਂਦਾ ਹੋਇਆ ਬਾਹਰ ਨਿਕਲ ਜਾਂਦਾ ਹੈ। ਕਲਿਫ ਆਪਣੇ ਹੱਥ ਵਿਚ ਉਹੀ ਪੰਜਾਹ ਪੌਂਡ ਦਾ ਨੋਟ ਲੈ ਕੇ ਸਟੀਵਨ ਦਾ ਪਿੱਛਾ ਕਰਦਾ ਕਾਰ ਹੇਠਾਂ ਆ ਜਾਂਦਾ ਹੈ। ਇਸ ਦ੍ਰਿਸ਼ ਨੂੰ ਕਹਾਣੀਕਾਰ ਬੜੇ ਹੀ ਨਾਟਕੀ ਢੰਗ ਨਾਲ ਪੇਸ਼ ਕਰਦਾ ਹੈ, ‘ਡੈਡ---। ਸਟੀਵਨ ਨੇ ਵਿਲਕਦੇ ਨੇ ਮਸਾਂ ਕਿਹਾ।
‘ਸਟੀਵਨ-ਆਹ ਲੈ ਲੈ।’ ਫੱਟਾਂ ਕਾਰਨ ਬੇਹੋਸ਼ੀ ਵਲ ਨੂੰ ਸਰਕ ਰਹੇ ਕਲਿਫ ਨੇ ਪੰਜਾਹਾਂ ਦਾ ਨੋਟ ਉਸਦੇ ਹੱਥ ‘ਚ ਥਮਾਉਦਿਆਂ ਟੁੱਟੀ ਆਵਾਜ਼ ਮਸਾਂ ਕਿਹਾ।’
 
ਸਟੀਵਨ ਉਸ ਦੇ ਹੱਥੋਂ ਪੰਜਾਹਾਂ ਦੇ ਨੋਟ ਨੂੰ ਫੜ ਲੈਂਦਾ ਹੈ। ਕਹਾਣੀਕਾਰ ਉਸਦੀ ਮੌਤ ਬਾਰੇ ਇੰਝ ਲਿਖਦਾ ਹੈ, ‘ਉਸਦੀਆਂ ਅੱਖਾਂ ‘ਚ ਬੁਝ ਰਹੀ ਲਾਟ ਨੇ ਆਖਰੀ ਹਿਚਕੀ ਲਈ। ਸ਼ਾਇਦ ਉਸਦੀ ਆਤਮਾ ਆਪਣੇ ਸਪਰਮਾਂ ਦੇ ਪੰਜਾਹ ਪੌਂਡਾਂ ਦੇ ਲਏ ਇਵਜ਼ਾਨੇ ਨੂੰ ਮੋੜ ਕੇ ਏਸ ਕਰਜ਼ੇ ਤੋਂ ਸੁਰਖਰੂ ਹੋ ਗਈ ਸੀ।’
 
‘ਸਪਰ-ਡੋਨਰ’ ਕਹਾਣੀ ਦੁਖਾਂਤਕ ਇਸ ਕਰਕੇ ਹੈ ਕਿ ਸਾਰੀ ਉਮਰ ਵਿਤਰੇਕਤਾ ਨੂੰ ਹੰਢਾਉਦੇ ਕਲਿਫ ਦਾ ਮੇਲ ਜਦ ਆਪਣੇ ਸਪਰਮ ਡੋਨਰ ਪੁੱਤਰ ਨਾਲ ਹੁੰਦਾ ਹੈ ਤਾਂ ਉਹ ਐਕਸੀਡੈਂਟ ਨਾਲ ਮਰ ਜਾਂਦਾ ਹੈ।
 
ਪ੍ਰਾਅਧਿਆਪਕ ‘ਸਵਰਨ’ ਸਿੰਟਿੰਗ-ਰੂਮ ਦੀ ਬਾਰੀ ਮੂਹਰੇ ਬੈਠਾ ਘੰਟਿਆ ਬੱਧੀ ਸੜਕ ਉਤਲੀ ਭੀੜ ਨੂੰ ਨਿਹਾਰਦਾ ਖਿਝ ਕੇ ਗਾਲ ਕੱਢ ਕੇ ਕਹਿੰਦਾ ਹੈ, ‘ਇਹ ਦੁਨੀਆਂ ਭੈਣ ਦੇਣੀ ਪਤਾ ਨਹੀਂ ਕਿੱਧਰ ਨੂੰ ਭੱਜੀ ਜਾਂਦੀ ਹੈ। ਨਾ ਇਸ ਦੀ ਕੋਈ ਦਿਸ਼ਾ ਨਾ ਮੰਜ਼ਲ। ਬਸ ਐਵੇਂ ਇਕ ਦੂਜੇ ‘ਚ ਵਜਦੇ ਫਿਰਦੇ ਹਨ, ਮੇਰੇ ਸਾਲੇ ਦੇ।’ 
 
ਯੂਨੀਵਰਸਿੱਟੀ ਦੇ ਪ੍ਰਾਅਧਿਆਪਕ ਦੇ ਮੂੰਹੋਂ ਗਾਲ੍ਹਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਉਹ ਇਸ ਸਮਾਜ ਤੋਂ ਕਿੰਨਾ ਦੁਖੀ ਹੋ ਚੁੱਕਾ ਹੈ। ਇਕ ਗਲੋਂ ਉਸਦਾ ਗੁੱਸਾ ਠੀਕ ਵੀ ਹੈ। ਉਸ ਨਾਲ ਪੜ੍ਹਦੀ ਇਕ ਵੈਸਟ ਇੰਡੀਅਨ ਕੁੜੀ ‘ਕੈਰਲ’ ਕਈ ਸਾਲ ਉਸਦੀਆਂ ਰੰਗੀਨ ਰਾਤਾਂ ਕਰਕੇ ਉਸ ਨੂੰ ਸਦਾ ਲਈ ਛੱਡ ਕੇ ਅਮਰੀਕਾ ਰਹਿਣ ਚਲੇ ਗਈ ਸੀ। ਉਹ ਵੀ ਜੁਆਨ ਸੀ ‘ਕੈਰਲ’ ਵਲੋਂ ਉਸ ਨਾਲ ਸਾਂਝ ਬਣਾਉਣ ਵਾਲੇ ਪ੍ਰਸਤਾਵਾਂ ਨੂੰ ਠੁਕਰਾ ਨਾ ਸਕਿਆ। ਹੁਣ ਉਸ ਦੀ ਇਕ ਮਟਿਆਰ ਵਿਦਿਆਰਥਣ ਜਸਕਿਰਨ ਉਸ ਨੂੰ ਆਪਣਾ ਬਣਾਉਣ ਵਾਸਤੇ ਪ੍ਰਸਤਾਵ ਦੇਣ ਲੱਗੀ ਤਾਂ ਉਸ ਦੇ ਅੱਗੇ ਅਧਿਆਪਕ ਅਤੇ ਵਿਦਿਆਰਥਣ ਦੀ ਸਮੱਸਿਆਂ ਨੇ ਸਵਰਨ ਨੇ ਜਸਕਿਰਨ ਦਾ ਦਿਲ ਤੋੜ ਦਿਤਾ। ਜਸਕਿਰਨ ਦੇ ਮੂੰਹ ਉਪਰੋਂ ਚੋ ਚੋ ਪੈਂਦਾ ਰੂਪ ‘ਅਸਲਮ’ ਨਾਮੀ ਇਕ ਮੁਸਲਮਾਨ ਮੁੰਡਾ ਡੀਕਾਂ ਲਾ ਕੇ ਬੁੱਕੀ ਪੀ ਕੇ ਰੱਜਣ ਬਾਅਦ ਗਰਭਵਤੀ ਜਸਕਿਰਨ ਨੂੰ ਮਲੇਸ਼ੀਆ ਵਿਚ ਕਿਸੇ ਦੇਹ ਵਿਪਾਰ ਕਰਨ ਵਾਲੇ ਗੈਂਗ ਨੂੰ ਵੇਚ ਆਉਦਾ ਹੈ। ਕਹਾਣੀ ਦੇ ਵਹਾਇਕ ਸਮੇਂ ਅਨੁਸਾਰ ਦੇਹ ਵਿਪਾਰ ਕਰਨ ਵਾਲੇ ਇਕ ਗਰਭਵਤੀ ਔਰਤ ਜਸਕਿਰਨ ਨੂੰ ਕਿਵੇਂ ਮੁਲ ਲੈਂਦੇ ਹਨ? ਇਹ ਕਥਾਨਕ ਕੁਝ ਗੈਰ-ਕੁਦਰਤੀ ਲਗਦਾ ਹੈ। ਉਥੋਂ ਬਚ ਨਿਕਲੀ ਜਸਕਿਰਨ ਦੀ ਚਰਚਾ ਅਖ਼ਬਾਰਾਂ, ਰੇਡੀਓ ਅਤੇ ਟੀ ਵੀ ਉਪਰ ਛਿੜਦੀ ਹੈ। ਪ੍ਰੋ: ਸਵਰਨ ਦਾ ਸਮਾਜਕ ਦਿਲ ਜਾਗ ਉਠਦਾ ਹੈ ਅਤੇ ਜਸਕਿਰਨ ਦਾ ਗਰਭਵਤੀ ਹੁੰਦਿਆ ਹੋਇਆ ਵੀ ਉਸਦੇ ਮਾਪਿਆਂ ਨੂੰ ਉਸ ਨਾਲ ਵਿਆਹ ਰਚਾਉਣ ਵਾਸਤੇ ਸ਼ਰਤ ਰੱਖ ਦਿੰਦਾ ਹੈ ਕਿ ਉਸ ਨੂੰ ਇਹ ਯੂਨੀ ਛੱਡਣੀ ਪਏਗੀ। ਜਸਕਿਰਨ ਉਸ ਦੇ ਇਸ ਪ੍ਰਸਤਾਵ ਨੂੰ ਨਿਕਾਰਦੀ ਗਰਭਪਾਤ ਕਰਨਾ ਚਹੁੰਦੀ ਹੈ। ਪ੍ਰੋ: ਸਵਰਨ ਕਹਿੰਦਾ ਹੈ, ‘ਮੈਂ ਆਪਣੀ ਗਲਤੀ ਤੇ ਪਛਤਾ ਰਿਹਾਂ ਹਾਂ ਜਸਕਿਰਨ।’
 
‘ਨਹੀਂ ਪ੍ਰੋ: ਸਾਹਿਬ ਤੁਸੀਂ ਮੇਰੇ ਤੇ ਅਹਿਸਾਨ ਕਰ ਰਹੇ ਹੋ। ਵਿਆਹੁਤਾ ਜਿ਼ੰਦਗੀਆਂ ਦੇ ਮਹਿਲ ਉਸਾਰਨ ਲਈ ਅਹਿਸਾਨਾਂ ਦੀਆਂ ਨੀਹਾਂ ਬਹੁਤ ਕਮਜ਼ੋਰ ਹੁੰਦੀਆਂ ਹਨ। ਇਨ੍ਹਾਂ ਤੇ ਮੈਂ ਆਪਣੇ ਭਵਿੱਖ ਦਾ ਮਹਿਲ ਨਹੀਂ ਉਸਾਰ ਸਕਾਂਗੀ। ਮੈਨੂੰ ਇਨ੍ਹਾਂ ਕਮਜ਼ੋਰ ਨੀਹਾਂ ਦੇ ਹਮੇਸ਼ਾ ਨਿਘਰ ਜਾਣ ਦਾ ਤੌਖਲਾ ਲੱਗਾ ਰਹੇਗਾ।’
 
ਪ੍ਰੋ: ਸਵਰਨ ਫੇਰ ਇੱਕਲਾ ਹੋ ਜਾਂਦਾ ਹੈ। ਇਹ ਕਹਾਣੀ ਪ੍ਰੋ: ਸਵਰਨ ਦੇ ਸਿੰਟਿੰਗਰੂਮ ਵਿਚ ਹੀ ਸ਼ੁਰੂ ਹੁੰਦੀ ਹੈ ਅਤੇ ਸਵਰਨ ਦੀਆਂ ਆਪਣੇ ਆਪ ਨੂੰ ਸ਼ਰਮਿੰਦਗੀ ਭਰੀ ਲਾਹਨਤ ਪਾਉਣ ਨਾਲ ਹੀ ਖ਼ਤਮ ਹੋ ਜਾਂਦੀ ਹੈ।
 
 ‘ਨਵਾਂ-ਘਰ’ ਰੀਤੂ ਅਤੇ ਮੀਨੂੰ ਦੇ ਸਮਲਿੰਗੀ ਰਿਸ਼ਤਿਆਂ ਦੀ ਕਹਾਣੀ ਹੈ। ਦੋਵੇਂ ਇਕੋ ਜਿਹੀ ਵਰਦੀ ਪਹਿਨਦੀਆਂ ਹਨ। ਇਕੋ ਜਿਹੀ ਪੜ੍ਹਾਈ ਕਰਦੀਆਂ ਹਨ। ਟਿਚ ਬਟਨਾਂ ਦੀ ਜੋੜੀ ਵਾਂਗ ਹਰ ਵੇਲੇ ਇਕੋ ਹੀ ਹੋਈਆਂ ਰਹਿੰਦੀਆਂ ਹਨ। ਯੂਨੀਵਰਸਿਟੀ ਪੜ੍ਹਨ ਗਈਆਂ ਖੁਲ੍ਹੇ ਅਸਮਾਨ ਵਿਚ ਉਡਾਰੀਆਂ ਲਾਉਂਦੀਆਂ ਹਨ। ਮੀਨੂੰ ਦੇ ਬਾਪ ਦੀ ਮੌਤ ਹੋ ਚੁੱਕੀ ਹੁੰਦੀ ਹੈ ਅਤੇ ਉਸਦਾ ਮਾਮਾ ਉਸ ਲਈ ਵਰ ਟੋਲ੍ਹ ਲੈਂਦਾ ਹੈ। ਉਸਦੀ ਮਾਂ ਬਿਮਾਰੀ ਦਾ ਬਹਾਨਾ ਲਾ ਉਸ ਨੂੰ ਯੂਨੀ ਤੋਂ ਘਰ ਬੁਲਾ ਲੈਂਦੀ ਹੈ। ਉਨ੍ਹਾਂ ਦੇ ਘਰ ਆਇਆ ਸਤੀਸ਼ ਮੀਨੂੰ ਦੇ ਪਸੰਦ ਇਸ ਕਰਕੇ ਆ ਜਾਂਦਾ ਹੈ ਕਿ ਉਹ ‘ਗੇਅ’ ਹੈ। ਉਹ ਦੋਵੇਂ ਪਰਜਾਤੀ ਵਿਆਹਾਂ ਵਿਚ ਜ਼ਕੀਨ ਨਹੀਂ ਰਖਦੇ। ਉਧਰ ਯੂਨੀ ਵਿਚ ਰੀਤੂ ਦੀ ਕੁਲਵੀਰ ਨਾ਼ਲ ਪੀਡੀਂ ਸਾਂਝ ਪੈ ਜਾਂਦੀ ਹੈ। ਰੀਤੂ ਨੂੰ ਹੁਣ ਮੀਨੂੰ ਦੀ ਗੱਲਵਕੜੀ ਵਿਚ ਕੋਈ ਨਿੱਘ ਨਾ ਆਉਦਾ। ਔਰਤ ਵਾਸਤੇ ਮਨੁੱਖ ਦੀ ਲੋੜ ਬਾਰੇ ਕਹਾਣੀਕਾਰ ਨੇ ਬਾਖੂਬੀ ਪ੍ਰਗਟਾਇਆ ਹੈ। ਰੀਤੂ ਕੁਲਵੀਰ ਵਾਲੇ ਫਲੈਟ ਵਿਚ ਕਮਰਾ ਕਿਰਾਏ ਉਪਰ ਲੈ ਲੈਂਦੀ ਹੈ। ਮੀਨੂੰ ਨੇ ਸਤੀਸ਼ ਨੂੰ ਇਹ ਸਾਰੀ ਵਾਰਤਾ ਦੱਸੀ ਅਤੇ ਸਤੀਸ਼ ਉਸਨੂੰ ਦਸਦਾ ਹੈ ਕਿ ਉਹ ਆਪਣਾ ਲਿੰਗ ਬਦਲਣ ਵਾਲਾ ਹੈ। ਫਿਕਰਮੰਦ ਮੀਨੂੰ ਨੂੰ ਸਤੀਸ਼ ਕਹਿੰਦਾ ਹੈ,‘ਮੇਰਾ ਸਾਥ ਦੇਵੇਂਗੀ--ਮੀਨੂੰ?’
 
‘ਹਾਂ-ਹਾਂ-ਮੈਂ ਤੇਰੇ ਨਾਲ ਹਰ ਪੜ੍ਹਾ ਤੇ ਹੋਵਾਂਗੀ। ਜਿ਼ੰਦਗੀ ਦੇ ਰਾਹਾਂ ‘ਚ ਅਸੀਂ ਇੱਕਠੇ ਸਫ਼ਰ ਕਰਾਂਗੇ। ਅਸੀਂ ਆਪਣਾ ਨਵਾਂ ਘਰ ਵਸਾਵਾਂਗੇ। ਕਿਸੇ ਦੀ ਪਰਵਾਹ ਕੀਤੇ ਬਿਨਾਂ। ਕਿਸੇ ਡਰ ਤੋਂ ਬਿਨਾਂ। ਅਸੀਂ ਇਕ ਦੂਜੇ ਦੇ ਸਾਥ ਦੇ ਸੁਹੱਪਣ ‘ਚ ਆਪਣੇ ਪਲ ਨਰੋਏ ਕਰਕੇ ਜੀਵਾਂਗੇ। ਇਹ ਸਮਾਜੀ ਦੀਵਾਰਾਂ ਸਾਡੇ ਪੈਰਾਂ ‘ਚ ਖਖੜੀਆਂ ਹੋ ਕੇ ਡਿਗਣਗੀਆਂ। ਹਾਂ-ਸਤੀਸ਼, ਹਾਂ-ਹਾਂ।’
 
ਇਕ ਧਾਲੀਵਾਲ ‘ਲਾਲ ਬੱਤੀ’ ਵਾਲਾ ਹੈ ਜਿਸਦੀਆਂ ਰਚਨਾਵਾਂ ਦੇ ਵਿਸ਼ੇ-ਵਸਤੂ ਨੂੰ ਚੰਦ ਵਾਂਗ  ਅਸ਼ਲੀਲਤਾ ਦੀ ਲਾਗ ਹੈ ਅਤੇ ਸਾਡਾ ਧਾਲੀਵਾਲ ‘ਸਰਘੀ’ ਵਾਲਾ ਹੈ। ਭਾਵੇਂ ‘ਸੁਕੀਰਤ’ ਨੇ ਸਮਲਿੰਗੀ ਕਹਾਣੀਆਂ ਦਾ ਰਚਨਾਮਿਕ ਕਾਰਜ ਕੀਤਾ ਹੈ ਪਰ ਸੰਤੋਖ ਦੀਆਂ ਅਜਿਹੀਆਂ ਕਹਾਣੀਆਂ ਵਿਚ ਉਸ ਨਾਲੋਂ ਕੁਝ ਵਖਰਤਾ ਹੈ। ਰੁਮਾਂਸ ਹੈ। ਸੁਨੇਹਾ ਹੈ। ਅਕੀਦਾ ਹੈ। ਸੁਕੀਰਤ ਦੀਆਂ ਸਮਲਿੰਗੀ ਕਹਾਣੀਆਂ ਵਿਚ ਸਿਰਫ ਅਤੇ ਸਿਰਫ ਦੋ-ਧਿਰਾ ਮਨੋਰੰਜਨ ਹੀ ਹੈ।
 
ਸੰਤੋਖ ਦੀਆਂ ਕਈ ਕਹਾਣੀਆਂ ਜਿਵੇਂ ‘ਨਵਾਂ-ਘਰ’ ਭਾਵੇਂ ਸਮੇਂ ਅਤੇ ਸਥਾਨ ਦੀ ਏਕਤਾ ਨੂੰ ਆਪਣੇ ਕਲੇਵਰ ਵਿਚ ਨਹੀਂ ਰੱਖਦੀਆਂ ਪਰ ਸੰਤੋਖ ਕਹਾਣੀ ਦੀ ਗੋਂਦ ਕਰਨ ਵਾਸਤੇ ਜਿਹੜੀ ਤਕਨੀਕ ਵਰਤਦਾ ਹੈ ਜਿਸ ਸਦਕੇ ਪਾਠਕ ਇਸ ਸਮੇਂ ਅਤੇ ਸਥਾਨ ਦੀ ਭਿੰਨਤਾ ਨੂੰ ਮਹਿਸੂਸ ਹੀ ਨਹੀਂ ਕਰਦਾ। ‘ਨਵਾਂ-ਘਰ’ ਕਹਾਣੀ ਰਾਹੀ ਉਸਦੀ ਇਸ ਤਕਨੀਕ ਬਾਰੇ ਜਾਣਦੇ ਹਾ।
 
ਕਹਾਣੀ ਦਾ ਅਰੰਭ ਰੀਤੂ ਅਤੇ ਮੀਨੂੰ ਦੀ ਦੋਸਤੀ ਦੇ ਚਰਚੇ ਨਾਲ ਹੁੰਦਾ ਹੈ। ਰੀਤੂ ਦੇ ਮਾਪੇ ਪਰਦੇ ਦੇ ਪਿਛੇ ਦੇ ਪਾਤਰ ਹਨ। ਮੀਨੂੰ ਨੂੰ ਆਪਣੀ ਮਾਂ ਦੀ ਬਿਮਾਰੀ ਕਾਰਨ ਯੂਨੀਵਰਸਿੱਟੀ ਤੋਂ ਵਾਪਸ ਘਰ ਜਾਣਾ ਪੈਂਦਾ ਹੈ ਅਤੇ ਰੀਤੂ ਨੂੰ ਕਹਿੰਦੀ ਹੈ, ‘ਤੈਥੋਂ ਬਿਨਾ ਮੈਂ ਦੋ ਰਾਤਾਂ ਕਿਵੇਂ ਕੱਟੂੰ?’ ਕਹਿੰਦਿਆਂ ਮੀਨੂੰ ਨੇ ਇਕ ਡੂੰਘਾ ਸਾਹ ਲਿਆ ਤੇ ਰੀਤੂ ਨੂੰ ਜ਼ੋਰ ਦੀ ਕਲਾਵੇ ‘ਚ ਘੁਟਦਿਆਂ ਇਕ ਡੂੰਘਾ ਚੁੰਮਣ ਦਿਤਾ।
 
ਏਥੇ ਮੀਨੂੰ ਦਾ ਆਪਣੇ ਘਰ ਚਲੇ ਜਾਣਾ ਸਮੇਂ ਵਿਚ ਵਿੱਥ ਨਹੀਂ ਪਾਉਦਾ ਜਦ ਕਹਾਣੀਕਾਰ ਆਪ ਬ੍ਰਿਤਾਂਤਕਾਰ ਹੋ ਕੇ ਲਿਖਦਾ ਹੈ, ‘ਏਨੀ ਕੁ ਬੀਮਾਰ ਤਾਂ ਮੀਨੂੰ ਦੀ ਮਾਂ ਸਦਾ ਹੀ ਰਹਿੰਦੀ ਸੀ। ਸਾਹ ਦੀ ਬਿਮਾਰੀ ਸੀ, ਕਈ ਵੇਰ ਜ਼ਰਾ ਬਹੁਤੀ ਵਧ ਜਾਂਦੀ। ਇਸ ਵਾਰ ਠੰਢ ਲੱਗਣ ਕਰਕੇ ਨਾਲ ਬੁਖ਼ਾਰ ਵੀ ਹੋ ਗਿਆ ਸੀ ਤੇ ਉਹ ਗਰੱਸੀ ਗਈ ਸੀ। ਮੀਨੂੰ ਦੀ ਸਤੀਸ਼ ਨਾਲ ਪੱਕੀ ਸਾਂਝ ਪੈਣ ਮਗਰੋਂ ਉਸਦੇ ਮਾਂ ਕੋਲੋ ਖੁਸ਼ੀ ਸਾਂਭੀ ਨਾ ਜਾਂਦੀ ਅਤੇ ਕਹਾਣੀਕਾਰ ਕਹਾਣੀ ਦਾ ਰੁਖ ਯੂਨੀਵਰਸਿੱਟੀ ਵਿਚ ਅਸਾਈਨਮੈਂਟ ਕਰਦੀ ਰੀਤੂ ਵੱਲ ਲੈ ਜਾਂਦਾ ਹੈ ਕਿਉਂਕਿ ਮੀਨੂੰ, ਰੀਤੂ ਨੂੰ ਯੂਨੀ ਵਿਚ ਛੱਡ ਕੇ ਆਈ ਸੀ ਅਤੇ ਵਾਪਸ ਰੀਤੂ ਦੇ ਕਥਾਨਕ ਨਾਲ ਪਾਠਕ ਫਿਰ ਜੁੜ ਜਾਂਦਾ ਹੈ ਜਦ ਰੀਤੂ ਬਾਰੇ ਅੱਗੇ ਲਿਖੇ ਦੀ ਤਰ੍ਹਾਂ ਪੜ੍ਹਦਾ ਹੈ,‘ਰੀਤੂ ਸਾਰਾ ਕੁਝ ਭੁਲ ਕੇ ਆਪਣੀ ਅਸਾਈਨਮੈਂਟ ਮੁਕੰਮਲ ਕਰਨ ‘ਚ ਮਗਨ ਰਹੀ।’ ਇਸ ਤਰ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਨੂੰ ਜਾਂ ਤਾਂ ‘ਫਲੈਸ਼-ਬੈਕ’ ਕਰਦਾ ਹੈ ਅਤੇ ਕਦੇ ਕਦੇ ਪਹਿਲੀ ਛੱਡੀ ਘਟਨਾ ਨਾਲ ਖਿਲਰੇ ਹੋਏ ਵਿਚਾਰਾਂ ਨੂੰ ਜੋੜ ਦਿੰਦਾ ਹੈ, ਜਾਂ ਫਿਰ ਆਪ ਬ੍ਰਿਤਾਂਤਕਾਰ ਬਣ ਕੇ ਕਹਾਣੀ ਦੀ ਗੋਂਦ ਵਿਚ ਪਈ ਵਿੱਥ ਨੂੰ ਭਰ ਦਿੰਦਾ ਹੈ। ਅਜਿਹੀ ਨਵੀਨ ਤਕਨੀਕ ਸੰਤੋਖ ਧਾਲੀਵਾਲ ਦੀ ਆਪਣੀ ਤਕਨੀਕ ਹੈ। ਇਸ ਤਕਨੀਕ ਨੂੰ ਹੋਰ ਕਿਸੇ ਕਹਾਣੀਕਾਰ ਨੇ ਆਪਣੇ ਸਿਰਜਨਾਤਮਕ ਕਾਰਜ ਲਈ ਨਹੀਂ ਵਰਤਿਆ।
 
ਸੰਤੋਖ ਦੀਆਂ ਕਹਾਣੀਆਂ ਪੜ੍ਹਕੇ ਪਾਠਕ ਉਪਰ ਅਸਰ ਇਹ ਹੁੰਦਾ ਹੈ ਕਿ ਪੰਜਾਬੀ ਸਮਾਜ ਵਿਚ ਪੱਛਮੀ ਸਮਾਜ ਦੀ ਘੁਸਪੈਠ ਹੋ ਰਹੀ ਹੈ। ਪਰਵਾਸੀਆਂ ਦੀ ਤੀਜੀ ਪੀੜ੍ਹੀ ਦਾ ਪੱਛਮੀ ਸੱਭਿਆਚਾਰ ਨੂੰ ਕਬੂਲਣ ਦੀ ਨਿਸ਼ਾਨਦੇਹੀ ਹੈ। ਪ੍ਰਵਾਸੀਆਂ ਦੀ ਔਲਾਦ ਦਾ ਮਾਪਿਆਂ ਨਾਲ ਬਗ਼ਾਵਤ ਦਾ ਰਿਸ਼ਤਾ ਹੈ। ਖੱਖੜੀਆਂ ਹੋ ਰਹੇ ਪੰਜਾਬੀ ਸਮਾਜ ਦੀ ਸਮੱਸਿਆ ਸਿਰਫ਼ ਵਲੈਤ ਵਿਚ ਹੀ ਨਹੀਂ ਸਗੋਂ ਇਕ ਗਲੋਬਲ ਸਮੱਸਿਆ ਦਸਦੀਆਂ ਹਨ ਇਹ ਕਹਾਣੀਆਂ। ਪੂਰਬੀ ਲੋਕਾਂ ਦੀ ਜੁਆਨ ਹੋਈ ਤੀਜੀ ਪੀੜ੍ਹੀ ਪੱਛਮ ਦੀ ਚੁੰਧਿਆਉਦੀ ਰੌਸ਼ਨੀ ਦੀ ਉਕਸਾਈ ਹੋਈ ਕਾਮੁਕ ਪ੍ਰਵਿਰਤੀਆਂ ਦੀ ਪੂਰਤੀ ਵਾਸਤੇ ਆਪਣੇ ਵਡੇਰਿਆਂ ਨਾਲ ਵਿਦਰੋਹ ਭਰਿਆ ਵਤੀਰਾ ਅਪਨਾ ਲੈਣਾ ਇਨ੍ਹਾਂ ਕਹਾਣੀਆਂ ਦਾ ਮੁਖ ਸਰੋਕਾਰ ਬਣ ਜਾਂਦਾ ਹੈ। 
 
ਸੰਤੋਖ ਧਾਲੀਵਾਲ ਕਹਾਣੀ ਦੀ ਗੋਂਦ ਵਾਸਤੇ ਕਈ ਜੁਗਤਾਂ ਵਰਤਦਾ ਹੈ। ਫਲੈਸ਼-ਬੈਕ ਉਸਦੀ ਰਚਨਾਤਮਿਕਤਾ ਦੀ ਮੁਖ ਵਿਧੀ ਹੈ। ਕਈਆਂ ਕਹਾਣੀਆਂ ਵਿਚ ਮੁਢ ਤੋਂ ਅੰਤ ਤੱਕ ਆਪ ਵਰਨਣਕਾਰ ਹੁੰਦਾ ਹੈ ਅਤੇ ਕਈ ਕਹਾਣੀਆਂ ਵਿਚ ਘਟਨਾਵਾਂ ਦੀ ਸੰਯੁਕਤਾ ਵਾਸਤੇ ਆਪ ਵਰਨਣਕਾਰ ਬਣ ਕੇ ਕਹਾਣੀ ਦੇ ਵਹਾ ਨੂੰ ਅੱਗੇ ਤੋਰਦਾ ਹੈ। ਨਿੱਕੀਆਂ ਨਿੱਕੀਆਂ ਘਟਨਾਵਾਂ ਨੂੰ ਇਸ ਤਰ੍ਹਾਂ ਤਹਿ ਦਰ ਤਹਿ ਧਰਦਾ ਹੈ ਜਿਵੇਂ ਕਿਸੇ ਮਕਾਨ ਦੀ ਕੰਧ ਨੀਹਾਂ ਤੋਂ ਧਰ ਕੇ ਅੰਤ ਤੱਕ ਉਸਾਰੀ ਗਈ ਹੋਵੇ। ਪਾਠਕ ਦੀ ਰੌਚਕਤਾ ਕਹਾਣੀ ਦੇ ਕਥਾਨਕਾ ਨਾਲ ਜੁੜੀ ਰਹਿੰਦੀ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਵਿਚ ਅੰਤਰ-ਜਾਤੀ ਵਿਆਹਾਂ ਲਈ ਧਰਾਤਲ ਤਿਆਰ ਹੁੰਦੀ ਦਿਸਦੀ ਹੈ। ਸੀਮਾਂ ਅਤੇ ਰਘਵੀਰ ਹਮਜਮਾਤੀ ਹੋਣ ਕਰਕੇ ਆਪਸੀ ਪਿਆਰ ਵਿਚ ਪ੍ਰੋਏ ਜਾਂਦੇ ਹਨ। ਵਲੈਤ ਵਿਚ ਸਹਿ-ਸਿਖਿਆ ਹੋਣ ਕਰਕੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਕਈ ਘਟਨਾਵਾਂ ਨੂੰ ਤਾਂ ਸਕੂਲ ਲੈਵਲ ਉਪਰ ਸਾਂਭ ਲਿਆ ਜਾਂਦਾ ਹੈ ਪਰ ਯੂਨੀਵਰਸਿੱਟੀ ਦੇ ਖੁਲ੍ਹੇ ਮਹੌਲ ਵਿਚ ਅੱਲੜ੍ਹ ਮਟਿਆਰਾਂ ਅਤੇ ਅੱਥਰੇ ਗਭਰੂ ਪਾਪਿਆਂ ਦੀ ਪਿੱਠ ਪਿੱਛੇ ਅਜਿਹੇ ਵਾਇਦੇ ਕਰ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮਾਜ ਵੀ ਤੋੜਨ ਵਿਚ ਅਸਮਰਥ ਰਹਿੰਦਾ ਹੈ। ਕਹਾਣੀਕਾਰ ਅਜਿਹੇ ਟੁੱਟੇ ਹੋਏ ਵਾਇਦਿਆਂ ਦੇ ਬੜੇ ਘਾਤਕ ਨਤੀਜੇ ਕੱਢਦਾ ਹੈ। ਜਿਵੇਂ ‘ਦੋ ਕਿਨਾਰੇ’ ਕਹਾਣੀ ਵਿਚ ਸੀਮਾਂ ਅਤੇ ਰਘਵੀਰ ਦਾ ਪ੍ਰੇਮ-ਸੰਬੰਧ ਪੰਜਾਬੀ ਸਮਾਜ ਦੀਆਂ ਮਾਰੂ ਨੀਤੀਆਂ ਨਾਲ ਤੋੜ ਦਿਤਾ ਜਾਂਦਾ ਹੈ। ਸੀਮਾ ਦਾ ਵਿਆਹ ਪੰਜਾਬ ਵਿਚ ਕ੍ਰਿਸ਼ਨ ਨਾਲ ਹੋ ਜਾਂਦਾ ਹੈ ਅਤੇ ਰਘਵੀਰ ਦਾ ਅਨਜੋੜ ਵਿਆਹ ਏਥੇ ਦੀ ਜੰਮ ਪਲ ਕੁਲਵੀਰ ਨਾਲ ਹੋ ਜਾਂਦਾ ਹੈ। ਇਹ ਵਿਆਹ ਕੁਝ ਚਿਰ ਹੀ ਚਲਦੇ ਹਨ ਅਤੇ ਛੇਤੀ ਹੀ ਦੋਨਾਂ ਵਿਆਹਾਂ ਦਾ ਆਪਸ ਵਿਚੀ ਤਲਾਕ ਹੋ ਜਾਦਾ ਹੈ। ਰਘਵੀਰ ਇਕ ਦਿਨ ਸੀਮਾਂ ਨੂੰ ਅਖਬਾਰਾਂ ਵੇਚਣ ਵਾਲੀ ਦੁਕਾਨ ਉਪਰ ਮਿਲਦਾ ਹੈ ਅਤੇ ਲਾਗਲੇ ਕਾਫੀ ਹਾਊਸ ਬੈਠ ਕੇ ਆਪਣੇ ਅਨਜੋੜ ਵਿਆਹਾਂ ਦੀ ਚਰਚਾ ਛੇੜਦੇ ਹਨ। ਰਘਵੀਰ ਨੇ ਸੀਮਾਂ ਨੂੰ ਇਕ ਹੋ ਜਾਣ ਦੀ ਮੁੜ ਪੇਸ਼ਕਸ਼ ਕੀਤੀ ਪਰ ਉਹ ਰਘਵੀਰ ਨੂੰ ਉਡੀਕਦੀ ਸੁਨੀਲ ਨਾਲ ਪ੍ਰੇਮ ਬੰਧਨ ਜੋੜ ਬੈਠੀ ਸੀ ਅਤੇ ਰਘਵੀਰ ਨੂੰ ਕਹਿੰਦੀ ਹੈ, ‘ਨਹੀਂ- ਬਹੁਤ ਦੇਰ ਹੋ ਗਈ ਹੁਣ ਰਘਵੀਰ। ਔਹ ਵੇਖ ਮੈਨੂੰ ਸੁਨੀਲ ਲੈਣ ਆ ਰਿਹੈ। ਮੈਂ ਤਾਂ ਸੁਨੀਲ ਪਿਛਲੇ ਛੇਆਂ ਮਹੀਨਿਆਂ ਤੋਂ ਇੱਕਠੇ ਰਹਿ ਰਹੇ ਹਾਂ। ---ਅਸੀਂ ਦੋ ਕਿਨਾਰੇ ਸਾਂ ਰਘੂ। ਨਾਲ ਨਾਲ ਤੁਰਨ ਲਈ ਲਲਚਾਉਦੇ ਰਹੇ ਕੁਝ ਪਲ ਤੁਰੇ ਵੀ। ਇਹ ਮੇਰੇ ਪਰਿਵਾਰ ਨੂੰ ਰਾਸ ਨਾ ਆਇਆ। ਜਿ਼ੰਦਗੀ ਦਾ ਦਰਿਆ ਤਾਂ ਵਗਦਾ ਹੀ ਰਹਿਣਾ ਹੈ ਪਰ ਸਾਡੇ ਮੁਕੱਦਰ ‘ਚ ਇਸਦੇ ਪਾਣੀਆਂ ‘ਚ ਖੁਰਨ ਦੀ ਬਜਾਏ ਹੋਰ ਕੁਝ ਨਹੀਂ ਬਚਿਆ। ਮੈਂ ਸਾਰੀ ਉਮਰ ਖੁਰਦੀ ਰਹਾਂਗੀ।’
 
ਆਪਣੇ ਇਕ ਦੋਸਤ ‘ਬਸ਼ੀਰ’ ਦਾ ਪਾਤਰ ਸਿਰਜ ਕੇ ਸੰਤੋਖ ਨੇ ਅੰਤਰ-ਰਾਸ਼ਟਰੀ ਅਤਿਵਾਦ ਦੇ ਮਸਲਿਆਂ ਨੂੰ ਵੀ ਕਹਾਣੀਆਂ ਵਿਚ ਦਰਸਾਇਆ ਹੈ। ਜੁਆਨੀ ਵਿਚ ਬਸ਼ੀਰ ਵਰਜਤ ਸੂਰ ਦਾ ਮੀਟ ਵੀ ਖਾ ਜਾਂਦਾ ਸੀ। ਵੱਡੀ ਉਮਰੇ ਉਹ ਕੱਟੜ ਮੁਸਲਮਾਨ ਬਣ ਜਾਂਦਾ ਹੈ। ਉਸਦਾ ਮੁੰਡਾ ‘ਅਖ਼ਤਰ’ ਤਾਂ ਬਚਪਨ ਤੋਂ ਹੀ ਕੱਟੜ ਮੁਸਲਮਾਨ ਹੈ। ਉਹ ਮੱਦਰਸਿਆਂ ਵਿਚ ਮਜ੍ਹਬੀ ਵਿਦਿਆ ਹਾਸਲ ਕਰਦਾ ਹੈ। ਉਸਨੂੰ ਮੁਸਲਮਾਨ ਅਦਾਰਿਆਂ ਤੋਂ ਵੱਡੀਆਂ ਵੱਡੀਆਂ ਰਕਮਾਂ ਮਿਲਦੀਆਂ ਹਨ। ਬਸ਼ੀਰ ਕੋਲ ਹੁਣ ਦਸ ਲੱਖ ਪੌਂਡ ਦੀ ਕੀਮਤ ਵਾਲਾ ਵੱਡਾ ਅਤੇ ਖੁਲ੍ਹਾ ਘਰ ਹੈ। ਉਸਦੀ ਧੀ ਅਤੇ ਜੁਆਈ ਵੀ ਇਹੋ ਪੱਟੀ ਪੜ੍ਹ ਜਾਂਦੇ ਹਨ ਅਤੇ ਲੰਡਨ ਅੰਡਰਗਰਾਊਂਡ ਵਿਖੇ ਬੰਬ ਰੱਖ ਕੇ ‘ਸੈਵਨ/ਸੈਵਨ’ ਦੀ ਇਕ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹਨ। ਇੰਗਲੈਂਡ ਦੀ ਨਿਆ ਪ੍ਰਣਾਲੀ ਬਾਰੇ ਵੀ ਸੰਤੋਖ ਨੇ ਇਕ ਕਹਣੀ ‘ਮੁਆਫ਼ੀ’ ਲਿਖੀ ਹੈ। ਵੈਸਟ-ਇੰਡੀਅਨ ਇਕ ਕਾਲੇ ਰੰਗ ਦੇ ਜੋਰਜ ਵਿਲਸਨ ਦਾ ਕਤਲ ‘ਮਾਈਕਲ’ ਅਤੇ ‘ਕੌਲਿਨ’ ਗੋਰੇ ਰੰਗ ਦੇ ਦੋ ਸਕੇ ਭਰਾ ਕਰ ਦਿੰਦੇ ਹਨ। ਪੁਲੀਸ ਅਤੇ ਹੋਰ ਸੰਬੰਧਤ ਅਦਾਰੇ ਇਸ ਮਸਲੇ ਨੂੰ ਗੋਰੇ ਕਾਲੇ ਦਾ ਮਸਲਾ ਨਹੀਂ ਸੀ ਬਣਨ ਦੇਣਾ ਚਹੁੰਦੇ। ਨਸਲਵਾਦ ਨੂੰ ਵਲੈਤ ਵਿਚ ਉਭਰਨ ਨਹੀਂ ਸਨ ਦੇਣਾ ਚਹੁੰਦੇ ਅਤੇ ਦੋਨਾਂ ਭਰਾਵਾਂ ਨੂੰ ਸਖ਼ਤ ਉਮਰ ਕੈਦ ਹੋ ਜਾਂਦੀ ਹੈ। ਕਹਾਣੀਕਾਰ ਜੋਰਜ ਦੀ ਧਾਰਮਿਕ ਮਾਂ ਕੋਲੋਂ ਉਸ ਵਲੋਂ ਕਾਤਲਾਂ ਨੂੰ ਮੁਆਫ਼ ਕਰ ਦਿਤੇ ਜਾਣ ਦਾ ਕਾਰਨ ਪੁਛਦਾ ਹੈ ਅਤੇ ਉਸਦੀ ਮਾਂ ਕਹਿੰਦੀ ਹੈ ਕਿ ਮੈਂ ਉਨ੍ਹਾਂ ਨੂੰ ਮੁਆਫ਼ੀ ਇਸ ਕਰਕੇ ਦਿਤੀ ਹੈ ਕਿਉਂਕਿ ਮੈਂ ਨਹੀਂ ਚਹੁੰਦੀ ਕਿ ਨਫ਼ਰਤ ਕਰਕੇ ਮੈਂ ਆਪਣੇ ਸਿਰ ਹੋਰ ਗੁਨਾਹਾਂ ਦਾ ਭਾਰ ਚੜ੍ਹਾਵਾਂ।
 
ਪ੍ਰਵਾਸੀ ਅਤੀਤ ਫੋਲਣ ਲਈ ਮਜ਼ਬੂਰ ਹੋ ਜਾਂਦੇ ਹਨ। ਕਈਆਂ ਨੂੰ ਆਪਣੇ ਪਰਿਵਾਰਾਂ ਦਾ ਵਿਗੋਚਾ, ਕਈਆਂ ਨੂੰ ਆਪਣੇ ਸਕੇ ਸੋਧਰਿਆਂ ਦਾ ਫਿਕਰ, ਕਈਆਂ ਨੂੰ ਪਿੱਛੇ ਜਾਇਦਾਦਾਂ ਦੀ ਸਾਂਭ ਸੰਭਾਲ ਦੀਆਂ ਜਿੰਮੇਵਾਰੀਆਂ ਅਤੇ ਕਈਆਂ ਨੂੰ ਵਿਛੋੜੇ ਵਿਚ ਖੁਸੇ ਪਿਆਰ ਦੀ ਤਾਂਘ ਆਦਿ ਪ੍ਰਵਾਸੀ ਬਜੁਰਗਾਂ ਦੀਆਂ ਵਲੈਤ ਵਿਚ ਸਮੱਸਿਆਵਾਂ ਹਨ। ਕਹਾਣੀ ‘ਸੱਖਣੇ ਪਲਾਂ ਦੀ ਰੜਕ’ ਵਿਚ ਪਾਲ ਸਿੰਹੁ ਦੀ ਘਰਵਾਲੀ ਚਿੰਤੀ ਦੀ ਮੌਤ ਹੋ ਜਾਦੀ ਹੈ ਅਤੇ ਉਹ ਕਮਿਉਨਿੱਟੀ ਸੈਂਟਰ ਵਿਚ ਆਣ ਕੇ ਆਪਣੇ ਵਿਹਲੇ ਸਮੇਂ ਨੂੰ ਲੰਘਾਉਦੀਆਂ ਔਰਤਾਂ ਵਿਚ ਇਕ ਨਵੀਂ ਆਈ ਬੁੱਢੀ ਨੂੰ ਵੇਖ ਕੇ ਉਸ ਨੂੰ ਆਪਣੀ ਘਰਵਾਲੀ ਚਿੰਤੀ ਦੀ ਯਾਦ ਆ ਜਾਂਦੀ ਹੈ। ਪ੍ਰਵਾਸੀਆਂ ਦੀ ਇਸ ਦਸ਼ਾ ਨੂੰ ਸੰਤੋਖ ਧਾਲੀਵਾਲ ਬੜੇ ਹੀ ਵਿਸਮਾਦੀ ਸ਼ਬਦਾਵਲੀ ਨਾਲ ਕਹਾਣੀ ਵਿਚ ਚਿੰਤੀ ਵਰਗਾ ਪਾਤਰ ਸਿਰਜਦਾ ਹੈ, ‘-ਤੇ ਅੱਜ ਜਦ ਉਸਨੇ ਸਤਨਾਮ ਕੌਰ ਨੂੰ ਵੇਖਿਆ ਉਹ ਧੁਰ ਅੰਦਰ ਤੱਕ ਹਲੂਣਿਆ ਗਿਆ। ਉਸਨੂੰ ਚਿੰਤੀ ਦਾ ਝਾਉਲਾ ਜਿਹਾ ਪਿਆ। ਉਸਨੇ ਆਪਣਾ ਸਿਰ ਇਕ ਦੋ ਵਾਰ ਛੰਡਿਆ। ਐਨਕਾਂ ਲਾਹ ਕੇ ਸ਼ੀਸ਼ਾ ਸਾਫ਼ ਕੀਤਾ। ਤੇ ਹੈਰਾਨੀ ‘ਚ ਵਲ੍ਹੇਟਿਆ ਗਿਆ। ਚਿੰਤੀ ਵਰਗਾ ਤੂਤ ਦੀ ਛਟੀ ਵਰਗਾ ਸਿੱਧਾ ਸਰੀਰ। ਉਹਦੇ ਵਰਗੇ ਤਿਖੇ ਨੈਣ-ਨਕਸ਼। ਹਸਦੀਆਂ ਅੱਖਾਂ। ਕਣਕ ਬੰਨਾ ਰੰਗ। ਇਥੋਂ ਤੱਕ ਕੇ ਤੋਰ ਵੀ ਚਿੰਤੀ ਵਰਗੀ।’ ਵਲੈਤ ਵਿਚ ਸਰਕਾਰੀ ਖਰਚੇ ਨਾਲ ਚਲ ਰਹੇ ਕਮਿਉਨਿੱਟੀ ਸੈਂਟਰਾਂ ਦੀਆਂ ਗਤੀ-ਵਿਧੀਆਂ ਨੁੰ ਸੰਤੋਖ ਧਾਲੀਵਾਲ ਨੇ ਬੜੀ ਯਥਾਰਥਿਕਤਾ ਨਾਲ ਚਿਤਰਿਆ ਹੈ। ਇਸ ਡੇ-ਸੈਂਟਰ ਵਿਚ ਜਿੰਨੀ ਚਰਚਾ ਖ਼ਾਲਿਸਤਾਨ, ਕਸ਼ਮੀਰ, ਅਫ਼ਗਾਨਿਸਤਾਨ ਅਤੇ ਅਮਰੀਕੀ ਵਿਦੇਸ਼ੀ ਨੀਤੀਆਂ ਬਾਰੇ ਹੁੰਦੀ ਹੈ ਉਥੇ ਪਰਿਵਾਰ-ਸਦੱਸਤਾ ਅਤੇ ਸਭਾ-ਸਦੱਸਤਾ  ਦੇ ਚਰਿਤਰ, ਘਰ ਦੇ ਫਰੰਟ–ਰੂਮ ਤੋਂ ਲੈ ਕੇ ਬੈਡ-ਰੂਮ ਤੱਕ ਅਤੇ ਬੈਡ-ਰੂਮ ਤੋਂ ਲੈ ਕੇ ਰਸੋਈ ਵਿਚ ਖਾਣ ਪੀਣ ਵਾਲੀ ਸਮੱਗਰੀ ਜਿਵੇਂ ਆਟਾ, ਲੂਣ, ਤੇਲ, ਮਿਰਚ, ਦਾਲ ਅਤੇ ਚੀਨੀ ਉਪਰ ਨੁਕਤਾਚੀਨੀ ਹੁੰਦੀ ਹੈ। ਇਸ ਕਹਾਣੀ ਰਾਹੀਂ ਧਾਲੀਵਾਲ ਨੁਕਤਾਚੀਨੀ ਕਲਚਰ ਦੇ ਹਾਨ-ਲਾਭ ਬਾਰੇ ਪਾਠਕਾਂ ਨੂੰ ਸਚੇਤ ਕਰਨ ਦੀ ਭਾਵਨਾ ਕਰਦਾ ਹੈ। ਕੋਈ ਅਖ਼ਬਾਰਾਂ ਪੜ੍ਹਦਾ ਹੈ। ਸਾਰੀ ਦੁਨੀਆਂ ਦੀ ਰਾਜਨੀਤੀ ਬਾਰੇ ਚਰਚਾ ਹੁੰਦੀ ਵਿਖਾਈ ਗਈ ਹੈ। ਇਸ ਡੇ-ਸੈਂਟਰ ਵਿਚ ਨਵੇ ਸਜੇ ਖ਼ਾਲਿਸਤਾਨੀ ਇਕ ਸਿੰਘ ਦੇ ਕਾਮਰੇਡ ਬਾਪ ਬਾਰੇ ਇਕ ਹਾਸ ਵਿਅੰਗ ਵੀ ਪੜ੍ਹਨ ਨੂੰ ਮਿਲਦਾ ਹੈ। ਕਹਾਣੀ ਵਿਚ ਕਹਾਣੀਕਾਰ ਨੇ ਇਕ ਕੱਟੜ ਕਾਮਰੇਡ ਬਾਰੇ ਹਾਸਰਸ ਵੀ ਬੜੀ ਸੰਜੀਦਗੀ ਨਾਲ ਉਪਜਾਇਆ ਹੈ, ‘ਜੁਆਲੇ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ। ਸਾਰੀ ਉਮਰ ਡੱਕਾ ਦੂਹਰਾ ਨਹੀਂ ਕੀਤਾ। ਇਨਕਲਾਬ ਹੀ ਲਿਆਉਦਾ ਰਿਹਾ। ਤੇ ਔਹ ਆ ਗਿਆ ਉਹਦਾ ਇੰਨਕਲਾਬ ਵੀ। ਰੂਸ ਵੀ ਖੱਖੜੀਆਂ ਹੋਇਆ ਫਿ਼ਰਦੈ। ਇਕ ਵੇਰ ਦੀ ਗੱਲ ਦੱਸਾਂ, ਧੁੱਪ ‘ਚ ਛੱਤਰੀ ਤਾਣੀ ਫਿ਼ਰੇ। ਮੈਂ ਜਦੋਂ ਪੁੱਛਿਆ, ਕਾਮਰੇਡਾ ਇਹ ਕੀ? ਏਨੇ ਸੁਹਣੇ ਮੌਸਮ ਵਿਚ ਛੱਤਰੀ ਤਾਣੀ ਫਿ਼ਰਦੈਂ। ਮਸਾਂ ਮਸਾਂ ਤਾਂ ਕਿਧਰੇ ਧੁੱਪ ਮਿਲਦੀ ਆ ਇਸ ਮੁਲਕ ‘ਚ। ਕਹਿੰਦਾ ਮਾਸਕੋ ‘ਚ ਮੀਂਹ ਪੈ ਰਿਹਾ। ਮੈਂ ਹੁਣੇ ਹੀ ਖ਼ਬਰਾਂ ਸੁਣ ਕੇ ਆਇਆਂ।’ ਵਲੈਤੀ ਕਲਚਰ ਅਨੁਸਾਰ ਮਾਪਿਆਂ ਦਾ ਧੀਆਂ ਪੁੱਤਰਾਂ ਵੱਲ ਉਤਨਾ ਜਿੰਮੇਵਾਰੀ ਵਾਲਾ ਰਵਈਆ ਅਖ਼ਤਿਆਰ ਨਹੀਂ ਕੀਤਾ ਜਾਂਦਾ ਜਿੰਨੀ ਕਾਮ-ਚੇਸ਼ਟਾ ਦੇ ਸਿਖ਼ਰ ਸੰਤੋਖ ਨੂੰ ਪਹਿਲ ਦਿਤੀ ਜਾਂਦੀ ਹੈ। ‘ਬਦਲਾ’ ਕਹਾਣੀ ਵਿਚ ਇਸ ਕਲਚਰ ਨੂੰ ਵਿਸਥਾਰ ਨਾਲ ਬਿਆਨਿਆ ਗਿਆ ਹੈ। ਕਹਾਣੀ ਦਾ ਵਿਸ਼ਾ ਵਸਤੂ ਭਾਵੇਂ ਅਸ਼ਲੀਲ ਹੈ ਪਰ ਸ਼ਬਦਾਵਲੀ ਸਾਹਿਤਕ ਹੋਣ ਕਰਕੇ ਇਹ ਕਹਾਣੀ ਇਕ ਕਲਾਤਮਿਕ ਕਹਾਣੀ ਹੈ। ‘ਪੈਮ’ ਦੀ ਲਾਬਾਲਗ ਧੀ ‘ਸਰੀਨਾ’ ਅਤੇ ਰੌਜਰ ਪੈਮ ਦਾ ਦੋਸਤ ਹੈ। ਸਰੀਨਾ ਦਾ ਪਿਓ ਉਨ੍ਹਾਂ ਦੇ ਘਰ ਵਿਚ ਨਹੀਂ ਰਹਿੰਦਾ। ਪੈਮ ਅਜੇ ਮਟਿਆਰ ਹੈ। ਇਕ ਰਾਤ ਜਦ ਪੈਮ ਸ਼ਰਾਬਣ ਹੋ ਗਈ ਸੀ ਤਾਂ ਰੌਜਰ ਨੇ ਸਰੀਨਾ ਨੂੰ ‘ਰੇਪ’ ਕਰ ਲਿਆ ਸੀ। ਪੈਮ ਨੇ ਸਰੀਨਾ ਕੋਲੋਂ ਸੁਣ ਕੇ ਵੀ ਰੌਜਰ ਨੂੰ ਹੱਥੋਂ ਖੁਸ ਜਾਣ ਦੇ ਡਰੋਂ ਇਸ ਘਟਨਾ ਬਾਰੇ ਪੁਲੀਸ ਨੂੰ ਨਹੀਂ ਦਸਿਆ। ਸਰੀਨਾ ਨੇ ਬਾਲਗ ਹੁੰਦੀ ਨੇ ਹੀ ਆਪਣੀ ਮਾਂ ਪੈਮ ਨਾਲੋਂ ਆਪਣਾ ਨਾਤਾ ਤੋੜ ਲਿਆ। ਜਦ ਉਹ ‘ਏ’ ਲੈਵਲ ਕਰਨ ਲਗਦੀ ਹੈ ਤਾਂ ਇਕ ਨਾਏਜੇਰੀਅਨ ਮੁੰਡਾ ‘ਰੰਜਨ’ ਉਸ ਉਪਰ ਆਸ਼ਕ ਹੋ ਜਾਂਦਾ ਹੈ। ਸਰੀਨਾ ਵੀ ਉਸ ਨੂੰ ਪਸੰਦ ਕਰਦੀ ਹੈ। ਅਫਰੀਕੀ ਮੁਲਕਾਂ ਵਿਚ ਏਡਜ਼ ਦੀ ਬਿਮਾਰੀ ਹੋਣ ਕਰਕੇ ਸਰੀਨਾ ਵੀ ਰੰਜਨ ਦੀ ਇਸ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ। ਉਹ ਦੋਨੇ ਇਹ ਪੱਕ ਪਕਾ ਲੈਂਦੇ ਹਨ ਕਿ ਆਪਾਂ ਇਸ ਬਿਮਾਰੀ ਨੂੰ ਕਿਸੇ ਹੋਰ ਨੂੰ ਨਹੀਂ ਦੇਵਾਂਗੇ। ਸਰੀਨਾ ਨੂੰ ਅਚਾਨਕ ਰੌਜਰ ਮਿਲਦਾ ਹੈ। ਸਰੀਨਾ ਰੌਜਰ ਕੋਲੋਂ ਆਪਣਾ ਬਦਲਾ ਲੈਣ ਵਾਸਤੇ ਇਕ ਦਿਨ ਉਸ ਨੂੰ ਏਡਜ਼ ਦੀ ਬਿਮਾਰੀ ਦੇਣ ਵਾਸਤੇ ਆਪਣੇ ਫਲੈਟ ਵਿਚ ਸੱਦ ਲੈਂਦੀ ਹੈ। ਕਾਮ ਦੇ ਸਿਰ ਚੜੇ ਭੂਤ ਨੂੰ ਮਹਿਸੂਸ ਕਰਦੀ ਸਰੀਨਾ ਨੂੰ ਰੰਜਨ ਨਾਲ ਕੀਤਾ ਵਾਇਦਾ ਯਾਦ ਆ ਜਾਂਦਾ ਹੈ ਕਿ ਉਹ ਏਡਜ਼ ਦੀ ਬਿਮਾਰੀ ਕਿਸੇ ਹੋਰ ਨੂੰ ਨਹੀਂ ਦੇਣਗੇ। ਸਿਖਰ ਤੱਕ ਕਾਮ ਗੜੁੱਚੀ ਸਰੀਨਾ ਰੌਜਰ ਨੂੰ ਕਹਿੰਦੀ ਹੈ, ‘ਮੈਂ ਤੈਥੋਂ ਬਦਲਾ ਲੈਣ ਲਈ ਹੀ ਇਹ ਸਾਰਾ ਪ੍ਰੋਗਰਾਮ ਬਣਾਇਆ ਸੀ-ਮੈਂ ਪਰ ਰੰਜਨ ਨਾਲ ਕੀਤਾ ਵਾਇਦਾ ਨਹੀਂ ਤੋੜ ਸਕੀ। ਮੇਰਾ ਰੰਜਨ ਨਾਲ ਇਕਰਾਰ ਨਹੀਂ ਟੁੱਟੇਗਾ। ਮੇਰਾ ਇਕਰਾਰ ਸਲਾਮ ਹੈ, ਰੰਜਨ। ਉਸ ਨੇ ਏਨੀ ਜ਼ੋਰ ਦੀ ਕਿਹਾ ਕਿ ਰੌਜਰ ਆਪਣੇ ਪੈਰਾਂ ਤੋਂ ਹਿੱਲ ਗਿਆ।’
 
ਰੌਜਰ ਨਿਮੋਸਿ਼ਆ ਰੰਗੀਨ ਸ਼ਾਮ ਦੀ ਲਾਲਸਾ ਅੰਦਰੇ ਅੰਦਰ ਘੁੱਟ ਕੇ ਸਰੀਨਾ ਦੇ ਫਲੈਟ ਦੀਆਂ ਪੌੜੀਆਂ ਉਤਰ ਗਿਆ। ਇਸ ਕਹਾਣੀ ਵਿਚ ਨਾਮੁਰਾਦ ਬਿਮਾਰੀ ਏਡਜ਼ ਨੂੰ ਅੱਗੇ ਨਾ ਫੈਲਾਉਣ ਦਾ ਸੰਦੇਸ਼ਾ ਹੈ। ‘ਇਕ ਸੋਗੀ ਪਲ ਦੀ ਦਾਸਤਾਨ’ ਵਿਚ ਵੀ ਕਹਾਣੀਕਾਰ ਇਨ੍ਹਾਂ ਕਾਮਿਕ ਪ੍ਰਵਿਰਤਆਂਿ ਨੂੰ ਦਰਸਾ ਕੇ ਪਾਠਕਾ ਨੂੰ ਉਨ੍ਹਾਂ ਘਟਨਾਵਾਂ ਤੋਂ ਘਿਰਣਤ ਕਰਵਾਉਦਾ ਹੈ। ‘ਸਰਦੀਪ’ ਦਾ ਇਕ ਗੋਰੀ ‘ਪੈਮ’ ਨਾਲ ‘ਬੰਨ ਨਾਈਟ ਸਟੈਂਡ’ ਹੋ ਜਾਣ ਨਾਲ ਉਹ ਗਰਭਵਤੀ ਹੋ ਜਾਂਦੀ ਹੈ। ਉਸਦੇ ਘਰ ਇਕ ਨੱਨੀ ਜਿਹੀ ਧੀ ਜਨਮ ਲੈਂਦੀ ਹੈ ਜਿਸਦਾ ਖਰਚਾ ਸਰਦੀਪ ਨੂੰ ਦੇਣਾ ਪੈਂਦਾ ਹੈ। ਸਰਦੀਪ ਇਸ ਰਾਜ ਨੂੰ ਚਿਰੋਕਾ ਛੁਪਾਈ ਰਖਦਾ ਹੈ। ਸਰਦੀਪ ਦੀ ਧਰਮ ਪਤਨੀ ਬਲਜੀਤ ਹੁੰਦੀ ਹੈ। ਉਨ੍ਹਾਂ ਦੀ ਵੀ ਇਕ ਅਠਾਰਾਂ ਸਾਲਾਂ ਦੀ ਮੁਟਿਆਰ ਧੀ ‘ਰਚਨਾ’ ਹੈ। ਰਚਨਾ ਦਾ ਇਸ਼ਕ ਇਕ ਵੈਸਟ-ਇੰਡੀਅਨ ਮੁੰਡੇ ਨਾਲ ਚਲਦਾ ਹੈ। ਸਰਦੀਪ ਉਸਨੂੰ ਰੋਕਦਾ ਹੈ ਅਤੇ ਰਚਨਾ ਨੇ ਆਪਣੀ ਸਟਿੱਪ ਭੈਣ ਬਾਰੇ ਦਸ ਕੇ ਆਪਣੀ ਮਾਂ ਬਲਜੀਤ ਨੂੰ ਸੀਖ ਦਿਤਾ ਹੈ। ਹੁਣ ਮਾਂ ਧੀ ਨੇ ਰਲ ਕੇ ਸਰਦੀਪ ਦਾ ਵਿਸਤਰਾਂ ਆਪਣੋ ਘਰੋਂ ਗੋਲ ਕਰ ਦਿੰਦੇ ਹਨ। ਕਹਾਣੀਕਾਰ ਪਿਓ ਧੀ ਦੇ ਰਿਸ਼ਤੇ ਵਿਚ ਪਈ ਪਾੜ ਨੂੰ ਕਾਮ ਨੂੰ ਹੀ ਦੋਸ਼ੀ ਠਹਿਰਾਉਦਾ ਹੈ। ਜਦ ਸਰਦੀਪ ਦਾ ਦੋਸਤ ਸਮਝੌਤਾ ਕਰਾਉਣ ਜਾਂਦਾ ਹੈ ਤਾਂ ਰਚਨਾ ਇਸ ਸਮਝੌਤੇ ਨੂੰ ਸਿਰੇ ਨਹੀਂ ਚੜ੍ਹਨ ਦਿੰਦੀ। ਸਰਦੀਪ ਦਾ ਦੋਸਤ ਸਮਝ ਜਾਂਦਾ ਹੈ ਕਿ ਬਲਜੀਤ ਤਾਂ ਸਮਝੌਤਾ ਕਰਨਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਧੀ ਰਚਨਾ ਨਹੀ ਚਹੁੰਦੀ ਕਿ ਉਸਦਾ ਬਾਪ ਸਰਦੀਪ ਇਸ ਘਰ ਵਿਚ ਰਹੇ ਅਤੇ ਉਸਦੇ ਵੈਸਟ-ਇੰਡੀਅਨ ਮੁੰਡੇ ਨਾਲ ਚਲਦੇ ਰੁਮਾਂਸ ਵਿਚ ਰੋੜਾ ਬਣੇ। ਕਹਾਣੀਆਂ ਵਿਚ ਪਾਤਰ ਹਰ ਉਮਰ ਦੇ ਹਨ। ਮੁਖ ਤੌਰ ਉਪਰ ਛੋਟੀ ਉਮਰ ਦੇ ਪਾਤਰ ਵਿਦਿਆਰਥੀ ਹਨ ਅਤੇ ਵਡੇਰੀ ਉਮਰ ਵਾਲੇ ਉਨ੍ਹਾਂ ਦੇ ਮਾਪੇ ਹਨ। ਪਾਤਰ ਭਾਵੇਂ ਪੰਜਾਬੀ ਬੋਲਦੇ ਹਨ ਪਰ ਵਿਚ ਵਿਚ ਅੰਗਰੇਜ਼ੀ ਦੀ ਸ਼ਬਦਾਵਲੀ ਹੋਣ ਕਰਕੇ ਪਾਠਕ ਨੂੰ ਲਗਦਾ ਹੈ ਕਿ ਅੰਗਰੇਜ਼ੀ ਹੀ ਬੋਲਦੇ ਹਨ। ਇਸ ਵਿਚਾਰ ਦਾ ਇਕ ਹੋਰ ਵੀ ਕਾਰਨ ਹੈ ਕਿ ਪਾਤਰਾਂ ਦੀ ਬੋਲ ਚਾਲ ਅਤੇ ਸੰਸਕਾਰ ਪੱਛਮੀ ਰੀਤਾਂ ਰਿਵਾਜਾਂ ਵਾਲੇ ਹਨ। ਇਸ ਤਰ੍ਹਾਂ ਅੰਗਰੇਜ਼ੀ ਦੀ ਸ਼ਬਦਾਵਲੀ ਦਾ ਪ੍ਰਯੋਗ ਪੰਜਾਬੀ ਬੋਲੀ ਨੂੰ ਅਮੀਰ ਕਰਨ ਦਾ ਯਤਨ ਹੈ। ਵਲੈਤ ਵਿਚ ਮਨੁੱਖ ਦੀ ਤੇਜ਼ ਤਰਾਰ ਜਿ਼ੰਦਗੀ ਅਨੁਸਾਰ ਸਭ ਪਾਤਰ ਪ੍ਰਗਤੀਸ਼ੀਲ ਹਨ ਅਤੇ ਉਨ੍ਹਾਂ ਦੀ ਸੋਚ ਪ੍ਰਗੀਤਕ ਹੈ। ਕਹਾਣੀਆਂ ਦਾ ਸਥਾਨ ਵਲੈਤ ਹੀ ਹੈ। ਪਾਤਰਾਂ ਦੇ ਕਿੱਤਿਆਂ ਅਤੇ ਗਤੀ ਵਿਧੀਆਂ ਅਨੁਸਾਰ ਕਿਤੇ ਕਿਤੇ ਹੋਰ ਮੁਲਕਾਂ ਦੇ ਦ੍ਰਿਸ਼ ‘ਫਲੈਸ਼ ਬੈਕ’ ਕੀਤੇ ਪੜ੍ਹੇ ਜਾਂਦੇ ਹਨ। ਕਹਾਣੀਆਂ ਨੂੰ ਪੜ੍ਹਦੇ ਪਾਠਕ ਨੂੰ ਕਦੇ ਕਦੇ ਝਉਲਾ ਜਿਹਾ ਹੀ ਪੈਂਦਾ ਹੈ ਕਿ ਸ਼ਾਇਦ ਲੇਖਕ ਆਪ ਹੀ ਪਾਤਰ ਹੈ ਕਿਉਂਕਿ ਕਹਾਣੀਆਂ ਦੀ ਗੋਂਦ ਨੂੰ ਬਰਕਰਾਰ ਰੱਖਣ ਵਾਸਤੇ ਕਈ ਵਾਰ ਕਹਾਣੀਕਾਰ ਆਪ ਹੀ ਬ੍ਰਿਤਾਂਤਕਾਰ ਬਣ ਜਾਂਦਾ ਹੈ।
 
ਕਹਾਣੀਆਂ ਵਿਚ ਅੰਤਰ-ਰਾਸ਼ਟਰੀ ਲੁੱਟਾਂ ਖੋਹਾਂ ਦਾ ਦਰਦਨਾਕ ਜਿ਼ਕਰ ਹੈ। ਅਮਰੀਕੀ ਫੌਜਾਂ ਦੀਆਂ ਆਪ-ਹੁਦਰੀਆਂ ਤਾਂ ਸਾਰੀ ਦੁਨੀਆਂ ਜਾਣਦੀ ਹੈ ਪਰ ਮੋਗਾਡਿਸ਼ੂ ਕੈਂਪ ਵਿਚ ਉਨ੍ਹਾਂ ਦਾ ਨਿਹੱਥੇ ਅਤੇ ਕੰਮਜ਼ੋਰ ਬੱਚਿਆਂ ਦੇ ਢਿੱਡ ਵਿਚ ਪੈਣ ਵਾਲੇ ਖਾਣਿਆਂ ਦੀ ਚੋਰੀ ਕਰਨਾ ਕਿਸੇ ਮਨੁੱਖ ਨੂੰ ਜੜੋਂ ਹਿਲਾ ਕੇ ਰੱਖ ਦੇਣ ਵਾਲਾ ਕਥਾਨਿਕ ਹੈ। ਇਸ ਕਥਾਨਕ ਰਾਹੀਂ ਸੰਤੋਖ ਨੇ ਰਾਣੀ ਨੂੰ ਕਿਹਾ ਹੈ ਕਿ ਉਹ ਆਪਣਾ ਅੱਗਾ ਢਕੇ। ਤਾਕਤਵਰਾਂ ਵਾਸਤੇ ਇਹ ਇਕ ਨਵੀਂ ਚਣੌਤੀ ਹੈ। ‘ਸਪਰਮ-ਡੋਨਰ’ ਸਿਸਟਿਮ ਪੱਛਮ ਵਿਚ ਤਾਂ ਭਾਵੇਂ ਨਿਯਮਬੱਧ ਹੋ ਚੁੱਕਾ ਹੈ ਇਸ ਸੰਬੰਧੀ ਸਾਰੀਆਂ ਸੁਰੱਖਿਆਵਾਂ ਵਾਸਤੇ ਕਾਨੂੰਨ ਬਣ ਚੁੱਕੇ ਹਨ। ਉਨ੍ਹਾਂ ਕਹਾਣੀਆਂ ਰਾਹੀਂ ਉਨ੍ਹਾਂ ਕਾਨੂੰਨਾ ਬਾਰੇ ਜਾਣਕਾਰੀ ਭਾਰਤ ਵਿਚਲੇ ਪਾਠਕਾਂ ਵਾਸਤੇ ਨਵੀਂ ਅਤੇ ਬੜੀ ਲੋੜੀਂਦੀ ਹੋਵੇਗੀ। ਵੈਸਟ ਵਿਚ ਔਰਤ ਨੂੰ ਮਿਲੀ ਆਜ਼ਾਦੀ ਕਾਰਨ ਵੱਧ ਰਹੇ ਕਾਮਿਕ ਰੁਝਾਵਾਂ ਨੂੰ ਬਿਆਨ ਕਰਦੀਆਂ ਕਹਾਣੀਆਂ ਇਸ ਸੰਕਲਨ ਦੀਆਂ ਕਹਾਣੀਆਂ ਹਨ। ਸਮਲਿੰਗੀ ਸੰਬੰਧਾ ਨੂੰ ਦਰਸਾਉਣ, ਸਮਝਾਉਣ ਅਤੇ ਉਨ੍ਹਾਂ ਦੇ ਹਾਨੀ ਲਾਭਾਂ ਉਪਰ ਚਾਨਣਾ ਪਾਉਣ ਕਰਕੇ ਇਹ ਕਹਾਣੀਆਂ ਅਗਿਆਤਕਾਰਾਂ ਵਾਸਤੇ ਇਕ ਨਵੀਂ ਸਮੱਸਿਆ ਬਾਰੇ ਗਿਆਨ ਕਰਾਉਦੀਆਂ ਹਨ। ਕਹਾਣੀਕਾਰ ਅਸ਼ਲੀਲ ਦ੍ਰਿਸ਼ਾਂ ਦਾ ਚਿਤਰਣ ਵਿਗਿਆਨਕ ਭਾਸ਼ਾ ਨਾਲ ਕਰਦਾ ਹੋਣ ਕਰਕੇ ਇਹ ਕਹਾਣੀਆਂ ਇਕ ਤਾਂ ਪਾਠਕਾਂ ਦਾ ਮਨੋਰੰਜਨ ਕਰਦੀਆਂ ਹਨ ਅਤੇ ਦੂਜਾ ਇਨ੍ਹਾਂ ਕਹਾਣੀਆਂ ਨੂੰ ਪਰਿਵਾਰਾਂ ਵਿਚ ਬੈਠ ਕੇ ਪੜ੍ਹਿਆ ਸੁਣਿਆ ਜਾ ਸਕਦਾ ਹੈ। ਕਹਾਣੀਕਾਰ ਨੇ ਬ੍ਰਿਟਿਸ਼ ਵਿਦਿਅਕ ਢਾਂਚੇ ਬਾਰੇ ਭਰਪੂਰ ਜਾਣਕਾਰੀ ਵਿਦਿਆਰਥੀ ਪਾਤਰਾਂ ਰਾਹੀਂ, ਉਸ ਸਿਸਟਮ ਦੇ ਪ੍ਰਯੋਗ ਅਤੇ ਦੁਰ ਪ੍ਰਯੋਗ ਨੂੰ ਬੜੇ ਹੀ ਕਲਾਮਈ ਢੰਗ ਨਾਲ ਗਲਤ ਸਤਰਾਂ ਹੇਠਾਂ ਅਧਿਆਪਕਾਂ ਵਾਂਗ ਲਾਲ ਲਕੀਰ ਲਾ ਕੇ ਚਿਤਰਿਆ ਹੈ। ਵਲੈਤ ਵਿਚ ਪੰਜਾਬੀ ਸਮਾਜ ਦੇ ਵਰਤਾਰਿਆਂ ਨਾਲ ਹੋ ਰਹੇ ਅਨਜੋੜ ਵਿਆਹਾਂ ਦੀ ਦੁਰਦਸ਼ਾ, ਇਸ ਸਿਸਟਿਮ ਨਾਲ ਹੋ ਰਿਹਾ ਨੋਜੁਆਨ ਪੀੜ੍ਹੀ ਦੀਆਂ ਭਾਵਨਾਵਾਂ ਦਾ ਘਾਣ, ਕਹਾਣੀਆਂ ਵਿਚ ਇਸ ਨਵ-ਤਕਨੀਕ ਨਾਲ ਕੀਤਾ ਗਿਆ ਹੈ ਕਿ ਕਹਾਣੀਆਂ ਦੇ ਕਥਾਨਿਕ ਇਸ ਸਿਸਟਿਮ ਨੂੰ ਨਿਕਾਰਦੇ ਹਨ ਅਤੇ ਜਿਸਨੂੰ ਪਾਠਕ ਪੜ੍ਹ ਕੇ ਘ੍ਰਿਣਤ ਹੋ ਜਾਂਦਾ ਹੈ। ਪਾਠਕ ਇਹ ਗੱਲ ਮੰਨਣ ਵਿਚ ਮਜ਼ਬੂਰ ਹੋ ਜਾਂਦਾ ਹੈ ਕਿ ਕਿਸੇ ਕਲਚਰ ਵਿਚ ਪਲਿਆ ਵਿਅਕਤੀ ਦੂਸਰੇ ਕਲਚਰ ਦੀਆਂ ਰਹੁ-ਰੀਤਾਂ ਨੂੰ ਕਦੇ ਕਬੂਲ ਨਹੀਂ ਕਰ ਸਕਦਾ। ਭਾਵੇਂ ਪੰਜਾਬੀ ਮਾਪੇ ਆਪਣਾ ਫ਼ਰਜ ਨਿਭਾਉਣ ਵਾਸਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੇ ਹਨ ਪਰ ਅਜਿਹਾ ਕਰਦੇ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਬੱਚੇ ਪੰਜਾਬੀ ਸੱਭਿਆਚਾਰ ਵਿਚ ਪਲ ਕੇ ਵੱਡੇ ਨਹੀਂ ਹੋਏ। ਉਹ ਭੁੱਲ ਜਾਂਦੇ ਹਨ ਕਿ ਬਚਪਨ ਤੋਂ ਬੱਚਾ ਜੋ ਅਸਰ ਕਬੂਲਦਾ ਹੈ, ਉਹ ਬਾਲਗ ਹੋਏ ਬੱਚਿਆਂ ਦੀ ਰੁਚੀ ਬਣ ਜਾਂਦਾ ਹੈ। ਇਸ ਸਮਾਜਕ ਢਾਂਚੇ ਦੇ ਮੁਦਈਆਂ ਦੀਆਂ ਗਤੀ-ਵਿਧੀਆਂ ਨੂੰ ਨਿੰਦਦਾ ਹੈ। ਅੰਤਰ-ਰਾਸ਼ਟਰੀ ਅਤਿਵਾਦ ਦੇ ਪਨਪਣ ਦੇ ਕਾਰਨ ਅਤੇ ਉਸ ਅਤਿਵਾਦ ਨੂੰ ਸ਼ਹਿ ਦੇਣ ਵਾਲਿਆਂ ਦਾ ਪੋਲ ਆਪਣੀਆਂ ਕਹਾਣੀਆਂ ਰਾਹੀਂ ਖੋਲ੍ਹਦਾ ਹੈ। ਪ੍ਰਵਾਸੀਆਂ ਦੇ ਅਤੀਤ ਵਿਚਲੇ ਫੱ਼ੁਟਲ ਪ੍ਰੇਮਾਂ ਦਾ ਮੁਹੇਰਵਾ ਅਤੇ ਜ਼ਮੀਨਾਂ ਜਾਇਦਾਦਾਂ ਦਾ ਭੂਹੇਰਵਾ ਇਨ੍ਹਾਂ ਕਹਾਣੀਆਂ ਰਾਹੀਂ ਪ੍ਰਗਟ ਹੁੰਦਾ ਹੈ। ਪੰਜਾਬੀ ਮਾਪਿਆਂ ਦਾ ਜੋ ਇੰਗਲਿਸ਼ ਮਾਪਿਆਂ ਦੀਆਂ ਲੀਹਾਂ ਉਪਰ ਚਲਦੇ ਹਨ, ਉਨ੍ਹਾਂ ਦਾ ਆਪਣੇ ਧੀਆਂ ਪੁੱਤਰਾਂ ਪ੍ਰਥਾਇ ਵਰਤਾਓ, ਪਿਆਰ ਅਤੇ ਜਿੰਮੇਵਾਰੀਆਂ ਦੇ ਸਿਸਟਿਮ ਨੂੰ ਆਪਣੀਆਂ ਕਹਾਣੀਆਂ ਰਾਹੀਂ ਨਿਕਾਰਦਾ ਹੈ ਅਤੇ ਇਹ ਖ਼ਦਸ਼ਾ ਜ਼ਾਹਰ ਕਰਦਾ ਪਰਵਾਸੀਆਂ ਨੂੰ ਇਕ ਚਿਤਾਵਨੀ ਦੇ ਰੂਪ ਵਿਚ  ਕਹਿੰਦਾ ਹੈ ਕਿ ਪ੍ਰਵਾਸੀਆਂ ਦੀ ਤੀਜੀ ਪੀੜ੍ਹੀ ਪੂਰੀ ਦੀ ਪੂਰੀ ਵੈਸਟਰਨਾਈਜ਼ ਹੋ ਚੁੱਕੀ ਹੈ।
 
ਇਸ ਸੰਕਲਨ ਦੀਆਂ ਕਹਾਣੀਆਂ ਦੀ ਕਲਾਤਮਿਕ ਗੋਂਦ ਨੂੰ ਸਾਹਿਤਕ ਭਾਸ਼ਾ ਦੀਆਂ ਜੁਗਤਾਂ ਅਤੇ ਰੂਪਾਂਤਰਾਂ ਨਾਲ ਸਿ਼ੰਗਾਰ ਕੇ ਪਰਾ-ਅਧੁਨਿਕਤਾ ਅਤੇ ਅਧੁਨਿਕਤਾ ਦੀਆਂ ਸੀਮਾਵਾਂ ਪਾਰ ਕਰਦਾ ਹੋਇਆ ਉਤਰ ਅਧੁਨਿਕ ਸਮੱਸਿਆਂਵਾ ਦੇ ਸਮਾਧਾਨ ਵਾਲੇ ਸੰਕਲਪਾਂ ਨੂੰ ਸਿਰਜਦਾ ਹੈ। ਇਸੇ ਕਰਕੇ ਸੰਤੋਖ ਧਾਲੀਵਾਲ ਹੋਰ ਪੰਜਾਬੀ ਕਹਾਣੀਕਾਰਾਂ ਨਾਲੋਂ ਵਿਲੱਖਣ ਕਹਾਣੀਕਾਰ ਹੈ। ਉਸ ਦੀ ਇਸ ਵਿਲੱਖਣ ਲਿਖਣ ਪ੍ਰੀਕ੍ਰਿਆ ਦਾ ਸਾਨੀ ਹੋਣਾ ਕਿਸੇ ਕਹਾਣੀਕਾਰ ਲਈ ਸਾਹਿਤ ਅੰਦਰ ਉਤਨੇ ਕੁ ਦਾਇਰੇ ਨੂੰ ਮਲਣ ਦੀ ਲੋੜ ਹੈ ਜਿੰਨਾਂ ਕੁ ਸੰਤੋਖ ਮਲ ਚੁੱਕਾ ਹੈ। ਕਹਾਣੀ-ਕਲਾ ਵਿਚ ਵਿਅੰਗ ਹੈ। ਹਾਸਰਸ ਹੈ। ਭਾਸ਼ਾ ਵਿਚਾਰ ਪ੍ਰਧਾਨ ਹੈ। ਪੱਛਮੀ ਕਲਚਰ ਅਤੇ ਪੂਰਬੀ ਕਲਚਰ ਦੀਆਂ ਮਾਨਵ ਵਿਰੋਧੀ ਧਿਰਾਵਾਂ ਨੂੰ ਦਲੀਲ ਨਾਲ ਕੰਡਮ ਕਰਦਾ ਹੈ। ਕਹਾਣੀਆਂ ਦਾ ਇਹ ਸੰਕਲਨ ਪੂਰਬੀ ਸਮਾਜ ਦੀਆਂ ਗੈਰ-ਵਿਧਾਨਿਕ ਪਾਬੰਦੀਆਂ ਨੂੰ ਹਟਾਉਦਾ ਹੋਇਆ ਪੱਛਮੀ ਸਮਾਜ ਦੀਆਂ ਖੁਲ੍ਹਾਂ ਖੇਲ੍ਹਾਂ ਉਪਰ ਪਾਬੰਦੀਆਂ ਅਵੱਸ਼ ਲਾਵੇਗਾ। ਉਸਦਾ ਅਜਿਹਾ ਰਚਨਾਤਮਿਕ ਕਾਰਜ ਹੀ ਸੰਕਲਨ ਦੀਆਂ ਕਹਾਣੀਆਂ ਨੂੰ ਉਤਰ-ਅਧੁਨਿਕ ਕਹਾਣੀਆਂ ਦੇ ਯੁਗ ਨਾਲ ਜੋੜਦਾ ਹੈ। ਪੂਰਬੀ ਅਤੇ ਪੱਛਮੀ ਸਮਾਜ ਦੇ ਟਕਰਾਓ ਕਾਰਨ ਜਿਸ ਨਵੇਂ ਸਮਾਜ ਦੀ ਸਿਰਜਨਾ ਕਰਦਾ ਹੈ, ਉਸ ਸਮਾਜ ਦੇ ਨਿਯਮਾਂ ਅਤੇ ਸੰਕਲਪਾਂ ਨੂੰ ਉਤਰ-ਆਧੁਨਿਕ ਸਮਾਜ ਹੀ ਕਿਹਾ ਜਾ ਸਕਦਾ ਹੈ। ਦੋਨਾ ਸੱਭਿਆਚਾਰਾਂ ਦੇ ਟਕਰਾਓ ਕਾਰਨ ਇਕ ਉਤਰ-ਆਧੁਨਿਕ ਸੱਭਿਆਚਾਰ ਦੀ ਸਿਰਜਨਾ ਵਾਸਤੇ ਧਰਾਤਲ ਤਿਆਰ ਕਰਦੀਆਂ ਹਨ ਸੰਤੋਖ ਧਾਲੀਵਾਲ ਦੀਆਂ ਇਸ ਸੰਕਲਨ ਦੀਆਂ ਕਹਾਣੀਆਂ। ਮੈਨੂੰ ਪੂਰਨ ਆਸ ਹੈ ਕਿ ਇਹ ਸੰਕਲਨ ਗੰਭੀਰ ਪਾਠਕਾਂ ਦੀ ਸੋਚ ਨੂੰ ਝੰਜੋੜ ਕੇ ਇਕ ਨਵਾਂ ਸੱਭਿਆਚਾਰ ਸਿਰਜਣ ਵਿਚ ਪਹਿਲ ਕਦਮੀ ਜ਼ਰੂਰ ਕਰੇਗਾ। ਮੈਂ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਉਪਰ ਕੀਤੇ ਗਏ ਦਾਅਵਿਆਂ ਦੀ ਪਰਖ ਉਹ ਸਿਰਫ ਇਸ ਕਹਾਣੀ ਸੰਗ੍ਰਹਿ ਨੂੰ ਆਪ ਪੜ੍ਹ ਕੇ ਹੀ ਕਰ ਸਕਦੇ ਹਨ।

****

No comments:

Post a Comment