ਈਸ਼ਰ ਸਿੰਘ ਭਾਈਆ ਦੀ ਸਿਰਜਾਨਮਿਕਤਾ ਦੇ ਅੰਤਰਗਤਿ ਹਾਸਰਸ ਪ੍ਰਬੰਧ ਅਤੇ ਸੁਧਾਰਕ ਪ੍ਰਵਿਰਤੀਆਂ।

ਸਿਆਣਾ ਮਨੁੱਖ ਕਿਸੇ ਦੇ ਕਮਲਪੁਣੇ ਉਪਰ ਹੱਸੇਗਾ। ਉੱਚੀ ਜਾਤ ਵਾਲਾ ਨੀਵੀਂ ਜਾਤ ਦੀਆਂ ਹਰਕਤਾਂ ਉਪਰ ਹੱਸੇਗਾ ਅਤੇ ਨੀਵੀਂ ਜਾਤ ਵਾਲੇ ਉੱਚੀ ਜਾਤ ਵਾਲਿਆਂ ਦੀ ਫੋਕੀ ਹੈਂਕੜ ਉਪਰ ਹੱਸਣਗੇ। ਪੜ੍ਹਿਆ ਲਿਖਿਆ ਅਨਪੜ੍ਹਾਂ ਉਪਰ ਹੱਸੇਗਾ। ਨੇਤਾ ਪਰਜਾ ਨੂੰ ਮੂਰਖ਼ ਬਣਾ ਕੇ ਹੱਸੇਗਾ। ਬੁੱਢੇ ਬੱਚਿਆਂ ਦੀਆਂ ਤੋਂਤਲੀਆਂ ਗੱਲਾਂ ਉਪਰ ਹੱਸਣਗੇ ਅਤੇ ਬੱਚੇ ਬੁੱਢਿਆਂ ਦੀਆਂ ਲਾਚਾਰੀਆਂ ਉਪਰ ਹੱਸਣਗੇ। ਧਾਰਮਿਕ ਮਨੁੱਖ ਅਧਰਮੀਆਂ ਦੀ ਅਨੈਤਿਕਤਾ ਉਪਰ ਹੱਸੇਗਾ ਅਤੇ ਅਧਰਮੀ ਧਾਰਮਿਕ ਮਨੁੱਖ ਦੇ ਅੰਧਵਿਸ਼ਵਾਸ਼ ਉਪਰ ਹੱਸੇਗਾ। ਕਾਰੀਗਰ ਅਨਜਾਣ ਲੋਕਾਂ ਦੇ ਕਾਰਜ ਉਪਰ ਹੱਸਣਗੇ। ਕੋਈ ਮਨੁੱਖ ਕਿਸੇ ਦੂਸਰੇ ਮਨੁੱਖ ਦੇ ਅੜੀਅਲ ਸੁਭਾ ਉਪਰ ਹੱਸੇਗਾ ਅੜੀਅਲ ਸੁਭਾ ਵਾਲੇ ਸਾਧੂ ਲੋਕਾਂ ਦਾ ਮੌਜੂ ਬਣਾਉਣਗੇ। ਇਨਸਾਨ ਜਾਨਵਰਾਂ ਉਪਰ ਹੱਸੇਗਾ ਅਤੇ ਕਈ ਇਨਸਾਨ ਦੂਜੇ ਇਨਸਾਨ ਦੀਆਂ ਜਾਨਵਰਾਂ ਵਾਲੀਆਂ ਰੁਚੀਆਂ ਉਪਰ ਹੱਸਣਗੇ। ਪੰਡਤ ਕਿਸੇ ਨੂੰ ਵਹਿਮਾਂ ਵਿਚ ਫਸਾ ਕੇ ਹੱਸੇਗਾ ਅਤੇ ਵਰਤਮਾਨ ਵਿਚ ਕਈ ਲੋਕ ਪੰਡਤ ਦੀ ਲੰਗੋਟੀ ਅਤੇ ਬੋਦੀ ਉਪਰ ਹੱਸਣਗੇ। ਕਈ ਲੋਕ ਐਵੇਂ ਹੱਸੀ ਜਾਣ ਵਾਲਿਆਂ ਉਪਰ ਵੀ ਹੱਸਦੇ ਹਨ। ਹਿੰਦੂ ਮੁਸਲਮਾਨ ਸਿੱਖ ਈਸਾਈ। ਸਾਰੇ ਹਨ ਭਾਈ ਭਾਈ। ਇਸ ਕਰਕੇ ਇਹ ਸਾਰੇ ਭਾਈ ਇਕ ਦੂਜੇ ਨੂੰ ਖੁਸ਼ ਕਰਨ ਵਾਸਤੇ ਹੱਸਣਗੇ। ਹਿੰਦੀ ਚੀਨੀ ਭਾਈ ਭਾਈ ਵਾਲੇ ਨਾਹਰੇ ਨੂੰ ਸੁਣ ਕੇ ਜੋ ਹਾਸੋਹੀਣੀ ਹੋਈ ਸੀ, ਅਜਿਹੀ ਹਾਸੋਹੀਣੀ ਨੂੰ ਅੰਤਰ-ਰਾਸ਼ਟਰੀ ਆਖਿਆ ਜਾ ਸਕਦਾ ਹੈ। ਮਰਦ ਔਰਤ ਦੇ ਚਰਿਤਰਾਂ ਉਪਰ ਹੱਸਣਗੇ ਅਤੇ ਔਰਤਾਂ ਮਰਦਾਂ ਦੀਆਂ ਕਮਜ਼ੋਰੀਆਂ ਉਪਰ ਹੱਸਣਗੀਆਂ। ਨਕਲੀਆਂ ਦੀਆਂ ਨਕਲਾਂ ਸੁਣ ਕੇ ਆ ਰਹੇ ਹਾਸੇ ਨੂੰ ਅਸੀਂ ਫੁਟਕਲ ਹਾਸਾ
ਸਮਝ ਲੈਂਦੇ ਹਾਂ। ਕਈ ਲੋਕ ਐਵੇਂ ਹੱਸੀ ਜਾਣ ਵਾਲਿਆਂ ਉਪਰ ਵੀ ਹੱਸਦੇ ਹਨ। ਅਜਿਹੇ ਹਾਸੇ ਨੂੰ ਵਿਅਕਤੀਗਤ ਹਾਸਾ ਆਖਿਆ ਜਾਂਦਾ ਹੈ ਪਰ ਜੇਕਰ ਕਿਸੇ ਦੀ ਗੱਲ ਉਪਰ ਕੋਈ ਹੱਸਦਾ ਜ਼ਾਹਰ ਹੋ ਜਾਵੇ ਤਾਂ ਹਾਸੇ ਦਾ ਤਮਾਸ਼ਾ ਵੀ ਬਣ ਜਾਂਦਾ ਹੈ। ਹਾਸਰਸ ਲੇਖਕ ਈਸ਼ਰ ਸਿੰਘ ਈਸ਼ਰ ਭਾਈਆ ਦੇ ਹਾਸ ਰਸ ਵਿਚ ਕੁਝ ਅਜਿਹੀਆਂ ਵੰਨਗੀਆਂ ਆਉਦੀਆਂ ਹਨ ਅਤੇ ਉਹ ਸਮਾਜਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਸੰਗਤੀਆਂ ਅਤੇ ਸੰਕੀਰਨਤਾ ਨੂੰ ਲਿਖ ਕੇ ਆਪਣੇ ਰਚਨਾਤਮਿਕ ਕਾਰਜ ਵਿਚ ਹਾਸਾ ਉਪਜਾਉਦਾ ਹੈ। ਈਸ਼ਰ ਸਿੰਘ ਭਾਈਆਂ ਕੁਝ ਅਜਿਹਾ ਹੀ ਕਰਕੇ ਵਰਕਿਆਂ ਉਪਰ ਸਰੋਂ ਜਮਾਉਦਾ ਹੈ। ਹਾਸਾ ਅਤੇ ਮੁਸਕ੍ਰਾਉਣਾ ਵੀ ਦੋਨੇ ਛੋਟੇ ਵੱਡੇ ਭਾਈ ਹਨ। ਈਸ਼ਰ ਸਿੰਘ ਭਾਈਏ ਨੇ ਇਨ੍ਹਾਂ ਦੋਨਾ ਨੂੰ ਦਰਜੇ ਬਦਰਜੇ ਆਪਣੀਆਂ ਕਵਿਤਾਵਾਂ ਵਿਚ ਯੋਗ ਅਸਥਾਨ ਦਿੱਤਾ ਹੈ। ਜਿਵੇਂ ਬਨਾਉਟੀ ਫੁੱਲਾਂ ਵਿਚ ਖੁਸ਼ਬੋ ਨਹੀਂ ਹੁੰਦੀ ਠੀਕ ਇਸੇ ਤਰ੍ਹਾਂ ਅੰਗਰੇਜ਼ ਮਨੁੱਖ ਇਕ ਦੂਸਰੇ ਨੂੰ ਮਿਲਣ ਵੇਲੇ ਮੁਸਕ੍ਰਾਉਣਗੇ। ਔਰਤ ਆਪਣੇ ਮਨ ਭਾਉਦੇ ਮਰਦ ਵੱਲ ਵੇਖ ਕੇ ਮੁਸਕ੍ਰਾਉਦੀ ਹੋਈ ਨੈਣ ਚੁਰਾ ਲੈਂਦੀ ਹੈ ਅਤੇ ਮਰਦ ਔਰਤ ਨੂੰ ਵਰਗਲਾ ਕੇ ਮਿੰਨ੍ਹਾਂ ਹਾਸਾ ਹੱਸਦਾ ਹੈ। ਜਿਸ ਤਰ੍ਹਾਂ ਸਾਰਾ ਬ੍ਰਹਿਮੰਡ ਹੀ ਵਿਰੋਧਾਭਾਸ ਨੇ ਜਕੜਿਆ ਹੋਇਆ ਹੈ, ਠੀਕ ਇਸੇ ਤਰ੍ਹਾਂ ਇਹ ਸਾਰਾ ਜਗਤ ਹਾਸਿਆਂ ਅਤੇ ਰੋਣਿਆਂ ਦਾ ਸਿ਼ਕਾਰ ਹੋਇਆ ਆਪਣੇ ਸਿ਼ਕਾਰੀ ਤੋਂ ਅਣਜਾਣ ਖੋਪੇ ਲੱਗੇ ਹੋਏ ਬੌਲਦ ਵਾਂਗ ਆਪਣੀ ਮਧਮ ਚਾਲੇ ਇਕ ਦੂਜੇ ਉਪਰ ਹੱਸੀ ਜਾ ਰਹੇ ਹਾਂ ਜਾਂ ਰੋ ਰਹੇ ਹਾਂ। ਈਸ਼ਰ ਸਿੰਘ ਭਾਈਆ ਸਾਨੂੰ ਉਸ ਸਿ਼ਕਾਰ ਅਤੇ ਸਿ਼ਕਾਰੀ ਬਾਰੇ ਵੀ ਜਾਣਕਾਰੀ ਦਿੰਦਾ ਹੈ।

    ਹਾਸਾ ਉਪਜਾਉਣ ਵਾਸਤੇ ਈਸ਼ਰ ਸਿੰਘ ਭਾਈਆ ਆਪਣੀਆਂ ਕਵਿਤਾਵਾਂ ਵਿਚ ਮਨੁੱਖ ਦੀ ਬੇਢੱਬੀ ਪੁਸ਼ਾਕ ਦਾ ਵਰਨਣ ਪਾਤਰ ਦੀ ਸੂਝ ਮੁਤਾਬਕ ਕਰਦਾ ਹੈ। ਲੋਕਾਂ ਦੇ ਕਾਰ ਵਿਹਾਰ ਵਿਚ ਸੰਕੀਰਨਤਾ ਉਪਜਾਉਦਾ ਹੈ। ਵਾਰਤਾਲਾਪ ਦੇ ਰੁੱਖ ਨੂੰ ਜ਼ਰਾ ਬਦਲਾ ਕੇ ਪੇਸ਼ ਕਰਦਾ ਹੈ। ਲੋਕਾਂ ਦੀ ਮੂਰਖਤਾ ਨੂੰ ਪ੍ਰਗਟ ਕਰਦਾ ਹੈ। ਕਰਮ ਕਾਂਢਾ ਦੇ ਦੰਭੀ ਪਖੰਡਾ ਦਾ ਖੁਲਾਸਾ ਕਰਦਾ ਹੈ। ਡਰਪੋਕਤਾ ਅਤੇ ਕਾਇਰਤਾ ਨੂੰ ਪ੍ਰਗਟਾਉਦਾ ਹੈ। ਅਮੀਰਾਂ ਦੀਆਂ ਆਪਹੁਦਰੀਆਂ ਅਤੇ ਸੂਮਾਂ ਦੀਆਂ ਖੱਟੀਆਂ ਦੇ ਅੰਬਾਰਾਂ ਨੂੰ ਸੜ ਗਲ ਜਾਣ ਦਾ ਪ੍ਰਪੰਚ ਲਿਖਦਾ ਹੈ। ਧਾਰਮਿਕ ਅੰਧਵਿਸ਼ਵਾਸ਼ ਅਤੇ ਰਾਜਨੀਤਕ ਨੇਤਾਵਾਂ ਦੇ ਸ਼ੋਸ਼ਣ ਨੂੰ ਨੰਗਿਆ ਕਰਦਾ ਹੈ। ਸਮਾਜ ਵਿਚ ਦਿਨੋ ਦਿਨ ਵੱਧ ਰਹੀਆਂ ਕੁਰੀਤੀਆਂ ਉਪਰ ਕਟਾਖ਼ਸ਼ ਕਰਦਾ ਹੈ। ਸੰਗਤਾਂ ਵਲੋਂ ਗੁਰਬਾਣੀ ਦੇ ਗਲਤ ਪ੍ਰਯੋਗ ਉਪਰ ਉਂਗਲੀ ਧਰ ਕੇ ਸਿੱਖ ਧਰਮ ਨੂੰ ਵਿਆਪਕ ਸਵੀਕਿਰਤੀ ਵਾਲਾ ਧਰਮ ਬਣਾਉਣ ਵਾਸਤੇ ਯਤਨਸ਼ੀਲ ਹੈ। ਸੂਰਮਿਆਂ, ਯੋਧਿਆਂ, ਬਹਾਦਰਾਂ ਅਤੇ ਸ਼ਹੀਦਾਂ ਦੀਆਂ ਨਕਲਾ ਕਰ ਰਹੇ ਅਡੰਬਰਪੂਰਨ ਪਰਦਸ਼ਨਕਾਰੀਆਂ ਦੀ ਅਵਾਸਤਵਿਕਤਾ ਉਪਰ ਪ੍ਰਸ਼ਨ ਚਿੰਨ੍ਹ ਲਾਉਦਾ ਹੈ। ਪਰਿਵਾਰਕ ਜਿੰਮੇਦਾਰੀਆਂ ਵੱਲ ਪਿੱਠ ਦੇਣ ਵਾਲਿਆਂ ਉਪਰ ਸਿ਼ਕੰਜਾਂ ਕੱਸਿਆ ਹੈ। ਆਪਣੇ ਹੀ ਲੋਕਾਂ ਦੀ ਗਰਜ ਨੂੰ ਆਪਣਿਆਂ ਨਾਲ ਤੁਮ-ਤੜਾਕ ਕਰਦੀਆਂ ਸੱਤਰਾਂ ਦੀ ਅਭਿਵਿਅੱਕਤੀ ਕੀਤੀ ਹੈ। ਸਮਾਜਿਕ ਵਿਸੰਗਤੀਆਂ, ਧਾਰਮਿਕ ਸੰਕੀਰਨਤਾ ਅਤੇ ਅੰਧਵਿਸ਼ਵਾਸ਼, ਮਾਨਸਕ ਤਣਾਓ ਅਤੇ ਗਰੀਬੀ, ਦੇਸ਼ ਭਗਤੀ ਅਤੇ ਕਾਇਰਤਾ, ਪਰਜਾ ਅਤੇ ਨੇਤਾ ਦੇ ਦਾਓ ਪੇਚ, ਮਾਂ ਬੋਲੀ ਪੰਜਾਬੀ ਵਿਚ ਘਰ ਕਰ ਰਹੀਆਂ ਦਰਪੇਸ਼ ਸਮੱਸਿਆਂਵਾ, ਮਹਿੰਗਾਈ ਦੀ ਪਕੜ, ਦਿਖਾਵੇ ਦੀ ਫੈਸ਼ਨ-ਪ੍ਰਸਤੀ, ਵਹਿਮਾਂ ਭਰਮਾਂ ਬਾਰੇ, ਹਿੰਦੂ ਸਿੱਖ ਏਕਤਾ, ਅਣਜੋੜ ਵਿਆਹ-ਸ਼ਾਦੀਆਂ, ਦਾਜ ਦੀ ਲਾਹਨਤ ਅਤੇ ਸੱਭਿਆਚਾਰਕ ਨਿਘਾਰ ਬਾਰੇ ਬੜੀ ਹੀ ਕਲਾਤਮਿਕ ਵਿਧੀ ਰਾਹੀਂ ਆਪਣਾ ਪੱਖ ਹਾਸਰਸ ਸ਼ਬਦਾਵਲੀ ਨਾਲ ਸਿਰਜਿਆ ਹੈ। ਈਸ਼ਰ ਸਿੰਘ ‘ਭਾਈਆ’ ਦੇ ਕਾਵਿ ਜਗਤ ਵਿਚ ਪਰਿਵਾਰਕ ਸਮੱਸਿਆਵਾਂ ਦਾ ਵੀ ਸਮਾਧਾਨ ਪੜ੍ਹਿਆ ਜਾਂਦਾ ਹੈ। ਚਾਨਣ ਗੋਬਿੰਦਪੁਰੀ ਲਿਖਦਾ ਹੈ ਕਿ ਭਾਈਏ ਨੇ ਜਦ ਸ਼ਾਇਰੀ ਦਾ ਅਰੰਭ ਕੀਤਾ, ਉਹ ਸਮਾਂ ਸ਼ਾਇਰੀ ਦੇ ਹੱਕ ਵਿਚ ਇਕ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ, ਜਿਸ ਵਿਚ ਸ਼ਰਫ਼, ਹਮਦਮ, ਦਾਮਨ, ਚਾਤ੍ਰਿਕ, ਮੁਸ਼ਾਇਰਿਆਂ ਤੇ ਛਾਏ ਹੋਏ ਸਨ। ਭਾਈਆ ਜਦੋਂ ਮਾਈਕ ਅੱਗੇ ਖਲੋਕੇ, ਇਕ ਹੱਥ ਨਾਲ ਪਗੜੀ ਨੂੰ ਜ਼ਰਾ ਉਤਾਂਹ ਚੁੱਕ ਕੇ ਕਵਿਤਾ ਦਾ ਪਹਿਲਾ ਬੋਲ ਹੀ ਬੋਲਦਾ, ਹਾਸੇ ਦੇ ਫੁਹਾਰੇ ਛੁੱਟ ਪੈਂਦੇ, ਸਰੋਤੇ ਹੱਸ ਹੱਸ ਕੇ ਦੋਹਰੇ ਹੋ ਜਾਂਦੇ, ਹਰ ਪਾਸੇ ਖੁਸੀਆਂ ਦੇ ਫੁੱਲ ਖਿਲ ਜਾਂਦੇ, ਸਾਰਾ ਮਹੌਲ ਕਹਿਕਹਾਜ਼ਾਰ ਬਣ ਜਾਂਦਾ। ਦਰਸ਼ਕਾਂ ਨੂੰ ਹਸਦਿਆ ਵੇਖ, ਭਾਈਆ ਬੁਲ੍ਹਾਂ ਹੇਠ ਮੁਸਕਰਾਂਦਾ ਅਤੇ ਆਪਣੀ ਜਾਦੂ-ਬਿਆਨੀ ਤੇ ਖੁਸ਼ ਹੁੰਦਾ ਰਹਿੰਦਾ।’ ਭਾਵੇਂ ਭਾਈਆ ਜੀ ਦਾ ਅੰਦਾਜ਼ੇ-ਬਿਆਂ ਕਵਿਤਾਵਾਂ ਉਪਰ ਸੋਨੇ ਦਾ ਸੁਹਾਗਾ ਸੀ ਪਰ ਅੱਜ ਪਾਠਕ ਕਵਿਤਾਵਾਂ ਨੂੰ ਪੜ੍ਹ ਕੇ ਉਸੇ ਤਰ੍ਹਾਂ ਦਾ ਹੀ ਅਨੰਦ ਮਾਣ ਸਕਦਾ ਹੈ।
 
ਹਾਸ ਰਸ ਅਤੇ ਹਾਸ ਵਿਅੰਗ ਤਿੱਖੀ ਤਲਵਾਰ ਵਾਂਗ ਹੁੰਦਾ ਹੈ। ਈਸ਼ਰ ਸਿੰਘ ਭਾਈਏ ਨੇ ਤਲਵਾਰ ਦੀ ਤਿੱਖੀ ਧਾਰ ਵਾਲਾ ਪਾਸਾ ਆਪਣੇ ਵੱਲ ਰੱਖਿਆ ਹੈ। ਲੱਗ ਭੱਗ ਸਭ ਕਵਿਤਾਵਾਂ ਦੀ ਅਭਿਵਿਅੱਕਤੀ ਕਰਨ ਲੱਗਿਆਂ ਹਾਸਾ ਪ੍ਰਗਟਾਉਣ ਵਾਸਤੇ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਹੀ ਪਾਤਰ ਬਣਾਇਆ ਹੈ। ਭਾਈਆ ਪਾਤਰ ਸਿਰਜ ਕੇ ਉਸਨੇ ਲੋਕਾਂ ਦੇ ਅਨਪੜ੍ਹ ਬਾਪਾ ਦਾ ਮੌਜੂ ਉਡਾਇਆ ਹੈ। ਗੁਰਮੁਖ ਸਿੰਘ ਡਾਕਟਰ ਈਸ਼ਰ ਸਿ਼ਘ ਈਸ਼ਰ ਦੀ ਕਵਿਤਾ ਬਾਰੇ ਲਿਖਦੇ ਹਨ, ‘ਵੀਹਵੀਂ ਸਦੀ ਵਿਚ ਸ। ਸ। ਸ਼ਹੀਦ ਨੇ ‘ਸੁੱਥਰਾ’ ਪਾਤਰ ਸਿਰਜਿਆ ਤੇ ਖੂਬ ਹਸਾਉਣੀਆਂ ਪਰ ਅਤਿ ਸਰਲ ਸਿਖਿਆਦਾਇਕ ਕਵਿਤਾਵਾਂ ਦੀ ਸਿਰਜਨਾ ਕੀਤੀ ਅਤੇ ‘ਭਾਈਆ’ ਪਾਤਰ ਦੀ ਸਿਰਜਣਾ ਸ। ਈਸ਼ਰ ਸਿੰਘ ਈਸ਼ਰ ਨੇ ਕੀਤੀ ਤੇ ਇਹ ਪਾਤਰ ਇੰਨਾ ਮਕਬੂਲ ਹੋਇਆ ਲੋਕਾਂ ਨੇ ਉਹਨਾਂ ਦਾ ਤਖ਼ਲਸ ਹੀ ‘ਭਾਈਆ’ ਬਣਾ ਦਿਤਾ। ਇਸ ਤਰ੍ਹਾਂ ਦਾ ਜੀਵੰਤ ਪਾਤਰ ਸਿਰਜਣਾ ਕੋਈ ਖੇਡ ਨਹੀਂ ਹੈ। ਉਹਨਾਂ ਦੀ ਅਤਿਅੰਤ ਮਿਹਨਤ ਅਤੇ ਸਾਧਨਾ ਦਾ ਪ੍ਰਮਾਣ ਹੈ।’
‘ਅਨਪੜ੍ਹ ਵਹੁਟੀ’ ਕਵਿਤਾ ਰਾਹੀਂ ਭਾਈਏ ਦੀ ਲਿਖਣ ਪ੍ਰਕਿਰਿਆ ਦੇ ਭੇਦ ਨੂੰ ਸਮਝਦੇ ਹਾਂ ਜਿਹੜਾ ਭੇਦ ਉਸਦੀ ਹਰ ਕਵਿਤਾ ਦਾ ਰਚਨਾਤਮਿਕ ਵਿਧਾਨ ਹੈ। ਭਾਈਆਂ ਅਨਜੋੜ ਵਿਆਹ ਅਤੇ ਦਾਜ ਦੇ ਲਾਲਚੀ ਮਾਪਿਆਂ ਦੇ ਆਖੇ ਪਰਨਾਈ ਗਈ ਅਨਪੜ੍ਹ ਵਹੁਟੀ ਰਾਹੀਂ ਘਰ ਵਿਚ ਕਲੇਸ਼ ਨੂੰ ਦਰਸਾ ਕਿ ਦੇਸ਼ ਵਿਚ ਅਨਪੜ੍ਹਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਦਾ ਹੈ। ਭਾਈਏ ਦਾ ਪੁੱਤਰ ਪੜ੍ਹ ਲਿਖ ਜਾਂਦਾ ਹੈ। ਨੌਕਰੀ ਨਹੀਂ ਮਿਲਦੀ। ਭਾਰਤ ਦੇਸ਼ ਵਿਚ ਇਸ ਸਮੱਸਿਆ ਨੂੰ ਹਾਸ ਵਿਅੰਗ ਨਾਲ ਬਿਆਨ ਕਰਦਾ ਹੈ।
 
ਉਸਦੀ ਨੌਕਰੀ ਲੱਗਣ ਉਪਰ ਭਾਈਏ ਦੇ ਕਿਰਦਾਰ ਨੂੰ ਬੜੇ ਹੀ ਹਾਸ-ਵਿਅੰਗ ਨਾਲ ਕਲਮਬੰਦ ਕਰਦਾ ਹੈ। ਭਾਈਏ ਦੇ ਸਮੇਂ ਵਿਚ ਜਦ ਮੁੰਡੇ ਜੁਆਨ ਹੋ ਜਾਂਦੇ ਸਨ ਤਾਂ ਮਾਪਿਆਂ ਵਿਚ ਅਜਿਹੀ ਅਸਲਾਹਟ ਆਉਣੀ ਆਮ ਗੱਲ ਸੀ। ਇਸ ਅਸਲਾਹਟ ਉਪਰ ਵਿਅੰਗ ਕਸਦਾ ਹੈ।       
 
ਇਹ ਇਕ ਜਟਿਲ ਸਚਾਈ ਹੈ ਕਿ ਵਿਹਲੇ ਆਦਮੀ ਦਾ ਦਿਮਾਗ਼ ਕਈ ਪਾਪੜ ਵੇਲਣਾ ਚਹੁੰਦਾ ਹੈ। ਭਾਈਏ ਦੇ ਦਿਮਾਗ਼ ਨੇ ਸੋਚਿਆ ਕਿ ਪੈਸੇ ਧੇਲੇ ਵਲੋਂ ਤਾਂ ਸੁਖ ਆਰਾਮ ਮਿਲ ਸਕਦਾ ਹੈ ਕਿਉਂ ਨਾ ਹੁਣ ਮੁੰਡੇ ਦਾ ਵਿਆਹ ਕਰ ਦਈਏ। ਇਕ ਤਾਂ ਘਰ ਵਿਚ ਦਾਜ ਆਊਗਾ ਅਤੇ ਦੂਜਾ ਮੁੰਡੇ ਦੀ ਮਾਂ ਨੂੰ ਵੀ ਸੁਖ ਦਾ ਸਾਹ ਆ ਜਾਵੇਗਾ। ਭਾਈਆ ਹੁਣ ਐਸੇ ਰਿਸ਼ਤੇ ਦੀ ਤਲਾਸ਼ ਵਿਚ ਸੀ ਜਿਹੜੇ ਰਿਸ਼ਤੇ ਵਿਚ ਮੋਟਾ ਦਾਜ ਆ ਸਕੇ। ਦਾਹ ਦਹੇਜ ਦੀ ਰਸਮ ਨੂੰ ਈਸ਼ਰ ਸਿੰਘ ਭਾਈਆ ਨਿੰਦਦਾ ਹੋਇਆ, ਸਮਾਜ ਵਿਚੋਂ ਇਸ ਬਿਮਾਰੀ ਦਾ ਖੁਰਾ ਖੋਜ ਮਿਟਾਉਣਾ ਚਹੁੰਦਾ ਹੈ। ਇਹ ਦਾਜ ਦਾ ਕੋਹੜ ਹੀ ਅੱਜ ਕੱਲ੍ਹ ਭਰੂਣ ਹੱਤਿਆ ਦਾ ਕਾਰਨ ਬਣਿਆ ਹੋਇਆ ਹੈ।   
 
ਦਾਜ ਦੇ ਲਾਲਚ ਵਿਚ ਗ੍ਰਸਤ ਭਾਈਆਂ ਆਪਣੇ ਪੁੱਤਰ ਦਾ ਵਿਆਹ ਇਕ ਅਮੀਰਜ਼ਾਦੀ ਅਨਪੜ੍ਹ ਕੁੜੀ ਨਾਲ ਜੋੜ ਦਿੰਦਾ ਹੈ। ਵਿਆਹ ਦੇ ਰੀਤੀ ਰਿਵਾਜਾਂ ਦੇ ਖਲ੍ਹਜਗਣ ਨੂੰ ਬੜੀ ਹਾਸ ਰਸ ਸ਼ਬਦਾਵਲੀ ਨਾਲ ਬਿਆਨ ਕਰਦਾ ਹੈ। ਕੁੜੀ ਦੇਖਣ ਨੂੰ ਵੀ ਭੱਦੀ ਲੱਗਦੀ ਹੈ। ਸੁਭਾ ਦੀ ਵੀ ਬਹੁਤ ਅੜੀਅਲ ਅਤੇ ਤੁੰਮੇ ਤੋਂ ਵੀ ਕੌੜੇ ਬੋਲ ਬੋਲਦੀ ਹੈ। ਭਾਈਏ ਨੇ ਵਾਹਵਾ ਵਹੁਟੀ ਦੇ ਕਿਰਦਾਰ ਦਾ ਨਕਸ਼ਾ ਖਿਚਿਆ ਹੈ। ਵਹੁਟੀ ਦੇ ਸੁਭਾ ਵਿਚ ਉਹ ਸਾਰੀਆਂ ਊਣਤਾਈਆਂ ਦਰਸਾਈਆਂ ਹਨ ਜਿਹੜੀਆਂ ਅਨਪੜ੍ਹ ਅਤੇ ਅਮੀਰ ਕਾਕੀਆਂ ਵਿਚ ਅਮੂਮਨ ਹੁੰਦੀਆਂ ਹਨ। ਉਸਦੀਆਂ ਹਰਕਤਾਂ ਨੂੰ ਇਸ ਤਰ੍ਹਾਂ ਕਲਮਬੰਦ ਕੀਤਾ ਹੈ ਜਿਵੇਂ ਕੋਈ ਜ਼ਾਹਲ ਬੰਦਾ ਹੁੰਦਾ ਹੈ। ਹੁਕਮ ਨਾ ਮੰਨਣਾ, ਵੱਡਿਆਂ ਦੇ ਮੋਹਰੇ ਬੋਲਣਾ ਅਤੇ ਗੱਲ ਗੱਲ ਵਿਚ ਸਿਆਣਿਆਂ ਦੀ ਬੇਇਜ਼ਤੀ ਕਰਨੀ ਆਦਿ। ਇਕ ਵਾਰ ਜਦ ਉਸਨੇ ਕੁੱਤੇ ਦੇ ਜੁੱਤੀ ਵਗਾਹ ਕੇ ਮਾਰੀ ਉਹ ਭਾਈਏ ਦੀ ਅੱਖ ਕਾਣੀ ਕਰ ਗਈ। ਦੀਵਾ ਬਾਲਣ ਲੱਗੀ ਨੇ ਬਲਦੀ ਤੀਲ ਇਸ ਤਰ੍ਹਾਂ ਸੁੱਟੀ ਕਿ ਘਰ ਸੜ ਕੇ ਸੁਆਹ ਹੋ ਗਿਆ। ਉਸਦੀ ਪੁੱਠੀ ਸਿੱਧੀ ਪਾਈ ਹੋਈ ਪੁਸ਼ਾਕ ਉਪਰ ਟਿਪਣੀ ਕਰਦਾ ਹੈ। ਉਹ ਆਪਣੀ ਅਨਪੜ੍ਹਤਾ ਕਾਰਨ ਪਟਿਆਲਾ ਜਾਣ ਵਾਲੀ ਰੇਲ ਗੱਡੀ ਦੀ ਥਾਂ ਬੀਕਾਨੇਰ ਵਾਲੀ ਰੇਲ ਗੱਡੀ ਉਪਰ ਚੜ੍ਹ ਜਾਂਦੀ ਹੈ। ਰਾਹ ਵਿਚ ਉਸਦਾ ਕੋਈ ਖੀਸਾ ਕੱਟ ਲੈਂਦਾ ਹੈ। ਹੁਣ ਉਸ ਕੋਲ ਨਾ ਕੋਈ ਟਿਕਟ ਹੈ ਅਤੇ ਨਾ ਹੀ ਕੋਈ ਪੈਸਾ ਬਚਿਆ ਹੈ। ਇਕ ਦਿਨ ਘਰ ਵਿਚ ਮਹਿਮਾਨ ਆਏ ਤਾਂ ਹਲਵਾ ਬਣਾਉਦੀ ਨੇ ਖੰਡ ਦੀ ਥਾਂ ਲੂਣ ਪਾ ਦਿੱਤਾ। ਜਦ ਉਸ ਨੂੰ ਇਸ ਗੱਲ ਬਾਰੇ ਸਮਝਾਇਆ ਜਾਂਦਾ ਤਾਂ ਘਰ ਵਿਚ ਕਲੇਸ਼ ਕਰਦੀ ਰਹਿੰਦੀ। ਉਸ ਉਪਰ ਸਖਤੀ ਵਰਤੋਂ ਤਾਂ ਉਹ ਵੀ ਅਗਿਓ ਆਪਣੇ ਸਲੀਪਰ ਲਾਹ ਲੈਂਦੀ ਹੈ। ਹੱਥੋ ਪਾਈ ਵਿਚ ਵਹੁਟੀ ਨੇ ਹੂਰਾ ਮਾਰ ਕੇ ਆਪਣੀ ਸੱਸ ਦਾ ਸਾਰਾ ਜਵਾੜਾ ਬਾਹਰ ਕੱਢ ਦਿਤਾ। ਰੁੱਸ ਕੇ ਸੱਸ ਤਾਂ ਬਿੰਦਰਾਬਨ ਨੂੰ ਚਲੇ ਜਾਂਦੀ ਹੈ ਅਤੇ ਭਾਈਆ ਅੰਮ੍ਰਿਤਸਰ ਚਲੇ ਜਾਂਦਾ ਹੈ। ਘਰ ਬਰਬਾਦ ਹੋ ਜਾਣ ਬਾਅਦ ਵਹੁਟੀ ਨੂੰ ਸੁਰਤ ਆਉਦੀ ਹੈ। ਫਿਰ ਉਸਨੂੰ ਪੜ੍ਹਨ ਦਾ ਸ਼ੌਂਕ ਜਾਗਦਾ ਹੈ। ਵਹੁਟੀ ਜਦ ਕਿਤਾਬਾਂ ਪੜ੍ਹਨ ਲੱਗ ਪੈਂਦੀ ਹੈ ਤਾਂ ਘਰ ਵਿਚ ਉਸਦਾ ਵਿਹਾਰ ਸਿਆਣਿਆ ਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਭਾਈਆ ਆਪਣੇ ਚੁਣੇ ਹੋਏ ਵਿਸ਼ੇ ਦੀ ਟੇਕ ਵਾਸਤੇ ਲੋੜੀਂਦੀ ਸਮੱਗਰੀ ਅਨੁਸਾਰ ਕਹਾਣੀ ਘੜਦਾ ਹੈ। ਜਿਵੇਂ ਅਨਪੜ੍ਹ ਵਹੁਟੀ ਨੇ ਘਰ ਨੂੰ ਉਜਾੜ ਦੇਣਾ ਅਤੇ ਫਿਰ ਪੜ੍ਹ ਲਿਖ ਕੇ ਸੁਧਰ ਜਾਣਾ ਇਸ ਕਵਿਤਾ ਦਾ ਮੁਖ ਥੀਮ ਹੈ। ਈਸ਼ਰ ਸਿੰਘ ‘ਭਾਈਆ’ ਦੀ ਅਜਿਹੀ ਲਿਖਣ ਪ੍ਰੀਕਿਰਿਆ ਵਿਚ ਹੀ ਉਸਦਾ ਹਾਸਰਸ ਪ੍ਰਬੰਧ ਹੈ। ਜਿਵੇਂ ਐਡੀਸਨ ਅਤੇ ਰਿਚਰਡ ਸਟੀਲ ਨੇ ਆਪਣੇ ਲੇਖਾਂ ਵਿਚ ‘ਸਰ ਰਾਜਰ ਡੀ ਕਵਰਲੇ’ ਦਾ ਪਾਤਰ ਸਿਰਜਿਆਂ ਸੀ ਠੀਕ ਇਸੇ ਤਰ੍ਹਾਂ ਈਸ਼ਰ ਸਿੰਘ ਨੇ ‘ਭਾਈਏ’ ਦਾ ਹਸੌਣਾ ਅਤੇ ਅਨੋਖਾ ਪਾਤਰ ਸੰਨ 1930 ਵਿਚ ਸਿਰਜ ਕੇ ਕਾਵਿ ਰਚਨਾ ਕੀਤੀ ਹੈ।  ਈਸ਼ਰ ਸਿੰਘ ਭਾਈਆਂ ਆਪਣੀ ਪੁਸਤਕ ‘ਵਨਸ ਮੋਰ ਭਾਈਆ’ ਦੇ ਸਿਰਲੇਖ ‘ਕੁਝ ਆਪਣੇ ਵਲੋਂ’ ਵਿਚ ਲਿਖਦਾ ਹੈ।
   
‘ਮੈਂ ਜਦੋਂ ਕੋਈ ਕਵਿਤਾ ਲਿਖਣ ਬੈਠਦਾ ਹਾਂ ਤਾਂ ਮੈਂ ਇਹ ਸੋਚਦਾ ਹਾਂ ਕਿ ਇਸ ਕਵਿਤਾ ਦਾ ਸਿੱਟਾ ਕੀ ਨਿਕਲੇਗਾ। ਇਸ ਤੋਂ ਪਿਛੋਂ ਹਾਸਰਸ ਭਰਨ ਦਾ ਯਤਨ ਕਰਦਾ ਹਾਂ। ਖ਼ਾਲੀ ਹਾਸਾ ਕਿਸੇ ਕੰਮ ਨਹੀਂ, ਕੁਝ ਨਾ ਕੁਝ ਮਤਲਬ ਨਿਕਲਣਾ ਚਾਹੀਦਾ ਹੈ।’
 
ਭਾਈਏ ਦੀਆਂ ਸਾਰੀਆਂ ਦੀਆਂ ਸਾਰੀਆਂ ਕਵਿਤਾਵਾਂ ਕਿਸੇ ਨਾ ਕਿਸੇ ਸਮਾਜਕ ਬੁਰਾਈਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਅੱਗੇ ‘ਅਨਪੜ੍ਹ ਵਹੁਟੀ’ ਕਵਿਤਾ ਦੇ ਕੁਝ ਅਵਤਰਣ ਪੜ੍ਹ ਕੇ ਕਦੇ ਖੁਲ੍ਹ ਕੇ ਹੱਸੋ ਅਤੇ ਵਿਚ ਵਿਚ ਮੁਸਕ੍ਰਾਂਉਦੇ ਵੀ ਰਹੋ।
 
ਬੀ ਏ ਕੀਤਾ ਪਾਸ ਜਿਦਣ ਮੈਂ,
ਪੈ ਗਏ ਲੱਖ ਪਵਾੜੇ।
ਸਰਵਿਸ ਰਾਣੀ ਲੈਣ ਦੀ ਖ਼ਾਤਰ,
ਚਾਰ ਛਿੱਤਰ ਮੈਂ ਪਾੜੇ।
 
    ਆਖਿਰ ਵਿਚ ਭਾਈਏ ਦੇ ਮੁੰਡੇ ਨੂੰ ਨੌਕਰੀ ਮਿਲ ਜਾਂਦੀ ਹੈ:    
 
ਇਕ ਲਾਲੇ ਦੀ ਹੱਟੀ ਉੱਤੇ,
            ਬਾਬੂ ਜਾ ਕੇ ਬਣਿਆ।
ਭਾਈਆ ਮੇਰਾ ਵਿਹਲਾ ਹੈਸੀ,
            ਛਡ ਕੇ ਸਾਰੇ ਝਗੜੇ’
            ਦਿਨ ਨੂੰ ਤਾਸ਼ ਤੇ ਚੌਪਟ ਖੇਡੇ,
        ਸ਼ਾਮ ਨੂੰ ਭੰਗ ਦੇ ਰਗੜੇ।

ਭਾਈਆ ਆਖੇ ਸਾਨੂੰ ਤਾਂ ਭਈ,
ਨਕਦ ਨਾਰਾਇਣ ਚਾਹੀਏ।
ਇਕ ਸਾਲ ਤਾਂ ਵਿਹਲੇ ਰਹਿ ਕੇ,
ਕੁੱਕੜ   ਆਂਡੇ   ਖਾਈਏ।

ਨਾ ਪੜ੍ਹੀ ਨਾ ਗੁਣੀ ਸੀ ਵਹੁਟੀ
ਨਿਰੀ ਬੁੱਤੀ ਦੀ ਬੁੱਤੀ।
ਊੜਾ  ਐੜਾ  ਉਸ  ਤੋਂ  ਪੁਛੋ,
ਜਾਣੇ  ਉਸ  ਦੀ ਜੁੱਤੀ।

ਇਕ ਦਿਨ ਗੱਡੀ ਚੜ੍ਹਨਾ ਹੈ ਸੀ,
ਤੜਕੇ ਸਾਰ ਹੀ ਉੱਠੀ।
ਕੁੜਤੀ ਉਸ ਨੇ ਸਿੱਧੀ ਪਾ ਲਈ,
ਸੁਥਣ ਪਾ ਲਈ ਪੁੱਠੀ।

ਸੱਸ ਨੂੰਹ ਦੋਵੇਂ ਇਕ ਦਿਨ ਲੜੀਆਂ,
ਦੋਹਾਂ ਨੇ ਝਾਟੇ ਪੁੱਟੇ।
ਨੂੰਹ ਨੇ ਸੱਸ ਨੂੰ ਮੁੱਕਾ ਜੜਿਆ,
ਦੰਦ ਉਹਦੇ ਭੰਨ ਸੁੱਟੇ।

ਲੈਣ ਲੱਗੀ ਫਿਰ ਵਹੁਟੀ ਮੇਰੀ,
ਉੱਚੀਆਂ ਉੱਚੀਆਂ ਖ਼ਾਬਾਂ।
ਤਿੰਨ ਸਾਲਾਂ ਦੇ ਅੰਦਰ ਉਹਨੇ,
ਪੜ੍ਹ ਲਈਆਂ ਕਈ ਕਿਤਾਬਾਂ।

ਇਲਮ ਬੜੀ ਇਕ ਚੀਜ਼ ਹੈ ‘ਈਸ਼ਰ’,
ਇਹ ਹੈ ਗਹਿਣਾ ਸੁੱਚਾ।
ਹੀਰੇ, ਲਾਲ, ਮੋਤੀਆਂ ਕੋਲੋਂ,
ਇਸ ਦਾ ਦਰਜਾ ਉੱਚਾ।
 
ਵਰਤਮਾਨ ਵਿਚ ਸ਼ਾਇਦ ‘ਭਾਈਏ’ ਦੀ ‘ਅਨਪੜ੍ਹ ਵਹੁਟੀ’ ਕਵਿਤਾ ਦਾ ਅਸਰ ਹੈ ਕਿ ਦਿਨੋਂ ਦਿਨ ਭਾਰਤ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਜੇ ‘ਭਾਈਆ’ ਜੀ ਇਸ ਦੁਨੀਆਂ ਵਿਚ ਅੱਜ ਹੁੰਦੇ ਤਾਂ ਭਰੂਣ ਹੱਤਿਆ ਬਾਰੇ ਕਮਾਲ ਦੀ ਹਾਸ-ਰਸੀ ਕਵਿਤਾ ਜ਼ਰੂਰ ਲਿਖਦੇ। ਇਹ ‘ਭਾਈਆ’ ਜੀ ਦੀ ਹੀ ਤੀਖਣ ਦ੍ਰਿਸ਼ਟੀ ਸੀ ਕਿ ਉਨ੍ਹਾਂ ਨੇ ਆਮ ਆਦਮੀ ਦੀ ਸੋਚ ਤੋਂ ਉਪਰ ਉਠ ਕੇ ਮਨੁੱਖਤਾ ਦੀ ਭਲਾਈ ਵਾਸਤੇ ਆਪਣੇ ਕਾਲ ਦੇ ਭੱਖਦੇ ਮਸਲਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾ ਕੇ ਲੋਕਾਂ ਨੂੰ ਸੇਧ ਦਿਤੀ ਹੈ। ਚਿਤਾਵਨੀ ਕੀਤੀ ਹੈ। ਜਾਗਰੂਕ ਕੀਤਾ ਹੈ।
 
ਗੋਪਾਲ ਸਿੰਘ ਡਾਕਟਰ ਇਕ ਪੁਸਤਕ ਦੇ ਮੁਖ ਬੰਦ ਵਿਚ ਲਿਖਦੇ ਹਨ, ‘ਭਾਈਆ ਜੀ ਦੀਆਂ ਦਰਜਨ ਕੁ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚ ਬੜੀ ਮਜ਼ੇਦਾਰ ਨੋਕ ਝੋਂਕ ਹੈ, ਰਸੀਲੀ ਤੇ ਠੇਠ ਦੀ ਬੋਲੀ ਹੈ, ਪਰ ਜਿਥੇ ਨਾਲ ਸਮਾਜ-ਸੁਧਾਰ ਲਈ ਬੜੇ ਨਰੋਏ ਸੁਝਾਓ ਹਨ, ਉਥੇ ਤਨਜ਼ ਜਾਂ ਕਾਟਵੀ ਚੋਭ ਕਿਧਰੇ ਨਹੀਂ। ਇਕ ਮਿਠੀ ਹਮਦਰਦੀ ਸਭ ਲਈ ਹੈ।’
 
ਚਾਨਣ ਗੋਬਿੰਦਪੁਰੀ ਲਿਖਦਾ ਹੈ, ‘ਲੇਕਿਨ ‘ਭਾਈਆ’ ਜੀ ਨੇ ਆਪਣੇ ਵਿਸਿ਼ਆ ਵਿਚ ਬਹੁਲਤਾ ਅਤੇ ਵੰਨਸਵੰਨਤਾ ਲਿਆ ਕੇ ਹਾਸ-ਰਸ ਦੀ ਕਵਿਤਾ ਨੂੰ ਰੂਪ ਤੇ ਵਿਸ਼ੇ ਪਖੋਂ ਵਿਸ਼ਾਲਤਾ ਪਰਦਾਨ ਕੀਤੀ ਹੈ, ਅਤੇ ਨਵੇਂ ਨਵੇਨ ਛੰਦਾਂ ਵਿਚ ਜਿੰਦਗੀ ਦੇ ਹਰ ਪਹਿਲੂ ਸਮਾਜਕ, ਧਾਰਮਕ, ਰਾਜਸੀ, ਆਰਥਿਕ ਮਸਲਿਆਂ ਨੂੰ ਆਪਣੀ ਕਵਿਤਾ ਵਿਚ ਬੜੀ ਖੂਬੀ ਨਾਲ ਕਲਮਬੰਦ ਕੀਤਾ ਹੈ। ਅਤੇ ਇਹਨਾਂ ਰਚਨਾਵਾਂ ਦੁਆਰਾ ਦਰਸ਼ਕਾਂ ਨੂੰ ਹਾਸੇ ਤੇ ਖੁਸ਼ੀਆ ਦੇ ਛੱਟੇ ਦਿੱਤੇ ਹਨ। ਭਾਈਆ ਜੋ ਨਿਰਸੰਦੇਹ ਪੰਜਾਬੀ ਹਾਸ-ਵਿਅੰਗ ਦੇ ਸਿਰਮੋਰ ਕਵੀ ਸਨ।’
 
ਇਕ ਪੁਸਤਕ ਦੇ ਮੁਖ ਬੰਦ ਵਿਚ ਲਾਲਾ ਧਨੀ ਰਾਮ ‘ਚਾਤਰਿਕ’ ਜੀ ਲਿਖਦੇ ਹਨ, ‘ਇਸ ਵੇਲੇ ਹਾਸ-ਰਸ ਵਿਚ ਸਿਖਿਆ ਭਰੀਆਂ ਕਵਿਤਾਵਾਂ ਲਿਖ ਕੇ ਅਤੇ ਭਾਈਚਾਰਕ ਖ਼ਰਾਬੀਆਂ ਤੇ ਵਹਿਮਾਂ ਭਰਮਾਂ ਦੀਆਂ ਰੀਤਾਂ ਰਸਮਾਂ ਨੂੰ ਠੱਠੇ ਵਿਚ ਉਡਾ ਕੇ ਉਨ੍ਹਾਂ ਤੋਂ ਛੁਟਕਾਰਾ ਪਾਣ ਦੀ ਜ਼ਬਰਦਸਤ ਪ੍ਰੇਰਨਾ ਕਰਨ ਵਾਲੇ ਸ। ਈਸ਼ਰ ਸਿੰਘ ਜੀ ‘ਈਸ਼ਰ’ ਹੀ ਇਕੋ ਇਕ ਪੰਜਾਬੀ ਕਵੀ ਨਜ਼ਰ ਆਉਂਦੇ ਹਨ।’
 
ਮੋਹਨ ਸਿੰਘ (ਪੰਜ ਦਰਿਆ)  ਜੀ ਦੀ ਈਸ਼ਰ ਸਿੰਘ ‘ਭਾਈਆਂ’ ਬਾਰੇ ਰਾਏ ਹੈ ਕਿ ‘ਈਸ਼ਰ’ ਜੀ ਦਾ ਹਾਸ-ਰਸ ਫ਼ਾਰਸੀ ਦੇ ਮਸ਼ਹੂਰ ਸ਼ਾਇਰ ਇਬਨ ਯਪੀਨ ਦੇ ਨਾਲ ਰਲਦਾ ਹੈ, ਫਰਕ ਇਤਨਾ ਹੈ ਕਿ ਇਬਨ ਯਪੀਨ ਦਾ ਹਾਸ-ਰਸ ਰਤਾ ਵਧੇਰੇ ਬਰੀਕ ਹੈ। ਉਂਜ ਮੰਤਵ ਦੋਵਾਂ ਦਾ ਇਕੋ ਹੈ। ਹਾਸੇ-ਹਾਸੇ ਵਿਚ ਸਮਾਜ ਦੇ ਭੈੜੇ ਕੋਹਝਾਂ ਉਤੇ ਹਮਲਾ ਕਰਨਾ।’
 
ਪ੍ਰੇਮ ਸਿੰਘ ਐਮ ਏ (ਪ੍ਰਿੰ: ਖ਼ਾਲਸਾ ਕਾਲਜ ਰਾਵਲਪਿੰਡੀ) ‘ਭਾਈਆ’ ਜੀ ਦੇ ਹਾਸ-ਰਸ ਪ੍ਰਬੰਧ ਬਾਰੇ ਆਪਣੇ ਵਿਚਾਰ ਲਿਖਦੇ ਹਨ, ‘ਜਿਥੇ ਕਵੀ ਜੀ ਨੇ ਸੋਸ਼ਲ ਖ਼ਰਾਬੀਆਂ ਨੂੰ ਪਬਲਿਕ ਦੇ ਸਾਮ੍ਹਣੇ ਇਕ ਦਿਲਚਸਪ ਤਰੀਕੇ ਨਾਲ ਲਿਆ ਕੇ ਉਨ੍ਹਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਹੈ, ਉਥੇ ਆਪ ਨੇ ਉਨ੍ਹਾਂ ਧਾਰਮਿਕ ਊਣਤਾਈਆਂ ਅਤੇ ਮਜ਼੍ਹਬੀ ਫਸਾਦ ਅਤੇ ਝਗੜਿਆਂ ਨੂੰ, ਜੋ ਖੁਦਗਰਜ਼ ਅਤੇ ਸਵਾਰਥੀ ਪੁਰਸ਼ ਮਜ਼ਹਬ ਦੀ ਆੜ ਹੇਠ ਪੈਦਾ ਕਰ ਰਹੇ ਹਨ, ਉਸੇ ਹੀ ਦਿਲਚਸਪ ਤਰੀਕੇ ਨਾਲ ਆਪਣੀ ਤੀਜੀ ਰਚਨਾ ‘ਧਰਮੀ ਭਾਈਆ’ ਵਿਚ ਪਬਲਿਕ ਦੇ ਸਾਮ੍ਹਣੇ ਲਿਆਂਦਾ ਹੈ ਤੇ ਇਨ੍ਹਾਂ ਨੂੰ ਬੇਬੁਨਿਆਦ ਜ਼ਾਹਰ ਕਰਕੇ ਆਪਸ ਵਿਚ ਨਫ਼ਰਤ ਅਤੇ ਨਫਾਕ ਦੂਰ ਕਰਨ ਦਾ ਸ਼ਲਾਘਾ ਯੋਗ ਯਤਨ ਕੀਤਾ ਹੈ।’
 
‘ਭਾਈਆ’ ਜੀ ਦੀ ਵਰਤੀ ਗਈ ਭਾਸ਼ਾ ਬਾਰੇ ਗੁਰਮੁਖ ਸਿੰਘ ਡਾਕਟਰ ਜੀ ਲਿਖਦੇ ਹਨ, ‘ਕਲਾ ਪਖੋਂ ਭਾਈਆ ਜੀ ਦੀ ਕਵਿਤਾ ਵਧੀਆ ਹੈ। ਆਪ ਨੇ ਸਥਿੱਤੀ ਮੁਤਾਬਿਕ ਬਿਰਤਾਂਤ ਦੀ ਸਿਰਜਣਾ ਕੀਤੀ ਹੈ। ਅਲੰਕਾਰਕ ਸੁੰਦਰਤਾ ਪੈਦਾ ਕਰਦਾ ਹੈ। ਵਿਅੰਗ, ਲੋਭ, ਟਿਚਰ ਵੀ ਐਵੇਂ ਹੱਸਦਿਆਂ ਹੱਸਦਿਆਂ ਕੀਤੀ ਹੈ। ਆਪ ਦੀ ਭਾਸ਼ਾ ਲੋਕਾਂ ਦੀ ਆਮ ਬੋਲਚਾਲ ਵਾਲੀ ਭਾਸ਼ਾ ਹੈ ਤੇ ਇਹੀ ਕਾਰਨ ਹੈ ਆਪ ਦੀ ਕਵਿਤਾ ਦੀਆਂ ਪੰਗਤੀਆਂ ਆਮ ਲੋਕਾਂ ਦੀ ਜ਼ਬਾਨ ਤੇ ਹਨ। ਮੁਹਾਵਰੇਦਾਰ ਬੋਲੀ। ਠੇਠ ਬੋਲੀ। ਮਧੁਰ ਤੇ ਹਾਸੇ ਭਰਪੂਰ ਸ਼ਬਦਾਵਲੀ ਹੀ ਆਪ ਦੀ ਕਵਿਤਾ ਦੀ ਪਛਾਣ ਹੈ। ਆਪ ਨੇ ਸਹਿਜ ਸੁਭਾ ਜੀਵਨ ਦੇ ਸੱਚ ਪੇਸ਼ ਕੀਤੇ ਹਨ।’
 
ਇਸ ਸਭ ਕੁਝ ਤੋਂ ਬਾਅਦ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਮੋਹਨ ਸਿੰਘ (ਪੰਜ ਦਰਿਆ) ਈਸ਼ਰ ਸਿੰਘ ‘ਭਾਈਆ’ ਜੀ ਬਾਰੇ ਆਪਣੇ ਵਿਚਾਰ ਅਗੇ ਲਿਖੇ ਤਰ੍ਹਾਂ ਦੀ ਤਰ੍ਹਾਂ ਕਿਉਂ ਲਿਖਦੇ ਹਨ?
 
‘ਕਵੀ ਕਿਸਮਤ ਵਾਲਾ ਹੈ ਕਿ ਹਾਸ-ਰਸ ਦੇ ਮੈਦਾਨ ਵਿਚ ਪੰਜਾਬੀ ਵਿਚ ਉਸਦਾ ਕੋਈ ਸਾਨੀ ਨਹੀਂ, ਪਰ ਇਤਨਾ ਵਡਾ ਮੈਦਾਨ ਆਪਣੇ ਸਾਹਮਣੇ ਖੁਲ੍ਹਾ ਦੇਖ ਕੇ ਕਵੀ ਕਿਧਰੇ-ਕਿਧਰੇ ਊਠ-ਮਸਤੀਆਂ ਵੀ ਕਰਨ ਲਗ ਜਾਂਦਾ ਹੈ। ਬੜਾ ਚੰਗਾ ਹੋਵੇ ਜੇ ਉਹ ਹਾਸ-ਰਸ ਦੇ ਹੁਨਰ ਨੂੰ ਰਤਾ ਹੋਰ ਕਮਾਏ। ਅਸੀਂ ਮੰਨਦੇ ਹਾਂ ਕਿ ਕਵੀ ਚਾਲ੍ਹੀ ਸੇਰੀ ਗੱਲ ਕਰਨੀ ਜਾਣਦਾ ਹੈ, ਪਰ ਅਸੀਂ ਚਹੁੰਦੇ ਹਾਂ ਕਿ ਉਹ ਰਤੀਆਂ ਦੇ ਭਾਅ ਵਿਕਣ ਵਾਲੇ ਹਾਸ-ਰਸ ਦਾ ਸਵਾਦ ਵੀ ਸਾਨੂੰ ਚਖਾਏ।’
 
ਸੋਲਾਂ ਕਲਾ ਸੰਪੂਰਨ ਤਾਂ ਕੋਈ ਮਨੁੱਖ ਵੀ ਨਹੀਂ ਹੁੰਦੈ। ਪੰਜਵੇਂ ਦਹਾਕੇ ਦੀ ਵਾਰਤਾ ਹੈ। ਬਚਪਨ ਵਿਚ ਮੈਨੂੰ ਪਿੰਗਲ ਦੀ ਵਿਦਿਆ ਸਿਖਾਉਣ ਵਾਲੇ ਦੇਸ਼ ਭਗਤ ਕਵੀ ਸ। ਮੁਨਸ਼ਾ ਸਿੰਘ ‘ਦੁੱਖੀ’ ਜੀ ਨੇ ਮੋਹਨ ਸਿੰਘ (ਪੰਜ ਦਰਿਆ) ਨਾਲ ਉਨ੍ਹਾਂ ਦੀ ਇਕ ਸਤਰ ‘ਦੰਦੋ ਦੰਦ ਕਟੋਰੇ ਨੇ’ ਬਾਰੇ ਖਤੋ ਖਿਤਾਬਤ ਕੀਤੀ। ਆਖਿਰ ਕਾਰ ਮੋਹਨ ਸਿੰਘ (ਪੰਜ ਦਰਿਆ) ਨੂੰ ‘ਦੁੱਖੀ’ ਸਾਹਿਬ ਜੀ ਦੀ ਇਹ ਗੱਲ ਲਿਖਤੀ ਤੌਰ ਉਪਰ ਸਵੀਕਾਰ ਕਰਨੀ ਪਈ ‘ਨੱਕੋ ਨੱਕ ਕਟੋਰੇ’ ਹੀ ਸਹੀ ਸਤਰ ਹੈ। ‘ਨਿਰਾਲਾ ਭਾਈਆ’ ਪੁਸਤਕ ਵਿਚ ‘ਕੁਝ ਆਪਣੀ ਵਲੋਂ’ ਸਿਰਲੇਖ ਵਿਚ ਈਸ਼ਰ ਸਿੰਘ ਲਿਖਦਾ ਹੈ, ‘ਫਿਰ ਜ਼ਮਾਨੇ ਨੇ ਗੇੜ ਬਦਲਿਆ ਜਦ ਸ੍ਰ: ਐਸ ਐਸ ਚਰਨ ਸਿੰਘ ਸ਼ਹੀਦ ਨੇ ਮੌਜੀ ਅਖ਼ਬਾਰ ਪ੍ਰਕਾਸ਼ਤ ਕੀਤੀ, ਤੇ ਉਸਨੇ ਦੋ ਪੌਂਡ ਦਾ ਪਹਿਲਾ ਇਨਾਮ ‘ਫੈਸ਼ਨਦਾਰ ਵਹੁਟੀ’ ਦੀ ਸਮੱਸਿਆ ਤੇ ਦੇਣ ਦਾ ਐਲਾਨ ਕੀਤਾ ਤੇ ਨਾਲ ਹੀ ਗਿ: ਹੀਰਾ ਸਿੰਘ ਦਰਦ, ਸ਼ਰਫ਼ ਤੇ ਦੁੱਖੀ ਜੀ ਨੂੰ ਜੱਜ ਨੀਅਤ ਕੀਤਾ। ਇਸ ਮੁਕਾਬਲੇ ਵਿਚ ਸੱਤਰ ਕੁ ਕਵਿਤਾਵਾਂ ਆਈਆਂ। ਪਹਿਲਾਂ ਇਨਾਮ ਦਾਸ ਨੂੰ ਮਿਲਿਆ। ਇਸ ਪਹਿਲੇ ਇਨਾਮ ਨੇ ਮੇਰੀ ਲਿਦ ਫੁਲਾ ਦਿਤੀ। ਇਹੋ ਸੀ ਈਸ਼ਰ ਸਿੰਘ ਈਸ਼ਰ ਦੀ ਹਾਸਰਸ ਕਵਿਤਾਵਾਂ ਦੀ ਸਥਾਪਤੀ ਦਾ ਭੇਦ ਜਿਸ ਨੂੰ ਮੈਂ ਆਪਣੇ ਦੋਨਾਂ ਉਸਤਾਦਾਂ ‘ਦਰਦ’ ਜੀ ਅਤੇ ‘ਦੁੱਖੀ’ ਜੀ ਦੇ ਮੂੰਹੋਂ ਵੀ ਅਕਸਰ ਸੁਣਦਾ ਹੁੰਦਾ ਸੀ। ‘ਦੁੱਖੀ’ ਜੀ ਦੇ ਗ੍ਰਹਿ ਵਿਖੇ ਈਸ਼ਰ ਸਿੰਘ ਜੀ ਵਲੋਂ ਮਿਲਿਆ ਮੈਨੂੰ ਅਸ਼ੀਰਵਾਦ ਵੀ ਯਾਦ ਹੈ।
 
ਇਹ ਉਨ੍ਹਾਂ ਦਿਨਾ ਦੀ ਗੱਲ ਹੈ ਜਦ ਮੈਂ ਗੁਰਦਾਸ ਰਾਮ ‘ਆਲਮ ਜੀ ਨਾਲ ਸਟੇਜਾਂ ਉਪਰ ਕਵਿਤਾਵਾਂ ਪੜ੍ਹਦਾ ਇਸ ਤਰ੍ਹਾਂ ਲੱਗਦਾ ਹੁੰਦਾ ਸੀ ਜਿਵੇਂ ਮੱਝ ਦੇ ਪਿੱਛੇ ਪਿੱਛੇ ਕਟੜੂ ਤੁਰਿਆ ਜਾਂਦਾ ਹੋਵੇ। ਗੁਰਦਾਸ ਰਾਮ ‘ਆਲਮ’ ਨੇ ਇਕ ਪੁਸਤਕ ‘ਜੇ ਮੈਂ ਮਰ ਗਿਆ’ ਛਪਵਾਈ। ਜਿਸ ਦੇ ਮੁਖ ਬੰਦ ਵਿਚ ਪ੍ਰੋ: ਐਸ ਐਸ ‘ਅਮੋਲ’ ਨੇ ਅੰਤਲੀਆਂ ਸਤਰਾਂ ਲਿਖੀਆਂ ਸਨ ਕਿ ਇਹ ਕਵਿਤਾਵਾਂ ਕਲਾਤਮਿਕ ਨਹੀਂ ਹਨ। ਗਵਰਨਮੈਂਟ ਕਾਲਜ, ਡਲਹੌਜੀ ਰੋਡ ਜਲੰਧਰ ਵਿਚ ਮੈਂ ਬੀ ਟੀ ਕਰਦਾ ਸੀ ਪ੍ਰੋ: ਅਮੋਲ ਜੀ ਮੇਰੇ ਅਧਿਆਪਕ ਸਨ। ਮੈਂ ਉਨ੍ਹਾਂ ਨੂੰ ਪੁੱਛਿਆ, ‘ਜੇ ਮੈਂ ਮਰ ਗਿਆ’ ਪੁਸਤਕ ਦੀਆਂ ਕਵਿਤਾਵਾਂ ਕਲਾਤਮਿਕ ਕਿਉਂ ਨਹੀਂ ਹਨ? ਜੇਕਰ ਇਹ ਕਵਿਤਾਵਾਂ ਕਲਾਤਮਿਕ ਨਹੀਂ ਹਨ ਤਾਂ ਕੀ ਤੁਸੀਂ ਅਜਿਹੀਆਂ ਕਵਿਤਾਵਾਂ ਲਿਖ ਸਕਦੇ ਹੋ? ਅਮੋਲ ਜੀ ਦਾ ਉਤਰ ਸੀ ਕਿ ਹਵਾ ਵਾਂਗ ਕਈ ਚੀਜ਼ਾਂ ਨੂੰ ਤੁਸੀਂ ਅਨੁਭਵ ਕਰ ਸਕਦੇ ਹੋ ਪਰ ਵੇਖ ਨਹੀਂ ਸਕਦੇ।
 
ਵਰਤਮਾਨ ਵਿਚ ਕਈ ਸਥਾਪਤ ਲੇਖਕ ਆਪਣੇ ਸਮਕਾਲੀਆਂ ਨੂੰ ਛਟਿਆਉਣ ਵਾਸਤੇ ਮੋਹਨ ਸਿੰਘ ਵਾਂਗ ਕਈ ਅਜਿਹੀਆਂ ਟਿਪਣੀਆਂ ਅਕਸਰ ਲਿਖ ਦਿੰਦੇ ਹਨ। ਸਹੀ ਤਾਂ ਇਹ ਹੈ ਕਿ ਅੱਜ ਦਾ ਪਾਠਕ ਵੀ ਸੂਝਵਾਨ ਹੈ।
 
ਜਦ ਪ੍ਰਤੀਕਾਂ, ਅਲੰਕਾਰਾਂ ਜਾਂ ਬਿੰਬਾਂ ਦੀ ਯਥਾਰਥੱਕਤਾ ਦਾ ਪ੍ਰਤੀਰੂਪ ਪ੍ਰਗਟਾਇਆ ਜਾਵੇ ਤਾਂ ਮੁਹਾਵਰਾ ਬਣ ਜਾਂਦਾ ਹੈ। ਈਸ਼ਰ ਸਿੰਘ ‘ਭਾਈਆ’ ਦੀਆਂ ਕਵਿਤਾਵਾਂ ਵਿਚ ਉਸ ਕਾਲ ਦੀਆਂ ਸਚਾਈਆਂ ਨੂੰ ਪ੍ਰਗਟ ਕੀਤਾ ਗਿਆ ਹੈ ਜਿਸ ਅੰਦਰ ‘ਭਾਈਆ’ ਆਪ ਜੀਅ ਰਿਹਾ ਸੀ। ਇਸ ਕਰਕੇ ਕਵਿਤਾਵਾਂ ਦੀਆਂ ਕਈ ਸਤਰਾਂ ਮੁਹਾਵਰਾ ਬਣ ਜਾਣ ਦਾ ਮੁੱਦਾ ਰੱਖਦੀਆਂ ਹਨ। ਉਦਾਹਰਣ ਵਜੋਂ ਸੈਂਕੜੇ ਸਤਰਾਂ ਲਿਖੀਆਂ ਜਾ ਸਕਦੀਆਂ ਹਨ ਪਰ ਮੈਂ ਕੁਝ ਕੁ ਸਤਰਾਂ ਨੂੰ ਹੀ ਪਾਠਕਾਂ ਦੀ ਨਜ਼ਰਸਾਨੀ ਕਰਾਂਗਾ।
 
ਅੰਮ੍ਰਿਤ ਦੀ ਮਾਣਤਾ ਨੂੰ ਪ੍ਰਸਤੁਤ ਕਰਦੇ ਲਿਖਦੇ ਹਨ।
 
‘ਕਲ ਤਾਂ ਡਰਦੇ ਸਾਂ ਭੇਡਾਂ ਤੇ ਬਕਰੀਆਂ ਤੋਂ,
ਹੁਣ ਸ਼ੇਰ ਦੀ ਮੁੱਛ ਨੂੰ ਫੜ੍ਹਨ ਲੱਗੇ।’
 
ਉਸ ਕਾਲ ਵਿਚ ਹਿੰਦੂ ਸਿੱਖ ਏਕਤਾ ਦੀ ਸਮੱਸਿਆ ਦਾ ਕਾਰਨ ਲਿਖਦਾ ਹੈ।
 
        ‘ਤੂੰ ਰਲ ਮਿਲ ਕੇ ਜਦ ਬਹਿਨਾ ਏ,
        ਇਹਦੀ ਮੁੱਛ ਦਾ ਸਿੰਗਲ ਡਾਊਨ ਹੁੰਦੈ।’
 
ਪੰਜਾਬੀ ਸਮਾਜ ਵਿਚ ਆਪਣੇ ਨੱਕ ਨੂੰ ਰੱਖਣ ਦੀ ਅਣਖ ਹੈ। ਇਸ ਫੋਕੀ ਅਣਖ ਬਾਰੇ ਲਿਖਦਾ ਹੈ।
 
        ‘ਦੋ ਦਿਨ ਵਧਾਇਆ ਨੱਕ ਜਿਹੜਾ,
        ਉਸੇ ਨੱਕ ਨੂੰ ਹੁਣ ਕਟਾਉਣ ਲੱਗੇ।’
 
ਦਾਜ ਦੀ ਰਸਮ ਨੂੰ ਜੜੋਂ ਪੁੱਟਣ ਵਾਸਤੇ ਇਕ ਨਾਹਰਾ ਬੁਲੰਦ ਕਰਦਾ ਹੈ।
 
        ‘ਦਾਜ ਦੀ ਭੈੜੀ ਰਸਮ ਉਡਾਓ।।
        ਈਸ਼ਰ  ਸਾਡੀ  ਜਾਨ  ਬਚਾਓ।।
 
ਇਸਤਰੀ ਜਾਤੀ ਉਪਰ ਹੋ ਰਹੇ ਜੁਲਮਾਂ ਨੂੰ ਨਿੰਦਦਾ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਨਾਰੀ ਚੇਤਨਾ ਪੈਦਾ ਕਰਨ ਵਾਲੀਆਂ ਹਨ ਅਤੇ ਔਰਤ ਦੇ ਨਿੰਦਕਾਂ ਨੂੰ ਆਖਦਾ ਹੈ।
 
        ਜੋ  ਨਿੰਦਾ  ਕਰਦੇ  ਨਾਰ  ਦੀ  ਉਹ  ਮੂਰਖ  ਨਾਦਾਨ।
        ਇਹ ਮਾਣਕ ਮੋਤੀ ਲਾਲ ਹੈ ਕੋਈ ਵਿਰਲਾ ਕਰੇ ਪਛਾਣ।
 
ਚੋਰ ਭਾਈਏ ਦਾ ਘਰ ਲੁੱਟ ਕੇ ਲੈ ਗਿਆ। ਭਾਈਆ ਅਤੇ ਉਸ ਦਾ ਪੁਤਰ ਡਰਦੇ ਲੁਕੇ ਰਹੇ। ਅਜਿਹੀ ਮੰਜਰ–ਕਸ਼ੀ ਕਰਦਾ ਲਿਖਦਾ ਹੈ।
 
‘ਚੋਰ ਤੇ ਲਾਠੀ ਦੋ ਜਣੇ,
ਮੈਂ ਤੇ ਬਾਪੂ ਕੱਲੇ।’
 
ਈਸ਼ਰ ਸਿੰਘ ‘ਭਾਈਆ’ ਜੀ ਦੀ ਬਹੁ-ਰੰਗੀ-ਬਿਆਨੀ ਹੈ। ਜਿਸ ਵਿਚ ਗਿਆਨ ਹੈ। ਸੁਨੇਹਾ ਹੈ। ਸੁਧਾਰ ਹੈ। ਸਮਾਜਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਕਾਸਟਿਕ ਸੋਢੇ ਵਰਗੇ ਵਿਚਾਰ ਅੰਕਿਤ ਹਨ।
 
        ‘ਗੱਲਾਂ ਇਹ ਅਣਹੋਣੀਆਂ, ਹੋਣ ਨਾ ਵਿਚ ਜਹਾਂ।
        ਦੁੱਧ  ਨਾ  ਦੇਵੇ  ਨਾਗਣੀ, ਜ਼ਹਿਰ ਨਾ ਦੇਵੇ ਗਾਂ।
        ਬੁਰਾ  ਜੋ  ਮੰਗੇ  ਪੁੱਤ ਦਾ, ਕਿਹੜੀ ਹੈ ਉਹ ਮਾਂ।
        ਸਿੰਬਲ  ਫਲ  ਨਾ  ਦੇਵੰਦਾ, ਬਾਂਸ  ਨਾ ਦੇਵੇ ਛਾਂ।
 
ਜਾਤ ਪਾਤ, ਪਰਿਵਾਰਕ ਵੰਡਾਂ, ਭਾਈਚਾਰਕ ਨਖੇੜ ਬਾਰੇ ਹਾਸ-ਰਸ ਲਿਖ ਕੇ ਮਨੁੱਖ ਨੂੰ ਨਸੀਹਤ ਕੀਤੀ ਹੈ। ਮਜ਼੍ਹਬ ਦੇ ਨਾਮ ਉਪਰ ਦੰਗਾਂ ਫਸਾਦ ਕਰਵਾਉਣ ਵਾਲੇ ਤੁਅੱਸਬੀ ਨੇਤਾਵਾਂ ਉਪਰ ਕਟਾਖ਼ਸ਼ ਕਰਦਾ ਲਿਖਦਾ ਹੈ।
 
        ‘ਕਿਸੇ ਪਾਈ ਸਾੜੀ ਤਾਂ ਮਜ਼੍ਹਬ ਨੂੰ ਖਤਰਾ।
        ਕਿਸੇ ਬੱਧੀ ਦਾੜ੍ਹੀ ਤਾਂ ਮਜ਼੍ਹਬ ਨੂੰ ਖਤਰਾ।’
 
ਜਿਵੇਂ ਗੁਰਬਾਣੀ ਵਿਚ ਪ੍ਰਤੀਕ ਆਮ ਜਨ-ਜੀਵਨ ਅਤੇ ਕੁਦਰਤ ਦੇ ਵਰਤਾਰਿਆਂ ਵਿਚੋਂ ਵਰਤੇ ਗਏ ਹਨ, ਠੀਕ ਇਸੇ ਤਰ੍ਹਾਂ ਈਸ਼ਰ ਸਿੰਘ ‘ਭਾਈਆ’ ਜੀ ਨੇ ਆਪਣੇ ਵਿਚਾਰਾਂ ਨੂੰ ਪਰਗਟਾਉਣ ਵਾਸਤੇ ਆਪਣੀਆਂ ਕਵਿਤਾਵਾਂ ਵਿਚ ਉਹੋ ਜਿਹੇ ਪ੍ਰਤੀਕਾਂ ਦਾ ਆਸਰਾ ਲਿਆ ਹੈ। ਪ੍ਰਤੀਕਾਂ ਦਾ ਪ੍ਰਯੋਗ ਇਕ ਵਿਲੱਖਣ ਢੰਗ ਨਾਲ ਹੋਇਆ ਹੋਣ ਕਰਕੇ ਕਵਿਤਾਵਾਂ ਵਿਚ ਹਾਸ ਰਸ ਉਪਜਦਾ ਹੈ। ਈਸ਼ਰ ਸਿੰਘ ‘ਭਾਈਆ’ ਦੀਆਂ ਕਵਿਤਾਵਾਂ ਵਿਚ ਹਾਸਰਸ ਅਤੇ ਹਾਸਵਿਅੰਗ ਦੀ ਹੋਂਦ ਕਾਰਨ ਹੀ ਉਸਦੀਆਂ ਕਵਿਤਾਵਾਂ ਸਰੋਤਿਆਂ ਵਿਚ ਮਕਬੂਲ ਹੋਈਆਂ ਅਤੇ ਵਰਤਮਾਨ ਵਿਚ ਪਾਠਕਾਂ ਦੀ ਰੂਹ ਦੀ ਖੁਰਾਕ ਹਨ।
 
‘ਗੁਰਮੁਖ ਭਾਈਆ’ ਪੁਸਤਕ ਵਿਚ ਕੁਲ 56 ਕਵਿਤਾਵਾਂ ਹਨ। ਹਰ ਕਵਿਤਾ ਨੂੰ ਗੁਰਬਾਣੀ ਦੀ ਕਿਸੇ ਨਾ ਕਿਸੇ ਪੰਗਤੀ ਦੇ ਭਾਵ ਨੂੰ ਕਿਸੇ ਕਥਾਨਕ ਦੇ ਵਿਸਥਾਰ ਨਾਲ ਸਮਝਾਇਆ ਗਿਆ ਹੈ। ਉਦਾਹਣ ਵਜੋਂ ਜਿਵੇਂ ਉਨ੍ਹਾਂ ਗੁਰਬਾਣੀ ਦੀ ਪੰਗਤੀ ‘ਰੋਟੀਆ ਕਾਰਣਿ ਪੂਰਹਿ ਤਾਲ’ ਕਵਿਤਾ ਵਿਚ ਇਕ ਸਾਧੂ ਦੇ ਕਿਰਦਾਰ ਨੂੰ ਬਿਆਨ ਕਰਕੇ ਇਸ ਪੰਗਤੀ ਦੇ ਭਾਵ ਦਾ ਅਰਥ ਸਰਲ ਸ਼ਬਦਾਵਲੀ ਰਾਹੀਂ ਕੀਤਾ ਹੈ।
 
        ਇਕ ਸਾਧੂ ਸੀ ਮੋਟਾ ਝੋਟਾ, ਤੇੜ ‘ਚ ਉਸ ਬੱਧਾ ਇਕ ਲੰਗੋਟਾ।
    ਖਿਚਿਆ ਉਸਨੇ ਆਪਣਾ ਸਾਹ ਸੀ, ਸਿਰ ਵਿਚ ਉਸਦੇ ਪਈ ਸੁਵਾਹ ਸੀ।
 
        ਕੋਈ ਦੇਂਦਾ ਲਡੂਆਂ ਦਾ ਥਾਲ, ਕੋਈ ਕੰਬਲ ਕੋਈ ਦੇਂਦਾਂ ਸ਼ਾਲ।
        ਵੇਖ ਕੇ ਸਾਧੂ ਦੀ ਇਹ ਚਾਲ, ਵਿਛਿਆ ਉਸਦਾ ਮੱਕੜ ਜਾਲ।
        ਸਤਿਗੁਰ ਨਾਨਕ ਦੀਨ ਦਿਆਲ, ਇਉਂ ਫੁਰਮਾ ਕੇ ਦਸਣ ਖਿ਼ਆਲ।
        ‘ਰੋਟੀਆਂ ਕਾਰਣਿ ਪੂਰਹਿ ਤਾਲ, ਆਪ ਪਛਾੜਹਿ ਧਰਤੀ ਨਾਲ।’
 
ਇਸ ਪੁਸਤਕ ਦੀਆਂ ਸਭ ਕਵਿਤਾਵਾਂ ਵਿਚ ਹਾਸ-ਰਸ ਨਹੀਂ ਸਗੋ ਵਿਅੰਗ ਪ੍ਰਧਾਨ ਅਭਿਵਿਅੱਕਤ ਹੋਇਆ ਹੈ। ਇਹ ਕਵਿਤਾਵਾਂ ਸਿਰਫ ਤੇ ਸਿਰਫ ਵਿਅੰਗਾਤਮਿਕ ਅਤੇ ਨਸੀਹਤ-ਨੁਮਾ ਕਵਿਤਾਵਾਂ ਹਨ। ਇਸ ਪੁਸਤਕ ਦੀ ਇਕੋ ਇਕ ਕਵਿਤਾ ‘ਤੇਗ਼ ਬਹਾਦਰ ਸੀ ਕਿਰਿਆ ਕਰੀ ਕਿਨ ਹੂੰ ਆਨ’ ਜਿਹੜੀ ਬੜੇ ਹੀ ਗੰਭੀਰ ਵਿਸ਼ੇ ਉਪਰ ਰਚੀ ਗਈ ਹੈ, ਉਸ ਵਿਚ ਹਾਸ-ਰਸ ਉਤਪੰਨ ਕਰਕੇ ਈਸ਼ਰ ਸਿੰਘ ‘ਭਾਈਆ’ ਜੀ ਦੀ ਸਿਰਜਾਨਤਮਿਕਤਾ ਨੇ ਅਚੰਭਾ ਕਰ ਵਿਖਾਇਆ ਹੈ। ਕਵਿਤਾ ਦੇ ਅਰੰਭ ਵਿਚ ਇਕ ਪੱਤਰਾਤਮਕ ਵਰਨਣ ਹੇਠ ਲਿਖੇ ਦੀ ਤਰ੍ਹਾਂ ਲਿਖਿਆ ਪੜ੍ਹਿਆ ਜਾਂਦਾ ਹੈ।
      ‘ਇਹ ਕਵਿਤਾ ਗੁਰਦਵਾਰਾ ਰਕਾਬ ਗੰਜ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਾਲੇ ਦਿਨ ਬੜੇ ਭਾਰੀ ਕਵੀ ਦਰਬਾਰ ਵਿਚ ਪੜ੍ਹੀ ਗਈ ਸੀ। ਮੇਰੇ ਇਕ ਕਵੀ ਮਿੱਤ੍ਰ ਵਲੋਂ ਹੁਕਮ ਹੋਇਆ ਸੀ ਕਿ ਜੇ ਤੁਸੀਂ ਇਸ ਦਰਦਨਾਕ ਸਮੱਸਿਆ ਦੀ ਕਵਿਤਾ ਵਿਚ ਹਾਸ-ਰਸ ਪੈਦਾ ਕਰ ਦਿਓ, ਤਾਂ ਅਸੀਂ ਤੁਹਾਨੂੰ ਹਾਸ-ਰਸ ਦੇ ਲਾਸਾਨੀ ਕਵੀ ਮੰਨਾਗੇ, ਸੋ ਪਾਠਕਾਂ ਦੀ ਸੇਵਾ ਵਿਚ ਹਾਜਰ ਕੀਤੀ ਜਾਂਦੀ ਹੈ।’
 
ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਰਬਾਰ ਵਿਚ ਆਣ ਕੇ ਆਪਣੇ ਬਚਾਓ ਵਾਸਤੇ ਬੇਨਤੀ ਕਰਦੇ ਹਨ ਅਤੇ ਜ਼ਬਰੀ ਮੁਸਲਮਾਨ ਬਣਾਏ ਜਾਣ ਦਾ ਦੁਖ ਸੁਣਾਉਦੇ ਕਹਿੰਦੇ ਹਨ।
 
ਅਗੇ ਆਂਵਦੇ ਜਿਦਨ ਸਰ੍ਹਾਧ ਸਨ,
ਵਿਛ ਜਾਂਦੇ ਦਸਤਰ ਖਾਨ।
ਹੁਣ  ਭੁਖਾ  ਮਰਨਾ  ਪੈ  ਗਿਆ, 
ਆਏ  ਰੋਜ਼ੇ  ਤੇ  ਰਮਜ਼ਾਨ।
ਹੁਣ ਇਕ ਵਹੁਟੀ ਦੇ ਹੁੰਦਿਆਂ,
ਸਾਡੀ ਨਕ ਵਿਚ ਆਈ ਹੈ ਜਾਨ।
ਜੇ  ਚਾਰ ਵਹੁਟੀਆਂ ਆ ਗਈਆਂ,
ਸਾਨੂੰ ਆਵਸੀ ਕੌਣ ਛੁਡਾਨ।
ਅਗੇ  ਖਾਂਦੇ  ਹੈ  ਸਾਂ  ਮਾਲ  ਪੂੜੀਆਂ,
ਤੇ ਨਾਲ ਛਤੀ ਪਕਵਾਨ।
ਹੁਣ  ਕੂਲੀਆਂ  ਗਈਆਂ  ਦਰੋਪਣਾਂ,
ਪਏ ਦਿਸਣ ਪਸ਼ੌਰੀ ਨਾਨ।
ਅਗੇ  ਪੜ੍ਹਦੇ  ਹੈ  ਸਾਂ  ਗੁਰੂ  ਜੀ,
ਅਸੀਂ ਸ਼ਾਸਤਰ ਵੇਦ ਪੁਰਾਨ।
ਹੁਣ  ਗੀਤਾ  ਦਿਸਦੀ  ਖਿਸਕਦੀ, 
ਗਲ  ਪੈਂਦਾ  ਦਿਸੇ  ਕੁਰਾਨ।
ਅਗੇ  ਪੜ੍ਹਦੇ  ਹਿੰਦੀ  ਅਸੀਂ  ਸਾਂ, 
ਕੀ  ਦਸੀਏ  ਉਸ ਦੀ ਸ਼ਾਨ।
ਸਾਡਾ  ਪਿਉ  ਹੁਣ  ਅਰਬੀ  ਪੜ੍ਹੇਗਾ, 
ਜੋ  ਔਖੀ  ਬੜੀ ਜ਼ਬਾਨ।

ਇਹ ਅਠਾਈ ਸ਼ੇਅਰਾਂ ਦੀ ਲੰਮੀ ਕਵਿਤਾ ਇਕੋ ਹੀ ਕਾਫੀਆਂ ਨਾਲ ਨਿਭਾਈ ਗਈ ਹੈ ਅਤੇ ਹਰ ਸ਼ੇਅਰ ਵਿਚ ਹਾਸਾ ਜਾਂ ਮੁਸਕ੍ਰਾਹਟ ਫੁੱਟ ਫੁੱਟ ਪੈਂਦੀ ਹੈ। 

ਕਹਿੰਦੇ ਹਨ ਦਾਗ ਤਾਂ ਚੰਦ ਉਪਰ ਵੀ ਹੈ। ਈਸ਼ਰ ਸਿੰਘ ਈਸ਼ਰ ‘ਭਾਈਆ’ ਜੀ ਨੇ ਇਕ ਪ੍ਰਤੀਕ ਦੀ ਵਰਤੋਂ ਵਿਪਰੀਤ ਕੀਤੀ ਹੈ। ‘ਏਤੀ ਮਾਰ ਪਈ ਕੁਰਲਾਣੇ’ ਕਵਿਤਾ ਵਿਚ ਬਾਬਰ ਦੇ ਰਾਜ ਦੇ ਜ਼ਬਰ ਜ਼ੁਲਮ ਦੀ ਝਾਕੀ ਪੇਸ਼ ਕਰਦਿਆਂ ਲਿਖਿਆ ਹੈ: ‘ਭਾਰਤ ਥਰ ਥਰ ਕੰਬਣ ਲੱਗਾ, ਉਸ ਖੰਡਾ ਖੜਕਾਇਆ।’ ਭਾਵੇਂ ਭਾਵਾਤਮਿਕ ਤੌਰ ਉਪਰ ਇਹ ਪਰਤੀਕ ਬਿਲਕੁਲ ਦਰੁਸਤ ਹੈ ਪਰ ਸਥਿਤੀ ਦੇ ਅਨੁਕੂਲ ਨਹੀਂ ਹੈ ਕਿਉਂਕਿ ਜੰਗ ਵਿਚ ਖੰਡਾ ਹਥਿਆਰ ਖਾਲਸੇ ਦਾ ਸੀ  ਨਾ ਕਿ ਬਾਬਰ ਦੀਆਂ ਮੁਸਲਮਾਨ ਫੌਜਾਂ ਦਾ।
 
ਈਸ਼ਰ ਸਿੰਘ ਈਸ਼ਰ ‘ਭਾਈਆ’ ਦੀਆਂ ਕਵਿਤਾਵਾਂ ਦੇ ਕਈ ਰੂਪ ਤੇ ਸਰੂਪ ਹਨ। ਜਿਵੇਂ ਦੋਹਰਾ, ਚੁਵਰਗਾ, ਅਠਵਰਗਾ, ਬੈਂਤ, ਕੋਰੜਾ ਛੰਦ ਅਤੇ ਗ਼ਜ਼ਲਾਂ ਆਦਿ ਛੰਦਾ ਬੰਦੀ ਵਿਚ ਕਵਿਤਾ ਲਿਖੀ ਹੈ। ਜਿਵੈ ਗੁਰੂ ਤੇਗ਼ ਬਹਾਦਰ ਜੀ ਬਾਰੇ ਕਵਿਤਾ ਉਪਰ ਲਿਖੀ ਗਈ ਹੈ, ਠੀਕ ਇਸੇ ਸਿਰਤੋੜ ਕਾਫ਼ੀਆ ਨਾਲ ਕਈ ਲੰਮੀਆਂ ਲੰਮੀਆਂ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਇਕ ਰਦੀਫ਼ ਕਾਫੀਏ ਵਾਲੀਆਂ ਲੰਮੀਆਂ ਕਵਿਤਾਵਾਂ ਦਾ ਸਿਰਜਾਨਮਕ ਕਾਰਜ ਉਨ੍ਹਾਂ ਕੋਲ ਅਮੁੱਕ ਸ਼ਾਬਦਿਕ ਭੰਡਾਰ ਦਾ ਪ੍ਰਮਾਣ ਦਿੰਦਾ ਹੈ। ਚਾਨਣ ਗੋਬਿੰਦਪੁਰੀ ਇਕ ਪੁਸਤਕ ਦੇ ਮੁਖਬੰਦ ਵਿਚ ਲਿਖਦਾ ਹੈ ਕਿ ਉਹ ਆਪਣੀਆਂ ਗ਼ਜ਼ਲਾਂ ਦੀ ਇਸਲਾਹ, ਉਸਤਾਦ ਸ਼ਾਇਰ, ਜਨਾਬ ਦਰਸ਼ਨ ਸਿੰਘ ‘ਅਵਾਰਾ’ ਜੀ ਤੋਂ ਲਿਆ ਕਰਦੇ ਸਨ।
 
ਚਾਨਣ ਗੋਬਿੰਦਪੁਰੀ ਉਸਦੀਆਂ ਕਵਿਤਾਵਾਂ ਦੀ ਮਹਤੱਤਾ ਨੂੰ ਦਰਸਾਉਦਾ ਲਿਖਦਾ ਹੈ, ‘ਖੁਸ਼ੀਆਂ ਤੇ ਖੇੜਾ ਵੰਡਣ ਵਾਲਾ, ਇਹ ਮਨਮੌਜੀ ਤੇ ਅਲਬੇਲਾ ਸ਼ਾਇਰ, 15 ਜਨਵਰੀ 1966 ਨੂੰ ਸਾਨੂੰ ਰੋਂਦਾ ਕੁਰਲਾਂਦਾ ਛੱਡਕੇ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ। ਸਾਨੂੰ ਕਾਮਲ ਯਕੀਨ ਹੈ, ਕਿ ਉਹ ਸਵੱਰਗਾਂ ਵਿਚ ਹੂਰਾਂ-ਗਿਲਮਾਂ ਵਿਚਕਾਰ ਬੈਠਾ, ਆਪਣੀਆਂ ਕਵਿਤਾਵਾਂ ਸੁਣਾ ਕੇ, ਉਹਨਾਂ ਦੇ ਢਿੱਡੀ ਪੀੜਾਂ ਪਾ ਰਿਹਾ ਹੋਵੇਗਾ, ਅਤੇ ਅੱਲਾ-ਤਾਅਲਾ ਖੁਸ਼ੀ ਦੀ ਲਹਿਰ ‘ਚ ਆ ਕੇ ਆਖ ਰਿਹਾ ਹੋਵੇਗਾ;
 
‘ਭਾਈਆ’ ਜੀ! ਇਕ ਕਵਿਤਾ ਹੋਰ ਹੋ ਜਾਵੇ।’
 
‘ਭਾਈਆਂ’ ਆਪਣੀ ਪੁਸਤਕ ਵਿਚ ‘ਕੁਝ ਆਪਣੀ ਵਲੋਂ’ ਸਿਰਲੇਖ ਵਿਚ ਲਿਖਦਾ ਹੈ, ‘ਇਸ ਪੁਸਤਕ ਵਿਚ ਮੇਰੀਆਂ ਕੁਝ ਚੋਣਵੀਆਂ ਕਵਿਤਾਵਾਂ ਦਰਜ ਕੀਤੀਆਂ ਗਈਆਂ ਹਨ। ਹਰ ਇਕ ਕਵਿਤਾ ਵਿਚ ਹਾਸ-ਰਸ ਵੀ ਹੈ ਤੇ ਸਮਾਜਕ ਸੁਧਾਰ ਵੀ। ਜਨਤਾ ਵਲੋਂ ਇਹਨਾਂ ਕਵਿਤਾਵਾਂ ਦੇ ਸੁਣਨ ਲਈ ‘ਵਨਸ ਮੋਰ’ ‘ਵਨਸ ਮੋਰ’ ਦੀ ਫਰਮਾਇਸ਼ ਹੁੰਦੀ ਰਹਿੰਦੀ ਸੀ, ਇਸ ਲਈ ਇਸ ਪੁਸਤਕ ਦਾ ਨਾਂ ‘ਵਨਸ ਮੋਰ ਭਾਈਆ’ ਰਖਿਆ ਗਿਆ ਹੈ।’
 
‘ਬਚਨ ਸਿੰਘ ਬਚਨ (ਗੁਜਰਖ਼ਾਨੀ)’ ਪੁਸਤਕ ‘ਭਾਈਆ ਤਿਲ੍ਹਕ ਗਿਆ’ ਦੇ ਮੁਖ ਬੰਦ ਵਿਚ ਲਿਖਦਾ ਹੈ, ‘ਸਮਾਜਕ ਰਹਿਣੀ ਬਹਿਣੀ, ਪੁਰਾਣੀਆਂਤੇ ਬੇਲੋੜੀਆਂ ਰਸਮਾਂ ਦੀ ਪੜਚੋਲ ਇੰਨੇ ਸੁਖਾਵੇਂ ਤੇ ਸੋਹਣੇ ਢੰਗ ਨਾਲ ਕੀਤੀ ਗਈ ਹੈ ਕਿ ਜਿਸ ਨੂੰ ਸੁਣ ਕੇ ਕਿਸੇ ਦਾ ਮਨ ਨਹੀਂ ਦੁੱਖਦਾ। ਕਵੀ ਕਟਾਖ਼ਸ਼ ਕਰਨ ਵੇਲੇ ਵੀ ਦਿਲ ਦੀ ਵਿਸ਼ਾਲਤਾ ਨੂੰ ਬੇ-ਠੁਕ ਨਹੀਂ ਹੋਣ ਦੇਂਦਾ।’‘ਪਿਆਰਾ ਸਿੰਘ ਦਾਤਾ’ ਪੁਸਤਕ ‘ਨਿਰਾਲਾ ਭਾਈਆ’ਦੇ ‘ਜਾਣ ਪਛਾਣ’ ਸਿਰਲੇਖ ਵਿਚ ਲਿਖਦਾ ਹੈ, ‘ਉਸਦੀਆਂ ਕਵਿਤਾਵਾਂ ਵਿਚ ਦੇਸ਼ ਪਿਆਰ, ਪਤੀ ਪਤਨੀ ਦੇ ਘਰੋਗੀ ਝਗੜੇ, ਪੁਰਾਣੇ ਤੇ ਬੋਦੇ ਰਸਮੋਂ ਰਿਵਾਜਾਂ ਅਤੇ ਪਖੰਡੀ ਨੇਤਾ ਲੋਕਾਂ ਨੂੰ ਭੰਡਣਾ ਭਾਈਏ ਦਾ ਮੁਖ ਮੰਤਵ ਹੈ।’ ‘ਪ੍ਰੋ: ਬਲਵੰਤ ਸਿੰਘ ਅੱਮ ਏ (ਸਬ ਅੱਡੀਟਰ ‘ਆਤਮ ਸਾਇੰਸ’ ਲਿਖਦੇ ਹਨ, ‘ਪੰਜਾਬੀ ਹਾਸਰਸ ਦੁਨੀਆਂ ਦਾ ਇਹ ਬਾਦਸ਼ਾਹ ਜਿਸ ਤਰਫ਼ ਵੀ ਆਪਣੇ ਕਦਮ ਵਧਾਂਦਾ ਹੈ ਸਮਾਜਿਕ ਕੁਰੀਤੀਆਂ ਦਾ ਪ੍ਰਚਲਿਤ ਪੱਥ-ਭ੍ਰਸ਼ਟ ਰਸਮੋਂ ਰਿਵਾਜਾਂ ਦਾ, ਆਪਣੀ ਵਿਅੰਗਮਈ ਹਾਸਰਸਕਲਮ ਨਾਲ ਨਿਖੇਧੀ ਕਰਦਾ ਹੋਇਆ, ਪਾਠਕਾਂ ਅਤੇ ਸਰੋਤਿਆਂ ਦੇ ਦਿਲਾਂ ਵਿਚ ਡੂੰਘਾ ਅਸਰ ਪਾਂਦਾ ਹੈ।’ ਇਹੀ ਸੁਧਾਰਕ ਪ੍ਰਵਿਰਤੀਆਂ ਭਾਈਏ ਦੀ ਕਾਵਿ-ਕਲਾ ਦਾ ਦੈਵੀ ਗੁਣ ਹਨ।

ਈਸ਼ਰ ਸਿੰਘ ਈਸ਼ਰ ‘ਭਾਈਆ’ ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਨੇ ਭਰਪੂਰ ਪ੍ਰਸੰਸਾਂ ਕਰਦਿਆ ਲਿਖਿਆ ਹੈ ਕਿ ਈਸ਼ਰ ਸਿੰਘ ਈਸ਼ਰ ਦੀਆਂ ਕਵਿਤਾਵਾਂ ਵਿਚ ਸਮਾਜ ਸੁਧਾਰ, ਪਰਿਵਾਰ ਸੁਧਾਰ, ਹਿੰਦੂ ਸਿੱਖ ਏਕਤਾ, ਦੇਸ਼ ਵਿਚੋਂ ਅਨਪੜ੍ਹਤਾ ਨੂੰ ਦੂਰ ਕਰਨ ਲਈ ਹਾਸ ਰਸ ਅਤੇ ਹਾਸ ਵਿਅੰਗ ਦਾ ਆਸਰਾ ਲਿਆ ਹੈ। ਉਪਰ ਲਿਖੇ ਤੋਂ ਬਿਨ੍ਹਾਂ ਈਸ਼ਰ ਸਿੰਘ ‘ਭਾਈਆ’ ਜੀ ਨੇ ਕਈ ਸੁਧਾਰਕ ਵਿਸਿ਼ਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਦਰਸਾਇਆ ਹੈ। ਵਤਨ ਪ੍ਰਸਤੀ, ਉਸ ਸਮੇਂ ਦੀ ਤਹਿਜੀਬ, ਇਸ਼ਕ ਮੁਸ਼ਕ, ਗਰੀਬ ਅਮੀਰ ਦਾ ਫਰਕ ਅਤੇ ਪੰਜਾਬੀ ਬੋਲੀ, ਪੰਜਾਬੀ ਸਮਾਜ, ਪੰਜਾਬੀ ਸੱਭਿਆਚਾਰ ਵਿਚ ਆ ਰਹੀਆਂ ਗਿਰਾਵਟਾਂ ਬਾਰੇ ਹਾਸੇ ਹਾਸੇ ਵਿਚ ਹੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਅਜਿਹਾ ਕਰਮ ਪਾਠਕ ਜਾਂ ਸਰੋਤੇ ਦੇ ਦਿਲ ਉਪਰ ਸਾਰੀ ਉਮਰ ਹੀ ਰਾਜ ਕਰਦਾ ਰਹਿੰਦਾ ਹੈ। ਭਾਈਆ ਜੀ ਦੀਆਂ ਕਵਿਤਾਵਾਂ ਦੀਆਂ ਪੁਸਤਕਾਂ ਇੱਕ ਇਤਿਹਾਸਕ ਸੰਕਲਨ ਹਨ। ‘ਦੇਸ਼ ਭਗਤ ਭਾਈਆ’ ਪੁਸਤਕ ਵਿਚ ਆਜ਼ਾਦੀ ਘੁਲਾਟੀਏ ਹੋ ਗੁਜ਼ਰੇ ਦੇਸ਼ ਭਗਤਾ ਦੀਆਂ ਕੁਰਬਾਨੀਆਂ, ਅਕੀਦੇ ਅਤੇ ਉਨ੍ਹਾਂ ਦੇ ਜੀਵਨ ਦਾ ਵਰਨਣ ਹੈ। ‘ਗੁਰਮੁਖ ਭਾਈਆ’ ਪੁਸਤਕ ਵਿਚ ਧਾਰਮਿਕ ਆਗੂਆਂ, ਗੁਰੂਆਂ ਪੀਰਾਂ ਦੇ ਜੀਵਨ ਅਤੇ ਸਿਦਕੀ ਵਿਆਕਤੀਆਂ ਦੇ ਕਾਰਨਾਮੇ ਅੰਕਿਤ ਹਨ। ਪੰਜਾਬੀਆਂ ਮੁਹਾਵਰਿਆਂ ਦੇ ਭਾਵਾਂ ਅਤੇ ਅਨੁਭਾਵਾਂ ਦਾ ਵਿਸ਼ਲੇਸ਼ਣ ‘ਰੰਗੀਲਾ ਭਾਈਆਂ’ ਪੁਸਤਕ ਵਿਚ ਪੜ੍ਹਨ ਨੂੰ ਮਿਲਦਾ ਹੈ। ‘ਵਨਸ ਮੋਰ’ ਭਾਈਏ ਦਾ ਪਰਿਵਾਰਕ ਜੀਵਨ ਦੀ ਆੜ੍ਹ ਵਿਚ ਸਮਾਜ ਸੁਧਾਰ ਦੀਆਂ ਯੁਗਤਾਂ ਪੜ੍ਹਨ ਨੂੰ ਮਿਲਦੀਆਂ ਹਨ। ਇਸ ਪੁਸਤਕ ਰਾਹੀਂ ਪਰਾ-ਸਰੀਰਕ ਗਥਾਵਾਂ ਦਾ ਵੀ ਗਿਆਨ ਮਿਲਦਾ ਹੈ। ਕਈ ਵਾਰ ‘ਭਾਈਆ’ ਜੀ ਦੀਆਂ ਬਹੁਤੀਆਂ ਕਵਿਤਾਵਾਂ ਪੜ੍ਹ ਕੇ ਖੁਲ੍ਹ ਕੇ ਹਾਸਾ ਆਉਦਾ ਹੈ ਅਤੇ ਕਈ ਕਵਿਤਾਵਾਂ ਨੂੰ ਪੜ੍ਹ ਕੇ ਪਾਠਕ ਚਾਣਚੱਕ ਹੀ ਮੁਸਕ੍ਰਾ ਪੈਂਦਾ ਹੈ। ਈਸ਼ਰ ਸਿੰਘ ਈਸ਼ਰ ‘ਭਾਈਆ’ ਜੀ ਦੇ ਸਭ ਸਮਕਾਲੀਆਂ ਦਾ ਇਹੀ ਵਿਚਾਰ ਹੈ ਕਿ ‘ਭਾਈਆਂ’ ਜੀ ਦੀਆਂ ਕਵਿਤਾਵਾਂ ਵਿਚ ਹਾਸਰਸ ਦੇ ਨਾਲ ਨਾਲ ਹਾਸ-ਵਿਅੰਗ ਦੀ ਹੋਂਦ ਨੇ ਸਮਾਜ ਦਾ ਕੋਹੜ ਦੂਰ ਕਰਨ ਵਾਸਤੇ ਆਪਣਾ ਪੂਰਾ ਯੋਗਦਾਨ ਪਾਇਆ ਹੈ। ਅਨਪੜ੍ਹਤਾ, ਪਰਿਵਾਰਕ ਸਮੱਸਿਆਵਾਂ, ਧਾਰਮਿਕ ਅੰਧਵਿਸ਼ਵਾਸ਼, ਰਾਜਨੀਤਕ ਸ਼ੋਸ਼ਣ ਗੱਲ ਕੀ ਕਈ ਹੋਰ ਛੋਟੀਆਂ ਮੋਟੀਆਂ ਸਮੱਸਿਆਵਾਂ ਨੂੰ ਹਾਸ ਰਸ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਮੂੜ੍ਹ ਤੋਂ ਮੂੜ੍ਹ ਮਨੁੱਖ ਦੇ ਮਨ ਉਪਰ ਵੀ ਡੂੰਘਾ ਅਸਰ ਹੋਣੋਂ ਨਹੀਂ ਰਹਿੰਦਾ। ਈਸ਼ਰ ਸਿੰਘ ਈਸ਼ਰ ‘ਭਾਈਆ’ ਗੰਭੀਰ ਤੋਂ ਗੰਭਰਿ ਮਸਲਿਆਂ ਨੂੰ ਹਾਸੇ ਹਾਸੇ ਵਿਚ ਹੱਲ ਕਰ ਜਾਂਦਾ ਹੈ। ਅੰਤ ਵਿਚ ਮੈਂ ਹਿੰਦੀ ਚੀਨੀ ਭਾਈ ਭਾਈ ਬਾਰੇ ਉਨ੍ਹਾਂ ਦੇ ਵਿਚਾਰ ਲਿਖ ਕੇ ਲੇਖ ਦੀ ਸਮਾਪਤੀ ਕਰਦਾ ਹਾਂ।
 
ਓਏ  ਚੀਨੀਆ  ਅਸਾਂ  ਤੇ  ਹਮਲਾ ਕਰਕੇ,
ਸਾਡੀ ਬਿਖਰੀ ਹੋਈ ਜੁਲਫ਼ ਸੰਵਾਰ ਗਿਉਂ।
ਇਕ  ਅਫ਼ਸੋਸ  ਹੈ ਤੇਰੇ ਤੇ ਮੂਜ਼ੀਆ ਉਏ,
ਸੱਜੀ  ਦਸ  ਕੇ  ਤੇ  ਖੱਬੀ  ਮਾਰ   ਗਿਉਂ।
ਚੀਨੀ ਹਮਲੇ ਨੇ ਕਿੰਨਾ ਇਨਕਲਾਬ ਲਿਆਂਦੈ,
ਅੱਜ ਭਾਰਤ ਦੀ ਕਾਇਆ ਪਲਟਾ ਗਿਆ ਏ।
ਸੁੱਤਾ  ਪਿਆ  ਨਿਹਾਲਾ  ਸੀ  ਭੰਗ  ਪੀ  ਕੇ,
ਉਸ  ਨਿਹਾਲੇ  ਨੂੰ  ਅਜ  ਜਗਾ  ਗਿਆ ਏ।

****

1 comment: