ਕਾਵਿ-ਸੰਗ੍ਰਹਿ ‘ਕਿਰਦੀ ਮਿੱਟੀ’ ਪ੍ਰਤੀਕਾਤਮਕ ਕਾਵਿ


ਦਰਸ਼ਨ ਬੁਲੰਦਵੀ ਪ੍ਰਤੀਕਾਤਮਿਕ ਕਵੀ ਹੈ। ਉਹ ਹਰ ਰਚਨਾ ਮਕਬੂਲ ਹੋਈ ਹੈ ਜਿਸ ਵਿਚ ਯਥਾਰਥਿਕਤਾ ਹੋਵੇ। ਬੁਲੰਦਵੀ ਦੀਆਂ ਕਵਿਤਾਵਾਂ ਵਿਚ ਯਥਾਰਥਿਕਤਾ ਦਾ ਭੇਦ ਪੁਸਤਕ ਦੇ ਨਾਮ ਵਿਚ ਹੀ ਹੈ। ਜਿਵੇਂ ‘ਕਿਰਦੀ ਮਿੱਟੀ’ ਅਤੇ ਕਿਰਦੀ ਰੇਤ ਦੇ ਪ੍ਰਤੀਕ ਦਾ ਰਹਿਸ ਹੈ। ਇਸੇ ਕਰਕੇ ਦਰਸ਼ਨ ਦੇ ਕਾਵਿ-ਦਰਸ਼ਨ ਵਿਚ ਆਮ ਪਾਠਕ ਦਾ ਕਾਵਿ ਜਗਤ ਨਾ ਹੁੰਦਾ ਹੋਇਆ ਮਹਿਜ ਇਹ ਕਾਵਿ-ਫੁਲਵਾੜੀ ਬੁੱਧੀ-ਜੀਵੀਆਂ ਦੀ ਰੂਹ ਨੂੰ ਸਰਸ਼ਾਰ ਕਰਦੀ ਹੈ। ਕਵਿਤਾ ਦੀ ਸੰਰਚਨਾ ਵਾਸਤੇ ਕਲਪਨਾ ਸਮੱਗਰੀ ਹੁੰਦੀ ਹੈ ਅਤੇ ਇਸ ਸਮੱਗਰੀ ਵਿਚ ਯਥਾਰਥਿਕਤਾ ਮਿਸ਼ਰਤ ਦ੍ਰਵ ਹੁੰਦਾ ਹੈ। ਕਿਸੇ ਕਲਪਨਾ ਦਾ ਕਲਾਤਮਿਕ ਹੋਣਾ, ਵਰਤੇ ਗਏ ਪ੍ਰਤੀਕਾਂ ਦੀ ਯਥਾਰਥਿਕਤਾ ਉਪਰ ਨਿਰਭਰ ਹੁੰਦਾ ਹੈ। ਯਥਾਰਥ ਅਤੇ ਪ੍ਰਤੀਕ ਦੇ ਸੁਮੇਲ ਨੂੰ ਮੁਹਾਵਰਾ ਕਿਹਾ ਜਾਂਦਾ ਹੈ। ਇਹ ਸੁਮੇਲ, ਪਾਠਕ ਗੁਰਬਾਣੀ ਅਤੇ ਲੋਕ ਗੀਤਾਂ ਵਿਚ ਨਿੱਤ ਪੜ੍ਹਦਾ ਅਤੇ ਸੁਣਦਾ ਹੈ। ਬੁੱਧੀ-ਜੀਵੀਆਂ ਵਾਸਤੇ ਦਰਸ਼ਨ ਬੁਲੰਦਵੀ ਦੀ ਕਵਿਤਾ ਵੀ ਲੋਕ-ਗਥਾਵਾਂ ਵਰਗੀ ਹੀ ਹੈ। ਦਰਸ਼ਨ ਦੇ ਦਰਸ਼ਨ ਵਿਚ ਆਤਮਿਕ ਵਿਗਿਆਨ, ਪਰਿਵਾਰਕ ਨਿਘਾਰ, ਇਤਿਹਾਸਕ ਅਤੇ ਧਾਰਮਿਕ ਕਥਾਵਾਂ, ਸਮਾਜਕ ਵਿਸੰਗਤੀਆਂ, ਰਾਜਨੀਤਕ ਸ਼ੋਸ਼ਣ ਅਤੇ ਪੰਜਾਬੀ ਸੱਭਿਆਚਾਰਕ ਤਰਕ ਦੇ ਆਧਾਰ ਵਿਚ ਹੋਏ ਪਰਿਵਰਤਨ ਦੇ ਯਥਾਰਥ ਨੂੰ ਢੁਕਵੇਂ ਪ੍ਰਤੀਕਾਂ ਦੇ ਸਿਰਜਨਾਤਮਿਕ ਕਾਰਜ ਵਿਚ ਸੁਹਜ ਦਾ ਪ੍ਰਗਟਾ ਤੱਤਪਰ ਹੈ। ਪੁਸਤਕ ‘ਕਿਰਦੀ ਮਿੱਟੀ’ ਵਿਚ ਸੁਹਜ ਸ਼ਬਦਾਵਲੀ, ਵਿਚਾਰਾਂ, ਪ੍ਰਤੀਕਾਂ ਅਤੇ ਆਲੰਕਾਰਾਂ ਰਾਹੀਂ ਉਤਪਨ ਹੁੰਦਾ ਹੈ ਅਤੇ ਇਹ ਸੁਹਜ ਹੀ ਉਸਨੂੰ ਪ੍ਰਵਾਸੀ ਸਾਹਿਤਕਾਰਾਂ ਨਾਲੋਂ ਨਿਖੇੜ ਕੇ ਪੰਜਾਬੀ ਅਤੇ ਪੰਜਾਬੀਅਤ ਦੀ ਕੈਨਵੈਸ ਉਪਰ ਉਕਰਿਆ ਗਲੋਬਲ ਸਾਹਿਤਕਾਰ ਬਣਾਉਦਾ ਹੈ। 

ਭੂਮਿਕਾ ਵਿਚ ਜਸਵਿੰਦਰ ਸਿੰਘ ਦਾ ਵਿਚਾਰ ਹੈ, ‘ਦਰਸ਼ਨ ਬੁਲੰਦਵੀ ਦੀ ਸ਼ਾਇਰੀ ਦਾ ਸਿਰਜਨਾਤਮਿਕ ਲੋਕੇਲ ਪਰਵਾਸੀ ਹੋਂਦ ਸਥਿਤੀ ਜ਼ਰੂਰ ਹੈ ਪਰ ਉਸਦੀ ਥੀਮਕ ਚੋਣ ਅਤੇ ਸਾਹਿਤ ਸੰਵੇਦਨਾ ਪਰਵਾਸ ਤੱਕ ਮਹਿਮੂਦ ਨਹੀਂ। ਉਹ ਪੰਜਾਬ, ਭਾਰਤ, ਪਰਵਾਸੀ ਮੁਲਕ ਤੋਂ ਅੱਗੇ ਸਮਕਾਲੀ ਗਲੋਬਲ ਪ੍ਰਸੰਗਾਂ ਦਾ ਅਤਿਅੰਤ ਸੂਖ਼ਮ ਮਾਨਵੀ ਅੰਤਰਦ੍ਰਿਸ਼ਟੀਆਂ ਨਾਲ ਸੁਹਜ ਸੰਚਾਰ ਕਰਦਾ ਹੈ।’

ਪੁਸਤਕ ‘ਕਿਰਦੀ ਮਿੱਟੀ’ ਵਿਚ ਸਿਰਫ ਇੱਕ ਕਵਿਤਾ ਉਸਦੇ ਪਰਵਾਸੀ ਹੋਣ ਦਾ ਦਾਅਵਾ ਕਰਦੀ ਹੈ। ‘ਮੇਰੀ ਬੋਲੀ ਦਾ ਸ਼ਬਦ ਮਿੱਠਾ’ ਕਵਿਤਾ ਵਿਚ ਜਦ ਬੁਲੰਦਵੀ ਲਿਖਦਾ ਹੈ। 
ਮੇਰੀ ਬੋਲੀ ਦਾ ਸ਼ਬਦ ਮਿੱਠਾ 
ਜਦ ਵੀ ਸੁਣਾ ਦੇਸ਼ ਪਰਾਏ
ਚਾਅ ਜਿਹਾ ਚੜ੍ਹ ਜਾਂਦਾ ਏ।
‘ਬੀਚ ਬੈਂਚ ‘ਤੇ ਬੈਠਾ ਕਵੀ’ ਕਵਿਤਾ ਨੂੰ ਜਸਵਿੰਦਰ ਭਾਵੇਂ ਪਰਵਾਸੀ ਲੋਕੇਲ ਸਮਝਦਾ ਹੈ। ਜੇਕਰ ਬੀਚ ਪੰਜਾਬ ਵਿਚ ਨਹੀਂ ਹਨ ਪਰ ਭਾਰਤ ਵਿਚ ਤਾਂ ਹਜ਼ਾਰਾਂ ਬੀਚ ਹਨ। ਇਸ ਕਵਿਤਾ ਨੂੰ ਵੀ ਕਵੀ ਦੇ ਲੋਕੇਲ ਨਾਲ ਨਹੀਂ ਜੋੜਿਆ ਜਾ ਸਕਦਾ। ਕਵੀ ਦੇ ਦਰਸ਼ਨ ਦੇ ਅੰਤਰਗਤ ਗਲੋਬਲ ਸਮੱਸਿਆਵਾਂ ਨਾਲ ਸੰਵਾਦ ਰਚਾਇਆ ਗਿਆ ਹੈ ਇਸ ਕਰਕੇ ਗਲੋਬ ਹੀ ਉਸਦਾ ਲੋਕੇਲ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ਦਰਸ਼ਨ ਬੁਲੰਦਵੀ ਦੀਆਂ ਕਵਿਤਾਵਾਂ ਨੂੰ ਮਾਨਵੀ ਅੰਤਰਦ੍ਰਿਸ਼ਟੀਆਂ ਨਾਲ ਜ਼ਰੂਰ ਜੋੜਿਆ ਜਾ ਸਕਦਾ ਹੈ। ਜਸਵਿੰਦਰ ਸਿੰਘ ਲਿਖਦਾ ਹੈ। ‘ਉਸਦੀ ਕਵਿਤਾ ਵਿਚ ਰਮੀ ਹੋਈ ਇਸ ਮਨੁੱਖੀ ਸੰਘਰਸ਼ ਦੀ ਕਦੀਮੀ ਸ਼ਕਤੀਸ਼ਾਲੀ ਅਤੇ ਉਚੇਰੇ ਉਸਾਰੂ ਬਦਲਾਂ ਦੀ ਸੋਝੀ ਦਾ ਸਹਿਜ ਪਰਿਣਾਮ ਇਹ ਹੈ ਕਿ ਪਰਵਾਸੀ ਸ਼ਾਇਰ ਹੋ ਕੇ ਵੀ ਉਹ ਨਾ ਮੂਲੋਂ ਪੱਛਮੀ ਸਭਿਅਤਾ ਦਾ ਗੁਣ ਗਾਇਨ ਕਰਦਾ ਹੈ ਨਾ ਇਸਨੂੰ ਮੂਲੋਂ ਰੱਦ ਕਰਦਾ ਹੈ।’ ਜਸਵਿੰਦਰ ਦਾ ਇਹ ਸਤਰ ਲਿਖ ਕੇ ਕਵੀ ਨੂੰ ਪਰਵਾਸੀ ਕਹਿਣ ਦਾ ਭਾਵ ਸਿਰਫ਼ ਤੇ ਸਿਰਫ਼ ਦਰਸ਼ਨ ਨੂੰ ਪੰਜਾਬ ਦੇ ਕਵੀਆਂ ਤੋਂ ਛਟਿਆਉਣ ਦਾ ਹੀ ਹੈ। ਉਸਦੀ ਵਾਰਤਕ ਤਾਂ ਦਰਸ਼ਨ ਨੂੰ ਮਾਨਵ-ਵਾਦੀ ਕਵੀ ਹੋਣ ਦਾ ਦਾਅਵਾ ਕਰਦੀ ਹੈ ਪਰ ਉਸ ਦੀ ਅੰਤਰ-ਆਤਮਾ ਦਰਸ਼ਨ ਨੂੰ ਪਰਵਾਸੀ ਕਵੀ ਦਾ ਲੇਬਲ ਲਾਉਦੀ ਹੈ। ਦਰਸ਼ਨ ਬੁਲੰਦਵੀ ਦੇ ਰਚਨਾਤਮਿਕ ਕਾਰਜ ਅਨੁਸਾਰ ਜਸਵਿੰਦਰ ਵਲੋਂ ਲਾਇਆ ਹੋਇਆ ਇਹ ਲੇਬਲ ਬਿਲਕੁਲ ਢੁਕਵਾਂ ਨਹੀਂ ਹੈ। ਆਪਣੇ ਦਰਸ਼ਨ ਵਿਚ ਮਨੁੱਖਤਾ ਵਾਸਤੇ ਹਾਅ ਦਾ ਨਾਹਰਾ ਲਾਉਣ ਵਾਲੇ ਨੂੰ ਪ੍ਰਗਤੀਵਾਦੀ ਲੇਖਕ ਆਖਿਆ ਜਾਂਦਾ ਹੈ ਨਾ ਕਿ ਪਰਵਾਸੀ ਲੇਖਕ। ਭੂਮਿਕਾ ਵਿਚ ਉਹ ਆਪ ਵੀ ਇਸ ਵਿਚਾਰ ਦੀ ਤਰਦੀਦ ਕਰਦਾ ਹੈ। 
‘ਪੱਛਮੀ ਕਲਚਰ, ਖਪਤ ਕਲਚਰ, ਅਤੇ ਨਿਰੋਲ ਦੇਹੀ ਕਲਚਰ ਨੂੰ ਉਹ ਰੱਦ ਕਰਕੇ ਸਾਰੀ ਮਨੁੱਖੀ ਸਰਗਰਮੀ ਅਤੇ ਸਿਸਟਮ ਨੂੰ ਉਚੇਚੇ ਮਨੁੱਖੀ ਸਰੋਕਾਰਾਂ ਨਾਲ ਜੋੜਦਾ ਹੈ। ਇਨ੍ਹਾਂ ਸਰੋਕਾਰਾਂ ਵਿਚ ਸਵੈ, ਸਮਾਜ ਅਤੇ ਕੁਦਰਤ ਦੇ ਸਾਰੇ ਸੂਖ਼ਮ ਅਤੇ ਸਥੂਲ ਪਾਸਾਰ ਆਪਣੀ ਸਹਿਜ ਸਥਿਤੀ ਵਿਚ ਆਣ ਜੁੜਦੇ ਹਨ।’
ਜੇਕਰ ਜਸਵਿੰਦਰ ਸਿੰਘ ਦੀ ਇਸ ਸਤਰ ਵੱਲ ਗੌਰ ਕਰੀਏ ਤਾਂ ਵੀ ਦਰਸ਼ਨ ਬੁਲੰਦਵੀ ਪਰਵਾਸੀ ਸਾਹਿਤਕਾਰ ਨਹੀਂ ਕਿਹਾ ਜਾ ਸਕਦਾ ਸਗੋਂ ਦਰਸ਼ਨ ਬੁਲੰਦਵੀ ਇਕ ਮਾਨਵ ਵਾਦੀ ਅਤੇ ਪ੍ਰਕ੍ਰਿਤਕ ਨੂੰ ਸਮਰਪਤ ਕਵੀ ਦੇ ਤੌਰ ਉਪਰ ਸਮਝਿਆ ਜਾਣਾ ਚਾਹੀਦਾ ਹੈ। ਜਸਵਿੰਦਰ ਸਿੰਘ ‘ਅੰਗੂਠਾ’ ਕਵਿਤਾ ਬਾਰੇ ਭੂਮਿਕਾ ਵਿਚ ਲਿਖਦਾ ਹੈ।
‘ਗੁਰੂ ਦਖਣਾ ਵਿਚ ‘ਕਰਣ’ ਦਾ ਕੱਟ ਦਿੱਤਾ ਗਿਆ ਅੰਗੂਠਾ ਮਨੁੱਖੀ ਸੂਰਮਗਤੀ ਦੇ ਗੁਣਾ ਅਤੇ ਜਾਤੀ ਜਮਾਤੀ ਸਮਾਜਾਂ ਦੀ ਜ਼ਾਲਮਾਨਾ ਹਕੀਕਤ ਦੇ ਲੰਬੇ ਇਤਿਹਾਸਕ ਸੱਚ ਨੂੰ ਤਾਂ ਰੂਪਮਾਨ ਕਰਦਾ ਹੀ ਹੈ।’
ਪਰ ਜਸਵਿੰਦਰ ਉਪਰ ਲਿਖੀਆਂ ਆਪਣੀਆਂ ਹੀ ਸਤਰਾਂ ਦੀ ਤਰਦੀਦ ਕਰਦਾ ਲਿਖਦਾ ਹੈ।
‘ਬੁਲੰਦਵੀ ਦੀ ਸ਼ਾਇਰੀ ਦੀ ਇਹੀ ਜੁਸਤਜੂ ਪਰਵਾਸੀ ਮਨੁੱਖ ਦੀ ਹੋਂਦ ਦੇ ਖੁਰਨ ਅਤੇ ਬਰਕਰਾਰੀ ਦੇ ਟੇਡੇ ਅਨੁਭਵਾਂ ਵਿਚ ਵੀ ਹਾਜ਼ਰ ਹੈ।’ ਜਸਵਿੰਦਰ ‘ਅੰਗੂਠਾ’ ਕਵਿਤਾ ਨੂੰ ਪਰਵਾਸੀ ਮਨੁੱਖ ਦੀ ਦਾਸਤਾਨ ਨਾਲ ਜੋੜਦਾ ਇਹ ਗੱਲ ਭੁੱਲ ਗਿਆ ਹੈ ਕਿ ‘ਕਰਣ’ ਪਰਵਾਸੀ ਮਨੁੱਖ ਨਹੀਂ ਸੀ। ਉਹ ਹਿੰਦੋਸਤਾਨੀ ਸੀ। ਪੰਜਾਬ ਦੇ ਬੁੱਧੀ ਜੀਵੀਆਂ ਦੇ ਮਨਾ ਵਿਚ ਇਹ ਵਹਿਮ ਘਰ ਕਰ ਗਿਆ ਹੈ ਕਿ ਪਰਵਾਸ ਭੋਗਦੇ ਲੇਖਕ ਨੂੰ ਪਰਵਾਸੀ ਲੇਖਕ ਕਹਿ ਕੇ ਭੰਡ ਦਿਓ। ਕਿਸੇ ਲੇਖਕ ਨੂੰ ਮਾਣਤਾ ਉਸ ਦੀ ਲਿਖਤ ਅਨੁਸਾਰ ਹੀ ਮਿਲਣੀ ਚਾਹੀਦੀ ਹੈ। ਦਰਸ਼ਨ ਬੁਲੰਦਵੀ ਪੰਜਾਬੀ ਸ਼ਾਇਰ ਹੈ ਅਤੇ ਉਸਦੀ ਸ਼ਾਇਰੀ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਿਖਰ ਬਿਆਨ ਹੈ। ਉਸਦੀ ਕਲਾਤਮਿਕ ਕਵਿਤਾ ‘ਲਾਸਾਂ’ ਇਸ ਵਿਚਾਰ ਦਾ ਪ੍ਰਮਾਣ ਹੈ।
ਅਸਾਂ ਵਾਹ ਜਿ਼ਮੀਂ ਪਸੀਨੇ ਦੇ ਨਾਲ ਗੁੰਨੀ,
ਅੱਖਾਂ ਮੈਲੀਆਂ ਨਾ ਸੱਚ ਵਡਿਉਂਦੀਆਂ ਨੇ।
ਵੱਤਰ ਭੌਂ ਦਾ ਕਣ ਕਣ ਮਹਿਕ ਉਠਿਆ,
ਵਿੰਗੇ  ਨੱਕ  ਨੂੰ  ਮੁਸ਼ਕਾਂ ਆਉਦੀਆਂ ਨੇ।
।।।।।।।।।
ਝੋਲ  ਖੇਤਾਂ  ਦੀ ਮਿਹਨਤਾਂ ਫ਼ਲ ਪਾਇਆ,
ਇੱਲਾਂ ਮੁੜ ਮੁੜ ਬੋਹਲਾਂ ਤੇ ਭਾਉਦੀਆਂ ਨੇ।
ਸਾਂਭ  ਛੱਟ  ਕੇ  ਦਿਲ  ਨੇ  ਪਾਏ  ਭੰਗੜੇ,
ਛਾਟਾਂ ਕਰਜ਼ ਦੀਆਂ ਲਾਸਾਂ ਪਾਉਂਦੀਆਂ ਨੇ।  ਪੰਨਾ 66
ਅਤੇ
ਸਿਰ  ਦਾ  ਤਾਜ  ਏ ਪੰਜੇ ਆਬ ਤੇਰੇ,
ਕੀ ਹੋਇਆ ਸਿਆਸਤ ਦੀ ਵੰਡ ਆਏ।
ਇਹ ਰਹਿਣਗੇ ਦਿਲਾਂ ਦੀ ਧਰਤ ਉਤੇ,
ਭਾਵੇਂ ਹੱਦਾਂ ‘ਚੋਂ ਹੱਦਾਂ ਦੀ ਵੰਡ ਆਏ।   ਪੰਜਾਬ ਨੂੰ, ਪੰਨਾ 67
ਅਤੇ
ਮੈਂ ਪੰਜ ਆਬ ਦਾ ਸਿੰਜਿਆ ਆਦਿ ਕਾਲ ਦਾ ਬੋਹੜ ਹਾਂ।
ਪਰ ਪੱਤੇ ਅੰਦਰ ਜਾਗਦਾ ਧੁੱਪਾਂ ਛਾਵਾਂ ਦਾ ਕੁਲ ਜੋੜ ਹਾਂ।
ਮੈਂ ਤੂਫ਼ਾਨਾ ਅੰਦਰ ਮੌਲਿਆ ਤੂਫ਼ਾਨਾ ਦਾ ਮੂੰਹ ਮੋੜ ਹਾਂ।
ਮੈਂ  ਸਰਬੱਤ  ਦੇ  ਭਲੇ  ਦਾ  ਫੈਲਦਾ ਹੋਇਆ ਖਾਬ ਹਾਂ।
ਮੈਂ ਪੰਜਾਬ ਹਾਂ, ਜੀ! ਮੈਂ ਪੰਜਾਬ ਹਾਂ।             
(ਮੈਂ ਪੰਜਾਬ ਹਾਂ, ਪੰਨਾ 69)
ਸਤਿੰਦਰ ਸਿੰਘ ਨੂਰ ਪਰਵਾਸੀ ਸ਼ਬਦ ਦੇ ਭਰਮ ਤੋਂ ਤਾਂ ਮੁਕਤ ਹੈ ਪਰ ਲਗਦਾ ਹੈ ਕਿ ਉਸਨੇ ਆਪਣੇ ਵਿਚਾਰ ਲਿਖਣ ਲੱਗਿਆਂ ਜੇਕਰ ਇਸ ਪੁਸਤਕ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੁੰਦਾ ਤਾਂ ਇੰਝ ਨਾ ਲਿਖਦਾ ਕਿ ‘ਕਿਰਦੀ ਮਿੱਟੀ’ ਦੀਆਂ ਕਵਿਤਾਵਾਂ ਪਰਵਾਸ ਦੇ ਯਥਾਰਥ ਦੀ ਚੇਤਨਾ ਨਾਲ ਵੀ ਸੰਬੰਧਤ ਹਨ।’
ਦਰਸ਼ਨ ਬੁਲੰਦਵੀ ਦੀਆਂ ਕਵਿਤਾਵਾਂ ਰਾਹੀਂ ਇਸ ਤੋਂ ਅੱਗੇ ਹੋਰ ਵੀ ਬਹੁਤ ਦਰਸ਼ਨ ਪੜ੍ਹਨ ਨੂੰ ਮਿਲਦੇ ਹਨ। ਆਧੁਨਿਕਤਾ ਦੇ ਪਾਸਾਰ ਕਾਰਨ ਵਰਤਮਾਨ ਵਿਚ ਮਨੁੱਖ ਨੂੰ ਨਿਤ ਨਵੀਆਂ ਲੋੜਾਂ ਦਾ ਸਾਹਮਣਾ ਕਰਨਾ ਪੰੈਦਾ ਹੈ। ਦੂਜੀ ਪੀੜ੍ਹੀ ਦੀਆਂ ਲੋੜਾਂ ਪਹਿਲੀ ਪੀੜ੍ਹੀ ਦੀਆਂ ਲੋੜਾਂ ਤੋਂ ਵਖਰੀਆਂ ਹੁੰਦੀਆ ਹਨ। ਮਨੁੱਖ ਦੇ ਰਹਿਣ ਸਹਿਣ ਦੇ ਉਚੇ ਮਿਆਰ ਕਾਰਨ ਪੈਣ ਵਾਲੇ ਆਰਥਿਕ ਸੰਕਟ ਨਾਲ ਦੂਜੀ ਪੀੜ੍ਹੀ ਦੀਆਂ ਲੋੜਾਂ ਨੂੰ ਪੂਰਿਆ ਨਾ ਜਾਣ ਕਾਰਨ, ਦੂਜੀ ਪੀੜ੍ਹੀ ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਪਰਿਵਾਰਕ ਰਹੁ ਰੀਤਾਂ ਦੀ ਉਲੰਘਣਾ ਕਰਦੀ ਹੈ। ਜਨਤੰਤਰ ਵਿਚ ਪੂੰਜੀਵਾਦ ਦੀ ਹੋਂਦ ਇਨ੍ਹਾਂ ਸਮੱਸਿਆਵਾਂ ਦਾ ਕਾਰਨ ਹੈ। ਇਹ ਸਮੱਸਿਆਵਾਂ ਸਿਰਫ ਪ੍ਰਵਾਸੀਆਂ ਦੀਆਂ ਹੀ ਨਹੀਂ ਹਨ ਸਗੋਂ ਇਸ ਮਸਲੇ ਦਾ ਪ੍ਰਭਾਵ ਦੇਸੀ ਬਸਿ਼ੰਦਿਆ ਦੀ ਆਤਮਾ ਉਪਰ ਵੀ ਪੱਕੀ ਪਕੜ ਕਰਦਾ ਹੈ। ਦਰਸ਼ਨ ਬੁਲੰਦਵੀ ਇਸੇ ਨੂੰ ਕੁੱਖ ਦਾ ਦਰਦ ਲਿਖਦਾ ਹੈ। ਜਿਸ ਦਰਦ ਨੂੰ ਕਿਸੇ ਨਾਲ ਸਾਂਝਿਆ ਨਾ ਕੀਤਾ ਜਾ ਸਕਣ ਦੀ ਸੂਰਤ ਵਿਚ ਇਹ ਦਰਦ ‘ਬੁੱਕਲ ਦੀ ਅੱਗ’ ਬਣ ਜਾਂਦਾ ਹੈ। ਇਸ ਅੱਗ ਦੇ ਪ੍ਰਤੀਕ ਰਾਹੀਂ ਪਰਿਵਾਰਕ ਦੁੱਖ ਅਤੇ ਦਰਦ ਨੂੰ ਬੁਲੰਦਵੀ ਨੇ ਬੁਲੰਦ ਸ਼ਬਦਾਂ ਰਾਹੀਂ ਬਿਆਨਿਆ ਹੈ।
ਕਵਿਤਾ ‘ਸੰਦਾ ਦਾ ਸਫ਼ਰ’ ਵਿਚ ਹੱਥਾਂ ਅਤੇ ਸੰਦਾ ਦਾ ਸੰਵਾਦ ਰਚਾ ਕੇ ਹੱਥਾਂ ਨਾਲ ਕੀਤੇ ਜਾਂਦੇ ਕ੍ਰਿਸ਼ਮਿਆਂ ਦਾ ਲਖਣ ਕਰਦਾ ਹੈ।
ਕਦੇ ਹੱਥਾਂ ਦੇ ਸੰਚੇ ਵਿਚ
ਢਾਲ ਕੇ ਲੋਹਾ
ਦੇਂਦਾ ਹਾਂ ਨਵੀਨ ਵਸਤਾਂ ਨੂੰ ਜਨਮ।   ਸੰਦਾਂ ਦਾ ਸਫ਼ਰ ਪੰਨਾ 24
ਆਤਮਿਕ ਵਿਗਿਆਨ ਨਾਲ ਸੰਬੰਧਤ ਕਵਿਤਾਵਾਂ ਵਿਚ ਆਪਣੇ ਦਰਸ਼ਨ ਨੂੰ ਦਰਸਾਉਣ ਵਾਸਤੇ ਵੱਖੋ ਵੱਖਰੇ ਪ੍ਰਤੀਕਾਂ ਤੋਂ ਆਸਰਾ ਲੈਂਦਾ ਮਨੁੱਖ ਦੀ ਮਾਨਸਿਕ ਦਸ਼ਾ ਨੂੰ ਅਭਿਵਿਅਕਤ ਕਰਦਾ ਹੈ। ਜਿਵੇਂ ਹੈਲੋ, ਆਹਿਸਤਾ ਆਹਿਸਤਾ, ਤਸਵੀਰ, ਬੂੰਦ, ਵੰਨ ਵੇ, ਸਿਤਾਰ ਅਤੇ ਵਿਚਾਰ ਤਰੰਗ ਆਦਿ। 
ਹੈਲੋ ਅੰਦਰ ਚੜ੍ਹੀ ਸਵੇਰ
ਢਲ ਜਾਂਦੀ ਏ ਪਹਿਲੇ ਪਹਿਰ
ਖਾਲੀ ਝੋਲੀ ਮੂੰਹ ਚਿੜਾਵੇ
ਅੱਗੋ ਕੋਈ ਨ ਪੈਂਦੀ ਖੈਰ।    ਹੈਲੋ ਪੰਨਾ 17

ਕਮਰਿਆਂ ਦੇ ਅੰਦਰਵਾਰ
ਲੱਗ ਰਹੀਆਂ ਹਨ ਹੋਰ ਚਿਟਕਣੀਆਂ
ਕਮਰਿਆਂ ਦੇ ਬਾਹਰਵਾਰ
ਲੱਗ ਰਹੇ ਹਨ ਹੋਰ ਤਾਲੇ
ਚਿਟਕਣੀਆਂ ਅਤੇ ਤਾਲਿਆਂ ‘ਚ
ਬੰਦ ਹੋ ਕੇ ਹਰ ਕਮਰਾ
ਘਰ ਵੱਲ ਪਿੱਠ ਕਰਕੇ ਖੜੋਅ ਗਿਆ ਏ।  
(ਆਹਿਸਤਾ ਆਹਿਸਤਾ ਪੰਨਾ 18)
ਮੈਂ ਮੁੜ੍ਹਕੇ ਨਾਲ ਤਰ ਹੋਇਆ
ਕਦੀ ਵਿੰਗੇ ਟੇਡੇ ਟਾਹਣ ‘ਚੋਂ
ਕੋਈ ਫ਼ਰਨੀਚਰ ਤਲਾਸ਼ਦਾ ਹਾਂ
ਕਦੀ ਇੱਟਾਂ ਗਾਰੇ ‘ਚ ਗੁਆਚਾ
ਕੋਈ ਘਰ ਉਸਾਰਦਾ ਹਾਂ
ਕਦੀ ਪੱਥਰ ਦੇ ਹੱਠ ‘ਚੋਂ
ਕੋਈ ਬੁੱਤ ਤਰਾਸ਼ਦਾ ਹਾਂ।     ਸੰਦਾ ਦਾ ਸਫ਼ਰ ਪੰਨਾ 24

ਇਹ ਨਾ ਹੋਵੇ
ਕੋਲ ਹੀ ਉਡਦੀ ਰੇਤਾ ‘ਚ
ਡਿਗ ਕੇ ਜ਼ੀਰੀ ਜਾਏ
ਤੇ ਤੁਸੀਂ ਖਾਲੀ ਹੱਥ
ਵਾਸ਼ਪੀਕਰਨ ਦੀ ਹੋਣੀ ਨੂੰ
ਚਿਤਵਦੇ ਰਹਿ ਜਾਵੋ।   ਬੂੰਦ ਪੰਨਾ 27

ਸ਼ਮੀਰ ਦੇ ਪਰਤੀਕ ਰਾਹੀਂ ਦਰਸ਼ਨ ਬੁਲੰਦਵੀ ਅਜੋਕੇ ਪਰਿਵਾਰਕ ਢਾਂਚੇ ਨੂੰ ਉਖੜਿਆ ਹੋਇਆ ਸਮਝਦਾ ਹੈ ਅਤੇ ਇਕ ਪਿਉ ਦੇ ਕਿਰਦਾਰ ਪ੍ਰਥਾਇ ਅਲੌਕਿਕ ਪ੍ਰਤੀਕਾਂ ਰਾਹੀਂ ਪਾਠਕਾਂ ਨੂੰ ਘ੍ਰਿਣਤ ਕਰਵਾਉਦਾ ਹੈ।
ਉਹ ਤਾਂ ਸੁੱਤੇ ਸਿੱਧ
ਸਾਹਿਬਾਂ ‘ਤੇ ਛੱਡ ਦਿੰਦਾ ਹੈ
ਕਿ ਉਸਨੇ ਆਪਣੀ ਮਾਂਗ ‘ਚ ਸੰਧੂਰ
ਆਪਣੇ ਦਿਲ ਦੇ ‘ਮਸੀਹੇ’ ਤੋਂ ਪਵਾਉਣਾ ਹੈ
ਜਾਂ ਮੱਜ੍ਹਬ ਹੱਥ ਫੜ੍ਹੀ ਜੰਜ਼ੀਰ ਤੋਂ।           ਸ਼ਮੀਰ ਪੰਨਾ 21
ਗਲਤ ਸਮਾਜਕ ਰੀਤੀ ਰਿਵਾਜਾਂ ਨੂੰ ਭੰਡਦਾ ‘ਧੀ’ ਦੇ ਪ੍ਰਤੀਕ ਰਾਹੀਂ ਪਾਠਕਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਸੁ ਕਿਉਂ ਮੰਦਾ ਆਖੀਐ’ ਦਾ ਵਿਵਰਣ ਸਮਝਾਉਦਾ ਲਿਖਦਾ ਹੈ।
ਰਸਮ ਦੀ ਇਹ ਦੀਵਾਰ ਨੂੰ
ਇੱਟ ਇੱਟ ਕਰਦਿਆਂ 
ਮੈਂ ਸੋਚਣ ਲੱਗਾ
ਮੈਂ ਕਿਉਂ ਏਨਾ ਭੋਲਾ ਭਾਲਾ
ਮੈਂ ਕਿਉਂ ਇਸ ਗਿਆਨ ਤੋਂ ਕੋਰਾ
ਕਿ ‘ਧੀ’ ਰਾਣੀ ਵੇਖ ਨਹੀਂ ਸਕਦੀ
ਆਪਣਾ ਤੇਰਹਵਾਂ ਆਪਣੇ ਵੀਰੇ ਵਾਂਗ।     ਧੀ, ਪੰਨਾ 30
ਇਤਿਹਾਸਕ ਘਟਨਾਵਾਂ ਦਾ ਵਰਨਣ ਆਪਣੀ ਦਿਬ ਦ੍ਰਿਸ਼ਟੀ ਰਾਹੀਂ ਨਿਰਣਾਤਮਕ ਤੌਰ ਉਪਰ ‘ਅੰਗੂਠਾ’ ਅਤੇ ‘ਕ੍ਰਿਸ਼ਨ ਅਤੇ ਸੁਦਾਮਾ’ ਦੇ ਪ੍ਰਤੀਕਾਂ ਰਾਹੀਂ ਵਰਤਮਾਨ ਵਰਤਾਰਿਆਂ ਬਾਰੇ ਤੁਲਨਾਤਮਿਕ ਵਿਚਾਰਾਂ ਨਾਲ ਤਰਦੀਦ ਕਰਦਾ ਹੈ। ਬੁਲੰਦਵੀ ਦਾ ਕਿਸੇ ਧਰਮ ਵਿਚ ਵਿਸ਼ਵਾਸ ਓਨਾਂ ਕੁ ਹੀ ਹੈ ਜਿਵੇਂ ਰੱਜੇ ਹੋਏ ਮਨੁੱਖ ਅਗੇ ਛੱਤੀ ਪਦਾਰਥ ਖਾਣ ਨੂੰ ਰੱਖ ਦਿਤੇ ਜਾਣ ਅਤੇ ਉਹ ਛੱਤੀ ਪਦਾਰਥਾਂ ਨੂੰ ਵੇਖ ਕੇ ਨੱਕ ਵੱਟਦਾ ਹੈ। ਕੱਟਿਆ ਹੋਇਆ ਅੰਗੂਠਾ ਦਰੋਣਾਚਾਰੀਆਂ ਦੀ ਕੁਟਲ ਨੀਤੀ ਦੀ ਦੇਣ ਹੈ ਅਤੇ ਕ੍ਰਿਸ਼ਨ ਸੁਦਾਮਾ ਵਰਤਮਾਨ ਦੀ ਦੋਸਤੀ ਵਾਸਤੇ ਇਕ ਰੋਲ ਮਾਡਲ ਹੈ।
ਦਰਸ਼ਨ ਦੇ ਦਰਸ਼ਨ ਵਿਚ ਮਨੁੱਖ ਨੂੰ ਕੁਦਰਤ ਦੇ ਅਸੂਲਾਂ ਅਨੁਸਾਰ ਆਪਾ ਢਾਲ ਕੇ ਜੀਵਨ ਬਸ਼ਰ ਕਰਨ ਵਾਸਤੇ ਨਸੀਹਤਾਂ ਹਨ। ਉਹ ‘ਵੱਨ ਵੇਅ’ ਸੜਕਾਂ ਦੇ ਨਿਯਮ ਨੂੰ ਪ੍ਰਤੀਕ ਬਣਾ ਕੇ ਦਸਦਾ ਹੈ ਕਿ ਮਨੁੱਖ ਨੂੰ ਅਸੂਲਾਂ ਵਿਚ ਰਹਿਣਾ ਚਾਹੀਦਾ ਹੈ। ਜਿਹੜੇ ਲੋਕ ਅਸੂਲਾਂ ਨੂੰ ਭੰਗ ਕਰਦੇ ਹਨ ਅਤੇ ਉਹੀ ਹੀ ਹਾਦਸਾ ਗ੍ਰਸਤ ਹੁੰਦੇ ਹਨ। 
ਪਰ ਜੇ ਭੁੱਲ ਗਿਆ 
ਵੱਨ ਵੇ ਦੀ ਮਰਿਆਦਾ
ਤੂੰ ਵੀ ਕੋਈ ਹਾਦਸਾ ਝੋਲੀ ਪੁਆਏਂਗਾ।  ਵੱਨ ਵੇਅ ਪੰਨਾ 32
ਅਤੇ ਆਪਣੀ ਕਵਿਤਾ ‘ਵਿਚਾਰ ਤਰੰਗ’ ਵਿਚ ਮਨੁੱਖ ਨੂੰ ਆਪਣੀ ਸੀਮਾਂ ਵਿਚ ਰਹਿਣ ਦੀ ਚਿਤਾਵਨੀ ਤਰੰਗ ਦੇ ਪ੍ਰਤੀਕ ਨਾਲ ਦਿੰਦਾ ਹੈ। 
ਤਰੰਗ ਨਿਮਾਣੀ ਝੂਟੇ ਖਾਂਦੀ
ਜਦ ਟਕਰਾਈ ਆਪਣੇ ਕੰਢੇ ਨਾਲ
ਤਾਂ ਪਲ ਵਿਚ ਹੋਈ ਅਲੋਪ,
ਟੁੱਟ ਕੇ ਅੱਧ ਵਿਚਕਾਰੋਂ,
ਪਹੁੰਚੀ ਆਪਣੇ ਅੰਤ ਕੋਲ,
ਅਕਲ ਨੇ ਪਾਇਆ ਭੇਤ
ਕੰਢਾ ਉਸਦੀ ਸੀਮਾਂ ਸੀ
ਪਾਣੀ ਉਸ ਦਾ ਰੂਪ।          ਪੰਨਾ 35
ਵਿਸ਼ਵ ਵਿਚ ਅਤਿਵਾਦ ਦਾ ਰਾਮ ਰੌਲਾ ਹੈ। ਕੱਟੜ ਮੁਸਲਮਾਨ ਬੱਚਿਆਂ ਨੂੰ ਜੰਨਤ ਦਾ ਪ੍ਰਸਤਾਵ ਦੇ ਕੇ ਆਦਮ ਬੰਬ ਬਣਾ ਰਹੇ ਹਨ। ਸ਼ਹਿਰਾਂ ਬਾਜ਼ਾਰਾਂ ਵਿਚ ਬੰਬਾਂ ਦੇ ਫਟਣ ਨਾਲ ਅਨੇਕਾਂ ਬੇਗੁਨਾਹ ਲੋਕ ਅਣਹੋਣੀ ਮੌਤ ਮਾਰੇ ਜਾਂਦੇ ਹਨ। ਅਜਿਹੇ ਵਰਤਾਰਿਆਂ ਨੂੰ ਨਿਤ ਵਰਤੀਦੇਂ ਵੇਖ ਕੇ ਕਵੀ ਦਾ ਮਨ ਵਲੂੰਧਰਿਆ ਜਾਂਦਾ ਹੈ। ‘ਧੂੰਆਂ’ ਪ੍ਰਤੀਕ ਵਰਤਦਾ ਲਿਖਦਾ ਹੈ। ਇਰਾਕ ਉਪਰ ਹੋਏ ਕੋਲੀਸ਼ਨ ਵਲੋਂ ਨਿਸਤਾਰਾ ਹਮਲੇ ਸਮੇਂ ਕਵੀ ਨੂੰ ਬੰਬ ਬਲਾਸਟ ਨਾਲ ਹੋਈ ‘ਅਲੀ’ ਦੀ ਹਾਲਤ ਨੇ ਐਸਾ ਝੰਜੋੜਿਆਂ ਕਿ ਕਵੀ ਨੇ ਕੋਰੇ ਕਾਗਜ਼ ਉਪਰ ਲਹੂ ਵਰਗੇ ਅੱਖਰ ਖੋਦ ਦਿਤੇ। ‘ਜੰਗ ਦਾ ਚਿਹਰਾ’ ਕਵਿਤਾ ਰਾਹੀਂ ਹੋ ਰਹੇ ਵਿਸ਼ਵੰਤਰੀ ਰਾਜਨੀਤਕ ਸ਼ੋਸ਼ਣ ਦੇ ਚਿਹਰੇ ਤੋਂ ਨਾਕਾਬ ਉਠਾਉਦਾ ਹੈ।
ਇਹ ਤਾਂ ਆਏ ਸਨ 
ਲੋਕਤੰਤਰ ਦੀ ਸੁਗਾਤ ਦੇਣ ਤੈਨੂੰ
ਤਾਨਾਸ਼ਾਹੀ ਤੋਂ
ਰਾਹ ਮੁਕਤੀ ਦਾ ਵਿਖਾਣ ਤੈਨੂੰ
ਪਰ ਤੇਰੀ ਝੋਲ ਵਿਚ ਧਰ ਗਏ
ਤੇਰੇ ਅਪਾਹਜ ਹੋਏ ਬਚਪਨ ਦਾ ਹਨੇਰਾ
ਤੇਰੇ ਗੀਤ ਦਾ ਹਰ ਜ਼ਖਮੀ ਸਵੇਰਾ
ਇਹ ਤਾਂ ਬੰਭਾਂ ਦੇ ਨਾਲ 
ਚਾਕਲੇਟ ਵੀ ਲਿਆਏ ਸਨ
ਪਰ ਚਾਕਲੇਟ ਦੇਣ ਤੋਂ ਪਹਿਲਾਂ ਹੀ
ਇਨ੍ਹਾਂ ਤੇਰੇ ਹੱਥ ਖੋਹ ਲਏ।    ਜੰਗ ਦਾ ਚਿਹਰਾ  ਪੰਨਾ 40
ਇਸ ਚੱਕਰਵਿਊ ‘ਚ ਘਿਰਿਆ 
ਹੁਣ ਜਦ ਉਤਰ ਲੱਭ ਰਿਹਾਂ ਹਾਂ
ਮੈਨੂੰ ਫੈਲਦੇ ਧੂੰਏ ‘ਚੋਂ
ਲਾਸ਼ਾਂ ਦੀ ਬਦਬੋ ਆਉਂਦੀ ਏ।    ਪੰਨਾ 37

ਤੂੰ ਕੈਸਾ ਏ ਸ਼ਹੀਦ
ਕਿ ਮੇਰੇ ਚੌਂਕ ਦੀ ਬਣਾ ਕੇ ਕਤਲਗਾਹ
ਆਪਣੇ ਸਵਰਗ ਦਾ ਸੁਪਨਾ ਸਿਰਜਦਾ ਏਂ
ਕਿਸ ਤਰ੍ਹਾਂ ਦੇਵੇਗੀ ਪਨਾਹ
ਤੇਰੇ ‘ਅੱਲਾ’ ਦੀ ਮਿਹਰ ਤੈਨੂੰ
ਜਦੋਂ ਕਿ ਤੇਰਾ ਚੇਹਰਾ ਮਿਲਦਾ ਏ
ਵਿਸਫੋਟ ਨਾਲ।            ਵਿਸਫੋਟ  ਪੰਨਾ 50
 ‘ਟਿਕ-ਟਿਕਾਅ’ ਕਵਿਤਾ ਵਿਚ ਕਵੀ ਇਸ ਅਤਿਵਾਦ ਲਈ ਵੰਗਾਰੂ ਬਣ ਜਾਂਦਾ ਹੈ।
ਟਿਕ-ਟਿਕਾਅ ਕਿਤੇ ਨਹੀਂ 
ਮੈਂ ਆਵਾਂਗਾ
ਹਿੰਸਾ ਨੂੰ ਵੰਗਾਰ ਕੇ
ਟਿਕ-ਟਿਕਾਅ ਦੀ ਉਡੀਕ ਨਹੀਂ ਕਰਾਂਗਾ।     ਪੰਨਾ 63
ਪਰਿਵਰਤਨ ਕਵਿਤਾ ਦੇ ਪ੍ਰਤੀਕ ਵਿਚ ਆਧੁਨਿਕਤਾ ਦੀ ਖਿੱਚਮ ਖਿੱਚ ਦਾ ਸੰਵਾਦ ਰਚਾਉਦਾ ਲਿਖਦਾ ਹੈ।
ਸ਼ਬਦ ਕੋਸ਼ ਦੇ ਛਪਣ ਤੀਕ
ਤੜਾਗੀ ਬੰਨ੍ਹ ਕੇ ਆਉਂਦੇ ਹਨ
ਹੋਰ ਨਵੇਂ ਸ਼ਬਦ।               ਪੰਨਾ 72
ਪ੍ਰਕ੍ਰਿਤੀ ਨਾਲ ਸੰਵਾਦ ਰਚਾਉਦੀਆਂ ਕਈ ਕਵਿਤਾਵਾਂ ‘ਕਿਰਦੀ  ਮਿੱਟੀ’ ਪੁਸਤਕ ਦਾ ਸਿੰਗਾਰ ਹਨ। ਕਵੀ ਇਕ ਕਵਿਤਾ ਲਿਖਣ ਦੇ ਬਹਾਨੇ ਕੁਦਰਤ ਦੇ ਨਜ਼ਾਰਿਆਂ ਦੀ ਮੰਜ਼ਰ-ਕਸ਼ੀ ਬਾ-ਖੂਬੀ ਕਰਦਾ ਹੈ।
ਮੈਂ ਬਿਖ਼ਰ ਜਾਵਾਂ
ਫੈਲ ਜਾਵਾਂ, ਵਿਛ ਜਾਵਾਂ
ਇਹਦੀ ਲੀਲਾ ਦੀ ਗੋਦ ਅੰਦਰ
ਇਹਦੇ ਸਭ ਜੀਵ ਜੰਤੂਆਂ ਦਾ
ਦਿਲ ਬਣ ਕੇ ਧੜਕਾਂ
ਬਣ ਕੇ ਪਰਾਗ ਉਡਾਂ
ਸੰਘਣੇ ਪੌਦਿਆਂ ਦੀ ਭੀੜ ‘ਚ
ਲਹਿ ਜਾਵਾਂ ਡੂੰਘੀਆਂ ਗੁਫ਼ਾਵਾਂ ‘ਚ
ਲਹਿਰਾਵਾਂ ਉਚੀਆਂ ਚੋਟੀਆਂ ਤੇ
ਰੁੱਖਾਂ ਦੇ ਝੁੰਡਾਂ ‘ਚੋਂ ਲੰਘਾਂ
ਮਸਤ ਬਾਵਰੀ ਪੌਣ ਬਣਕੇ
ਝੂਲਦੀ ਪ੍ਰਕ੍ਰਿਤੀ ਨਾਲ 
ਮੈਂ ਵੀ ਲਵਾਂ ਇਕ ਹੁਲਾਰਾ
ਤੇ ਫਿਰ ਇਕ ਲਿਖਾਂ ਕਵਿਤਾ।     
(ਪ੍ਰਕ੍ਰਿਤੀ ‘ਚ ਲਹਿੰਦਿਆਂ  ਪੰਨਾ 39)

ਆਉ, ਇਹਦੀ ਜੜ੍ਹ ਨੂੰ ਪਾਣੀ ਦਈਏ
ਜੜ੍ਹ ਆਪੇ ਪੱਤਿਆਂ ‘ਚ
ਹਾਜ਼ਰ ਹੋ ਜਾਏਗੀ
ਪੱਤੇ ਆਪੇ ਜੜ੍ਹ ‘ਚੋਂ 
ਸਾਹ ਭਰ ਲੈਣਗੇ।    ਆਉ ਦੁਆ ਕਰੀਏ  ਪੰਨਾ 71
ਦਰਸ਼ਨ ਬੁਲੰਦਵੀ ‘ਕਿਰਦੀ ਮਿੱਟੀ’ ਪੁਸਤਕ ਨਾਲ ਰੁਮਾਂਟਿਕ ਕਵੀ ਵੀ ਬਣ ਕੇ ਪ੍ਰਗਟ ਹੁੰਦਾ ਹੈ। ਉਸਦੀਆਂ ਰੁਮਾਂਟਿਕ ਕਵਿਤਾਵਾਂ ਵਿਚ ਸੁਹਜ ਹੈ, ਸਿੰ਼ਗਾਰ ਹੈ, ਮਿਠਾਸ ਹੈ ਅਤੇ ਇਹ ਪਾਠਕ ਦੇ ਮਨੋਰੰਜਨ ਦਾ ਸਾਧਨ ਵੀ ਬਣਦੀਆਂ ਹਨ।
ਫੁੱਲ ਵੇਚਦੀ ਕੁੜੀ
ਹੱਸਦੀ ਮੁਸਕਰਾਉਂਦੀ
ਆਪਣੇ ਹਰ ਫੁੱਲ ‘ਚੋਂ
ਡੁੱਲ ਡੁੱਲ ਪੈਂਦੀ ਏ
ਇਕ ਵਿੱਥ ‘ਤੇ ਖਲੋ ਕੇ
ਹਰ ਚਿਹਰਾ ਨਿਹਾਰਦੀ ਏ
ਇਕ ਫੁੱਲ ਉਹਦੇ ਬਲਾਉਜ ਉਤੇ
ਉਹਦੇ ਪੈਸੇ ਦਾ ਵਿਉਪਾਰ
ਭੁੱਖੇ ਪੇਟ ਦਾ ਇਸ਼ਤਿਹਾਰ।   ਫੁਲ ਵੇਚਦੀ ਕੁੜੀ  ਪੰਨਾ 77
ਮਲਕ ਜਿਹੇ ਤੂੰ ਕੋਲ ਆ ਗਈ
ਮੈਂ ਵਿਚ ਕਲਾਵੇ ਘੁੱਟ ਲਿਆ
ਚਿਰ ਤੋਂ ਡੱਕਿਆ ਸੂਹਾ ਲਾਵਾ
ਅੰਗ ਅੰਗ ‘ਚੋਂ ਫੁੱਟ ਪਿਆ।     ਸੁਪਨੇ ਅੰਦਰ  ਪੰਨਾ 82

ਸੋਨ ਸੁਨਹਿਰੀ ਵਾਲ ਤੇਰੇ
ਜਦ ਵੀ ਛੂਹਵਾਂ
ਹੋਰ ਸੁਨਹਿਰੀ ਹੋ ਹੋ ਜਾਵਣ
ਉਂਗਲਾਂ ਵਿਚ ਅੰਗੜਾਈਆਂ ਭਰਦੇ
ਕਸਕ ਜਿਨ੍ਹਾਂ ਦੀ ਝੱਲ ਨਾ ਹੋਵੇ।         
(ਸੋਨ ਸੁਨਹਿਰੀ ਵਾਲ  ਪੰਨਾ 88)
ਕਵਿਤਾਵਾਂ ਦਾ ਵਿਸ਼ਾ ਵਿਗਿਆਨਕ ਹੈ। ਸਰਲ ਸ਼ਬਦਾਵਲੀ ਰਾਹੀਂ ਦੀਰਘ ਵਿਚਾਰਾਂ ਦੀ ਪੇਸ਼ਕਾਰੀ ਪ੍ਰਤੀਕਾਂ ਰਾਹੀਂ ਹੋਣ ਕਰਕੇ ਇਹ ਕਾਵਿ ਸੰਗ੍ਰਹਿ ਬੁੱਧੀ ਜੀਵੀਆਂ ਵਾਸਤੇ ਹੈ। ਕਵਿਤਾਵਾਂ ਦੀਆਂ ਕਈ ਸਤਰਾਂ ਮਹੁਵਾਰੇ ਬਣ ਜਾਣ ਦਾ ਮਿਆਰ ਰੱਖਦੀਆਂ ਹਨ। ਜਿਵੇਂ ‘ਰਸਮ ਦੀ ਇਹ ਦੀਵਾਰ ਨੂੰ ਇੱਟ ਇੱਟ ਕਰਦਿਆਂ’ਅਤੇ ਕਈ ਹੋਰ ਅਜਿਹੀਆਂ ਸਤਰਾਂ ਪੜ੍ਹਨ ਵਿਚ ਆਉਦੀਆਂ ਹਨ। ਕਵਿਤਾਵਾਂ ਵਿਚ ਸ਼ਬਦ ਸਮਾਸਾਂ ਦੀ ਬਹੁਲਤਾ ਹੋਣ ਕਰਕੇ ਸਤਰਾਂ ਵਿਚ ਲੈਅ ਦੀਆਂ ਲਹਿਰਾਂ ਹਨ।  ਉਦਾਹਰਣ ਵਜੋਂ ਜਿਵੇਂ ਪਰਤ ਦਰ ਪਰਤ, ਬਿੱਟ ਬਿੱਟ ਅਤੇ ਹਾਰ ਹਾਰ ਕੇ, ਆਰ ਪਾਰ, ਘੁਲ ਮਿਲ, ਰਗ ਰਗ ਰਚਿਆ, ਦੂਜ ਨਾ ਦੁਬਧਾ ਅਤੇ ਹੋਰ ਅਨੇਕਾਂ ਸ਼ਬਦ ਸਮਾਸ ਵਰਤੇ ਹਨ। ਕਵੀ ਨੇ ਕੁਝ ਅਜਿਹੇ ਪ੍ਰਤੀਕ ਵੀ ਵਰਤੇ ਹਨ ਜਿਨ੍ਹਾਂ ਦਾ ਕਰਤਵ ਇਕ ਦੁਜੇ ਤੱਤ ਦੀ ਵਿਰੋਧਤਾ ਕਰਨਾ ਹੈ ਅਤੇ ਅਮਲੀ ਜੀਵਨ ਨੂੰ ਰਾਸ ਨਹੀਂ ਆਉਦੇ, ਜਿਵੇਂ ਅੱਗਾਂ ‘ਚੋਂ ਬਰਫ਼ ਖੋਰਦਾ, ਰੇਤ ਛੱਲ ਦਾ ਦੁਪਹਿਰ ਹੱਥੋਂ ਚੀਰ ਹਰਨ ਹੋਇਆ ਹੈ ਅਤੇ ਕਈ ਹੋਰ ਅਜਿਹੀਆਂ ਸਤਰਾਂ ਇਸ ਪੁਸਤਕ ਵਿਚ ਅੰਕਿਤ ਹਨ। ਸ਼ਨਾਖਤ ਕਵਿਤਾ ਵਿਚ ਕਲਾ ਕ੍ਰਿਤੀ ਨੂੰ ਪਿਆਰ ਕਰਨ ਵਾਲਿਆਂ ਦਾ ਮੁਹਾਂਦਰਾ ਪ੍ਰਗਟ ਹੁੰਦਾ ਹੈ। ਇਸ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਵਿਚ ਭੀਵਤਸ ਅਤੇ ਸਿੰਗਾਰ ਰਸ ਸ਼ਾਬਦਿਕ ਅਤੇ ਉਭਯ ਆਲੰਕਾਰਾਂ ਰਾਹੀਂ ਉਜਾਗਰ ਹੁੰਦਾ ਹੈ। ਕਵਿਤਾਵਾਂ ਦਾ ਰੂਪ ਅੰਗਰੇਜੀ ਕਵਿਤਾ ਦੀ ਤਰਜਮਾਨੀ ਕਰਦਾ ਹੈ। ਪੁਸਤਕ ਵਿਚ ਵਾਰਤਿਕ-ਨੁਮਾ ਕਵਿਤਾਵਾਂ ਵਿਚ ਲੈਅ ਹੈ, ਸੰਗੀਤ ਹੈ ਅਤੇ ਅਲੰਕਾਰ ਹਨ। ਕੁਝ ਕੁ ਕਵਿਤਾਵਾਂ ਵਿਚ ਰਵਾਇਤੀ ਛੰਦਾ ਬੰਦੀ ਦੀਆਂ, ਬੁਲੰਦਵੀ ਦੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਦੀਆਂ ਜਿੰਨੀਆਂ ਉੱਚੀਆਂ ਬੁਲੰਦੀਆਂ ਹਨ, ਉਥੇ ਤੱਕ ਪਹੁੰਚਣ ਵਾਸਤੇ ਉਤਨੇ ਹੀ ਡੂੰਘੇਰੇ ਅਨੁਭਵ ਦੀ ਲੋੜ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਸੱਤਮ, ਸਿ਼ਵਮ ਅਤੇ ਸੁੰਦਰਮ ਇਨ੍ਹਾਂ ਤਰੈਗੁਣਾ ਦਾ ਸੁਮੇਲ ਹੈ।
ਦਰਸ਼ਨ ਬੁਲੰਦਵੀ ਦੇ ਸਮੁੱਚੇ ਕਾਵਿ ਸੰਗ੍ਰਹਿ ਵਿਚ ਪੰਜਾਬੀਅਤ ਦਾ ਗਲੋਬਲ ਪੈਨੋਰਾਮਾ ਅਭਿਵਿਅਕਤ ਹੋਇਆ ਹੈ।  ਪੱਛਮ ਵਿਚ ਰਹਿੰਦਾ ਹੋਇਆ ਬੁਲੰਦਵੀ ਪੂਰਬ ਵਿਚ ਵਸੇ ਪੰਜਾਬ ਦੇ ਪੰਜਾਬੀ ਸਾਹਿਤ ਨੂੰ ਸਮਰਪਤ ਕਵੀ ਹੈ। ਉਪ੍ਰੋਕਤ ਲਿਖਤ ਅਨੁਸਾਰ ਉਹ ਪ੍ਰਤੀਕਾਤਮਕ ਕਵੀ ਹੈ। ਉਸਨੇ ਆਤਮਿਕ ਗਿਆਨ ਅਤੇ ਵਿਗਿਆਨ, ਇਤਿਹਾਸਕ ਬਿੰਬਾਵਲੀ, ਧਾਰਮਿਕ ਅੰਧਵਿਸ਼ਵਾਸ, ਵਿਸ਼ਵ ਪੱਧਰ ਉਪਰ ਪਨਪ ਰਿਹਾ ਅਤਿਵਾਦ, ਪਰਿਵਾਰਕ ਫਰਜ਼, ਸਮਾਜਕ ਅਤੇ ਸੱਭਿਆਚਾਰਕ ਵਿਸੰਗਤੀਆਂ, ਰਾਜਨੀਤਕ ਸ਼ੋਸ਼ਣ ਅਤੇ ਕਲਾ ਕ੍ਰਿਤੀ ਨਾਲ ਸੰਬੰਧਤ ਪ੍ਰਤੀਕ ਵਰਤ ਕੇ ਆਪਣੇ ਕਾਵਿ ਸੰਗ੍ਰਹਿ ਨੂੰ ਮੁਲਵਾਨ ਬਣਾਇਆ ਹੈ। ਪੰਜਾਬੀ ਭਾਸ਼ਾ ਦਾ ਡਾਇਆ ਸਪੋਰਾ ਇਸ ਕਾਵਿ ਸੰਗ੍ਰਹਿ ਦਾ ਕੇਂਦਰੀ ਸਰੋਕਾਰ ਹੈ।  ਕਵਿਤਾਵਾਂ ਵਿਚ ਪ੍ਰਕ੍ਰਿਤੀ ਦਾ ਵਰਨਣ ਹੋਣ ਕਰਕੇ ਦਰਸ਼ਨ ਪ੍ਰਕ੍ਰਿਤੀ ਨੂੰ ਸਮਰਪਤ ਕਵੀ  ਬਣ ਜਾਂਦਾ ਹੈ। ਕਵਿਤਾਵਾਂ ਵਿਚ ਰੁਮਾਂਟਿਕਤਾ ਹੋਣ ਦੇ ਸੰਦਰਭ ਵਿਚ ਦਰਸ਼ਨ ਬੁਲੰਦਵੀ ਰੁਮਾਂਟਿਕ ਕਵੀ ਵੀ ਹੈ। ਕਵਿਤਾਵਾਂ ਵਿਚ ਕਲਪਨਾ ਅਤੇ ਯਥਾਰਥ ਦਾ ਸੁਮੇਲ ਹੋਣ ਕਰਕੇ ਇਹ ਕਵਿਤਾਵਾਂ ਮੁਹਾਵਰਿਆਂ ਵਰਗੀਆਂ ਹਨ। ਮਨੁੱਖ ਪੱਖੀ ਕਵਿਤਾਵਾਂ ਦੇ ਥੀਮ ਕਾਰਨ ਬੁਲੰਦਵੀ ਪ੍ਰਗਤੀਵਾਦੀ ਕਵੀ ਵੀ ਹੈ। ਇਸ ਸਭ ਕੁਝ ਨੂੰ ਮੱਦੇ ਨਜ਼ਰ ਰੱਖਦਿਆਂ ਅਵੱਸ਼ ਆਖ ਸਕਦੇ ਹਾਂ ਕਿ ਇਹ ਮੁਲਵਾਨ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਵਿਚ ਆਪਣੀ ਵੱਖਰੀ ਪਛਾਣ ਜ਼ਰੂਰ ਬਣਾਏਗਾ।
ਬੀਜ  ਪੋਰਿਆ  ਢਿੱਡਾਂ  ਨੂੰ  ਰੱਖ ਭੁੱਖਾ, 
ਫੜੀਆਂ ਮੰਡੀਆਂ ਨੇ ਚੋਰ ਹੁਸਿ਼ਆਰੀਆਂ ਨੇ।
ਵੱਟਾਂ  ਕੱਢੀਆਂ  ਸਿੱਧੀਆਂ  ਸ਼ਤੀਰ  ਕਰ  ਕੇ, 
ਥੋੜ ਦਿਲਾਂ ਵਿਚ ਡੋਬੂੰ ਪਾਉਂਦੀਆਂ ਨੇ।
ਕਣਕਾਂ ਉੱਗੀਆਂ ਧਰਤ ਨੂੰ ਰੂਪ ਚੜ੍ਹਿਆ, 
ਵਿਚ ਕਾਂਗਿਆਰੀਆਂ ਬਿੱਜ ਲਾਊਂਦੀਆਂ ਨੇ।
ਮਸਤ  ਹੋ  ਹਵਾਵਾਂ  ਦੇ  ਨਾਲ  ਝੂਮਣ,  
ਕੰਡੇ  ਪੋਹਲੀਆਂ  ਵਿਚ  ਨਾ  ਸੋਂਹਦੀਆਂ  ਨੇ।
ਸਿੰਜੀਆਂ ਨਾਲ ਲਹੂ ਦੇ ਦਿਨ ਰਾਤ ਕਰ ਕੇ, 
ਸੁੱਕੀਆਂ ਬਦਲੀਆਂ ਹੱਠ ਵਿਖਾਊਂਦੀਆਂ ਨੇ।
ਸਿੱਟੇ  ਨਿਕਲੇ ਤਾਂ ਰੀਝਾਂ ਵੀ ਜਵਾਨ ਹੋਈਆਂ, 
ਚੂਹੀਆਂ ਟੁਕਣੋਂ ਬਾਜ ਨਾ ਆਊਂਦੀਆਂ ਨੇ।

****

No comments:

Post a Comment