‘ਇਕ ਦਹਾਕਾ ਇਕ ਝਾਤ’ ਦੇ ਲੇਖਕਾਂ ਦੇ ਵਿਚਾਰ, ਲਿਖਣ ਪ੍ਰਕਿਰਿਆ ਅਤੇ ਸਰੋਤ

ਕਿਰਪਾਲ ਸਿੰਘ ਪੂਨੀ, ਅਜਮੇਰ ਕਵੈਂਟਰੀ, ਇੰਦਰਜੀਤ ਸਿੰਘ ‘ਜੀਤ’, ਸਾਥੀ ਲੁਧਿਆਣਵੀ, ਸੰਤੋਖ ਧਾਲੀਵਾਲ, ਸਤਿਪਾਲ ਸਿੰਘ ਡੁਲਕੂ, ਹਰਬਖ਼ਸ਼ ਮਕਸੂਦਪੁਰੀ, ਮਿਹਰ ਸਿੰਘ ਕੰਗ, ਹਰਜੀਤ ਅਟਵਾਲ, ਕੁਲਵੰਤ ਸਿੰਘ ਢੇਸੀ, ਡਾ: ਮਹਿੰਦਰ ਗਿੱਲ, ਡਾ: ਕਰਨੈਲ ਸ਼ੇਰਗਿੱਲ, ਡਾ: ਦੇਵਿੰਦਰ ਕੌਰ, ਦਰਸ਼ਨ ਸਿੰਘ ਧੀਰ, ਮੋਤਾ ਸਿੰਘ (ਐਕਸ ਮੇਅਰ), ਪ੍ਰਕਾਸ਼ ਸਿੰਘ ਆਜ਼ਾਦ, ਡਾ: ਰਤਨ ਰੀਹਲ, ਵਰਿੰਦਰ ਪਰਿਹਾਰ, ਪ੍ਰੋ: ਨਵਰੂਪ ਮਾਗੋ, ਮਹਿੰਦਰ ਸਿੰਘ ਖਿੰਡਾ, ਮੱਖਣ ਸਿੰਘ ਜੌਹਲ, ਸੰਤੋਖ ਸਿੰਘ ਹੇਅਰ, ਪ੍ਰੋ: ਕੁਲਜੀਤ, ਹਰਬੰਸ ਸਿੰਘ ਜੰਡੂਲਿੱਤਰਾਂਵਾਲਾ, ਚੰਨ ਜੰਡਿਆਲਵੀ, ਤੇਜਕੋਟਲੇ ਵਾਲਾ, ਮਨਜੀਤ ਸਿੰਘ ਕਮਲਾ, ਪ੍ਰਕਾਸ਼ ਸਿੰਘ ਆਜ਼ਾਦ ਆਦਿ ਪੰਜਾਬੀ ਲੇਖਕ ਸਭਾ ਕਵੈਂਟਰੀ ਵਲੋਂ ਸੰਪਾਦਤ ਪੁਸਤਕ ‘ਇਕ ਦਹਾਕਾ ਇਕ ਝਾਤ’ ਦੇ ਤੱਤਕਰੇ ਦੀ ਲੜੀ ਅਨੁਸਾਰ ਇਸ ਪੁਸਤਕ ਦੇ ਲੇਖਕ ਹਨ। ਭਾਵੇਂ ਸਭਾ ਦੇ ਦਾਇਰੇ ਵਿਚ ਇੰਗਲੈਂਡ ਦੇ ਇਕ ਤਿਹਾਈ ਲੇਖਕ ਆ ਜਾਂਦੇ ਹਨ ਪਰ ਤਸਵੀਰਾਂ ਰਾਹੀ ਪਾਠਕ ਅੰਦਾਜ਼ਾ ਲਾਉਦਾ ਹੈ ਕਿ ਇਹ ਸਭਾ ਪਿਛਲੇ ਦਸਾਂ ਸਾਲਾਂ ਤੋਂ ਵਿਸ਼ਵ ਭਰ ਦੇ ਲੇਖਕਾਂ ਨੂੰ ਇਕ ਮੰਚ ਉਪਰ ਇੱਕਠਾ ਕਰਕੇ ਸਾਲ ਵਿਚ ਦੋ ਵਾਰ ਸਾਹਿਤਕ ਮੇਲੇ ਕਰਵਾਉਦੀ ਰਹੀ ਹੈ।
ਇਸ ਪੁਸਤਕ ਦੀ ਸੰਪਾਦਿਕ ਵਿਧੀ ਬਾਰੇ ਜੇ ਆਖੀਏ ਤਾਂ ਇਸ ਵਿੱਚ ਸੱਤ ਵਿਚਾਰ ਪ੍ਰਧਾਨ ਨਜ਼ਰ ਆਉਦੇ ਹਨ। ਭਾਵ ਇੰਝ ਲਗਦਾ ਹੈ ਕਿ ਹਰ ਮੈਂਬਰ ਵਲੋਂ ਇਕ ਸੁਝਾਅ ਇਸ ਪੁਸਤਕ ਦਾ ਸੰਕਲਨ ਕਰਤਾ ਹੈ।
1। ਪ੍ਰਕਾਸ਼ਕ ਨੇ ਵੀ ਪੁਸਤਕ ਦੀ ਉਪਸਥਾਪਨਾ ਨੂੰ ਲਿਸ਼ਕਾਉਣ ਵਾਸਤੇ ਕਵਰ ਡੀਜ਼ਾਈਨ ਬਹੁਤ ਹੀ ਦਿਲ ਖਿਚਵਾਂ ਤਿਆਰ ਕੀਤਾ ਹੈ। ਪੁਸਤਕ ਦੇ ਮੁੱਢ ਵਿਚ ਲੋੜਬੰਦ ਸਮੱਗਰੀ ਤਰਤੀਬਵਾਰ ਲਿਖੀ ਹੈ। ਪ੍ਰਕਾਸ਼ਕ ਨੇ ਸਭਾ ਵਲੋਂ ਪਹਿਲੀਆਂ ਛਪ ਚੁਕੀਆਂ ਪੁਸਤਕਾਂ ਦਾ ਵੇਰਵਾ ਨਹੀਂ ਦਿਤਾ। ਜਿਵੇ: ‘ਕਲਮਾਂ ਕਵੈਂਟਰੀ ਦੀਆਂ।’
2। ਪੁਸਤਕ ਦਾ ਨਾਮ ਵੀ ‘ਇਕ ਦਹਾਕਾ ਇਕ ਝਾਤ’ ਚੌਂਹ ਸ਼ਬਦਾਂ ਦਾ ਸੰਖਿਪਤ ਕਾਵਿਕ ਨਾਮ ਹੈ।
3। ਸੰਪਾਦਿਤ ਪੁਸਤਕ ਵਿਚ ਲੇਖਕਾਂ ਦਾ ਸਭਾ ਪ੍ਰਤੀ ਲਗਾਓ ਅਤੇ ਸਭਾ ਦੀਆਂ ਕਾਰਗੁਜ਼ਾਰੀਆਂ, ਸਭਾ ਦੇ ਮੈਂਬਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਪੁਸਤਕ ਰੀਵਿਊ, ਸਭਾ ਵਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮ, ਦੂਰੋਂ ਨੇੜਿਓ ਆਏ ਸਾਹਿਤਕਾਰਾਂ ਦੀ ਸਭਾ ਵਲੋਂ ਕੀਤੀ ਜਾਂਦੀ ਆਓ ਭਗਤ ਦਰਜ ਹੈ।
4। ਪੁਸਤਕ ਵਿਚ ਸਭਾ ਦੇ ਮੈਂਬਰਾਂ ਦੀਆਂ ਪੁਸਤਕਾਂ ਬਾਰੇ ਵਿਦਵਾਨਾਂ ਵਲੋਂ ਕੀਤੀ ਗਈ ਆਲੋਚਨਾ ਪੱਤਰ ਅਤੇ ਮੁਲਾਕਾਤਾ ਸ਼ਾਮਲ ਹਨ।
5। ਕਵੀਆਂ ਦੀਆਂ ਕਵਿਤਾਵਾਂ ਵਿਚ ਸਭਾ ਦੀ ਕੀਰਤੀ ਗਾਈ ਹੈ।
6। ਸਭਾ ਵਲੋਂ ਛਪਵਾਈਆਂ ਗਈਆਂ ਪੁਸਤਕਾਂ ਬਾਰੇ ਵਿਸਤਾਰ-ਪੂਰਵਕ ਤਸ਼ਖ਼ੀਸ ਕੀਤੀ ਗਈ ਹੈ।
7। ਸਭਾ ਦੇ ਕਾਰਕੁੰਨ ਅਤੇ ਸੰਬੰਧਤ ਸਾਹਿਤਕਾਰਾਂ ਦੀਆਂ ਮਨੋਭਾਵਨਾਵਾਂ ਨੂੰ ਤਫ਼ਸੀਲ ਨਾਲ ਅਤੇ ਤਸਵੀਰਾਂ ਨੂੰ ਤਫਸੀਰ ਨਾਲ ਵਿਖਾਇਆ ਗਿਆ ਹੈ। ਇਹ ਤਸਵੀਰਾਂ ਉਨ੍ਹਾਂ ਸਮਾਗਮਾਂ ਦੀਆਂ ਹਨ ਜਿਹੜੇ ਪੰਜਾਬੀ ਲੇਖਕ ਸਭਾ, ਕਵੈਂਟਰੀ, ਯੂ ਕੇ ਵਲੋਂ ਕਰਵਾਏ ਗਏ ਹਨ ਅਤੇ ਜਾਂ ਫਿਰ ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਸਾਹਿਤਕਾਰ ਹੋਰ ਸਾਹਿਤਕ ਸਭਾਵਾਂ ਵਿਚ ਸਿ਼ਰਕਤ ਕਰਨ ਗਏ ਸਨ। ਇਨ੍ਹਾਂ ਸਮਾਗਮਾਂ ਦੀਆਂ ਤਸਵੀਰਾਂ ਰਾਹੀਂ ਵਿਸ਼ਵ ਭਰ ਤੋਂ ਆਏ ਸਾਹਿਤਕਾਰਾਂ ਦੀਆਂ ਫੋਟੂਆਂ ਵੀ ਵੇਖੀਆਂ ਜਾ ਸਕਦੀਆਂ ਹਨ। ਇਹ ਸਭਾ ਦੇ ਪ੍ਰਧਾਨ ਕਿਰਪਾਲ ਸਿੰਘ ਪੂੰਨੀ ਅਤੇ ਕੁਲਦੀਪ ਬਾਂਸਲ, ਸੰਤੋਖ ਸਿੰਘ ਹੇਅਰ, ਸੁਰਿੰਦਰਪਾਲ ਸਿੰਘ, ਸਰਿੰਦਰ ਗ਼ਾਖਲ, ਪਿਆਰਾ ਸਿੰਘ ਕਲਾਮਵਾਲਾ, ਅਤੇ ਜੋਗਾ ਸਿੰਘ ਬੋਲਾ ਆਦਿ ਸੱਤ ਕਾਰਕੁੰਨਾ ਦਾ ਸਭਾ ਵਿਚ ਸੱਤ ਬਰਕਤਾਂ ਵਾਲਾ ਸੱਤਨਾਜਾ ਉਪਲੱਬਧ ਹੋਇਆ ਹੈ। ਤਦ ਹੀ ਤਾਂ ਪੁਸਤਕ ਦੀ ਛੱਬ ਪਾਠਕਾਂ ਦੀਆਂ ਨਜ਼ਰਾਂ ਨੂੰ ਤਾਜ਼ਾ-ਤਰੀਨ ਕਰਦੀ ਹੈ। ਹਿੰਮਤ, ਸਿਦਕ ਅਤੇ ਸਿਰੜ ਦਾ ਸੁਨੇਹਾ ਦਿੰਦੀ ਹੈ।
ਉਪ੍ਰੋਕਤ ਵਿਚਾਰਾਂ ਵਿਚੋਂ ਕੁਝ ‘ਕੁਝ ਸ਼ਬਦ ਮੇਰੇ ਵਲੋਂ’ ਪੁਸਤਕ ਦੇ ਪੰਨਾ 5 ਉਪਰ ਕਿਰਪਾਲ ਸਿੰਘ ਪੂੰਨੀ ਦੀ ਲਿਖਤ ਰਾਹੀ ਪ੍ਰਬੰਧਕਾਂ ਵਲੋਂ ਦਰਸਾਏ ਗਏ ਹਨ। ਕਿੰਨਾਂ ਮੁਸ਼ਕਲ ਹੁੰਦਾ ਹੈ ਕਿ ਵਲੈਤ ਦੇ ਰੁਝੇਵੇਂ ਭਰੇ ਜੀਵਨ ਵਿਚੋਂ ਕੁਝ ਕੀਮਤੀ ਪਲ ਕੱਢ ਕੇ ਪ੍ਰਸੰਸਾਂ ਭਰੇ ਸ਼ਬਦ ਲਿਖਣੇ। ਇਸ ਤੋਂ ਵੀ ਜਿ਼ਆਦਾ ਔਖਾ ਹੁੰਦਾ ਹੈ ਪ੍ਰਬੰਧਕਾਂ ਵਾਸਤੇ ਜਿਨ੍ਹਾਂ ਨੇ ਢੇਰ ਬੇਨਤੀਆਂ ਕਰਦਿਆਂ ਢੇਰ ਚਿਰ ਇਨ੍ਹਾਂ ਲੇਖਾਂ ਦਾ ਇੰਤਜ਼ਾਰ ਕੀਤਾ। ਕਈ ਸਮਰਣ-ਪੱਤਰ ਭੇਜੇ। ਪੁਸਤਕ ਵੇਖ ਕੇ ਤਾਂ ਇਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪ੍ਰਾਜੈਕਟ ਹੁਣ ਸਿਰੇ ਚੜ੍ਹ ਗਿਆ ਹੈ।
ਮਾਣ-ਮੱਤਾ ਦਹਾਕਾ ਰਾਹੀਂ ਅਜਮੇਰ ਕਵੈਂਟਰੀ ਨੇ ਦਹਾਕਾ ਬੀਤ ਜਾਣ ਉਪਰ ਲੇਖਕਾਂ ਨੂੰ ਵਧਾਈਆਂ ਦਿਤੀਆਂ ਹਨ। ਮੈਂਬਰਾਂ ਦੀ ਹਿੰਮਤ, ਸਿਦਕ, ਪੰਜਾਬੀ ਦੇ ਪਸਾਰ ਅਤੇ ਪਰਸਾਰ ਲਈ ਵਚਨਬੱਧਤਾ ਦੇ ਯਤਨਾ ਨੂੰ ਪ੍ਰਣਾਮ ਕੀਤਾ ਹੈ। ਆਪਣੀਆਂ ਗਤੀ ਵਿਧੀਆਂ ਜ਼ਾਰੀ ਰਖਣ ਲਈ ਮਸ਼ਵਰਾ ਵੀ ਦਿਤਾ ਹੈ।
ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਸਿਰਲੇਖ ਵਿਚ ਹਾਸਰਸ ਲੇਖਕ ਇੰਦਰਜੀਤ ਸਿੰਘ ਜੀਤ ਪੁਛਦੇ ਹਨ ਕਿ ਪੂਨੀ ਸਾਹਿਬ ਜੀ ਕੀ ਲਿਖੀਏ? ਪਤਾ ਨਹੀਂ ਪੂਨੀ ਹੁਣਾ ਨੇ ਦਸਿਆ ਸੀ ਜਾਂ ਉਸਨੇ ਆਪ ਲਿਖਿਆ ਕਿ ਸਭਾ ਹੋਂਦ ਵਿਚ 2000 ਵਿਚ ਆਈ। ਉਨ੍ਹਾਂ ਨੂੰ ਸਮਾਗਮ ਵਿਚ ਹਾਜਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਉਨ੍ਹਾਂ ਅੱਖੀਂ ਵੇਖਿਆ ਕਿ ਅਜਮੇਰ ਕਵੈਂਟਰੀ, ਦਰਸ਼ਨ ਧੀਰ, ਪ੍ਰੀਤਮ ਸਿਧੂ, ਸੁਰਿੰਦਰ ਸੀਹਰਾ, ਸ਼ੇਖਰ, ਲਾਰਡ ਮੇਅਰ ਲੱਖਾ ਰਾਮ, ਹਾਰਟ ਸਰਜੀਅਨ ਡਾ: ਮੱਟੂ ਨੂੰ ਸਭਾ ਨੇ ਸਨਮਾਨਤ ਕੀਤਾ ਹੈ। ਜੀਤ ਲਿਖਦਾ ਹੈ ਕਿ ਰੰਗੀਨ ਖਾਣੇ ਨਾਲ ਸੇਵਾ ਕਰਦੇ ਹਨ। ਕਿਉਂਕਿ ਖਾਣ ਵਾਸਤੇ ਰੰਗਦਾਰ ਚੌਲ ਵਰਤਾਉਦੇ ਹਨ। ਜੀਤ ਕਹਿੰਦਾ ਹੈ ਕਿ ਉਹ ਬਾਕੀ ਸਾਹਿਤ ਸਭਾਵਾਂ ਦੇ ਸਮਾਗਮਾ ਵਿੱਚ ਮੈਂਬਰਾਂ ਸਮੇਤ ਹਾਜਰੀ ਭਰਦੇ ਹਨ। ‘ਕਲਮਾਂ ਕਵੈਂਟਰੀ ਦੀਆਂ’ ਪੁਸਤਕ ਦੀ ਸੰਪਾਦਨਾ ਅਤੇ ਅੰਕਿਤ ਰਚਨਾਵਾਂ ਬਾਰੇ ਆਲੋਚਨਾ ਵੀ ਕੀਤੀ ਹੈ। ਇਸ ਵਿਚ ਕਵੈਂਟਰੀ ਦੇ 42 ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ। ਇਹ ਪੁਸਤਕ ਦਸਤਾਵੇਜ਼ੀ ਮਹੱਤਵ ਰੱਖਦੀ ਹੈ ਅਤੇ ਇਸ ਵਿਚ ਹਰ ਵੰਨਗੀ ਦੀਆਂ ਕਵਿਤਾਵਾ ਹਨ। ਇਹ ਗੁਲਦਸਤਾ ਹੈ ਜਿਸ ਵਿਚ ਹਰ ਫੁੱਲ ਦੀ ਆਪਣੀ ਮਹਿਕ ਹੈ ਅਤੇ ਇਸ ਗੁਲਦਸਤੇ ਨੂੰ ਹਰ ਘਰ ਵਿਚ ਸਜਾ ਕੇ ਰੱਖਣਾ ਚਾਹੀਦਾ ਹੈ।
ਸਾਥੀ ਲੁਧਿਆਣਵੀ ਜੀ ਲਿਖਦੇ ਹਨ ਕਿ ਉਨ੍ਹਾਂ ਦਾ ਕਵੈਂਟਰੀ ਨਾਲ ਮੋਹ ਹੈ। ਇਸ ਮੋਹ ਬਾਰੇ ਆਪਣੇ ਲੇਖ ਵਿਚ ਲਿਖਦੇ ਹਨ, ‘ਸੰਨ 62 ਵਿਚ ਜਿਉਂ ਹੀ ਅਸੀਂ ਬੱਸ ਚੜ੍ਹਨ ਲੱਗੇ ਕਿ ਇਕ ਪੰਜਾਬੀ ਭਾਈਬੰਦ ਨੇ ਸਾਡੇ ਮੋਢਿਆਂ ਤੇ ਹੱਥ ਧਰ ਕੇ ਕਿਹਾ, ‘ਕਿੱਥੇ ਚੱਲੇ ਹੋ ਕਵੀਸ਼ਰੋ? ਤੁਸੀਂ ਤਾਂ ਰਾਤੀ ਕਵਿਤਾ ਪੜ੍ਹਦੇ ਸੀ ਇਥੇ। ਜਦ ਅਸੀਂ ਹਾਂ ਕਿਹਾ ਤਾਂ ਉਸ ਨੇ ਸਾਨੂੰ ਲਾਗਲੇ ਪੱਬ ਵੱਲ ਜਾਣ ਲਈ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਕਿ ਬੱਸਾਂ ਦਾ ਕੀ ਆ। ਇਹ ਤਾਂ ਮਿਲਦੀਆਂ ਹੀ ਰਹਿੰਦੀਆਂ ਹਨ। ਨਹੀਂ ਤਾਂ ਮੈਂ ਛੱਡ ਆਊਂ ਕਵੈਂਟਰੀ, ਮੇਰੇ ਕੋਲ ਜੈਫ਼ਰ ਕਾਰ ਹੈ। ਉਸ ਨੇ ਮੱਲੋ ਜੋਰੀ ਦੋ ਦੋ ਗਲਾਸ ਪਿਲਾ ਦਿਤੇ।’
ਸਾਥੀ ਸਾਹਿਬ ਕਿੰਨੇ ਬੇਲਿਹਾਜ ਹੋ ਗਏ ਹੋ। ਆਪਣੀ ਸੋਚਣੀ ਨੂੰ ਜ਼ਰਾ ਛੇਵੇਂ ਦਹਾਕੇ ਦੇ ਮੁੱਢ ਵੱਲ ਲਿਜਾਓ। ਉਹ ਪੰਜਾਬੀ ਭਾਈਬੰਦ ਮੈਂ ਹੀ ਸੀ। ਉਸ ਸਮੇਂ ਵੁਲਵਰਹੈਂਪਟਨ ਵਿਚ ਕਿਸੇ ਹੋਰ ਪੰਜਾਬੀ ਕੋਲ ਕੋਈ ਕਾਰ ਨਹੀਂ ਹੁੰਦੀ ਸੀ। ਮੇਰੇ ਕੋਲ ਹੀ ਜੈਫ਼ਰ ਕਾਰ ਸੀ।
ਉਹ ਅੱਗੇ ਲਿਖਦੇ ਹਨ ਕਿ ਕਵੈਂਟਰੀ ਸ਼ਹਿਰ ਵਿਚ ਦਸਤਕਾਰੀ ਬਹੁਤ ਸੀ। ਕਵੈਂਟਰੀ ਸ਼ਹਿਰ ਲੇਡੀ ਗੋਡਾਇਵਾ ਅਤੇ ਕਥੀਡਰਲ ਕਰਕੇ ਮਸ਼ਹੂਰ ਹੈ। ਲੇਡੀ ਗੋਡਾਈਵਾ ਬਾਰੇ ਜਾਣਕਾਰੀ ਬਾਹਰਲੇ ਪਾਠਕਾਂ ਵਾਸਤੇ ਜਾਣਕਾਰੀ ਭਰਪੂਰ ਹੈ। ਕਵੈਂਟਰੀ ਸ਼ਹਿਰ ਦੇ ਪਹਿਲੇ ਸਾਹਿਤਕਾਰ ਹਰਭਜਨ ਵਿਰਕ, ਅਜਮੇਰ ਕਵੈਂਟਰੀ, ਦੇਵਿੰਦਰ ਨੌਰਾ, ਸਤਪਾਲ ਡੁਲਕੂ, ਸੋਹਣ ਚੀਮਾ, ਤੇ ਦਿਲਬਾਗ ਗਿੱਲ ਆਦਿ ਅਤੇ ਮਹਿੰਦਰ ਸਾਜਨ ਅਤੇ ਚ: ਸ: ਚੰਨ ਹੁਣ ਦੁਨੀਆਂ ਵਿਚ ਨਹੀਂ ਹਨ।
‘ਕ੍ਰਿਪਾਲ ਸਿੰਘ ਪੂੰਨੀ ਨੇ ਜਦੋਂ ਮੈਨੂੰ ਕਿਹਾ ਕਿ ਮੈਂ ਕਵੈਂਟਰੀ ਬਾਰੇ ਲਿਖਾਂ ਤਾਂ ਮੈਂ ਸੋਚੀਂ ਪੈ ਗਿਆ । ਭਲਾ ਕੀ ਲਿਖਾਂਗਾ ਮੈਂ ਕਵੈਂਟਰੀ ਬਾਰੇ? ਫਿਰ ਜਦ ਉਸਨੇ ‘ਕਲਮਾਂ ਕਵੈਂਟਰੀ ਦੀਆਂ’ ਨਾਂ ਦੀ ਪੁਸਤਕ ਭੇਜੀ ਤਾਂ ਪੇਤਲੀ ਝਾਤ ਮਾਰਨ ਨਾਲ ਹੀ ਕਈ ਖਿਆਲ ਮਨ ਵਿਚ ਉਭਰ ਆਏ।’
ਸਾਥੀ ਨੇ ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਸ੍ਰਪ੍ਰੱਸਤ ਅਜਮੇਰ ਕਵੈਂਟਰੀ ਦੀਆਂ ਕਵਿਤਾਵਾਂ ਦੇ ਅਵਤਰਣ ਉਸਦੀ ਪ੍ਰਸੰਸਾ ਵਿਚ ਲਿਖ ਦਿਤੇ ਹਨ। ਸਾਥੀ ਕ੍ਰਿਪਾਲ ਸਿੰਘ ਪੂੰਨੀ ਬਾਰੇ ਲਿਖਦਾ ਹੈ, ‘ਕਿਸੇ ਜੱਥੇਬੰਦੀ ਨੂੰ ਚਲਾਉਣਾ ਸੌਖਾ ਕੰਮ ਨਹੀਂ। ਮੈਂ ਉਸ ਦੀਆਂ ਕਵਿਤਾਵਾਂ ਪੜ੍ਹੀਆਂ ਹਨ। ਚੰਗੀਆਂ ਲੱਗੀਆਂ ਹਨ। ਸੁਰਿੰਦਰਪਾਲ ਸਿੰਘ, ਕੁਲਦੀਪ ਬਾਂਸਲ, ਸੰਤੋਖ ਸਿੰਘ ਹੇਅਰ, ਉਸਦਾ ਸਾਥ ਵੀ ਦੇ ਰਹੇ ਹਨ। ਦੂਜਿਆਂ ਦੇ ਸਮਾਗਮਾਂ ਵਿਚ ਵੀ ਪਹੁੰਚਦੇ ਹਨ ਤੇ ਕਲਮਕਾਰੀ ਵੀ ਕਰਦੇ ਹਨ। ਸ਼ਾਬਾਸ਼ ਬਈ।
ਸੰਤੋਖ ਧਾਲੀਵਾਲ ਦਾ ਲਿਖਣਾ ਹੈ ਕਿ ਪੰਜਾਬੀ ਲੇਖਕ ਸਭਾ ਵੀ ਬਾਕੀ ਸ਼ਹਿਰਾਂ ਵਾਂਗ ਪੰਜਾਬੀ ‘ਚ ਲਿਖਣ ਵਾਲਿਆਂ ਦੀ ਆਪਸੀ ਅਣਬਣ ਤੇ ਖਿਚੋਤਾਣ ਕਾਰਨ ਹੋਂਦ ਵਿਚ ਆਈ।’ ‘ਜੇ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਤੇ ਕੁਰਸੀ ਦਿਓਗੇ ਤਾਂ ਹੀ ਮੈਂ ਆਵਾਂਗਾ ਤੇ ਤਦੇ ਹੀ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਤੇ ਕੁਰਸੀ ਦੇਵਾਂਗੇ।’ ਧਾਲੀਵਾਲ ਦੇ ਤਰਕਸ਼ ਵਿਚੋਂ ਨਿਕਲਿਆਂ ਇਹ ਤੀਰ ਕਿਧਰ ਜਾ ਕੇ ਲਗਦਾ ਹੈ। ਇਸ ਬਾਰੇ ਪਰੋੜ ਸਾਹਿਤਕਾਰ ਭਲੀ ਭਾਂਤ ਜਾਣਦੇ ਹੋਣਗੇ। ਸਭਾ ਹੋਂਦ ਵਿਚ ਆਉਣ ਤੋਂ ਬਾਅਦ ਪੰਜਾਬੀ ਦੇ ਪਰਚਾਰ ਅਤੇ ਪਰਸਾਰ ਵਾਸਤੇ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਪੁਸਤਕ ਵੀ ਸੰਪਾਦਤ ਕੀਤੀ ਹੈ।
ਸਾਲ ਵਿਚ ਇਕ ਜਾਂ ਦੋ ਸਮਾਗਮ ਕਰਵਾਉਦੀ ਹੈ ਮੈਂਬਰ ਵਧਾਈ ਦੇ ਪਾਤਰ ਹਨ। ਕਈ ਸਭਾਵਾਂ ਸਮਾਗਮ ਕਰਵਾ ਕੇ ਆਪਣੀ ਈਗੋ ਨੂੰ ਲੂਲ੍ਹਾਂ ਪਵਾਉਦੇ ਹਨ। ਪੰਜਾਬੋ ਆਏ ਪਰਚਾਕਾਰ ਕੁਝ ਕੋ ਸਾਰੇ ਨਹੀਂ ਪਰਚਾ ਲਿਖਣ ਤੋਂ ਪਹਿਲਾਂ ਵਿਸਕੀ ਦੇ ਬਰਾਂਡ ਵੱਲ ਵੀ ਪਹਿਲਾਂ ਵੇਖਦੇ ਹਨ। ਜਿਹੜਾ ਸਦ ਲਏ ਉਸਨੂੰ ਹੀ ਪੰਜਾਬੀ ਦਾ ਸਿਰਮੌਰ ਲਿਖਾਰੀ ਬਣਾ ਦੇਣਗੇ। ਸਾਊਥਹਾਲ ਵਾਲਿਆਂ ਸਦ ਲਿਆ ਤਾਂ ਉਨ੍ਹਾਂ ਦੀਆਂ ਸਿਫਤਾਂ ਦੇ ਪੁਲ ਤੇ ਜੇ ਵੁਲਵਰਹੈਂਪਟਨ ਵਾਲਿਆਂ ਕਿਰਾਇਆ ਰੱਖ ਦਿਤਾ ਤਾਂ ਉਨ੍ਹਾਂ ਦੀਆਂ ਘੋੜੀਆ ਗਾ ਕੇ ਪੰਜ ਸੱਤ ਸਫੇ ਕਾਲੇ ਕਰਕੇ ਬੱਲੇ-ਬੱਲੇ ਕਰਕੇ ਚਾਰ ਦਿਨ ਸੈਰਾਂ ਕਰਕੇ ਤੁਰਦੇ ਬਨਣਗੇ। ਧਾਲੀਵਾਲ ਨੇ ਦੋ ਸ਼ਹਿਰਾਂ ਦਾ ਨਾਮ ਵਰਤ ਕੇ ਆਪਣੀ ਗੱਲ ਨੂੰ ਸਾਫ ਕਰਦਿਆਂ ਦੋਸ਼ ਉਨ੍ਹਾਂ ਸ਼ਹਿਰਾਂ ਉਪਰ ਮੜ੍ਹ ਦਿਤਾ। ਇਨ੍ਹਾਂ ਦੋਨਾਂ ਸ਼ਹਿਰਾਂ ਵਿਚ ਧਾਲੀਵਾਲ ਦੇ ਕਹਿਣ ਅਨੁਸਾਰ ਕਿਹੜੇ ਕਿਹੜੇ ਲੇਖਕ ਸਿਰਮੌਰ ਬਣੇ ਹਨ? ਇਹ ਤਾਂ ਸਿਰਫ ਧਾਲੀਵਾਲ ਹੀ ਦਸ ਸਕਦਾ ਹੈ। ਪੰਜਾਬੀ ਲੇਖਕ ਸਭਾ ਪੰਜਾਬੋਂ ਆਏ ਵਿਦਵਾਨਾਂ ਦੀ ਸੇਵਾ, ਸਾਂਭ ਸਭਾਲ ਤਾਂ ਜਰੂਰ ਕਰਦੀ ਹੈ ਪਰ ਕਿਸੇ ਵੀ ਮੈਂਬਰ ਨੇ ਕਿਸੇ ਵੀ ਵਿਦਵਾਨ ਨੂੰ ਇਹ ਨਹੀਂ ਆਖਿਆ ਕਿ ਉਨ੍ਹਾਂ ਦੀ ਕਿਸੇ ਰਚਨਾ ਦੀ ਕੀਰਤੀ ਗਾਉਣ। ਇਕ ਹੋਰ ਕਹਾਣੀ ਵੀ ਕੋਈ ਛੁਪੀ ਹੋਈ ਨਹੀਂ ਹੈ। ਧਾਲੀਵਾਲ ਲਿਖਦਾ ਹੈ ਕਿ ਕਵੈਂਟਰੀ ਲੇਖਕ ਸਭਾ ਦੀ ਇਕ ਪਿਆਰੀ ਵਿਲੱਖਣਤਾ ਵੀ ਹੈ ਕਿ ਇਸ ਨੂੰ ਚਲਾਉਣ ਵਾਲੇ ਪੰਜਾਂ ਪਿਆਰਿਆਂ (ਕ੍ਰਿਪਾਲ ਪੂੰਨੀ, ਸਰਿੰਦਰਪਾਲ ਸਿੰਘ, ਸੁਰਿੰਦਰ ਗਾਖਲ, ਸੰਤੋਖ ਹੇਅਰ ਤੇ ਕੁਲਦੀਪ ਬਾਂਸਲ) ਦਾ ਜੁੱਟ ਬਹੁਤ ਹੀ ਰੰਗੀਲੇ, ਆਪਸੀ ਮੋਹ, ਇਕ ਦੂਜੇ ਦੇ ਆਦਰ ‘ਚ ਗੜੁਚ, ਪਿਆਰੇ ਰਤੇ ਸੁਲਝੇ ਹੋਏ ਬੰਦਿਆਂ ਦਾ ਹੈ ਤੇ ਇਹ ਪੰਜਾਬੀ ਜ਼ਬਾਨ ਦੀ ਚੜ੍ਹਤ ਲਈ ਆਪਣੇ ਵਿਤ ਮੂਜਬ ਹਰ ਤਰ੍ਹਾਂ ਦਾ ਹੰਭਲਾ ਮਾਰਨ ਲਈ ਸਦਾ ਯਤਨਸ਼ੀਲ ਰਹਿੰਦੇ ਹਨ।’ ਸੰਤੋਖ ਧਾਲੀਵਾਲ ਦੀ ਵਾਕਫੀਅਤ ਲਈ ਹੀ ਲਿਖਣਾ ਕੀਤਾ ਹੈ ਕਿ ਸਭਾ ਦੇ ਮੈਂਬਰ ਪੰਜ ਪਿਆਰੇ ਨਹੀਂ ਹਨ। ਪਿਆਰਾ ਸਿੰਘ ਕਲਾਮਵਾਲਾ, ਅਤੇ ਜੋਗਾ ਸਿੰਘ ਬੋਲਾ ਨਾਲ ਰਲਾ ਕੇ ਸੱਤ ਬਰਕਤਾਂ ਹਨ। ਧਾਲੀਵਾਲ ਨੂੰ ਜਾਂ ਤਾਂ ਇਨ੍ਹਾਂ ਮੈਂਬਰਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਜਾਂ ਫਿਰ ਉਹ ਪ੍ਰਧਾਨ ਅਤੇ ਸਕੱਤਰ ਨੂੰ ਸਭਾ ਦਾ ਪ੍ਰਧਾਨ ਅਤੇ ਸਕੱਤਰ ਹੀ ਸਮਝਦਾ ਹੈ ਪਰ ਮੈਂਬਰ ਨਹੀਂ ਸਮਝਦਾ।
ਸਤਿਪਾਲ ਡੁਲਕੂ ਨੇ ਕੁਝ ਮਿੱਠੇ ਕੁਝ ਕੌੜੇ ਬੋਲ ਲਿਖਦਿਆ ਇਹ ਗੱਲ ਜ਼ਾਹਰ ਕੀਤੀ ਹੈ ਕਿ ਕਵੈਂਟਰੀ ਵਿਚ ਪਹਿਲਾਂ ਪ੍ਰਗਤੀਸ਼ੀਲ ਲਿਖਾਰੀ ਸਭਾ ਸੀ। ਬਾਕੀ ਸ਼ਹਿਰਾਂ ਵਾਂਗ ਇਸ ਸਭਾ ਵਿਚ ਵੀ ਮੈ ਅਤੇ ਤੂੰ ਦੀ ਬਾਣੀ ਉਚਾਰੀ ਜਾਣ ਲੱਗੀ। ਕਵੈਂਟਰੀ ਸ਼ਹਿਰ ਵਿਚ ਹੁਣ ਦੋ ਸਾਹਿਤ ਸਭਾਵਾਂ ਹਨ। ਇਸ ਪੰਜਾਬੀ ਲੇਖਕ ਸਭਾ ਦੀ ਸਮਕਾਲੀ ‘ਲੋਕ ਲਿਖਾਰੀ ਸਭਾ, ਕਵੈਂਟਰੀ ਹੈ ਜਿਸ ਦੇ ਕਾਰਜਸ਼ੀਲ ਦਿਲਬਾਗ ਗਿੱਲ ਅਤੇ ਦਵਿੰਦਰ ਨੌਰਾ ਜੀ ਹਨ। ਪੰਜਾਬੀ ਲੇਖਕ ਸਭਾ ਕਵੈਂਟਰੀ ਦਾ ਬਹੁਤ ਮਾਣ ਮੱਤਾ ਇਤਹਾਸ ਹੈ। ਸਾਲ ਵਿਚ ਦੋ ਕਾਮਯਾਬ ਸਮਾਗਮ ਕਰਵਾਉਦੀ ਅਤੇ ਪੁਸਤਕਾਂ ਦੀ ਘੁੰਡ ਚੁਕਾਈ ਅਤੇ ਕਈ ਸ਼ਖਸ਼ੀਅਤਾਂ ਨੂੰ ਸਨਮਾਨਤ ਕਰਦੀ ਹੈ। ਪੰਜਾਬੀ ਲੇਖਕ ਸਭਾ ਕਵੈਂਟਰੀ ਦੀਆਂ ਦਸ ਸਾਲਾਂ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਲਈ ਇਸ ਦੇ ਸੰਚਾਲਕ ਇਹ ਪੰਜ ਪਾਂਡਵ; ਕ੍ਰਿਪਾਲ ਪੂੰਨੀ, ਸਰਿੰਦਰ ਗਾਖਲ ਵਧਾਈ ਦੇ ਪਾਤਰ ਹਨ। ਇਹ ਕੋਈ ਝੂਠੀ ਗੱਲ ਨਹੀਂ ਕਿ ਲੇਖ ਲਿਖਣ ਵਾਸਤੇ ਬਹੁਤ ਥੋੜਾ ਸਮਾਂ ਮਿਲਿਆ ਹੋਵੇਗਾ ਪਰ ਪਾਂਡਵ ਤਾਂ ਪੰਜ ਭਰਾ ਸਨ। ਆਪ ਜੀ ਦੋ ਵਿਅਕਤੀਆਂ ਦਾ ਨਾਮ ਲਿਖ ਕੇ ਆਪਣਾ ਲੇਖ ਪੂਰਾ ਕਰ ਲਿਆ ਹੈ।
ਹਰਬਖਸ਼ ਮਕਸੂਦਪੁਰੀ ਕੁਝ ਵਿਚਾਰ ਮੇਰੇ ਵਲੋਂ ਵਿਚ ਲਿਖਦਾ ਹੈ ਕਿ ਦਸ ਸਾਲ ਪੂਰੇ ਹੋਣ ਉਪਰ ਵਧਾਈਆਂ ਪੇਸ਼ ਕਰਦਾ ਹਾਂ। ਬੜੀ ਕਾਮਯਾਬੀ ਨਾਲ ਸਭਾ ਦੀਆਂ ਕਾਰਗੁਜ਼ਾਰੀਆ ਚਲਾ ਰਹੇ ਹੋ। ਆਪਣੀ ਆਦਤ ਅਨੁਸਾਰ ਆਪਣੇ ਆਪ ਨੂੰ ਸਿਰਮੌਰ ਰੱਖਣ ਦੀ ਆਦਤ ਹਰਬਖਸ਼ ਨੂੰ ਵੀ ਨਹੀਂ ਗਈ। ਜਦ ਵੀ ਉਹ ਆਲੋਚਨਾ ਕਰਨਗੇ ਤਾਂ ਲਿਖਤ ਵਿਚ ਕੋਈ ਨਾ ਕੋਈ ਖਾਹ-ਮ-ਖਾਹ ਨੁਕਸ ਕੱਢਕੇ ਨਿੰਦ ਦੇਣਗੇ। ਉਹ ਨੁਕਸ ਕਿਹੜਾ ਹੈ ਇਸ ਬਾਰੇ ਦਲੀਲ ਦੇਣੀ ਜਰੂਰੀ ਨਹੀਂ ਸਮਝਦੇ। ਠੀਕ ਇਸੇ ਤਰ੍ਹਾਂ ਲਿਖਿਆ ਹੈ, ‘ਪਰ ਜਿਥੋਂ ਤੱਕ ਮਿਆਰੀ ਸਾਹਿਤ ਪੈਦਾ ਕਰਨ ਦਾ ਸੰਬੰਧ ਹੈ, ਕਈ ਵੇਰ ਵਾਹ-ਵਾਹ ਕਰਨ ਵਾਲੇ ਸਰੋਤਿਆਂ ਅਤੇ ਅਸਾਹਿਤ ਕਿਸਮ ਦੇ ਮੈਂਬਰਾਂ ਦਾ ਪ੍ਰਭਾਵ ਉਲਟ ਪੈਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ।’ ਇਹ ਕਿਹੜੇ ਉਲਟ ਪ੍ਰਭਾਵ ਪੈਂਦੇ ਹਨ। ਇਸ ਬਾਰੇ ਹਰਬਖਸ਼ ਮਕਸੂਦਪੁਰੀ ਚੁੱਪ ਹੈ।
ਇਥੇ ਹਰਬਖਸ਼ ਮਕਸੂਦਪੁਰੀ ਸਭਾ ਦੇ ਮੈਂਬਰਾਂ ਬਾਰੇ ਆਪਣੇ ਅਸਵੀਕਿਰਤੀ ਅਭਾਵ ਵਾਲੇ ਵਿਚਾਰ ਲਿਖਦਾ ਆਪਣੀ ਵਿਦਵਤਾ ਦਾ ਪ੍ਰਮਾਣ ਸ਼ਬਦ ‘ਅਸਹਿਤ’ ਲਿਖ ਕੇ ਦੇ ਗਿਆ ਹੈ। ਸਾਹਿਤ ਨੂੰ ਅੰਗਰੇਜੀ ਵਿਚ ਲਿਟਰੇਚਰ ਆਖਿਆ ਜਾਂਦਾ ਹੈ। ਜਿਸ ਸ਼ਬਦ ਨੂੰ ‘ਅ’ ਉਪਸਰਗ ਲਾਕੇ ਉਹ ਆਪਣੇ ਪਾਠਕਾਂ ਨੂੰ ਦਸਣਾ ਚਹੁੰਦਾ ਹੈ ਕਿ ਸਭਾ ਦੇ ਕਈ ਮੈਂਬਰ ਜਿਹੜੇ ਸਾਹਿਤ ਦੇ ਭਾਵ ਨੂੰ ਨਹੀਂ ਸਮਝਦੇ ਉਨ੍ਹਾਂ ਦਾ ਹੋਰਾਂ ਮੈਂਬਰਾਂ ਉਪਰ ਉਲਟਾ ਅਸਰ ਪੈਣ ਦੀ ਸੰਭਾਵਨਾ ਹੈ। ਸਾਹਿਤ ਸ਼ਬਦ ਨੂੰ ‘ਅ’ ਦਾ ਉਪਸਰਗ ਨਹੀਂ ਲਗਦਾ ਹੁੰਦਾ। ਜਿਵੇਂ ‘ਸੁਣਿਆਂ’ ਨੂੰ ‘ਅਣ’ ਉਪਸਰਗ ਲਗਦਾ ਹੈ। ਸਾਹਿਤ ਸ਼ਬਦ ਨੂੰ ਮਕਸੂਦਪੁਰੀ ਨੇ ਜੇਕਰ ਉਪਸਰਗ ਲਾਉਣਾ ਹੀ ਸੀ ਤਾਂ ਅਣਸਾਹਿਤ ਲਿਖਣਾ ਚਾਹੀਦਾ ਸੀ। ਇਹ ਸ਼ਬਦ ਇਸ ਤਰ੍ਹਾਂ ਲਿਖਣ ਨਾਲ ਵੀ ਉਸਦੇ ਦਿਲ ਵਿਚ ਆਈਆਂ ਭਾਵਨਾਵਾਂ ਦੀ ਪੁਸ਼ਟੀ ਨਹੀਂ ਹੁੰਦੀ। ਉਸਦੇ ਮਨ ਦੀ ਗੱਲ ਤਾਂ ‘ਕ’ ਪ੍ਰਤੱਯ ਲਾ ਕੇ ਹੋਣੀ ਹੈ। ਭਾਵ ‘ਅਣਸਾਹਿਤਕ ਕਿਸਮ ਦੇ ਮੈਂਬਰਾਂ’; ਜਿਵੇਂ ਕੋਈ ਮੈਂਬਰ ਲਿਟਰੇਚਰ ਨਹੀਂ ਹੁੰਦਾ ਪਰ ਕੋਈ ਮੈਂਬਰ ਲਿਟਰੇਰੀ ਜਰੂਰ ਹੋ ਸਕਦਾ ਹੈ। ਮਹਾਂ ਵਿਦਵਾਨ ਹਰਬਖ਼ਸ਼ ਮਕਸੂਦਪੁਰੀ ਨੂੰ ਬੇਨਤੀ ਹੈ ਕਿ ਉਹ ਮਹਾਵਰਾ ਸਮਝ ਲੈਣ, ਜਿਨਾਂ ਦਾ ਆਪਣਾ ਸ਼ੀਸ਼ ਮਹਿਲ ਹੋਵੇ ਉਹ ਦੂਸਰੇ ਦੇ ਘਰਾਂ ਨੂੰ ਵੱਟੇ ਨਹੀਂ ਮਾਰਦੇ। ਅਗੋਂ ਤੋਂ ਕਿਸੇ ਰਚਨਾ ਵਿਚ ਕੋਈ ਨਿਘਾਰ ਲਿਖਣਾ ਹੋਵੇ ਤਾਂ ਉਸ ਬਾਰੇ ਪੂਰੀ ਦਲੀਲ ਨਾਲ ਲਿਖਿਆ ਕਰੇ।
ਹਰਭਜਨ ਸਿੰਘ ਨਾਹਲ-ਮਿਹਰ ਸਿੰਘ ਕੰਗ ਨੇ ਰਲ ਕੇ ਪੰਜਾਬੀ ਲਿਖਾਰੀ ਸਭਾ ਨੂੰ ਵਧਾਈ ਦਿਤੀ ਹੈ। ਇਹ ਦੋਨੇ ਨਾਮ ਹੀ ਇੰਡੀਅਨ ਵਰਕਰ ਆਸੋਸੀਏਸ਼ਨ ਦੇ ਕਾਰਕੁੰਨ ਹਨ। ਉਨ੍ਹਾਂ ਨੇ ਬੜੀ ਸਿ਼ੱਦਤ ਨਾਲ ਪੰਜਾਬੀ ਲੇਖਕ ਸਭਾ ਦੀਆਂ ਪੰਜਾਬ, ਪੰਜਾਬੀ ਅਤੇ ਪੰਜਾਬੀ ਸਾਹਿਤ ਹਿੱਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਮਾਨਤਾ ਦਿਤੀ ਹੈ। ਅੰਤ ਵਿਚ ਉਨ੍ਹਾਂ ਇਕ ਪ੍ਰਸਤਾਵ ਵੀ ਪੇਸ਼ ਕੀਤਾ ਹੈ। ‘ਸਾਡੀ ਧੁਰੋਂ ਅੰਦਰੋਂ ਤੀਬਰ ਇੱਛਾ ਹੈ ਕਿ ਕਵੈਂਟਰੀ ਵਿੱਚ ਸਾਹਿਤਕ ਸਭਾਵਾਂ ਅਤੇ ਇੰਡੀਅਨ ਵਰਕਰਜ਼ ਅਸੋਸੀਏਸ਼ਨਜ਼ ਇਕ ਪਲੈਟ ਫਾਰਮ ਤੇ ਆ ਜਾਣ ਤਾਂ ਇਸ ਦੇ ਨਤੀਜੇ ਹੋਰ ਸਾਰਥਕ ਹੋ ਸਕਦੇ ਹਨ।’
ਅਜਿਹਾ ਕੁਝ ਵਾਪਰ ਜਾਣਾ ਅਸੰਭਵ ਨਹੀਂ ਹੈ। ਵਰਤਮਾਨ ਵਿਚ ਟੋਰੀ ਅਤੇ ਲਿਬ-ਡਿੱਮ ਦੀ ਸਾਂਝੀ ਸਰਕਾਰ ਹੈ। ਕਿਸੇ ਢੰਗ ਨਾਲ ਸਮਝੌਤਾ ਹੋ ਸਕਦਾ ਹੈ। ਰਾਜਨੀਤਕ ਆਗੂ ਵੀ ਬੁਧੀਜੀਵੀ ਹੁੰਦੇ ਹਨ ਅਤੇ ਸਾਹਿਤਕ ਹਸਤੀਆਂ ਵੀ ਬੁੱਧੀ ਜੀਵੀ ਹਨ। ਇਕ ਦੂਸਰੇ ਦੇ ਪ੍ਰੋਗਰਾਮਾਂ ਦੇ ਅੰਗਪਾਲ ਹੋ ਸਕਦੇ ਹਨ।
ਹਰਜੀਤ ਅਟਵਾਲ ਨੇ ਸਾਡੇ ਕਵੈਂਟਰੀ ਵਾਲੇ ਦੋਸਤਾਂ ਦੀ ਮਿਹਨਤ ਅਤੇ ਲਗਨ ਨੂੰ ਪ੍ਰਮਾਣਤ ਕੀਤਾ ਹੈ। ਹਰਜੀਤ ਅਟਵਾਲ ਨੇ ਸਭਾ ਵਲੋਂ ਸਮਾਗਮ ਕਰਵਾਉਣੇ, ਸਾਹਿਤਕ ਅਤੇ ਕਮਿਊਨਿੱਟੀ ਵਿਚ ਨਾਮਣਾ ਖੱਟਣ ਵਾਲੇ ਵਿਅਕਤੀਆਂ ਨੂੰ ਦਿਤੇ ਜਾਣ ਵਾਲੇ ਸਨਮਾਨਾ ਦੀ ਵੀ ਸਿਫਤ ਕੀਤੀ ਹੈ। ਸਭਾ ਦੇ ਮੈਂਬਰਾਂ ਦਾ ਸਟੇਜ ਉਪਰ ਜਲਵਾਗਰ ਹੋ ਜਾਣ ਦੀ ਕਾਬਲੀਅਤ ਨੂੰ ਵੀ ਸੁਲਾਹਿਆ ਹੈ। ਹਰਜੀਤ ਅਟਵਾਲ ਨੇ ਕਿਹਾ ਕਿ ਇਸ ਸਭਾ ਦੇ ਮੈਂਬਰਾਂ ਦਾ ਹੋਰ ਸਭਾਵਾਂ ਦੇ ਸਾਹਿਤਕ ਸਮਾਗਮਾਂ ਵਿਚ ਹਾਜਰੀ ਭਰਨੀ ਇਨ੍ਹਾਂ ਦੀ ਇਕ ਵੱਡੀ ਪ੍ਰਾਪਤੀ ਹੈ। ਜਿਵੇਂ ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਦੀ ਸਤਰ ਹੈ। ਹਰਜੀਤ ਅਟਵਾਲ ਸਭਾ ਦੇ ਸਮਾਗਮਾਂ ਵਿਚ ਹਾਜਰੀ ਭਰਦਾ ਇੰਝ ਮਹਿਸੂਸ ਕਰਦਾ ਹੈ ਕਿ ਜਿਵੇਂ ਉਹ ਇਸ ਸਭਾ ਦਾ ਹੀ ਇਕ ਮੈਂਬਰ ਹੈ। ਪੰਜਾਬੀ ਲੇਖਕ ਸਭਾ ਕਵੈਂਟਰੀ ਵਾਸਤੇ ਇਹ ਲੇਖ ਇਕ ਵਰਦਾਨ ਹੈ।
ਕੁਲਵੰਤ ਸਿੰਘ ਢੇਸੀ ਇਸ ਗੱਲੋਂ ਬਹੁਤ ਸੰਤੁਸ਼ਟ ਹਨ ਕਿ ‘ਸ਼ਮਾਂ ਜਗੀ ਤਾਂ ਜਗੀ ਮੇਰੇ ਸ਼ਹਿਰੋਂ’, ਉਹ ਵਲੈਤ ਵਿਚ ਸਾਹਿਤ ਦੀ ਖੜੌਤ ਨੂੰ ਸੰਨ 84 ਦਾ ਸਿੱਖ ਘੱਲੂਕਾਰਾ ਮੰਨਦਾ ਹੈ। ਉਸਦੇ ਵਿਚਾਰ ਅਨੁਸਾਰ ਵਲੈਤ ਵਿਚ ਕੋਈ ਤੀਹ ਸਾਲ ਬਾਅਦ ਪੰਜਾਬੀ ਲੇਖਕ ਸਭਾ ਸਭ ਤੋਂ ਪਹਿਲਾਂ ਸੁਰਜੀਤ ਹੋਈ। ਉਨ੍ਹਾਂ ਨੇ ਮੈਂਬਰਾਂ ਦੇ ਸਭਾ ਹਿੱਤ ਕਾਰਜ ਅਤੇ ਪੰਜਾਬੀ ਸਾਹਿਤ ਦੀ ਹੁੰਦੀ ਸੇਵਾ ਦੀ ਬਹੁਤ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਸਭਾ ਦੇ ਮੈਂਬਰਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਵੀ ਬਿਆਨ ਕਰਦਿਆਂ ਇਸ ਗੱਲ ਦਾ ਵੀ ਮਾਣ ਕੀਤਾ ਹੈ ਕਿ ਇਹ ਲੇਖਕ ਸਭਾ ਉਨ੍ਹਾਂ ਦੇ ਸ਼ਹਿਰ ਕਵੈਂਟਰੀ ਵਿਚ ਸਥਾਪਤ ਹੈ।
ਡਾ: ਮਹਿੰਦਰ ਗਿੱਲ ਨੇ ਆਪਣਾ ਲੇਖ ਲਿਖਦਿਆਂ ਬਹੁਤ ਹੀ ਸੁਹਜ ਤੋਂ ਕੰਮ ਲਿਆ ਹੈ। ਇਧਰ ਉਧਰਲੀਆਂ ਗੱਲਾਂ ਨੂੰ ਛੱਡ ਕੇ ਸੰਖੇਪ ਰੂਪ ਵਿਚ ਸਭਾ ਅਤੇ ਸਭਾ ਦੇ ਕਾਰਕੁੰਨਾਂ ਬਾਰੇ ਹੀ ਆਪਣੇ ਵਿਚਾਰ ਅੰਕਿਤ ਕੀਤੇ ਹਨ। ‘ਧੂਮ ਧਾਮ ਇਸ ਲਈ ਕਿ ਉਸ ਪੂਰੇ ਦਸ ਵਰ੍ਹੇ ਸੇਵਾ ਵਿਚ ਲਾ ਦਿਤੇ ਹਨ। ਗੌਰਵ ਇਸ ਕਰਕੇ ਹੈ ਕਿਉਂਕਿ ਉਸ ਕਿਸੇ ਜੁੰਡਲੀਬਾਜ਼ੀ ਤੋਂ ਬੇਲਾਗ ਰਹਿ ਕੇ ਹਰ ਤਰ੍ਹਾਂ ਦੇ ਸਾਹਿਤਕਾਰ ਤੇ ਸਾਹਿਤ ਰਸੀਏ ਨੂੰ ਆਪਣੀ ਸਟੇਜ ਦਾ ਨਿੱਘ ਬਖਸਿ਼ਆ ਹੈ। ਉਸ ਬ੍ਰਤਾਨੀਆਂ ਦੀ ਹਰ ਸਾਹਿਤ ਸਭਾ ਦਾ ਸੱਦਾ ਪ੍ਰਵਾਨ ਕੀਤਾ ਹੈ ਅਤੇ ਉਸ ਨੂੰ ਆਪਣੇ ਪ੍ਰੋਗਰਾਮਾਂ ਤੇ ਸੱਦ ਕੇ ਨਿਵਾਜਿਆ ਹੈ। ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਤਨ ਮਨ ਅਤੇ ਧਨ ਨਾਲ ਕਰ ਰਹੇ ਹਨ। ਇਸ ਸਭਾ ਦੀ ਸ਼ਖਸ਼ੀਅਤ ਇਸ ਦੇ ਪੰਜ ਮਹੱਤਵਪੂਰਣ ਅਹੁਦੇਦਾਰਾਂ ‘ਤੇ ਨਿਰਭਰ ਹੈ।’ ਡਾ: ਮਹਿੰਦਰ ਗਿੱਲ ਦੇ ਵਿਚਾਰ ਨਾਲ ਹਰ ਸਾਹਿਤਕਾਰ ਸਹਿਮਤੀ ਪ੍ਰਗਟ ਕਰੇਗਾ ਜਦ ਉਹ ਲੇਖ ਦੇ ਅੰਤ ਵਿਚ ਇੰਝ ਲਿਖਦਾ ਹੈ, ‘ਕਿਹਾ ਜਾ ਸਕਦਾ ਹੈ ਕਿ ਕਵੈਂਟਰੀ ਲੇਖਕ ਸਭਾ ਇੰਗਲੈਂਡ ਦੀ ਸਾਹਿਤਕ ਜਿ਼ੰਦਗੀ ਦਾ ਇਕ ਅਹਿਮ ਅੰਗ ਬਣ ਗਈ ਹੈ। ਉਹਦੇ ਮੈਂਬਰ ਲਗਾਤਾਰ ਫੰਕਸ਼ਨ ਕਰਵਾ ਰਹੇ ਹਨ ਅਤੇ ਸਾਹਿਤਕ ਰਚਨਾ ਵੀ ਕਰ ਰਹੇ ਹਨ।’
ਡਾ: ਕਰਨੈਲ ਸਿੰਘ ਸ਼ੇਰਗਿੱਲ (ਪ੍ਰਧਾਨ ਪੰਜਾਬੀ ਐਕਡਮੀ ਲੈਸਟਰ) ਪੰਜਾਬੀ ਲੇਖਕ ਸਭਾ ਦੀਆਂ ਦਸਾਂ ਸਾਲਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਾ ਹੈ ਅਤੇ ਇਨ੍ਹਾਂ ਪ੍ਰਾਪਤੀਆਂ ਦੇ ਵਾਰਸਾਂ ਨੂੰ ਪ੍ਰਣਾਮ ਵੀ  ਕਰਦਾ ਹੈ। ‘ਕਲਮਾਂ ਕਵੈਂਟਰੀ ਦੀਆਂ’ ਪੁਸਤਕ ਵਿਚੋਂ ਕੁਝ ਅਵਤਰਣ ਲਿਖਣ ਤੋਂ ਪਹਿਲਾਂ ਚੰਨਣ ਸਿੰਘ ਚੰਨ ਦਾ ਗਲਾ ਸਾਫ ਕਰਨ ਵਾਲੀ ਤਿੱਤਰ ਮਾਰਕਾ ਦੁਆਈ ਦੀ ਵੀ ਸਿਫਤ ਹਾਸਰਸ ਲੇਖਕ ਇੰਦਰਜੀਤ ਸਿੰਘ ਜੀਤ ਵਾਂਗ ਹੀ ਕਰਦਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਇੰਗਲੈਂਡ ਵਿਚ ਇਹ ਇਕਲੀ ਹੀ ਸਭਾ ਹੈ ਜਿਹੜੀ ਸਾਲ ਵਿਚ ਦੋ ਕਾਮਯਾਬ ਸਾਹਿਤਕ ਸਮਾਗਮ ਲਗਾਤਾਰ ਕਰਵਾ ਰਹੀ ਹੈ। 
ਡਾ: ਦੇਵਿੰਦਰ ਕੌਰ ਦਾ ਲੇਖ ਪੰਜਾਬੀ ਸਾਹਿਤ ਸਭਾ ਕਵੈਂਟਰੀ ਦੇ ਪ੍ਰਯੋਜਨਾ ਦੀ ਮਹੱਤਤਾ ਅਤੇ  ਅਨਾਤਮਾਂ ਦਾ ਕੋਸ਼ ਹੈ। ਮੇਰੇ ਵਿਚਾਰ ਵਿਚ ਇਸ ਪੁਸਤਕ ਦਾ ਸਭ ਤੋਂ ਸਾਰਥਕ ਅਤੇ ਸਮਰੱਥ ਲੇਖ ਡਾ: ਦੇਵਿੰਦਰ ਕੋਰ ਹੀ ਲਿਖ ਸਕੀ ਹੈ। ਸਭਾ ਨੇ ਸਾਲ ਵਿਚ ਦੋ ਸਮਾਗਮ ਕਰਵਾ ਕੇ ਆਪਣੇ ਸੰਕਲਪਾਂ ਨੂੰ ਪੂਰੀ ਤਰ੍ਹਾਂ ਨਿਭਾਇਆ ਹੈ। ਡਾ: ਦੇਵਿੰਦਰ ਕੌਰ ਇਹ ਸਿਹਰਾ ਸਭਾ ਦੇ ਪਾਂਡਵਾ ਸਿਰ ਬੰਨ੍ਹਦੀ ਹੈ। ਸਰੋਤਿਆਂ ਅਤੇ ਬੁਲਾਰਿਆਂ ਨਾਲ ਭਰਪੂਰ ਸਮਾਗਮਾਂ ਦੀ ਡਾ: ਸਾਹਿਬਾਂ ਨੇ ਪ੍ਰਸੰਸਾਂ ਕੀਤੀ ਹੈ। ਦੇਸ਼ ਵਿਦੇਸ਼ ਦੇ ਲੇਖਕਾ ਨੂੰ ਸਟੇਜ ਉਪਰ ਬੁਲਾਇਆ ਹੈ। ਅੱਗੇ ਪੜ੍ਹੋ ਸਭਾ ਦੇ ਉਦੇਸ਼ਾਂ ਬਾਰੇ ਡਾ਼ ਦੇਵਿੰਦਰ ਕੌਰ ਦੇ ਵਿਚਾਰ;
‘ਇਹ ਸਭਾ ਭਾਈਚਾਰੇ ਦੇ ਵਡੇਰੇ ਪਰਿਪੇਖ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਇਸ ਵਿਚ ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਗਾਇਕ, ਸੰਗੀਤ ਪ੍ਰੇਮੀ, ਸਾਹਿਤ ਪ੍ਰੇਮੀ ਅਤੇ ਏਸ਼ੀਅਨ ਭਾਈਚਾਰੇ ਦੇ ਉਹ ਲੋਕ ਵੀ ਸ਼ਾਮਲ ਹਨ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸਲਾਮਤੀ ਦੇ ਚਾਹਵਾਨ ਹਨ। ਇਸ ਸਭਾ ਵਿਚ ਸਿਰਫ ਉਹ ਸਾਹਿਤਕਾਰ, ਸੰਗੀਤਕਾਰ, ਜਾਂ ਗਾਇਕ ਸ਼ਾਮਿਲ ਹੋ ਸਕਦੇ ਹਨ, ਜਿਹੜੇ ਭਾਈਚਾਰੇ ਪ੍ਰਤੀ ਗੈਰ-ਰਾਜਨੀਤਕ ਤੌਰ ਉਪਰ ਪ੍ਰਤੀਬੱਧ ਹਨ।’ ਡਾ: ਦੇਵਿੰਦਰ ਕੌਰ ਨੇ ਸੰਭਾਵਨਾ ਜਿਤਾਈ ਹੈ ਕਿ ਅੱਗਲੇ ਦਸ ਸਾਲ ਤੱਕ ਸਭਾ ਦਾ ਕੱਦ ਹੋਰ ਵੀ ਉਚਾ ਹੋਵੇਗਾ।
ਦਰਸ਼ਨ ਸਿੰਘ ਧੀਰ ਨੇ ਪ੍ਰਗਤੀਸ਼ੀਲ ਲਿਖਾਰੀ ਸਭਾ (ਗ: ਬ:) ਦੇ ਭੰਗ ਹੋ ਜਾਣ ਦਾ ਕਾਰਨ ਆਪਸੀ ਫੁੱਟ ਦਸਦਿਆਂ ਲਿਖਿਆ ਕਿ ਪੰਜਾਬੀ ਲੇਖਕ ਸਭਾ ਕਵੈਂਟਰੀ ਉਸ ਸਮੇਂ ਤੋਂ ਬਾਅਦ ਸੰਨ 2000 ਵਿਚ ਸਥਾਪਤ ਹੋਈ। ਦਰਸ਼ਨ ਧੀਰ ਵੀ ਇਸ ਗੱਲ ਉਪਰ ਆਪਣੀ ਮੁਹਰ ਲਾਉਦਾ ਹੈ ਕਿ ਪੰਜਾਬੀ ਲੇਖਕ ਸਭਾ ਕਵੈਂਟਰੀ ਸਾਲ ਦੇ ਦੋ ਮੁਖ ਸਮਾਗਮ ਕਰਾਉਦੀ ਹੈ ਅਤੇ ਜਿਨ੍ਹਾਂ ਵਿਚ ਕਿਤਾਬਾਂ ਦਾ ਵਿਮੋਚਨ ਕਰਨ ਦੇ ਨਾਲ ਨਾਲ ਸਾਹਿਤਕਾਰਾਂ ਅਤੇ ਹੋਰ ਸਮਾਜਕ ਸ਼ਖਸ਼ੀਅਤਾਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ। ਇਸ ਸਭਾ ਦੇ ਮੈਂਬਰ ਸਭ ਲੇਖਕਾਂ ਨੂੰ ਸਮਾਗਮਾਂ ਵਿਚ ਸੱਦਾ ਪੱਤਰ ਘੱਲਦੇ ਹਨ ਅਤੇ ਆਪ ਵੀ ਹੋਰ ਸਾਹਿਤ ਸਭਾਵਾਂ ਦੇ ਆਜੋਜਿਤ ਸਮਾਗਮਾਂ ਵਿਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਦਰਸ਼ਨ ਧੀਰ ਸਭਾ ਦੀਆਂ ਊਣਤਾਈਆਂ ਅਤੇ ਪ੍ਰਾਪਤੀਆਂ ਵੱਲ ਵੀ ਇਸ਼ਾਰਾ ਕਰਦਾ ਲਿਖਦਾ ਹੈ, ‘ਸਭਾ ਦੇ ਪ੍ਰਬੰਧਕ ਆਪਣੇ ਸਾਲਾਨਾ ਸਮਾਗਮ ਦੇ ਸਾਹਿਤਕ ਭਾਗ ਤਾਂ ਟਾਈਮ ਨਾਲ ਨਿਭਾ ਲੈਂਦੇ ਹਨ ਪਰ ਕਵੀ ਦਰਬਾਰ ‘ਚ ਇੰਨੇ ਕਵੀ/ਅਕਵੀ ਇੱਕਠੇ ਕਰ ਲੈਂਦੇ ਹਨ ਜਿਨ੍ਹਾਂ ਦੇ ਕਲਾਮ/ਅਕਲਾਮ ਰਾਤ ਦੇ ਬਾਰਾਂ ਬਾਰਾਂ, ਇਕ ਇਕ ਵਜੇ ਤੱਕ ਮੁੱਕਣ ਦਾ ਨਾਂ ਤੱਕ ਨਹੀਂ ਲੈਂਦੇ। ਸਰੋਤੇ ਅਕਵੀਆਂ ਦੇ ਲੈਕਚਰ ਤੇ ਉਨ੍ਹਾਂ ਦੀਆਂ ਦਸ ਦਸ ਗਜ਼ ਲੰਮੀਆਂ ਕਵਿਤਾਵਾਂ ਸੁਣ ਸੁਣ, ਉਹਦੀ ਖੁਮਾਰੀ ਨਾਲ , ਇੰਨੇ ਖੁਮਾਰੇ ਜਾਂਦੇ ਹਨ ਕਿ ਹਫ਼ਤਾ ਹਫ਼ਤਾ ਉਹ ਖੁਮਾਰੀ ਉਨ੍ਹਾਂ ਦੇ ਹੱਡਾਂ ‘ਚ ਨਹੀਂ ਨਿਕਲਦੀ। ਬਹੁਤ ਸਾਰੇ ਸਾਹਿਤਕਾਰ ਉਹਦੀ ਭਾਨ ਦੇ ਭੰਨੇ ਅੱਗੇ ਤੋਂ ਸਭਾ ਦੇ ਪ੍ਰੋਗਰਾਮਾਂ ‘ਚ ਨਾ-ਆਉਣ ਦੀ ਤੋਬਾ ਵੀ ਕਰਦੇ, ਵਿਸ਼ੇਸ਼ ਕਰਕੇ ਦੂਰ ਦੇ ਸ਼ਹਿਰਾਂ ਤੋਂ ਆਏ ਲੇਖਕ ਦੋਸਤ। ਪਰ ਫਿਰ ਵੀ ਯਾਰੀ-ਦੋਸਤੀ ਦੀ ਲਾਜ ਰਖਣ ਲਈ, ਤੇ ਸਾਹਿਤ ਦਾ ਮੋਹ-ਪਿਆਰ ਉਨ੍ਹਾਂ ਦੀ ਤੋਬਾ ਦੇ ਫੂਸੜੇ ਉਡਾ ਦਿੰਦਾ ਹੈ। ਉਹ ਫਿਰ ਉਨ੍ਹਾਂ ਦੇ ਫੰਕਸ਼ਨਾ ‘ਚ ਆ ਜਾਂਦੇ ਹਨ।’ ਦਰਸ਼ਨ ਧੀਰ ਸਭਾ ਦੀ ਸਫਲਤਾ ਵਾਸਤੇ ਦੁਆ-ਗੋ ਹੈ। ਧੀਰ ਸਾਹਿਬ ‘ਰਾਧਾ ਸੁਆਮੀ’ ਬਣ ਗਏ ਲੱਗਦੇ ਹਨ। ਜਿਸ ਘਰ ਚਾਹ ਪਾਣੀ ਨਾਲ ਸੇਵਾ ਕੀਤੀ ਜਾਂਦੀ ਹੈ, ਵਲੈਤ ਵਿਚ ਉਹ ਘਰ ਭੁੱਖੇ ਨੰਗਿਆਂ ਦਾ ਘਰ ਮੰਨਿਆ ਜਾਂਦਾ ਹੈ।
ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਨਾਂ ਲੇਖ ਵਿਚ ਮੋਤਾ ਸਿੰਘ (ਐਕਸ ਮੇਅਰ) ਲਮਿੰਗਟਨਸਪਾ ਨੇ ਕਵੈਂਟਰੀ ਸ਼ਹਿਰ ਵਿਚ ਲੱਗੀ ਦਸਤਕਾਰੀ ਦੀ ਮਹੱਤਤਾ ਨੂੰ ਦਰਸਾਉਦਿਆਂ ਲਿਖਿਆ ਹੈ ਕਿ ਵਰਤਮਾਨ ਵਿਚ ਪੂਰਬੀ ਲੋਕਾਂ ਦੀ ਤੀਸਰੀ ਪੀੜ੍ਹੀ ਸ਼ਹਿਰ ਦੇ ਹਰ ਅਦਾਰੇ, ਐਜੂਕੇਸ਼ਨ, ਰਾਜਨੀਤੀ, ਪੁਲੀਸ ਅਤੇ ਸਮਾਜਕ ਕੰਮਾਂ ਵਿਚ ਆਪਣਾ ਯੋਗਦਾਨ ਪਾ ਰਹੀ ਹੀ। ਯੋਗ ਪੰਜਾਬੀ ਡਕਟਰਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਹੈ। ਸਾਹਿਤਕਾਰਾਂ, ਗੀਤਕਾਰਾਂ, ਗਾਇਕਾ ਅਤੇ ਸੰਗੀਤਕਾਰਾਂ ਦਾ ਇਹ ਸ਼ਹਿਰ ਪੰਜਾਬੀ ਸਭਿਆਚਾਰ ਨੂੰ ਆਪਣੇ ਕਲੇਵਰ ਵਿਚ ਲਪੇਟੀ ਬੈਠਾ ਹੈ। ਉਨ੍ਹਾਂ ਦਾ ਵਿਚਾਰ ਹੈ ਕਿ ਪੰਜਾਬੀ ਲੇਖਕਾ ਦੀਆਂ ਪੁਸਤਕਾਂ ਦਾ ਅੰਗਰੇਜ਼ੀ ਵਿਚ ਲਿਪੀਅੰਤਰ ਕਰਵਾਉਣਾ ਸਮੇਂ ਦੀ ਲੋੜ ਹੈ ਤਾਂ ਕਿ ਸ਼ਹਿਰ ਵਿਚ ਪੰਜਾਬੀ ਸਾਹਿਤ ਦੀ ਵਿਵਧਤਾ ਵੀ ਹੋ ਸਕੇ ਅਤੇ ਇਸ ਕਾਰਜ ਨੂੰ ਅੱਗੇ ਵਧਾਉਣ ਵਾਸਤੇ ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਜਿੰਮੇ ਲਾਉਦਾ ਹੈ।
ਪ੍ਰਕਾਸ਼ ਸਿੰਘ ਆਜ਼ਾਦ ਨੇ ਰੁਬਾਈਆਂ ਲਿਖ ਕੇ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਹੈ। ਉਸ ਦਾ ਮਾਨਣਾ ਹੈ ਕਿ ਸਭਾ ਸਾਲ ਦੇ ਦੋ ਸਮਾਗਮ ਸਾਰੇ ਸਾਹਿਤਕਾਰਾਂ ਨੂੰ ਇਕ ਮੰਚ ਉਪਰ ਇੱਕਤਰ ਕਰਕੇ ਬੜੀ ਸਫਲਤਾ ਸਹਿਤ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਦੀ ਹੈ।
ਡਾ: ਰਤਨ ਰੀਹਲ ਨੇ ਵੀ ਸਭਾ ਦੇ ਮੈਂਬਰਾਂ ਦੀਆਂ ਪ੍ਰਾਪਤੀਆਂ ਅਤੇ ਕਾਰਜ ਉਪਰ ਆਪਣੇ ਵਿਚਾਰ ਲਿਖੇ ਹਨ। ਮੈਂ ਡਾ: ਰਤਨ ਰੀਹਲ ਦੇ ਹੇਠ ਲਿਖੇ ਵਿਚਾਰਾਂ ਨਾਲ ਸਹਿਮਤ ਨਹੀਂ ਹਾਂ ਜਦ ਉਹ ਲਿਖਦਾ ਹੈ, ‘ਕਈ ਸਭਾਵਾਂ ਦੇ ਦੋ ਮੈਂਬਰ ਹੀ ਹੁੰਦੇ ਹਨ, ਪਰ ਹੁੰਦੇ ਹਨ ਉਹ ਰਿਸ਼ਤੇਦਾਰ ਅਤੇ ਉਹੀ ਹੀ ਅਜਿਹੀਆਂ ਸਭਾਵਾਂ ਦੇ ਸੰਚਾਲਕ ਹੁੰਦੇ ਹਨ ਅਤੇ ਸੰਚਾਲਕਾਂ ਨੂੰ ਡਰ ਇਹੀ ਮਾਰਦਾ ਰਹਿੰਦਾ ਹੈ ਕਿ ਜੇਕਰ ਕੋਈ ਹੋਰ ਮੈਂਬਰ ਭਰਤੀ ਕਰ ਲਿਆ ਗਿਆ, ਤਾਂ ਉਹ ਸਭਾ ਉਤੇ ਕਾਬਜ਼ ਹੋ ਜਾਵੇਗਾ।’
ਜੇਕਰ ਕੋਈ ਇਹ ਸਿਧ ਕਰ ਦੇਵੇ ਕਿ ਕਿਸੇ ਸਭਾ ਦੇ ਦੋ ਮੈਂਬਰ ਹਨ ਅਤੇ ਉਹ ਹੈ ਵੀ ਰਿਸ਼ਤੇਦਾਰ ਤਦ ਇਹ ਡਾ: ਰੀਹਲ ਦੀ ਗੱਲ ਨੂੰ ਮੰਨਿਆ ਜਾ ਸਕਦਾ ਹੈ ਨਹੀਂ ਤਾਂ ਮੈਂ ਸਮਝਦਾ ਹਾਂ ਕਿ ਇਹ ਡਾ: ਰੀਹਲ ਦੀਆਂ ਬੇਤੁਕੀਆਂ ਹੀ ਹਨ।
ਵਰਿੰਦਰ ਪਰਿਹਾਰ ਨੂੰ ਇਸ ਸਭਾ ਰਾਹੀਂ ਇਕ ਆਸ ਬੱਝਦੀ ਹੈ ਕਿ ਪੰਜਾਬੀ ਸਾਹਿਤ ਸਭਾ ਕਵੈਂਟਰੀ ਦੀਆਂ ਕਾਰਗੁਜ਼ਾਰੀਆਂ ਕਾਰਨ ਵਲੈਤ ਵਿਚ ਪੰਜਾਬੀ ਸਾਹਿਤ ਦੀ ਸਿਰਜਨਾ ਮੁੜ ਤੋਂ ਸ਼ੁਰੂ ਹੋ ਗਈ ਹੈ। ਪਰਿਹਾਰ ਮੈਂਬਰਾਂ ਦੀਆਂ ਸਾਹਿਤਕ ਪਰਾਪਤੀਆਂ ਦੀ ਦਾਦ ਦਿੰਦਾ ਹੈ। ਵਰਿੰਦਰ ਨੇ ਕਿਰਪਾਲ ਪੂੰਨੀ,  ਸਰਿੰਦਰਪਾਲ ਸਿੰਘ, ਸੰਤੋਖ ਸਿੰਘ ਹੇਅਰ, ਕੁਲਦੀਪ ਬਾਂਸਲ, ਸਰਿੰਦਰ ਸਿੰਘ ਗਾਖਲ ਦੀਆਂ ਲਿਖਤਾ ਬਾਰੇ ਆਪਣੇ ਵਿਚਾਰ ਲਿਖਦੇ ਹੋਏ ਬਾਕੀ ਲੇਖਕਾਂ ਤੋ ਕੁਝ ਅਲਾਇਦਾ ਅਤੇ ਆਪਣੀ ਗੱਲ ਕਲਾਤਮਿਕ ਢੰਗ ਨਾਲ ਪੇਸ਼ ਕੀਤੀ ਹੈ।
ਦੋ ਮੁਲਾਕਾਤਾਂ, ‘ਹਰ ਘੋਲ ਕੁਰਬਾਨੀ ਮੰਗਦਾ ਹੈ’ (ਅਜਮੇਰ ਕਵੈਂਟਰੀ) ਅਤੇ ਯੂ ਕੇ ਵਿਚ ਪੰਜਾਬੀ ਦਾ ਭਵਿੱਖ ਹੈ ਕਿਰਪਾਲ ਸਿੰਘ ਪੂਨੀ। ਇਹ ਦੋਵੇ ਮੁਲਕੀਤੀਆਂ ਹਨ।
ਮਹਿੰਦਰ ਸਿੰਘ ਖਿੰਡਾ ਅਤੇ ਮੱਖਣ ਸਿੰਘ ਜੌਹਲ ਵੱਖਰੇ ਅੰਦਾਜ ਰਾਹੀਂ ਸਭਾ ਦੀਆਂ ਪ੍ਰਾਪਤੀਆਂ ਅਤੇ ਲੇਖਕਾਂ ਦੀ ਸਾਹਿਤ ਸਿਰਜਨਾਂ ਦਾ ਪੈਨੋਰਾਮਾ ਪੇਸ਼ ਕਰਦੇ ਹਨ। ‘ਤੇਰੇ ਪਰਤ ਆਉਣ ਤੱਕ’ ਪੁਸਤਕ ਦਾ ਰੀਵਿਊ ਪ੍ਰੋ: ਕੁਲਜੀਤ ਵਲੋਂ ਲਿਖਿਆ ਵੀ ਇਕ ਸਾਰਥਿਕ ਅਤੇ ਸਮਰੱਥ ਰਚਨਾ ਹੈ।
ਜੰਡੂਲਿੱਤਰਾਂ ਵਾਲੇ ਨੇ ਆਪਣੀ ਕਵਿਤਾ ‘ਲੇਖਕ ਸਭਾ ਪੰਜਾਬੀ ਨਾਂ ਪਿਆਰ ਦਾ’ ਵਿਚ ਪਿਛਲੇ ਸਾਰੇ ਲੇਖਾਂ ਦੈ ਸਾਰਅੰਸ਼ ਨੂੰ ਬੜੇ ਹੀ ਪ੍ਰਭਾਵਸ਼ਾਲੀ ਅਤੇ ਸਰਲ ਸ਼ਬਦਾਵਲੀ ਨਾਲ ਬਿਆਨ ਕੀਤਾ ਹੈ।
ਮਿੱਡਲੈਂਡ ਵਿਚ ਇਕ ਕਵੈਂਟਰੀ ਸ਼ਹਿਰ ਹੈ।
ਲੱਗੀ ਰਹਿੰਦੀ ਸਦਾ ਲਹਿਰ ਬਹਿਰ ਹੈ।
ਸਾਰੇ ਮੰਗਦੇ ਇਕ ਦੂਜੇ ਦੀ ਖੈਰ ਹੈ।
ਪਿਆਰ ਬੜਾ ਹੈ, ਨਾ ਨਫ਼ਰਤ ਨਾ ਵੈਰ ਹੈ।
ਹਰ ਕੋਈ ਆਪੋ ਆਪਣੀ ਜੂਨ ਸੰਵਾਰਦਾ।
ਸੱਚ ਮੁੱਚ ਏਥੇ ਥੰਮ ਹੈ ਸੱਭਿਆਚਾਰ ਦਾ।
ਚੰਨਜੰਡਿਆਲਵੀ ਵੀ ਪਿੱਛੇ ਨਹੀਂ ਰਿਹਾ ਉਸਨੇ ਆਪਣੀ ਕਵਿਤਾ ਦੇ ਕੈਨਵਸ ਉਪਰ ਸਭਾ ਦੇ ਮੈਂਬਰਾਂ ਦਾ ਕਾਵਿ ਚਿੱਤਰ ਤਰਾਸਿ਼ਆ ਹੈ ਅਤੇ ਪਹਿਲੀਆਂ ਚਾਰ ਸਤਰਾਂ ਵਿਚ ਹੀ ਸਭਾ ਦੀ ਖੈਰ ਮੰਗੀ ਹੈ।
‘ਪੰਜਾਬੀ ਲੇਖਕ ਸਭਾ ਕਵੈਂਟਰੀ,
ਪੰਜਾਬੀ ਸਾਹਿਤ ਦਾ ਸਨਮਾਨ।
ਯਾ ਰੱਬ ਚੜ੍ਹਦੀ ਕਲਾ ਵਿਚ ਰੱਖੀਂ,
ਮੈਂਬਰ ਸਭਾ ਸਣੇ ਪ੍ਰਧਾਨ।
ਤੇਜਕੋਟਲੇਵਾਲੇ ਨੇ ‘ਕਲਮਾਂ ਕਵੈਂਟਰੀ ਦੀਆਂ’ ਪੁਸਤਕ ਬਾਰੇ ਇਕ ਹਾਸਰਸ ਕਵਿਤਾ ਨਾਲ ਸਭਾ, ਸਭਾ ਦੇ ਮੈਂਬਰਾਂ ਅਤੇ ਪੁਸਤਕ ਵਿਚ ਅੰਕਿਤ ਲਿਖਾਰੀਆਂ ਦੇ ਰਚੇ ਸਾਹਿਤ ਨੂੰ ਬੜੇ ਹੀ ਰੁਮਾਂਟਿਕ ਢੰਗ ਨਾਲ ਪੇਸ਼ ਕੀਤਾ ਹੈ।
ਹੋ ਨਹੀਂ ਸਕਦਾ ਸਾਹਿਤ ਵਿਚ ਵਾਧਾ ਕਲਮ ਬਿਨ੍ਹਾਂ।
ਨਾ   ਨੌ ਮਣ ਤੇਲ ਨਾ ਨੱਚੇ ਰਾਧਾ ਕਲਮ ਬਿਨ੍ਹਾਂ।
ਸਿਆਣੀ ਗੱਲ ਨਾਲ ਕੀਹਨੇ ਔਲਾ ਖਾਧਾ ਕਲਮ ਬਿਨ੍ਹਾਂ।
ਚੰਗੀ ਸਾਧਣੀ ਵੀ ਨਹੀਂ ਲੱਭਦੀ ਸਾਧਾ ਕਲਮ ਬਿਨ੍ਹਾਂ।
ਮਸ਼ਹੂਰ ਕਵੀ ਦਰਬਾਰ ਬੜਾ ਕਵੈਂਟਰੀ ਦੀਆਂ ਕਲਮਾਂ ਦਾ।
ਹੈ ਸਾਹਿਤ ਵਿਚ ਸਤਿਕਾਰ ਬੜਾ, ਕਵੈਂਟਰੀ ਦੀਆਂ ਕਲਮਾਂ ਦਾ।
ਮਨਜੀਤ ਸਿੰਘ ਕਲਮਾ ਨੇ ਵੀ ਸਭਾ ਬਾਰੇ ਆਪਣੇ ਵਿਚਾਰ ਇਕ ਗ਼ਜ਼ਲ ਰਾਹੀ ਕਲਮਬੰਦ ਕੀਤੇ ਹਨ।
ਪੰਜਾਬੀ ਲੇਖਕ ਸਭਾ ਕੁਵੈਂਟਰੀ ਦੀ ਸ਼ਾਨ ਹੈ।
ਪੰਜਾਬੀ ਭਾਈਚਾਰੇ ਨੂੰ ਅਜ ਸਭਾ ਉਤੇ ਮਾਣ ਹੈ।
ਇਹ ਸ਼ੇਰ ਪੁੱਤ ਪੰਜਾਬ ਦੇ, ਵਿਰਸੇ ਦੇ ਅਜ ਵਾਰਸ ਬਣੇ,
ਬੋਲੀ ਤੇ ਵਿਰਸਾ ਸਾਂਭਣਾ ਅੱਜ ਇਨ੍ਹਾਂ ਦੀ ਪਹਿਚਾਨ ਹੈ।
ਇਸ ਸੰਪਾਦਤ ਪੁਸਤਕ ਵਿਚ ਅੰਕਿਤ ਲੇਖਕਾਂ ਦੀ ਲਿਖਣ ਪ੍ਰਕਿਰਿਆ ਉਪਰ ਦਿਤੇ ਗਏ ਵਿਚਾਰਾਂ ਉਤੇ ਹੀ ਨਿਰਭਰ ਕਰਦੀ ਹੈ। ਕਈ ਲੇਖਕਾਂ ਨੇ ਸਭਾ ਦੇ ਮੈਂਬਰਾਂ ਅਤੇ ਸਭਾ ਦੀਆਂ ਗਤੀਵਿਧੀਆਂ ਦੀ ਸਫਲਤਾ ਵਾਸਤੇ ਵਧਾਈਆਂ ਲਿਖ ਕੇ ਲੇਖ ਦੀ ਆਰੰਭਤਾ ਕੀਤੀ ਹੈ। ਬਹੁਤੇ ਲੇਖਕ ਲਿਖਦੇ ਹਨ ਕਿ ਪੂਨੀ ਸਾਹਿਬ ਦਾ ਹੁਕਮ ਹੋਇਆ, ਪੂਨੀ ਸਾਹਿਬ ਦਾ ਫੂਨ ਆਇਆ, ਪੂਨੀ ਸਾਹਿਬ ਨੇ ਬੇਨਤੀ ਕੀਤੀ, ਪੂਨੀ ਸਾਹਿਬ ਨੇ ਜ਼ੋਰ ਦੇ ਕੇ ਆਖਿਆ, ਪੂਨੀ ਸਾਹਿਬ ਦੀ ਈ-ਮੇਲ ਆਈ ਅਤੇ ਪੂਨੀ ਸਾਹਿਬ ਨੇ ਫੈਕਸ ਰਾਹੀਂ ਦਸਿਆ ਆਦਿ ਆਦਿ। ਸਮਰਣ-ਪੱਤਰ ਵੀ ਪੂਨੀ ਸਾਹਿਬ ਹੀ ਘਲਦੇ ਰਹੇ ਹਨ। ਇਸ ਗੱਲ ਤੋਂ ਪਤਾ ਲਗਦਾ ਹੈ ਕਿ ਸਭਾ ਵਿਚ ਕਿੰਨਾਂ ਅਨੁਸ਼ਾਸਨ ਹੈ। ਹਰ ਮੈਂਬਰ ਦੀ ਆਪਣੀ ਜਿੰਮੇਵਾਰੀ ਉਪਰ ਪਕੜ ਹੈ। ਜਿਵੇਂ ਸੰਤੋਖ ਸਿੰਘ ਹੇਅਰ ਨੇ ਇਸ ਪੁਸਤਕ ਨੂੰ ਹੀ ਨਹੀਂ ਸਗੋਂ ਡਾ: ਰੀਹਲ ਦੀ ਪੁਸਤਕ ‘ਦਾਇਰੇ ਦੇ ਸਾਹਿਤਕਾਰ’ ਜਿਹੜੀ ਪੰਜਾਬੀ ਲੇਖਕ ਸਭਾ ਵਲੋਂ ਛਾਪੀ ਗਈ ਹੈ ਨੂੰ ਵੀ ਬੜੀ ਜਿੰਮੇਦਾਰੀ ਨਾਲ ਪੰਜਾਬ ਜਾ ਕੇ ਆਪ ਛਪਵਾ ਕੇ ਲਿਆਂਦਾ ਹੈ। ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿਚ ਸਭਾ ਦੇ ਮੈਂਬਰਾਂ ਦੇ ਸੁਭਾ, ਸਾਹਿਤਕ ਕਾਰਜ, ਵਿਅਕਤੀਗਤ ਚਰਿੱਤਰ, ਐਕੇਡੈਮਿਕ ਪ੍ਰਾਪਤੀਆਂ ਅਤੇ ਉਨ੍ਹਾਂ ਵਲੋਂ ਛਪਵਾਈਆਂ ਗਈਆਂ ਪੁਸਤਕਾਂ ਦਾ ਵਿਸਤਰਿਤ ਰੂਪ ਵਿਚ ਖੁਲਾਸਾ ਕੀਤਾ ਹੈ। ਡਾ: ਦੇਵਿੰਦਰ ਕੌਰ ਲਿਖਦੀ ਹੈ, ‘ਇਸ ਸਭਾ ਦਾ ਇਕ ਹੋਰ ਅਹਿਮ ਉਦੇਸ਼ ਇਹ ਵੀ ਹੈ ਕਿ ਇਹ ਹਰ ਵਿੱਕਤੀਗਤ ਮੈਂਬਰ ਦੇ ਵਿਚਾਰਾਂ ਨੂੰ ਠਰੰ੍ਹਮੇ ਨਾਲ ਸੁਣਦੀ ਹੈ ਤੇ ਉਨ੍ਹਾਂ ਦਾ ਸਤਿਕਾਰ ਵੀ ਕਰਦੀ ਹੈ।’ ਡਾ: ਦੇਵਿੰਦਰ ਕੌਰ ਨੇ ਸੰਭਾਵਨਾ ਜਿਤਾਈ ਹੈ ਕਿ ਅੱਗਲੇ ਦਸ ਸਾਲ ਤੱਕ ਸਭਾ ਦਾ ਕੱਦ ਹੋਰ ਵੀ ਉਚਾ ਹੋਵੇਗਾ। ਜੇਕਰ ਇੰਝ ਆਖੀਏ ਕਿ ਪੰਜਾਬੀ ਦੀਆਂ ਹੋਰ ਸਾਹਿਤਕ ਸਭਾਵਾਂ ਵਾਸਤੇ ਪੰਜਾਬੀ ਲੇਖਕ ਸਭਾ ਕਵੈਂਟਰੀ ਇਕ ‘ਰੋਲ ਮਾਡਲ’ ਹੋ ਸਕਦੀ ਹੈ। ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੈ। ਇੰਡੀਅਨ ਵਰਕਰ ਆਸੋਸੀਏਸ਼ਨ ਦੇ ਕਾਰਕੁੰਨਾਂ ਨੇ ਸਭਾ ਨੂੰ ਇਕ ਪ੍ਰਸਤਾਵ ਪੇਸ਼ ਕੀਤਾ ਹੈ। ‘ਸਾਡੀ ਧੁਰੋਂ ਅੰਦਰੋਂ ਤੀਬਰ ਇੱਛਾ ਹੈ ਕਿ ਕਵੈਂਟਰੀ ਵਿੱਚ ਸਾਹਿਤਕ ਸਭਾਵਾਂ ਅਤੇ ਇੰਡੀਅਨ ਵਰਕਰਜ਼ ਅਸੋਸੀਏਸ਼ਨਜ਼ ਇਕ ਪਲੈਟ ਫਾਰਮ ਤੇ ਆ ਜਾਣ ਤਾਂ ਇਸ ਦੇ ਨਤੀਜੇ ਹੋਰ ਸਾਰਥਕ ਹੋ ਸਕਦੇ ਹਨ।’ ਵਰਿੰਦਰ ਪਰਿਹਾਰ ਨੂੰ ਇਸ ਸਭਾ ਰਾਹੀਂ ਇਕ ਆਸ ਬੱਝਦੀ ਹੈ ਕਿ ਪੰਜਾਬੀ ਸਾਹਿਤ ਸਭਾ ਕਵੈਂਟਰੀ ਦੀਆਂ ਕਾਰਗੁਜ਼ਾਰੀਆਂ ਕਾਰਨ ਵਲੈਤ ਵਿਚ ਪੰਜਾਬੀ ਸਾਹਿਤ ਦੀ ਸਿਰਜਨਾ ਸੁਰਜੀਤ ਹੋ ਗਈ ਹੈ। ਲੇਖਕਾ ਨੇ ਸਭਾ ਵਲੋਂ ਕਰਵਾਏ ਜਾ ਰਹੇ ਦੋ ਸਮਾਗਮਾਂ ਬਾਰੇ ਆਪਣੇ ਵਿਚਾਰ ਲਿਖਦਿਆਂ ਆਖਿਆ ਹੈ ਜਿਵੇ ਓਲਿੰਪਕ ਖੇਡਾਂ ‘ਸਮਰ ਅਤੇ ਵਿੰਟਰ ਵਿਚ ਹੁੰਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਪੰਜਾਬੀ ਲੇਖਕ ਸਭਾ ਦੇ ‘ਸਮਰ ਅਤੇ ਵਿੰਟਰ’ ਸਾਲ ਵਿਚ ਦੋ ਸਮਾਗਮ ਕਰਵਾਏ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿਚ ਸਾਹਿਤਕਾਰਾਂ ਨੂੰ ਸਨਮਾਨਤ ਕਰਨ ਦੇ ਨਾਲ ਨਾਲ ਉਨ੍ਹਾਂ ਹਸਤੀਆਂ ਨੂੰ ਵੀ ਸਨਮਾਨਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਿੱਤੇ ਵਿਚ ਪ੍ਰਵੀਨਤਾ  ਹਾਸਲ ਕੀਤੀ ਹੈ ਅਤੇ ਜਿਨਾਂ ਨੇ ਪੰਜਾਬੀ ਭਾਸ਼ਾ, ਪੰਜਾਬੀ ਸਭਿਆਚਾਰ, ਪੰਜਾਬੀ ਸੰਗੀਤਕਾਰ ਜਾਂ ਗਾਇਕ ਆਦਿ ਸ਼ਖਸ਼ੀਅਤਾਂ ਨੂੰ ਵੀ ਸਨਮਾਨਤ ਕੀਤਾ ਹੈ। ਸਭਾ ਦੇ ਮੈਂਬਰਾਂ ਦੀਆਂ ਰਚਨਾਵਾਂ ਬਾਰੇ ਅਤੇ ਸਭਾ ਵਲੋਂ ਛਪਵਾਈ ਗਈ ਪੁਸਤਕ ‘ਕਲਮਾਂ ਕਵੈਂਟਰੀ ਦੀਆਂ’ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਆਪਣੇ ਵਿਚਾਰ ਲਿਖਣੇ ਕੀਤੇ ਹਨ। ਡਾ: ਮਹਿੰਦਰ ਗਿੱਲ ਦੇ ਵਿਚਾਰ ਨਾਲ ਹਰ ਸਾਹਿਤਕਾਰ ਸਹਿਮਤੀ ਪ੍ਰਗਟ ਕਰੇਗਾ ਜਦ ਉਹ ਲੇਖ ਦੇ ਅੰਤ ਵਿਚ ਇੰਝ ਲਿਖਦਾ ਹੈ, ‘ਕਿਹਾ ਜਾ ਸਕਦਾ ਹੈ ਕਿ ਕਵੈਂਟਰੀ ਲੇਖਕ ਸਭਾ ਇੰਗਲੈਂਡ ਦੀ ਸਾਹਿਤਕ ਜਿ਼ੰਦਗੀ ਦਾ ਇਕ ਅਹਿਮ ਅੰਗ ਬਣ ਗਈ ਹੈ। ਉਹਦੇ ਮੈਂਬਰ ਲਗਾਤਾਰ ਫੰਕਸ਼ਨ ਕਰਵਾ ਰਹੇ ਹਨ ਅਤੇ ਸਾਹਿਤਕ ਰਚਨਾ ਵੀ ਕਰ ਰਹੇ ਹਨ।’
 ਸਭਾ ਵਲੋਂ ਕੀਤੀ ਜਾਂਦੀ ਆਓ ਭਗਤ ਬਾਰੇ ਲੇਖਕਾਂ ਵਲੋਂ ਪ੍ਰਸੰਸਾਂ, ਸਝਾਓ ਅਤੇ ਨਫ਼ੇ ਨੁਕਸਾਨਾਂ ਬਾਰੇ ਵੀ ਬੜੀ ਗੰਭੀਰਤਾ ਨਾਲ ਲਿਖਿਆ ਹੈ। ਇੰਦਰਜੀਤ ਜੀਤ ਇਕ ਘਟਨਾ ਬਾਰੇ ਲਿਖਦੇ ਹਨ, ‘ਇਕ ਕਵੀ (ਨਾਂ ਨਹੀਂ ਲੈਣਾ ਚਾਹੁੰਦਾ) ਜਿਹੜਾ ਕਿ ਲੇਟ ਆਇਆ ਸੀ ਤੇ ਆਉਦਿਆਂ ਹੀ ਇਕ ਪੈਗ ਪੀਣ ਲੱਗਾ ਤਾਂ ਉਸ ਦਾ ਨਾਂ ਸਟੇਜ ਤੋਂ ਅਨਾਊਂਸ ਹੋਇਆ। ਉਸਨੇ ਫਟਾ ਫਟ ਪੈਗ ਅੰਦਰ ਸੁੱਟਿਆ ਤੇ ਸਟੇਜ ਤੇ ਚਲਾ ਗਿਆ ਤੇ ਕਵਿਤਾ ਪੜ੍ਹ ਕੇ ਮੇਰੇ ਕੋਲ ਆ ਬੈਠਾ। ਮੈਂ ਉਸ ਨੂੰ ਕਿਹਾ ਕਿ ਕੀ ਗੱਲ ਅੱਜ ਤੂੰ ਕਵਿਤਾ ਕੁਝ ਢਿਲ੍ਹੀ ਢਿਲ੍ਹੀ ਜਹੀ ਪੜ੍ਹੀ। ਉਹ ਅਗਿਓ ਬੋਲਿਆ, ‘ਇਕ ਪੈਗ ਪੀ ਕੇ ਤਾਂ ਫਿਰ ਇਦਾਂ ਹੀ ਪੜ੍ਹੀ ਜਾਣੀ ਸੀ।’ ਦਰਸ਼ਨ ਧੀਰ ਵੀ ਇਸ ਖੁਮਾਰੀ ਬਾਰੇ ਆਪਣੇ ਸੁਝਾਅ ਦਿੰਦਾ ਹੈ। ਇੰਨੇ ਖੁਮਾਰੇ ਜਾਂਦੇ ਹਨ ਕਿ ਹਫ਼ਤਾ ਹਫ਼ਤਾ ਉਹ ਖੁਮਾਰੀ ਉਨ੍ਹਾਂ ਦੇ ਹੱਡਾਂ ‘ਚ ਨਹੀਂ ਨਿਕਲਦੀ। ਬਹੁਤ ਸਾਰੇ ਸਾਹਿਤਕਾਰ ਉਹਦੀ ਭਾਨ ਦੇ ਭੰਨੇ ਅੱਗੇ ਤੋਂ ਸਭਾ ਦੇ ਪ੍ਰੋਗਰਾਮਾਂ ‘ਚ ਨਾ-ਆਉਣ ਦੀ ਤੋਬਾ ਵੀ ਕਰਦੇ, ਵਿਸ਼ੇਸ਼ ਕਰਕੇ ਦੂਰ ਦੇ ਸ਼ਹਿਰਾਂ ਤੋਂ ਆਏ ਲੇਖਕ ਦੋਸਤ। ਇੰਦਰਜੀਤ ਜੀਤ ਦੀ ਸ਼ਬਦਾਵਲੀ ਵਿਚ ਤਾਂ ਤਨਜ਼ ਹੈ ਪਰ ਦਰਸ਼ਨ ਧੀਰ ਸਭਾ ਦੇ ਮੈਂਬਰਾਂ ਨੈੰ ਇਸ ਤਰ੍ਹਾਂ ਉਲ੍ਹਾਮਾਂ ਦਿੰਦਾ ਜਿਵੇਂ ਇਸ ਸਭਾ ਦਾ ਉਹ ਹੀ ਸ੍ਰਪ੍ਰਸਤ ਹੁੰਦਾ ਹੈ। ਮੋਤਾ ਸਿੰਘ (ਐਕਸ ਮੇਅਰ) ਨੇ ਪਿਛਲੇ 75 ਸਾਲਾਂ ਤੋਂ ਕਵੈਂਟਰੀ ਸ਼ਹਿਰ ਵਿਚ ਆਏ ਨਾਮਵਰ ਨੀਤੀਵਾਨ, ਸਾਹਿਤਕਾਰ, ਕਲਾਕਾਰ ਅਤੇ ਕਾਮਰੇਡਾਂ ਦੇ ਨਾਮ ਲਿਖੇ ਹਨ। ਪਹਿਲੀ ਪੀੜ੍ਹੀ ਦੇ ਲੇਖਕਾਂ ਦੇ ਨਾਮ ਲਿਖਦਾ ਹੋਇਆ ਉਹ ਵਰਤਮਾਨ ਲੇਖਕਾਂ ਦੇ ਵੀ ਨਾਮ ਦਰਜ ਕਰਦਾ ਹੈ। ਰਘਵੀਰ ਢੰਡ ਨੇ ਸੱਤਵੇਂ ਦਹਾਕੇ ਦੇ ਸ਼ੁਰੂ ਵਿਚ ਇਕ ਆਲੋਚਨਾ ਪੱਤਰ ਵਿਚ ਲਿਖਿਆ ਸੀ, ‘ਜੇ ਰਤਨ ਰੀਹਲ ਨੂੰ ਲੇਖਕ ਮੰਨ ਲਈਏ ਤਾਂ ਇੰਗਲੈਂਡ ਵਿਚ ਕੁਲ 48 ਲੇਖਕ ਬਣਦੇ ਹਨ।’ ਅੱਜ ਸੰਤੋਖ ਧਾਲੀਵਾਲ ਲਿਖਦਾ ਹੈ, ‘ਕਲਮਾਂ ਕਵੈਂਟਰੀ ਦੀਆਂ’ ਨਾਂ ਦੀ ਪੁਸਤਕ ਪਬਲਿਸ਼ ਕੀਤੀ ਜਿਸ ਵਿਚ ਕਵੀਆਂ ਦੀ ਗਿਣਤੀ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਇੱਕਲੇ ਕਵੈਂਟਰੀ ਸ਼ਹਿਰ ‘ਚ ਹੀ ਏਨੇ ਕਵੀ ਵਸਦੇ ਹਨ? ਇਸ ਦਾ ਅੰਦਾਜ਼ਾ ਸਭਾ ਵਲੋਂ ਕੀਤੇ ਜਾਂਦੇ ਸਾਲਾਨਾ ਪ੍ਰੋਗਰਾਮ ਤੋ ਵੀ ਲੱਗ ਜਾਂਦਾ ਹੈ ਜਿਥੇ ਕਵੀ ਦਰਬਾਰ ਰਾਤ ਦੇ ਗਿਆਰਾਂ ਵਜੇ ਤੱਕ ਚਲਦਾ ਰਹਿਣ ਬਾਅਦ ਵੀ ਸਾਰੇ ਕਵੀ ਭੁਗਤਾਏ ਨਹੀਂ ਜਾਂਦੇ ਤੇ ਕੁਝ ਕੋਲੋਂ ਤਾਂ ਮੁਆਫੀਆ ਹੀ ਮੰਗਣੀਆਂ ਪੈਂਦੀਆਂ ਹਨ।’ ਅੱਜ ਸਿਰਫ ਕਵੈਂਟਰੀ ਸ਼ਹਿਰ ਵਿਚ ਹੀ 42 ਕਵੀ ਹਨ। ਕਹਾਣੀਕਾਰ, ਨਾਟਕਕਾਰ ਅਤੇ ਨਾਵਲਕਾਰ ਹੋਰ ਕਿੰਨੇ ਕੁ ਹੋਣਗੇ ਜਿਸਦਾ ਅੰਦਾਜ਼ਾ ਪੰਜਾਬੀ ਲੇਖਕ ਸਭਾ ਕਵੈਂਟਰੀ ਹੀ ਲਾ ਸਕਦੀ ਹੈ। ਸੁ ਲੇਖਕਾਂ ਦੀ ਲਿਖਣ ਪ੍ਰਕਿਰਿਆ ਵਿਚ ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਕਾਰਜ ਦਾ ਇਤਹਾਸ ਸ਼ਾਮਲ ਹੈ। ਲੇਖਕ ਮੈਂਬਰਾਂ ਦੇ ਰਚਨਾਤਮਿਕ ਕਾਰਜ ਦੀ ਸ਼ਲਾਘਾ ਕੀਤੀ ਹੈ। ਪੰਜਾਬੀ ਲੇਖਕ ਸਭਾ ਕਵੈਂਟਰੀ ਵਲੋਂ  ਵਲੈਤ ਵਿਚ ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ, ਪੰਜਾਬੀ ਲਿੱਪੀ ਅਤੇ ਬੋਲੀ ਵਾਸਤੇ ਕੀਤੇ ਜਾ ਰਹੇ ਯਤਨਾਂ ਨੂੰ ਮਾਣਤਾ ਦਿਤੀ ਹੈ।
ਲੇਖਕਾਂ ਦੇ ਸਭਾ ਬਾਰੇ ਵੱਖੋ ਵੱਖਰੇ ਵਿਚਾਰਾਂ ਨਾਲ ਭਰਪੂਰ ਇਹ ਪੁਸਤਕ ‘ਇਕ ਦਹਾਕਾ ਇਕ ਝਾਤ’ ਵਿਚ ਜੇਕਰ ਸਭਾ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਕੋਸ਼ ਹੈ ਤਾਂ ਇਸ ਪੁਸਤਕ ਦੇ ਲੇਖਾਂ ਵਿਚ ਲੇਖਕਾਂ ਦੀ ਆਪਣੀ ਹੱਡ ਬੀਤੀ ਵੀ ਹੈ। ਸਭਾ ਵਲੋਂ ਸਾਲ ਵਿਚ ਕਰਵਾਏ ਜਾਣ ਵਾਲੇ ਦੋ ਸਮਾਗਮਾਂ ਵਿਚ ਹਾਜਰ ਹੋਣਾ ਹੀ ਲੇਖਕਾ ਦਾ ਲੇਖ ਲਿਖਣ ਦਾ ਸਰੋਤ ਹੈ। ਪੁਸਤਕ ‘ਕਲਮਾਂ ਕਵੈਂਟਰੀ ਦੀਆਂ’ ਨੂੰ ਪੜ੍ਹ ਕੇ ਵੀ ਕਈ ਲੇਖਕਾ ਨੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਜਿਹੜੇ ਲੋਕਲ ਲੇਖਕਾਂ ਦੇ ਲੇਖ ਦਰਜ ਹਨ ਉਨ੍ਹਾਂ ਵਲੋਂ ਕੁਝ ਖੱਟੀਆਂ ਅਤੇ ਕੁਝ ਮਿੱਠੀਆਂ ਯਾਦਾਂ ਵੀ ਅੰਕਿਤ ਹਨ। ਉਨ੍ਹਾਂ ਦੀਆਂ ਇਹ ਯਾਦਾਂ ਸਮਾਗਮਾਂ ਤੋਂ ਅੱਗੇ ਪਿਛੇ ਦੀਆਂ ਕਈ ਇੱਕਰਤਾਵਾਂ ਵਾਲੀਆਂ ਹਨ। ਸਭਾ ਦੇ ਮੈਂਬਰਾਂ ਨਾਲ ਪ੍ਰਸ਼ਨੋਤਰੀਆਂ ਵੀ ਲੇਖਕਾਂ ਲਈ ਇਕ ਸਰੋਤ ਦਾ ਕਾਰਜ ਨਿਭਾਉਦੀਆਂ ਹਨ। ਸਭਾ ਦੇ ਮੈਂਬਰਾਂ ਵਲੋਂ ਸਮਾਗਮਾਂ ਵਾਸਤੇ ਘੱਲੇ ਗਏ ਸੱਦੇ-ਪੱਤਰ ਅਤੇ ਸਮਰਣ-ਪੱਤਰ ਵੀ ਸਰੋਤ ਦੇ ਆਧਾਰ ਹਨ। ਲੇਖਕਾਂ ਦਾ ਆਪਸ ਵਿਚੀ ਸੰਵਾਦ ਵੀ ਇਕ ਸਰੋਤ ਵਜੋਂ ਜਾਣਿਆ ਜਾ ਸਕਦਾ ਹੈ। ‘ਪੋਸਟ’ ਸਮਾਗਮ ਦੀ ਲੋਰ ਨੇ ਵੀ ਲੇਖਕਾਂ ਨੂੰ ਇਹ ਲੇਖ ਲਿਖਣ ਵਾਸਤੇ ਉਤਸ਼ਾਹਿਤ ਕੀਤਾ ਹੈ।
ਇਕ ਕਰਕੇ ਦਿਨ ਤੇ ਰਾਤ।
ਲਿਖੀ ਲੇਖਕਾਂ ਦਿਲ ਦੀ ਬਾਤ।
ਬੁੱਕ ਛਪਾਈ ਰਤਨ ਸਭਾ ਨੇ,
ਇਕ ਦਹਾਕਾ  ਇਕ  ਝਾਤ।
****

No comments:

Post a Comment