ਇੱਕ ਹੋਰ ਹਾਸਰਸ ਕਵੀ - ਗੁਰਦੇਵ ਸਿੰਘ ‘ਮਠਾੜੂ’

ਕਿਸੇ ਸਾਹਿਤ ਵਿੱਚ ਕਿਸੇ ਵੀ ਵਿਸ਼ੇ ਬਾਰੇ ਲਿਖਣ ਵਾਸਤੇ ਇਹ ਜਰੂਰੀ ਹੁੰਦਾ ਹੈ ਕਿ ਪਹਿਲਾਂ ਇਹ ਨਿਰਣਾ ਕਰ ਲਈਏ ਕਿ ਉਸ ਵਿਸ਼ੇ ਬਾਰੇ ਵਾਸਤਵ ਵਿੱਚ ਕੋਈ ਵਿਧਾ ਜਾਂ ਉਪ-ਵਿਧਾ ਹੈ। ਹਾਸਰਸ ਨੂੰ ਪ੍ਰਮਾਣੀਕਰਨ ਜਾਂ ਮਿਆਰੀਕਰਨ ਵਾਸਤੇ ਅੱਜ ਤੱਕ ਪੰਜਾਬੀ ਸਾਹਿਤ ਵਿੱਚ ਕੋਈ ਚਿੰਨ੍ਹਤ ਵਿਧਾ ਦਾ ਨਿਰੂਪਣ ਨਹੀਂ ਹੈ ਪਰ ਵਿਅੰਗ ਨੂੰ ਬਹੁਤ ਚਿਰਾਂ ਤੋਂ ਵਿਭਿੰਨ ਵਿਧਾਵਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਅਜੇ ਵੀ ਅਸੀਂ ਹਾਰਸ ਨੂੰ ਵਿਅੰਗ ਕਹਿਣ ਦੀ ਸਥਿੱਤੀ ਵਿੱਚ ਨਹੀਂ ਹਾਂ। ਹਾਸਰਸ ਨੂੰ ਕਲਾਤਮਿਕ ਸਾਹਿਤ ਨਹੀਂ ਗਿਣਿਆ ਜਾਂਦਾ। ਜਿਆਦਾ ਤੋਂ ਜਿਆਦਾ ਅਸੀਂ ਹਾਸਰਸ ਨੂੰ ਮਖੌਲ ਕਰਕੇ ਹੀ ਪਛਾਣਦੇ ਹਾਂ। ਕਿਸੇ ਕੋਲੋਂ ਮਖੌਲ ਵਾਲੀਆਂ ਗੱਲਾਂ ਸੁਣ ਕੇ ਜਾਂ ਪੜ੍ਹ ਕੇ ਅਸੀਂ ਆਪਣਾ ਮਨ ਪ੍ਰਚਾਵਾ ਕਰ ਲੈਂਦੇ ਹਾਂ। ਜਿਹੜਾ ਹਾਸਰਸ ਮਨੁੱਖ ਦਾ ਮਨ ਪ੍ਰਚਾਵਾ ਕਰ ਸਕਦਾ ਹੈ ਅਸੀਂ ਉਸ ਅੰਸ਼ ਨੂੰ ਇੱਕ ਮਖੌਲ ਕਿਉਂ ਸਮਝਦੇ ਹਾਂ। ਸਿਰਫ ਰੌਲਾ ਏਸੇ ਗੱਲ ਦਾ ਹੈ। ਹਾਸਰਸ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਮਖੌਲ ਦੇ ਭਾਵ-ਅਰਥਾਂ ਨੂੰ ਬਦਲਣ ਦੀ ਜਰੂਰਤ ਹੈ। ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਦੀ ਹੋਂਦ ਤੋਂ ਮੁਨਕਰ ਹੋਣਾ ਬਣਦਾ ਹੈ ਅਤੇ ਨਾ ਹੀ ਪੰਜਾਬੀ ਸਾਹਿਤ ਅੰਦਰ ਹਾਸਰਸ ਰਚਨਾਵਾਂ ਦੀ ਕੋਈ ਥੋੜ ਹੈ। ਹਾਸਰਸ ਤਾਂ ਕੀ ਵਿਅੰਗ ਅਜੇ ਵੀ ਪੰਜਾਬੀ ਸਾਹਿਤ ਵਿੱਚ ਪ੍ਰਮਾਣਤ ਹੋਣ ਵਾਸਤੇ ਛਟਪਟਾ ਰਿਹਾ ਹੈ। ਹੁਣ ਉਹ ਦਿਨ ਦੂਰ ਨਹੀਂ ਜਦ ਹੋਰ ਦੇਸ਼ਾਂ ਦੀਆਂ ਜ਼ਬਾਨਾਂ ਵਾਂਗ ਪੰਜਾਬੀ ਸਾਹਿਤ ਅੰਦਰ ਵੀ ਹਾਸਰਸ ਅਤੇ ਹਾਸ-ਵਿਅੰਗ ਨੂੰ ਇੱਕ ਦਿਨ ਸਮਾਨਪੂਰਣ ਸਥਾਨ ਪਰਾਪਤ ਹੋ ਕੇ ਹੀ ਰਹੇਗਾ। ਇਸ ਕਰਕੇ ਕਿ ਹਾਸਰਸ ਅਤੇ ਹਾਸ ਵਿਅੰਗ ਲਿਖਣ ਵਾਲੇ ਸਾਹਿਤਕਾਰ ਦਿਨੋ ਦਿਨ ਵੱਧ ਰਹੇ ਹਨ। ਸਿਰਜੇ ਜਾ ਚੁੱਕੇ ਅਤੇ ਸਿਰਜੇ ਜਾ ਰਹੇ ਪੰਜਾਬੀ ਸਾਹਿਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਹਾਣੀ  ਅਤੇ ਉਪਨਿਆਸ ਦੇ ਮਗਰੋਂ ਹਾਸਰਸ ਅਤੇ ਹਾਸ ਵਿਅੰਗ ਨੂੰ ਵੀ ਪੰਜਾਬੀ ਸਾਹਿਤ ਅੰਦਰ ਬਣਦਾ ਸਥਾਨ ਜਰੂਰ ਪ੍ਰਾਪਤ ਹੋਵੇਗਾ। ਹਾਲ ਦੀ ਘੜੀ ਇਹ ਮੰਨ ਕੇ ਹੀ ਤੁਰਨਾ ਹੈ ਹਾਸਰਸ ਅਤੇ ਹਾਸ ਵਿਅੰਗ ਦਾ ਪੰਜਾਬੀ ਸਾਹਿਤ ਅੰਦਰ ਕੋਈ ਸਾਰਥਿਕ ਸਥਾਨ ਨਹੀਂ ਹੈ। ਪਰ ਮੈਨੂੰ ਹਾਸਰਸ ਵਿੱਚ ਅਨੰਤ ਸੰਭਾਵਨਾਵਾਂ ਲੱਗਦੀਆਂ ਹਨ। ਭਵਿੱਖ ਵਿੱਚ ਹਾਸਰਸ ਅਤੇ ਹਾਸ ਵਿਅੰਗ ਪੰਜਾਬੀ ਸਾਹਿਤ ਅੰਦਰ ਇਕ ਪ੍ਰਤਿਸ਼ਟ ਹੋਣ ਦਾ ਸੁਪਨਾ ਸਾਕਾਰ ਕਰ ਰਿਹਾ ਹੈ। ਸੁਪਨੇ ਕਦੇ ਸੱਚ ਵੀ ਹੋ ਜਾਂਦੇ ਹਨ। ਗੁਰਦੇਵ ਸਿੰਘ ‘ਮਠਾੜੂ’ ਜੀ ਦੀ ਪੁਸਤਕ ‘ਸਾਡਾ ਰੱਬ’ ਬਾਰੇ ਉਲੇਖ ਲਿਖਦਿਆਂ ਹਾਸਰਸ ਅਤੇ ਹਾਸ ਵਿਅੰਗ ਬਾਰੇ ਕਈ ਤੱਤ ਸਾਹਮਣੇ ਆਏ ਹਨ। ਮੇਰੀ ਜਾਚੇ ਉਨ੍ਹਾਂ ਤੱਤਾਂ ਦੇ ਆਧਾਰ ਉਪਰ ਇੱਕ ਦਿਨ ਹਾਸਰਸ ਅਤੇ ਹਾਸ ਵਿਅੰਗ ਨੂੰ ਪੰਜਾਬੀ ਸਾਹਿਤ ਅੰਦਰ ਕਿਸੇ ਵਿਧਾ ਦੇ ਰੂਪ ਨਾਲ ਜਰੂਰ ਪ੍ਰਮਾਣਿਆ ਜਾਏਗਾ।
ਪੰਜਾਬੀ ਸਾਹਿਤ ਦੇ ਆਲੋਚਨਾ ਨੇ ਹਾਸਰਸ ਅਤੇ ਹਾਸ ਵਿਅੰਗ ਦੀ ਆਲੋਚਨਾ ਪਖੋਂ ਬਹੁਤ ਅਣਗਹਿਲੀ ਵਰਤੀ ਹੈ। ਅੱਜ ਤੱਕ ਬਹੁਤੇ ਕਰਕੇ ਦੁਖਾਂਤ ਦਾ ਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਅਜਿਹਾ ਤਾਂ ਹੋ ਹੀ ਨਹੀਂ ਸਕਦਾ ਕਿ ਪੰਜਾਬੀ ਸਾਹਿਤ ਅੰਦਰ ਜਦ ਦੁਖਾਂਤ ਰਚਿਆ ਜਾਂਦਾ ਰਿਹਾ ਹੈ। ਕੀ ਹਾਸਰਸ ਨਹੀਂ ਰਚਿਆ ਗਿਆ ਹੋਵੇਗਾ। ਫਿਰ ਹਾਸਰਸ ਅਤੇ ਹਾਸ ਵਿਅੰਗ ਨੂੰ ਕਿਸੇ ਆਲੋਚਕ ਨੇ ਕਿਉਂ ਨਹੀਂ ਗੌਲਿਆ? ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਉਤਪਤੀ ਤੋਂ ਹਜਾਰਾਂ ਸਦੀਆਂ ਪਹਿਲਾਂ ਜਦ ਪ੍ਰਥਮ ਵਿਅਕਤੀ ਨੇ ਜਨਮ ਧਾਰਿਆਂ ਹੋਵੇਗਾ ਤਾਂ ਸੰਬੰਧਤ ਵਿਆਕਤੀਆਂ ਦੇ ਹਿਰਦੇ ਜਰੂਰ ਖੁਸ਼ ਹੋਏ ਹੋਣਗੇ। ਪਰ ਉਸ ਤੋਂ ਇੱਕ ਉਮਰ ਪਹਿਲਾਂ ਮਰਨ ਵਾਲੇ ਵਿਆਕਤੀ ਦੀ ਮੌਤ ਉਪਰ ਸੋਗ ਵੀ ਮਨਾਇਆ ਗਿਆ ਹੋਵੇਗਾ। ਉਪ੍ਰੋਕਤ ਸਤਰਾਂ ਅਨੁਸਾਰ ਸੁਖਾਂਤ ਅਤੇ ਦੁਖਾਂਤ ਵਿਆਕਤੀ ਆਦਿ ਜੁਗਾਦਿ ਦਸ਼ਾ ਹੈ। ਜਦ ਆਦਿ ਤੋਂ ਪਰਹਸਨ ਜਾਂ ਹਾਸਰਸ ਦੀ ਉਤਪਤੀ ਹੋਈ ਸੀ ਤਦ ਹਾਸਰਸ ਹਰ ਸਭਿਆਚਾਰ ਵਿੱਚ ਦੁਖਾਂਤ ਦੇ ਸਮਾਨੰਤਰ ਮੂੰਹੋਂ ਮੂੰਹ ਜਾਂ ਲਿਖਤਾਂ ਰਾਹੀਂ ਰਚਿਆ ਜਾਂਦਾ ਰਿਹਾ ਹੈ। ਪੰਜਾਬੀ ਸਾਹਿਤ ਵਿੱਚ ਅਨੇਕਾਂ ਹਾਸਰਸ ਕਵਿਤਾਵਾਂ ਸਮੇਂ ਸਮੇਂ ਰਚੀਆਂ ਉਪਲਬਧ ਹਨ। ਪੁਰਾਤਨ ਕਾਲ ਵਿੱਚ ਕਿੱਸੇ, ਰਾਸਾਂ, ਨਕਲਾਂ, ਮੱਧਕਾਲ ਵਿੱਚ ਡਰਾਮੇ ਵਾਂਘ ਜੰਗਨਾਮੇ ਅਤੇ ਆਧੁਨਿਕ ਕਾਲ ਵਿੱਚ ਇਕਾਂਗੀ, ਨਾਵਲ, ਕਹਾਣੀਆਂ, ਕਵਿਤਾਵਾਂ ਅਤੇ ਭਗਤੀ ਲਹਿਰ ਸਮੇਂ ਅਧਿਆਤਮਿਕ ਸਾਹਿਤ ਵਿੱਚ ਹਾਸ ਵਿਅੰਗ ਰਚਿਆ ਗਿਆ ਸੀ। ਜਿਵੇਂ ਆਸਾ ਦੀ ਵਾਰ ਵਿੱਚ ਦਰਜ ਹੈ।
ਮਹੱਲਾ ਪਹਿਲਾ।।
ਵਾਇਨਿ ਚੇਲੇ ਨਚਨਿ ਗੁਰ।
ਪੈਰ ਹਲਾਇਨਿ ਫੇਰਨ ਸਿਰ।
ਉੋਡਿ ਉਡਿ ਰਾਵਾ ਝਾਟੈ ਪਾਏ।
ਵੇਖੈ ਲੋਕੁ ਹਸੈ ਘਰ ਜਾਇ।
ਰੋਟੀਆਂ ਕਾਰਣਿ ਪੂਰਹਿ ਤਾਲ।
ਆਪੁ ਪਛਾੜਹਿ ਧਰਤੀ ਨਾਲ।
ਏਸੇ ਤਰ੍ਹਾਂ ਪੰਜਾਬੀ ਸਾਹਿਤ ਅੰਦਰਜਿਥੇ ਦੁਖਾਂਤ ਦੀ ਭ੍ਰਮਾਰ ਹੈ ਨਾਲ ਨਾਲ ਹਾਸਰਸ ਅਤੇ ਹਾਸ ਵਿਅੰਗ ਦੀਆਂ ਵੀ ਝਲਕੀਆਂ ਨਜ਼ਰ ਆਉਦੀਆਂ ਹਨ। ਏਨਾਂ ਕੁਝ ਹੁੰਦੇ ਹੋਇਆਂ ਵੀ ਪੰਜਾਬੀ ਸਾਹਿਤ ਦੇ ਆਲੋਚਕਾਂ ਨੇ ਕਾਲ ਕ੍ਰਮਾਨੁਸਾਰ ਹਾਸਰਸ ਦੀ ਆਲੋਚਨਾ ਵੱਲ ਬਹੁਤਾ ਧਿਆਨ ਨਹੀਂ ਦਿਤਾ ਅਤੇ ਨਾ ਹੀ ਹਾਸਰਸ ਨੂੰ ਪੰਜਾਬੀ ਸਾਹਿਤ ਦਾ ਕੋਈ ਅੰਗ ਪ੍ਰਮਾਣਿਆ ਹੈ। ਕੀ ਹਾਸਰਸ ਸਾਹਿਤ ਦੀ ਅਭਿਵਿਅਕਤੀ ਘੱਟ ਹੋਈ ਹੈ ਜਾਂ ਫਿਰ ਆਲੋਚਕਾਂ ਦੀ ਇਸ ਪਖੋਂ ਅਣਗਹਿਲੀ ਰਹੀ ਹੈ। ਚਿੰਤਨ ਵਿਦਵਾਨਾਂ ਅਤੇ ਮਨੋਵਿਗਿਆਨੀਆਂ ਨੇ ਵੀ ਅਜਿਹੇ ਸਾਹਿਤ ਨੂੰ ਮਖੌਲ, ਨਕਲਾਂ। ਸਾਂਗ ਕਹਿ ਕੇ ਹੀ ਟਾਲ ਛੱਡਿਆ ਹੈ। ਹਾਸਰਸ ਨੂੰ ਕਿਸੇ ਵਿਧੀ ਨਾਲ ਉਜਾਗਰ ਕਰਨ ਦਾ ਉਪਰਾਲਾ ਨਹੀਂ ਕੀਤਾ। ਪ੍ਰਤੂੰ ਸਿ਼ਕਸ਼ਾਤਮਿਕ ਤੱਕ ਹੀ ਸੀਮਤ ਰਿਹਾ ਹੈ। ਹਾਸਰਸ ਕਿਸੇ ਸਮਾਜ ਅਤੇ ਉਸਦੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜਿਸਨੂੰ ਇੱਕ ਜੌਕਰ ਦੇ ਮੂੰਹੋਂ ਹੀ ਬੁਲਾਇਆ ਜਾਂਦਾ ਰਿਹਾ ਹੈ। ਪਰ ਪੰਜਾਬੀ ਦੇ ਹੋ ਗੁਜਰੇ ਆਲੋਚਕ ਜਿਨ੍ਹਾਂ ਨੇ ਹਾਸਰਸ ਨੂੰ ਹਲਕੇ ਹੱਥੀਂ ਲਿਆ ਹੈ। ਉਹ ਇਹ ਗੱਲ ਨਹੀਂ ਸੀ ਜਾਣਦੇ ਕਿ ਹਾਸਰਸ ਮਨੁੱਖ ਨੂੰ ਦੇਰ ਤੱਕ ਜੀਊਂਦਾ ਰੱਖਣ ਵਿੱਚ ਸਹਾਈ ਵੀ ਹੁੰਦਾ ਹੈ। ਇਸੇ ਕਰਕੇ ਹਾਸਰਸ ਅਤੇ ਹਾਸ ਵਿਅੰਗ ਦੀ ਮਹਤੱਤਾ ਬਣਦੀ ਹੈ।
ਪਰਹਸਨ ਦੇ ਸਵਰੂਪ ਦਾ ਸਵਾਲ ਕਈ ਪਰਕਾਰ ਦੇ ਜਵਾਬਾਂ ਦੀ ਕੜੀ ਅਤੇ ਅਨੁਬੰਧ ਹੈ। ਹਾਸ-ਵਿਅੰਗ ਦੀ ਰਚਨਾਤਮਿਕ ਵਿਸ਼ੇਸ਼ਤਾ ਦੇ ਪ੍ਰਭੇਦ ਕੀ ਹਨ? ਉਹ ਵਾਦ-ਵਿਵਾਦੀ ਉਦਾਹਰਣਾ ਸਾਂਗ ਅਤੇ ਪਰਹਸਨ ਦਾ ਕਿੱਦਾਂ ਵਰਗੀਕਰਨ ਕਰਦੀਆਂ ਹਨ? ਕੀ ਉਨ੍ਹਾਂ ਦਾ ਪ੍ਰਤੀਕੂਲ ਵਿਵਾਦੀ ਦੁਖਾਂਤ ਹੈ? ਦੁਖਾਂਤ ਅਤੇ ਸੁਖਾਂਤ ਦੀ ਵਿਭਿੰਨਤਾ ਕੀ ਹੈ? ਉਸਦਾ ਸਮਾਜਕ ਵਿਆਕਤੀਗਤ ਕੀ ਹੈ, ਉਸਦਾ ਵਿਆਕਤੀਗਤ ਚਿਕਿਸਤਕ ਕੌਣ ਹੈ? ਜਾਂ ਫਿਰ ਉਹ ਕਿਸੇ ਸਭਿਆਚਾਰ ਦੀ ਪਛਾਣ ਕਰਵਾਉਣ ਵਿੱਚ ਕਿਵੇਂ ਸਹਾਈ ਹੁੰਦਾ ਹੈ?
ਉਪ੍ਰੋਕਤ ਸਵਾਲਾਂ ਦੇ ਜਵਾਬ ਗੁਰਦੇਵ ਸਿੰਘ ‘ਮਠਾੜੂ’ ਜੀ ਦੀ ਹੱਥਲੀ ਪੁਸਤਕ ‘ਸਾਡਾ ਰੱਬ’ ਵਿੱਚ ਕੁਝ ਸੰਬੰਧਤ ਸਮੱਗਰੀ ਪ੍ਰਦਾਨ ਕਰਨਗੇ। ਅਜਿਹੀ ਕੀਤੀ ਹੋਈ ਵਿਚਾਰ ਵੀ ਹਾਸ ਵਿਅੰਗ ਦੀ ਅੰਤਮ ਪਛਾਣ ਦਾ ਰੂਪ ਨਹੀਂ ਧਾਰਦੀ। ਕਈ ਹੋਰ ਵੱਖਰੀਆਂ ਵਿੱਧੀਆਂ ਦੀ ਵੀ ਜਰੂਰਤ ਹੈ। ਨਾ ਹੀ ਕੋਈ ਤਰਕ ਵਿਵਾਦ ਇਸ ਬਾਰੇ ਇਹ ਗੱਲ ਕਹਿ ਸਕਦਾ ਹੈ ਕਿ ਹਾਸ ਵਿਅੰਗ ਕੀ ਸੀ ਅਤੇ ਕੀ ਹੈ?
ਜੇਕਰ ਦੁਖਾਂਤ ਕੁਰਬਾਨੀ, ਮੌਤ, ਅਣਹੋਣੀਆਂ, ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਤਰੁੱਟੀਆਂ ਅਤੇ ਭਰਿਸ਼ਟਾਚਾਰ ਹਨ ਤਾਂ ਇਨ੍ਹਾਂ ਨੂੰ ਕਿਸ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ? ਕਿਸੇ ਦੁਖਾਂਤਕ ਘਟਨਾ ਦੇ ਪ੍ਰਬੰਧ ਨੂੰ ਕਿਸੇ ਬੇਢੱਬੀ ਰੀਤ ਨਾਲ ਨਜਿੱਠਿਆ ਜਾਂਦਾ ਹੈ ਤਾਂ ਉਸ ਰੀਤ ਦਾ ਵਿਸ਼ਲੇਸ਼ਣ ਹਾਸ ਵਿਅੰਗ ਜਾਂ ਹਾਸ ਰਸ ਹੈ। ਜਿਸ ਨੂੰ ‘ਸਾਡਾ ਰੱਬ’ ਪੁਸਤਕ ਵਿੱਚ ‘ਮਠਾੜੂ’ ਨੇ ਸਿਰਜਿਆ ਹੈ। ਪੁਰਾਤਨ ਧਾਰਮਿਕ ਕ੍ਰਮ ਕਿਰਿਆ, ਪ੍ਰਕਿਰਿਆ,ਅਤੇ ਕਰਮ ਕਾਂਡੀਆਂ ਬਾਰੇ ਮਠਾੜੂ ਨੇ  ਵਿਅੰਗਾਤਮਿਕ ਦ੍ਰਿਸ਼ਟੀ ਪਾਈ ਹੈ। ਭੰਡਾਂ, ਨਕਲੀਆਂ ਅਤੇ ਉਰਵਹਾਂ ਨੂੰ ਵੀ ਉਘਾੜਿਆ ਹੈ। 
ਚਲ ਮਰਾਸੀ ਪਿੰਣ ‘ਚ ਜਾ ਸ਼ਹਿਰ ਵੜਿਆ।
ਭੀੜ ਭੜੱਕਾ ਵੇਖ ਉਹ, ਇੱਕ ਥਾਂਏ ਖੜਿਆ। (ਮਰਾਸੀ ਸ਼ਹਿਰ ਵਿੱਚ)
ਮਰਾਸੀ ਦੇ ਮੂੰਹੋਂ ਪੇਡੂੰ ਅਤੇ ਸ਼ਹਿਰੀ ਜੀਵਨ ਦਾ ਮੁਲਾਂਕਣ ਕਰਾਉਦਾ ਹੋਇਆ ਲਿਖਦਾ ਹੈ।
ਪਿੰਡੀ  ਵਸਣ  ਦੇਵਤੇ  ਤੇ  ਭੂਤਨੇ  ਸ਼ਹਿਰੀ।
ਚੈਨ ਨਾ ਮਿਲਦਾ ਸ਼ਹਿਰੀਆਂ ਨੂੰ ਅੱਠੇ ਪਹਿਰੀ।
ਮਨੁੱਖ ਨੂੰ ਮੁੱਢ ਕਦੀਮੀ ਤੋਂ ਰਾਜਸੱਤਾ ਅਤੇ ਪੈਸਾ ਇੱਕਠਾ ਕਰਨ ਦੀ ਲਾਲਸਾ ਰਹੀ ਹੈ। ਜਿਸ ਲਈ ਉਹ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਹਨ। ਰਾਜਿਆਂ ਮਹਾਂਰਾਜਿਆਂ ਦੇ ਦਰਬਾਰਾਂ ਵਿੱਚ ਭੰਡ ਉਨ੍ਹਾਂ ਦੀਆਂ ਮਾਨਸਿਕ ਉਲਝਣਾ ਦਾ ਸਮਾਧਾਨ ਕਰਦੇ ਹੁੰਦੇ ਸਨ। ਇੱਕ ਮਿਥਿਹਾਸਕ ਕਹਾਵਤ ਹੈ ਕਿ ਇੱਕ ਬਾਦਸ਼ਾਹ ਨੇ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਉਸਨੂੰ ਹਸਾ ਨਹੀਂ ਸਕਦਾ। ਇੱਕ ਵੇਰਾਂ ਜਦ ਇੱਕ ਭੰਡ ਨੇ ਉਸ ਨੂੰ ਹੱਸਣ ਉਪਰ ਮਜਬੂਰ ਕਰ ਦਿੱਤਾ ਤਾਂ ਰਾਜੇ ਨੇ ਉਸ ਭੰਡ ਨੂੰ ਜਗਰਿਾਂ ਅਤੇ ਖਿਲਤਾਂ ਦੇ ਕੇ ਸਨਮਾਨਿਆ ਸੀ। ਸੁ ਹਾਸਰਸ ਦੀ ਏਨੀ ਵੱਡੀ ਪ੍ਰਾਪਤੀ ਵੀ ਹੈ। ਹਾਸਰਸ ਵਿੱਚ ਠਾਹ ਸੋਟਾ ਪ੍ਰਧਾਨ ਹੁੰਦਾ ਹੈ। ਇਸ ਕਦਰ ਮਠਾੜੂ ਇੱਕ ਮਾਹਰ ਸਾਹਿਤਕਾਰ ਹੈ। ਕਈ ਥਾਵਾਂ ਉਪਰ ਉਹ ਤਿੱਖੀ ਤਲਵਾਰ ਦੇ ਘਾਉ ਵਰਗਾ ਸੁਆਦ, ਕਈ ਵਾਕਾਂ ਵਿੱਚੋਂ ਚਣ ਦੇ ਗੰਨੇ ਵਰਗਾ ਸੁਆਦ, ਕਦੇ ਤੁੰਮੇ ਵਰਗਾ ਅਤੇ ਕਦੇ ਨਿੰਮ ਚੜ੍ਹੇ ਕਰੇਲੇ ਵਰਗਾ ਕੜਵਾਪਨ ਕਈ ਪੰਗਤੀਆਂ ਵਿੱਚ ਪੜਨ ਨੂੰ ਮਿਲਦਾ ਹੈ। ਮਠਾੜੂ ਦੀ ਹਾਸਰਸ ਰਚਨਾ ਵਿੱਚ ਦੋਧਾਰੀ ਤਿੱਖੀ ਤਲਵਾਰ ਦੀ ਧਾਰ ਵਰਗਾ ਵਾਰ ਹੁੰਦਾ ਹੈ। ਮਠਾੜੂ ਇਸ ਗੱਲ ਦਾ ਖਿਆਲ ਰੱਖਦਾ ਹੈ ਕਿ ਉਹ ਤਲਵਾਰ ਦੀ ਤਿੱਖੀ ਧਾਰ ਵਾਲਾ ਪਾਸਾ ਆਪਣੇ ਵੱਲ ਰੱਖਦਾ ਹੈ। ਲੇਖਕ ਸਮਾਜ ਨੂੰ ਸੁੰਦਰ ਅਤੇ ਜਿ਼ੰਦਗੀ ਨੂੰ ਜੀਣ ਜੋਗਾ ਬਣੀ ਹੋਈ ਵੇਖਣਾ ਚਾਹੁੰਦਾ ਹੈ। ਉਸਦੀਆਂ ਰਵਨਾਵਾਂ ਵਿੱਚ ਸੱਤ, ਸੁਹਜ ਅਤੇ ਸੁੰਦਰਤਾ ਹੁੰਦੀ ਹੈ। ਕੁਰੀਤੀਆਂ, ਭਰਿੱਸ਼ਟਾਚਾਰ, ਰਿਸ਼ਵਤ ਖੋਰੀ, ਕੁੰਨਬਾ ਪਰਵਰੀ, ਅਤੇ ਲੁਟ ਕਸੁੱਟ ਦੇ ਵਿਰੁੱਧ ਉਸਦੀਆਂ ਰਚਨਾਵਾਂ ਲਾਮਬੱਧ ਹੁੰਦੀਆਂ ਹਨ। ਸਮਾਜਿਕ, ਸਭਿਆਚਾਰਕ ਅਤੇ ਆਰਥਿਕਤਾ ਦੀ ਕਾਣੀ ਵੰਡ ਪ੍ਰਤੀ ਪਾਠਕਾਂ ਨੂੰ ਜਾਗਰੂਕ ਕਰਦਾ ਹੈ। ਰਾਜਨੀਤਕ ਆਗੂਆਂ ਦੀਆਂ ਕਾਲੀਆਂ ਕਰਤੂਤਾਂ ਦੀ ਪ੍ਰਦਰਸ਼ਨੀ ਕਰਦਾ ਹੈ।
ਅੱਗੇ ਨਹੀਂ ਸੀ ਉਸ ਕੋਲ , ਕੋਈ ਸਾੲਕਿਲ ਭਾਈ।
ਅੱਜ ਅੰਬੈਸਡਰ ਨਵੀਂ ਉਹ ਫਿਰੇ ਭਜਾਈ।
............
ਉਹ ਵੇਖ ਮਠਾੜੂ ਲੀਡਰਾਂ ਤੋਂ ਪਰ੍ਹੇ ਹੀ ਰਹਿੰਦਾ।
ਤਾਂਹੀਓ ਸੱਚੀ ਗੱਲ ਸਦਾ ਮੂੰਹ ਤੇ ਕਹਿੰਦਾ। (ਸਿਆਸੀ ਬੰਦਾ)
ਧਾਰਮਿਕ ਆਗੂਆਂ ਦਾ ਵੀ ਮਠਾੜੂ ਮੌਜੂ ਉਡਾਉਦਾ ਹੈ। ਉਸਨੇ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ ਜਿਹੜੇ ਲੋਕ ਧਾਰਮਕ ਸਥਾਨਾਂ ਦੀਆਂ ਸਟੇਜਾਂ ਉਪਰ ਆਪਣੇ ਗਿਆਨ ਦਾ ਪ੍ਰਗਟਾਵਾ ਕਰਦੇ ਹਨ। ਉਹੀ ਲੋਕ ਹੀ ਉਪੱਦਰ ਵੀ ਕਰਦੇ ਹਨ। ਉਹ ਆਪਣੀ ਕਵਿਤਾ ‘ਰਾਗੀ ਜਥਾ’ ਵਿੱਚ ਲਿਖਦਾ ਹੈ। ਪਹਿਲਾ ਇੱਕ ਦੋਹਰੇ ਵਿੱਚ ਗੁਰੂ ਘਰ ਦੀ ਸੰਗਤ ਵਲੋਂ ਕੀਤੀ ਜੱਥੇ ਦੀ ਸਿਫਤ ਅੰਕਿਤ ਹੈ।
ਭੋਗ ਪਏ ਤੇ ਸੰਗਤ ਸਾਰੀ, ਲੰਗਰ ਹਾਲ ‘ਚ ਜਾਵੇ ਜੀ।
ਬਹੁਤ ਚੰਗਾ ਜੀ ਜੱਥਾ ਹੈ ਇਹ ਸਾਰੀ ਸੰਗਤ ਗਾਵੇ ਜੀ।
ਅਤੇ ਉਹੀ ਰਾਗੀ ਕਵੀ ਦੇ ਘਰ ਜਾਕੇ ਨਸਿ਼ਆਂ ਦੀ ਮੰਗ ਕਰਦੇ ਹਨ। ਇਸ ਤਰ੍ਹਾਂ ਮਠਾੜੂ ਧਾਰਮਿਕ ਆਗੂਆਂ ਦੇ ਦੁਹਰੇ ਕਿਰਦਾਰ ਨੂੰ ਪਾਠਕਾਂ ਦੇ ਸਨਮੁਖ ਕਰਦਾ ਹੈ।
ਘਰ ਜਾ ਕੇ ਮੈਂ ਪੁੱਛਿਆ ਚੌਹਾਂ ਨੂੰ, ਦਾਸ ਕੀ ਸੇਵਾ ਕਰ ਸਕਦਾ।
ਜੋ ਕੁਝ ਖਾਣਾ ਦੱਸੋ ਮੈਨੂੰ ਗੈਸ ਦੇ ਉਪਰ ਮੈਂ ਧਰ ਸਕਦਾ।
ਕੰਨੋ ਸੰਨੀ ਹੋ ਕੇ ਏਦਾਂ ਚਾਰੇ ਆਖ ਸੁਣਾਉਦੇ ਆ ਜੀ।
ਓਦਾਂ ਤਾਂ ਅਸੀਂ ਗੁਰ ਦੇ ਸੇਵਕ ਮਦਰਾ ਮੂੰਹ ਨਾ ਲਾਉਦੇ ਜੀ।
ਪਰ ਅੱਜ ਗਲੇ ਖੁਸ਼ਕ ਨੇ ਹੋ ਗਏ, ਸਾਡੇ ਬਹੁਤ ਹੀ ਜਿਆਦਾ ਜੀ।
ਦੱਸੀਂ ਨਾ ਕੁਝ ਕਿਸੇ ਨੂੰ ਜਾ ਕੇ ਕਰ ਅਸਾਂ ਨਾਲ ਵਾਅਦਾ ਜੀ।
ਇੰਗਲਿੰਸ਼ ਪੀਣ ਨੂੰ ਦਿਲ ਹੈ ਕਰਦਾ ਨਾਲ ਕੜਾ ਕੋਈ ਕੁੱਕੜ ਜੀ।
ਗੁਰੂ ਦੇ ਅਸੀਂ ਹਜੂਰੀ ਰਾਗੀ, ਨਾ ਕੋਈ ਓਦਾਂ ਦੁਖੜ ਜੀ। (ਰਾਗੀ ਜੱਥਾ)
ਉਪ੍ਰੋਕਤ ਸਤਰਾਂ ਵਿੱਚ ਮਠਾੜੂ ਦਾ ਆਪਣੇ ਅਮਲੀ ਜੀਵਨ ਦਾ ਵੀ ਚਿਤ੍ਰਣ ਹੈ। ਕੁਰਸੀ ਨੂੰ ਜੱਫਾ ਪਾ ਕੇ ਬੈਠਾ ਨੇਤਾ  ਜੰਤਾ ਨੂੰ ਲੁੱਟਣਾਂ ਆਪਣਾ ਹੱਕ ਸਮਝਦਾ ਹੈ। ਉਨ੍ਹਾਂ ਵਾਸਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਉਹ ਕਈ ਕੰਮ  ਅਸਿੱਧੇ ਢੰਗ ਨਾਲ ਕਰਦੇ ਅਤੇ ਕਰਾਉਦੇ ਹਨ।
ਡੱਬੀ  ਅਫੀਮ  ਵਾਲੜੀ  ਵਿੱਚ  ਗੀਝੇ ਰਹਿੰਦੀ।
ਤਕੜਾ ਬੰਦਾ ਯਾਰ ਜੇ ਕੁਝ ਪੁਲਸ ਨਾ ਕਹਿੰਦੀ।
ਆਪਾਂ ਵੀ ਕੋਈ ਕਿਰਪਿਆ, ਹੁਣ ਸੋਚ ਲੜਾਈਏ।
ਸਿਆਸੀ ਬੰਦਾ ਲੱਭ ਕੇ  ਆਪਾਂ ਯਾਰ ਬਨਾਈਏ। (ਸਿਆਸੀ ਬੰਦਾ)
ਮਠਾੜੂ ਲਿਖਦਾ ਹੈ ਕਿ ਅਜਿਹੇ ਲੀਡਰਾਂ ਨੂੰ ਕੋਈ ਹਾਣ ਲਾਭ ਨਹੀਂ ਹੁੰਦਾ। ਉਨ੍ਹਾਂ ਦਾ ਪਰਜਾ ਨਾਲ ਕੋਈ ਹਿੱਤ ਨਹੀਂ ਹੁੰਦਾ। ਉਨ੍ਹਾਂ ਵਿਚੋਂ ਅਣਖ ਮਰ ਚੁੱਕੀ ਹੁੰਦੀ ਹੈ। 
ਬਹਿ ਕੁਰਸੀ ਕਈ ਅਣਖ ਨਾਲ ਹੈ ਜੁਲਮ ਕਮਾਉਦੇ।
ਚੁੱਕ ਕੇ ਸਾਹਮਣੇ ਅਣਖ ਨੂੰ, ਫਿਰ ਮਾਰ ਮੁਕਾਉਦੇ।  (ਬੇਅਣਖੇ)
ਕਵੀ ਨੇ ਨੇਤਾਵਾਂ ਦਾ ਚਰਿੱਤਰ ਬੜੀ ਹੀ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਬਿਆਨਿਆ ਹੈ।
ਲੋੜੋ ਵੱਧ ਜਿਹੜਾ ਝੁਕਦਾ ਸ਼ਰਮ ਹਿਆ ਨਾ ਜਾਣੇ ਜੋ।
ਸਮਝੋ ਬੰਦਾ ਲੀਡਰ ਉਹੀਓ ਆਪਣੇ ਨਾ ਪਛਾਣੇ ਜੋ। (ਕਰਿਕਟਰ)
ਜਿਹੜੇ ਨੇਤਾ ਚੋਣਾ ਸਮੇਂ ਲੋਕਾਂ ਨਾਲ ਵਾਇਦੇ ਕਰਦੇ ਹਨ ਅਤੇ ਕੁਰਸੀ ਹਾਸਲ ਕਰਕੇ ਸਭ ਵਾਇਦੇ ਭੁੱਲ ਜਾਂਦੇ ਹਨ। ਉਸ ਕਿਰਦਾਰ ਨੂੰ ਮਠਾੜੂ ਹੇਠ ਲਿਖੇ ਦੀ ਤਰ੍ਹਾਂ ਚਿਤਰਦਾ ਹੈ।
ਪਿਛਲੀਆਂ  ਚੋਣਾ  ਵੇਰ  ਸੀ,ਜੋ ਏਥੇ ਖੜਿਆ।
ਚੋਣ ਅਖਾੜਾ ਜਿੱਤਕੇ, ਮੁੜ ਪਿੰਡ ਨਾ ਵੜਿਆ।
...........
ਨਾ ਹੀ ਬਣਿਆ ਪੁੱਲ ਕੋਈ, ‘ਤੇ ਨਾ ਮਦਰੱਸੇ।
ਜਾਂਦਾ ਕੋਈ ਮਿਲਣ ਜਦ, ਉਹ ਮਕਰਾ ਹੱਸੇ। (ਸਿਆਸੀ ਬੰਦਾ)
ਅਮਲੀਆਂ ਦੇ ਵਪਾਰ ਕਵਿਤਾ ਵਿੱਚ ਕਾਂਗਰਸੀ ਨੇਤਾਵਾਂ ਦਾ ਚਰਿੱਤਰ ਦਰਸਾਉਦਾ ਲਿਖਦਾ ਹੈ।
ਕਰਕੇ ਵਾਇਦੇ ਮੁਕਰਦੇ, ਕਾਂਗਰਸੀਆਂ ਵਾਂਗੂੰ।
ਮੋਹਰੇ ਕਹਿਣ ਪੰਚਾਇਤ ਦੇ ਨਾ ਕਿੱਕਰ ਛਾਂਗੂੰ।
ਮਠਾੜੂ ਕਿਸੇ ਦਾ ਦੁਸ਼ਮਣ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਪ੍ਰਾਪੇਗੰਡਾ ਕਰਦਾ ਹੈ। ਉਹ ਜੋ ਕੁਝ ਸਾਹਮਣੇ ਹੁੰਦਾ ਵੇਖਦਾ ਹੈ, ਉਨ੍ਹਾਂ ਸਾਰੀਆਂ ਘਟਨਾਵਾਂ ਨ ਹੂ-ਬ-ਹੂ ਲਿਖਦਾ ਹੈ। ਉਨ੍ਹਾਂ ਘਟਨਾਵਾਂ ਦੇ ਪਰਿਣਾਮ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਲਿਖਦਾ ਹੈ। ਕਰਿਕਟਰ ਕਵਿਤਾ ਵਿੱਚ ਹਰ ਜਾਤ ਅਤੇ ਹਰ ਕੌਮ ਦੇ ਚਰਿੱਤਰ , ਪਹਿਰਾਵਾ ਅਤੇ ਉਨ੍ਹਾਂ ਦੇ ਗਲਤ ਜਾਂ ਸਹੀ ਰੀਤੀ ਰਿਵਾਜ, ਆਦਤਾਂ ਬਾਰੇ ਵਾਰਸ ਸ਼ਾਹ ਵਾਂਗ ਵਿਵਰਣ ਸਹਿਤ ਲਿਖਦਾ ਹੈ। ‘ਚੰਗਾ ਰਾਜ’ ਅਤੇ ‘ਰਾਤ ਦੇ ਵਪਾਰੀ’ ਕਵਿਤਾਵਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਵਿਦਵਤਾ ਨੂੰ ਦਰਸਾਉਦਾ ਹੈ। ‘ਸਾਡਾ ਪਿੰਡ’ ਕਵਿਤਾ ਵਿੱਚ ਪਿੰਡ ਦੇ ਲੋਕਾਂ ਦੇ ਕਿੱਤਿਆਂ ਨੂੰ ਬਿਆਨਦਾ ਲਿਖਦਾ ਹੈ ਕਿ ਰੱਬ ਨੇ ਆਦਮੀ ਤਾਂ ਸਭ ਇੱਕੋ ਜਿਹੇ ਹੀ ਬਨਾਏ ਸਨ, ਪਰ ਵੱਖ ਵੱਖ ਕਿੱਤਿਆ ਕਾਰਨ ਵੱਖੋ ਵੱਖਰੀਆਂ ਜਾਤਾਂ ਬਣ ਗਈਆਂ ਹਨ। 
ਏਦਾਂ ਲੈ ਕੇ ਕੌਮਾਂ ਬਣ ਗਈਆਂ, ਹੁਣ ਕਿੱਤਿਆਂ ਤੋਂ ਇਹੇ।
ਕੀਤੇ  ਸੀ  ਇਨਸਾਨ ਪੈਦਾ  ਸਭ ਵਾਹਿਗੁਰੂ ਇੱਕੇ ਜਿਹੇ। (ਸਾਡਾ ਪਿੰਡ)
ਮਠਾੜੂ ਗਟੀਆ ਕਿਰਦਾਰ ਦੇ ਲੋਕਾਂ ਦਾ ਮਾਸ ਉਧੇੜਦਾ ਅਤੇ ਵਖੀਏ ਉਖੇੜਦਾ ਹੈ। ਪਖੰਡੀ ਸਮਾਜ ਦੇ ਮਖੌਟੇ ਉਤਾਰਦਾ ਅਤੇ ਭੇਖੀਆਂ ਦਾ ਮਖੌਲ ਉਡਾਉਦਾ ਹੈ। ਸਮਾਜ ਦੀਆਂ ਮੌਜੂਦਾ ਕਦਰਾਂ ਕੀਮਤਾਂ ਉਪਰ ਮਿੰਨੀਆਂ ਮਿੰਨੀਆਂ ਚੋਟਾਂ ਲਾਉਦਾ ਹੈ। ਆਲੇ ਦੁਆਲੇ ਦੀਆਂ ਵਿਸੰਗਤੀਆਂ ਅਤੇ ਸਮਾਜਕ ਬੁਰਾਈਆਂ ਦੂਰ ਕਰਨ ਲਈ ਆਪਣੀਆਂ ਰਚਨਾਵਾਂ ਰਚਦਾ ਹੈ, ਜੋ ਹਾਸ ਵਿਅੰਗ ਦਾ ਇੱਕ ਲੱਛਣ ਹੈ। ਕਦੇ ਆਪਣੀਆਂ ਭੁੱਲਾਂ ਕਦੇ ਦੂਜਿਆਂ ਦੀਆਂ ਭੁੱਲਾਂ ਅਤੇ ਮੂਰਖਤਾਵਾਂ ਅਤੇ ਕਦੇ ਸਮਾਜ ਅਤੇ ਦੇਸ਼ ਵਿੱਚ ਵੱਧ ਰਹੀਆਂ ਵਿਆਪਕ ਕੁਰੀਤੀਆਂ, ਭਰਿਸ਼ਟਾਚਾਰ ਉਤੇ ਕਟਾਖਸ਼ ਕਰਦਾ ਹੈ। ਜਦ ਇੰਦਰਾ ਪ੍ਰਧਾਨ ਮੰਤਰੀ ਸੀ ਤਾਂ ਦਿੱਲੀ ਸਰਕਾਰ ਨੇ ਸਿੱਖਾਂ ਦੇ ਪੂਜਣਯੋਗ ਧਾਰਮਿਕ ਅਸਥਾਨ ਸੀ ਅੰਮ੍ਰਿਤਸਰ ਵਿਖੇ ਸਰਵੋਤਮ ਉਚੇ ਤਖਤ ਅਕਾਲ ਤਖਤ ਉਪਰ ਫੌਜੀ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦਾ ਬਾਕੀ ਸਿੱਖਾਂ ਵਾਂਗ ਕਵੀ ਦੇ ਮਨ ਨੂੰ ਵੀ ਠੇਸ ਲੱਗੀ ਤਾਂ ਉਸਨੇ ‘ਇੰਦਰਾ ਕੌਣ’ ਆਪਣੀ ਕਵਿਤਾ ਵਿੱਚ ਆਪਣੇ ਉਪਰ ਪਏ ਅਸਰ ਦੀ ਅਭਿਵਿਅਕਤੀ ਕੀਤੀ ਹੈ।
ਕਿਉਂ ਉਸ ਢਾਇਆ ਅਸਾਂ ਦਾ, ਜੋ ਤਖਤ ਹੈ ਉਚਾ।
ਤਖਤ ਦਿਲੀ ਦਾ ਝੂਠੜਾ, ਸਾਡਾ ਤਖਤ ਹੈ ਸੁੱਚਾ।
ਮਠਾੜੂ ਆਪਣੀ ਕਵਿਤਾ ਵਿੱਚ ਅਖਾਣਾ ਅਤੇ ਮੁਹਾਵਰੇ ਖੂਬ ਵਰਤਦਾ ਹੈ। ਉਸਦੀਆਂ ਕਵਿਤਾਵਾਂ ਵਿਚਲੀਆਂ ਕਈ ਸਤਰਾਂ ਆ ਮੁਹਾਵਰੇ ਬਣ ਜਾਣ ਦਾ ਮੁੱਦਾ ਰੱਖਦੀਆਂ ਹਨ। ਉਦਾਹਰਣ ਨਿਮਨ ਲਿਖਤ ਹੈ।
ਛੱਡਣਾ ਕੰਮ ਅਧਵਾਟਿਓ, ਨਹੀਂ ਸਿੱਖ ਨੂੰ ਭਾਉਦਾ।
ਅਸਲੀ ਗੁਰੂ ਦਾ ਸਿੱਖ ਜੋ ਕਰ ਬੋਲ ਪਗਾਉਦਾ।  (ਸ਼ਰਤ)
ਅਤੇ
ਚੁਗਲੀ ਦੀ ਜੇ ਆਦਤ ਪੈ ਜਾਏ, ਚੁਗਲਖੋਰ ਬਣ ਜਾਵੇ ਉਹ।
ਭਾਂਤ ਭਾਂਤ ਦੀ ਚੁਗਲੀ ਕਰ ਕੇ, ਟਾਕੀ ਚੰਨ ‘ਤੇ ਲਾਵੇ ਉਹ। (ਚੁਗਲੀ)
ਮਠਾੜੂ ਪਿੰਡਾਂ ਦੇ ਸਿੱਧ ਪੱਧਰੇ ਅਤੇ ਨਿਰਛਲ ਲੋਕਾਂ ਬਾਰੇ ਲਿਖਦਾ ਹੈ। ਵਿਸਿ਼ਆਂ ਦੀ ਚੋਣ ਪਰਿਵਾਰਕ ਸਮੱਸਿਆਵਾਂ ਤੋਂ ਲੈ ਕੇ ਸਮਾਜਕ ਵਿਸੰਗਤੀਆਂ,  ਧਾਰਮਿਕ ਆਗੂਆਂ ਦਾ ਚਰਿਤਰ ਅਤੇ ਰਾਜਨੀਤਕ ਸ਼ੋਸ਼ਣ ਨੂੰ ਬਿਆਨਦੀਆਂ ਕਵਿਤਾਵਾਂ  ਭਰਿਸ਼ਰਾਚਾਰ ਦਾ ਚੀਰ ਹਰਨ ਕਰਦੀਆਂ ਹਨ। ਕਵੀ ਦੀ ਵਿਅੰਗਕਾਰੀ ਉਪਰ ਲੋਕਯਾਨ ਵਿਅੰਗਕਾਰੀ ਦੇ ਸਾਰੇ ਤੱਤਾਂ ਅਤੇ ਵਿੱਧੀਆਂ ਦੀ ਡੂੰਘੀ ਛਾਪ ਲੱਗੀ ਹੋਈ ਹੈ। ਚੀਥੜਿਆ ਵਿੱਚ ਲਿਪਟੋ ਲੋਕ ਉਸਦੀਆਂ ਕਵਿਤਾਵਾਂ ਦੇ ਮੁਖ ਪਾਤਰ ਹਨ। ਮਠਾੜੂ ਦੀਆਂ ਸਾਰੀਆਂ ਦੀਆਂ ਸਾਰੀਆਂ ਕਵਿਤਾਵਾਂ  ਮਨੁੱਖ ਦੇ ਉਜਲੇ ਭਵਿੱਖ ਲਈ ਧਰਾਤਲ ਤਿਆਰ ਕਰਦੀਆਂ ਹਨ। ਮਠਾੜੂ ਪ੍ਰਗਤੀਵਾਦੀ ਅਤੇ ਦਾਰਸ਼ਨਿਕ ਕਵੀ ਤਾਂ ਹੂ ਹੀ ਹੈ ਕਿਉਂਕਿ ਕਵੀ ਦੀਆਂ ਰਚਨਾਵਾਂ ਮਨੁੱਖ ਨੂੰ ਮਨੁੱਖ ਸਮਝ ਕੇ ਉਨ੍ਹਾਂ ਦੇ ਪਖਸ਼ ਪੇਸ਼  ਕਰਦੀਆਂ ਹੋਣ ਕਰਕੇ ਮਠਾੜੂ ਮਾਨਨਵਾਦੀ ਕਵੀ ਵੀ ਹੋ ਜਾਂਦਾ ਹੈ। ਇਸੇ ਕਰਕੇ ਉਹ ਪ੍ਰਗਤੀਵਾਦੀ ਕਵੀ ਹੁੰਦਾ ਹੋਇਆ ਇੱਕ ਵਧੀਆਂ ਦਾਰਸ਼ਨਿਕ ਕਵੀ ਮਾਨਵਾਦੀ ਧਾਰਾ ਦਾ ਕਵੀ ਵੀ ਹੈ। ਇਸ ਹੱਥਲੀ ਪੁਸਤਕ ਨਾਲ ਉਹ ਹਾਸਰਸ ਕਵੀ ਵੀ ਹੋ ਨਿਬੜਿਆ ਹੈ। ਮਠਾੜੂ ਇਸ ਸਾਰੀ ਸ੍ਰਿਸ਼ਟੀ ਨੂੰ ਰੱਬ ਦੀ ਹੀ ਸਿਰਜਨਾ ਸਮਝਦਾ ਹੈ। ਹੇਠਲੇ ਦੋਹਰੇ ਦੇ ਉਚਾਰਨ ਉਪਰ ਕਵੀ ਉਪਰ ਵਾਰਸ ਸ਼ਾਹ ਦੇ ਵਿਚਾਰਾਂ ਦਾ ਪ੍ਰਭਾਵ ਪਰਤੱਖ ਨਜ਼ਰ ਆਉਦਾ ਹੈ।
ਪਹਿਲਾਂ ਪਿਆਰ ਹੈ ਉਹੋ ਕਰਦਾ ਜਿਸਨੇ ਦੁਨੀਆਂ ਸਾਜੀ ਹੈ।
ਦੁਨੀਆਂ ਪਿਆਰ ਦਾ ਨਾਟਕ ਕਰਕੇ ਉਸਦੀ ਮੋੜੇ ਭਾਜੀ ਹੈ। (ਪਿਆਰ)
ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝ ਕੇ ਉਨ੍ਹਾਂ ਵਿਚਾਰਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਵੱਖਰੇ ਢੰਗ ਨਾਲ ਦੁਹਰਾਉਣਾ ਨਕਲ ਨਹੀਂ ਹੁੰਦਾ। ਕਿਉਂਕਿ ਵਾਰਸ ਸ਼ਾਹ ਨੇ ਵੀ ਇਹ ਵਿਚਾਰ ‘ਕੁਰਾਨਿ ਸ਼ਰੀਫ’ ਤੋਂ ਹੀ ਪ੍ਰਾਪਤ ਕੀਤਾ ਸੀ। 
ਕਵੀ ਰੱਬ ਬਾਰੇ ਆਪਣੇ ਵਿਚਾਰ ਲਿਖਦਾ ਹੈ।
ਪਹਿਲਾਂ ਚੱਕਰ ਉਸ ਚਲਾਇਆ, ਜਿਸਨੂੰ ਰੱਬ ਜੀ ਕਹਿੰਦੇ ਹਾਂ।
ਫਿਰ ਧਰਤੀ ਉਸ ਪਾਈ ਚੱਕਰੀਂ, ਜਿਸਦੇ ਵਿੱਚ ਅਸੀਂ ਰਹਿੰਦੇ ਹਾਂ। (ਚੱਕਰ)
ਮਠਾੜੂ ਜਾਤਾਂ ਪਾਤਾਂ ਨੂੰ ਰੱਬ ਵਲੋਂ ਬਣਾਈਆਂ ਗਈਆਂ ਨਹੀਂ ਸਵੀਕਾਰਦਾ। ਕਵੀ ਲਿਖਦਾ ਹੈ ਕਿ;
ਏਦਾਂ ਲੋਕੋ ਕੰਮਾਂ ਬਣ ਗਈਆਂ, ਹੁਣ ਕਿੱਤਿਆਂ ਤੋਂ ਏਹੇ।
ਕਤਿੇ ਸੀ ਇਨਸਾਨ ਉਸ ਪੈਦਾ, ਵਾਹਿਗੁਰੂ ਇੱਕੋ ਜੇਹੇ। (ਸਾਡਾ ਪਿੰਡ) 
ਫੌਜੀ ਕਵਿਤਾ ਵਿੱਚ ਮਠਾੜੂ ਪਹਿਲੀ ਪੀੜੀ ਦੀ ਅਨਪੜ੍ਹਤਾ ਨੂੰ ਦਰਸਾਉਦਾ ਹੋਇਆ ਲਿਖਦਾ ਹੈ।
ਆਖੇ ਫੌਜੀ ਫਿਰ ਹੱਸਕੇ, ਕੀ ਪਰੇਡ ਨਾ ਜਾਣੋ।
ਕਸਰਤ ਕਰਾ ਕੇ ਸਭ ਦੀ ਉਥੇ ਕੱਢਣ ਕਾਣੋਂ। (ਫੌਜੀ)
ਫੌਜੀਆਂ ਦੇ ਅਨੁਸ਼ਾਸ਼ਨ ਤੋਂ ਅਣਜਾਣ ਪੇਡੂੰ ਲੋਕਾਂ ਦਾ ਮੌਜੂ ਉਡਾਉਦਾ ਵਿਅੰਗਾਤਮਕ ਢੰਗ ਵਰਤਦਾ ਹੈ।
ਦੋਸਤ  ਆਖੇ  ਫੌਜੀਆਂ  ਤੁਸੀਂ  ਬੇਦਿਮਾਗ਼ੇ।
ਹੁਕਮ ਸਾਹਿਬ ਦਾ ਮੰਨਕੇ ਬਸ ਚਲਦੇ ਆਗੇ। (ਫੌਜੀ)
ਜਦ ਦੋਸਤ ਦਾ ਲਿਖਿਆ ਝੂਠਾ ਖੱਤ ਪੜ੍ਹ ਕੇ ਫੌਜੀ ਸੱਚ ਮੰਨ ਜਾਂਦਾ ਹੈ ਅਤੇ ਆਪਣੇ ਸਾਹਿਬ ਕੋਲੋਂ ਛੁੱਟੀ ਲੈ ਕੇ ਘਰ ਪਰਤਦਾ ਹੈ ਤਾਂ ਆਪਣੇ ਪਿੰਡ ਦੇ ਦੋਸਤ ਦੀ ਸਿੱਕ ਅਤੇ ਆਜ਼ਾਦੀ ਵਾਲੇ ਮਹੌਲ ਨੂੰ ਮਾਣਦਾ ਹੋਇਆ ਫੌਜੀ ਆਪਣੇ ਦੋਸਤ ਉਪਰ ਖਫਾ ਨਹੀਂ ਹੁੰਦਾ। ਆਪਣੇ ਯਾਰ ਨੂੰ ਕਲਾਵੇ ਵਿੱਚ ਲੈ ਕੇ ਹੱਸਦਾ ਕਹਿੰਦਾ ਹੈ।
ਆਡਰ  ਮੰਨੀਏ  ਸਾਹਿਬ  ਦਾ, ਬਸ  ਹੁਕਮ ਇਲਾਹੀ।
ਅਸੀਂ  ਆਪਣਾ ਦਿਮਾਗ਼ ਨਾ ਵਰਤੀਏ ਸੁਣ ਮੇਰੇ ਭਾਈ।    (ਫੌਜੀ)
‘ਬੇਅਣਖੇ’ ਨਾਮੀ ਕਵਿਤਾ ਵਿੱਚ ਗੁਰਦੇਵ ਸਿੰਘ ਮਠਾੜੂ ਨੇ ਬੇਸ਼ਰਮੀ, ਰਿਸ਼ਵਤਖੋਰੀ, ਝੂਠ ਤੂਫਾਨ, ਧੋਖਾਦੇਹੀ ਉਪਰ ਕਟਾਖਸ਼ ਲਾਈ ਹੈ।
ਬੇਅਣਖੇ ਫੇ’ ਅਣਖੀਆਂ ਤੋਂ ਵੱਢੀ ਲੈਂਦੇ।
ਬੜੇ ਹੀ ਬਣ ਕੇ ਢੀਠ ਉਹ ਨਾਲ ਏਦਾਂ ਕਹਿੰਦੇ।
ਨਹੀਂ ਕਸੂਰ ਕੋਈ ਅਸਾਂ ਦਾ, ਨਾ ਉਤਲਾ ਮੰਨਦਾ।
ਜੇ ਨਾ ਮੱਥਾ ਟੇਕੀਏ, ਉਹ ਸਾਨੂੰ ਭੰਨਦਾ।  (ਬੇਅਣਖੇ)
‘ਸਾਡਾ ਰੱਬ’ ਕਵਿਤਾ ਜਿਸਦਾ ਮਹੱਤਵ ਹੱਥਲੀ ਪੁਸਤਕ ਦੇ ਨਾਮੀਕਰਨ ਨਾਲ ਵੀ ਹੈ। ਇਸ ਕਵਿਤਾ ਵਿੱਚ ਮਨੁੱਖ ਦੇ ਰੰਗਾਂ ਅਤੇ ਨਸਲਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਗੋਰੇ ਰੰਗ ਦੇ ਆਦਮੀ ਯੂਰਪੀਅਨ, ਕਾਲੇ ਰੰਗ ਦੇ ਆਦਮੀ ਜਮੀਕਨ ਜਾਂ ਅਫਰੀਕਨ, ਅਤੇ ਸਾਂਵਲੇ ਰੰਗ ਦੇ ਆਦਮੀ ਏਸ਼ੀਅਨ ਲੋਕਾਂ ਨੂੰ ਰੱਬ ਨੇ ਵੱਖੋ ਵੱਖਰੇ ਰੰਗ ਕਿਉਂ ਅਤੇ ਕਿਵੇਂ ਦਿਤੇ ਹਨ? ਮਦਰਾਘਰ ਵਿੱਚ ਬੈਠੇ ਗੋਰੇ ਕਾਲੇ ਅਤੇ ਸਾਂਵਲੇ ਰੰਗ ਲੋਕ ਨਸ਼ੇ ਵਿੱਚ ਗੁੱਟ ਹੋ ਕੇ ਹੁੱਬ ਹੁੱਬ ਕੇ ਇੱਕ ਦੂਜੇ ਨੂੰ ਆਪਣੇ ਰੰਗ ਬਾਰੇ ਦਸਦੇ ਹਨ ਕਿ ਉਨ੍ਹਾਂ ਦਾ ਰੰਗ ਅਜਿਹਾ ਕਿਉਂ ਹੈ ਅਤੇ ਦੂਜੇ ਰੰਗਾ ਨਾਲੋਂ ਉਹ ਰੰਗ ਚੰਗਾ ਕਿਉਂ ਹੈ? ਕਵੀ ਨੇ ਸਾਰੇ ਰੰਗਾਂ ਦਾ ਮੁਲਾਂਕਣ ਕਰਕੇ ਆਟਾ ਗੁੰਨਣ ਅਤੇ ਤਵੇ ਉਪਰ ਰੋਟੀ ਰਾੜ੍ਹਨ ਜਾਂ ਕੱਚੀ ਰਹਿ ਜਾਣ ਦਾ ਪ੍ਰਤੀਕ ਵਰਤ ਕੇ ਮਨੁੱਖ ਨੂੰ ਮਿਲੇ ਵੱਖੌ ਵੱਖਰੇ ਰੰਗਾਂ ਦੇ ਭੇਦ ਨੂੰ ਬੜੇ ਹੀ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ।
ਕੱਚੀ ਰੋਟੀ ਤੋਂ ਗੋਰਾ ਬਣਿਆ, ਸੜੀ ਹੋਈ ਤੋਂ ਕਾਲਾ।
ਨਾਲ ਪਿਆਰ ਦੇ ਆਟਾ ਗੁੱਧਾ, ਰੱਬ ਜੀ ਸਾਡੇ ਵਾਲਾ।
‘ਇੰਦਰਾ ਕੌਣ’ ਕਵਿਤਾ ਵਿੱਚ ਮਠਾੜੂ ਨੇ ਇਹਿਾਸਕ ਸਚਾਈਆਂ ਜਿਹੜੀਆਂ ਪੁਰਾਤਨ ਕਵੀਆਂ ਨੇ ਸਮਕਾਲੀ ਰਾਜਿਆਂ ਮਹਾਂਰਾਜਿਆਂ ਦੇ ਜੁਲਮ, ਉਨ੍ਹਾਂ ਦੇ ਜੰਗਨਾਮੇ ਅਤੇ ਵਾਰਾਂ ਰਾਹੀਂ ਲਿਖੀਆਂ ਗਤੀ ਵਿਧੀਆਂ ਨੂੰ ਮਾਧਿਅਮ ਬਣਾ ਕੇ ਇੰਦਰਾਂ ਗਾਂਧੀ ਨੂੰ ਜਾਲਮ ਹੁਕਮਰਾਨਾਂ ਦਾ ਸਿਰਤਾਜ ਦਸਿਆ ਹੈ। ਉਸਦਾ ਨਾਤਾ ਪਿਛੇ ਹੋ ਗੁਜਰੇ ਜ਼ਾਲਮਾਂ ਨਾਲ ਜੋੜਿਆ ਹੈ। ਕਿਉਂਕਿ ਇੰਦਰਾਂ ਨੇ ਭਾਰਤੀ ਪਾਰਸੀ ਪਰਿਵਾਰ ਵਿੱਚ ਵਿਆਹ ਕਰਵਾਇਆ ਹੋਇਆ ਸੀ। ਮਠਾੜੂ ਤਾਂਹੀਓ ਲਿਖਦਾ ਹੈ;
ਘਰ ਮੁਗਲਾਂ ਦੇ ਪਹੁੰਚ ਮੈਂ ਖਾਧਾ ਢਿੱਡ ਭਰ ਕੇ।
ਖਾਂਦੇ  ਗੋਸ਼ਤ  ਮੁਗਲ ਹਨ, ਲਾ ਲਾ ਕੇ ਤੜਕੇ। (ਇੰਦਰਾ ਕੌਣ)
ਸਮਾਜ ਵਿੱਚਲੀਆਂ ਭਰਿਸ਼ਟ ਤੇ ਵਿਨਾਸ਼ਕਾਰੀ ਰੁਚੀਆਂ ਨੂੰ ਉਨ੍ਹਾਂ ਦੇ ਪਖੰਡਾਂ ਸਮੇਤ ਉਘਾੜਨ ਦਾ ਮਠਾੜੂ ਨੇ ਆਪਣਾ ਕਰਤੱਵ ਨਿਭਾਇਆ ਹੈ। ਉਸਨੇ ਵਿਅੰਗ ਨਸ਼ਤਰ ਰਾਹੀਂ ਪਾਠਕ ਵਿੱਚ ਆਪਣੇ ਵਿਚਾਰਾਂ ਪ੍ਰਤੀ ਚੇਤਨਾ ਪੈਦਾ ਕੀਤੀ ਹੈ। ਆਪਣੀ ਦ੍ਰਿਸ਼ਟੀ ਅਤੇ ਅਨੁਭਵ ਅਨੁਸਾਰ ਬਾਹਟਮੁੱਖੀ ਯਥਾਰਥ ਨੂੰ ਰਚਨਾ ਵਿੱਚ ਢਾਲ ਕੇ ਕਲਾਤਮਿਕਤਾ ਅਤੇ ਸੁਹਜ ਅਨੰਦ ਦੀ ਪੁੱਠ ਦੇ ਕੇ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਮੂਰਖਸਤਾਨਾਂ ਦੇ ਬੂਹੇ ਉਪਰ ਦਸਤਕ ਦੇਣ ਦਾ ਯਤਨ ਕੀਤਾ ਹੈ। ਮਠਾੜੂ ਦੀਆਂ ਰਚਨਾਵਾਂ ਪੰਜਾਬੀ ਸਮਾਜ ਅਤੇ ਪੰਜਾਬੀਆਂ ਵਾਸਤੇ ਪੱਥ ਪਰਦਰਸ਼ਕ ਹਨ। ਸਮਾਜ ਦੀਆਂ ਕੁਰੀਤੀਆਂ ਅਤੇ ਬੁਰਾਈਆਂ ਨੂੰ ਨੰਗਾ ਕਰਕੇ ਭੰਡ ਕੇ ਸਮਾਜ ਨੂੰ ਨਵੀਂ ਸੇਧ ਦੇਣ ਦਾ ਹੰਭਲਾ ਮਾਰਦਾ ਹੈ। ਖਿਲਾਂ ਵਰਗਾ ਹਾਸਾ ਖਿਲਾਰਦਾ ਹੈ। ਗਲੀਆਂ ਸੜੀਆਂ ਪਰੰਪਰਾਵਾਂ, ਸਮਾਂ ਵਿਹਾ ਚੁੱਕੇ ਰੀਤੀ ਰਿਵਾਜਾਂ ਅਤੇ ਸਮਾਜਿਕ ਨਾ ਬਰਾਬਰੀ ਦੇ ਵਿਰੁੱਧ ਵਿਅੰਗਾਤਮਿਕ ਕਲਮ ਨੂੰ ਬੜੀ ਤੀਬਰਤਾ ਨਾਲ ਚਲਾ ਰਿਹਾ ਹੈ। ਸਮਾਜ ਦੇ ਸਤਿਕਾਰਤ ਪਾਤਰਾਂ ਦੇ ਚਿਹਰਿਆਂ ਤੋਂ ਬਨਾਉਟੀ ਨਕਾਬ ਉਤਾਰ ਕੇ ਉਨ੍ਹਾਂ ਦੇ ਚਿੱਬ ਖੜਿੱਬੇ ਚਿਹਰੇ ਲੋਕਾਂ ਵਿੱਚ ਨੰਗਿਆਂ ਕਰਦਾ ਹੈ। ਇਹ ਮਠਾੜੂ ਦੀਆਂ ਲਿਖਤਾਂ ਦਾ ਮੁੱਖ ਲੱਛਣ ਹੈ।
ਅਜੋਕੇ ਪੰਜਾਬੀ ਸਾਹਿਤ ਦੀਆਂ ਅਲਾਤਮਿਕ ਵੰਨਗੀਆਂ ਅਤੇ ਵਿਭਿੰਨ ਵਿਧਾਵਾਂ ਦੇ ਰੂਪ ਵਿੱਚ ਸੰਰਚਨਾ ਕੀਤੀ ਜਾਂਦੀ ਹੈ। ਪੰਜਾਬੀ ਹਾਸ ਵਿਅੰਗ ਵੀ ਉਨ੍ਹਾਂ ਵਿਧੀਆਂ ਜਾਂ ਵਿਧਾਵਾਂ ਦਾ ਹੀ ਇੱਕ ਰੂਪ ਮੰਨਣਾ ਚਾਹੀਦਾ ਹੈ। ਹਾਸ ਵਿਅੰਗ ਜਾਂ ਪਰਹਸਨ ਦੀ ਵਿਸ਼ੇਸ਼ਤਾ ਅਤੇ ਵਿਲੱ਼ਖਣਤਾ ਨਾ ਸਿਰਫ ਵਿਧਾ ਦੇ ਪਖੋਂ ਹੀ ਹੈ ਸਗੋਂ ਰੂਪਾਕਾਰ ਅਤੇ ਵਿਸ਼ੇ ਪਖੋਂ ਵੀ ਹੈ। ਹਾਸ ਵਿਅੰਗ ਦੀ ਜਿੰਨੀ ਆਵਸ਼ਕਤਾ ਆਪਣੇ ਨਿੱਜੀ ਅਤੇ ਸਮਾਜਕ ਜੀਵਨ ਲਈ ਹੈ , ਉਸ ਤੋਂ ਵੱਧ ਜਲਰੂਰਤ ਪੰਜਾਬੀ ਸਾਹਿਤ ਅਤੇ ਕਲਾ ਲਈ ਵੀ ਹੈ। ਜਿਵੇਂ ਹਾਸਰਸ ਵਿਹੂਣਾ ਜੀਵਨ ਆਦਮੀ ਨੀਰਸ ਬਣਾ ਦਿੰਦਾ ਹੈ ਤਿਵੇਂ ਪੰਜਾਬੀ ਸਾਹਿਤ ਵਿੱਚ ਹਾਸਰਸ ਦੀ ਅਣਹੋਂਦ ਵੀ ਰੜਕਦੀ ਰਹੇਗੀ। ਇਸ ਕਰਕੇ ਹਾਸ ਵਿਅੰਗ ਸਮਾਜਿਕ, ਜਨ ਸਮੂਹ ਅਤੇ ਸਭਿਆਚਾਰਕ ਵਿਹਾਰ ਅਤੇ ਪੰਜਾਬੀ ਸਾਹਿਤ ਦਾ ਅਨਿਖੜਵਾਂ ਅੰਗ ਹੈ। ਇਹੋ ਹੀ ਹਾਸਰਸ ਅਤੇ ਹਾਸ ਵਿਅੰਗ ਵਿਧਾ ਦਾ ਪਹਿਲਾ ਆਧਾਰ ਹੈ। 
‘ਮਠਾੜੂ' ਕੋਲ ਤਨਜ਼ ਦਾ ਤੇਜ਼ ਨਸ਼ਤਰ ਹੈ ਜਿਸਦੇ ਸਹਿਜ ਵਾਰ ਨਾਲ ਡੂੰਘੇ ਘਾਓ ਨਾ ਮਹਿਸੂਸ ਹੁੰਦਿਆ ਹੋਇਆ ਵੀ ਪਾਤਰ ਉਸ ਵਾਰ ਦੇ ਅਸਰ ਤੋਂ ਬਚ ਨਹੀਂ ਸਕਦਾ। ਪਾਤਰ ਉਸ ਵਾਰ ਦੇ ਹਾਵਾਂ ਭਾਵਾਂ ਦੀ ਅਸਰਦਾਇਕ ਸ਼ਕਤੀ ਅੱਗੇ ਆਪਣੇ ਵਿਚਾਰਾਂ ਨੂੰ ਵਿਛਾ ਕੇ ਉਸ ਵਾਰ ਨੂੰ ਸਥਿਰ ਕਰਦਾ ਹੈ। ਕਵੀ ਨੇ ਆਪਣੀਆਂ ਕਵਿਤਾਵਾਂ ਵਿੱਚ ਸਿ਼ੰਗਾਰ ਰਸ, ਸੰਯੋਗ ਵਿਯੋਗ ਰਸ ਅਤੇ ਵੀਰ ਰਸ ਨੂੰ ਉਪਜਾ ਕੇ ਹਾਸਰਸ ਦੀ ਅਭਿਵਿਅਕਤੀ ਕੀਤੀ ਹੈ। ਇਸ ਤਰ੍ਹਾਂ ਹਾਸਰ ਅਤੇ ਹਾਸ ਵਿਅੰਗ ਦੀ ਕੀਤੀ ਅਭਿਵਿਅਕਤੀ ਵਿੱਚ ਮਿਠਾਸ ਘੁਲ ਗਈ ਹੈ। ਉਸਦਾ ਹਾਸਰਸ ਭੀਵਤਸ ਰਸ ਦਾ ਵੀ ਰਲਗੱਡ ਹੈ। ਜਿਸ ਤਰ੍ਹਾਂ ਜੌਕਰ ਦੇ ਪਹਿਰਾਵੇ ਵੱਲ ਵੇਖ ਕੇ ਦਰਸ਼ਕ ਹੱਸਦੇ ਹਨ ਅਤੇ ਜਦ ਉਹ ਕੋਈ ਅਨੌਖਾ ਵਾਕ ਬੋਲਦਾ ਹੈ ਤਾਂ ਦਰਸ਼ਕ ਹੈਰਾਨੀ ਨਾਲ ਕਹਿੰਦੇ ਹਨ; ‘ਹਾਅ-ਆ-ਆ-।’ ਏਸੇ ਤਰ੍ਹਾਂ ਮਠਾਂੜੂ ਦੀ ਸ਼ਬਦਾਵਲੀ ਵਿੱਚ ਲਪੇਟੇ ਵਿਚਾਰ ਪੜ੍ਹ ਕੇ ਪਾਠਕ ਹੱਸਦਾ ਹੈ ਅਤੇ ਜਦ ਉਸ ਵਿੱਚ ਵਰਤੇ ਗਏ ਸਿਧਾਂਤਾ ਨੂੰ ਪਰਖਦਾ ਹੈ ਤਾਂ ਗ਼ਮਗੀਨ ਹੋ ਜਾਂਦਾ ਹੈ।
ਪੰਜਾਬੀ ਸਾਹਿਤ ਵਿੱਚ ਅੱਸ ਅੱਸ ਚਰਨ ਸਿੰਘ ਸ਼ਹੀਦ ਆਧੁਨਿਕ ਪੰਜਾਬੀ ਹਾਸਰਸ ਸਾਹਿਤ ਦੇ ਮੋਢੀਆਂ ਵਿਚੋਂ ਹੈ। ਕਨ੍ਹੀਆਂ ਲਾਲ ਕਪੂਰ , ਅਨੰਤ ਸਿੰਘ ਕਾਬਲੀ, ਪਿਆਰਾ ਸਿੰਘ ਦਾਤਾ, ਗੁਰਨਾਮ ਸਿੰਘ ਤੀਰ, ਸ਼ੇਰ ਜੰਗ ਜਾਂਗਲੀ , ਕਵੀ ਸੂਬਾ ਸਿੰਘ, ਈਸ਼ਰ ਸਿੰਘ ਭਾਈਆਂ ਅਤੇ ਇੰਗਲੈਂਡ ਨਿਵਾਸੀ ਤੇਜਾ ਸਿੰਘ ਤੇਜ ‘ਕੋਟਲੇਵਾਲਾ’ ਤੋਂ ਅੱਗੇ ਇੱਕ ਹੋਰ ਹਾਸਰਸ ਕਵੀ ਗੁਰਦੇਵ ਸਿੰਘ ਮਠਾੜੂ ਵੀ ਹੱਥਲੀ ਪੁਸਤਕ ਨਾਲ ਇਸ ਲੜੀ ਵਿੱਚ ਪਰੋਇਆ ਗਿਆ ਹੈ। ਪੀਲੂ, ਸੁਥਰਾ, ਸੂਬਾ ਸਿੰਘ, ਅਤੇ ਈਸ਼ਰ ਸਿੰਘ ਭਾਈਆ ਦਾ ਸਥਾਨ ਹੁਣ ਤੇਜਾ ਸਿੰਘ ਤੇਜ ਦਾ ਅਧਿਕਰਿਤ ਹੈ। ਤੇਜਾ ਸਿੰਘ ਤੇਜ ਅਤੇ ਗੁਰਦੇਵ ਸਿੰਘ ਮਠਾੜੂ ਦੇ ਚੁਣੇ ਹੋਏ ਵਿਸਿ਼ਆਂ ਦੀ ਉਤਰ-ਦਖਣ ਜਿੰਨੀ ਵਿਸ਼ਸ਼ਟਾ ਹੈ। ਜਿਥੇ ਤੇਜਾ ਸਿੰਘ ਤੇਜ ਸਮਾਜ ਦੀਆਂ ਪ੍ਰਚਲਤ ਅਤੇ ਵੱਧ ਰਹੀਆਂ ਕੁਰੀਤੀਆਂ ਉਪਰ ਕਟਾਖਸ਼ ਕਰਦਾ ਹੈ ਉਥੇ ਗੁਰਦੇਵ ਸਿੰਘ ਮਠਾੜੂ ਨੇ ਭੁੱਲੇ ਵਿਸਰੇ ਹਾਸ ਵਿਅੰਗ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਮੁੜ ਕੇ ਸੁਰਜੀਤ ਕੀਤਾ ਹੈ।
ਮਠਾੜੂ ਦੀਆਂ ਬਹੁਤੀਆਂ ਕਵਿਤਾਵਾਂ ਲੰਮੀਆਂ ਹਨ। ਪਰ ਕਵਿਤਾਵਾਂ ਵਿੱਚ ਵਾਧੂ ਵਰਨਣ ਬਿਲਕੁਲ ਨਹੀਂ ਹੈ। ਲੰਮੀਆਂ ਕਵਿਤਾਵਾਂ ਅਲੰਕਾਰਾਂ, ਰਸਾਂ ਕਾਰਨ ਸ਼ਬਦਾਵਲੀ ਭਾਵ ਪੂਰਤ ਅਤੇ ਮਿਠਾਸਮਈ ਹੈ। ਅਜਿਹੀਆਂ ਕਵਿਤਾਵਾਂ ਜਿਵੇਂ ਰਾਗੀ ਜੱਥਾ, ਸਾਧ, ਸ਼ਰਤ, ਸਾਡਾ ਪਿੰਡ, ਰਾਤ ਦੇ ਵਪਾਰੀ, ਮਰਾਸੀ ਸ਼ਹਿਰ ਵਿੱਚ, ਅਤੇ ਇੰਦਰਾਂ ਕੌਣ ਆਦਿ ਹਨ। ਇਨ੍ਹਾਂ ਕਵਿਤਾਵਾਂ ਨੂੰ ਮੁੱਢੋਂ ਲੈ ਕੇ ਪੜਿਆਂ ਹੀ ਅਨੰਦ ਆਉਦਾ ਹੈ। ਜਿਉਂ ਜਿਉਂ ਪਾਠਕ ਕਵਿਤਾ ਨੂੰ ਪੜਦਾ ਜਾਂਦਾ ਹੈ ਤਿਉਂ ਤਿਉਂ ਉਸਦੇ ਮਨ ਵਿੱਚ ਵਿਰਾਗ, ਸਰੋਦ, ਸੂਝ ਅਤੇ ਰੁਮਾਂਸ ਉਜਾਗਰ ਹੁੰਦਾ ਹੈ। ਦਿਮਾਗ਼ ਵਿੱਚ ਸੁਧਾਰਕ ਰੁਚੀਆਂ ਦੀਆਂ ਪ੍ਰਵਿਰਤੀਆਂ ਉਤਪੰਮਨ ਹੁੰਦੀਆਂ ਹਨ। ਬੁੱਲਾਂ ਉਪਰ ਮੁਸਕਾਨ ਅਤੇ ਚਿਹਰੇ ਉਪਰ ਫੁੱਲਾਂ ਵਰਗੇ ਖੇੜੇ ਨਾਲ ਸਿਰ ਦਰਦ ਦਾ ਨਾਸ਼ ਹੁੰਦਾ ਹੈ। ਵਿਅੰਗਾਤਮਕ ਵਿਚਾਰ ਹਿਰਦੇ ਅੰਦਰ ਕੁੱਕੁਤਾੜੀਆਂ ਕੱਢਦੇ ਹਨ। ਸਾਹਾਂ ਵਿੱਚ ਸੁਗੰਧੀਆਂ ਭਰ ਜਾਂਦੀਆਂ ਹਨ। ਮੈਂ ਇਨ੍ਹਾਂ ਸ਼ਬਦਾਂ ਨਾਲ ਮਠਾੜੂ ਦੇ ਹਾਸਰਸ ਕਵੀ ਦੇ ਤੌਰ ਉਪਰ ਪੰਜਾਬੀ ਸਾਹਿਤ ਵਿੱਚ ਉਸਦੇ ਇਸ ਹੱਥਲੀ ਪੁਸਤਕ ਸਾਡਾ ਰੱਬ ਨਾਲ ਪ੍ਰਵੇਸ਼ ਨੂੰ ‘ਜੀ ਆਇਆਂ’ ਕਹਿੰਦਾ ਹਾਂ। ਮੈਂ ਸਮਝਦਾ ਹਾਂ ਇਹ ਪੁਸਤਕ ਪੰਜਾਬੀ ਸਾਹਿਤ ਅੰਦਰ ਆਪ ਆਪਣਾ ਯੋਗ ਅਸਥਾਨ ਜਰੂਰ ਪ੍ਰਾਪਤ ਕਰੇਗੀ। ਇਸ ਪੁਸਤਕ ਦੀ ਇਕ ਹੋਰ ਮਹਤੱਤਾ ਇਹ ਵੀ ਹੋਵੇਗੀ ਕਿ ਪੰਜਾਬੀ ਸਾਹਿਤ ਦੇ ਆਲੋਚਕ ਇਸ ਪੁਸਤਕ ਵਿਚਲੀਆਂ ਵਿਧਾਵਾਂ ਵੱਲ ਗੌਰ ਫਰਮਾਉਣਗੇ। ਮੈਨੂੰ ਪੂਰਨ ਆਸ ਹੈ ਕਿ ਪੰਜਾਬੀ ਪਾਠਕ ਹੱਥਲੀ ਪੁਸਤਕ ‘ਸਾਡਾ ਰੱਬ’ ਵਿਚਲੀ ਸਮੱਗਰੀ ਨੂੰ ਆਪ ਪੜਕੇ ਅਨੰਦਮਈ ਹੋਣਗੇ।
****

No comments:

Post a Comment