ਨਵ-ਸ਼ੌਖੀ ਦੀਆਂ ਗ਼ਜ਼ਲਾਂ


ਦਲਜੀਤ ਬਹਾਦਰ ਖਾਨਖਾਨਾ ਦੀ ਜ਼ਿੰਦਗੀ ਵੀ ਇੱਕ ਨਿਆਰੀ ਲੀਲਾ ਹੈ। ਵਲੈਤ ਵਿੱਚ ਦਿਹਾੜੀਦਾਰ ਨੂੰ ਵੇਖੋ, ਉਹ ਆਪਣਾ ਦੁਪਹਿਰ ਦਾ ਖਾਣਾ ਝੋਲੇ ਵਿੱਚ ਪਾਈ, ਤੜਕਸਾਰ ਹੀ ਫੈਕਟਰੀਆਂ ਵੱਲ ਭੱਜਾ ਜਾ ਰਿਹਾ ਹੁੰਦਾ ਹੈ। ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਕੇ ਗਾਹਕਾਂ ਦੀ ਭੀੜ ਵਿੱਚ ਮਗਨ ਹੁੰਦੇ ਹਨ। ਵਪਾਰੀ ਲੋਕ ਇੱਕ ਪੌਂਡ ਦੇ ਦੋ ਪੌਂਡ ਬਣਾਉਂਣ ਦੇ ਯਤਨਾ ਵਿੱਚ ਰੁੱਝੇ ਹੋਏ ਹੁੰਦੇ ਹਨ। ਅਜਿਹੇ ਕੰਮਾਂ ਦੇ ਪ੍ਰਬੰਧਾਂ ਲਈ ਸੜਕਾਂ ਉੱਪਰ ਬੱਸਾਂ, ਟੈਕਸੀਆਂ, ਕਾਰਾਂ, ਮੋਟਰਸਾਈਕਲਾਂ ਅਤੇ ਆਸਮਾਨ ਵਿੱਚ ਹਵਾਈ ਜਹਾਜਾਂ ਆਪਣਾ ਹੀ ਸ਼ੋਰ ਮਚਾਇਆ ਹੋਇਆ ਹੁੰਦਾ ਹੈ ਪਰ ਦਲਜੀਤ ਬਹਾਦਰ ਖਾਨਖਾਨਾ ਇਨ੍ਹਾਂ ਸਾਰੀਆਂ ਹਰਕਤਾਂ ਨੂੰ ਅੱਖੋਂ ਪਰੋਖੇ ਕਰਕੇ, ਆਪਣੇ ਹੀ ਖਿਆਲਾਂ ਦੀ ਦੁਨੀਆਂ ਵਿੱਚ ਉਲਝਿਆ ਹੋਇਆ, ਆਪਣੇ ਇੱਕ ਹੱਥ ਵਿੱਚ ਰੱਦੀ ਕਾਗਜ਼ ਦਾ ੁਕਰਾ ਅਤੇ ਦੂਜੇ ਹੱਥ ਵਿੱਚ ਟੁੱਟਾ ਹੋਇਆ ਪੈਂਨ ਲੈ ਕੇ, ਮਨੁੱਕਤਾ ਦਾ ਮਸੀਹਾ ਬਣ ਕੇ ਕਦੇ ਕਹਾਣੀਆਂ ਲਿਖਦਾ ਹੈ, ਕਦੇ ਕਵਿਤਾਵਾਂ ਜੋੜਦਾ ਹੈ ਅਤੇ ਕਦੇ ਗ਼ਜ਼ਲਾਂ ਕਹਿੰਦਾ ਹੈ। ਹੱਥਲਾ ਗ਼ਜ਼ਲ ਸੰਗ੍ਰਹਿ ਇੱਕ ਅਜਿਹੀ ਲੜੀ ਦਾ ਹੀ ਇੱਕ ਮੋਤੀ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰ ਜਦ ਟੁੱਟੇ ਹੋਏ ਪੈਂਨ ਨਾਲ ਰੱਦੀ ਕਾਗਜ਼ ਦੇ ਟੁਕਰੇ ਉੱਪਰ ਉਕਰੇ ਜਾਂਦੇ ਹਨ ਤਾਂ ਇਵੇਂ ਲਗਦੇ ਹਨ ਜਿਵੇਂ ਚਿੱਕੜ ਵਿੱਚ ਕਮਲ ਦਾ ਫੁੱਲ ਖਿੜਿਆ ਹੋਇਆ ਹੁੰਦਾ ਹੈ। ਦਲਜੀ ਆਪਣੀ ਗ਼ਜ਼ਲ ਦੇ ਇੱਕ ਮਤਲੇ ਵਿੱਚ ਲਿਖਦਾ ਹੈ ;
ਕਾਗਜ਼ ਦੇ ਟੁਕੜਿਆਂ ਤੇ ਲਿਖਣਾ ਜਾਰੀ ਹੈ।।
ਬੀਮਾਰੀ ਦੀ ਬਸਤੀ ‘ਚ ਇਹ ਵੀ ਬੀਮਾਰੀ ਹੈ।।

ਦਲਜੀਤ ਦੀ ਨਜ਼ਰ ਬਾਕੀ ਦੁਨੀਆਂ ਦੇ ਲੋਕਾ ਨਾਲੋਂ ਬਹੁਤ ਤਖੇਰੀ ਹੈ। ਸੋਚ ਬਹੁਤ ਉਚੇਰੀ ਹੈ ਅਤੇ ਸੂਝ ਬੂਜ ਡੂੰਘੇਰੀ ਹੈ। ਉਸ ਦੇ ਖਿਆਲ ਆਮ ਲੋਕਾਂ ਵਾਂਗ ਸੰਘੀ ਦੇ ਨੇੜਿਉਂ ਤੇੜਿਉਂ ਨਹੀਂ ਸਗੋਂ ਹਿਰਦੇ ਦੀਆਂ ਅੰਤਰੀਵ ਤੱਲਾਂ ਦੀਆਂ ਡੂੰਘਾਣਾ ਨਾਲ ਟਕਰਾ ਕੇ ਜਦ ਆਪ ਧੜਕਦੇ ਹਨ ਤਾਂ ਪਾਠਕਾਂ ਦਾ ਦਿਲ ਵੀ ਧੜਕਾ ਦਿੰਦੇ ਹਨ। ਦਲਜੀਤ ਜਦ ਖ਼ੁਸ਼ੀ ਵਾਲੀ ਸਥਿੱਤੀ ਵਿੱਚ ਹੁੰਦਾ ਹੈ ਤਾਂ ਸਾਰੀ ਕਾਇਨਾਤ ਮਸਤੀ ਵਿੱਚ ਝੂਮ ਉੱਠਦੀ ਹੈ ਪਰ ਜਦੋਂ ਉਹ ਗ਼ਮਗੀਨ ਹੋ ਕੇ ਆਪਣੀਆਂ ਲਿਖਤਾਂ ਰਾਹੀਂ ਵੈਣ ਪਾਉਂਦਾ ਹੈ ਤਾਂ ਹਰ ਪਾਠਕ ਦੀ ਅੱਕ ਗ਼ਮ ਦੇ ਹੰਝੂ ਮੀਂਹ ਵਾਂਗ ਵਰਸਾਉਂਦੀ ਹੈ। ਇਸ ਤਰ੍ਹਾਂ ਤਦ ਹੀ ਹੁੰਦਾ ਹੈ ਕਿਉਂਕਿ ਦਲਜੀਤ ਦੀ ਨਾ ਤਾਂ ਖ਼ੁਸ਼ੀ ਹੀ ਆਪਣੀ ਹੈ ਅਤੇ ਨਾ ਹੀ ਉਸਦੇ ਗ਼ਮ ਹੀ ਆਪਣੇ ਹਨ। ਉਸਦੀ ਖ਼ੁਸ਼ੀ ਸਰਬ-ਸਾਂਝੀ ਖ਼ੁਸ਼ੀ ਹੈ ਅਤੇ ਉਸਦਾ ਗ਼ਮ ਸਮੁੱਚੀ ਇਨਸਾਨੀਅਤ ਦਾ ਗ਼ਮ ਹੈ। ਏਸੇ ਕਾਰਨ ਦਲਜੀਤ ਜੋ ਕਹਿੰਦਾ ਹੈ ਉਸਦਾ ਕਥਨ ਪਾਠਕ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਉਹ ਖਿਆਲ ਉਸਦੇ ਮਨ ਵਿੱਚ ਪਹਿਲੋਂ ਹੀ ਵਸੇ ਹੋਏ ਹੋਵਣ ਅਤੇ ਇਸ ਤਰ੍ਹਾਂ ਉਹ ਹਮੇਸ਼ਾ ਗੱਲ ਪਾਠਕ ਦੇ ਦਿਲ ਦੀ ਹੀ ਕਹਿੰਦਾ ਹੈ। ਦਲਜੀਤ ਦੇ ਲਫ਼ਜ਼ਾਂ ਵਿੱਚ ਉਹ ਤਾਸੀਰ ਹੈ ਕਿ ਉਹ ਇਸ ਯਾਦੂ ਬਿਆਨੀ ਸਦਕਾ ਪਾਠਕਾਂ ਦੇ ਦਿਲਾਂ ਨੂੰ ਮੋਹ ਲੈਂਦਾ ਹੈ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਸੁਗੰਧੀਆਂ ਵਾਂਗ ਖਿਲਰ ਜਾਂਦਾ ਹੈ। ਦਲਜੀਤ 1983 ਵਿੱਚ ‘ਸਹਿਕਦੇ ਪੱਥਰ‘ ਨਾਮੀ ਕਹਾਣੀਆਂ ਦੀ ਪੁਸਤਕ ਨਾਲ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਹੋਇਆ ਹਅ ਅਤੇ ਫਿਰ 1984 ਵਿੱਚ ਉਸ ਨੇ ਆਪਣਾ ਪਹਿਲਾ ਗ਼ਜ਼ਲ ਸੰਗ੍ਰਹਿ ‘ਯਾਦਾਂ ਦੇ ਖੰਡਰ‘ ਛਪਵਾਇਆ। ‘ਮਨੁੱਖਤਾ ਦਾ ਮਸੀਹਾ‘ ਜੋ ਹੱਥਲਾ ਗ਼ਜ਼ਲ ਸੰਗ੍ਰਹਿ ਹੈ ਇਹ ਉਸਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਦਲਜੀਤ ਦੀਆਂ ਗ਼ਜ਼ਲਾਂ ਪ੍ਰਤੀ ਵਿਚਾਰ ਕਰਨ ਤੋਂ ਪਹਿਲਾਂ ਆਉ ਇਹ ਜਾਣ ਲਈਏ ਕਿ ਕਾਵਿਕ ਵਿਧਾਨ ਅਨੁਸਾਰ ਗ਼ਜ਼ਲ ਦੀ ਬਣਤਰ ਅਤੇ ਬੁਣਤਰ ਕੀ ਹੁੰਦੀ ਹੈ? ਫਿਰ ਉਨ੍ਹਾਂ ਸਿਧਾਂਤਾ ਅਨੁਸਾਰ ਦਲਜੀਤ ਦੇ ਇਸ ਗ਼ਜ਼ਲ ਸੰਗ੍ਰਹਿ ਦਾ ਮੁੱਲਾਂਕਣ ਕਰਦੇ ਹਾਂ।
ਗ਼ਜ਼ਲ ਕਵਿਤਾ ਦਾ ਸਭ ਤੋਂ ਉੱਨਤ, ਸੁਆਦਲਾ ਅਤੇ ਪ੍ਰਭਾਵਸ਼ਾਲੀ ਰੂਪ ਹੈ। ਗ਼ਜ਼ਲ ਦਾ ਜਨਮ ਫਾਰਸੀ ਭਾਸ਼ਾ ਵਿੱਚ ਹੋਇਆ। ਫਿਰ ਉਰਦੂ ਵਾਲਿਆਂ ਨੇ ਇਸ ਨੂੰ ਅਪਨਾਇਆ ਅਤੇ ਇਸ ਨੇ ਬਾਰਤ ਵਿੱਚ ਆ ਕੇ ਤਰੱਕੀ ਕੀਤੀ ਹੈ। ਗ਼ਜ਼ਲ ਏਨੀ ਲੋਕ ਪ੍ਰਿਆ ਹੋਈ ਕਿ ਪੰਜਾਬੀ ਉੱਤੇ ਵੀ ਇਸਦਾ ਅਸਰ ਹੋ ਗਿਆ ਅਤੇ ਪੰਜਾਬੀ ਵਿੱਚ ਗ਼ਜ਼ਲ ਕਹਿਣ ਵਾਲੇ ਬੜੇ ਨਾਮਵਰ ਕਵੀ ਹੋਏ ਹਨ। ਪੰਜਾਬੀ ਗ਼ਜ਼ਲ ਦੇ ਇਤਿਹਾਸ ਨੂੰ ਜੇਕਰ ਮਗਰਲੇ ਪੰਨਿਆਂ ਤੋਂ ਪੜ੍ਹਨਾ ਸ਼ੁਰੂ ਕਰੀਏ ਤਾਂ ਦਲਜੀਤ ਬਹਾਦਰ ਖਾਨਖਾਨਾ ਦਾ ਨਾਮ ਪਹਿਲਾਂ ਆਉਂਦਾ ਹੈ। ਗ਼ਜ਼ਲ ਦੇ ਘੱਟ ਤੋਂ ਘੱਟ ਤਿੰਨ ਸ਼ੇਅਰ ਹੁੰਦੇ ਹਨ ਅਤੇ ਵੱਧ ਤੋਂ ਵੱਧ ਸ਼ੇਅਰਾਂ ਦੀ ਕੋਈ ਗਿਣਤੀ ਸੀਮਤ ਨਹੀਂ ਹੈ ਪਰ ਫਿਰ ਵੀ ਇੱਕੀ ਜਾਂ ਤੇਈ ਸੇਅਰਾਂ ਤੋਂ ਵੱਡੀ ਗ਼ਜ਼ਲ ਘੱਟ ਹੀ ਪੜ੍ਹਨ ਵਿੱਚ ਆਈ ਹੈ। ਆਮ ਕਰਕੇ ਗ਼ਜ਼ਲ ਸੱਤ ਤੋਂ ਤੇਰਾਂ ਸ਼ੇਅਰਾਂ ਤੱਕ ਹੀ ਹੁੰਦੀ ਹੈ। ਪੁਰਾਣੇ ਕਾਵਿ-ਸ਼ਾਸ਼ਤਰ ਜਿਵੇਂ ਆਰੂਜ਼ ਦੇ ਕਥਨਾ ਅਨੁਸਾਰ ਗ਼ਜ਼ਲ ਦੇ ਸ਼ੇਅਰਾਂ ਦੀ ਗਿਣਤੀ ਟੌਂਕ ਹੀ ਰਹਿਣੀ ਚਾਹੀਦੀ ਹੈ ਪਰ ਆਦੁਨਿਕ ਸਮੇਂ ਵਿੱਚ ਇਨ੍ਹਾਂ ਸਿਧਾਂਤਾ ਦਾ ਕੋਈ ਪਾਲਣ ਨਹੀਂ ਕਰਦਾ ਦਿਸਦਾ। ਵਿਚਾਰਾਂ ਅਨੁਸਾਰ ਗ਼ਜ਼ਲ ਦਾ ਹਰ ਸ਼ੇਅਰ ਆਪਣੀ ਥਾਂ ਸੁਤੰਤਰ ਹੁੰਦਾ ਹੈ। ਇਸੇ ਕਾਰਨ ਇਸ ਵਿੱਚ ਸ਼ੇਅਰਾਂ ਦੀ ਗਿਣਤੀ ਜਿਸਤ ਨਹੀਂ ਰੱਖੀ ਜਾਂਦੀ ਤਾਂ ਕਿ ਗ਼ਜ਼ਲ ਦੀ ਸੰਰਚਨਾ ਦੀ ਅਲੱਗ ਪਹਿਚਾਣ ਬਣੀ ਰਹੇ। ਗ਼ਜ਼ਲ ਦੇ ਸ਼ੇਅਰਾਂ ਦੇ ਦੂਸਰੇ ਮਿਸਰੇ ਇੱਕ ਹੀ ਰਦੀਫ ਕਾਫ਼ੀਏ ਵਿੱਚ ਬੱਝੇ ਹੋਏ ਹੁੰਦੇ ਹਨ। ਗ਼ਜ਼ਲ ਦੇ ਮਤਲਿਆਂ ਦੇ ਪਹਿਲੇ ਮਿਸਰੇ ਵੀ ਇਨ੍ਹਾ ਰਦੀਫਾਂ ਅਤੇ ਕਾਫੀਆਂ ਵਿੱਚ ਬੱਧੇ ਹੁੰਦੇ ਹਨ। ਵਿਚਾਰਾਂ ਅਨੁਸਾਰ ਗ਼ਜ਼ਲ ਇੱਕ ਅਸੰਬੰਧ ਕਵਿਤਾ ਹੁੰਦੀ ਹੈ। ਗ਼ਜ਼ਲ ਦਾ ਵਿਸ਼ਾ ਸੀਮਤ ਨਹੀਂ ਹੁੰਦਾ। ਗ਼ਜ਼ਲ ਵਿੱਚ ਮੁੱਖ ਤੌਰ ਉੱਪਰ ਕਰੁਣਾ, ਪ੍ਰੇਮ ਅਤੇ ਸਮਰਪਣ ਦੇ ਹੀ ਭਾਵ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਗ਼ਜ਼ਲ ਵਿੱਚ ਪ੍ਰਤੀਕਾਂ ਦਾ ਬੜਾ ਆਸਰਾ ਲਿਆ ਜਾਦਾ ਹੈ। ਗ਼ਜ਼ਲ ਦੇ ਸ਼ੇਅਰਾ ਵਿੱਚ ਵਰਤੇ ਗਏ ਸ਼ਬਦ ਨਿਰੇ ਅਰਥ ਭਰਪੂਰ ਜਾਂ ਛੰਦ-ਬੱਧ ਹੀ ਨਹੀਂ ਹੁੰਦੇ ਸਗੋਂ ਸੰਗੀਤਮਈ ਵੀ ਹੋਣੇ ਚਾਹੀਦੇ ਹਨ। ਗ਼ਜ਼ਲ ਦੀ ਹਰ ਸਤਰ ਦਾ ਵਜ਼ਨ ਪਾਣੀ ਦੇ ਰੋੜ੍ਹ ਵਾਂਗ ਅਰੁੱਕ ਹੁੰਦਾ ਹੈ ਜਿਹੜਾ ਸੱਤਰ ਦੇ ਪਹਿਲੇ ਅੱਖਰ ਤੋਂ ਭਰੇ ਸਾਹ ਤੋਂ ਸਾਹ ਜਾਂ ਤਾਂ ਉੱਚਾ ਜਾਣਾ ਚਾਹੀਦਾ ਹੈ ਅਤੇ ਜਾਂ ਫਿਰ ਨੀਵਾਂ ਜਾਣਾ ਚਾਹੀਦਾ ਹੈ। ਭਰੇ ਸਾਹ ਦੀ ਇਸ ਤਰਕੀਬ ਵਿੱਚ ਸਤਰ ਦੇ ਆਖਰੀ ਅਖਰ ਤੱਕ ਕੋਈ ਵੀ ਰੁਕਾਵਟ ਨਹੀਂ ਆਉਂਣੀ ਚਾਹੀਦੀ। ਚੰਗੀ ਗ਼ਜ਼ਲ ਦੀਆਂ ਹੇਠ ਲਿਖੀਆਂ ਖ਼ੂਬੀਆਂ ਹੁੰਦੀਆਂ ਹਨ।
ਮਤਲਾ : ਗ਼ਜ਼ਲ ਦੇ ਪਹਿਲੇ ਸ਼ੇਅਰ ਨੂੰ ਮਤਲਾ ਕਿਹਾ ਜਾਂਦਾ ਹੈ ਅਤੇ ਸ਼ੁਰੂ ਦੀਆਂ ਦੋਵੇਂ ਸਤਰਾਂ ਦਾ ਰਦੀਫ ਜਾਂ ਕਾਫੀਆਂ ਮਿਲਦਾ ਹੋਣਾ ਚਾਹੀਦਾ ਹੈ। ਭਾਵੇਂ ਗ਼ਜ਼ਲ ਦਾ ਇੱਕ ਹੀ ਮਤਲਾ ਹੁੰਦਾ ਹੈ ਪਰ ਮਤਲਿਆਂ ਵਾਂਗ ਸਾਰੀ ਗ਼ਜ਼ਲ ਕਹਿਣੀ ਵੀ ਗਲਤ ਨਹੀਂ ਹੈ ਸਗੋਂ ਅਜਿਹਾ ਕੋਈ ਉੱਚ ਕੋਟੀ ਦਾ ਸ਼ਾਇਰ ਹੀ ਕਰ ਸਕਦਾ ਹੈ ਅਤੇ ਗ਼ਜ਼ਲ ਬਿਨਾਂ ਮਤਲੇ ਤੋਂ ਵੀ ਲਿਖੀ ਜਾ ਸਕਦੀ ਹੈ।
ਮਕਤਾ : ਗ਼ਜ਼ਲ ਦੇ ਆਖਰੀ ਸੇਅਰ, ਜਿਸ ਵਿੱਚ ਕਵੀ ਦਾ ਉਪਨਾਮ ਵੀ ਹੁੰਦਾ ਹੈ, ਨੂੰ ਮਕਤਾ ਆਖਿਆ ਜਾਂਦਾ ਹੈ। ਅਰਬੀ ਵਿੱਚ ਮਕਤਾ ਦਾ ਅਰਥ ਕੱਟਿਆ ਹੋਇਆ ਹੁੰਦਾ ਹੈ ਭਾਵ ਇਥੋਂ ਗ਼ਜ਼ਲ ਦਾ ਅੰਤ ਹੁੰਦਾ ਹੈ। ਕਈ ਸਾਇਰ ਆਪਣੇ ਉਪਨਾਮ ਨੂੰ ਮਕਤੇ ਵਿੱਚ ਇਸ ਤਰ੍ਹਾਂ ਵਰਤਦੇ ਹਨ ਕਿ ਜੇਕਰ ਉਪਨਾਮ ਵਾਲੇ ਅੱਖਰ ਨੂੰ ਸਤਰ ਵਿੱਚੋਂ ਗਾਇਬ ਕਰ ਲਿਆ ਜਾਵੇ ਤਾਂ ਸਤਰ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਇਹ ਸਾਇਰ ਦਾ ਉਪਨਾਮ ਰੱਖੀ ਦਾ ਸੁਭਾਗ ਉਸਦੀ ਰਚਨਾਤਮਿਕ ਸ਼ਕਤੀ ਕਾਰਨ ਹੀ ਹੋ ਸਕਦਾ ਹੈ। ਪੁਰਾਣੇ ਕਵੀ ਆਪਣੇ ਗੋਤ ਨੂੰ ਉਪਨਾਮ ਵਾਸਤੇ ਤਾਂਹੀ ਨਹੀਂ ਸਨ ਵਰਤਦੇ । ਉਪਨਾਮ ਪਖੋਂ ਦਲਜੀਤ ਸੁਭਾਗਵਾਨ ਨਹੀਂ ਹੈ।
ਰਦੀਫ : ਗ਼ਜ਼ਲ ਦੇ ਸ਼ੇਅਰਾਂ ਦੇ ਅੰਤ ਵਿੱਚ ਜੋ ਤੁਕਾਂਤ ਜਾਂ ਸ਼ਬਦ ਵਾਰ ਵਾਰ ਆਉਂਦਾ ਹੈ ਉਸਨੂੰ ਰਦੀਫ ਕਿਹਾ ਜਾਂਦਾ ਹੈ, ਜਿਵੇਂ ਹੈ, ਪੈ ਗਈ ਹੈ, ਅਤੇ ਪੈਂਦੇ ਨੇ ਆਦਿ। ਕਈ ਗ਼ਜ਼ਲਾਂ ਬਿਨ੍ਹਾਂ ਰਦੀਫ ਤੋਂ ਵੀ ਸਿਰਜੀਆਂ ਜਾ ਸਕਦੀਆਂ ਹਨ।
ਕਾਫੀਆ : ਗ਼ਜ਼ਲ ਦੇ ਸ਼ੇਅਰਾਂ ਦੇ ਅੰਤ ਵਿੱਚ ਜੋ ਅਨੁਪ੍ਰਾਸ ਯੁਕਤ ਸ਼ਬਦ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਕਾਫੀਏ ਕਿਹਾ ਜਾਂਦਾ ਹੈ। ਕਈ ਗ਼ਜ਼ਲਾਂ ਜਿਵੇਂ ਕਿ ਉੱਪਰ ਦਸਿਆ ਗਿਆ ਹੈ, ਰਦੀਫ ਬਿਨ੍ਹਾਂ ਵੀ ਕਹੀਆਂ ਜਾ ਸਕਦੀਆਂ ਹਨ ਪਰ ਕਾਫੀਏ ਤੋਂ ਬਿਨ੍ਹਾਂ ਗ਼ਜ਼ਲ ਕਦੇ ਵੀ ਕਹੀ ਨਹੀਂ ਜਾ ਸਕਦੀ। ਕਾਫੀਏ ਲਈ ਵਰਤੇ ਗਏ ਸ਼ਬਦ ਨੂੰ, ਮਾਤ੍ਰਾ ਜਾਂ ਗਣਾ ਵਿੱਚ ਵਰਤਣ ਦੀ ਵਜਾਏ ਉਸਦੇ ਸਮਤੋਲ ਉਚਾਰਣ ਨੂੰ ਵੀ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਦਾ ਕਾਫ਼ੀਆ ਵਰਤਣ ਵਿੱਚ ਦਲਜੀਤ ਬਹਾਦਰ ਖਾਨਖਾਨਾ ਇੱਕ ਮਾਹਿਰ ਸਾਇਰ ਹੈ।
ਜ਼ਮੀਨ : ਜਿਨ੍ਹਾਂ ਗ਼ਜ਼ਲਾਂ ਦੇ ਛੰਦ ਕਾਫੀਏ ਅਤੇ ਰਦੀਫ ਇੱਕੋ ਹੁੰਦੇ ਹਨ, ਉਨ੍ਹਾਂ ਨੂੰ ਇੱਕਹ ਜ਼ਮੀਨ ਦੀਆਂ ਗ਼ਜ਼ਲਾਂ ਕਿਹਾ ਜਾਂਦਾ ਹੈ। ਤਰਾਹ ਮਿਸਰਾ ਵਾਲੇ ਕਵੀ ਦਰਬਾਰਾਂ ਵਿੱਚ ਪੜ੍ਹੀਆਂ ਜਾਣ ਵਾਲੀਆਂ ਗ਼ਜ਼ਲਾਂ ਇੱਕੋ ਜ਼ਮੀਨ ਦੀਆਂ ਗ਼ਜ਼ਲਾਂ ਹੁੰਦੀਆਂ ਹਨ। ਜ਼ਮੀਨ ਨੂੰ ਕਿਸੇ ਕਵਰ ਦਾ ਬਾਹਰੀ ਕਲੇਵਰ ਕਿਹਾ ਜਾ ਸਕਦਾ ਹੈ।
ਫਰਦ : ਕਦੇ ਕਦੇ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਸ਼ਾਇਰ ਇੱਕ ਸ਼ੇਅਰ ਬਹੁਤ ਉੱਚ ਪਾਏ ਅਤੇ ਮਾਰਕੇ ਵਾਲਾ ਕਹਿ ਜਾਂਦਾ ਹੈ ਅਤੇ ਪੂਰੀ ਗ਼ਜ਼ਲ ਉਸ ਸ਼ੇਅਰ ਦੇ ਬਰਾਬਰ ਦੀ ਨਹੀਂ ਹੁੰਦੀ। ਤਦ ਉਹ ਆਪਣੇ ਚੰਗੇ ਸ਼ੇਅਰ ਨੂੰ ਇੱਕਲਾ ਹੀ ਰਹਿਣ ਦਿੰਦਾ ਹੈ। ਅਜਿਹੇ ਸ਼ੇਅਰ ਨੂੰ ਫਰਦ ਕਹਿੰਦੇ ਹਨ।
ਸ਼ੇਅਰ : ਜਦੋਂ ਕੋਈ ਦਿਲੀ ਕੈਫੀਅਤ ਕਾਵਿਕ ਸਾਂਚੇ ਵਿੱਚ ਢੱਲ ਕੇ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸਨੂੰ ਸ਼ੇਅਰ ਆਖਦੇ ਹਾਂ। ਜਿਵੇਂ ਅਸੀਂ ਕਿਸੇ ਪੁਰਸ਼ ਦੀ ਚੰਗਿਆਈ ਪਰਖਣ ਲੱਗੇ ਇਹ ਨਹੀਂ ਵੇਖਦੇ ਹਾਂ ਕਿ ਇਹ ਲੰਙਾ ਹੈ, ਟੁੰਡਾ ਹੈ ਜਾਂ ਕਾਣਾ ਹੈ, ਪ੍ਰਤੂੰ ਅਸੀਂ ਉਸਦੇ ਸੁਭਾਵ, ਆਦਤਾਂ ਅਤੇ ਲਿਆਕਤ ਨੂੰ ਹੀ ਵੇਖਦੇ ਹਾਂ। ਏਸੇ ਪ੍ਰਕਾਰ ਕਿਸੇ ਸੇਅਰ ਨੂੰ ਕੇਵਲ ਛੰਦਾਬੰਦੀ ਵਿੱਚ ਹੋਣ ਕਰਕੇ ਅਸੀਂ ਚੰਗਾ ਸ਼ੇਅਰ ਨਹੀਂ ਆਖਾਂਗੇ। ਉਸ ਸ਼ੇਅਰ ਵਿੱਚ ਵਿਚਾਰ, ਲੈਅ ਅਤੇ ਰਸਦਾਇਕ ਸ਼ਬਦਾਵਲੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਆਉ ਹੁਣ ਦਲਜੀਤ ਬਹਾਦਰ ਖਾਨਖਾਨਾ ਜੀ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦਾ ਲੁਤਫ਼ ਮਾਣੀਏ।
ਜਿਵੇਂ ਉੱਪਰ ਦਸਿਆ ਗਿਆ ਹੈ ਕਿ ਗ਼ਜ਼ਲਾਂ ਦੇ ਸ਼ੇਅਰਾਂ ਨੂੰ ਹੋਰ ਭਾਵਪੂਰਤ ਬਣਾਉਂਣ ਲਈ, ਇੱਕ ਜਾਂ ਇੱਕ ਤੋਂ ਵੱਧ ਪ੍ਰਤੀਕਾਂ ਦਾ ਆਸਰਾ ਲਿਆ ਜਾਂਦਾ ਹੈ ਜਿਸ ਕਾਰਨ ਸ਼ੇਅਰਾਂ ਵਿੱਚ ਸੰਜਮਤਾ ਆ ਜਾਂਦੀ ਹੈ। ਇਹ ਸੰਜਮਤਾ ਹੀ ਗ਼ਜ਼ਲ ਦਾ ਇੱਕ ਦੌਵੀ ਗੁਣ ਹੈ। ਦਲਜੀਤ ਬਹਾਦਰ ਖਾਨਖਾਨਾ ਨੇ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਪ੍ਰਤੀਕਾਂ ਦਾ ਪ੍ਰਯੋਗ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਪ੍ਰਤੀਕ ਪ੍ਰਧਾਨ ਗ਼ਜ਼ਲਾਂ ਹਨ । ਉਸ ਦੀਆਂ ਗ਼ਜ਼ਲਾਂ ਵਿੱਚ ਅੰਕਿਤ ਖਿਆਲਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਜ਼ਿੰਦਗੀ ਨੂੰ ਖੁਸ਼ਹਾਲ ਹੋਇਆ ਵੇਖਣਾ ਚਾਹੁੰਦਾ ਹੈ। ਉਸ ਦਾ ਖਿਆਲ ਹੈ ਕਿ ਖੁਸ਼ਹਾਲੀ ਨੂੰ ਪ੍ਰਾਪਤ ਕਰਨ ਲਈ, ਪਹਿਲਾਂ ਕੰਢਿਆਂ ਉੱਪਰ ਸਫਰ ਕਰਨਾ ਪੈਂਦਾ ਹੈ। ਉਸਨੇ ‘ਖਾਰ‘ ਸ਼ਬਦ ਦੇ ਪ੍ਰਤੀਕ ਦਾ ਬਾ-ਖੂਬੀ ਪ੍ਰਯੋਗ ਕੀਤਾ ਹੈ।
ਨਫਰਤਾਂ  ਦੇ  ਬੋਲ  ਜੋ  ਜ਼ਿੰਦਗੀ  ਨੂੰ ਖਾਰਦੇ,
ਜੀਣ ਲਈ ਖਾਰਾਂ ਤੇ ਤੁਰਨਾ ਪੈਣਾ ਹੈ ਦੋਸਤੋ।।                                                      
ਗ਼ਜ਼ਲਾਂ ਵਿੱਚ ਵਰਤੇ ਗਏ ਪ੍ਰਤੀਕਾਂ ਤੋਂ ਇਲਾਵਾ ਦਲਜੀਤ ਦੇ ਕਹੇ ਸ਼ੇਅਰਾਂ ਦੀਆਂ ਹੋਰ ਵੀ ਕਈ ਖੂਬੀਆਂ ਹਨ, ਜਿਨ੍ਹਾਂ ਨੂੰ ਕ੍ਰਮਵਾਰ ਹੇਠ ਲਿਖੇ ਦੀ ਤਰ੍ਹਾਂ ਵਰਨਣ ਕੀਤਾ ਜਾ ਸਕਦਾ ਹੈ। ਸਾਬਦਿਕ ਅਲੰਕਾਰ ਵਰਤਣ ਵਿੱਚ ਦਲਜੀਤ ਬਹੁਤ ਮਾਹਿਰ ਹੈ। ਉਸ ਦੀ ਹਰ ਗ਼ਜ਼ਲ ਵਿੱਚ ਕਿਸੇ ਨਾ ਕਿਸੇ ਸ਼ੇਅਰ ਵਿੱਚ ਅਜਿਹੇ ਸ਼ਾਬਦਿਕ ਅਲੰਕਾਰ ਉਪਲਬੱਧ ਹਨ । ਸ਼ਾਬਦਿਕ ਅਲੰਕਾਰਾਂ ਨੂੰ ਉਰਦੂ ਭਾਸ਼ਾ ਵਿੱਚ ਗ਼ਜ਼ਲਮਈ ਸ਼ਬਦਾਵਲੀ ਅਨੁਸਾਰ ‘ਤਕਮਾ‘ ਵੀ ਕਿਹਾ ਜਾਂਦਾ ਹੈ, ਜਿਸਦਾ ਭਾਵ ਹੈ ਕਿ ਇੱਕੋ ਸ਼ਬਦ ਨੂੰ ਕਿਸੇ ਸ਼ੇਅਰ ਵਿੱਚ ਵਾਰ ਵਾਰ ਵਰਤਣਾ ਅਤੇ ਹਰ ਸਮੇਂ ਉਸਦਾ ਭਾਵਅਰਥ ਅਗਲੀ ਸਮੁੱਚੀ ਸਤਰ ਨਾਲੋਂ ਅਲੱਗ ਬਣਾ ਜਾਂਦਾ ਹੈ। ਜਿਵੇਂ ਦਲਜੀਤ ਦੇ ਹੇਠ ਲਿਖੇ ਸ਼ੇਅਰ ਵਿੱਚ ਸ਼ਬਦ ‘ਤਰਸ‘ ਦਾ ਪ੍ਰਯੋਗ ਹੈ।
ਜਿਹੜਾ  ਬੰਦਾ  ਬੰਦੇ ਦੀ ਪ੍ਰੀਭਾਸ਼ਾ ਨਹੀਂ ਵਿਚਾਰ ਰਿਹਾ।
ਉਹੀ ਬੰਦਾ ਹਸਤੀ ਬੰਦੇ ਦੀ ਠੋਕਰ ਮਾਰ ਖਿਲਾਰ ਰਿਹਾ।।
ਅਤੇ
ਜ਼ਿੰਦਾ ਰਹਿਣ ਲਈ ਤਰਸਦਿਉ, ਇਸ ਜੀਵਨ ਤੇ ਤਰਸ ਕਰੋ,
ਧਰਤੀ  ਮਾਂ  ਹੈ, ਮਾਂ ਦੇ ਕੰਧੀ, ਪੁੱਤ ਕਿਉਂ ਲੱਦ ਭਾਰ ਰਿਹਾ।।
ਦਲਜੀਤ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਉਪਮਾਂ ਅਲੰਕਾਰ ਵੀ ਮੌਜ਼ੂਦ ਹਨ। ਅੰਗ੍ਰੇਜ਼ੀ ਵਿੱਚ ਸਿਮਲੀ ਦੇ ਨਾਮ ਦੇ ਇਸ ਪ੍ਰਯੋਗ ਨੂੰ ਉਰਦੂ ਵਿੱਚ ਤਸ਼ਵੀਹਾਂ ਆਖਿਆ ਜਾਂਦਾ ਹੈ। ਦਲਜੀਤ ਬੁਢਾਪੇ ਵਿੱਚ ਪੈਰ ਰੱਖ ਰਹੇ ਇਨਸਾਨ ਦੇ ਜੋਬਨ ਨੂੰ ਦਰੱਖਤ ਦੇ ਝੜ ਰਹੇ ਪੱਤਿਆਂ ਨਾਲ ਤੁਲਨਾ ਕਰਦਾ ਲਿਖਦਾ ਹੈ।
ਪੱਤਿਆ ਤੂੰ ਕਿਸੇ ਰੁੱਖ ਦੀ ਕਦੀ ਸ਼ਾਨ ਸੈਂ।
ਭਰ ਜੋਬਨ ਦੀ ਰੁੱਤੇ ਤੂੰ ਆਕੜਖਾਨ ਸੈਂ।।
ਦਲਜੀਤ ਹਰ ਗੱਲ ਨੂੰ ਆਪਣੇ ਸ਼ੇਅਰਾਂ ਵਿੱਚ ਬੜੀ ਰਮਜ਼ ਨਾਲ ਕਹਿੰਦਾ ਹੈ। ਅਜਿਹਾ ਕਰਦਾ ਉਹ ਸਪੱਸ਼ਟ ਸ਼ਬਦਾਂ ਦੀ ਵਰਤੋਂ ਕਰਦਾ ਹੈ ਅਤੇ ਇਹ ਇਤਿਹਾਦ ਰੱਖਦਾ ਹੈ ਕਿ  ਕਨਾਇਆ ਬੁਝਾਰਤ ਹੀ ਨਾ ਬਣ ਜਾਵੇ। ਏਸੇ ਕਰਕੇ ਉਸਦੇ ਸੇਅਰਾਂ ਦੇ ਭਾਵ ਸਪੱਸ਼ਟ ਸਮਝ ਵਿੱਚ ਆਉਂਦੇ ਹਨ। ਵੰਨਗੀ ਵਾਸਤੇ ਦੇਖੋ ਉਸ ਦੇ ਹੇਠ ਲਿਖੇ ਸ਼ੇਅਰ ਵਿੱਚ ਭੇਦ ਭਰੀ ਗੱਲ ਕਿੰਨੀ ਸਪੱਸ਼ਟ ਰੂਪ ਵਿੱਚ ਉਦੇਮਾਨ ਹੋਈ ਹੈ।
ਭਾਵੇਂ ਰਹੀ ਨਾ ਲੋੜ ਹੁਣ ਇਸ ਜੱਗ ਦੀ ,
ਪਰ ਲੋੜ ਕਿਉਂ ਇਸ ਜੱਗ ਨੂੰ ਮੇਰੀ ਰਹੀ।।
ਦੋ ਵਿਚਾਰਾਂ ਨੂੰ ਇੱਕ ਸ਼ੇਅਰ ਵਿੱਚ ਲਿਖ ਕੇ ਉਸ ਵਿੱਚੋਂ ਸਾਰਥਕ ਅਤੇ ਉਸਾਰੂ ਨਤੀਜੇ ਕੱਢਣ ਦਾ ਦਲਜੀਤ ਕੋਲ ਬਹੁਤ ਨਿਪੁੰਨ ਢੰਗ ਹੈ। ਉਸਦੇ ਖਿਆਲ ਵਿੱਚ ਜੇਕਰ ਦੁਨੀਆਂ ਸਾਹਮਣੇ, ਜਾਤ ਪਾਤ ਨੂੰ ਮਿਟਾਉਂਣ ਦਾ ਮਸਲਾ ਨਾ ਹੁੰਦਾ ਤਾਂ ਉਨ੍ਹਾਂ ਸਾਹਮਣੇ ਅੱਜ ਸਿਰਫ ਨੌਕਰ ਅਤੇ ਮਾਲਕ ਦੇ ਫਰਕ ਨੂੰ ਹੀ ਮਿਟਾਉਂਣਾ ਬਾਕੀ ਰਹਿਣਾ ਸੀ। ਉਸਦਾ ਹੇਠ ਲਿਖਿਆ ਤਕਾਬਲ ਸ਼ੇਅਰ ਬਹੁਤ ਪ੍ਰਸੰਸਾਯੋਗ ਹੈ।
ਜੇ ਹੁੰਦਾ ਜੱਗ ਤੇ ਨਾ ਊਚ ਨੀਚ ਜਾਤ ਦਾ ਮਸਲਾ,
ਤਾਂ ਪਾੜਾ ਨੌਕਰ ਤੇ ਮਾਲਕ ਦਾ ਹੁੰਦਾ ਮਿਟਾਵਣ ਨੂੰ।।
ਅਤੇ
ਕੌੜਾ ਬੋਲਣ ਵਾਲਾ ਬੰਦਾ ਦਿਲ ਦਾ ਮਾੜਾ ਨਹੀਂ,
ਮਿੱਠਾ ਬੋਲਣ ਵਾਲੇ ਸਦਾ ਹੀ ਦਿਲ ਨੇ ਠੱਗਦੇ।।
ਉਪਰੋਕਤ ਸ਼ੇਅਰ ਵਿੱਚ ਦਲਜੀਤ ਬਹਾਦਰ ਖਾਨਖਾਨਾ ਦਾ ਆਪਣੇ ਕੌੜਾ ਬੋਲਣ ਵਾਲੇ ਸੁਭਾਵ ਦੀ ਤਰਜਮਾਨੀ ਹੈ। ਦਲਜੀਤ ਦੁਨੀਆ ਵਿੱਚਹਂ ਸਚਾਈ ਭਾਲਦਾ ਫਿਰਦਾ ਹੈ। ਉਹ ਸੱਚ-ਮੁੱਚ ਹੀ ਦਿਲ ਦਾ ਸਾਫ ਇਨਸਾਨ ਹੈ।
ਦਲਜੀਤ ਨੇ ਆਪਣੀ ਸ਼ਾਇਰੀ ਵਿੱਚ ਬਹੁਤੇ ਪਹਚੀਦਾ ਮਸਲਿਆਂ ਨੂੰ ਬੜੀ ਸਾਦਗੀ ਨਾਲ ਬਿਆਨਿਆ ਹੈ। ਇਹ ਉਸਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਸੰਰਚਨਾ ਦੀ ਖੂਬਸੂਰਤੀ ਹੈ। ਇਸ ਸਾਦਗੀ ਦੀ ਦਲਜੀਤ ਨੇ ਆਪਣੇ ਬਹੁਤ ਸਾਰੇ ਸੇਅਰਾਂ ਵਿੱਚ ਸਿਰਜਨਾਂ ਕੀਤੀ ਹੈ। ਇਨਸਾਨ ਨੂੰ ਜਾਗ੍ਰਿਤ ਕਰਦਾ ਕਹਿੰਦਾ ਹੈ ਕਿ ਜੇਕਰ ਤੂੰ ਮਰਦ ਏਂ ਤਾਂ ਮੌਤ ਕੋਲੋਂ ਨਾ ਡਰ। ਮੌਤ ਤਾਂ ਹਰ ਇੱਕ ਨੂੰ ਅਵੱਸ਼ ਆਉਂਣੀ ਹੈ। ਤੂੰ ਜਾਬਰ ਨੂੰ ਜਾਬਰ ਕਹਿਣ ਦਾ ਸਾਹਸ ਕਰ।
ਜਾਬਰ ਨੂੰ ਜਾਬਰ ਕਹਿਣ ਦੀ ਜੁਅਰੱਤ ਤਾ ਕਰ।
ਜੇ  ਮਰਦ  ਹੈਂ  ਫਿਰ  ਖੋਲ੍ਹ ਮੂੰਹ, ਮੌਤੋਂ ਨਾ ਡਰ।।
ਹੇਠਲੇ ਸ਼ੇਅਰ ਵਿੱਚ ਉਸ ਨੇ ਹਕੀਕਤ ਬਿਆਨੀ ਕੀਤੀ ਹੈ।
ਆਖਿਰ ਤਾਂ ਇੱਕ ਦਿਨ ਮੌਤ ਨੇ ਆਉਂਣਾ ਜ਼ਰੂਰ।
ਕੌਣ ਰੋਕ ਸਕਦਾ ਹੈ ਮੌਤ ਨੂੰ, ਮੌਤ ਵੀ ਹੈ ਸਫਰ।।
ਅਤੇ ਇਸ ਮੌਤ ਨੂੰ ਦਲਜੀਤ ਗਤ-ਸੰਦੇਹ ਦਸਦਾ ਹੈ।
ਹਕੀਕਤ  ਹੈ ਕਿ  ਜ਼ਿੰਦਾ ਇਨਸਾਨ ਨੇ ਮਰਨਾ ਜ਼ਰੂਰ ਹੈ ,
ਹਕੀਕਤ ਜਾਣਦੇ ਇਨਸਾਨ ਲਈ ਮਰਨਾ ਬੜਾ ਔਖਾ ਹੈ।।
ਗ਼ਜ਼ਲ ਦੇ ਥੀਮ ਦਾ ਸੋਜ਼ ਅਤੇ ਤੜ੍ਹਪ ਇੱਕ ਅਨਿੱਖੜਵਾਂ ਅੰਗ ਹਨ। ਦਲਜੀਤ ਦੀਆਂ ਗ਼ਜ਼ਲਾਂ ਦੇ ਸ਼ੇਅਰ ਇਸ ਪਖੋਂ ਵੀ ਪਿੱਛੇ ਨਹੀਂ ਰਹੇ। ਉਸਨੇ ਲਿਖਿਆ ਹੈ ਕਿ ਜੇਕਰ ਰਾਂਝੇ ਦੀ ਭਾਬੀ ਉਸਨੂੰ ਹੀਰ ਵਿਆਹ ਕੇ ਲਿਆਉਂਣ ਦਾ ਤਾਹਨਾ ਨਾ ਮਾਰਦੀ ਤਾਂ ਰਾਂਝੇ ਨੇ ਮੱਝੀਆਂ ਚਰਾਉਂਣ ਅਤੇ ਗਰਖ ਨਾਥ ਦੇ ਟਿੱਲੇ ਉੱਪਰ ਆਪਣੇ ਕੰਨ ਪੜ੍ਹਵਾਉਂਣ ਨਹੀਂ ਸੀ ਜਾਣਾ। ਦਲਜੀਤ ਦੇ ਹੇਠਲੇ ਸ਼ੇਅਰ ਵਿੱਚ ਅੰਤਾਂ ਦੀ ਤੜ੍ਹਪ ਬਿਆਨੀ ਹੈ।
ਜੇ  ਬੋਲ ਹੁੰਦੇ ਨਾ ਭਾਬੀ ਦੇ ਕਰਾਰੇ, ਹੀਰ ਵਿਆਹਵਣ ਦੇ,
ਨਹੀਂ ਕਦੇ ਰਾਂਝੇ ਤੁਰਨਾ ਸੀ, ਟਿੱਲੇ ਕੰਨ ਪੜ੍ਹਾਵਣ ਲਈ।।
ਜਿਹੜਾ ਸ਼ਾਇਰ ਇਹ ਕਹਿੰਦਾ ਹੈ ਕਿ ਉਸਨੇ ਕੋਈ ਨਵੀਂ ਗੱਲ ਲਿਖੀ ਹੈ, ਉਸਦਾ ਇਸ ਤਰ੍ਹਾਂ ਕਹਿਣਾ, ਉਹ ਆਪਣੇ ਆਪ ਨੂੰ, ਦੁਨੀਆਂ ਦਾ ਪਹਿਲਾ ਇਨਸਾਨ ਸਮਝਦਾ ਹੈ। ਅੱਜ ਕੱਲ੍ਹ ਕੋਈ ਸ਼ਾਇਰ ਨਵੀਂ ਗੱਲ ਨਹੀਂ ਕਹਿੰਦਾ ਪਰ ਕਿਉਂਕਿ ਉਹ ਨਵੇਂ ਢੰਗ ਨਾਲ ਕਹਿੰਦਾ ਹੈ ਤਾਂ ਉਸ ਵਿੱਚ ਮੌਲਿਕਤਾ ਆ ਜਾਂਦੀ ਹੈ। ਅਜਿਹੀ ਜਿੱਦਤ ਦਲਜੀਤ ਦੇ ਸ਼ੇਅਰਾਂ ਵਿੱਚ ਆਮ ਫਹਿਮ ਹੈ। ਉਹ ਇਸ ਜ਼ਿੰਦਗੀ ਦੇ ਸਮਝੇ ਹੋਇ ਭੇਦ ਨੂੰ ਹੇਠ ਲਿਖੇ ਸ਼ੇਅਰ ਵਿੱਚ ਨਵੇਂ ਢੰਗ ਨਾਲ ਵਰਨਣ ਕਰਦਾ ਹੈ।
ਖੂਬ ਸਮਝ ਗਿਆਂ ਹਾਂ, ਇਸ ਜ਼ਿੰਦਗੀ ਦਾ ਮਤਲਬ,
ਜੀਣੇ ਲਈ ਜਨਮਿਆਂ ਸੀ, ਕਿਉਂ ਮੌਤ ਨੂੰ ਬੁਲਾਵਾਂ?
ਫਿਰ ਉਹ ਦੁਨੀਆਂ ਨੂੰ ਯਾਦ ਕਰਾਉਂਦਾ ਹੈ ਕਿ ਜ਼ਿੰਦਗੀ ਦੀ ਆਖਰੀ ਮੰਜ਼ਲ ਮੌਤ ਹੀ ਹੈ।
ਜੀਣ ਵਾਲੇ ਲੋਕੋ ਮੌਤ ਸਭ ਨੂੰ ਉਡੀਕੇ,
ਮੰਜ਼ਿਲ ਆਖਰੀ ਜ਼ਿੰਦਗੀ ਦੀ ਏਹੋ ਹੈ।।
 ਦਲਜੀਤ ਬਹਾਦਰ ਖਾਨਖਾਨਾ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਬਹੁਤ ਡੂੰਘੇ ਵਿਚਾਰ ਸਮਾਏ ਹੋਏ ਹਨ ਅਤੇ ਉਹ ਇਨ੍ਹਾਂ ਡੂੰਘੇ ਵਿਚਾਰਾਂ ਨੂੰ ਇਸ ਸਾਦਗੀ ਨਾਲ ਕਹਿੰਦਾ ਹੈ, ਜਿਉਂ ਜਿਉਂ ਸ਼ੇਅਰ ਨੂੰ ਤੁਸੀਂ ਵਾਰ ਵਾਰ ਪੜ੍ਹਦੇ ਹੋ ਤਾਂ ਉਸਦਾ ਮਤਲਬ ਹੋਰ ਵੀ ਸਪੱਸ਼ਟ ਅਤੇ ਡੂੰਘੇਰਾ ਹੁੰਦਾ ਜਾਂਦਾ ਹੈ। ਉਸਦੀ ਅਜਿਹੀ ਸ਼ੇਅਰ ਸਿਰਜਨਾਤਮਿਕਤਾ ਨੂੰ ਜੇ ਅਸੀਂ ਬਲਾਗਤ ਸ਼ੇਅਰ ਕਰਕੇ ਸਥਾਪਤ ਕਰੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਦਾਹਰਣ ਲਈ ਹੇਠ ਲਿਖਿਆ ਸ਼ੇਅਰ ਪੜ੍ਹਨਯੋਗ ਹੈ।
ਕਿੳਂ ਤਰਸ ਦਾ ਪਾਤਰ ਬਣਿਆਂ ਨਜ਼ਰ ਗੈਰ ਦੀ ਸਾਹਵੇਂ,
ਗੈਰ ਕਿਵੇਂ ਬਣਦੇ ਨੇ ਆਪਣੇ ਆ ਭੇਦ ਤੈਨੂੰ ਸਮਝਾਵਾਂ।।
ਤਸੱਵੁਫ (ਸੂਫੀ) ਰੰਗ ਦੀ ਬੇਮਿਸਾਲ ਸਾਇਰੀ ਹੇਠ ਪੜ੍ਹੋ।
ਦਿਲ ਦੇ ਲੁਕੜਿਆਂ ਤੇ ਤੇਰਾ ਹੀ ਨਾਮ ਲਿਖਿਆ ਹੈ,
ਉਠਾ ਕੇ ਦੇਖ ਕੋਈ ਟੁਕੜਾ ਸ਼ਰੇਆਮ ਲਿਖਿਆ ਹੈ।।
ਦਲਜੀਤ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਖਿਆਲ ਬੁਲੰਦ ਹਨ। ਇਸੇ ਕਰਕੇ ਉਹ ਬੁਲੰਦ ਸ਼ਾਇਰ ਹੈ। ਇਸ ਗੱਲ ਦੀ ਪੁਸ਼ਟੀ ਲਈ ਹੇਠ ਲਿਖੇ ਸ਼ੇਅਰ ਦਾ ਲੁਤਫ਼ ਮਾਣੋ।
ਇਹ ਕਿਸ ਗੁਨਾਹ ਦੀ ਸ੍ਰਾ ਹਅ ਜੋ ਮਿਲ ਰਹੀ ਸਾਨੂੰ,
ਸਾਡੇ ਦਾਅ ਉੱਤੇ ਦਿਲ ਕਿਸੇ ਦਾ ਲਾਈ ਬੈਠੋ ਹੋ।।
ਸ਼ਾਇਰ ਦਾ ਆਪਣਾ ਇਖਲਾਕ ਬਹੁਤ ਉੱਚਾ ਹੈ, ਏਸੇ ਕਰਕੇ ਉਸਦੀਆਂ ਗ਼ਜ਼ਲਾਂ ਵਿੱਚ ਵੀ ਇਖਲਾਕੀ ਅਤੇ ਇਸਲਾਹੀ ਖਿਆਲ ਅੰਕਿਤ ਹਨ।
ਪਿਆਰ ਜ਼ਿੰਦਗੀ ਹੈ ਜੀਣੇ ਲਈ ਪਿਆਰ ਕੀਤਾ ਏ,
ਪਿਆਰ ਮਰਦਾ ਨਹੀਂ ਹੈ ਜ਼ਿੰਦਾ ਏਹੋ ਸਿਖਿਆ ਹੈ।।
ਨਾਜ਼ਕ ਖਿਆਲੀ ਗ਼ਜ਼ਲ ਦੇ ਸ਼ੇਅਰਾਂ ਦੀ ਜ਼ਿੰਦ ਜਾਨ ਹੁੰਦੀ ਹੈ। ਦਲਜੀਤ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਇਹ ਬਿਆਨ ਵੀ ਬਹੁਤ ਪ੍ਰਬੱਲ ਰੂਪ ਵਿੱਚ ਨਜ਼ਰ ਆਉਂਦਾ ਹੈ । ਵੇਖੋ ਨਾਜ਼ਕ ਖਿਆਲੀ ਦਾ ਸ਼ੇਅਰ।
ਕਹਿਣ ਨੂੰ ਤੇ ਇਹ ਜ਼ਿੰਦਗੀ ਹੈ ਮੇਰੀ,
ਪਰ ਜੀਅ ਤੇਰੇ ਲਈ ਹੀ ਰਿਹਾ ਹਾਂ।।
ਅਤੇ
ਇੱਕ ਸੁਨੇਹਾ ਦੇ ਉਹ ਟੁਰ ਗਏ,
ਜੋ ਦਿਲਬਰ ਸੀ ਮੈਦਾਨੀ ਡੱਟੇ।।
ਦਲਜੀਤ ਨੇ ਤਮਸੀਲੀ ਸ਼ੇਅਰ ਵੀ ਲਿਖੇ ਹਨ। ਉਹ ਆਪਣੇ ਰਚੇ ਹੋਏ ਸ਼ੇਅਰਾਂ ਵਿੱਚ ਉਚੇਚੇ ਵਿਚਾਰਾਂ ਦੀਆਂ ਉਦਾਹਰਣਾ ਪੇਸ਼ ਕਰਦਾ ਹੈ। ਉਸਨੇ ਉਦਾਹਰਣਾ ਨੂੰ ਆਪਣੀ ਇੱਕ ਗ਼ਜ਼ਲ ਦੇ ਮਤਲੇ ਵਿੱਚ ਲਿਖਿਆ ਹੈ ਕਿ ਦੁਨੀਆਂ ਨੂੰ ਜਿੱਤਣ ਵਾਸਤੇ ਆਦਮੀ ਹਥਿਆਰ ਬਣਾਉਂਦਾ ਹੈ। ਜਦ ਖੁਦ ਉਹ ਆਦਮੀ ਮਰਨ ਕਿਨਾਰੇ ਹੁੰਦਾ ਹੈ ਤਾਂ ਬਣਾਏ ਹੋਏ ਹਥਿਆਰ ਉਸ ਆਦਮੀ ਦੇ ਕਿਸੇ ਕੰਮ ਨਹੀਂ ਆਉਂਦੇ।
ਦੁਨੀਆ ਨੂੰ ਜਿੱਤਣੇ ਲਈ ਹਥਿਆਰ ਤੂੰ ਬਣਾਏ,
ਜਦੋਂ ਮੌਤ ਤੇਰੀ ਆਈ ਹਥਿਆਰ ਕੰਮ ਨਾ ਆਏ।।
ਦਲਜੀਤ ਦੇ ਸ਼ੇਅਰਾਂ ਵਿੱਚ ਜੋਰ ਹੈ। ਮੇਰਾ ਏਥੇ ਜੋਰ ਸ਼ਬਦ ਲਿਖਣ ਤੋਂ ਭਾਵ ਇਹ ਨਹੀਂ ਹੈ ਕਿ ਸੇਅਰਾਂ ਵਿੱਚ ਮੋਟੇ ਮੋਟੇ ਰੋਹਬਦਾਰ ਜਾਂ ਸਾਨੋ-ਸ਼ੌਕਤ ਵਾਲੇ ਸ਼ਬਦਾਂ ਦਾ ਪ੍ਰਯੋਗ ਹੈ ਬਲਕਿ ਇਸਦਾ  ਮਤਲਬ  ਇਹ  ਸਮਝਣਾ  ਚਾਹੀਦਾ ਹੈ ਕਿ ਸ਼ਾਇਰ ਜੋ ਤਸਵੀਰ ਖਿਚਣੀ ਚਾਹੁੰਦਾ ਹੈ ਉਹ 
ਪਾਠਕ ਦੇ ਦਿਲ ਉੱਪਰ ਉਕਰੀ ਜਾਂਦੀ ਹੈ। ਜਿਹੜੀ ਉਹ ਕੈਫੀਅਤ ਪੈਦਾ ਕਰਨੀ ਚਾਹੁੰਦਾ ਹੈ, ਉਹ ਪਾਠਕ ਦੇ ਦਿਲ ਵਿੱਚ ਵੱਸ ਜਾਂਦੀ ਹੈ। ਉਸਦੇ ਸ਼ੇਅਰਾਂ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਉਸਨੇ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦਿਖਾਇਆ ਹੈ। ਇਹ ਇਤਿਸਾਰ ਉਸਦੇ ਹਰ ਸ਼ੇਅਰ ਦੀ ਜਾਨ ਹੈ । ਉਹ ਆਪਣੇ ਸਿਰਜੇ ਗਏ ਸ਼ੇਅਰਾਂ ਵਿੱਚ ਕੁੱਝ ਨਾ ਵੀ ਕਹਿਣਾ ਚਾਹੁੰਦਾ ਹੋਇਆ ਸਭ ਕੁੱਝ ਆਖ ਜਾਂਦਾ ਹੈ। ਸ਼ੇਅਰਾਂ ਵਿੱਚ ਮਜ਼ਰਕਸ਼ੀ ਕਰਨ ਦਾ ਵੀ ਬੜਾ ਧਨੀ ਹੈ। ਭਾਵੇਂ ਸ਼ੋਖੀ ਆਦਿ ਦਾ ਬਹੁਤਾ ਵਰਨਣ ਨਹੀਂ ਹੈ ਜਿਵੇਂ ਸ਼ਰਾਬ, ਵਾਇਜ਼, ਜਾਹਿਦ। ਅਦਬ, ਅਬਾਦਤ ਆਦਿ ਪਰ ਸਾਇਰ ਨੇ ਜ਼ਿੰਦਗੀ ਨੂੰ ਭਲੀ ਭਾਂਤ ਜੀਣ ਦੇ ਚੜ੍ਹਾਏ ਹੋਏ ਨਸ਼ਿਆਂ ਦੀ ਇੱਕ ਨਵ-ਸ਼ੋਖੀ ਦੀਆਂ ਗ਼ਜ਼ਲਾਂ ਦੀ ਸਿਰਜਨਾ ਕਰਕੇ ਗ਼ਜ਼ਲ ਦੇ ਵਿਚਾਰਾਂ ਨੂੰ ਇੱਕ ਨਵਾਂ ਮੋੜ ਦਿੱਤਾ ਹੈ ਜਿਹੜਾ ਗ਼ਜ਼ਲ ਦੇ ਪ੍ਰਸੰਗ ਵਿੱਚ ਪਹਿਲੀ ਵਾਰ ਵੇਖਣ ਵਿੱਚ ਆਇਆ ਹੈ। ਦਲਜੀਤ ਬਹਾਦਰ ਖਾਨਖਾਨਾ ਨੇ ਜ਼ੁਲਮ ਨੂੰ ਖਤਮ ਕਰਨ ਦਾ ਜ਼ਨੂੰਨ, ਖੁਸ਼ਹਾਲ ਜੀਵਨ ਲਈ ਸ਼ੰਘਰਸ਼, ਸਮਾਜਿਕ ਬਰਾਬਰਤਾ, ਜੀਵਨ ਵਿੱਚੋਂ ਸੱਚ ਦੀ ਭਾਲ, ਇਨਸਾਨੀਅਤ ਦਾ ਢਿੰਢੋਰਾ ਅਤੇ ਪ੍ਰਾਣੀ ਨੂੰ ਅਟੱਲ ਮੌਤ ਦੀ ਚਿਤਾਵਨੀ ਭਰੀਆਂ ਗ਼ਜ਼ਲਾਂ ਕਹਿ ਕੇ ਗ਼ਜ਼ਲ ਦੇ ਸਦੀਆਂ ਪੁਰਾਣੇ ਪ੍ਰਚੱਲਤ ਰੂਪ ਅਤੇ ਸ਼ੈਲੀ ਵਿੱਚ ਬਦਲ ਕਰਕੇ ਜ਼ਿੰਦਗੀ ਦੀਆਂ ਆਧੁਨਿਕ ਜਰੂਰਤਾਂ ਲਈ ਨਵੇਂ ਤਜਰਬਿਆਂ ਭਰਪੂਰ ਗਜ਼ਲਾਂ ਦੀ ਅਭਿਵਿਅੱਕਤੀ ਕੀਤੀ ਹੈ  ਜਿਸ ਨੇ ਗ਼ਜ਼ਲ ਦੇ ਬ੍ਰਹਿਮੰਡ ਵਿੱਚ ਇੱਕ ਨਵਾਂ ਓਜ਼ੋਨ ਪੈਦਾ ਕੀਤਾ ਹੈ। ਜਿਸ ਕਾਰਨ ਆਧੁਨਿਕ ਪੰਜਾਬੀ ਗ਼ਜ਼ਲ ਵਿੱਚ ਵਿਸ਼ੇ ਅਤੇ ਰੂਪ ਪਖੋਂ ਇੱਕ ਨਵਾਂ ਮੋੜ ਆਵੇਗਾ। ਪੰਜਾਬੀ ਗ਼ਜ਼ਲ ਵਿੱਚ ਸ਼ਬਦਾਵਲੀ ਦੀ ਅਭਿਵਿਅੱਕਤੀ ਸਿਰਫ ਦਲਜੀਤ ਬਹਾਦਰ ਖਾਨਖਾਨਾ ਹੀ ਕਰ ਸਕਣ ਦੇ ਸਮਰੱਥ ਹੋਇਆ ਹੈ। ਉਸ ਦੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਖੂਬਸੂਰਤ ਮੁਬਾਲਿਗਾ ਹੈ। ਖੂਬਸੂਰਤ ਅੰਦਾਜ਼ੇ ਬਿਆਨ ਹੈ। ਸਾਰੇ ਸੇਅਰ ਦਲੀਲਾਂ ਅਤੇ ਪ੍ਰਤੀਕਾਂ ਨਾਲ ਪ੍ਰੋਏ ਹੋਏ ਹਨ। ਪੁਰਾਤਨ ਲੋਕ ਪ੍ਰਚਲਤ ਕਿੱਸੇ, ਘਟਨਾਵਾਂ ਅਤੇ ਵਾਰਦਾਤਾਂ ਦਾ ਬਹੁਤ ਖੂਬਸੂਰਤੀ ਨਾਲ ਸ਼ੇਅਰਾਂ ਵਿੱਚ ਵਰਨਣ ਕੀਤਾ ਗਿਆ ਹੈ। ਜਿਸ ਕਾਰਨ ਸੇਅਰਾਂ ਦਾ ਆਸ਼ਾ ਹੋਰ ਵੀ ਉੱਘੜ ਕੇ ਸਾਹਮਣੇ ਆ ਜਾਂਦਾ ਹੈ। ਸ਼ੇਅਰਾਂ ਵਿੱਚ ਸਿਲਾਸਤ ਹੈ। ਮੁਤਾਬਕਤੇ-ਇਲਫਾਜ਼ ਵਰਤੇ ਗਏ ਹਨ ਅਤੇ ਸ਼ੇਅਰਾਂ ਵਿੱਚ ਹਰ ਗੱਲ ਨੂੰ ਤਰਤੀਬ ਅਤੇ ਸਿਲੇਸਿਲੇ ਵਾਰ ਕਹਿੰਦਾ ਹੈ। ਉਪ੍ਰੋਕਤ ਸਤਰਾਂ ਦੀ ਚੁੰਧਿਆਉਂਦੀ ਰੌਸ਼ਨੀ ਵਿੱਚ ‘ਮਨੁੱਖਾ ਦਾ ਮਸੀਹਾ‘ ਚੁਰੱਸਤੇ ਵਿੱਚ ਖੜਾ, ਇਨਸਾਨੀਅਤ ਖਾਤਿਰ ਤਿਲਮਿਲਾ ਰਿਹਾ ਅਸੀਂ ਪ੍ਰਤੱਖ ਦੇਖ ਸਕਦੇ ਹਾਂ। ਦਲਜੀਤ ਬਹਾਦਰ ਖਾਨਖਾਨਾ ਦੀਆਂ ਗ਼ਜ਼ਲਾਂ ਨੂੰ ਸਿਰਫ ਗ਼ਜ਼ਲਾਂ ਕਰਕੇ ਹੀ ਨਹੀਂ ਸਗੋਂ ਗ਼ਜ਼ਲ ਦੇ ਹਰ ਸ਼ੇਅਰ ਨੂੰ ਉਸਦੀ ਗ਼ਜ਼ਲ ਦਾ ਫਰਦ ਸਮਝ ਕੇ ਪੜ੍ਹੀਏ ਅਤੇ ਉਸ ਦੇ ਉਚੇਰੇ ਖਿਆਲ ਬਿਆਨੀ ਨੂੰ ਵਿਚਾਰ ਕੇ ਅਸੀਂ ਨਿਰਸੰਦੇਹ ਇਹ ਆਖ ਸਕਦੇ ਹਾਂ ਕਿ ਦਲਜੀਤ ਬਹਾਦਰ ਖਾਨਖਾਨਾ ਇੱਕ ਕਾਮਯਾਬ ਗ਼ਜ਼ਲਗੋਹ ਸਥਾਪਿਤ ਹੁੰਦਾ ਹੈ। ਮੈਂ ਉਸਦੇ ਇਸ ‘ਮਨੁੱਖਤਾ ਦਾ ਮਸੀਹਾ‘ ਗ਼ਜ਼ਲ ਸੰਗ੍ਰਿਹ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨੂੰ ਜੀਅ ਆਇਆਂ ਕਹਿੰਦਾ ਹਾ। ਮੈਨੂੰ ਪੂਰੀ ਉਮੀਦ ਹੈ ਇਨ੍ਹਾਂ ਗ਼ਜ਼ਲਾਂ ਨੂੰ ਪੜ੍ਹ ਕੇ ਅਤੇ ਵਿਚਾਰ ਕਰ ਕੇ ਪਾਠਕ ਜਰੂਰ ਲੁਤਫ਼ ਲੈ ਸਕਣਗੇ ਅਤੇ ਜ਼ੁਲਮ ਹੰਢਾ ਰਹੇ ਲੋਕ ਇਨ੍ਹਾਂ ਗ਼ਜ਼ਲਾਂ ਤੋਂ ਅਗਵਾਈ ਲੈ ਕੇ ਜ਼ੁਲਮ ਮਿਟਾਉਂਣ ਲਈ ਜੂਝ ਉੱਠਣਗੇ।

****

No comments:

Post a Comment