ਅਗਲੇ ਚਰਣ ਦਾ ਹਸਤਾਖਸ਼ਰ


ਨਚਣੁ ਕੁਦਣੁ ਮਨ ਕਾ ਚਾਉ।
ਨਾਨਕ ਜਿਨ ਮਨਿ ਭਉ ਤਿਨਾ ਮਨਿ ਭਾਉ।3।


ਧੁਰੋਂ ਆਈ ਬਾਣੀ ਨੇ ਮਨੁੱਖ ਦੇ ਮਨ ਵਿੱਚ ਸ਼ਾਂਤੀ ਵਾਸਤੇ ਅਤੇ ਸਹਿਜ ਅਵਸਥਾ ਦੀ ਪ੍ਰਾਪਤੀ ਲਈ ਹਾਸਰਸ ਇੱਕ ਗੁਣ ਉਚਾਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਕਿ ਨਾਨਕ ਦੁਖੀਆ ਸਭ ਸੰਸਾਰੁ। ਕਿਸੇ ਨੂੰ ਸਰੀਰਕ ਦੁੱਖ ਹੈ। ਕਿਸੇ ਤਾਈਂ ਮਾਨਸਿਕ ਦੁੱਖ ਹੈ। ਕੋਈ ਪਰਿਵਾਰਕ ਦੁੱਖਾਂ ਵਿੱਚ ਗ੍ਰਸਿਆ ਹੋਇਆ ਹੈ। ਕਈ ਛਲਣੀ ਮਾਇਆ ਦੇ ਘੱਟ ਵੱਧ ਦੇ ਪ੍ਰਯਤਨਾਂ ਦੇ ਦੁੱਖਾਂ ਦੇ ਸਿ਼ਕਾਰ ਹੋਏ ਬੈਠੇ ਹਨ। ਇਹ ਦੁੱਖ ਆਪਣੀ ਅਗਿਆਨਤਾ ਕਾਰਨ ਇਨਸਾਨ ਨੇ ਆਪਣੇ ਆਪ ਸੁਹੇੜੇ ਹੋਏ ਹਨ। ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਤੇਜਾ ਸਿੰਘ ‘ਤੇਜ’ ਕੋਟਲੇਵਾਲਾ ਨੇ ਮਾਨਵ ਦੀਆਂ ਅਸ਼ੁਧੀਆਂ ਵਿਸੰਗਤੀਆਂ ਭਾਤੀ ਪੂਰਣਤਾਵਾਂ, ਕੁਮੰਤ੍ਰਿਤਾਵਾਂ, ਅਭਿਵੇਚਿਤਾਵਾਂ ਦਾ ਜਦੋਂ ਵਿਸ਼ਲੇਸ਼ਣ ਕੀਤਾ ਹੈ ਤਾਂ ਬੁੱਧੀ ਜੀਵਿਆਂ ਦੇ ਨਾਲ ਨਾਲ ਚੇਤੰਨ ਮਨਾ ਦੀ ਅਚੇਤਨਾ ਨੂੰ ਵੀ ਆਪਣੀਆਂ ਕੀਤੀਆਂ ਹੋਈਆਂ ਭੁੱਲਾਂ ਉਪਰ ਹਾਸਾ ਆਉਦਾ ਹੈ। ਬੁੱਧੀਜੀਵੀ ਅਤੇ ਆਲੋਚਕ ਜਿਹੜੇ ਹਾਸਰਸ  ਅਤੇ ਹਾਸ-ਵਿਅੰਗ ਨੂੰ ਅੱਜ ਤੱਕ
ਸਾਂਗ, ਨਕਲਾਂ ਜਾਂ ਭੰਡਾਂ ਦਾ ਠੱਠਾ ਮਖੌਲ ਹੀ ਸਮਝਦੇ ਸਨ । ਉਨ੍ਹਾਂ ਤਾਈਂ ‘ਤੇਜ’ ਇਹ ਸੋਚਣੀ ਲਾ ਗਿਆ ਹੈ ਕਿ ਹਾਸਰਸ, ਪ੍ਰਹਸਨ ਜਾਂ ਹਾਸ ਵਿਅੰਗ ਵੀ ਹੁਣ ਪੰਜਾਬੀ ਸਾਹਿਤ ਦੀ ਪ੍ਰਬੱਲ ਵਿਧੀ ਬਣ ਗਈ ਹੈ। ‘ਤੇਜ’ ਹਰ ਪ੍ਰਾਣੀ ਦੇ ਹਿਰਦੇ ਨੂੰ ਇਸ ਤਰ੍ਹਾਂ ਉਤੇਜਿਤ ਕਰਦਾ ਹੈ ਕਿ ਉਹ ਪ੍ਰਾਣੀ ਕਿਸੇ ਮੂਰਖ ਦੇ ਪ੍ਰਤੀਕ ਨੂੰ ਆਪਣੀ ਬਿਰਤੀ ਵਿੱਚ ਵਸਾਉਦਾ ਹੋਇਆ ਉਸ ਦੀ ਮੂਰਖਤਾ ਉਪਰ ਹੱਸਦਾ ਹੈ। ‘ਤੇਜ’ ਨੇ ਇਸ ਤਰ੍ਹਾਂ ਦਾ ਸਿਰਜਾਨਮਿਕ ਕਾਰਜ ਕਰਕੇ ਬੜੀ ਤੀਖਣਤਾ ਨਾਲ ਵਿਸਿ਼ਸ਼ਟਤਾ ਤੋਂ ਲੈ ਕੇ ਸਮਾਜਕ ਜਨ ਸਾਧਾਰਨ, ਧਾਰਮਕ ਕਰਮ ਕਾਂਢ, ਰਾਜਨੀਤਕ ਨੇਤਾਵਾਂ ਦੇ ਸ਼ੋਸ਼ਣ ਤੰਤਰ ਦਾ ਬੜੇ ਵਿਸਥਾਰ ਪੂਰਬਕ ਅਤੇ ਸਹਿਜ ਸੁਭਾਅ ਹੀ ਪੀਢੇ ਵਿਵਰਨਾਬਾਂ ਦਾ ਆਪਣੀ ਕਾਵਿ ਕਲਾ ਰਾਹੀਂ ਪਰਸਾਰ ਕੀਤਾ ਹੈ। ਉਹਬਆਪਣੀ ਇਸ ਪ੍ਰਹਸਨ ਪ੍ਰਸਾਰਨ ਵਿੱਧੀ ਦੁਆਰਾ ਵਿਅਕਤੀ ਦੇ ਮਨ ਵਿਚਲੇ ਚਕਰਨੁ ਕ੍ਰਮ ਨੂੰ ਦੁੱਖਾਂ ਤੋਂ ਪ੍ਰਵਿਰਤ ਕਰਨ ਦੇ ਕਾਰਜ ਵਿੱਚ ਸਫਲ ਹੋਇਆ ਹੈ। ਅਜਿਹੀ ਸਥਿੱਤੀ ਵਿੱਚ ਕੀਤੀ ਅਭਿਵਿਅੰਜਨਾ ਉਸ ਦੀ ਕਾਵਿ ਕਲਾ ਨੂੰ ਅਮਰ ਪੱਦਵੀ ਦਿਵਾਉਦੀ ਹੈ।


ਪਾਤਰ ਉਸਾਰੀ ਕਰਨ ਵਿੱਚ ਕਵੀ ਏਨਾ ਮਾਹਿਰ ਹੈ ਕਿ ਜਿਵੇਂ ਜਿਵੇਂ ਪਾਠਕ ਕਵਿਤਾ ਨੂੰ ਪੜ੍ਹਦਾ ਹੈ ਤਿਵੇਂ ਤਿਵੇਂ ਸਿਰਜੇ ਗਏ ਪਾਤਰਾ ਦਾ ਹੁ-ਬ-ਹੂ ਹੁਲੀਆ, ਉਨ੍ਹਾਂ ਦੀ ਰੂਹ ਅਤੇ ਕਿਰਦਾਰ ਅੱਖਾਂ ਸਾਹਮਣੇ ਫਿਰਨ ਲੱਗਦਾ ਹੈ। ਕਵੀ ਵਿਸ਼ਵਾਂਤਰੀ ਹੈ ਕਿਉਂਕਿ ਉਸਦੀਆਂ ਕਵਿਤਾਵਾਂ ਦੇ ਉਲੇਖ ਅੰਤਰ-ਰਾਸ਼ਟਰੀ ਹਨ। ਕਵਿਤਾਵਾਂ ਵਿੱਚ ਹਾਸਰਸ ਦੀ ਬਹੁਲਤਾ ਹੋਣ ਕਾਰਨ ਕਵੀ ਹਸਾਖੜ ਹੈ। ਉਸ ਦੀਆਂ ਕਵਿਤਾਵਾਂ ਵਿੱਚ ਹਾਸ ਵਿਅੰਗ ਪ੍ਰਧਾਨ ਹੈ ਤਾਂ ਕਵੀ ਵਿਅੰਗਾਤਮਕ ਹੈ। ਕਵੀ ਨੇ ਪੰਜਾਬੀ ਪੰਜਾਬੀ ਲਿੱਪੀ ਨੂੰ ਦੁਨੀਆਂ ਦੀਆਂ ਹੋਰ ਲਿੱਪੀਆਂ ਦੇ ਦਿਨ ਵਚਾਰ ਸ਼ਬਦਾਂ ਨੂੰ ਦਿੱਤਾ ਅਤੇ ਆਪਣੇ ਵਿਲੱਖਣ ਅਤੇ ਮੌਲਿਕ ਵਿਚਾਰਾਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਅਪਨਾਉਣ ਕਾਰਨ ਕਵੀ ਵਿੱਚ ਸਿਰਜਾਨਮਿਕ ਮੌਿਲਕਤਾ ਹੈ। ‘ਤੇਜ’ ਦੀ ਕਵਿਤਾ ਵਿੱਚ ਵਿਭਿੰਨ ਪਰਕਾਰ ਦੇ ਰੂਪਾਕਾਰ ਉਪਲੱਬਧ ਹਨ। ਪ੍ਰਤੀਕਾਂ ਦੀ ਭਰਮਾਰ ਹੈ। ਸ਼ੈਲੀ ਦੀ ਸਜਾਵਟ ਵਿੱਚ ਅਲੰਕਾਰ ਹਨ। ਰਸਾਂ ਕਾਰਨ ਸਵਾਦਲੀ ਹੈ। ਰਸੀਲੀ ਸ਼ਬਦਾਵਲੀ ਕਾਰਨ ਕਵਿਤਾ ਦੀ ਸੀਰਤ ਮਿੱਠੀ ਹੈ।ਤਕਨੀਕ ਵਜੋਂ ਛੰਦ ਬੱਧ ਹੋਣ ਕਰਕੇ ਕਵਿਤਾਵਾਂ ਵਿੱਚ ਰਵਾਨੀ ਹੈ। ਪਹਿਲੀ ਗੱਲ ਤਾਂ ਪਰੰਪਰਾਵਾਦੀ ਕਵੀ ਹੋਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਕਿਉਂਕਿ ਅਜਿਹੀ ਪਦਵੀ ਲਈ ਕਵੀ ਕੋਲ ਸੰਬਦਾਂ ਅਤੇ ਵਿਚਾਰਾਂ ਦਾ ਭੰਡਾਰ ਹੋਣਾ ਅਤੀ ਜ਼ਰੂਰੀ ਹੈ। ਦੂਜਾ ਹਾਸ ਵਿਅੰਗ ਦੀਆਂ ਕਵਿਤਾਵਾਂ ਦੀ ਸਿਰਜਨਾ ਕਰਨਾ ਬਹੁਤ ਜਟਿਲ ਹੈ। ਇਨ੍ਹਾਂ ਦੋਨਾ ਵਿੱਧੀਆਂ ਦਾ ‘ਤੇਜ ਕੋਟਲੇਵਾਲਾ’ ਉਸਤਾਦ ਅਤੇ ਬਾਦਸ਼ਾਹ ਕਵੀ ਹੈ।

ਮੋਤੀਆਂ ਦੇ ਹਾਰ ਵਿੱਚ ਰੰਗ ਬਰੰਗੇ ਮੋਤੀਆਂ ਦੀ ਜੜ੍ਹਤ ਵਾਂਗ ‘ਤੇਜ’ ਦੀਆਂ ਕਵਿਤਾਵਾਂ ਵਿੱਚ ਮੁਹਾਵਰਿਆਂ, ਅਖਾਣਾਂ ਅਤੇ ਲੋਕ ਗਥਾਵਾਂ ਦੀ ਜੜ੍ਹਤ ਹੈ। ਜਿਸ ਕਾਰਨ ਤੇਜ ਦੀਆਂ ਕਵਿਤਾਵਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਰੰਗਾਂ ਢੰਗਾਂ ਦਾ ਅਕਸ ਬਣ ਗਈਆਂ ਹਨ। ਉਸ ਦੀਆਂ ਕਵਿਤਾਵਾਂ ਪੰਜਾਬੀ ਸੱਭਿਆਚਾਰ ਦੀ ਪੁਨਰ ਸਥਾਪਨਾ ਹਨ। ਜਦ ਕਿ ਭਾਈਆਂ ਈਸ਼ਰ ਸਿੰਘ ਈਸ਼ਰ ਜੀ ਦੀਆਂ ਕਵਿਤਾਵਾਂ ਵਿੱਚ ਸਿਰਫ ਪੰਜਾਬੀ ਅਸਭਿਅਕ ਲੋਕਾਂ ਦਾ ਹੀ ਮੌਜੂ ਉਡਾਇਆ ਗਿਆ ਹੈ। ਇਹ ਇੱਕ ਅਟੱਲ ਸਚਾਈ ਹੈ। ਜਿਹੜਾ ਨੇਤਾ ਜਾਂ ਲੇਖਕ ਆਪਣੇ ਸਮੇਂ ਵਿੱਚ ਪ੍ਰਸਿੱਧਤਾ ਦੀ ਬੁਲੰਦੀ ਹਾਸਲ ਕਰ ਲਵੇ, ਅਜਿਹੇ ਵਿਅੱਕਤੀ ਦੀ ਪ੍ਰਸਿੱਧੀ ਉਸਦੇ ਸਮੇਂ ਦੇ ਨਾਲ ਹੀ ਅਲੋਪ ਹੋ ਜਾਂਦੀ ਹੈ। ਭਾਈਆ ਈਸ਼ਰ ਸਿੰਘ ਈਸਲਰ ਦਾ ਹਾਸ ਵਿਅੰਗ ਵੀ ਇਕ ਅਜਿਹੀ ਲੜੀ ਦਾ ਹੀ ਮੋਤੀ ਹੈ। 
ਇਸ ਪਖੋਂ ਤੇਜਾ ਸਿੰਘ ਤੇਜ ਦੀਆਂ ਕਵਿਤਾਵਾਂ ਨੂੰ ਸਦੀਵੀਂ ਜਿ਼ੰਦਗੀ ਅਤੇ ਪ੍ਰਸਿੱਧੀ ਦੇਣਾ ਉਸ ਦੀ ਰਚਨਾਤਮਿਕ ਵਿਧੀ ਹੈ। ਤੇਜ ਦੀ ਕਵਿਤਾ ਹਰ ਹਿਰਦੇ ਉਪਰ ਆਪਣੀ ਅਨੂਠੀ ਛਾਪ ਅਤੇ ਮਜੀਠ ਰੰਗ ਚਾੜ੍ਹ ਜਾਂਦੀ ਹੈ। ਉਹ ਆਪਣੀ ਕਵਿਤਾ ਦੇ ਆਗਾਜ਼ ਨਾਲ ਆਪਣੇ ਪਾਠਕਾਂ ਨੂੰ ਆਪਣੇ ਚੁਣੇ ਹੋਏ ਵਿਸ਼ੇ ਦੀ ਸੰਪੂਰਨ ਵਾਕਫੀਅਤ ਦਿੰਦਾ ਹੈ। ਉਸ ਨਾਲ ਸੰਬੰਧਤ ਕੁਰੀਤੀਆਂ ਨੂੰ ਵਿਗਿਆਨਕ ਢੰਗ ਨਾਲ ਸਮਝਾਉਦਾ ਹੈ। ਜਦ ਪਾਠਕ ਵਰਗ ਉਸ ਦੇ ਵਿਚਾਰਾਂ ਦਾ ਪਿੱਛ-ਲੱਗ ਹੋ ਜਾਂਦਾ ਹੈ ਤਾਂ ਫਿਰ ਉਹ ਪਾਠਕਾਂ ਨੂੰ ਆਪਣੇ ਚੁਣੇ ਹੋਏ ਵਿਸ਼ੇ ਪ੍ਰਤੀ ਗਿਆਨ ਕਰਾਉਦਾ ਹੋਇਆ ਕੁਰੀਤੀਆਂ ਉਪਰ ਕਟਾਖਸ਼ ਕਰਦਾ ਹੈ। ਜਿਸ ਕਾਰਨ ਚੇਤੰਨ ਮਨ ਵੀ ਅਚੇਤਨਾ ਦਾ ਸਿ਼ਕਾਰ ਹੋ ਕੇ ਮੂਰਖਤਾ ਦੇ ਵਿਸ਼ਕੇਸ਼ਣ ਉਪਰ ਹੱਸਦਾ ਹੈ। ਇਹ ਗੁਣ ਤੇਜ ਦੀਆਂ ਕਵਿਤਾਵਾਂ ਨੂੰ ਅਮਰ ਪਦਵੀ ਬਖਸ਼ਦਾ ਹੈ। ਜਿਸ ਤੋਂ ਭਾਈਆ ਈਸ਼ਰ ਬਾਂਝ ਰਹਿ ਗਿਆ ਹੈ। 

ਉਪ੍ਰੋਕਤ ਸਤਰਾਂ ਦੇ ਸੰਦਰਭ ਵਿੱਚ ਤੇਜਾ ਸਿੰਘ ਤੇਜ ‘ਕੋਟਲੇਵਾਲਾ’ ਨੂੰ ਮੈਂ ਇਕ ਅਜਿਹਾ ਕਵੀ ਪ੍ਰਮਾਣਤ ਕਰਦਾ ਹਾਂ ਜਿਸਦਾ ਸਿਰਜਾਨਮਿਕ ਕਾਰਜ ਭਾਈਆ ਈਸ਼ਰ ਸਿੰਘ ਈਸ਼ਰ ਦੀ ਹਸਤਸ਼ਖੇਪ ਹੁੰਦਾ ਹੋਇਆ ਉਸ ਤੋਂ ਅਗਲੇ ਚਰਣ ਦਾ ਹਸਤਾਖਸ਼ਰ ਹੈ।
ਇਨ੍ਹਾਂ ਵਿਚਾਰਾਂ ਨਾਲ ਹੀ ਮੈਂ ਤੇਜਾ ਸਿੰਘ ਤੇਜ ‘ਕੋਟਲੇਵਾਲਾ ਦੀ ਇਸ ਪੁਸਤਕ ‘ਹੱਸਦੇ ਹੰਝੂ’ ਦੇ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਨੂੰ ‘ਜੀ ਆਇਆਂ’ ਕਹਿੰਦਾ ਹੋਇਆ ਆਸ ਕਰਦਾ ਹਾਂ ਕਿ ਇਹ ਪੁਸਤਕ ਪਾਠਕਾਂ ਦੇ ਮਨਾਂ ਵਿੱਚ ਆਪ ਯੋਗ ਅਸਥਾਨ ਜ਼ਰੂਰ ਹਾਸਲ ਕਰੇਗੀ।

****

No comments:

Post a Comment