ਪਾਠ-ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਦੇ ਸੰਦਰਭਾਂ ਵਿੱਚ ਅੰਤਰ-ਰਾਸ਼ਟਰੀ ਘਟਨਾਵਾਂ ਦੇ ਆਧਾਰ ਅਤੇ ਸਮਾਧਾਨ।

ਸਾਹਿਰ ਲੁਧਿਆਣਵੀ ਅਤੇ ਡਾ: ਸਾਥੀ ਲੁਧਿਆਣਵੀ ਇਹ ਦੋਵੇਂ ਨਾਮ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਹਨ। ਇਹ ਨਾਮ ਉਸ ਸਮੇਂ ਤੋਂ ਪ੍ਰਸਿੱਧ ਹਨ ਜਦ ਲੁਧਿਆਣੇ ਸ਼ਹਿਰ ਵਿੱਚ ਕੋਈ ਦਸਤਕਾਰੀ ਨਹੀਂ ਸੀ ਹੁੰਦੀ। ਇਨ੍ਹਾਂ ਦੋਵਾਂ ਨਾਵਾਂ ਨੂੰ ਸੁਣਦਾ ਪਾਠਕ ਸ਼ਾਂਤ ਮਹਾਂਸਾਗਰ ਵਾਂਗ ਸ਼ਾਂਤ ਲੁਧਿਆਣੇ ਨੂੰ ਆਪਣੇ ਮਨ ਵਿੱਚ ਵਸਿਆ ਵੇਖਦਾ ਹੈ। ਸਾਹਿਰ ਲੁਧਿਆਣਵੀ ਫਿਲਮੀ ਦਸਤਕਾਰੀ ਦਾ ਸੁਪ੍ਰਸਿੱਧ ਗੀਤਕਾਰ ਹੋਇਆ ਹੈ। ਸਾਥੀ ਲੁਧਿਆਣਵੀ ਨੂੰ Doctrate of Arts from University of East London for life time achievements in the field of broadcasting and, writing and journalism. ਵੀ ਮਿਲ ਚੁੱਕੀ ਹੈ ਅਤੇ ਛੇਵੇਂ ਦਹਾਕੇ ਤੋਂ ਸਮਰੱਥ ਪੰਜਾਬੀ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ। ਸ਼੍ਰੀਮਤੀ ਕੈਲਾਸ਼ ਪੁਰੀ ਨੂੰ ਡਾ: ਸਾਥੀ ਲੁਧਿਆਣਵੀ ਦੀ ਸਮਕਾਲਣ ਵਾਰਤਕ ਲੇਖਿਕਾ ਤਾਂ ਕਿਹਾ ਜਾ ਸਕਦਾ ਹੈ, ਉਸਦੀ ਲਿਖਤ ਵਿੱਚ ਮਰਦ ਔਰਤ ਦੀਆਂ ਯੌਨਿਕ ਸਮੱਸਿਆਂਵਾ ਅਤੇ ਸਮਾਜਕ ਉਲਝਣਾਂ ਦੇ ਵਰਤਾਰੇ ਹਨ ਪਰ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਪਾਰ-ਯੌਨਿਕ, ਪਾਰ-ਸੱਭਿਆਚਾਰਕ ਅਤੇ ਪਾਰ-ਸਮਾਜਕ ਸਮੱਸਿਆਵਾਂ ਨੂੰ ਤਰਜੀਹ ਦਿੱਤੀ ਗਈ ਹੈ। ਇਸ ਕਰਕੇ ਡਾ: ਸਾਥੀ ਲੁਧਿਆਣਵੀ ਸ਼੍ਰੀਮਤੀ ਕੈਲਾਸ਼ਪੁਰੀ ਤੋਂ ਅਗਲੇਰੇ ਚਰਣ ਦਾ ਵਾਰਤਕ ਲੇਖਕ ਹੈ। ਭਾਵੇਂ ਪ੍ਰਿੰ: ਸੁਖਜਿੰਦਰ ਸਿੰਘ ਸੰਘਾ ਨੇ ਵਲੈਤ ਵਿੱਚ ‘ਅੱਖੀਂ ਡਿੱਠਾ ਵਲੈਤ’ ਨਾਮੀ ਵਾਰਤਕ ਦੀ ਪੁਸਤਕ ਸਾਥੀ ਲੁਧਿਆਣਵੀ ਦੀ ਵਾਰਤਕ ਦੀ ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਤੋਂ ਪਹਿਲਾਂ ਛਪਵਾ ਲਈ ਸੀ ਇਸਦਾ ਮਤਲਬ ਇਹ ਨਹੀਂ ਕਿ ਉਹ ਵਲੈਤ ਦਾ ਪਹਿਲਾ ਵਾਰਤਕ ਲੇਖਕ ਹੈ। ਡਾ: ਸਾਥੀ ਲੁਧਿਆਣਵੀ ਛੇਵੇਂ ਦਹਾਕੇ ਦੇ ਅੱਧ ਤੋਂ ਵਲੈਤ ਦੇ ਸਪਤਾਹਿਕ ਅਖ਼ਬਾਰਾਂ ਵਿੱਚ ਇੱਕ ਵਾਰਤਕ ਲਿਖਾਰੀ ਕਰਕੇ ਛਪਦਾ ਰਿਹਾ ਹੈ। ਇਸੇ ਕਰਕੇ ਸਾਥੀ ਵਲੈਤ ਦਾ ਸਰਵੋਤਮ ਵਾਰਤਕ ਲਿਖਾਰੀ ਹੈ। ਛੇਵੇਂ ਦਹਾਕੇ ਵਿੱਚ ਪੰਜਾਬ ਦੀਆਂ ਦੈਨਿਕ ਅਖ਼ਬਾਰਾਂ ਅਤੇ ਮਾਸਿਕ ਰਸਾਲਿਆਂ ਵਿੱਚ ਸਾਥੀ ਲੁਧਿਆਣਵੀ ਇੱਕ ਸਮਰੱਥ ਵਾਰਤਕ ਲੇਖਕ ਵਜੋਂ ਲਗਾਤਾਰ ਛਪਦਾ ਰਿਹਾ ਹੈ। ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਵੀ ਵਾਰਤਕ ਲਿਖਣ ਵਾਲੇ ਲੇਖਕ ਉਂਗਲਾਂ ਉਪਰ ਹੀ ਗਿਣੇ ਜਾ ਸਕਦੇ ਸਨ। ਵਲੈਤ ਵਿੱਚ ਭਾਵੇਂ ਪ੍ਰੀਤਮ ਸਿੱਧੂ ਵੀ ਇੱਕ ਵਾਰਤਕ ਲੇਖਕ ਕਰਕੇ ਜਾਣਿਆ ਜਾਂਦਾ ਹੈ ਪਰ ਉਸਦੀ ਲਿਖਤ ਸਿਰਫ਼ ਅਤੇ ਸਿਰਫ਼ ਪੰਜਾਬੀ ਸਮਾਜਕ ਉਲਝਣਾਂ ਵਿੱਚ ਹੀ ਉਲਝੀ ਪੜ੍ਹੀ ਜਾਂਦੀ ਹੈ ਜਦ ਕਿ ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਸਮੇਂ ਦੀਆਂ ਅੰਤਰ-ਰਾਸ਼ਟਰੀ ਸਮੱਸਿਆਵਾਂ ਦਾ ਵਰਨਣ ਪੜ੍ਹਿਆ ਜਾਂਦਾ ਹੈ। ਇਸ ਕਰਕੇ ਵੀ ਸਾਥੀ ਲੁਧਿਆਣਵੀ ਵਲੈਤ ਦਾ ਸ੍ਰਵੋਤਮ ਵਾਰਤਕ ਲਿਖਾਰੀ ਹੈ। ਇਸ ਤੋਂ ਬਾਅਦ ਹਰਭਜਨ ਸਿੰਘ ਦਰਦੀ ਅਤੇ ਹਰੀਸ਼ ਮਲਹੋਤਰਾ ਵੀ ਇੱਕ ਵਾਰਤਕ ਲਿਖਾਰੀ ਕਰਕੇ ਜਾਣੇ ਜਾਣ ਲੱਗੇ ਹਨ। ਉਨ੍ਹਾਂ ਦੀ ਲਿਖੀ ਵਾਰਤਕ ਵਿੱਚ ਵੀ ਪੰਜਾਬੀ ਸੰਸਕ੍ਰਿਤੀ ਦੀ ਦੁਰਗਤੀ ਪੱਛਮ ਦੇ ਵਰਤਾਰਿਆਂ ਵਿੱਚ ਫਸੀ ਨਜ਼ਰ ਆਉਦੀ ਹੈ। ਇਸ ਲੇਖ ਦੇ ਲੇਖਕ ਨੇ ਵੀ ਇੱਕ ਸਾਲ ਤੋਂ ਵੱਧ ਸਮੇਂ ਤੱਕ 2004/5 ਵਿੱਚ ਹਰ ਹਫ਼ਤੇ ‘ਰੌਲਾ ਰੱਪਾ’ ਸਿਰਲੇਖ ਹੇਠ ਲੇਖ ਲਿਖੇ ਅਤੇ ਬਰਮਿੰਘਮ ਤੋਂ ਨਿਕਲ ਰਹੇ ਸਪਤਾਹਕ ਅਖ਼ਬਾਰ ਵਿੱਚ ਲਗਾਤਾਰ ਹਰ ਹਫ਼ਤੇ ਛਪਦੇ ਰਹੇ ਹਨ। ਜਿਸਦੇ ਫਲਸਰੂਪ ਮੇਰੀ ਕਰੀਏਟਿਵ ਲਿਖਤ ਵਿੱਚ ਖੜੌਤ ਆ ਗਈ ਸੀ ਪਰ ਡਾ: ਸਾਥੀ ਲੁਧਿਆਣਵੀ ਨੇ ਕਰੀਏਟਿਵ ਕਾਰਜ ਨੂੰ ਸਮਾਨਾਂਤਰ ਜ਼ਾਰੀ ਰੱਖਿਆ ਹੈ। ਇਹ ਉਸਦੀ ਜ਼ੀਨ ਵਿੱਚ ਐਕਸਟਰਾ ਐਨਰਜੀ ਦਾ ਹੀ ਕਮਾਲ ਹੈ। ਵਰਤਮਾਨ ਵਿੱਚ ਵਲੈਤ ਵਿੱਚ ਖੁੰਬਾਂ ਵਾਂਗ ਵਾਰਤਕ ਲੇਖਕ ਉਠੇ ਹਨ ਜਿਨ੍ਹਾਂ ਵਿੱਚ ਹਰਬਖ਼ਸ਼ ਸਿੰਘ ਮਕਸੂਦਪੁਰੀ ਵੀ ਵਲੈਤ ਵਿੱਚ ਇੱਕ ਵਾਰਤਕ ਲੇਖਕ ਦੇ ਤੌਰ ਉਪਰ ਜਾਣਿਆ ਜਾਣ ਲੱਗਾ ਹੈ। ਹਰਬਖ਼ਸ਼ ਮਕਸੂਦਪੁਰੀ ਦੀ ਵਾਰਤਕ ਵਿੱਚ ਪੰਜਾਬੀ ਵਿੱਚ ਕੀਤੇ ਗਏ ਅਨੁਵਾਦਕ ਵੇਦ ਅਤੇ ਪੁਰਾਣਾ ਦੀ ਤਰਜਮਾਨੀ ਹੈ। ਉਹ ਵੀ ਡਾ: ਸਾਥੀ ਲੁਧਿਆਣਵੀ ਨਾਲੋਂ ਥੋੜਾ ਹਟ ਕੇ ਵਾਰਤਕ ਲੇਖਕ ਹੈ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਜਿਹੜੀ ਮੇਰੇ ਅਧਿਐਨ ਵਿੱਚ ਆਈ ਹੈ, ਇਸ ਪੁਸਤਕ ਤੋਂ ਪਹਿਲਾਂ ਸਾਥੀ ਨੇ ਸੱਤ ਪੁਸਤਕਾਂ ਵੱਖੋ ਵੱਖਰੇ ਵਿਸਿ਼ਆਂ ਉਪਰ ਛਪਵਾਈਆਂ ਹਨ। ਉਸਦੀਆਂ ਤਿੰਨ ਸੰਪਾਦਤ ਪੁਸਤਕਾਂ ਵੀ ਛਪੀਆਂ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਦਾ ਵਿਸ਼ਾ-ਵਸਤੂ ਉਪ੍ਰੋਕਤ ਸਭ ਪੁਸਤਕਾਂ ਤੋਂ ਵੱਖਰਾ ਹੈ। ਇਸ ਪੁਸਤਕ ਵਿੱਚ ਸਾਥੀ ਸਮਾਜ-ਵਿਗਿਆਨਵੇਤਾ ਬਣ ਕੇ ਸਮਾਜਕ ਉਲਝਣਾ ਨੂੰ ਵਿਗਿਆਨਕ ਢੰਗਾਂ ਨਾਲ ਚਿਤਰਦਾ ਹੈ। ਇਥੋਂ ਤੱਕ ਕਿ ਸਮਾਜਵਾਦ ਨੂੰ ਸ਼ਾਸ਼ਕੀ ਪ੍ਰਬੰਧਾਂ ਨਾਲ ਹੋਏ ਸਮਾਜਕ ਸ਼ੋਸ਼ਣਾ ਨਾਲ ਜੋੜਦਾ ਹੈ। ਇਨ੍ਹਾਂ ਰਲਵੇਂ ਮਿਲਵੇਂ ਸਿਧਾਂਤਾਂ ਦੀ ਹੋਈ ਪੁਸ਼ਟੀ ਕਾਰਨ ਸਾਥੀ ਲੁਧਿਆਣਵੀ ਸੋਸ਼ੀਓ-ਪੁਲੀਟੀਕਲ ਵਾਰਤਕ ਲੇਖਕ ਬਣ ਜਾਂਦਾ ਹੈ। ਭਾਵੇਂ ਉਸਦੇ ਅਜਿਹੇ ਲੇਖਾਂ ਵਿੱਚ ਪ੍ਰਚਲਤ ਮਸਲੇ ਪੜ੍ਹੇ ਜਾਂਦੇ ਹਨ ਪਰ ਉਨ੍ਹਾਂ ਲੇਖਾਂ ਵਿੱਚ ਆਏ ਵਿਚਾਰ ਸਾਹਿਤਕ ਅਤੇ ਕਰੀਏਟਿਵਿਟੀ ਦਾ ਅਭਿਆਸ ਮੰਗਦੇ ਹਨ। ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਵਿੱਚ ਸੰਨ 1985 ਤੋਂ ਲੈ ਕੇ ਸੰਨ 2007 ਦੁਰਾਨ ਲਿਖੇ ਕੋਈ 45 ਕੁ ਉਲੇਖ ਪੜ੍ਹਨ ਨੂੰ ਮਿਲਦੇ ਹਨ। ‘ਦੋ ਸ਼ਬਦ’ ਸਿਰਲੇਖ ਵਿੱਚ ਲੇਖਕ ਲਿਖਦਾ ਹੈ, ‘ਵਾਰਤਕ ਦੀ ਮਹੱਤਤਾ ਦਾ ਅਹਿਸਾਸ ਮੈਨੂੰ ਪੱਛਮ ਵਿੱਚ ਰਹਿ ਕੇ ਵਧੇਰੇ ਹੋਇਆ। ਜਿਥੇ ਪੰਜਾਬੀ ਸਾਹਿਤ ਨੂੰ ਸਾਡੇ ਆਲੋਚਕ ਕਵਿਤਾ, ਕਹਾਣੀ, ਅਤੇ ਨਾਵਲ ਨੂੰ ਹੀ ਮਿੱਥੀ ਬੈਠੇ ਹਨ ਤੇ ਨਿਬੰਧਕਾਰੀ ਨੂੰ ਹਮੇਸ਼ਾ ਦੂਜਾ ਦਰਜਾ ਹੀ ਦੇਈ ਰੱਖਦੇ ਹਨ, ਉਹ ਪੱਛਮ ਵਿੱਚ ਕਵਿਤਾ, ਕਹਾਣੀ ਤੇ ਨਾਵਲ ਨੂੰ ਫਿਕਸ਼ਨ ਦੇ ਖ਼ਾਨੇ ਵਿੱਚ ਰੱਖਦਿਆਂ ਹੋਇਆਂ ਫ਼ੈਕਚੂਅਲ ਲੇਖਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਬਲਕਿ ਕਹਿਣਾ ਚਾਹੀਦਾ ਹੈ ਕਿ ਇਥੋਂ ਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਫਿ਼ਕਸ਼ਨ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ। ਪੰਜਾਬੀ ਦੇ ਕਈ ਲੇਖਕ/ਆਲੋਚਕ ਸੋਸ਼ੀਓ-ਪੁਲੀਟੀਕਲ ਲੇਖਾਂ ਨੂੰ ਪੱਤਰਕਾਰੀ ਦਾ ਨਾਮ ਦੇ ਕੇ ਇਹ ਕਹਿਣ ਦੀ ਕੋਸਿ਼ਸ਼ ਕਰਦੇ ਹਨ ਕਿ ਇਹੋ ਜਿਹੇ ਲੇਖਾਂ ਨੂੰ ਲਿਖਣ ਲਈ ਕਰੀਏਟਿਵ ਮਾਈਂਡ ਦੀ ਅਵੱਸ਼ਕਤਾ ਨਹੀਂ ਹੁੰਦੀ।’
ਡਾ: ਸਾਥੀ ਲੁਧਿਆਣਵੀ ਦੀ ਸੋਸ਼ੀਓ-ਪੁਲੀਟੀਕਲ’ ਵਾਰਤਕ ਦੇ ਸਿਰਜਨਾਤਮਕ ਕਾਰਜ ਵਿੱਚ ਵੀ ਉਹੀ ਯਥਾਰਥਕ ਬ੍ਰਿਤਾਂਤਕਾਰੀ ਹੈ ਜਿਹੜੀ ਉਸ ਸਮੇਂ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਉਤਪੰਨ ਹੋਈਆਂ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ, ਕਹਾਣੀਆਂ ਜਾਂ ਨਾਵਲਾਂ ਰਾਹੀਂ ਦਰਸਾਇਆ ਜਾਂਦਾ ਰਿਹਾ ਹੈ ਅਤੇ ਸਾਥੀ ਨੇ ਅਜਿਹਾ ਵਰਨਣਾਤਮਕ ਕਾਰਜ ਦੇ ਨਾਲ ਨਾਲ ਉਨ੍ਹਾਂ ਸਮੱਸਿਆਵਾਂ ਦੇ ਪਨਪਣ ਦੇ ਕਾਰਨਾਂ ਨੂੰ ਦਰਸਾ ਕੇ ਆਪਣੀ ਦੂਰਦਰਸ਼ੀ ਅਤੇ ਸੁਹਿਰਦ ਆਲੋਚਨਾ ਦੀ ਸੂਝ ਨਾਲ ਉਨ੍ਹਾਂ ਦੇ ਸਮਾਧਾਨਾ ਦੀ ਅਭਿਵਿਅੱਕਤੀ ਕੀਤੀ ਹੈ। ਉਸਦੇ ਅਜਿਹੇ ਕਾਰਜ ਨੂੰ ਰਚਨਾਤਮਕ ਕਾਰਜ ਹੀ ਕਿਹਾ ਜਾ ਸਕਦਾ ਹੈ, ਫਿਕਸ਼ਨ ਨਹੀਂ। ਇਸ ਪੁਸਤਕ ਵਿੱਚ ਅੰਤਰ-ਸਮਾਜਕ, ਅੰਤਰ-ਸੱਭਿਆਚਾਰਕ ਅਤੇ ਅੰਤਰ-ਰਾਸ਼ਟਰੀ ਘਟਨਾਵਾਂ ਦਾ ਕ੍ਰਮ-ਬੱਧ ਵਰਨਣ ਹੋਣ ਕਰਕੇ ‘ਸਮੇਂ ਦੇ ਪੈਰ ਚਿੰਨ੍ਹ’ ਫਿਕਸ਼ਨ ਨਾ ਹੁੰਦੀ ਹੋਈ ਇਤਿਹਾਸ ਦੀ ‘ਟੈਕਸਟ-ਬੁੱਕ’ ਕਹੀ ਜਾ ਸਕਦੀ ਹੈ। ਇਹ ਡਾ: ਸਾਥੀ ਦੀ ਹੀ ਪ੍ਰਾਪਤੀ ਹੈ। ਅੰਕਿਤ ਲੇਖਾਂ ਦੇ ਸੁਹਿਰਦ ਆਲੋਚਕ ਦੇ ਸੰਦਰਭ ਵਿੱਚ ਵੀ ਡਾ: ਸਾਥੀ ਇੱਕ ਸਮਰੱਥ ਅਤੇ ਸਰਵੋਤਮ ਵਾਰਤਕ ਲੇਖਕ ਹੈ।
ਡਾ: ਸਾਥੀ ਦੇ ‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਦਾ ਵਿਸ਼ੇਗਤ ਅਧਿਐਨ ਕਰਦਿਆਂ ਇਸ ਵਿੱਚ ਆਏ ਸੰਦਰਭਾਂ ਅਤੇ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਨਾ ਹੀ ਇਸ ਲੇਖ ਦਾ ਮੂਲ ਮੰਤਵ ਹੈ। ਸਾਥੀ ਲੁਧਿਆਣਵੀ ਇਸ ਪੁਸਤਕ ਬਾਰੇ ਜਿਹੜੀ ਚਰਚਾ ਦੀ ਆਸ ਕਰਦਾ ਹੈ, ਉਸਦੇ ਇਸ ਆਸ਼ੇ ਦਾ ਵੀ ਮੁਲਾਂਕਣ ਕਰਨਾ ਹੈ।
‘ਮੈਂ ਚਾਹੁੰਦਾ ਹਾਂ ਕਿ ਮੇਰੀ ਇਸ ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਦੀ ਪ੍ਰਕਾਸ਼ਨਾ ਨਾਲ ਇੱਕ ਨਵੀਂ ਬਹਿਸ ਛਿੜੇ ਅਤੇ ਅਸੀਂ ਇਹ ਸੋਚੀਏ ਕਿ ਪੰਜਾਬੀ ਸਾਹਿਤ ਨੂੰ ਕਿਵੇਂ ਇੰਟਰਨੈਸ਼ਨਲ ਅਰੀਨਾ (ਖੇਤਰ) ਵਿੱਚ ਵੱਧ ਤੋਂ ਵੱਧ ਮਾਤਰਾ ਵਿੱਚ ਲਿਆਇਆ ਜਾ ਸਕੇ।’ ਸਾਥੀ ਲੁਧਿਆਣਵੀ ਦੇ ਇਸ ਪੁਸਤਕ ਵਿੱਚ ਆਏ ਰਚਨਾਤਮਕ ਕਾਰਜ ਰਾਹੀਂ ਅੰਤਰ-ਰਾਸ਼ਟਰੀ ਘਟਨਾਵਾਂ ਦੀ ਆਲੋਚਨਾ ਹੋਣ ਕਰਕੇ ਇਹ ਪੁਸਤਕ ਪੰਜਾਬੀ ਭਾਸ਼ਾ ਨੂੰ ਇੰਟਰਨੈਸ਼ਨਲ ਅਰੀਨਾ ਨਾਲ ਜੋੜਦੀ ਹੈ।
ਵਾਰਤਕ ਲਿਖਣ ਵਾਸਤੇ ਲੇਖਕ ਨੂੰ ਕਿਸੇ ਸਮਾਜਕ ਸਮੱਸਿਆ ਦੇ ਪੁਨਰ ਕਾਰਨਾ ਅਤੇ ਅਗਾਮੀ ਨਤੀਜਿਆਂ ਦੀ ਸਮਝ ਹੋਣੀ ਜ਼ਰੂਰੀ ਹੈ। ਉਨ੍ਹਾਂ ਸਮੱਸਿਆਵਾਂ ਨੂੰ ਵਰਨਣ ਕਰਨ ਵਾਸਤੇ ਵਿਗਿਆਨਕ ਸ਼ੈਲੀ ਦੀ ਲੋੜ ਹੁੰਦੀ ਹੈ। ਵਾਰਤਕ ਵਿੱਚ ਵਿਗਿਆਨਕ ਸ਼ੈਲੀ, ਰੌਚਿਕਤਾ, ਸੰਖੇਪਤਾ, ਅਤੇ ਸਪੱਸ਼ਟਤਾ ਹੀ ਕਿਸੇ ਵਾਰਤਕ ਰਚਨਾ ਨੂੰ ਸਾਹਿਤਕ ਅਤੇ ਕਲਾਤਮਕ ਬਣਾ ਸਕਦੀ ਹੈ। ਚੰਗੀ ਵਾਰਤਕ ਵਿੱਚ ਭੂਗੋਲਿਕ ਅਤੇ ਇਤਿਹਾਸਕ ਯਥਾਰਥ ਹੋਣਾ ਲਾਜ਼ਮੀ ਹੈ। ਸਾਥੀ ਲੁਧਿਆਣਵੀ ਦੀ ਵਾਰਤਕ ਰਚਨਤਾਮਕਤਾ ਦੇ ਅੰਤਰਗਤ ਰੌਚਕਤਾ ਹੈ। ਸੁਨੇਹਾ ਹੈ। ਯਥਾਰਥਿਕਤਾ ਹੈ। ਸਮਾਜਕ ਸਮੱਸਿਆਵਾਂ ਦੇ ਸਮਾਧਾਨ ਹਨ। ਸਮੱਸਿਆਵਾਂ ਨੂੰ ਬੜੇ ਸਹਿਜ ਅਤੇ ਸੁਹਜ ਨਾਲ ਪ੍ਰਗਟਾਇਆ ਗਿਆ ਹੈ। ਰਚਨਾਵਾਂ ਵਿੱਚ ਪੰਜਾਬ ਦੀ ਤ੍ਰਾਸਦੀ ਦੇ ਨਾਲ ਨਾਲ ਪੰਜਾਬੀ ਪ੍ਰਵਾਸੀਆ ਦਾ ਮੁਹੇਰਵਾ, ਭੂਹੇਰਵਾ, ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੇ  ਪਰਚਾਰ ਅਤੇ ਪਰਸਾਰ ਦੇ ਯਤਨਾਂ ਨੂੰ ਪੜ੍ਹਿਆ ਜਾਂਦਾ ਹੈ। ਸਮਾਜਕ ਤੌਰ ਉਪਰ ਪ੍ਰਵਾਸੀਆਂ ਦੇ ਖੁਸ਼ਹਾਲ ਜੀਵਨ ਕਾਰਨ ਪੰਜਾਬ ਵਿੱਚ ਰਹਿੰਦੇ ਪਰਿਵਾਰਾਂ ਅੰਦਰ ਈਰਖਾ ਕਾਰਨ ਉਨ੍ਹਾਂ ਦਾ ਰੁੱਖਾ ਰਵਈਆ ਰੱਖਣਾ ਸੁਭਾਵਕ ਹੀ ਸੀ। ਸਾਥੀ ਲੁਧਿਆਣਵੀ ਦਾ ਕਥਨ ਹੈ ਕਿ ਇਸੇ ਕਾਰਨ ਕਰਕੇ ਹੀ ਪਰਵਾਸੀ ਪੰਜਾਬੀ ਪਰਿਵਾਰਾਂ ਦੀਆਂ ਪਿੱਛੇ ਪੰਜਾਬ ਵਿੱਚ ਰਹਿੰਦੇ ਪਰਿਵਾਰਾਂ ਦੇ ਰਿਸ਼ਤਿਆਂ ਵਿੱਚ ਤ੍ਰੇੜਾਂ ਪਈਆਂ ਹਨ। ਰਾਜਨੀਤਕ ਤੌਰ ਉਪਰ ਸਾਥੀ ਇਸ ਗੱਲ ਨੂੰ ਤਾਂ ਮੰਨਦਾ ਹੈ ਕਿ ਵਲੈਤ ਵਿੱਚੋਂ ਕੁਝ ਕੁ ਲੋਕ ਪੰਜਾਬ ਵਿੱਚ ਪੈਸੇ ਘੱਲ ਕੇ ਅਤਿਵਾਦ ਫੈਲਾਉਂਦੇ ਹਨ ਪਰ ਉਹ ਇਹ ਗੱਲ ਨਹੀਂ ਸਵੀਕਾਰਦਾ ਕਿ ਸਾਰੇ ਹੀ ਪ੍ਰਵਾਸੀ ਅਜਿਹਾ ਕੰਮ ਕਰਦੇ ਹਨ। ਸਾਥੀ ਦੇ ਉਲੇਖਾਂ ਵਿੱਚ ਮੂਲਵਾਦ ਸਪੱਸ਼ਟ ਤੌਰ ਉਪਰ ਪੜ੍ਹਿਆ ਜਾਂਦਾ ਹੈ। ‘ਖੱਟਣ ਗਿਆ ਸੀ’ ਲੇਖ ਦਾ ਮੂਲਵਾਦ  ਮੁਖ ਸਰੋਕਾਰ ਹੈ। ਭਾਵੇਂ ਪ੍ਰਵਾਸੀ ਪੰਜਾਬੀ ਪਿਛੇ ਪੰਜਾਬ ਵਿੱਚ ਆਪਣੇ ਪਰਿਵਾਰਾਂ ਦੇ ਵਰਤਾਓ ਤੋਂ ਨਾ ਖੁਸ਼ ਹਨ ਪਰ ਉਸ ਤੋਂ ਕਿਤੇ ਵੱਧ ਰਾਜਨੀਤਕ ਵਿਵਸਥਾ ਤੋਂ ਤੰਗ ਹਨ। ਇਸ ਸਭ ਕੁਝ ਦੇ ਬਾਵਜੂਦ ਵੀ ਉਨ੍ਹਾਂ ਦਾ ਅੰਦਰਲਾ ਮਨ ਮੂਲਵਾਦ ਨਾਲ ਜੁੜਿਆ ਹੋਇਆ ਹੈ।
ਡਾ: ਸਾਥੀ ਦੇ ਸੰਕਲਨ ‘ਸਮੇਂ ਦੇ ਪੈਰ ਚਿੰਨ੍ਹ’ ਵਿੱਚ ਬਹੁਤੇ ਲੇਖ ਸਮੇਂ ਸਮੇਂ ਵਾਪਰੀਆਂ  ਅੰਤਰ-ਰਾਸ਼ਟਰੀ ਘਟਨਾਵਾਂ ਅਤੇ ਸਮੱਸਿਆਵਾਂ ਬਾਰੇ ਹਨ। ਜਿਵੇਂ ਕਿੱਸਾ ਸਲਮਾਨ ਰੁਸ਼ਦੀ ਦਾ,ਰਾਜੀਵ ਗਾਂਧੀ ਦਾ ਕਤਲ, 1991/2 ਵਾਲੀ ਖਾੜੀ ਵਾਲੀ ਜੰਗ, ਖਾੜੀ ਦੀ ਜੰਗ ‘ਚੋਂ ਖੱਟੀ ਕਿਹਨੂੰ ਹੋਈ, ਲੋਹੇ ਦਾ ਸੁੰਦਰ ਪੰਛੀ ਕੰਨਕੋਰਡ, 1998 ਦੀ ਯੂਗੋਸਲਾਵੀਆ ਦੀ ਟੁੱਟ ਭੱਜ, ਕੋਸੋਵੋ ਵਿੱਚ ਵਾਪਰਿਆ ਕਹਿਰ, ਯੂਗੋਸਲਾਵੀਆ ਵਿੱਚ ਨਾਟੋ ਦੀ ਪਾਲਿਸੀ, ਰੂਸ ਵਿੱਚਲਾ ਇਸਲਾਮੀ ਦਹਿਸ਼ਤਵਾਦ, ਨਵੀਂ ਸਦੀ ਦੀਆਂ ਨਵੀਆਂ ਸੋਚਾਂ, ਯੂਰਪ ਦੇ ਲੋਕਾਂ ਵਿੱਚ ਵੋਟਾਂ ਪਾਉਣ ਦੀ ਰੁਚੀ ਘਟੀ, ਸਾਊਥ ਅਫ਼ਰੀਕਾ ਦੇ ਅੱਪਾਰਥਾਈਡ ਸਿਸਟਮ ਦੇ ਖ਼ਾਤਮੇ ਪਿੱਛੋਂ ਬਦਲੀ ਸਥਿੱਤੀ, ਯਾਸਰ ਅਰਾਫ਼ਾਤ ਦੀ ਮੌਤ ਪਿੱਛੋਂ ਪੈਲਸਤਾਈਨ ਦੀ ਸਿਆਸੀ ਹਾਲਤ, ਈਰਾਕ ਦੇ ਬਾਗ਼ੀ, ਈਰਾਕ ਵਿੱਚ ਅਮਰੀਕਾ ਵਲੋਂ ਥਾਪੀ ਸਰਕਾਰ, ਲੰਡਨ ਵਿੱਚ ਵਾਪਰੇ ਬੰਬ ਧਮਾਕੇ, ਇੰਗਲੈਂਡ ਵਿੱਚ ਵੱਧ ਰਿਹਾ ਇਸਲਾਮ ਦਾ ਹਊਆ, ਈਰਾਕ ਦੀ ਨਾਜ਼ਕ ਸਥਿੱਤੀ, ਅਮਰੀਕਾ ਦੀ ਮਿਡਲ ਈਸਟ ਦੀ ਪਾਲਿਸੀ, ਟੋਨੀ ਬਲੇਅਰ ਦੀ ਸਿਆਸੀ ਪੁਜੀਸ਼ਨ, ਰੂਸ ਵਿੱਚ ਇਸਲਾਮੀ ਦਹਿਸ਼ਤਵਾਦ, ਅਗਵਾ ਕੀਤੇ ਜਾ ਰਹੇ ਪਰਵਾਸੀ ਬੱਚਿਆਂ ਦਾ ਦੁਖਾਂਤ, ਪਾਕਿਸਤਾਨ ਇੱਕ ਖ਼ਤਰਨਾਕ ਮੋੜ ‘ਤੇ ਅਤੇ ਏਸ਼ੀਅਨ ਬਰਾਡਕਾਸਟਿੰਗ ਮੀਡੀਆ ਆਦਿ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਹਰ ਮਨੁੱਖ ਅਖ਼ਬਾਰਾਂ ਦੀਆਂ ਸੁਰਖੀਆਂ ਰਾਹੀਂ ਪੜ੍ਹਦਾ ਤਾਂ ਹੈ ਪਰ ਇਨ੍ਹਾਂ ਵਿੱਚ ਰੁਚੀ ਨਾ ਹੋਣ ਕਰਕੇ ਇਨ੍ਹਾਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਨਣ ਵੱਲ ਆਪਣਾ ਧਿਆਨ ਨਹੀਂ ਦਿੰਦਾ ਅਤੇ ਇਹ ਘਟਨਾਵਾਂ ਅਤੇ ਸਮੱਸਿਆਵਾਂ ਆਮ ਆਦਮੀ ਦੇ ਮਨ ਉਪਰ ਬੋਝ ਜਿਹਾ ਬਣ ਜਾਂਦੀਆਂ ਹਨ। ਇਹ ਲੇਖ ਲਿਖ ਕੇ ਸਾਥੀ ਲੁਧਿਆਣਵੀ ਨੇ ਅਜਿਹਾ ਬੋਝ ਆਪ ਝੱਲ ਕੇ ਆਮ ਮਨੁੱਖ ਉਪਰ ਵੱਧ ਰਹੇ  ਬੋਝ ਨੂੰ ਹਲਕਾ ਕੀਤਾ ਹੈ। ਸਾਥੀ ਲੁਧਿਆਣਵੀ ਨੇ ਨੁਕਲੀਅਰ ਪਾਵਰ ਦੇ ਨਫੇ-ਨੁਕਸਾਨ ਅਤੇ ਆਉਣ ਵਾਲਿਆਂ ਖਤਰਿਆਂ ਬਾਰੇ ਵੀ ਮਨੁੱਖ ਨੂੰ ਜਾਗਰੂਕ ਕੀਤਾ ਹੈ। ਸਾਥੀ ਲੁਧਿਆਣਵੀ ਨੂੰ ਇੱਕ ਗੱਲ ਦਾ ਇਹ ਵੀ ਖ਼ਦਸ਼ਾ ਹੈ ਕਿ ਇਹ ਧਰਤੀ ਇੱਕ ਗਲੋਬਲ ਵਿਲੇਜ ਬਣ ਜਾਣ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਢਾਹ ਲੱਗਣੀ ਹੀ ਲੱਗਣੀ ਹੈ।
‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਵਿੱਚ ਆਏ ਸਮਾਜਕ ਅਤੇ ਰਾਜਨੀਤਕ ਸੰਕਲਪ ਅਤੇ ਸਰੋਕਾਰਾਂ ਅੱਗੇ ਲਿਖੇ ਦੀ ਤਰ੍ਹਾਂ ਨਿਰਧਾਰਿਤ ਕੀਤਾ ਜਾ ਸਕਦਾ ਹੈ।
1। ਅੰਤਰ-ਰਾਸ਼ਟਰੀ ਅਤਿਵਾਦ ਦੇ ਜਿੰਮੇਦਾਰ ਕੱਟੜ ਇਸਲਾਮਕ ਗਰੁੱਪ ਅਤੇ ਅੰਤਰ-ਰਾਸ਼ਟਰੀ ਅੱਤਿਵਾਦ ਦੇ ਮੂਲ ਕਾਰਨ।
2। ਪੰਜਾਬੀ ਪ੍ਰਵਾਸੀਆ ਦੇ ਵਿਖੰਡਤ ਪਰਿਵਾਰ, ਭੂਹੇਰਵਾ, ਮੁਹੇਰਵਾ, ਪੰਜਾਬੀ ਬੋਲੀ, ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਅਤੇ ਪ੍ਰਵਾਸੀ ਪੰਜਾਬੀਆਂ ਦਾ ਆਪਣੇ ਮੂਲ ਨਾਲ ਜੁੜੇ ਹੋਣਾ। 
3। ਪੰਜਾਬੀ ਪ੍ਰਵਾਸੀਆਂ ਦੇ ਮਨਾ ਵਿੱਚ ਪਰਾਅਧੀਨਤਾ ਦੀ ਹੀਨ-ਭਾਵ। 
4। ਕੱਟੜ ਇਸਲਾਮਿਕ ਗਤੀ-ਵਿਧੀਆਂ ਦਾ ਅੰਤਰ-ਰਾਸ਼ਟਰੀ ਹਊਆ। 
5। ਖਾੜੀ ਵਿੱਚ ਅਮਰੀਕਾ ਦੀਆਂ ਗਤੀ ਵਿਧੀਆਂ ਕਾਰਨ ਪਾਕਿਸਤਾਨ ਇੱਕ ਖਤਰਨਾਕ ਮੋੜ ‘ਤੇ।
6।  ਐਨਾਰਜੀ ਅਤੇ ਉਸਦਾ ਕੰਟਰੋਲ।
7। ਵਲੈਤ ਦੇ ਰਾਜਨੀਤਕ ਢਾਂਚੇ ਦਾ ਆਲੋਚਨਾਤਮਕ ਵਿਸ਼ਲੇਸ਼ਣ।
8। ਵਲੈਤ ਵਿੱਚ ਰੰਗ, ਨਸਲ, ਅੱਖ ‘ਤੇ ਪੱਖਵਾਦ ਅਤੇ ਪੰਜਾਬ ਵਿੱਚ ਵੱਖਵਾਦੀਆਂ ਦੀਆਂ ਗਤੀ ਵਿਧਿਆਂ। 
9। ਪ੍ਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਵਿੱਚ ਪੱਛਮੀ ਰਹਿਤਲ ਦੇ ਅਸਰ ਕਾਰਨ ਅੰਤਰ-ਜਾਤੀ ਅਤੇ ਅੰਤਰ-ਨਸਲੀ ਵਿਆਹ ਕਰਾਉਣ ਦੀ ਰੁਚੀ।
ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਨਾਲੋਂ ਟੁੱਟਦੇ ਰਿਸ਼ਤੇ ਲੇਖ ਵਿੱਚ ਡਾ: ਸਾਥੀ ਆਪਣੇ ਸਾਥੀ ਲੇਖਕ ਦੇ ਮੂੰਹੀਂ ਸੰਨ ਚੁਰਾਸੀ ਤੋਂ ਬਾਅਦ ਪੰਜਾਬ ਵਿੱਚ ਫੈਲੇ ਅੱਤਵਾਦ ਬਾਰੇ ਗੱਲ ਕਰਵਾਉਂਦਾ ਹੈ। ਉਸ ਦਾ ਸਾਥੀ ਅੱਤਵਾਦ ਦੇ ਮੂਲ ਕਾਰਨਾ ਨੂੰ ਵਲੈਤ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਦੀਆਂ ਹੱਲਾਂ-ਸ਼ੇਰੀਆਂ ਨੂੰ ਕਹਿੰਦਾ ਹੈ। ਉਸਦਾ ਹਮਕਲਮ ਆਖ ਰਿਹਾ ਸੀ,‘ਇਥੋਂ ਅੱਤਵਾਦੀ ਗਰੁੱਪਾਂ ਨੂੰ ਪੈਸੇ ਭੇਜ ਕੇ। ਧੂਆਂਧਾਰ ਤਕਰੀਰਾਂ ਕਰਕੇ ਤੇ ਇੱਕ ਪਾਸੜ ਮੁਜ਼ਾਹਰੇ ਕਰਕੇ।’ (ਪੰਨਾ 14) ‘ਯੂ ਕੇ ਦੇ ਨਵੇਂ ਪੁਰਾਣੇ ਪ੍ਰਵਾਸੀਆਂ ਦਾ ਆਪਸੀ ਰਿਸ਼ਤਾ’ ਵਿਖੰਡਤ ਹੋਣ ਦੇ ਕਾਰਨ ਪ੍ਰਵਾਸੀਆਂ ਦੀ ਆਰਥਿਕ ਖੁਸ਼ਹਾਲੀ ਹੈ। ਅਮੀਰ ਹੋਇਆ ਪ੍ਰਵਾਸੀ ਗਰੀਬ ਪ੍ਰਵਾਸੀ ਤੋਂ ਇਸ ਤਰ੍ਹਾਂ ਦੂਰ ਰਹਿੰਦਾ ਹੈ ਜਿਵੇਂ ਇੰਡੀਆਂ ਵਿੱਚ ਲੋਕ ਅਛੂਤਾਂ ਨਾਲ ਲੱਗਣ ਤੋਂ ਡਰਦੇ ਹਨ। (ਪੰਨਾ 218) ਡਾ: ਸਾਥੀ ‘ਏਸ਼ੀਅਨ ਐਂਡ ਪੰਜਾਬੀ ਬ੍ਰਾਡਕਾਸਟਿੰਗ ਓਵਰਸੀਜ਼’ ਲੇਖ ਵਿੱਚ ਏਸ਼ੀਅਨ ਮੀਡੀਆ ਬ੍ਰਾਡਕਾਸਟਿੰਗ ਦੀ ਆਰਥਕ ਖੁਸ਼ਹਾਲੀ ਦਾ ਕਾਰਨ ਪੂੰਜੀਵਾਦਾ ਵਲੋਂ ਪੰਜਾਬੀ ਲੋਕਾਂ ਤੱਕ ਆਪਣੀ ਪਰੋਡੱਕਟ ਨੂੰ ਸੌਖਿਆਂ ਪਹੁੰਚਾ ਸਕਣ ਦਾ ਯਤਨ ਹੀ ਹੈ। ਵਲੈਤ ਸਰਕਾਰ ਵਲੋਂ ਕਮਿਊਨਿੱਟੀ ਰੇਡੀਓ ਦੇ ਲਾਇਸੰਸਾਂ ਦੀ ਉਪਲੱਬਧਾ ਕਾਰਨ ਸਾਥੀ ਦਾ ਵਿਚਾਰ ਹੈ, ‘ਇਸ ਕਿਸਮ ਦੇ ਰੇਡੀਓ ਸਟੇਸ਼ਨਾਂ ਦੁਆਰਾ ਏਸ਼ੀਅਨ ਭਾਈਚਾਰਾ ਆਪਣੇ ਆਲੇ ਦੁਆਲੇ ਦੀਆਂ ਸਮਾਜਕ  ਅਤੇ ਸਿਆਸੀ ਪ੍ਰਸਥਿੱਤੀਆਂ ਬਾਰੇ ਹੋਰ ਵੀ ਸੁਚੇਤ ਹੋ ਜਾਇਆ ਕਰੇਗਾ। (ਪੰਨਾ 237) ਸਾਥੀ ਨੇ ਇਸ ਮੀਡੀਏ ਰਾਹੀਂ, ਸਮਾਜਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ, ਬ੍ਰਿਟਿਸ਼ ਰਾਜਨੀਤਕ ਨੇਤਾ ਅਤੇ ਪ੍ਰਵਾਸੀ ਨੇਤਾਵਾਂ ਦੇ ਲੋਕ ਹਿਤੈਸ਼ੀ ਫ਼ਰਜਾ ਦਾ ਗੂੜ੍ਹ ਗਿਆਨ ਕਰਵਾਇਆ ਹੈ। ਔਰਤ ਦੀ ਆਜ਼ਾਦੀ ਅਤੇ ਕੀਤੀ ਜਾ ਰਹੀ ਭਰੂਣ ਹੱਤਿਆ ਵੱਲ ਔਰਤਾਂ ਦਾ ਧਿਆਨ ਖਿਚਿਆ ਹੈ। ਪੰਜਾਬੀ ਸੱਭਿਆਚਾਰ, ਪੰਜਾਬੀ ਸੰਗੀਤ, ਪੰਜਾਬੀ ਸਾਜ ਅਤੇ ਪੰਜਾਬੀ ਨਾਚਾਂ ਨੂੰ ਵਲੈਤ ਵਿੱਚ ਪ੍ਰਮੋਟ ਕਰਨ ਵਿੱਚ ਆਪਣਾ ਪੂਰਾ ਟਿਲ ਲਾਇਆ ਹੈ। ਰੰਗ ਨਸਲ ਦੇ ਭੇਦ ਭਾਵਾਂ ਨੂੰ ਮਿਟਾਉਣ ਵਾਸਤੇ ਇਸ ਮੀਡੀਏ ਰਾਹੀਂ ਯਤਨਸ਼ੀਲ ਹੋਇਆ ਹੈ।
ਪਰ ਸਾਥੀ ਲੁਧਿਆਣਵੀ ਅਜਿਹੀਆਂ ਘਟਨਾਵਾਂ ਪਿਛੇ ਪੱਛਮੀ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਿੱਚ ਆਪਸੀ ਵੈਰ ਵਿਰੋਧ ਦਾ ਕਾਰਨ ਗੁਰੂ ਦੀ ਗੋਲਕ ਨੂੰ ਦਸਦਾ ਹੈ। ਕੁਰਸੀ ਦਾ ਲਾਲਚ ਕਹਿੰਦਾ ਹੈ। ਆਪਸੀ ਏਕੇ ਦੀ ਘਾਟ ਦੀ ਨਿਸ਼ਾਨਦੇਹੀ ਕਰਦਾ ਹੈ। ਪੰਜਾਬ ਸਥਿੱਤੀ ਨੂੰ ਪੱਛਮੀ ਦੇਸ਼ਾਂ ਵਿੱਚ ਪੰਜਾਬੀਆਂ ਦਾ ਆਪਸੀ ਵੈਰ-ਵਿਰੋਧ ਦਾ ਕਾਰਨ ਕਹਿੰਦਾ ਹੈ। ਇਨ੍ਹਾਂ ਨਤੀਜਿਆਂ ਦੀ ਪਰਖ ਪੜਤਾਲ ਕਰਨ ਬਾਅਦ ਸਾਥੀ ਦਾ ਵਿਚਾਰ ਹੈ ਕਿ ਧੜੇਬੰਦੀਆਂ ਤੋਂ ਉਪਰ ਉੱਠਕੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਇੱਕ ਮੰਚ ਉਪਰ ਆਉਣ ਦੀ ਸਮੇਂ ਦੀ ਮੰਗ ਹੈ। ਪੱਛਮੀ ਦੇਸ਼ਾਂ ਵਿੱਚ ਸਿਆਸੀ ਪਨਾਹ ਲੈਣ ਵਾਸਤੇ ਕਈ ਸਿੱਖਾਂ ਨੂੰ ਪੰਜਾਬ ਵਿੱਚ ਅੱਤਵਾਦ ਫੈਲਾਉਣ ਦਾ ਵੀ ਇੱਕ ਕਾਰਨ ਮਿੱਥਦਾ ਲਿਖਦਾ ਹੈ, ‘ਸਾਨੂੰ ਮਿਲਣ ਵਾਲੇ ਲੋਕਾਂ ਨੇ ਦਸਿਆ ਕਿ ਰਿਫਿ਼ਊਜੀ ਸਟੇਟਸ ਦੀ ਭਾਲ ਵਿੱਚ ਨਿਕਲੇ ਹੋਏ ਲੋਕਾਂ ਨੇ ਹੀ ਇਹ ਕੰਮ ਕੀਤਾ ਸੀ, ਕਿਉਂਕਿ ਉਹ ਜਿੰਨਾਂ ਵੱਧ ਰੌਲਾ ਪਾਉਣਗੇ ਓਨਾ ਹੀ ਵੱਧ ਅਖ਼ਬਾਰਾਂ ਤੇ ਸੰਬੰਧਿਤ ਵਿਦੇਸ਼ੀ ਸਰਕਾਰਾਂ ਦੇ ਨੋਟਿਸ ਵਿੱਚ ਆਉਣਗੇ ਤੇ ਉਹਨਾਂ ਦੇ ਰਿਫਿ਼ਊਜੀ ਬਣਨ ਦਾ ਚਾਂਸ ਵਿੱਚ ਵਾਧਾ ਹੋਵੇਗਾ।’ ਪੰਨਾ 20
ਲੇਖਕ ਦਾ ਇੱਕ ਟੁੱਕ ਵਿਚਾਰ ਹੈ ਕਿ ਪ੍ਰਵਾਸੀ ਪੰਜਾਬੀ ਕਿਸੇ ਨਾ ਕਿਸੇ ਢੰਗ ਨਾਲ ਪੰਜਾਬ ਨਾਲ ਜੁੜੇ ਹੋਏ ਹਨ। ਪੰਜਾਬ ਦੀ ਖੁਸ਼ਹਾਲੀ ਵਾਸਤੇ ਅਰਦਾਸਾਂ ਕਰ ਰਹੇ ਹਨ ਪਰ ਪੱਛਮੀ ਦੇਸ਼ਾਂ ਵਿੱਚ ਰਿਫਿ਼ਊਜੀ ਸਟੇਟਸ ਲੈਣ ਦੇ ਚਾਹਵਾਨ ਗੁਰੂ ਘਰਾਂ ਵਿੱਚ ਅਜਿਹੀਆਂ ਫੁੱਟ ਪਾਊ ਨੀਤੀਆਂ ਨੂੰ ਵਰਤਦੇ ਹਨ ਕਿ ਪ੍ਰਦੇਸਾਂ ਵਿੱਚ ਸਿੱਖਾਂ ਨੂੰ ਏਕਾ ਕਰਨ ਹੀ ਨਹੀਂ ਦਿੰਦੇ। ਇਥੇ ਤੱਕ ਕਿ ਆਦਿ ਗ੍ਰੰਥ ਉਪਰ ਵੀ ਉਂਗਲ ਧਰਦੇ ਹਨ ਕਿ ਰਾਗ ਮਾਲਾ ਦਾ ਪਾਠ ਨਹੀਂ ਹੋਣਾ ਚਾਹੀਦਾ ਅਤੇ ‘ਰਾਮ’ ਸ਼ਬਦ ਨੂੰ ਗੁਰੂ ਗ੍ਰੰਥ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਸਾਥੀ ਲੁਧਿਆਣਵੀ ਇਸ ਪ੍ਰਥਾਇ ਆਪਣੇ ਵਿਚਾਰ ਦਸਦਾ ਹੈ, ‘ਇਹਨਾਂ ਦੇ ਆਗੂ ਇਹ ਵੀ ਦਲੀਲ ਦਿੰਦੇ ਹਨ ਜਦੋਂ ਖ਼ਾਲਿਸਤਾਨ ਬਣ ਜਾਏਗਾ ਤਾਂ ਹਰ ਕਿਸੇ ਨੂੰ ਇੱਕੋ ਜਿਹਾ ਟਰੀਟ ਕੀਤਾ ਜਾਵੇਗਾ। ਪਰ ਜੇਕਰ ਗੁਰੂ ਗ੍ਰੰਥ ਸਾਹਿਬ ‘ਚੋਂ ਅੱਜ ‘ਰਾਮ’ ਸ਼ਬਦ ਕੱਢਿਆ ਜਾ ਰਿਹਾ ਤਾਂ ਕੱਲ ਨੂੰ ਸ਼ੇਖ਼ ਫ਼ਰੀਦ ਤੇ ਭਗਤ ਰਵਿਦਾਸ ਵੀ ਕੱਢ ਦਿਤੇ ਜਾਣਗੇ। ਜੇ ਇਸ ਪਵਿਤਰ ਪੁਸਤਕ ਵਿੱਚ ਹੀ ਹਿੰਦੂ ਤੇ ਮੁਸਲਮਾਨ ਨਾਮ ਬਰਦਾਸ਼ਤ ਨਹੀਂ ਕੀਤੇ ਜਾ ਰਹੇ ਤਾਂ ਖ਼ਾਲਿਸਤਾਨ ਵਿੱਚ ਜਿਉਂਦੇ ਜਾਗਦੇ ਗ਼ੈਰਧਰਮੀ ਬੰਦੇ ਕਿਵੇਂ ਜਿਉ ਸਕਣਗੇ।’ ਇਸ ਤਰ੍ਹਾਂ ਸਾਥੀ ਬਹੁਤ ਹੀ ਸਹਿਜ ਅਤੇ ਵਿਗਿਆਨਕ ਢੰਗ ਨਾਲ ਸਮੱਸਿਆਵਾਂ ਦੇ ਸਮਾਧਾਨ ਦਸ ਜਾਂਦਾ ਹੈ।
ਪੰਜਾਬੀ ਪ੍ਰਵਾਸੀਆਂ ਦਾ ਪੰਜਾਬ ਵੱਲ ਨਾ ਜਾਣ ਦਾ ਕਾਰਨ ਸਾਥੀ ਪੰਜਾਬ ਵਿੱਚ ਫੇਲ੍ਹ ਰਾਜਨੀਤਕ ਢਾਂਚਾ, ਆਰਥਕ ਸਮੱਸਿਆਵਾਂ, ਭਰਾਤਰੀ ਈਰਖਾ ਅਤੇ ਵੱਖਰੇ ਸਮਾਜਕ ਅਤੇ ਸੱਭਿਆਚਾਰਕ ਵਰਤਾਰਿਆਂ ਨੂੰ ਜਿੰਮੇਦਾਰ ਠਹਿਰਾਉਂਦਾ ਹੈ। ਇਹ ਫ਼ਤਵਾ ਉਹ ਨੇਤਾਵਾਂ ਦੀਆਂ ਰਾਜਸੀ ਚਾਲਾਂ, ਅਣਗਹਿਲੀਆਂ, ਹੇਰਾ-ਫੇਰੀਆਂ ਅਤੇ ਬੰਦੂਕਧਾਰੀਆਂ ਦੀਆਂ ਦੁਨਾਲੀਆਂ ਸਿਰ ਮੜ੍ਹਦਾ ਹੈ। ਸਾਥੀ ਦਾ ਵਿਚਾਰ ਹੈ ਕਿ ਵੀਤਨਾਮ ਦੀ ਜੰਗ ਖਤਮ ਹੋਈ ਹੈ। ਰੁਡੇਸ਼ੀਆ ਦਾ ਮਸਲਾ ਕਿੰਨਾ ਚਿਰ ਲਮਕਦਾ ਰਿਹਾ ਸੀ। ਅਮਰੀਕਾ ਹੁਣ ਚੀਨ ਅਤੇ ਰਸ਼ੀਆ ਨਾਲ ਵੈਰ-ਵਿਰੋਧ ਦੀ ਥਾਵੇਂ ਦੋਸਤੀ ਅਤੇ ਭਾਈਵਾਲੀ ਪਾ ਰਿਹਾ ਹੈ। ਲੇਖਕ ਪੰਜਾਬ ਦੇ ਸੰਤਾਪ ਨੂੰ ਖਤਮ ਕਰਨ ਵਾਸਤੇ ਆਪਣਾ ਸੁਝਾ ਪੇਸ਼ ਕਰਦਾ ਹੈ, ‘ਵਖਰਾ ਦੇਸ਼ ਮੰਗਦੇ ਲੋਕ ਜੇਕਰ ਪੰਜਾਬ ਲਈ ਵਧੇਰੇ ਹੱਕ ਮੰਗਣ, ਬਲਕਿ ਹਿੰਦੋਸਤਾਨ ਦੇ ਸਭ ਸੂਬਿਆਂ ਵਾਸਤੇ ਵਧੇਰੇ ਖੁਲ੍ਹਾਂ ਮੰਗਣ ਤਾਂ ਇਹਨਾਂ ਨਾਲ ਆਮ ਹਿੰਦੋਸਤਾਨੀਆਂ ਦੀ ਵਧੇਰੇ ਹਮਦਰਦੀ ਹੋ ਸਕਦੀ ਹੈ। ਹਿੰਦੋਸਤਾਨ ਇੱਕ ਅਜਿਹਾ ਦੇਸ਼ ਹੈ ਜਿਥੇ ਇੱਕ ਸੂਬਾ ਦੂਜੇ ਤੋਂ ਬਹੁਤ ਹੀ ਵੱਖਰਾ ਹੈ-ਬੋਲੀ ਪਖੋਂ, ਪਹਿਰਾਵੇ ਪਖੋਂ, ਸਭਿਆਚਾਰ ਪਖੋਂ ਤੇ ਹੋਰ ਕਈਆਂ ਗੱਲਾਂ ਪਖੋਂ। ਇਸ ਦੀ ਸੰਯੁਕਤ ਹੋਂਦ ਲਈ ਇਹ ਜ਼ਰੂਰੀ ਹੈ ਕਿ ਹਰ ਸੂਬੇ ਨੂੰ ਫੌਜ, ਕਰੰਸੀ ਅਤੇ ਕੁਝ ਹੋਰ ਮਹਤੱਵ ਪੂਰਨ ਵਿਸਿ਼ਆਂ ਤੋਂ ਸਿਵਾ ਹਰ ਖਿਤੇ ਵਿੱਚ ਵਧੇਰੇ ਹੱਕ ਦਿੱਤੇ ਜਾਣ ਜਿਵੇਂ ਰੂਸ ਵਿੱਚ ਜਾਂ ਜਿਵੇਂ ਅਮਰੀਕਾ ਵਿੱਚ ਹਨ।’  ਪੰਨਾ16
ਇਸ ਤਰ੍ਹਾਂ ਲੇਖਕ ਕਿਸੇ ਸਮੱਸਿਆ ਦੇ ਆਧਾਰ ਤੋਂ ਉਸਦੇ ਫੈਲਾ ਤੱਕ ਦੇ ਸਫ਼ਰ ਬਾਅਦ ਉਸ ਸਮੱਸਿਆ ਦੇ ਸਮਾਧਾਨ ਵੀ ਦਸਦਾ ਹੈ।
‘ਕਿੱਸਾ ਰੁਸ਼ਦੀ ਦਾ’ ਲੇਖ ਵੀ ਪੰਜਾਬੀ ਪ੍ਰਵਾਸੀਆਂ ਵਾਸਤੇ ਜਾਣਕਾਰੀ ਭਰਪੂਰ ਲੇਖ ਹੈ ਕਿਉਂਕਿ ਆਪਣੀ ਰੋਟੀ ਰੋਜੀ ਕਮਾਉਣ ਦੇ ਰੁਝੇਵਿਆਂ ਕਾਰਨ ਪ੍ਰਵਾਸੀ ਪੰਜਾਬੀਆਂ ਕੋਲ ਏਨਾ ਸਮਾਂ ਨਹੀਂ ਹੈ ਕਿ ਉਹ ਕਿਸੇ ਉਪਲੱਬਧ ਸਾਹਿਤ ਨੂੰ ਪੜ੍ਹ ਸਕਣ। ਜਦ ਉਹ ਉੜਦੀ ਉੜਦੀ ਖ਼ਬਰ ਪੜ੍ਹ ਜਾਂ ਸੁਣ ਲੈਂਦੇ ਹਨ ਤਾਂ ਉਨ੍ਹਾਂ ਨੂੰ ਉਸ ਖ਼ਬਰ ਜਾਂ ਘਟਨਾ ਦੇ ਆਧਾਰ ਜਾਂ ਯਥਾਰਥ ਦਾ ਨਾ ਪਤਾ ਹੋਣ ਕਰਕੇ ਸਾਰੀ ਉਮਰ ਉਸ ਖ਼ਬਰ ਜਾਂ ਘਟਨਾ ਵਿਚਲੇ ਤੱਤ/ਅੰਸ਼ ਦੇ ਬੋਝ ਨੂੰ ਆਪਣੇ ਦਿਮਾਗ਼ ਵਿੱਚ ਵਸਾਈ ਰੱਖਦੇ ਹਨ। ਸਾਥੀ ਲੁਧਿਆਣਵੀ ਨੇ ਪ੍ਰਵਾਸੀ ਪੰਜਾਬੀਆਂ ਦੇ ਇਸ ਬੋਝ ਨੂੰ ਜ਼ਰੂਰ ਹਲਕਾ ਕੀਤਾ ਹੈ। ਇਸ ਲੇਖ ਵਿੱਚ ਸਲਮਨ ਰੁਸ਼ਦੀ ਦੀ ਪੁਸਤਕ ‘ਸਟੈਨਿਕ ਵਰਸਜ਼’ ਦਾ ਵਿਸਤ੍ਰਿਤ-ਰੂਪ ਵਿੱਚ ਵਰਨਣ ਹੈ। ਇਸ ਪੁਸਤਕ ਦੀ ਆਮ ਆਦਮੀ ਨੂੰ ਨਾ ਸਮਝ ਪੈਣ ਦੀ ਗੱਲ ਤੋਂ ਲੈ ਕੇ ਪੁਸਤਕ ਨੇ ਧਰਮ ਅਤੇ ਸਿਆਸਤ ਵਿੱਚ ਕੀ ਭੁਚਾਲ ਲਿਆਂਦਾ? ਇਸ ਸਭ ਕੁਝ ਦਾ ਵਰਨਣ ਹੈ। ਹੋ ਸਕਦਾ ਹੈ ਕਿ ਸਾਥੀ ਕਿਸੇ ਧਰਮ ਉਪਰ ਉਂਗਲੀ ਨਾ ਰੱਖਣਾ ਚਹੁੰਦਾ ਹੋਵੇਗਾ ਇਸੇ ਕਰਕੇ ਉਸਨੇ ‘ਸਟੈਨਿਕ ਵਰਸਜ਼’ ਵਿੱਚ ਲਿਖਿਆ ਕਿ ਨਬੀ ਮੁਹੰਮਦ ਵੇਸਵਾਵਾਂ ਦਾ ਪ੍ਰਯੋਗ ਕਰਦਾ ਸੀ, ਇਸ ਕਥਨ ਦੇ ਵਿਕਲਪ ਵਿੱਚ ਲਿਖਦਾ ਹੈ, ‘ਜਿਹਨਾ ਲੋਕਾਂ ਨੇ ਇਹ ਸਾਰੀ ਦੀ ਸਾਰੀ ਕਿਤਾਬ ਪੜ੍ਹੀ ਹੈ ਉਹ ਮਹਿਸੂਸ ਕਰਨਗੇ ਕਿ ਜਿਹੜੀ ਗੱਲ ਸਲਮਨ ਰੁਸ਼ਦੀ ਮੁਹੰਮਦ ਤੇ ਗੈਬਰੀਅਲ ਫ਼ਰਿਸ਼ਤੇ ਨੂੰ ਗਾਲਾਂ ਕੱਢ ਕੇ ਕਰ ਰਿਹਾ ਹੈ ਉਂਜ ਵੀ ਆਖੀ ਜਾ ਸਕਦੀ ਸੀ।’
ਸਾਥੀ ਲੁਧਿਆਣਵੀ ਨੇ ‘ਸਟੈਨਿਕ ਵਰਸਜ਼’ ਪੁਸਤਕ ਤੋ ਪਹਿਲਾਂ ਛਪੀਆਂ ਪੁਸਤਕਾਂ ‘ਸਪਾਈਕੈਚਰ’ ਅਤੇ ‘ਲੇਡੀ ਚੈਟਰਲੇਜ਼ ਲਵਰ’ ਵਰਗੀਆਂ ਬੰਦ-ਸ਼ੁਦਾ ਪੁਸਤਕਾਂ ਦੇ ਵਿਗਿਆਪਕਾਂ ਦਾ ਰਾਤੋਂ ਰਾਤ ਅਮੀਰ ਹੋ ਜਾਣਾ ਹੀ ਕਰਾਰ ਦਿਤਾ ਹੈ। ਸਾਥੀ ਲੁਧਿਆਣਵੀ ਕਹਿੰਦਾ ਹੈ ਕਿ ਇਸ ਤੋਂ ਵੱਧ ਅਜਿਹੀਆਂ ਪੁਸਤਕਾਂ ਨੇ ਦੁਨੀਆਂ ਦੇ ਧਰਮਾਂ ਨੂੰ ਆਪੋ-ਵਿੱਚੀ ਅਤੇ ਮੁਲਕਾਂ ਨੂੰ ਮੁਲਕਾਂ ਨਾਲ ਲੜਾਇਆ ਹੈ ਅਤੇ ਅੰਤਰ ਸਮਾਜਕ, ਅੰਤਰ-ਸੱਭਿਆਚਾਰਕ ਉਥਲ ਪੱਥਲ ਹੋਣ ਦੇ ਨਾਲ ਨਾਲ ਅੰਤਰ-ਰਾਸ਼ਟਰੀ ਬੇਚੈਨਤਾ ਵਧੀ ਹੈ।
‘ਖੱਟਣ ਗਿਆ ਸੀ’ ਲੇਖ ਵਿੱਚ ਲੇਖਕ ਦਾ ਪੱਕਾ ਨਿਸ਼ਚਾ ਇਹ ਗੱਲ ਸਥਾਪਤ ਕਰਦਾ ਹੈ ਕਿ ਮਨੁੱਖ ਭਾਵੇਂ ਜਿੰਨਾ ਮਰਜੀ ਅਗਰਗਾਮੀ ਵਿਚਾਰਾਂ ਵਾਲਾ ਹੋ ਜਾਵੇ ਪਰ ਉਸਦਾ ਅੰਦਰਲਾ ਆਪਾ ਉਸਦੇ ਆਪਣੇ ਮੂਲ ਅਤੇ ਪਰਾਪੂਰਬਲਾ ਹੀ ਰਹਿੰਦਾ ਹੈ। ਸਾਥੀ ਇਸ ਤੱਤ ਉਪਰ ਪੁਜਦਾ ਹੈ ਕਿ ਪ੍ਰਵਾਸੀ ਕਿਸੇ ਦੇਸ਼ ਵਿੱਚ ਜਾ ਕੇ ਧਨ ਹੀ ਨਹੀਂ ਕਮਾਉਂਦਾ ਕੁਝ ਨਵੇਂ ਟਰਿੰਡ ਵੀ ਸਿਖਦਾ ਹੈ। ਜਦ ਉਹ ਆਪਣੇ ਮੂਲ ਦੇਸ਼ ਵਿੱਚ ਪਰਤਦਾ ਹੈ ਤਾਂ ਉਹ ਆਪਣੇ ਦੇਸ਼ ਨੂੰ ਉਹ ਨਵੀਂ ਵਿਦਿਆ ਦਿੰਦਾ ਹੈ। ਸਾਥੀ ਚਹੁੰਦਾ ਹੈ ਕਿ ਪੰਜਾਬ ਨੂੰ ਚਾਹੀਦਾ ਹੈ ਕਿ ਅਸੀਂ ਜਿਹੜੇ ਬਾਹਰ ਖੱਟਣ ਗਏ ਸਾਂ, ਸਾਡੀ ਖੱਟੀ ਦਾ ਜੇਕਰ ਦੇਸ਼ ਨੇ ਲਾਹਾ ਲੈਣਾ ਹੈ ਤਾਂ ਸਾਡੇ ਲਈ ਸੁਖਾਂਵੇਂ ਮਹੌਲ ਪੈਦਾ ਕੀਤੇ ਜਾਣ। ਪੰਜਾਬ ਦੇ ਰਾਜਨੀਤਕ ਨੇਤਾਵਾਂ ਵਾਸਤੇ ਕਿੰਨਾ ਪ੍ਰਗਤੀਵਾਦੀ ਸੁਨੇਹਾ ਹੈ? ਸਾਥੀ ਇਸ ਲੇਖ ਵਿੱਚ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਭਾਵੇਂ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਹੱਢ-ਭੰਨਵੀਂ ਮਿਹਨਤ ਕਰਕੇ ਆਰਥਕ ਖੁਸ਼ਹਾਲੀ ਤਾਂ ਪ੍ਰਾਪਤ ਕਰ ਲਈ ਹੈ ਪਰ ਇਸ ਦੇ ਇਵਜ਼ ਵਿੱਚ ਪ੍ਰਵਾਸੀਆਂ ਨੇ ਆਪਣੀ ਔਲਾਦ ਨੂੰ ਆਪਣੇ ਹੱਥੋਂ ਖੋਹ ਲਿਆ ਹੈ।
‘ਰੁਮਾਲਾਂ ਵਾਲੇ ਸਰਦਾਰ’ ਲੇਖ ਵਿੱਚ ਇੱਕ ਸਿੱਖ ਵਾਸਤੇ ਪੱਗ ਦੀ ਮਹੱਤਤਾ, ਮੋਨਧਾਰੀ ਸਿੱਖਾਂ ਦਾ ਪੱਗਧਾਰੀ ਸਿੱਖ ਹੋ ਜਾਣਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਗੁਰਬਾਣੀ ਦਾ ਮਹਾਤਮ ਲਿਖਿਆ ਗਿਆ ਹੈ। ਵਲੈਤ ਦੇ ਗੁਰੂ ਘਰਾਂ ਵਿੱਚ ਅੰਤਰ-ਸਮਾਜਕ ਰਾਜਨੀਤੀ ਚਲ ਰਹੀ ਹੈ। ਗੁਰਬਾਣੀ ਨੂੰ ਰਾਗਾਂ ਵਿੱਚ ਗਾਉਣ ਕਾਰਨ ਸੰਗਤਾਂ ਦਾ ਗੁਰਬਾਣੀ ਨਾਲ ਜੁੜਨ ਦਾ ਸੰਬੰਧ ਕਿਹਾ ਗਿਆ ਹੈ। ਸਿੱਖੀ ਸਿਧਾਂਤਾ ਅਤੇ ਸਿੱਖੀ ਰਹਿਤਾਂ ਖਾਸ ਕਰ ਪਰ ਨਾਰੀ ਦੀ ਇਜ਼ਤ ਵਾਲੇ ਸੰਕਲਪ ਦਾ ਵਰਨਣ ਹੈ। ਸਾਥੀ ਦਾ ਵਿਚਾਰ ਹੈ, ‘ਪੰਜਾਬ ਵਿੱਚ ਜੰਮਿਆ ਪਲਿਆ ਤੇ ਪਰਵਾਨ ਚੜ੍ਹਿਆ ਹਰ ਮਾਨਵ ਇਹ ਗੱਲ ਤਸਲੀਮ ਕਰੇਗਾ ਕਿ ਅਗਰ ਪੰਜਾਬੀ ਸੱਭਿਆਚਾਰ ਚੋਂ ਸਿੱਖ ਵਿਰਸੇ ਨੂੰ ਮਨਫ਼ੀ ਕਰ ਦਿਓ ਤਾਂ ਬਾਕੀ ਬਹੁਤਾ ਕੁਝ ਨਹੀਂ ਬਚਦਾ। ਜੇਕਰ ਪੰਜਾਬੀ ਕਵਿਤਾ ਵਿੱਚੋਂ ਗੁਰਬਾਣੀ ਜਾਂ ਗੁਰਾਂ ਤੇ ਭਗਤਾਂ ਦੀ ਕਵਿਤਾ ਨੂੰ ਮਨਫ਼ੀ ਕਰ ਦਿਓ ਤਾਂ ਫਿਰ ਤਾਂ ਰਹਿੰਦਾ ਹੀ ਕੁਝ ਨਹੀਂ।’ ਸਾਥੀ ਦੀ ਵਾਰਤਕ ਅਨੁਸਾਰ ਮੇਰਾ ਵਿਚਾਰ ਬਣਦਾ ਹੈ ਕਿ ਜੇਕਰ ਗੁਰਬਾਣੀ ਨੂੰ ਰਾਗਾਂ ਵਿੱਚ ਨਾ ਗਾਇਆ ਜਾਵੇ ਤਾਂ ਗੁਰਬਾਣੀ ਨਾਲ ਮਨ ਉਪਰ ਪੈਣ ਵਾਲੇ ਸਭ ਅਸਰ ਬੇਅਸਰ ਹਨ। (ਸਲੋਹ ਵਿੱਚ ਸਿੱਖੀ ਦਾ ਬੋਲਬਾਲਾ ਪੰਨਾ 47)
ਦਖਣੀ ਅਫ਼ਰੀਕਾ ਵਿੱਚ ਅੱਪਾਰਥਾਈਡ ਸਿਸਟਮ ਦਾ ਪ੍ਰਵਾਸੀ ਪੰਜਾਬੀਆਂ ਵਾਸਤੇ ਇੱਕ ਹੋਰ ਨਾ ਸਮਝ ਪੈਣ ਵਾਲੀ ਅੰਤਰ-ਰਾਸ਼ਟਰੀ ਸਮੱਸਿਆ ਹੈ। ਸਾਥੀ ਲੁਧਿਆਣਵੀ ਨੇ ਕਾਬਜ ਗੋਰੇ ਲੋਕਾਂ ਦੀ ਸਰਕਾਰ ਵਿਰੁੱਧ ਕੀਤੇ ਨੈਲਸਨ ਮੰਡੇਲਾ ਦੇ ਸੰਘਰਸ਼ ਦੇ ਆਧਾਰ ਨੂੰ ਬਹੁਤ ਵਿਗਿਆਨਕ ਸ਼ੈਲੀ ਰਾਹੀਂ ਪ੍ਰਗਟਾਇਆ ਹੈ। ‘ਸਮਿੱਥ’ ਸਰਕਾਰ ਦੇ ਪੁਲਸੀਏ ਕਾਲੇ ਲੋਕਾਂ ਨੂੰ ਡਰਾਉਣ ਧਮਕਾਉਣ ਵਾਸਤੇ ਔਟੋਮੈਟਿਕ ਰਾਈਫਲਾਂ ਲੈ ਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਸ਼ਤ ਕਰ ਰਹੇ ਹਨ। ਸਰਕਾਰ ਵਜੋਂ ਇਸ ਕਾਰਗੁਜ਼ਾਰੀ ਦਾ ਨਾਮ ‘ਅਪਰੇਸ਼ਨ ਆਇਰਨ ਫਿਸਟ’ ਰੱਖਿਆ ਗਿਆ ਹੈ। ਗੋਰੇ ਲੋਕਾਂ ਨੇ ਦੇਸ਼ ਦੇ ਮੂਲ ਨਾਗਰਕ ਕਾਲੇ ਲੋਕਾਂ ਨੂੰ ਕਿਵੇਂ ਗੁਲਾਮ ਬਣਾ ਕੇ ਰਾਜ ਪ੍ਰਬੰਧ ਕਾਇਮ ਕੀਤਾ ਹੋਇਆ ਸੀ, ਬਾਰੇ ਇਸ ਲੇਖ ਵਿੱਚ ਪੰਜਾਬੀਆਂ ਨੂੰ ਗਿਆਨ ਦਿੰਦਾ ਹੈ। ਮੂਲ ਵਾਸੀਆਂ ਨੂੰ ਸਮਾਜ ਵਿੱਚ ਆਪਣੀਆਂ ਰਾਜਸੀ ਕਲਾਬਾਜੀਆਂ ਨਾਲ ਚਿੱਤ ਕਰਕੇ ਰੱਖਿਆ ਹੋਇਆ ਸੀ। ਸਾਥੀ ਨੇ ਉਨ੍ਹਾਂ ਦੀਆਂ ਪਾੜੋ ਤੇ ਰਾਜ ਕਰੋ ਵਰਗੀਆਂ ਨੀਤੀਆਂ ਨੂੰ ਪਾਠਕਾਂ ਦੇ ਸਨਮੁਖ ਕੀਤਾ ਹੈ। ਸਾਥੀ ਲਿਖਦਾ ਹੈ, ‘ਦਰਅਸਲ ਵਧੇਰੇ ਕਸ਼ਮਕਸ਼ ਅਫਰੀਕਨ ਨੈਸ਼ਨਲ ਕਾਂਗਰਸ ਦੇ ਪੈਰੋਕਾਰਾਂ ਅਤੇ ਜ਼ੁਲੂ ਕਬੀਲੇ ਦੇ ਲੋਕਾਂ ਵਿੱਚਕਾਰ ਹੈ। ਨੈਲਸਨ ਮੰਡੇਲਾ ਦੇ ਜੇਲ੍ਹ–ਵਾਸ ਦੌਰਾਨ ਜ਼ੁਲੂਆਂ ਦੇ ਆਗੂ ਚੀਫ਼ ਮੈਗੋਸੂਬੂ ਬੂਥੇਲਿਜ਼ੀ ਨੇ ਚਿੱਟੇ ਹਾਕਮਾਂ ਦੀ ਹਾਂ ਨਾਲ ਹਾਂ ਮਿਲਾਈ ਰੱਖੀ। ਹੁਣ ਜਦੋਂ ਕਿ ਨੈਲਸਨ ਮੰਡੇਲਾ ਅਤੇ ਉਹਦੇ ਸਾਥੀ ਸਰਕਾਰ ਨਾਲ ਸਮਝੌਤਾ ਤੇ ਉਨ੍ਹਾਂ ਤੋਂ ਵੱਧ ਤੋਂ ਵੱਧ ਰਿਆਇਤਾਂ ਲੈਣ ਵਾਸਤੇ ਗੱਲ ਬਾਤ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਨ ਤਾਂ ਬੁਥੇਲਿਜ਼ੀ ਦੀ ਇਨਕਾਥਾ ਫ਼ਰੀਡਮ ਪਾਰਟੀ ਬਾਹਰ ਰਹਿ ਗਈ ਮਹਿਸੂਸ ਕਰਦੀ ਹੈ। ਭਾਵੇਂ ਨੈਲਸਨ ਮੰਡੇਲਾ ਪਹਿਲਾਂ ਬਜਿ਼ਦ ਸੀ ਕਿ ਬੁਥੇਲਿਜ਼ੀ ਨਾਲ ਬਾਤ ਨਹੀਂ ਕਰਨੀ ਪਰ ਵੱਧਦੇ ਆਪਸੀ ਝਗੜੇ ਤੇ ਕਾਲੇ ਲੋਕਾਂ ਦੇ ਆਪਸੀ ਤਸ਼ੱਦਦ ਨੇ ਉਹਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਕਾਲਿਆਂ ਦੀਆਂ ਹੋਰ ਪਰਟੀਆਂ ਨਾਲ ਗੱਲ ਬਾਤ ਕਰੇ ਜਿਸ ਵਿੱਚ ਇਨਕਾਥਾ ਪਾਰਟੀ ਵੀ ਸ਼ਾਮਲ ਹੈ।’ ਇਸ ਤਰ੍ਹਾਂ ਸਾਥੀ ਹਰ ਘਟਨਾ ਦੇ ਆਧਾਰ ਨੂੰ ਸਮਝਦਾ ਹੋਇਆ ਉਸਦੇ ਨਿਕਲਣ ਵਾਲੇ ਸਿੱਟੇ ਨੂੰ ਦਸਦਾ ਹੈ। ਜਿਵੇਂ ਉਪ੍ਰੋਕਤ ਵਿਧੀ ਨਾਲ ਦਖਣੀ ਅਫ਼ਰੀਕਾ ਵਿੱਚ ਅੱਪਾਰਥਾਈਡ ਦਾ ਅੰਤ ਹੋਇਆ ਹੈ।
ਦਖਣੀ ਅਫ਼ਰੀਕਾ ਵਿੱਚ ਕਾਲੇ ਲੋਕਾਂ ਦਾ ਸਵਰਾਜ ਹੋ ਜਾਣ ਬਾਅਦ ਸਾਥੀ ਬਹੁਤ ਚਿੰਤਾਜਨਕ ਹੈ। ਬੇਰੁਜ਼ਗਾਰੀ, ਥੋਥਾ ਵਿਦਿਅਕ ਪ੍ਰਬੰਧ, ਲੁੱਟਾਂ ਖੋਹਾਂ, ਕਤਲੋ-ਗਾਰਤ, ਫ਼ੈਲ ਰਿਹਾ ਸਾਮਵਾਦ ਅਤੇ ਨਾਮੁਰਾਦ ਏਡਜ਼ ਦੀ ਬਿਮਾਰੀ, ਖ਼ਾਨਾ-ਜੰਗੀ, ਫੇਲ੍ਹ ਹੋ ਰਹੇ ਆਰਥਕ ਢਾਂਚੇ ਨੂੰ ਵੇਖ ਕੇ ਸਾਥੀ ਲੁਧਿਆਣਵੀ ਨੈਲਸਨ ਮੰਡੇਲਾ ਨੂੰ ਚੰਗਾ ਸ਼ਾਸ਼ਕੀ ਪ੍ਰਬੰਧਕ ਨਹੀਂ ਮੰਨਦਾ। ਉਸਦਾ ਮੰਨਣਾ ਹੈ ਕਿ ਨੈਲਸਨ ਮੰਡੇਲਾ, ਜਵਾਹਰ ਲਾਲ ਨਹਿਰੂ ਵਾਂਗ ਸੀ ਜਿਹੜੇ ਆਪਣੇ ਰਾਜ ਕਾਲ ਵਿੱਚ ਭਾਰਤ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਜਿੱਠਣ ਵਿੱਚ ਸਫ਼ਲ ਨਹੀਂ ਹੋਏ। (ਸਾਊਥ ਅਫ਼ਰੀਕਾ ਤਬਾਹੀ ਵੱਲ ਪੰਨਾ 154)
ਅਗਲੀ ਪੀੜ੍ਹੀ ਉਪਰ ਪੱਛਮੀ ਸੱਭਿਆਚਾਰ ਦਾ ਪਿਆ ਸੁਭਾਵਕ ਅਸਰ ‘ਇੰਝ ਵੀ ਹੁੰਦਾ ਹੈ ਸਾਡੇ ਸਮਾਜ ਵਿੱਚ’ ਲੇਖ ਵਿੱਚ ਪ੍ਰਗਟ ਹੁੰਦਾ ਹੈ। ਮਾਪਿਆਂ ਦਾ ਕੰਮਾਂ ਕਾਰਾਂ ਵਿੱਚ ਲੀਨ ਰਹਿਣਾ ਅਤੇ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਵਿਦਿਅਕ ਵਿਵੱਸਥਾ ਦਾ ਅਸਰ ਕਬੂਲਦੀ ਅਗਲੀ ਪੀੜ੍ਹੀ ਮਾਪਿਆਂ ਨਾਲ ਵਿਦਰੋਹ ਕਰ ਰਹੀ ਹੈ। ‘ਸਾਡੀ ਔਲਾਦ ਤੇ ਪੰਜਾਬੀ ਜ਼ਬਾਨ’ ਉਲੇਖ ਵਿੱਚ ਅਗਲੀ ਪੀੜ੍ਹੀ ਨੂੰ ਆਪਣੀ ਬੋਲੀ, ਆਪਣੇ ਵਿਰਸੇ, ਆਪਣੇ ਸੱਭਿਆਚਾਰ ਅਤੇ ਪੰਜਾਬੀ ਸਮਾਜ ਵਿੱਚ ਰਲਾਉਣ ਵਾਸਤੇ ਸਾਥੀ ਲੁਧਿਆਣਵੀ ਨੇ ਅੱਠ ‘ਕਮਾਂਡਮੈਂਟਸ’ ਲਿਖੇ ਹਨ, ਜਿਨ੍ਹਾਂ ਨੂੰ ਅਪਨਾ ਕੇ ਪ੍ਰਵਾਸੀ ਮਾਪੇ ਆਪਣੀ ਔਲਾਦ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਸਕਦੇ ਹਨ। ਸਾਥੀ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਦੇ ਖ਼ਤਮ ਹੋ ਜਾਣ ਦੀ ਵੀ ਗੱਲ ਕਰਦਾ ਹੈ। ਉਸਦਾ ਮੰਨਣਾ ਹੈ ਕਿ ਪੰਜਾਬ ਵਿੱਚ ਹੋ ਰਹੀ ਇਕਨਾਮਿਕ ਮਾਈਗਰੇਸ਼ਨ ਅਤੇ ਬੱਚਿਆਂ ਦਾ ਸਕੂਲਾਂ ਵਿੱਚ ਅੰਗਰੇਜ਼ੀ ਅਤੇ ਰਾਸ਼ਟਰ-ਭਾਸ਼ਾ ਹਿੰਦੀ ਦੀਆਂ ਪਾਠ-ਪੁਸਤਕਾਂ ਪੜ੍ਹਨ ਕਰਕੇ ਹੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਘਾਣ ਹੋ ਰਿਹਾ ਹੈ। (ਪੰਨਾ 89) ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਖੋਰਾ ਲੱਗਣ ਦਾ ਇੱਕ ਹੋਰ ਵੀ ਕਾਰਨ ਹੈ। ਇਸ ਕਾਰਨ ਨੂੰ ਸਾਥੀ ਬੜੀ ਸਹਿਜ ਅਤੇ ਸੁਹਜ ਨਾਲ ਲਿਖਦਾ ਹੈ, ‘ਰਿਕਸਿ਼ਆਂ ਵਾਲੇ, ਟਾਂਗਿਆਂ ਵਾਲੇ, ਸੜਕਾਂ ਬਣਾਉਣ ਤੇ ਰੋੜੀਆਂ ਕੁੱਟਣ ਵਾਲੇ, ਰੇੜੀਆਂ ਉਤੇ ਫ਼ਲ, ਚਾਟ, ਸ਼ਕਰਕੰਦੀ ਤੇ ਗੋਲ ਗੱਪੇ ਵੇਚਣ ਵਾਲੇ ਜਿ਼ਆਦਾਤਰ ਭਈਏ ਅਤੇ ਹੋਰ ਇਮੀਗਰਾਂਟਸ ਹੀ ਹਨ ਜਿਹੜੇ ਘਟੀਆ ਕਿਸਮ ਦੀ ਹਿੰਦੀ ਬੋਲਦੇ ਹਨ। ਕਈ ਵਾਰ ਕਿਸੇ ਸਜੇ ਧਜੇ ਬਾਊ ਨਾਲ ਵੀ ਗੱਲ ਕਰੋ ਤਾਂ ਉਹ ‘ਹਮ ਕੋ ਤੁਮ ਕੋ’ ਵਿੱਚ ਜਵਾਬ ਦਿੰਦੇ ਹਨ।’ (ਪੰਨਾ 91) ਡਾ: ਸਾਥੀ ਦਾ ਵਿਚਾਰ ਹੈ ਕਿ ਇਮੀਗਰਾਂਟਸ ਨੂੰ ਪੰਜਾਬੀ ਸਿਖਾਉਣ ਦੀ ਬਜਾਏ ਜਦ ਅਸੀਂ ਉਨ੍ਹਾਂ ਨਾਲ ਆਪ ਹੀ ਟੁੱਟੀ ਫੁੱਟੀ ਹਿੰਦੀ ਬੋਲਦੇ ਹਾਂ ਤਾਂ ਪੰਜਾਬੀ ਬੋਲੀ ਨੂੰ ਢਾਹ ਤਾਂ ਲੱਗਣੀ ਹੀ ਹੋਈ। ਡਾ: ਸਾਥੀ ਲਿਖਦਾ ਹੈ, ‘ਚਹਿਚਹਾੳਂੁਦੇ ਵਿਦਿਆਰਥੀ ਪੰਜਾਬੀ ਵਿੱਚ ਨਹੀਂ ਬਲਕਿ ਅੰਗਰੇਜ਼ੀ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ। ਸੁਹਣੇ ਸੁਨੱਖੇ ਸਰਦਾਰਾਂ ਦੇ ਘਰੀਂ ਵੀ ਮੈਂ ਉਹਨਾ ਦੇ ਬੱਚੇ ਹਿੰਦੀ ਬੋਲਦੇ ਦੇਖੇ ਹਨ। ਅਗਰ ਬਾਹਰੋਂ ਗਿਆ ਆਦਮੀ ਪੰਜਾਬੀ ਵਿੱਚ ਬੋਲੇ ਤਾਂ ਆਮ ਲੋਕੀ ਜਵਾਬ ਅੰਗਰੇਜ਼ੀ ‘ਚ ਦਿੰਦੇ ਹਨ।’ (ਪੰਨਾ 92) ‘ਸਾਡੀ ਔਲਾਦ ਤੇ ਪੰਜਾਬੀ ਜ਼ਬਾਨ’ ਵਿੱਚ ਸਾਥੀ ਲਿਖਦਾ ਹੈ, “ਦੋਹਾਂ ਕੁੜੀਆਂ ‘ਚੋਂ ਇੱਕ ਨੇ ਆਪਣੇ ਵਾਲ ਕਟਵਾਏ ਹੋਏ ਸਨ। ਕਿਤਾਬਾਂ ਦੇਣ ਵਾਲੇ ਸਿੰਘ ਨੇ ਕਿਤਾਬਾਂ ਦੇਣ ਤੋਂ ਪਹਿਲਾਂ ਕੁੜੀ ਨੂੰ ਡਾਂਟਿਆ, ‘ਆਹ ਸਿੱਖਾਂ ਦੀ ਕੁੜੀ ਹੋ ਕੇ ਝਾਟਾ ਕਾਹਨੂੰ ਮਨਾਈ ਫਿਰਦੀ ਐਂ?’ ਹੁਣ ਉਸ ਬੰਦੇ ਨੂੰ ਕੋਈ ਪੁੱਛੇ ਕਿ ਪੰਜਾਬੀ ਦੀਆਂ ਕਿਤਾਬਾਂ ਪੜ੍ਹਨ ਲਈ ਇਹ ਕਿਉਂ ਜ਼ਰੂਰੀ ਹੈ ਕਿ ਵਾਲ ਨਾ ਕਟਵਾਏ ਜਾਣ। ਹਿੰਦੂ ਲੋਕ ਪੰਜਾਬੀ ਨੂੰ ਸਿੱਖਾਂ ਨਾਲ ਜੋੜ ਰਹੇ ਹਨ ਤੇ ਸਿੱਖ ਇਹਨੂੰ ਧਰਮ ਨਾਲ ਜੋੜ ਰਹੇ ਹਨ।”
ਰੰਗ ਨਸਲ ਦੇ ਮਤ ਭੇਦਾਂ ਦੇ ਸਾਥੀ ਕਈ ਕਾਰਨ ਦਸਦਾ ਹੈ। ਪੰਜਾਬੀ ਅਖ਼ਬਾਰਾਂ ਵਿੱਚ ਇਸ ਮੁਲਕ ਦੀਆਂ ਨਿੱਤ ਦੀਵੀ ਦੀਆਂ ਖ਼ਬਰਾਂ ਦਾ ਨਾ ਛਪਣਾ, ਨਾਲਾਇਕ ਹੁੰਦਿਆਂ ਵੀ ਆਪਣੀ ਚੌਧਰ ਨੂੰ ਪੱਠੇ ਪਾਉਣਾ, ਪੂਰਬ ਵਿੱਚ ਪੁਸ਼ਾਕਾਂ ਦੀ ਸਾਂਝ ਹੋਣ ਕਾਰਨ ਗੋਰਿਆਂ ਨੂੰ ਪੰਜਾਬੀ ਖਾਸ ਕਰ ਸਿੱਖ ਲੋਕਾਂ ਦੀ ਪਛਾਣ ਨਾ ਹੋਣਾ (ਇਹ ਭੁਲੇਖਾ ਨੌਜੁਆਨ ਗੋਰਿਆਂ ਨੂੰ ਬਹੁਤ ਜਿ਼ਆਦਾ ਹੈ), ਪ੍ਰਵਾਸੀਆਂ ਦਾ ਮੂਲਵਾਦ ਨਾਲ ਜੁੜਿਆ ਹੋਣਾ, ਸਮਾਜਕ ਅਤੇ ਸੱਭਿਆਚਾਰਕ ਵਖਰਾਓ, ਟਕਰਾਓ ਅਤੇ ਅਨਪੜ੍ਹਤਾ ਆਦਿ ਕਾਰਨ ਵਲੈਤ ਵਿੱਚ ਨਸਲੀ ਸੰਬੰਧਾਂ ਵਿੱਚ ਤਨਾਓ ਆ ਜਾਂਦਾ ਹੈ। (ਪੰਨਾ 59)
‘ਰਜੀਵ ਗਾਂਧੀ ਦੇ ਕਤਲ ਦਾ ਵਿਦੇਸ਼ਾਂ ਵਿੱਚ ਪ੍ਰਤੀਕ੍ਰਮ’ ਵਿੱਚ ਹਿੰਦੂ ਲੋਕਾਂ ਵਲੋਂ ਕੀਤਾ ਅਫਸੋਸ, ਕਿਸੇ ਧਰਮ ਵਿੱਚ ਵਿਸ਼ਵਾਸ ਨਾ ਰੱਖਣ ਵਾਲਿਆਂ ਵਲੋਂ ਉਸਦੇ ਪਿੱਛੇ ਛੱਡੇ ਪਰਿਵਾਰ ਦਾ ਫਿ਼ਕਰ, ਵਖੋ ਵੱਖਰੀਆਂ ਰਾਜਸੀ ਪਾਰਟੀਆਂ ਵਲੋਂ ਵੱਖੋ ਵੱਖਰੇ ਢੰਗ ਨਾਲ ਸ਼ਰਧਾਂਜਲੀਆਂ ਅਤੇ ਸਿੱਖੀ ਭਾਵਨਾਵਾਂ ਦੇ ਤਿੱਖੇ ਪ੍ਰਤੀਕ੍ਰਮ ਲਿਖਦਾ ਹੋਇਆਂ ਸਿੱਖੀ ਸਿਧਾਂਤਾ ਨੂੰ ਤਰਜੀਹ ਦਿੰਦਾ ਲਿਖਦਾ ਹੈ, ਰਾਜੀਵ ਗਾਂਧੀ ਦਾ ਇਸ ਤਰ੍ਹਾਂ ਟੁਰ ਜਾਣਾ ਇਸੇ ਤਰ੍ਹਾਂ ਲਿਖਿਆ ਹੋਇਆ ਸੀ। ਇਸ ਲਈ ਸਾਨੂੰ ਭਾਣਾ ਮੰਨਣਾ ਹੀ ਚਾਹੀਦਾ ਹੈ।’ (ਪੰਨਾ 67) ਸਾਥੀ ਨੇ ਰਾਜੀਵ ਗਾਂਧੀ ਦਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਵਿੱਚ ਅਮਨ ਸ਼ਾਂਤੀ ਨਾ ਰੱਖਣ ਦਾ ਇਲਜ਼ਾਮ ਲਾਉਦਿਆਂ ਉਸਨੂੰ ਚੰਗਾ ਸ਼ਾਸ਼ਕ ਨਹੀਂ ਗਰਦਾਨਿਆ।
‘ਭੁਚਾਲ, ਅੱਲ੍ਹਾ ਅਤੇ ਅਮਨ’ ਲੇਖ ਵਿੱਚ ਸਾਥੀ ਲੁਧਿਆਣਵੀ ਧਾਰਮਿਕ ਅੰਧਵਿਸ਼ਵਾਸ, ਅਨਪੜ੍ਹਤਾ ਅਤੇ ਬਸਤੀਵਾਦੀ ਮੁਲਕਾਂ ਦਾ ਇਸਲਾਮਕ ਵਰਤਾਰਿਆਂ ਨੂੰ ਨਿੰਦਣ ਦੇ ਸਿਲਸਿਲੇ ਤੋਂ ਤੰਗ ਲੋਕਾਂ ਦੇ ਵਿਚਾਰ ਹੈਰੀਕਨ ਕੈਟਰੀਨਾ ਦੇ ਵਾਪਰੇ ਕਹਿਰ ਬਾਰੇ ਲਿਖਦਾ ਹੈ, ‘ਮੇਰੇ ਰੇਡੀਓ ਪ੍ਰੋਗਰਾਮ ਦੀ ਬਹਿਸ ਦੁਰਾਨ ਇੱਕ ਪਾਕਿਸਤਾਨੀ ਇਸਤਰੀ ਨੇ ਇਸ ਬਾਰੇ ਪ੍ਰਤੀਕ੍ਰਮ ਦਿੰਦਿਆ ਕਿਹਾ, ‘ਅਮਰੀਕਨ ਲੋਕ ਅੱਲ੍ਹਾ ਮੀਆਂ ਦੀ ਤੌਹੀਨ ਕਰਨ ਵਾਲੇ ਹਨ। ਬਿਗ਼ਾਨੇ ਧਰਮਾਂ ਦਾ ਆਦਰ ਨਹੀਂ ਕਰਦੇ। ਇਸੇ ਲਈ ਖੁਦਾ ਬਖ਼ਸ਼ ਕਰੀਮ ਨੇ ਉਨ੍ਹਾਂ ਉਤੇ ਕਹਿਰ ਢਾਇਆ ਹੈ।’
‘ਕੀ ਬਣੂ ਦੁਨੀਆਂ ਦਾ’ ਲੇਖ ਵਿੱਚ ਨੌਵੇਂ ਦਹਾਕੇ ਦੇ ਵਿਸ਼ਵ ਭਰ ਦੇ ਦੇਸ਼ਾਂ ਦੇ ਨੇਤਾਵਾਂ ਦੀਆਂ ਨੀਤੀਆਂ, ਖਾਮੀਆਂ, ਨਿਰੰਕੁਸ਼ ਸ਼ਾਸ਼ਕਾਂ, ਅਤੇ ਉਪਲੱਬਧੀਆਂ ਦਾ ਕੋਸ਼ ਪੜ੍ਹਿਆ ਜਾ ਸਕਦਾ ਹੈ। ਸਾਥੀ ਲੁਧਿਆਣਵੀ ਦੇ ਉਂਝ ਸਾਰੇ ਦੇ ਸਾਰੇ ਲੇਖ ਕਿਸੇ ਖਾਸ ਪਾਤਰ ਰਾਹੀਂ ਬ੍ਰਿਤਾਂਤਕ ਹਨ ਪਰ ਇਸ ਲੇਖ ਵਿੱਚ ਗੁਰਦਾਸ ਮਾਨ ਦੇ ਗਾਣੇ ਦੇ ਪ੍ਰਤੀਕ ਨਾਲ ਇਸ ਲੇਖ ਦੇ ਰੁੱਖੇ ਵਿਸ਼ੇ ਨੂੰ ਬਹੁਤ ਰੌਚਕਤਾ ਨਾਲ ਪੇਸ਼ ਕੀਤਾ ਗਿਆ ਹੈ।
ਖਾੜੀ ਵਿੱਚ ਲੱਗੀ ਜੰਗ ਦੇ ਕਾਰਨ ਸਾਥੀ ਬਸਤੀਵਾਦਾਂ ਮੁਲਕਾਂ ਵਲੋਂ ਉਥੇ ਨਿਕਲ ਰਹੇ ਤੇਲ ਉਪਰ ਕਬਜ਼ਾ ਕਰਨਾ ਹੀ ਲਿਖਦਾ ਹੈ। ਖਾੜੀ ਵਿੱਚ ਨਿਰੰਕੁਸ਼ ਮੁਸਲਮਾਨ ਬਾਦਸ਼ਾਹਾਂ ਦੇ ਰਾਜਾਂ ਨੂੰ ਜਨ-ਸਾਧਾਰਨ ਨਾਲ ਜੋੜਨ ਦਾ ਇਰਾਦਾ ਹੈ। ਪਰ ਸਾਥੀ ਸਮਝਦਾ ਹੈ ਕਿ ਇਸਲਾਮਕ ਵਿਧਾਨ ਅਨੁਸਾਰ ਉਥੇ ਦੇ ਸ਼ਾਸ਼ਕਾਂ ਦੀਆਂ ਆਪ-ਹੁਦਰੀਆਂ ਨੂੰ ਕਦੇ ਠੱਲ੍ਹ ਨਹੀਂ ਪਏਗੀ। ਸਾਥੀ ਦੇ ਵਿਚਾਰ ਅਨੁਸਾਰ ‘ਈਰਾਕ ਦੀ ਅੱਗ ਦਾ ਲੰਡਨ ਵਿੱਚ ਸੇਕ’ ਵੀ ਪਹੁੰਚ ਜਾਵੇਗਾ, ਸਾਥੀ ਦੇ ਇਸ ਕਥਨ ਵਿੱਚ ਯਥਾਰਥਿਕਤਾ ਪਾਈ ਜਾਂਦੀ ਹੈ। ਖਾੜੀ ਦੀ ਜੰਗ ਤੋਂ ਬਾਅਦ ਜਿਹੜੇ ਬਸਤੀਵਾਦੀ ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸੀ ਲੜਾਈ ਛੇੜਨ ਵਿੱਚ ਕਾਮਯਾਬ ਹੋਏ ਹਨ, ਇਸ ਨਾਲ ਉਹ ਸਮਝਦੇ ਹਨ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹਨ। ਸ਼ੀਆ ਅਤੇ ਸੁੰਨੀ ਮੁਸਲਮਾਨਾਂ ਦੀ ਆਪਸੀ ਈਰਖਾ ਨਾਲ ਬਸਤੀਵਾਦੀ ਸਮਝਦਾ ਹੈ ਕਿ ਮੁਸਲਮਾਨ ਆਪੋ ਵਿੱਚੀ ਲੜ੍ਹ ਕੇ ਤਬਾਹ ਹੋ ਜਾਣਗੇ ਅਤੇ ਅੱਗੋ ਤੋਂ ਉਨ੍ਹਾਂ ਨੂੰ ਜੰਗ ਲੜ੍ਹਨ ਦੀ ਕੋਈ ਲੋੜ ਨਹੀਂ ਹੋਵੇਗੀ। ਸਾਥੀ ਨੇ ਦੁਨੀਆਂ ਦੀਆਂ ਜਥੇਬੰਦੀਆਂ ਜਿਵੇਂ ਯੂ ਐਨ ਓ, ਨਾਟੋ ਅਤੇ ਸੀਟੋ ਦੀਆਂ ਦੁਹਰੀਆਂ ਪਾਲਿਸੀਆਂ ਨੂੰ ਵੀ ਪਾਠਕਾਂ ਦੇ ਰੂ-ਬ-ਰੂ ਕੀਤਾ ਹੈ। ਰਸ਼ੀਆ ਸੰਘ ਦਾ ਖੇਰੂ ਖੇਰੂ ਹੋ ਜਾਣਾ, ਵੱਖੋ ਵੱਖਰੇ ਮੁਲਕਾਂ ਵਿੱਚ ਬੀੜੀਆਂ ਪ੍ਰਮਾਣੂ ਮਸਾਇਲਾਂ ਨੂੰ ਹਟਾ ਕੇ ਕੋਲਡ-ਵਾਰ ਦਾ ਖ਼ਾਤਮਾ, ਈਸਟ ਅਤੇ ਵੈਸਟ ਬਰਲਨ ਦਾ ਇੱਕ ਹੋ ਜਾਣਾ, ਵਧਦੀ ਆਬਾਦੀ ਅਤੇ ਯੂ ਐਨ ਓ ਅਤੇ ਬਾਲਕਨ/ਕੌਸਵੋ ਵਿੱਚ ਨਸਲਕੁਸ਼ੀ ਦੀਆਂ ਵਾਰਦਾਤਾਂ ‘ਨਾਟੋ ਤੇ ਯੁਗੋਸਲਾਵੀਆ’ ਅਤੇ ‘ਯੁਗੋਸਲਾਵੀਆ ‘ਚ ਬਗ਼ਾਵਤ’ ਵਰਗੇ ਲੇਖ ਲਿਖ ਕੇ ਵਿਸ਼ਵਾਂਤਰੀ ਸੰਸਥਾਵਾਂ ਦੀਆਂ ਕਾਰਗੁਜ਼ਾਰੀਆਂ ਨੂੰ ਅਣਮਨੁੱਖੀ ਲਿਖਿਆ ਹੈ। ‘ਬ੍ਰਿਟਿਨ ਵਿੱਚ ਦੋ ਘਟਨਾਵਾਂ’, ਯੂਰਪ ਦੇ ਲੋਕਾਂ ਵਿੱਚ ਵੋਟਾਂ ਪਾਉਣ ਦੀ ਰੁਚੀ ਘਟੀ’, ਬਰਤਾਨੀਆਂ ਵਿੱਚ ਮਨੁੱਖੀ ਅਧਿਕਾਰਾਂ ਦਾ ਕਾਨੂੰਨ, ਲੋਹੇ ਦਾ ਸੁੰਦਰ ਪੰਛੀ ਕੰਨਕੋਰਡ’, ਜਿੱਤ ਕੇ ਹਾਰਿਆ ਟੋਨੀ ਬਲੇਅਰ’, ਆਦਿ ਲੇਖਾਂ ਵਿੱਚ ਸਾਥੀ ਲੁਧਿਆਣਵੀ ਦੀ ਯੂਰਪ ਦੇ ਦੇਸ਼ਾਂ ਵਿੱਚ ਚਲ ਰਹੀ ਰਾਜਨੀਤੀ, ਆਰਥਕ ਮਸਲੇ, ਵਿਦਿਅਕ ਢਾਂਚੇ ਅਤੇ ਕਾਨੂੰਨ/ਰੱਖਿਆ ਦੀ ਵਿਵੱਸਥਾ ਬਾਰੇ ਭਰਪੂਰ ਵਾਕਫ਼ੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
‘ਸਮੇਂ ਦੇ ਪੈਰ ਚਿੰਨ੍ਹ’ ਪੁਸਤਕ ਵਿੱਚ ਅੰਕਿਤ ਲੇਖ ਕਾਰਲ ਮਾਰਕਸ ਦੇ ਲੇਖਾਂ ਦੀ ਅਗਲੀ ਕੜੀ ਹਨ। ਜਿਵੇਂ ਕਾਰਲ ਮਾਰਕਸ ਨੇ ਸਮਕਾਲੀ ਬ੍ਰਿਟਿਸ਼ ਰਾਜਨੀਤੀ, ਭਾਰਤ ਉਪਰ ਬ੍ਰਿਟਿਸ਼ ਰਾਜ ਦਾ ਦਬ ਦਬਾ, ਫਰੈਂਚ ਰੈਵੂਲੇਸ਼ਨ, ਜਰਮਨ ਦਾ ਆਰਥਿਕ ਸੰਕਟ, ਰੋਮ ਦਾ ਬਸਤੀਵਾਦੀ ਢਾਂਚਾ, ਯੂਰਪ ਦੇ ਅਰਥਚਾਰੇ ਵਿੱਚ ਬਦਲਾਓ ਦੀ ਜ਼ਰੂਰਤ ਬਾਰੇ ਲੇਖ ਲਿਖੇ ਅਤੇ ਏਂਜ਼ਲ ਦੇ ਦਰਸ਼ਨ ਦੇ ਵਿਕਲਪ ਪੇਸ਼ ਕੀਤੇ ਸਨ, ਠੀਕ ਇਸੇ ਤਰ੍ਹਾਂ ਡਾ: ਸਾਥੀ ਲੁਧਿਆਣਵੀ ਪ੍ਰਵਾਸੀ ਪੰਜਾਬੀਆਂ ਦੇ ਪ੍ਰਵਾਸ ਬਾਰੇ ਕਈ ਸਿਧਾਂਤ ਸਿਰਜ ਜਾਂਦਾ ਹੈ। ਕਈ ਪ੍ਰਵਾਸੀ ਪੰਜਾਬੀਆਂ ਨੇ ਪੱਛਮੀ ਰਹਿਤਲ ਅਤੇ ਪੱਛਮੀ ਸੱਭਿਆਚਾਰ ਵਿੱਚ ਵਿਚਰਦਿਆਂ ਆਪਣੀ ਹੋਂਦ ਨੂੰ ਗੁਆ ਲਿਆ ਹੈ। ਕਈ ਪ੍ਰਵਾਸੀ ਪੰਜਾਬੀਆਂ ਨੇ ਇਸ ਸਿਸਟਿਮ ਵਿੱਚ ਵਿਚਰਦਿਆਂ ਆਪਣੀ ਹੋਂਦ ਨੂੰ ਬਰਕਰਾਰ ਵੀ ਰੱਖਿਆ ਹੈ। ਅਜਿਹੇ ਉਹ ਲੋਕ ਹਨ ਜਿਹੜੇ ਆਪੋ ਆਪਣੇ ਧਰਮਾਂ ਵਿੱਚ ਨਿਸਚਾ ਰੱਖਦੇ ਹਨ। ਪ੍ਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਨਾ ਤਾਂ ਪੱਛਮ ਵਿੱਚ ਮੇਨ ਸਟਰੀਮ ਵਿੱਚ ਘੁਲ ਮਿਲ ਸਕੀ ਹੈ ਅਤੇ ਨਾ ਹੀ ਉਹ ਆਪਣੇ ਮੂਲ ਹੋਂਦ ਨਾਲ ਜੁੜੀ ਰਹਿ ਸਕੀ ਹੈ।
ਡਾ: ਸਾਥੀ ਲੁਧਿਆਣਵੀ ਨੇ ਗੈਰ-ਕਾਨੂੰਨੀ ਅਵਾਸ ਭੋਗਦੇ ਅਤੇ ਭੋਗਣ ਜਾਣ ਵਾਲੇ ਪੰਜਾਬੀਆਂ ਨੂੰ ਚਿਤਾਵਨੀ ਭਰੇ ਲੇਖ ਵੀ ਲਿਖੇ ਹਨ ਜਿਹੜੇ ਪੰਜਾਬ ਦੀਆਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹੇ ਹਨ। ‘ਗੁਰਬਖ਼ਸ਼ ਸਿੰਘ ਪ੍ਰੀਤਲੜੀ’ ਜੀ ਲਿਖਦੇ ਹਨ।

“In his articles Mr Sathi Ludhianvi told the misguided youth of the Punjab the harshness and exploitation of illegal immigrants that is happening in the UK. He did this with utmost honesty, clarity and sincerity. In my view he has done a great service and I am sure he saved lot of lives.”
ਵਲੈਤ ਇੱਕ ਮਲਟੀ/ਰੇਸ਼ਲ/ਕਲਚਰਲ ਦੇਸ਼ ਹੈ। ਡਾ: ਸਾਥੀ ਏਥੇ ਪ੍ਰਵਾਸੀ ਪੰਜਾਬੀਆਂ ਵਾਸਤੇ ਉਹ ਧਰਾਤਲ ਤਿਆਰ ਕਰਨ ਦੇ ਯਤਨਾ ਵਿੱਚ ਹੈ ਜਿਸ ਵਿੱਚ ਉਹ ਹੋਰ ਕੌਮਾਂ, ਨਸਲਾਂ ਨਾਲ ਭਰਾਤਰੀ ਪਿਆਰ ਰੱਖਣ ਅਤੇ ਹੋਰ ਸੱਭਿਆਚਾਰਾਂ ਵਿੱਚ ਘੁਲ ਮਿਲ ਸਕਣ। ਪ੍ਰਵਾਸੀਆਂ ਦੀ ਦੂਜੀ ਪੀੜ੍ਹੀ ਦਾ ਪੰਜਾਬੀ ਸੰਸਕਾਰਾਂ ਦੇ ਉਲਟ ਬਜੁਰਗਾਂ ਪ੍ਰਤੀ ਰੁੱਖੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕਰਦਾ ਹੈ। ਪ੍ਰਵਾਸੀਆਂ ਨੂੰ ਬ੍ਰਿਟਿਸ਼ ਰੰਗ ਵਿੱਚ ਆਪਣੇ ਜੀਵਨ ਬਿਤਾਉਣ ਵਾਸਤੇ ਕਈ ਤਰ੍ਹਾਂ ਦੇ ਸੁਨੇਹੇ ਡਾ: ਸਾਥੀ ਦੀ ਵਾਰਤਕ ਵਿੱਚ ਤੱਤਪਰ ਹਨ। ਪੰਜਾਬ ਦੇ ਸ਼ਾਸ਼ਤਰੀ ਸੰਗੀਤ ਨਾਲ ਆਉਣ ਵਾਲੇ ਅਨੰਦ।ਜੋਸ਼ ਅਤੇ ਰਵਾਇਤੀ ਪੰਜਾਬੀ ਸਾਜਾਂ ਦੇ ਗੁਣਾ ਬਾਰੇ ਵੀ ਆਪਣਾ ਰਚਨਾਤਮਿਕ ਕਾਰਜ ਕੀਤਾ ਹੈ। ਮੇਨ ਸਟਰੀਮ ਰਾਜਨੀਤੀ ਅਤੇ ਪੂਰਬੀ ਨੇਤਾਵਾਂ ਦੀ ਰਾਜਨੀਤੀ ਦਾ ਮੁਕਾਬਲਤਨ ਵਿਵੇਚਨ ਕੀਤਾ ਪੜ੍ਹਿਆ ਜਾਂਦਾ ਹੈ। ਇਸ ਦੇ ਨਾਲ ਨਾਲ ਔਰਤ ਨੂੰ ਮਰਦ ਦਾ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਔਰਤ ਵਲੋਂ ਕੀਤੀ ਜਾ ਰਹੀ ਭਰੂਣ ਹੱਤਿਆ ਪ੍ਰਥਾਇ  ਵੀ ਡਾ: ਸਾਥੀ ਨੇ ਕਈ ਖੋਜ-ਪੱਤਰ ਲਿਖੇ ਹਨ।
ਸਾਥੀ ਲੁਧਿਆਣਵੀ ਦੀ ਵਾਰਤਕ ਵਿੱਚ ਸਾਰੇ ਉਹ ਗੁਣ ਤੱਤਪਰ ਹਨ ਜਿਹੜੇ ਕਿਸੇ ਕਲਾਤਮਿਕ ਅਤੇ ਸਾਹਿਤਕ ਵਾਰਤਕ ਵਿੱਚ ਹੋਣੇ ਚਾਹੀਦੇ ਹਨ। ਵਿਗਿਆਨਕ ਸ਼ੈਲੀ ਹੈ। ਸੁਹਜ ਹੈ। ਸੁਆਦ ਹੈ। ਰਸ ਹਨ। ਅਲੰਕਾਰ ਹਨ। ਬ੍ਰਿਤਾਂਤਕ ਯੁਗਤਾਂ ਵਿੱਚ ਸੰਯੁਕਤਾ ਬਰਕਰਾਰ ਹੈ। ਵਰਨਣ ਵਿੱਚ ਵਹਾ ਹੈ। ਵਾਰਤਕ ਸੰਦੇਸ਼ਾਤਮਕ ਹੈ। ਇੱਕ ਸੁਨੇਹਾ ਹੈ। ਸਾਥੀ ਲੁਧਿਆਣਵੀ ਦੀ ਕਲਪਨਾ ਯਥਾਰਥਵਾਦੀ ਹੈ ਭਾਵ ਉਸਦੀ ਫਿ਼ਕਸ਼ਨ ਹੀ ਫ਼ੈਕਚਿਊਲ ਹੈ। ਉਸਦੀ ਵਾਰਤਕ ਹੀ ਕਹਾਣੀ ਕਲਾ ਵਿੱਚ ਫਿੱਟ ਹੁੰਦੀ ਹੈ। ਸਾਥੀ ਲੁਧਿਆਣਵੀ ਇੱਕ ਸਮਰੱਥ ਵਾਰਤਕ ਲੇਖਕ ਹੁੰਦਾ ਹੋਇਆ ਇੱਕ ਸਫ਼ਲ ਗੀਤਕਾਰ ਹੋਣ ਦੇ ਨਾਲ ਨਾਲ ਸਥਾਪਤ ਗਲਪਕਾਰ, ਕਲਾਤਮਿਕ ਕਵੀ ਅਤੇ ਪ੍ਰੋੜ ਗ਼ਜ਼ਲਗੋ ਵੀ ਹੈ। ਸਾਥੀ ਲੁਧਿਆਣਵੀ ਸਿੱਖ-ਧਰਮ ਵਿੱਚ ਆਈ ਸੰਕੀਰਨਤਾ ਨੂੰ ਦੂਰ ਕਰਨ ਲਈ ਬਚਨਬੱਧ ਹੈ। ਪੰਜਾਬੀ ਬੋਲੀ ਅਤੇ ਭਾਸ਼ਾ ਦੇ ਪਰਚਾਰ ਅਤੇ ਪਰਸਾਰ ਵਿੱਚ ਆਉਣ ਵਾਲੀਆਂ ਖੜੌਤਾਂ ਵਲੋਂ ਪਾਠਕਾਂ ਨੂੰ ਜਾਗਰੂਕ ਕਰਦਾ ਹੈ। ਅੰਤਰ-ਧਰਮਾਂ ਦੇ ਵਿਸ਼ਵਾਸ਼ ਵਾਲੇ ਅੰਤਰ ਸੰਬੰਧਾਂ ਨੂੰ ਬੜੀ ਸੁਹਿਰਦਤਾ ਨਾਲ ਪੇਸ਼ ਕਰਦਾ ਹੈ। ਵਾਰਤਕ ਰਾਹੀਂ ਅੰਤਰ-ਸਮਾਜਕ, ਅੰਤਰ-ਸੱਭਿਆਚਾਰਕ, ਅੰਤਰ-ਧਾਰਮਿਕ ਅਤੇ ਵਿਸ਼ਵ ਭਰ ਦੇ ਅੰਤਰ-ਰਾਜੀ ਸਮੱਸਿਆਵਾਂ ਦੇ ਵਿਕੱਲਪ ਨੂੰ ਪਾਰ-ਸਮਾਜਿਕ, ਪਾਰ-ਸੱਭਿਆਚਾਰਕ ਅਤੇ ਅੰਤਰ ਧਾਰਮਿਕ ਵਰਤਾਰਿਆਂ ਨੂੰ ਅੰਤਰ-ਰਾਸ਼ਟਰੀ ਰਾਜਸੀ ਨੇਤਾਵਾਂ ਦੀਆਂ ਨੀਤੀਆਂ ਦੇ ਆਧਾਰ ਅਤੇ ਸਮਾਧਾਨ ਕਹੇ ਜਾ ਸਕਦੇ ਹਨ। ਇਹ ਸਮਾਧਾਨ ਕਈ ਵਾਰ ਸਾਥੀ ਲੁਧਿਆਣਵੀ ਦੀ ਭਵਿੱਖ-ਬਾਣੀ ਦਾ ਵੀ ਸਬੂਤ ਦਿੰਦੇ ਹਨ। ਇਹੀ ਕਾਰਨ ਹੈ ਕਿ ਸਾਥੀ ਲੁਧਿਆਣਵੀ ਵਾਰਤਕ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਬਣਦਾ ਸਥਾਨ ਦਿਵਾਉਣ ਵਿੱਚ ਕਾਮਯਾਬ ਹੋਇਆ ਹੈ। ਨੌਵੇਂ ਦਹਾਕੇ ਦੇ ਅੱਧ ਵਿੱਚ ਸਾਥੀ ਲੁਧਿਆਣਵੀ ਨੇ ਬੜੇ ਪੀੜਤ ਹਿਰਦੇ ਨਾਲ ਇਹ ਗੱਲ ਲਿਖੀ ਸੀ ਕਿ  ਪ੍ਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਪੰਜਾਬੀ ਸਮਾਜ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਪਰਿਵਾਰਕ ਕਦਰਾਂ ਕੀਮਤਾਂ ਨੂੰ ਤਿਆਗ ਕੇ ਅੰਤਰ-ਜਾਤੀ ਅਤੇ ਅੰਤਰ-ਨਸਲੀ ਵਿਆਹ ਰਚਾਉਣ ਵਿੱਚ ਰੁਚੀ ਰੱਖਦੀ ਹੈ। ਇਹ ਸੰਕਲਨ ਉਨ੍ਹਾਂ ਆਲੋਚਕਾਂ ਦੇ ਸਵਾਲਾਂ ਦਾ ਜਵਾਬ ਹੈ ਜਿਹੜੇ ਕਹਿੰਦੇ ਸਨ, ‘ਜਿਥੇ ਪੰਜਾਬੀ ਸਾਹਿਤ ਨੂੰ ਸਾਡੇ ਆਲੋਚਕ ਕਵਿਤਾ, ਕਹਾਣੀ ਅਤੇ ਨਾਵਲ ਨੂੰ ਮਿੱਥੀ ਬੈਠੇ ਹਨ ਤੇ ਨਿਬੰਧਕਾਰੀ ਨੂੰ ਹਮੇਸ਼ਾ ਦੂਜਾ ਦਰਜਾ ਹੀ ਦਈ ਰੱਖਦੇ ਹਨ।’ (ਪੰਨਾ 9) ਸਾਥੀ ਦੀ ਇਹ ਪੁਸਤਕ ‘ਸਮੇਂ ਦੇ ਪੈਰ ਚਿੰਨ੍ਹ’ ਨੇ ਪੰਜਾਬੀ ਵਾਰਤਕ ਨੂੰ ਪੰਜਾਬੀ ਸਾਹਿਤ ਵਿੱਚ ਪਹਿਲੇ ਦਰਜੇ ਦੀ ਰਚਨਾ ਬਣਾ ਦਿੱਤਾ ਹੈ। ਵਾਰਤਕ ਰਾਹੀਂ ਖਾੜੀ ਵਿੱਚ ਹੋਈਆਂ ਜੰਗਾਂ ਦੇ ਕਾਰਨ ਅਤੇ ਸਿੱਟੇ ਉਜਾਗਰ ਹੋਏ ਹਨ। ਸਾਥੀ ਅੰਤਰ-ਰਾਸ਼ਟਰੀ ਪੱਧਰ ਉਪਰ ਹੋ ਰਹੀ ਰਾਜਨੀਤੀ ਦਾ ਪੋਲ ਖੋਲ੍ਹਦਾ ਹੈ। ਵਲੈਤ ਵਿੱਚ ਪੂਰਬੀ ਸੱਭਿਆਚਾਰ ਅਤੇ ਪੱਛਮੀ ਸੱਭਿਆਚਾਰ ਦੇ ਟਕਰਾਓ ਕਾਰਨ ਜਿਹੜਾ ਉਤਰ-ਸੱਭਿਆਚਾਰ ਸਥਾਪਤ ਹੁੰਦਾ ਹੈ, ਸਾਥੀ ਲੁਧਿਆਣਵੀ ਉਸ ਸੱਭਿਆਚਾਰ ਦੀ ਭਰਵੀਂ ਆਲੋਚਨਾ ਕਰਦਾ ਹੈ। ਉਪ੍ਰੋਕਤ ਲਿਖੇ ਵਿਚਾਰਾਂ ਦੇ ਸੰਦਰਭ ਵਿੱਚ ਮੈਂ ਅਵੱਸ਼ ਕਹਿ ਸਕਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਦ ਪੰਜਾਬੀ ਜ਼ਬਾਨ ਨਾਲ ਸੰਬੰਧਤ ਯੂਨੀਵਰਸਿਟੀਆਂ ਵਿੱਚ ਅੰਤਰ-ਰਾਸ਼ਟਰੀ ਸਮੱਸਿਆਵਾਂ ਬਾਰੇ ਕੋਈ ਸਲੇਬਸ ਬਣੇਗਾ ਤਾਂ ਇਹ ਪੁਸਤਕ ਜ਼ਰੂਰ ਅੰਤਰ-ਰਾਸ਼ਟਰੀ ਇਤਿਹਾਸ ਦੀ ਪਾਠ-ਪੁਸਤਕ ਵਜੋਂ ਪੜ੍ਹਾਈ ਜਾਵੇਗੀ।
****

No comments:

Post a Comment