ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’ ਦੇ ਕਹਾਣੀ ਪ੍ਰਬੰਧ ਦੇ ਅੰਤਰਗਤਿ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦਾ ਯਥਾਰਥ।


ਕੁਦਰਤ ਵਿਗਿਆਨਕ ਹੈ। ਘੜੀ ਪਲ, ਦਿਨ ਰਾਤ, ਰੁੱਤਾਂ, ਸੂਰਜ ਚੰਦ ਤਾਰੇ ਅਤੇ ਇਹ ਸਾਰਾ ਬ੍ਰਹਿਮੰਡ ਹੀ ਨਿਯਮਬੱਧ ਹੈ। ਕਹਾਣੀ ਦੇ ਵੀ ਨਿਯਮ ਹੁੰਦੇ ਹਨ। ਕਲਾਤਮਕ ਕਹਾਣੀ ਵਿਚ ਸਮੇਂ ਅਤੇ ਸਥਾਨ ਦੀ ਏਕਤਾ ਹੁੰਦੀ ਹੈ। ਉਸ ਸਮੇਂ ਅਤੇ ਸਥਾਨ ਉਪਰ ਕਿਸੇ ਇਕ ਹੀ ਘਟਨਾ ਦਾ ਵਰਨਣ ਹੁੰਦਾ ਹੈ। ਬ੍ਰਿਤਾਂਤਕਾਰਾਂ ਦੀ ਗਿਣਤੀ ਉਪਰ ਪਾਬੰਦੀ ਨਹੀਂ ਹੁੰਦੀ। ਇਕ ਘਟਨਾ ਨੂੰ ਇੱਕੋ ਸਥਾਨ ਉਪਰ ਬਹੁਤੇ ਬ੍ਰਿਤਾਤਕਾਰ ਬਿਆਨ ਕਰ ਸਕਦੇ ਹਨ। ਜਿਵੇਂ ਸੱਥ ਵਿਚ ਬੈਠੇ ਲੋਕ ਮਰਨ ਵਾਲੇ ਦੇ ਕਿਰਦਾਰ ਅਤੇ ਕਾਰਜ ਨੂੰ ਦਰਸਾਉਦੇ ਹਨ। ਅਧੁਨਿਕ ਕਹਾਣੀ ਵਿਚ ਕਈ ਪ੍ਰਭਾਵ-ਖੇਤਰ ਵੀ ਹੋ ਸਕਦੇ ਹਨ। ਜਿਵੇ ਕਿਸੇ ਨੂੰ ਫੁੱਲ ਪੇਸ਼ ਕਰਨਾ ਹੋਵੇ ਤਾਂ ਕਈ ਅਨੁਸ਼ੰਗਿਕ ਅਤੇ ਬ੍ਰਿਤਾਂਤਕਾਰ ਹੋ ਸਕਦੇ ਹਨ। ਜਿਵੇਂ ਮੈਂ ਉਸਨੂੰ ਫੁੱਲ ਦਿੱਤਾ ਅਤੇ ਉਸਨੇ ਮੱਥੇ ਵੱਟ ਪਾਇਆ। ਅਸੀਂ ਉਸਨੂੰ ਮੁਸਕ੍ਰ੍ਰਾ ਕੇ ਫੁੱਲ ਦਿਤਾ ਅਤੇ ਉਸ ਨੇ ਮੁਸਕ੍ਰਾ ਕੇ ਮੇਰੇ ਹੱਥੋਂ ਫੁੱਲ ਫੜਿਆ। ਉਨ੍ਹਾਂ ਉਸਨੂੰ ਬੜੇ ਪਿਆਰ ਨਾਲ ਫੁੱਲ ਦਿਤਾ ਅਤੇ ਉਸਨੇ ਬੜੇ ਮੁਹ ਨਾਲ ਫੁੱਲ ਨੂੰ ਸਵੀਕਾਰ ਕੀਤਾ। ਉਸਨੇ ਬੜੇ ਅਦਾ ਨਾਲ ਫੁੱਲ ਆਪਣੀ ਪ੍ਰੇਮਕਾ ਨੂੰ ਦਿਤਾ ਅਤੇ ਪ੍ਰੇਮਕਾ ਨੇ ਵੀ ਆਪਣੀਆਂ ਅਦਾਵਾਂ ਨਾਲ ਫੁੱਲ ਨੂੰ ਉਸ ਦੇ ਹੱਥੋਂ ਫੜਿਆ ਆਦਿ ਅਤੇ ਪ੍ਰਤੀ ਅਨੁਸ਼ੰਗਿਕ ਨੂੰ ਜਿੰਨਾਂ ਵੀ ਮਰਜੀ ਵਧਾਇਆ ਜਾ ਸਕਦਾ ਹੈ। ਇਹ ਆਪਾਤ ਸੰਪਾਤ ਇਕੋ ਸਥਾਨ ਉਪਰ ਇਕੋ ਹੀ ਸਮੇਂ ਭਾਵੇਂ ਵਖੋ ਵੱਖਰੇ ਬ੍ਰਿਤਾਂਤਕਾਰਾਂ ਵਲੋਂ ਵਰਨਣ ਕੀਤਾ ਹੋਇਆ ਹੋਵੇ ਪਰ ਇਕੋ ਹੀ ਪਰਸੰਗ ਬਾਰੇ ਵਰਨਣ ਹੋਣ ਕਰਕੇ ਕਹਾਣੀ ਦੇ ਨਿਯਮਾਂ ਨੂੰ ਭੰਗ ਨਹੀਂ ਕਰਦਾ। ਕਈ ਕਹਾਣੀਆਂ ਪ੍ਰਤੀਕਾਤਮਕ ਵੀ ਹੋ ਸਕਦੀਆਂ ਹਨ। ਕਹਾਣੀ ਦੇ ਮਧਿਆਂਤਰ ਵਿਚ ਕਿਸੇ ਇਕ ਪ੍ਰਤੀਕ ਨੂੰ ਵਾਰ ਵਾਰ ਵਰਤਣ ਵਾਲੀਆਂ ਕਹਾਣੀਆਂ ਨੂੰ ਵੀ ਅਧੁਨਿਕ ਕਹਾਣੀਆਂ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਉਪਰ ਮੋਰਾਂ ਵਾਲੀ ਚਾਦਰ ਉਪਰ ਉਸ ਕੁੜੀ ਨੇ ਆਖਰੀ ਤੋਪਾ ਭਰਿਆ। ਕਹਾਣੀ ਦੀ ਵਕੀਰਣਤਾ ਵਾਸਤੇ ਦੂਜੇ ਖੰਡ ਵਿਚ ਉਸੇ ਪ੍ਰਤੀਕ ਨੂੰ ‘ਮੋਰਾਂ ਵਾਲੀ ਚਾਦਰ ਨੂੰ ਉਸ ਕੁੜੀ ਨੇ ਆਪਣੇ ਦਾਜ ਵਾਸਤੇ ਤਿਆਰ ਕੀਤਾ ਅਤੇ ਤੀਸਰੇ ਖੰਡ ਵਿਚ ੳਸ ਕੁੜੀ ਨੇ ਮੋਰਾਂ ਵਾਲੀ ਚਾਦਰ ਨੂੰ ਮੁਕਲਾਵੇ ਵਾਲੀ ਰਾਤ ਨੂੰ ਆਪਣੇ ਪਲੰਘ ਉਪਰ ਵਛਾਇਆ। ਇਥੇ ਭਾਵੇਂ ਸਥਾਨ ਅਤੇ ਸਮੇਂ ਦੀ ਏਕਤਾ ਨਹੀਂ ਹੈ ਪਰ ਮੋਰਾਂ ਵਾਲੀ ਚਾਦਰ ਦਾ ਪ੍ਰਤੀਕਾਤਮਕ ਪ੍ਰਸੰਗ ਹੀ ਪਾਠਕ ਦੀ ਰੁਚੀ ਵਾਸਤੇ ਸਮੇਂ ਸਥਾਨ ਅਤੇ ਆਪਾਤ ਦਾ ਕਾਰਜ ਕਰਦਾ ਹੈ। ਅਸੀਮ ਸਥਾਨ ਵਿਭਿੰਨ ਸਮਾਂ ਅਤੇ ਅਣਗਿਣਤ ਅਨੁਸ਼ੰਗਿਕ ਵਾਲੀ ਕਹਾਣੀ ਨਹੀਂ ਹੁੰਦੀ ਸਗੋਂ ਉਸ ਵਾਰਤਕ ਨੂੰ ਨਾਵਲਿਟ ਜਾਂ ਨਾਵਲ ਆਖਿਆ ਜਾਵੇਗਾ, ਭਾਵੇਂ ਉਹ ਕਹਾਣੀ ਦਸ ਮੰਦਰਾਂ ਸਫੇ ਦੀ ਹੀ ਕਿਉਂ ਨਾ ਹੋਵੇ। ਕਹਾਣੀ ਜਾਂ ਅਧੁਨਿਕ ਕਹਾਣੀ ਵਿਚ ਪਾਤਰ ਉਸਾਰੀ ਦੇ ਸਿਧਾਂਤ ਵਿਚ ਅਲਪ ਕਾਲਕ ਫਰਕ ਵੀ ਨਹੀਂ ਹੈ। ਨਾਇਕ ਪਾਤਰਾਂ ਨੂੰ ਮਨੁੱਖ ਪੱਖੀ ਉਸਾਰਨਾ ਅਤੇ ਖਲਨਾਇਕ ਪਾਤਰਾਂ ਨੂੰ ਪਾਠਕਾਂ ਵਲੋਂ ਘ੍ਰਿਣਤ ਕਰਾਉਣਾ ਇਕ ਕਲਾਤਮਿਕ ਪਾਤਰ ਉਸਾਰੀ ਮੰਨਿਆ ਜਾਂਦਾ ਹੈ। ਪਾਤਰਾਂ ਦੀ ਸੂਰਤ ਸੀਰਤ ਅਤੇ ਪਹਿਰਾਵੇ ਬਾਰੇ ਜਾਣਕਾਰੀ ਇਸ ਕਰਕੇ ਲੋੜੀਂਦੀ ਹੈ ਕਿਉਂਕਿ ਪਾਠਕ ਜਾਨਣਾ ਚਹੁੰਦਾ ਹੁੰਦਾ ਹੈ ਕਿ ਉਹ ਕਿਹੋ ਜਿਹੇ ਵਿਅਕੱਤੀ ਨਾਲ ਸੰਵਾਦ ਰਚਾਉਦਾ ਹੈ। ਸ਼ਬਦਾਵਲੀ ਪਾਤਰਾਂ ਦੇ ਕਿਰਦਾਰਾਂ ਅਨੁਕੂ਼ਲ ਵਿਚਾਰ ਪ੍ਰਧਾਨ, ਠੇਠ ਅਤੇ  ਸਰਲ ਹੁੰਦੀ ਹੈ। ਵਿਸ਼ੇ ਨੈਤਿਕ ਅਤੇ ਮਨੁੱਖ ਹਿਤੈਸ਼ੀ ਹੁੰਦੇ ਹਨ। ਕਹਾਣੀ ਅਰੰਭ ਨਾਟਕੀ, ਮੱਧ ਵਿਚ ਆਪਣੇ ਚੁਣੇ ਹੋਏ ਵਿਸ਼ੇ ਦਾ ਵਿਸਥਾਰ ਅਤੇ ਅੰਤ ਸੁਧਾਰਕ ਹੋਣਾ ਚਾਹੀਦਾ ਹੈ। ਕਹਾਣੀ ਦੀ ਰਵਾਨੀ ਪਾਣੀ ਦੇ ਵਹਾ ਵਾਂਗ ਨਿਰੰਤਰ ਹੋਣੀ ਚਾਹੀਦੀ ਹੈ।

 ‘ਖੂਹ ਦੀ ਮਿੱਟੀ’ ਕਹਾਣੀ ਸੰਗ੍ਰਹਿ ਸਿ਼ਵਚਰਨ ਸਿੰਘ ਗਿੱਲ ਦਾ ਅੱਠਵਾਂ ਕਹਾਣੀ ਸੰਗ੍ਰਹਿ ਹੈ। ਗਊ ਹੱਤਿਆ, ਰੂਹ ਦਾ ਸਰਾਪ, ਭੈਅ ਦੇ ਪ੍ਰਛਾਵੇਂ, ਬਦਰੰਗ, ਖਰਾ ਖੋਟਾ, ਸਾਹਾਂ ਦਾ ਭਾਰ ਅਤੇ ਮਰਦਾਵੀਂ ਔਰਤ ਆਦਿ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਹਿਲਾਂ ਪਾ ਚੁੱਕਾ ਹੈ। ਉਸਨੇ ਨਾਵਲ, ਵਾਰਤਕ, ਕਾਵਿ ਸੰਗ੍ਰਹਿ ਸੰਪਾਦਨਾ ਅਤੇ ਪਾਠ ਪੁਸਤਕਾਂ ਵੀ ਲਿਖੀਆਂ ਹਨ। ਮੇਰੇ ਪਾਠ ਕ੍ਰਮ ਵਿਚ ਇਸ ਸਮੇਂ ‘ਖੂਹ ਦੀ ਮਿੱਟੀ’ ਕਹਾਣੀ ਸੰਗ੍ਰਹਿ ਆਇਆ ਹੈ। ਇਸ ਕਹਾਣੀ ਸੰਗ੍ਰਹਿ ਬਾਰੇ ਮੈਂ ਆਪਣੇ ਵਿਚਾਰ ਲਿਖਣ ਲੱਗਿਆ ਉਪਰ ਲਿਖੀ ਕਹਾਣੀ ਦੀ ਤਕਨੀਕ ਦਾ ਆਸਰਾ ਲਵਾਗਾਂ। ਆਪਣੇ ਇਸ ਕਾਰਜ ਵਾਸਤੇ ਕਹਾਣੀ ਸੰਗ੍ਰਹਿ ‘ਖੂਹ ਦੀ ਮਿੱਟੀ’ ਦੀ ਸਫ਼ਲ ਕਹਾਣੀ ‘ਮੁੰਡਾ ਠੀਕ ਕਹਿੰਦਾ ਸੀ’ ਦੀ ਲਿਖਣ ਪ੍ਰੀਕਿਰਿਆ ਨੂੰ ਚੁਣਿਆ ਹੈ।
ਅਰੰਭ ਵਿਚ ਭਾਵੇਂ ਵਕਰ ਤੌਰ ਉਪਰ ਲੇਖਕ ਆਪ ਬ੍ਰਿਤਾਂਤਕਾਰ ਹੈ ਫਿਰ ਵੀ ਕਹਾਣੀ ਦਾ ਅਰੰਭ ਨਾਟਕੀ ਹੈ। ‘ਭੁਪਿੰਦਰ ਆਪਣੇ ਮਨ ਦੀ ਗੱਲ ਕਹਿ ਕੇ ਚਲਾ ਗਿਆ। ਪਰ ਉਹਦੇ ਜਾਣ ਪਿਛੋਂ ਰਣਜੀਤ ਕੌਰ ਸਾਰਾ ਦਿਨ ਕਲਪਦੀ ਰਹੀ।’
ਰਣਜੀਤ ਕੌਰ ਦੇ ਪੁੱਤ ‘ਭੂਪੀ’ ਦੀ ਵਾਰਤਾਲਾਪ ਨੂੰ ਲੇਖਕ ਨੇ ਰਣਜੀਤ ਕੌਰ ਦੀ ਸੋਚ ਰਾਹੀਂ ਪ੍ਰਦਰਸ਼ਨਾਤਮਿਕ ਕੀਤਾ ਹੈ। ‘ਵੇ ਭੂਪੀ, ਤੈਨੂੰ ਸ਼ਰਮ ਨੀ ਆਈ ਆਪ ਦੀ ਮਾਂ ਨੂੰ ਇਹ ਗੱਲ ਕਹਿੰਦਿਆਂ। ਬੁੱਢੇ ਵਾਰੇ ਤੂੰ ਮੇਰੇ ਧੌਲੇ ਰੋਲਣ ਲੱਗਾਂ। ਵੇ ਇਹ ਕੰਮ ਤਾਂ ਮੈਂ ਉਦੋਂ ਨੀ ਕੀਤਾ ਜਦੋਂ ਮੇਰੀ ਵਰੇਸ ਸੀ। ਤੂੰ ਉਦੋਂ ਛੇਆਂ ਵਰ੍ਹਿਆ ਦਾ ਸੀ ਤੇ ਰੂਪੀ ਨੌਆਂ ਵਰ੍ਹਿਆ ਦੀ, ਜਦੋਂ ਥੋਡਾ ਡੈਡੀ ਕਲਜੋਗਣੀ ਕੈਂਸਰ ਨੇ ਖਾ ਲਿਆ। ਮੇਰੀ ਉਮਰ ਉਦੋਂ ਮਸਾਂ ਤੀਹਾਂ ਵਰ੍ਹਿਆ ਦੀ ਸੀ। ਮੇਰੇ ਮਾਂ ਪਿਉ ਨੇ, ਤੇਰੇ ਦਾਦਾ ਦਾਦੀ ਨੇ ਮੇਰੇ ਉਪਰ ਬੜਾ ਜ਼ੋਰ ਪਾਇਆ ਕਿ ਮੈਂ ਹੋਰ ਵਿਆਹ ਕਰਵਾ ਲਵਾਂ। ਤੇਰੇ ਦਾਦਾ ਦਾਦੀ ਤਾਂ ਕਹਿੰਦੇ ਸੀ ਕਿ ਤੇਰੇ ਚਾਚੇ ਮਹਿੰਦਰ ਨੂੰ ਇੰਗਲੈਂਡ ਲੈ ਜਾਵਾਂ, ਵਿਆਹ ਕਰਵਾ ਕੇ। ਉਹ ਕਹਿਣ ਮਹਿੰਦਰ ਤੇਰੇ ਨਿਆਣੇ ਪਾਲੂ। ਮੈਨੂੰ ਪਤਾ ਸੀ ਜਦ ਜਦੋਂ ਮਹਿੰਦਰ ਦਾ ਆਪਣਾ ਕੋਈ ਨਿਆਣਾ ਹੋ ਗਿਆ, ਤਾਂ ਤੇਰੇ ਮਾਲ ਦੁਰਾਂਜਾ ਸੁਰੂ ਹੋ ਜਾਣਾ । ਮੇਰਾ ਮੋਹ ਵੰਡਿਆ ਜਾਣਾ। ਮਾਂ ਨੂੰ ਸਾਰੇ ਬੱਚੇ ਇਕੋ ਜਿਹੇ ਹੁੰਦੇ ਆ। ਥੋਡੇ ਮਾਰੀ ਨੇ ਮੈਂ ਸਾਫ਼ ਜੁਆਬ ਦੇ ਦਿੱਤਾ ਸੀ। ਬਾਪੂ ਜੀ, ਮੈਂ ਨਹੀਂ ਹੋਰ ਫਾਹਾ ਲੈਣਾ। ਮੈਂ ਆਪਣੇ ਜੁਆਕ ਆਪੇ ਪਾਲੂ। ਵੇ ਜੇ ਮੈਂ ਇਹੋ ਕੁਝ ਕਰਨਾ ਹੁੰਦਾ ਤਾਂ ਉਦੋਂ ਨਾ ਕਰ ਲੈਂਦੀ। ਮੈਂ ਆਪ ਦੀ ਜਵਾਨੀ ਦੀ ਆਹੂਤੀ ਕਿਉਂ ਦਿੰਦੀ? ਮੇਰੀ ਕੀਤੀ ਦਾ ਆਹ ਫ਼ਲ ਦੇਨਾ ਤੂੰ। ਬੇਸ਼ਰਮਾ, ਗੋਰਿਆਂ ‘ਚ ਰਹਿ ਕੇ ਤੂੰ ਵੀ ਗੋਰਿਆਂ ਅਰਗਾ ਬੇਲੱਜ ਹੋ ਗਿਐਂ।’
ਰਣਜੀਤ ਕੌਰ ਦਾ ‘ਭੂਪੀ’ ਪੁੱਤ ਹੈ ਅਤੇ ‘ਰੂਪੀ’ ਉਸਦੀ ਧੀ ਹੈ। ਰੂਪੀ ਦਾ ਕਿਰਦਾਰ ਪਰਦੇ ਪਿਛਲੇ ਪਾਤਰ ਦਾ ਹੈ। ਕਦੇ ਕਦੇ ਰਣਜੀਤ ਕੌਰ ਰੂਪੀ ਬਾਰੇ ਭੂਪੀ ਨਾਲ ਗੱਲ ਕਰਦੀ ਹੈ ਅਤੇ ਇਕ ਵਾਰ ਜਦ ਉਹ ਧੀ ਪੁੱਤ ਨਾਲ ਇਕੋ ਜਿਹੇ ਵਿਹਾਰ ਦੀ ਗੱਲ ਕਰਦੀ ਹੈ ਤਾਂ ਉਸਦੀਆਂ ਸਹੇਲੀਆਂ ਕਹਿੰਦੀਆਂ ਹਨ, ‘ਜੀਤੋ ਫਿਰ ਤਾਂ ਤੂੰ ਪੁਆੜਾ ਪਾਏਂਗੀ। ਵਸੀਅਤ ਵੀ ਮੁੰਡੇ ਕੁੜੀ ਦੇ ਨਾਉਂ ਅੱਧੋ-ਅੱਧੀ ਕਰੇਂਗੀ।’ ਰੂਪੀ ਦਾ ਕਹਾਣੀ ਵਿਚ ਜਿ਼ਕਰ ਇਕ ਵਾਰ ਉਸ ਵੇਲੇ ਆਉਦਾ ਹੈ ਜਦ ਭੂਪਿੰਦਰ ਆਪਣੀ ਮਾਂ ਰਣਜੀਤ ਕੌਰ ਦੇ ਇਕਲਾਪੇ ਦਾ ਸਤਾਇਆ ਉਸਨੂੰ ਕਹਿੰਦਾ ਹੈ ਕਿ ਉਹ ਰੂਪੀ ਕੋਲ ਜਾ ਕੇ ਰਹਿਣ ਲਗ ਪਵੇ ਕਿਉਂਕਿ ਰੂਪੀ ਦੇ ਬੱਚੇ ਤਾਂ ਪੰਜਾਬੀ ਬੋਲਦੇ ਹੀ ਹਨ।
ਭੂਪੀ ਨੇ ਗੋਰੀ ਕੁੜੀ ‘ਸੈਂਡੀ’ ਨਾਲ ਵਿਆਹ ਕਰਵਾਇਆ ਹੋਇਆ ਹੈ ਅਤੇ ਰਣਜੀਤ ਕੌਰ ਦੀ ਵਾਰਤਾਲਾਪ ਰਾਹੀਂ ਪਾਠਕ ਤਾਈਂ ਲੱਗਦਾ ਹੈ ਕਿ ਉਹ ਪੂਰਾ ਵੈਸਟਰਨਾਈਜ਼ ਹੈ। ਕਹਾਣੀਕਾਰ ਨੇ ਵਲੈਤ ਦੀ ਜੰਮ-ਪਲ ਦੂਜੀ ਪੀੜ੍ਹੀ ਦਾ ਪੰਜਾਬੀ ਸੱਭਿਆਚਾਰ ਤੋਂ ਅਣਲੱਗ ਹੋਣ ਦਾ ਬੜੀ ਯਥਾਰਥਿਕਤਾ ਨਾਲ ਦਾਅਵਾ ਕੀਤਾ ਹੈ।  ਭੂਪੀ ਅਤੇ ਸੈਂਡੀ ਰਣਜੀਤ ਕੌਰ ਤੋਂ ਦੂਰ ਰਹਿੰਦੇ ਹਨ ਅਤੇ ਦੂਜੇ ਤੀਜੇ ਹਫ਼ਤੇ ਆਣ ਕੇ ਉਹ ਆਪਣੇ ਬੱਚਿਆ ਸਮੇਤ ਰਣਜੀਤ ਕੌਰ ਨੂੰ ਮਿਲ ਜਾਂਦੇ ਹਨ। ਸੈਂਡੀ ਹੈਰਾਨ ਹੁੰਦੀ ਹੈ ਕਿ ਰਣਜੀਤ ਕੌਰ ਉਨ੍ਹਾਂ ਨੂੰ ਆਪਣੇ ਕੋਲ ਰਹਿਣ ਲਈ ਕਹਿੰਦੀ ਹੈ ਜਦ ਕਿ ਸੈਂਡੀ ਦੀ ਮਾਂ ਉਸਦੇ ਭਰਾ ‘ਟੌਮ’ ਨੂੰ ਘਰੋਂ ਬਾਹਰ ਰਹਿਣ ਵਾਸਤੇ ਜ਼ੋਰ ਲਾਉਦੀ ਸੀ। ਸੈਂਡੀ ਇਸ ਸਭਿਆਚਾਰਕ ਵਖਰੇਵੇਂ ਤੋਂ ਬਹੁਤ ਚਿੰਤਨਸ਼ੀਲ ਹੈ। ਉਨ੍ਹਾਂ ਦੇ ਬੱਚੇ ਰਣਜੀਤ ਕੌਰ ਨਾਲ ਬਹੁਤ ਲਾਡ ਪਿਆਰ ਕਰਦੇ ਹਨ। ਰਣਜੀਤ ਕੌਰ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ, ‘ਕੀ ਦਸਾਂ ਭੈਣ, ਸਾਡੇ ਜੁਆਕ ਤਾਂ ਜਮਾਂ ਲੋਗੜੀ ਦੇ ਫ਼ੁੱਲ ਨੇ। ਮੈਂਨੂੰ ਜੱਫੀ ਪਾ ਕੇ ਮਿਲਦੇ ਨੇ। ਮੱਲੋ ਮੱਲੀ ਪਿਆਰ ਲੈਂਦੇ ਆ। ਉਹਨਾਂ ਦੇ ਜਾਣ ਪਿਛੋਂ ਚਿੱਤ ਉਦਾਸ ਹੋ ਜਾਂਦਾ। ਹੋਰ ਤਾਂ ਮੇਰੀ ਕੋਈ ਵਾਹ ਨਹੀਂ ਚਲਦੀ, ਗੁਰਦੁਆਰੇ ਪਾਠ ਸੁਣਨ ਆ ਜਾਨੀ ਆਂ। ਮਨ ਨੂੰ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਟ ਕਰਦੀ ਆਂ।’ ਕਹਾਣੀਕਾਰ ਵਲੋਂ ਰਣਜੀਤ ਕੌਰ ਵਲੋਂ ਕਹੇ ਗਏ ਅਜਿਹੇ ਸ਼ਬਦਾਂ ਤਰਦੀਦ ਕਰਨੀ ਕੁਝ ਓਪਰਾ ਜਿਹਾ ਲਗਦਾ ਹੈ, ‘ਭਾਈ ਤੇਰੀ ਵੱਡੀ ਕੁੜੀ ਤਾਂ ਊਂ ਈਂ ਚੁੜੇਲ ਆ। ਮੈਂ ਉਹਨੂੰ ਪਿਆਰ ਦੇਣ ਲੱਗੀ ਤਾਂ ਉਹ ਸਿਰ ਪਰੇ ਖਿੱਚ ਕੇ ਲੈ ਗਈ।’
ਭੂਪੀ ਆਪਣੀ ਮਾਂ ਰਣਜੀਤ ਕੌਰ ਨੂੰ ਦੂਰ ਜਿਥੇ ਉਹ ਕੰਮ ਕਰਦੇ ਹਨ, ਆਪਣੇ ਕੋਲ ਲਿਜਾਣਾ ਚਹੁੰਦਾ ਹੈ ਪਰ ਰਣਜੀਤ ਕੌਰ ਨੂੰ ਅੰਗਰੇਜ਼ੀ ਬੋਲਣੀ ਨਾ ਆਉਦੀ ਹੋਣ ਕਰਕੇ ਡਰਦੀ ਹੈ ਕਿ ਉਹ ਉਨ੍ਹਾਂ ਦੇ ਘਰ ਜਾ ਕੇ ਵਿਤਰੇਕਤ ਹੋ ਜਾਏਗੀ ਅਤੇ ਸੋਚ ਕੇ ਭੂਪੀ ਨੂੰ ਕਹਿੰਦੀ ਹੈ, ‘ਭੂਪੀ, ਤੂੰ ਮੈਨੂੰ ਗਲਤ ਸਮਝਦੈਂ। ਮੈਂ ਸੈਂਡੀ ਨੂੰ ਮਾੜਾ ਨਹੀਂ ਸਮਝਦੀ ਪਰ ਸਾਡੀ ਸੁਰ ਨੀ ਰਲਦੀ। ਉਹਦੀ ਗੱਲ ਮੈਨੂੰ ਸਮਝ ਨੀ ਆਉਂਦੀ, ਮੇਰੀ ਉਹਨੂੰ ਨੀ ਆਉਂਦੀ। ਜੁਆਕ ਤੈਂ ਪੰਜਾਬੀ ਬੋਲਣ ਲਾਏ ਨੀ। ਮੈਂ ਤੇਰੇ ਕੋਲ ਰਹੂੰ ਤਾਂ ਡੁੰਨ ਮਿੱਟੀ ਹੋਜੂ। ਆਪਦੀਆਂ ਸਖ਼ੀਆਂ ਸਹੇਲੀਆਂ ਨਾਲ ਬੋਲਣ ਤੋਂ ਵੀ ਜਾਊਂ । ਹੁਣ ਮੈਂ ਆਪਣਾ ਢਿੱਡ ਤਾਂ ਇਹਨਾਂ ਕੋਲ ਫੋਲ ਲੈਨੀ ਆ। ਉਥੇ ਕੰਧਾਂ ਨਾਲ ਗੱਲਾਂ ਕਰੂੰ। ਭਾਈ ਤੇਰੀ ਵੱਡੀ ਕੁੜੀ ਤਾਂ ਊੰਂ ਈਂ ਚੁੜੇਲ ਆ। ਮੈਂ ਉਹਨੂੰ ਪਿਆਰ ਦੇਣ ਲੱਗੀ ਤਾਂ ਉਹ ਸਿਰ ਪਰੇ ਖਿੱਚ ਕੇ ਲੈ ਗਈ। ਗਰੈਨੀ ਮੇਰੇ ਵਾਲ ਨਾ ਖਰਾਬ ਕਰ।’
ਕਹਾਣੀਕਾਰ ਨੇ ‘ਡੁੰਨ ਮਿੱਟੀ ਹੋਜ’ੂ ਦਾ ਇਕ ਨਵਾ ਮੁਹਾਵਰਾ ਪੰਜਾਬੀ ਬੋਲੀ ਨੂੰ ਦਿਤਾ ਹੈ। ਰਣਜੀਤ ਕੌਰ ਦਾ ਭੂਪੀ ਕੋਲ ਜਾ ਕੇ ਨਾ ਰਹਿਣ ਦਾ ਕਾਰਨ ਦਸਣ ਦੀ ਆੜ੍ਹ ਵਿਚ ਤੀਜੀ ਪੀੜ੍ਹੀ ਦੇ ਬੱਚਿਆਂ ਦਾ ਸੁਭਾ ਚਿਤ੍ਰਣ ਵੀ ਕਰ ਦਿਤਾ ਹੈ। ਭੂਪਿੰਦਰ ਆਪਣੀ ਮਾਂ ਰਣਜੀਤ ਕੌਰ ਦੀ ਰਹਿਣ ਦੀ ਵਿਤਰੇਕਤਾ ਨੂੰ ਕੁਸ਼ਲ ਕਰਨ ਦੇ ਇਰਾਦੇ ਨਾਲ ਕਹਿੰਦਾ ਹੈ, ‘ਮੱਮ, ਮੈਨੂੰ ਪਤਾ ਤੈਨੂੰ ਸੈਂਡੀ ਨਾਲ ਰਹਿਣਾ ਔਖਾ। ਪਰ ਤੂੰ ਰੂਪੀ ਨਾਲ ਤਾਂ ਰਹਿ ਸਕਦੀ ਏਂ। ਨਾਲੇ ਰੂਪੀ ਦੇ ਨਿਆਣੇ ਪੰਜਾਬੀ ਬੋਲਦੇ ਆ। ਰੂਪੀ ਦਾ ਹੱਸਬੈਂਡ ਵੀ ਥੋਡੀ ਬਹੁਤਾ ਰਸਪੈਕਟ ਕਰਦੈ।’
ਪਰ ਉਹ ਨਹੀਂ ਜਾਣਦੈ ਕਿ ਰਣਜੀਤ ਕੌਰ ਦੇ ਹੱਡੀਂ ਪੰਜਾਬੀ ਸਮਾਜ ਦੀਆਂ ਰਹੁ ਰੀਤਾਂ ਨੇ ਘਰ ਕੀਤਾ ਹੋਇਆ ਹੈ। ਰਣਜੀਤ ਕੌਰ ਆਪਣੇ ਪੁੱਤ ਨੂੰ ਕਹਿੰਦੀ ਹੈ, ‘ਵੇ ਹੁਣ ਈਂ ਰਸਪੈਕਟ ਕਰਦਾ, ਜਦੋਂ ਮੈਂ ਉਹਨਾਂ ਨੂੰ ਦੱਦ ਲੱਗੀ, ਫਿਰ ਉਹਨੇ ਮੂੰਹ ਵੱਟ ਲੈਣਾ।’ 
ਇਨ੍ਹਾਂ ਗੱਲਾਂ ਨੂੰ ਚਿਤਵਦੀ ਅਤੇ ਦੁਹਰਾਉਂਦੀ ਗੁਰਦੁਆਰੇ ਤੋਂ ਨਿਕਲਦੀ ਬ੍ਰਾਡਵੇ ਵੱਲ ਰਣਜੀਤ ਕੌਰ ਤੁਰ ਪੈਂਦੀ ਹੈ। ਰਸਤੇ ਵਿਚ ਉਸਨੂੰ ਤੁਰਿਆ ਜਾਂਦਾ ਨਿਰਮਲ ਸਿੰਘ ਮਿਲਿਆ। ਨਿਰਮਲ ਸਿੰਘ ਬਹੁਤ ਭਲਾ ਬੰਦਾ ਹੈ। ਭਲਾ ਕਰਨਾ ਉਸ ਦੀ ਆਦਤ ਹੈ ਅਤੇ ਭਲਾ ਲੋਕ ਉਸਦਾ ਤਕੀਆ ਕਲਾਮ ਬਣ ਗਿਆ ਸੀ। ਰਣਜੀਤ ਕੌਰ ਨਾਲ ਉਹ ਕੰਮ ਕਰਦਾ ਸੀ। ਰਣਜੀਤ ਕੌਰ ਦੇ ਮਨ ਵਿਚ ਉਸਦੀ ਬਹੁਤ ਇਜ਼ਤ ਸੀ। ਨਿਰਮਲ ਨੇ ਦਸਿਆ ਕਿ ਉਸਦੀ ਘਰਵਾਲੀ ਉਹਨੂੰ ਛੱਡ ਗਈ ਹੈ ਅਤੇ ਚਿਰੋਕਾ ਇੱਕਲਿਆਂ ਹੀ ਘਰ ਵਿਚ ਰਹਿੰਦਾ ਹੈ। ਰਣਜੀਤ ਕੌਰ ਨੂੰ ਉਸ ਨਾਲ ਹਮਦਰਦੀ ਹੋ ਜਾਂਦੀ ਹੈ। ਵੁਲਫ਼ ਪਾਰਕ ਵਿਚ ਬੈਠੇ ਬੁਢਾਪੇ ਨਾਲ ਝੰਬੇ ਗੋਰੇ ਜੋੜੇ ਨੂੰ ਵੇਖ ਕੇ ਮਨ ਹੀ ਮਨ ਵਿਚ ਉਸ ਨੇ ਕਿਹਾ, ‘ਕੋਈ ਤਾਂ ਹੈ ਆਪਣੇ ਬੁਢਾਪੇ ਤੋਂ ਸੰਤੁਸ਼ਟ।’ 
ਰਣਜੀਤ ਕੌਰ ਨੂੰ ਪਾਰਕ ਦੁਆਲੇ ਘੁੰਮਦਾ ਇਕ ਹੋਰ ਬਜੁਰਗ ਜੋੜਾ ਦਿਸਿਆ ਤਾਂ ਸੋਚਣ ਲੱਗਦੀ ਹੈ, ‘ਊਂ ਤਾਂ ਮੁੰਡਾ ਠੀਕ ਈ ਕਹਿੰਦਾ ਸੀ, ਪਿਛਲੀ ਉਮਰ ਵਿਚ ਕੰਪਨੀ ਹੋਣੀ ਜ਼ਰੂਰੀ ਆ। ਮੈਂ ਐਵੇਂ ਲੋਕ ਲਾਜ ‘ਚ ਉਮਰ ਖ਼ਰਾਬ ਕਰ ਲਈ।’ ਲੰਘ ਚੁੱਕੀ ਜੁਆਨੀ ਵੱਲ ਵੇਖ ਕੇ ਬੁੜਬੁੜਾਉਦੀ ਹੈ, ‘ਜੀਤੋ ਕਿਉਂ ਇਹ ਗੱਲਾਂ ਸੋਚਦੀ ਏਂ। ਹੁਣ ਤਾਂ ਉਮਰ ਲੰਘ ਗਈ। ਏਨਾ ਸੋਚਾਂ ਵਿਚ ਜਦ ਉਹ ਘਰ ਦੇ ਨੇੜੇ ਪਹੁੰਚ ਜਾਂਦੀ ਹੈ ਤਾਂ ਉਸ ਨੂੰ ਘਰ ਦੇ ਸਾਹਮਣੇ ਖੜੇ ਭੂਪਿੰਦਰ ਸੈਂਡੀ ਅਤੇ ਉਨ੍ਹਾਂ ਦੇ ਬੱਚੇ ਉਸਦੀ ਇੰਤਜ਼ਾਰ ਕਰ ਰਹੇ ਦਿਸੇ। ਪਾਠਕ ਨੂੰ ਇਕ ਸੋਚਣੀ ਲਾ ਕੇ ਕਹਾਣੀਕਾਰ ਏਥੇ ਹੀ ਕਹਾਣੀ ਦਾ ਅੰਤ ਕਰ ਦਿੰਦਾ ਹੈ। ਕਹਾਣੀ ਵਿਚ ਭੂਪੀ ਆਪਣੀ ਮਾਂ ਦੀ ਵਿਤਰੇਕਤਾ ਵਲੋਂ ਪਰੇਸ਼ਾਨ ਹੈ। ਆਪਣੀ ਮਾਂ ਦੀਆਂ ਸਮੱਸਿਆਵਾਂ ਨੂੰ ਸਮਝਦਾ ਤਾਂ ਹੈ ਪਰ ਵੱਖਰੇ ਸਮਾਜ ਵਿਚ ਰਹਿਣ ਕਰਕੇ ਉਹਨਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਵਿਚ ਅਸਮਰਥ ਹੈ। ਕਹਾਣੀ ਕਾਰ ਅਜਿਹੇ ਅੰਤਰ-ਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਉਨ੍ਹਾਂ ਦੇ ਜੀਵਨ ਵਿਚ ਪੈਣ ਵਾਲੀਆਂ ਦਰਪੇਸ਼ ਸਮੱਸਿਆਂਵਾਂ ਬਾਰੇ ਜਾਗਰੂਕ ਕਰਵਾਉਂਦਾ ਹੈ। ਬਾਕੀ ਹੋਰ ਕਹਾਣੀਆਂ ਵਾਂਗ ਇਸ ਕਹਾਣੀ ਦੇ ਸਾਰੇ ਪਾਤਰ ਵੀ  ਨੈਤਿਕਤਾ ਨੂੰ ਤਰਜੀਹ ਦਿੰਦੇ ਹਨ। ਇਸ ਕਰਕੇ ਇਸ ਕਹਾਣੀ ਦਾ ਅੰਤ ਵੀ ਕਲਾਤਮਿਕ ਹੈ। ਕਹਾਣੀ ਦੇ ਮੱਧ ਵਿਚ ਕਹਾਣੀਕਾਰ ਮੁੱਖ ਪਾਤਰ ਰਣਜੀਤ ਕੌਰ ਦੀ ਮਾਨਸਿਕ ਦਸ਼ਾ ਦੀ ਸੰਤੁਸ਼ਟੀ ਉਸ ਦੀ ਇੱਛਾ-ਸ਼ਕਤੀ ਰਾਹੀਂ ਕਰਵਾਉਦਾ ਹੋਇਆ ਉਸ ਨੂੰ ਸਮਾਜ ਵਿਚ ਸਨਮਾਨਯੋਗ ਪਾਤਰ ਸਿਰਜਦਾ ਹੈ। ਭਾਵੇਂ ਪਾਤਰਾਂ ਦੇ ਪਹਿਰਾਵੇ ਬਾਰੇ ਕੋਈ ਟਿਪਣੀ ਜਾਂ ਅਵਾਰਤ ਨਹੀਂ ਹੈ ਪਰ ਉਨ੍ਹਾਂ ਦਾ ਸੁਭਾ ਅਤੇ ਚਰਿਤਰ ਹੀ ਉਨ੍ਹਾਂ ਦੀ ਪਛਾਣ ਵੱਖੋ ਵੱਖਰੇ ਸਮਾਜ ਨਾਲ ਜੁੜੇ ਹੋਏ ਹੋਣ ਦਾ ਕਾਰਜ ਕਰ ਦਿੰਦਾ ਹੈ।
ਗੁਰਦੁਆਰੇ ਤੋਂ ਵਾਪਸ ਆਉਦੀ ਰਣਜੀਤ ਕੌਰ ਨੂੰ ਭਲਾ ਲੋਕ ਨਿਰਮਲ ਸਿੰਘ ਰਸਤੇ ਵਿਚ ਮਿਲਦਾ ਹੈ। ਨਿਰਮਲ ਸਿੰਘ ਨਾਲ ਕਈ ਵਰ੍ਹੇ ਪਹਿਲਾਂ ਉਸ ਨਾਲ ਕੰਮ ਕਰ ਚੁੱਕੀ ਹੈ। ਰਣਜੀਤ ਕੌਰ ਨਿਰਮਲ ਸਿੰਘ ਦੇ ਨੈਤਿਕ ਸੁਭਾ ਤੋਂ ਚੰਗੀ ਤਰ੍ਹਾਂ ਜਾਣੂ ਸੀ। ਕਹਾਣੀਕਾਰ ਨੇ ਇਸ ਤਰ੍ਹਾਂ ਦੀ ਧਰਾਤਲ ਤਿਆਰ ਕਰ ਵਿਖਾਈ ਹੈ ਕਿ ਰਣਜੀਤ ਕੌਰ ਨਿਰਮਲ ਸਿੰਘ ਦੀ ਸਾਫ਼ ਅਤੇ ਜਿੰਦਾਂ-ਦਿਲੀ ਉਪਰ ਫਿਦਾਂ ਹੋ ਚੁੱਕੀ ਲਗਦੀ ਹੈ। ਘਰ ਨੂੰ ਵਾਪਸ ਜਾਂਦੀ ਜਦ ਪਾਰਕ ਵਿਚ ਬਜੁਰਗ ਜੋੜੇ ਬੈਠੇ ਅਤੇ ਤੁਰਦੇ ਫਿਰਦੇ ਹੱਥਾਂ ਵਿਚ ਹੱਥ ਪਾਈ ਜਦ ਅਠਖੇਲੀਆਂ ਕਰਦੇ ਵੇਖਦੀ ਹੈ ਤਾਂ ਉਸਨੂੰ ਆਪਣੇ ਪੁੱਤ ਦੀ ਕਹੀ ਗੱਲ ਯਾਦ ਆਉਂਦੀ ਹੈ ਕਿ ਮੁੰਡਾ ਠੀਕ ਕਹਿੰਦਾ ਸੀ। ਬੁਢਾਪੇ ਵਿਚ ਕਿਸੇ ਨਾ ਕਿਸੇ ਸਹਾਰੇ ਦੀ ਲੋੜ ਜ਼ਰੂਰ ਪੈਂਦੀ ਹੈ। ਉਹ ਘੜੀ ਦੀ ਘੜੀ ਨਿਰਮਲ ਸਿੰਘ ਨਾਲ ਸੰਬੰਧ ਬਣਾਉਣ ਵਾਸਤੇ ਸੋਚਦੀ ਹੈ। ਝੱਟ ਹੀ ਉਸਨੂੰ ਲੋਕ ਲਾਜ ਦਾ ਚੇਤਾ ਆ ਜਾਂਦਾ ਹੈ। ਇਹ ਕਹਾਣੀ ਫੈਸਲਾ-ਕੁੰਨ ਕਹਾਣੀ ਨਾ ਹੁੰਦੀ ਹੋਈ ਇਕ ਸੰਕੇਤਾਮਕ ਕਹਾਣੀ ਹੈ। ‘ਗਰੀਬੀ’ ਅਤੇ ‘ਮਿੱਟੀ ਦਾ ਮੁਹ’ ਕਹਾਣੀਆਂ ਇਸੇ ਲੜੀ ਦੀਆਂ ਹਨ। ‘ਧਰਮੀ ਪਿਉ’ ਕਹਾਣੀ ਵਿਸ਼ੇ ਪਖੋ ਤਾਂ ਇਸੇ ਕੜੀ ਦੀ ਕਹਾਣੀ ਹੈ ਪਰ ਕਹਾਣੀ ਦੇ ਰਚਨਾਤਮਿਕ ਕਾਰਜ ਅਨੁਸਾਰ ਇਕ ਨਾਵਲ ਨੁਮਾ ਕਹਾਣੀ ਹੈ। 
ਇਸੇ ਤਰ੍ਹਾਂ ਕਹਾਣੀ ਸੰਗ੍ਰਹਿ ਵਿਚ ਕੁਲ ਵੀਹ ਕਹਾਣੀਆਂ ਵਿਚੋਂ ਸਤਾਰਾਂ ਕਹਾਣੀਆਂ ਨਾਵਲ-ਨੁਮਾ ਕਹਾਣੀਆਂ ਹਨ। ਇਹ ਕਹਾਣੀਆ ਅਸੀਮ ਅਸਥਾਨਾਂ, ਵਿਭਿੰਨ ਸਮਿਆਂ ਅਤੇ ਵਿਵਿਧ ਘਟਨਾਵਾਂ ਦਾ ਸੰਯੁਕਤ ਰੂਪ ਹਨ। ਖੰਡ ਦਰ ਖੰਡ ਆਪਾਤ ਸੰਪਾਤ ਦੀ ਵਿਭਿੰਨਤਾ ਕਾਰਨ ਪਾਠਕ ਪੜ੍ਹਨ ਵੇਲੇ ਰਹਾਓ ਦੀ ਸਥਿੱਤੀ ਵਿਚ ਭਾਵੇਂ ਪੈ ਜਾਂਦਾ ਹੈ ਪਰ ਕਹਾਣੀ ਦੇ ਵਹਾਓ ਨੂੰ ਅਚੇਤਨਾ ਵਿਚ ਹੀ ਰੱਖ ਸਕਦਾ ਹੈ। ਜੇਕਰ ਇਹ ਕਹਾਣੀਆਂ ਇਕਾਗਰ ਚਿੱਤ ਨਾਲ ਪੜ੍ਹੀਆ ਜਾਣ ਤਦ ਹੀ ਪਾਠਕ ਇਨ੍ਹਾਂ ਕਹਾਣੀਆਂ ਦਾ ਅਨੰਦ ਮਾਣ ਸਕਦਾ ਹੈ। ਇਨ੍ਹਾਂ ਕਹਾਣੀਆਂ ਦਾ ਵਹਾ ਉਸ ਵਗਦੇ ਪਾਣੀ ਵਾਂਗ ਹੈ ਜਿਹੜਾ ਟੋਏ ਟਿੱਬਿਆਂ ਨੂੰ ਭਰਕੇ ਅੱਗੇ ਵਗਣ ਲੱਗਦਾ ਹੈ। ਇਨ੍ਹਾਂ ਕਹਾਣੀਆਂ ਦੇ ਵਿਸਿ਼ਆ ਰਾਹੀਂ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੇ ਯਥਾਰਥ ਨੂੰ ਪ੍ਰਗਟਾਇਆ ਗਿਆ ਹੋਣ ਕਰਕੇ ਇਹ ਕਹਾਣੀਆਂ ਪ੍ਰਵਾਸੀਆਂ ਦੀ ਰੂਹ ਦੀ ਖੂਰਾਕ ਹਨ।
‘ਖੂਹ ਦੀ ਮਿੱਟੀ’ ਕਹਾਣੀ ਪੁਸਤਕ ਦੇ ਨਾਮ ਨਾਲ ਵੀ ਸੰਬੰਧਤ ਹੈ। ਇਹ ਕਹਾਣੀ ਵਲੈਤ ਵਿਚ ਗੈਰ-ਕਾਨੂੰਨੀ ਰਹਿੰਦੇ ਵਿਕਰਮ ਦੀ ਕਹਾਣੀ ਹੈ। ਵਿਕਰਮ ਨੇ ਸ਼ਹਿਰ ਦੇ ਪੱਕੇ ਸ਼ਹਿਰੀ ਬਣਨ ਵਾਸਤੇ ਏਥੇ ਦੀ ਜੰਮ-ਪਲ ਇਕ ਐਫਰੋਕਰੇਬੀਅਨ ਕਾਲੀ ਕੁੜੀ ਨਾਲ ਵਿਆਹ ਰਚਾਇਆ ਹੋਇਆ ਹੈ। ਪੰਜਾਬ ਵਿਚ ਉਸਦੇ ਘਰਦੇ ਉਸ ਕੋਲੋਂ ਆਰਥਕ ਮੱਦਦ ਦੀ ਆਸ ਕਰਦੇ ਹਨ ਪਰ ਉਸਦੀ ਕਮਾਈ ਆਪਣੀ ਪਤਨੀ ਨੂੰ ਰਝਾਉਣ ਵਿਚ ਖਰਚੀ ਜਾਂਦੀ ਹੈ। ਇਸ ਕਹਾਣੀ ਵਿਚ ਬ੍ਰਿਤਾਂਤਕਾਰ ਮੁਖ ਪਾਤਰ ਅਤੇ ਕਹਾਣੀਕਾਰ ਆਪ ਹੈ। ਮੁਖ ਪਾਤਰ ਵਿਕਰਮ ਕਹਾਣੀਕਾਰ ਨੂੰ ਦਸਦਾ ਹੈ ਕਿ ਉਸਦਾ ਬਾਪ ਅਮਲੀ ਦੀ ਜਮੀਨ ਮੁਲ ਲੈਣ ਵਾਸਤੇ ਛੇ ਲੱਖ ਰੁਪੈ ਭੇਜਣ ਵਾਸਤੇ ਚਿੱਠੀ ਲਿਖਦਾ ਮੇਰੇ ਉਪਰ ਲਾਹਨਤਾ ਪਾਉਦਾ ਹੈ। ਮੈਂ ਤਾਂ ਪਿੰਡੋ ਆਈ ਚਿੱਠੀ ਵਿਚ ਕੋਰਾ ਜਵਾਬ ਲਿਖ ਦਿਤਾ, ‘ਬਾਪੂ ਮੈਥੋਂ ਨਾ ਝਾਕ ਰੱਖ। ਮੈਂ ਪੰਜ ਛੇ ਸਾਲ ਧੱਕੇ ਖਾਧੇ ਆ, ਏਥੇ ਟਿਕੇ ਰਹਿਣ ਦਾ ਕੋਈ ਹੀਲਾ ਨੀਂ ਸੀ ਬਣਦਾ। ਹੁਣ ਮੈਂ ਏਥੋਂ ਦੀ ਵਾਸੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਇਹਨਾਂ ਲੋਕਾਂ ਦੇ ਖਰਚ ਬਹੁਤ ਹੁੰਦੇ ਆਂ। ਤੂੰ ਬਸ ਸਮਝ ਲੈ, ਖੂਹ ਦੀ ਮਿੱਟੀ ਖੂਹ ਨੂੰ ਲੱਗ ਗੀ।’ ਇਸ ਕਹਾਣੀ ਵਿਚ ਗੈਰ-ਕਾਨੂੰਨੀ ਰਹਿੰਦੇ ਪ੍ਰਵਾਸੀਆਂ ਦੀ ਤਰਾਸਦੀ ਨੂੰ ਬੜੇ ਹੀ ਪ੍ਰਭਾਵਸਲਾਲੀ ਸ਼ਬਦਾਵਲੀ ਅਤੇ ਇਕ ਪੰਜਾਬੀ ਮੁਹਾਵਰੇ ਰਾਹੀਂ ਦਰਸਾਇਆ ਗਿਆ ਹੋਣ ਕਰਕੇ ਇਹ ਕਹਾਣੀ ਕਲਾਤਮਿਕ ਹੁੰਦੀ ਹੋਈ ਦੁਖਾਂਤਿਕ ਕਹਾਣੀ ਹੈ। ਇਸ ਕਹਾਣੀ ਵਿਚ ਪਾਤਰ ਉਸਾਰੀ ਬਹੁਤ ਹੀ ਸੁਭਾਵਕ ਢੰਗ ਨਾਲ ਕੀਤੀ ਗਈ ਹੈ, ‘ਕੁੜੀ ਭਾਂਵੇਂ ਕਾਲੀ ਸੀ ਪਰ ਸੁਹਣੀ ਸੀ। ਮੋਟੀਆਂ ਮੋਟੀਆਂ ਅੱਖਾਂ, ਚਿੱਟੇ ਦੰਦ, ਰੰਗ ਵਿਚ ਚਮਕ ਅਤੇ ਮੋਟੇ ਮੋਟੇ ਸੱਜਦੇ ਫੱਬਦੇ ਨਕਸ਼।’ ਵਿਕਰਮ ਇਕ ਸ਼ਰਾਬ ਦੇ ‘ਆਫ ਸੇਲ’ ਵਾਲੀ ਦੁਕਾਨ ਉਪਰ ਕੰਮ ਕਰਦਾ ਸੀ। ਉਸ ਦੀ ਕਾਲੀ ਕੁੜੀ ਨਾਲ ਮੁਲਕਾਤ ਦਾ ਦ੍ਰਿਸ਼ ਵੀ ਬਹੁਤ ਸੁਆਲਦਾ ਹੈ, ‘ਇਕ ਦਿਨ ਮੈਂ ਉਹਦੀ ਬਾਂਹ ਨਾਲ ਆਪਣੀ ਬਾਂਹ ਰਗੜਨ ਲੱਗ ਪਿਆ। ਉਹ ਕਹਿੰਦੀ , ‘ਬੋਆਇ, ਤੂੰ ਇਹ ਕੀ ਕਰਦੈਂ?’
‘ਮੈਂ ਵੇਖਦਾ, ਤੇਰਾ ਰੰਗ ਪੱਕਾ ਕਿ ਕੱਚਾ।’
ਉਹ ਮੇਰੀ ਗੱਲ ‘ਤੇ ਬੜਾ ਹੱਸੀ।
 ‘ਸਮੰਥਾ’ ਵੀ ਕੱਲੀ ਸੀ, ਛੜੀ ਛਾਂਟ। ਉਹਨੂੰ ਮੇਰੀ ਲੋੜ ਸੀ ਤੇ ਮੈਨੂੰ ਉਹਦੀ ਲੋੜ ਸੀ।’
‘ਦੂਜਾ ਵਿਆਹ’ ਕਹਾਣੀ ਬਲਵੀਰ ਸਿੰਘ ਦੀ ਹੈ। ਬਲਵੀਰ ਸਿੰਘ ਰਾਜਸਥਾਨ ਵਿਚ ਠੇਕੇਦਾਰੀ ਕਰਦਾ ਸੀ। ਉਸਦੀ ਐਸ਼ ਪ੍ਰਸਤੀ ਕਾਰਨ ਉਸਨੂੰ ਠੇਕੇਦਾਰੀ ਵਿਚ ਘਾਟਾ ਪੈ ਗਿਆ ਤਾਂ ਕਿਸੇ ਨਾ ਕਿਸੇ ਤਰਕੀਬ ਨਾਲ ਉਹ ਇੰਗਲੈਂਡ ਪਹੁੰਚ ਗਿਆ। ਇਸ ਐਸ਼ ਪ੍ਰਸਤੀ ਦੀ ਵਜ੍ਹਾ ਕਾਰਨ ਬਲਵੀਰ ਸਿੰਘ ਦੀ ਆਪਣੀ ਪਤਨੀ ਦਲਜੀਤ ਕੌਰ ਨਾਲ ਨਹੀਂ ਬਣਦੀ ਸੀ। ਉਹ ਆਪਣੀ ਪਤਨੀ ਨੂੰ ਤਲਾਕ ਦੇਣਾ ਚਹੁੰਦਾ ਸੀ। ਇਸ ਕਹਾਣੀ ਵਿਚ ਕਹਾਣੀਕਾਰ ਖੰਡ ਦਰ ਖੰਡ ਨੂੰ ਸੰਯੁਕਤ ਕਰਨ ਵਾਸਤੇ ਚਿੱਠੀਆਂ ਦਾ ਸਹਾਰਾ ਲੈਂਦਾ ਹੈ। ਇਕ ਚਿੱਠੀ ਰਾਹੀ ਬਲਵੀਰ ਸਿੰਘ ਨੂੰ ਦੂਜਾ ਵਿਆਹ ਕਰਵਾਉਣ ਦੀ ਇਜ਼ਾਜਤ ਮਿਲ ਗਈ ਸੀ। ਉਸਦਾ ਦਲਜੀਤ ਕੌਰ ਨਾਲ ਤਲਾਕ ਹੋ ਜਾਂਦਾ ਹੈ। ਵਲੈਤ ਵਿਚ ਉਸਦਾ ਮੇਲ ਇਕ ਅਸਟ੍ਰੇਲੀਆਂ ਗੋਰੀ ‘ਲੀਜ਼ਾ ਨਾਲ ਹੋ ਜਾਂਦਾ ਹੈ। ਲੀਜ਼ਾ ਉਸਦੀ ਕੰਪਨੀ ਦੇ ਦਫਤਰ ਵਿਚ ਕੰਮ ਕਰਦੀ ਸੀ। ਲੀਜ਼ਾ ਸਿਗਰਟ ਪੀਣ ਦੀ ਆਦੀ ਸੀ। ਜਦ ਲੀਜ਼ਾ ਨੂੰ ਉਹ ਪੰਜਾਬੀ ਸਮਾਜ ਅਤੇ ਪੰਜਾਬੀ ਸਭਿਆਚਾਰ ਦੀ ਪੱਟੀ ਪੜਾਉਣ ਲੱਗਾ ਅਤੇ ਲੀਜ਼ਾ ਨੂੰ ਸਿਗਰਟ ਪੀਣ ਤੋਂ ਨੋਕ ਟੋਕ ਕਰਨ ਲੱਗਾ ਤਾਂ ਲੀਜ਼ਾ ਨੇ ਕੋਰਾ ਜਵਾਬ ਦੇ ਦਿਤਾ, ‘ਤੇਰਾ ਸਮਾਜ ਤੈਨੂੰ ਮੁਬਾਰਕ, ਮੈਂ ਤਾਂ ਖੁਲ੍ਹੇ ਗਗਨ ਦਾ ਆਜ਼ਾਦ ਪੰਛੀ ਹਾਂ। ਮੈਂ ਤਾਂ ਵਿਆਹ ਦੀ ਪ੍ਰਥਾ ਨੂੰ ਬਕਵਾਸ ਸਮਝਦੀ ਹਾਂ, ਤੂੰ ਅੱਗੋਂ ਮੈਨੂੰ ਸਮਾਜਿਕ ਅਨੁਸ਼ਾਸਨ ਦਾ ਸਬਕ ਦੇਣਾ ਸ਼ੁਰੂ ਕਰ ਦਿਤਾ।’
ਮੱਛ ਿਦਾ ਪੱਥਰ ਚੱਟ ਕੇ ਵਾਪਸ ਮੁੜ੍ਹਨ ਵਾਂਗ ਉਹ ਵਾਪਸ ਪੰਜਾਬ ਮੁੜ ਗਿਆ। ਘਰ ਪਹੁੰਚਦੇ ਨੂੰ ਉਸ ਦੀ ਤਲਾਕ-ਸ਼ੁਦਾ ਪਤਨੀ ਦਲਜੀਤ ਕੌਰ ਨੇ ਉਸ ਨੂ ਹੱਥਾਂ ਉਪਰ ਚੁੱਕ ਲਿਆ। ਬਲਵੀਰ ਸਿੰਘ ਨੂੰ ਲੱਗਿਆ ਉਸਦਾ ਮੁੰਡਾ ਇੰਦਰਜੀਤ ਬਹੁਤ ਹੋਣਹਾਰ ਹੈ। ਉਹ ਮੁੰਡੇ ਦੇ ਮੋਹ ਵਿਚ ਗ੍ਰਸ ਜਾਂਦਾ ਹੈ। ਉਸਨੇ ਮਾਪਿਆਂ ਨੂੰ ਦਸ ਦਿਤਾ ਕਿ ਉਸਨੇ ਕੁੜੀ ਪਸੰਦ ਕਰ ਲਈ ਹੈ ਅਤੇ ਉਹ ਉਸ ਨਾਲ ਵਿਆਹ ਕਰਵਾਏਗਾ। ਬਲਵੀਰ ਦੀ ਮਾਂ ਨੇ ਬੇਸਬਰੀ ਨਾਲ ਪੁੱਛਿਆ, ‘ਵੇ ਕੌਣ ਆ ਉਹ ਕਰਮਾਂ ਵਾਲੀ? ਸਾਨੂੰ ਵੀ ਦਸ ਕੁਸ਼।’
‘ਬੇਬੇ ਤੂੰ ਉਹਨੂੰ ਚੰਗੀ ਤਰ੍ਹਾਂ ਜਾਣਦੀ ਏਂ।’
‘ਵੇ ਕੀ ਬਾਤਾਂ ਜੇਹੀਆਂ ਪਾਈ ਜਾਨਾ, ਸਾਫ ਦਸ ਕੌਣ ਹੈ?’
‘ਦਲਜੀਤ ਕੌਰ’
ਨਿਰਮਲ ਸਿੰਘ ਖੁਸ਼ੀ ਵਿਚ ਪਾਗਲਾਂ ਵਾਂਗ ਹੱਸਣ ਲੱਗਾ, ‘ਓਏ ਮੂਰਖਾਂ, ਉਹਦੇ ਨਾਲ ਤਾਂ ਤੂੰ ਪਹਿਲਾਂ ਵਿਆਹਿਆ ਹੋਇਆਂ।’
‘ਨਹੀਂ ਬਾਪੂ ਜੀ, ਮੇਰਾ ਤਲਾਕ ਹੋਇਆ। ਨਾਲ ਲਿਜਾਣ ਲਈ , ਮੈਨੂੰ ਵਿਆਹ ਕਰਵਾਉਣਾ ਜ਼ਰੂਰੀ ਆ। ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਆ।’ 
ਇਸ ਕਹਾਣੀ ਦਾ ਅੰਤ ਸੁਖਾਵਾਂ ਹੋਣ ਕਰਕੇ ਇਹ ਕਹਾਣੀ ਸੁਖਾਂਤਕ ਹੈ।’ਲੁੱਚਾ’ ਕਹਾਣੀ ਤੀਜੀ ਪੀੜ੍ਹੀ ਦੇ ਬਚਪਨ ਨਾਲ ਸੰਬੰਧਤ ਹੈ। ਕਰਮ ਸਿੰਘ ਆਪਣੇ ਪੋਤੇ ਲਖਵਿੰਦਰ ਨੂੰ ਭੈੜੀ ਵਾਦੀ ਤੋਂ ਬਚਾਉਣ ਵਾਸਤੇ ਉਸਦੀ ਸੰਗਤ ਕਰਦਾ ਹੈ। ਸਕੂਲ ਦੀ ਛੁੱਟੀ ਤੋਂ ਬਾਅਦ ਉਹ ਲੱਖੀ ਨੂੰ ਪਾਰਕ ਵਿਚ ਖੇਡਣ ਨਾਲ ਲੈ ਜਾਂਦਾ। ਲੱਖੀ ਹੁਣ ਬੱਚਾ ਨਹੀਂ ਸੀ। ਬਾਰਵੇਂ ਸਾਲ ਵਿਚ ਪੈਰ ਧਰ ਗਿਆ ਸੀ। ਕਰਮ ਸਿੰਘ ਉਸਦੀਆਂ ਲੋੜਾਂ ਪੂਰੀਆਂ ਕਰਦਾ ਹੋਣ ਕਰਕੇ ਲੱਖੀ ਵੀ ਚੂਚਿਆਂ ਵਾਂਗ ਕਰਮ ਸਿੰਘ ਦੇ ਮਗਰ ਮਗਰ ਫਿਰਦਾ। ਕਰਮ ਸਿੰਘ ਦਾ ਧਿਆਨ ਸਦਾ ਇਸ ਗੱਲ ਵਿਚ ਰਹਿੰਦਾ ਕਿ ਲੱਖੀ ਸਕੂਲ ਦਾ ਕੰਮ ਸਮੇਂ ਸਿਰ ਕਰੇ ਅਤੇ ਉਚੀ ਵਿਦਿਆ ਪ੍ਰਾਪਤ ਕਰ ਕੇ ਸੁਚਾ ਸਿੰਘ ਦੇ ਮੁੰਡੇ ਵਾਂਗ ਡਾਕਟਰ ਬਣੇ। ਇਕ ਦਿਨ ਜਦ ਕਰਮ ਸਿੰਘ ਆਪਣੇ ਪੋਤੇ ਲੱਖੀ ਨੂੰ ਪਾਰਕ ਵਿਚ ਲੈ ਕੇ ਗਿਆ ਤਾਂ ਲੱਖੀ ਆਪਣੀਆਂ ਗੋਰੀਆਂ ਹਮਜਮਾਤਣਾ ਨਾਲ ਖੇਡਣ ਵਿਚ ਰੁਝ ਗਿਆ। ਕਰਮ ਸਿੰਘ ਨੂੰ ਫਿਕਰ ਲੱਗ ਗਿਆ ਕਿ ਜੇਕਰ ਉਹ ਅਜਿਹੀ ਸੰਗਤ ਵਿਚ ਪੈ ਗਿਆ ਤਾਂ ਪੜ੍ਹਾਈ ਨਹੀਂ ਕਰ ਸਕੇਗਾ। ਉਹ ਲੱਖੀ ਨੂੰ ਤਾੜਨਾ ਕਰਦਾ, ‘ਪੁੱਤਰ ਤੂੰ ਇਸ ਗੱਲ ਤੋਂ ਬੱਚ ਕੇ ਰਹੀਂ। ਜਿਹੜੇ ਏਸ ਉਮਰ ਦੇ ਮੁੰਡੇ ਕੁੜੀਆਂ ਦੀ ਸੰਗਤ ਕਰਨ ਉਹ ਸਾਊ ਨਹੀਂ ਹੁੰਦੇ। ਲੁੱਚੇ ਹੁੰਦੇ ਹਨ, ਪੂਰੇ ਲੁੱਚੇ। ਉਨ੍ਹਾਂ ਦਾ ਧਿਆਨ ਪੜ੍ਹਾਈ ਵਿਚ ਨਹੀਂ ਰਹਿੰਦਾ।’
‘ਬਾਬਾ ਜੀ, ਸਾਡੇ ਟੀਚਰ ਤਾਂ ਕੁਸ਼ ਨਹੀਂ ਕਹਿੰਦੇ। ਉਹ ਤਾਂ ਕਹਿੰਦੇ ਨੇ ਪੜ੍ਹਾਈ ਕਰੋ, ਚੰਗੇ ਗਰੇਡ ਲਵੋ। ਬਾਕੀ ਮੌਜ ਮੇਲਾ ਜਿਵੇਂ ਰੂਹ ਕਰਦੀ ਆ ਕਰੋ।’
ਕਰਮ ਸਿੰਘ ਹਾਰ ਕੇ ਉਸਨੂੰ ਕਹਿੰਦਾ ਹੈ, ‘ਚੰਗਾ ਜਾਹ, ਖੇਡ। ਤੈਨੂੰ ਨਹੀਂ ਮੇਰੀ ਗੱਲ ਸਮਝ ਆਉਣੀ। ਬੱਚੂ ਰੱਖੂ ਮੈਂ ਤੈਨੂੰ ਚੰਡ ਕੇ। ਹਰੇ ਚਾਰੇ ਨਹੀਂ ਚਰਨ ਦਿੰਦਾ।’ 
ਜਦ ਉਹ ਘਰ ਨੂੰ ਵਾਪਸ ਆਉਦੇ ਹਨ ਤਾਂ ਰਾਹ ਵਿਚ ਕਰਮ ਸਿੰਘ ਨੂੰ ਗੁਰਨਾਮ ਕੌਰ ਮਿਲ ਪੈਂਦੀ ਹੈ। ਉਹ ਕਰਮ ਸਿੰਘ ਕੋਲ ਆਪਣੇ ਨੂੰਹ ਪੁੱਤ ਦੀਆਂ ਕਰਤੂਤਾਂ ਦਸਦੀ ਹੈ ਅਤੇ ਉਸਨੂੰ ਘਰ ਆਣਕੇ ਪੁੱਤ ਨੂੰ ਡਾਟਣ ਵਾਸਤੇ ਕਹਿੰਦੀ ਹੈ। ਘਰ ਆਣ ਕੇ ਕਰਮ ਸਿੰਘ ਦਾ ਪੋਤਾ ਆਪਣੀ ਦਾਦੀ ਬਸੰਤ ਕੌਰ ਨੂੰ ਕਹਿੰਦਾ ਹੈ, ‘ਦਾਦੀ ਮਾਂ, ਗੱਲ ਦੱਸਾਂ।’
‘ਹਾਂ ਦੱਸ।’
‘ਬਾਬਾ ਜੀ ਲੁੱਚਾ।’
‘ਵੇ ਪਾਗਲਾਂ ਇਉਂ ਨੀ ਕਹੀਦਾ।’
‘ਸੱਚੀ ਦਾਦੀ ਮਾਂ, ਅੱਜ ਬਾਬਾ ਜੀ ਰਾਹ ‘ਚ ਇਕ ਬੁੜੀ ਨਾਲ ਗੱਲਾਂ ਕਰਦੇ ਸੀ। ਉਹਨੂੰ ਕਹਿੰਦੇ ਸੀ ਕਿ ਮੈਂ ਘਰ ਆਊਂਗਾ।’
ਦਾਦੀ ਸਾਰੀ ਕਹਾਣੀ ਨੂੰ ਸਮਝ ਕੇ ਕਰਮ ਸਿੰਘ ਨੂੰ ਕਹਿੰਦੀ ਹੈ, ‘ਸੁਣ ਲਿਆ ਮੁੰਡਾ ਕੀ ਕਹਿੰਦਾ? ਮੈਂ ਥੋਨੂੰ ਕਿਹਾ ਸੀ ਨਾ, ਨਿਆਣਿਆਂ ਨਾਲ ਸੋਚ ਸਮਝ ਕੇ ਗੱਲ ਕਰਿਆ ਕਰੋ। ਏਥੇ ਦੇ ਨਿਆਣੇ ਬਹੁਤ ਚੁਸਤ ਆ, ਭੋਰਾ ਭੋਰਾ ਗੱਲ ਦਾ ਨਿਰੀਖਣ ਕਰਦੇ ਆ।’ 
ਇਸ ਘਟਨਾ ਤੋਂ ਬਾਅਦ ਕਰਮ ਸਿੰਘ ਲੱਖੀ ਨਾਲ ਝੂਠੀ ਮੂੱਠੀ ਰੁਸ ਜਾਂਦਾ ਹੈ। ਦਾਦੀ ਬਸੰਤ ਕੌਰ ਲੱਖੀ ਦੇ ਉਤਰੇ ਹੋਏ ਮੂੰਹ ਨੂੰ ਵੇਖ ਕੇ ਕਰਮ ਸਿੰਘ ਨੂੰ ਕਹਿੰਦੀ ਹੈ, ‘ਮੰਨ ਵੀ ਜਾਓ ਹੁਣ। ਕਿਉਂ ਮੁੰਡੇ ਦਾ ਦਿਲ ਥੋੜਾ ਕਰਦੇ ਹੋ?’
ਕਰਮ ਸਿੰਘ ਲੱਖੀ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਕਹਿੰਦਾ ਹੈ, ‘ਠੀਕ ਆ ਲੁੱਚਿਆ, ਮੈਂ ਤੈਨੂੰ ਲੁੱਚਾ ਨਹੀਂ ਕਹਿੰਦਾ।’
ਲੱਖੀ ਫਿਰ ਆਪਣੀ ਦਾਦੀ ਕੋਲ ਸ਼ਕਾਇਤ ਕਰਦਾ ਹੈ, ‘ਦਾਦੀ ਮਾਂ, ਵੇਖੋ ਫੇਰ ਮੈਨੂੰ ਲੁੱਚਾ ਕਹਿ’ਤਾ।’
ਕਹਾਣੀ ਇਥੇ ਹੀ ਖਤਮ ਹੁੰਦੀ ਹੈ। ਇਸ ਕਹਾਣੀ ਵਿਚ ਵਲੈਤ ਦੀ ਤੀਜੀ ਪੀੜ੍ਹੀ ਨੂੰ ਸਕੂਲਾਂ ਵਿਚ ਸਿਖਾਈਆਂ ਜਾਂਦੀਆਂ ਪੱਟੀਆਂ ਦਾ ਵਰਨਣ ਹੈ। ਕਰਮ ਸਿੰਘ ਭਾਵੇਂ ਵਲੈਤ ਦੇ ਵਿਦਿਅਕ ਢਾਂਚੇ ਤੋਂ ਬਿਲਕੁਲ ਸੁਚੇਤ ਸੀ ਪਰ ਉਹ ਲੱਖੀ ਨੂੰ ਗਲਤ ਸੰਗਤ ਵਿਚ ਨਹੀਂ ਸੀ ਪੈਣ ਦੇਣਾ ਚਹੁੰਦਾ। ਚੰਗੀ ਜਾਂ ਮਾੜੀ ਸੰਗਤ ਉਪਰ ਹੀ ਬੱਚਿਆਂ ਦਾ ਭਵਿੱਖ ਹੁੰਦਾ ਹੈ। ਵਕਰ ਤੌਰ ਉਪਰ ਇਸ ਕਹਾਣੀ ਦਾ ਮੁਖ ਮੰਤਵ ਵਾਰਤਾਲਾਪ ਹੀ ਹੈ। ਜਦ ਪਰਿਵਾਰ ਦੇ ਮੈਂਬਰਾਂ ਵਿਚਕਾਰ ਵਾਰਤਾਲਾਪ ਖ਼ਤਮ ਹੋ ਜਾਂਦੀ ਹੈ ਤਦ ਹੀ ਪਰਿਵਾਰਾਂ ਵਿਚ ਪਾੜਾ ਪੈਂਦਾ ਹੈ। ਇਹ ਕਹਾਣੀ ਵੱਖੋ ਵੱਖਰੇ ਸਥਾਨਾ ਉਪਰ ਘਟਦੀ ਨਸੀਹਤ-ਨੁਮਾ ਕਹਾਣੀ ਹੈ। ਵਲੈਤ ਵਿਚ ਸਿਰਫ ਤੇ ਸਿਰਫ ਬੱਚਿਆਂ ਉਪਰ ਨਿਗਰਾਨੀ ਰੱਖਣੀ ਚਾਹੀਦੀ ਹੈ ਕਿ ਉਹ ਗਲਤ ਸੰਗਤ ਵਿਚ ਨਾ ਪੈਣ। ਸਿਖਿਆ ਉਹ ਸਕੂਲਾਂ ਵਿਚੋਂ ਹੀ ਵਾਹਵਾ ਲੈ ਲੈਂਦੇ ਹਨ। ਇਸੇ ਹੀ ਕੜੀ ਵਿਚ ‘ਪੂਰਬ ਪੱਛਮ ਕਹਾਣੀ ਆਉਦੀ ਹੈ। ਗੁਲਜ਼ਾਰ ਨੇ ‘ਕ੍ਰਿਸ’ ਨਾਲ ਵਿਆਹ ਰਚਾਇਆ ਹੋਇਆ ਹੈ। ਉਨ੍ਹਾਂ ਦੀ ਇਕ ਧੀ ਜਸਮੀਨ ਹੈ। ਗੁਲਜ਼ਾਰ ਜਸਮੀਨ ਦੇ ਭਵਿੱਖ ਬਾਰੇ ਬਹੁਤ ਚਿੰਤਕ ਹੈ। ਕ੍ਰਿਸ ਆਜ਼ਾਦ ਸੁਸਾਇਟੀ ਵਿਚ ਜੰਮ ਪਲ ਹੋਣ ਕਰਕੇ ਗੁਲਜ਼ਾਰ ਨੂੰ ਬੱਚਿਆ ਬਾਰੇ ਬਹੁਤ ਚਿੰਤਾ ਕਰਨ ਤੋਂ ਹੋੜਦੀ ਹੈ। ਗੁਲਜ਼ਾਰ ਤੜੱਕ ਜਵਾਬ ਦਿੰਦਾ ਕਹਿੰਦਾ ਹੈ, ‘ਕਿਹੜਾ ਪਿਉ ਹੈ ਜਿਹਨੂੰ ਮਟਿਆਰ ਧੀ ਦੇ ਭਵਿੱਖ ਦੀ ਚਿੰਤਾ ਨਾ ਹੋਵੇ। ਜਿਵੇਂ ਇਨ੍ਹਾਂ ਨੂੰ ਚੰਗੀ ਤਲੀਮ ਦੇਣਾ ਮੇਰਾ ਫਰਜ਼ ਆ, ਇਸ ਤਰ੍ਹਾਂ ਹੀ ਇਹਨਾਂ ਦੇ ਭਵਿੱਖ ਦੀ ਚਿੰਤਾ ਕਰਨੀ ਵੀ ਮੇਰਾ ਫਰਜ਼ ਹੈ।’
‘ਗੁਲੂ ਡਾਰਲਿੰਗ, ਤੂੰ ਚਿੰਤਾ ਕਰਦਾ ਕਰਦਾ ਕਿਤੇ ਮੈਨੂੰ ਨਾ ਚਿੰਤਾ ਕਰਨ ਲਾ ਦੀਂ। ਤੂੰ ਇੰਡੀਅਨ ਸੋਚ ਨੂੰ ਤਿਲਾਂਜਦੀ ਨੀ ਦੇ ਸਕਦਾ? ਬੱਚੀਆਂ ਪੜ੍ਹ ਜਾਣ, ਇਜ਼ਤਦਾਰ ਕਿੱਤਿਆ ਉਪਰ ਲਗ ਜਾਣ, ਇਹ ਧੰਨ ਭਾਗ ਨੀਂ। ਭਵਿੱਖ ਤਾਂ ਇਹਨਾਂ ਨੇ ਆਪ ਬਣਾਉਣਾ ਆ। ਆਪਣੀ ਦਖ਼ਲ ਅੰਦਾਜ਼ੀ ਇਹਨਾਂ ਦਾ ਭਵਿੱਖ ਖ਼ਰਾਬ ਕਰ ਸਕਦੀ ਹੈ।’
‘ਕ੍ਰਿਸ ਤੂੰ ਆਪਣੀ ਅਕਲ ਨੂੰ ਆਪਣੇ ਪੱਲੇ ਰੱਖ। ਮੇਰੇ ਅਤੇ ਕੁੜੀਆਂ ਵਿਚਕਾਰ ਤੂੰ ਨਾ ਖੜੀਂ।’
ਇਹ ਕਹਾਣੀ ਅੰਤਰ-ਜਾਤੀ ਹੋਏ ਵਿਆਹਾਂ ਦੀ ਦੂਜੀ ਪੀੜ੍ਹੀ ਦੀ ਸਾਂਭ ਸੰਭਾਲ ਨੂੰ ਸੰਬੰਧਤ ਸੱਭਿਆਚਾਰਕ ਟਕਰਾ  ਦੀ ਕਹਾਣੀ ਹੈ। ‘ਔਟਲੇ ਹੋਏ’ ਕਹਾਣੀ ਵਿਚ ਘਰੋਂ ਭੱਜੇ ਹੋਏ ਬੱਚਿਆਂ ਦਾ ਮਰਜੀ ਨਾਲ ਕਰਵਾਏ ਹੋਏ ਵਿਆਹ ਕਾਰਨ ਜੋ ਦਰਪੇਸ਼ ਸਮੱਸਿਆਵਾਂ ਆਉਦੀਆਂ ਹਨ, ਉਨ੍ਹਾਂ ਨੂੰ ਬੜੇ ਹੀ ਗੰਭੀਰ ਵਿਚਾਰਾਂ ਨਾਲ ਦਰਸਾਇਆ ਗਿਆ ਹੈ। ਕਹਾਣੀਕਾਰ ਅਨੁਸਾਰ ਬੱਚੇ ਮਾਪਿਆਂ ਦਾ ਸਹਾਰਾ ਪਹਿਲਾਂ ਹੀ ਖੌਹ ਬੈਠਦੇ ਹਨ। ਜਾਤ ਬਰਾਦਰੀ ਦੀਆਂ ਰੀਤਾਂ ਰਸਮਾਂ ਨੂੰ ਤੋੜ ਕੇ ਮਨਜੀਤ ਕੌਰ ਰਣਜੀਤ ਨਾਲ ਵਿਆਹ ਕਰਵਾ ਲੈਂਦੀ ਹੈ। ਵਲੈਤ ਦੀ ਜੰਮ ਪਲ ਬੱਚਿਆਂ ਨੂੰ ਪੰਜਾਬ ਵਿਚਲੀਆਂ ਜਾਤ ਬਰਾਦਰੀਆਂ ਕੋਈ ਮਾਹਨਾ ਨਹੀਂ ਰੱਖਦੀਆਂ। ਕਹਾਣੀਕਾਰ ਨੇ ਕੁੜੀ ਦੇ ਪਿਤਾ ਦੀ ਵਾਰਤਾਲਾਪ ਰਾਹੀਂ ਇਹ ਫਰਕ ਬੜੀ ਹੀ ਪ੍ਰਭਾਵਸ਼ਾਲੀ ਸ਼ਬਦਾਵਲੀ ਨਾਲ ਬਿਆਨ ਕੀਤਾ ਹੈ, ‘ਕੁੜੀਏ, ਤੂੰ ਹੋਸ਼ ਵਿਚ ਤਾਂ ਹੈਂ। ਤੈਨੂੰ ਪਤਾ ਉਹ ਮੁੰਡਾ ਕੌਣ ਹੈ? ਉਹ ਆਦਿ-ਧਰਮੀ ਹੈ। ਕਿਸ਼ਨੇ ਆਦਿ-ਧਰਮੀ ਦਾ ਮੁੰਡਾ। ਤੂੰ ਸੋਚਿਆ ਕਿਮੇਂ, ਪਿਆਰਾ ਸਿੰਘ ਕੰਗ ਆਪਣੀ ਧੀ ਆਦਿ-ਧਰਮੀਆਂ ਦੇ ਘਰ ਤੋਰ ਦੂ।’ 
ਜਿਵੇਂ ਆਖਿਆ ਜਾਂਦਾ ਹੈ ਕਿ ਵਿਆਹ ਬੂਰ ਦੇ ਲੱਡੂਆਂ ਵਾਂਗ ਹੁੰਦਾ ਹੈ ਅਤੇ ਪ੍ਰਾਣੀ ਦਾ ਮਨ ਛੇਤੀ ਭਕਲ ਜਾਂਦਾ ਹੈ। ਇਹ ਕਹਾਣੀ ਤ੍ਰਿਕੋਨੀ ਵਾਰਤਾਲਾਪ ਨਾਲ ਸੰਪੂਰਨ ਹੁੰਦੀ ਹੈ। ਕਹਾਣੀਕਾਰ ਅਤੇ ਛਿੰਦੇ ਵਿਚਕਾਰ ਪ੍ਰਸ਼ਨੋਤਰੀ ਹੁੰਦੀ ਹੈ। ਫਿਰ ਸਿ਼ੰਦੇ ਅਤੇ ਰਣਜੀਤ ਕੌਰ ਵਿਚਕਾਰ ਅਤੇ ਰਣਜੀਤ ਕੌਰ ਦਾ ਐਕਸ ਹੱਸਬੈਂਡ ਉਸਨੂੰ ਕਤਲ ਕਰ ਦਿੰਦਾ ਹੈ। ਫਿਰ ਛਿੰਦੇ ਅਤੇ ਕਹਾਣੀਕਾਰ ਵਿਚਕਾਰ ਇਹ ਵਾਰਤਾਲਾਪ ਇਕ ਨਸੀਹਤ ਨਾਲ ਖ਼ਤਮ ਹੁੰਦੀ ਹੈ। ਕਹਾਣੀਕਾਰ ਸਿ਼ੰਦੇ ਨੂੰ ਸਮਝਾਉਦਾ ਹੈ, ‘ਬੇਟਾ , ਜੋ ਭਾਣਾ ਵਰਤਣਾ ਸੀ ਵਰਤ ਗਿਆ। ਤੂੰ ਰੋ ਰੋ ਕੇ ਉਹਨੂੰ ਮੋੜ ਕੇ ਲਿਆ ਨੀਂ ਸਕਦਾ। ਜਿ਼ੰਦਗੀ ਦੇ ਸੱਚ ਨੂੰ ਪਛਾਣ। ਘਰੋਂ ਔਟਲਿਆਂ ਨਾਲ ਏਹੋ ਕੁਸ਼ ਹੁੰਦਾ ਹੈ। ਸਿ਼ੰਦਾ ਮੁੜ ਯੂਨੀ ਵਿਚ ਪੜ੍ਹਨ ਵਾਸਤੇ ਚਲਾ ਜਾਂਦਾ ਹੈ। ਕਹਾਣੀ ਇੰਝ ਨਾਟਕੀ ਢੰਗ ਨਾਲ ਖ਼ਤਮ ਹੁੰਦੀ ਹੈ, ‘ਅੱਜ ਪੰਜਾਂ ਸਾਲਾਂ ਬਾਅਦ, ਉਸ ਮੁੰਡੇ ਨੂੰ ਮੈਂ ਵੈਂਬਲੇ ਹਾਲ ਵਿਚ ਗਾਉਦੇ ਨੂੰ ਸੁਣ ਰਿਹਾਂ ਹਾਂ।’
‘ਨਜ਼ਰੀਆਂ’ ਕਹਾਣੀ ਵਿਚ ਸ਼ਰਾਬ ਪਰਿਵਾਰ ਵਾਸਤੇ ਸਮੱਸਿਆ ਹੈ। ਗੁਰਦੀਪ ਸ਼ਰਾਬ ਪੀਣ ਦਾ ਆਦੀ ਹੋ ਜਾਦਾ ਹੈ। ਕੰਮ ਤੋ ਜਵਾਬ ਮਿਲ ਜਾਂਦਾ ਹੈ। ਘਰ ਵਿਚ ਕਰਮਜੀਤ ਦੀ ਕੁਟ ਮਾਰ ਕਰਦਾ ਹੈ। ਇਸ ਜੁਰਮ ਵਿਚ ਪੁਲੀਸ ਉਸ ਉਪਰ ਘਰ ਕੋਲ ਰਹਿਣ ਦੀ ਪਾਬੰਦੀ ਲਾ ਦਿੰਦੀ ਹੈ। ਕਰਮਜੀਤ ਦੇ ਦੋ ਪੁੱਤ ਅਤੇ ਇਕ ਧੀ ਹੁੰਦੀ ਹੈ। ਕਰਮਜੀਤ ਕੰਮ ਕਰਨ ਲੱਗਦੀ ਹੈ ਜਿਸ ਦੇ ਫਲ ਸਰੂਫ ਬੱਚਿਆਂ ਦੀ ਦੇਖ ਭਾਲ ਵਾਸਤੇ ਘੱਟ ਸਮਾਂ ਹੋਣ ਕਰਕੇ ਵੱਡਾ ਪੁੱਤ ਸਤਾਰਾਂ ਸਾਲ ਦਾ ਹੁੰਦਾ ਹੀ ਡਰੱਗ ਦੀ ਤਸਕਰੀ ਕਰਦਾ ਕੈਦ ਵਿਚ ਚਲੇ ਜਾਂਦਾ ਹੈ। ਗੁਰਦੀਪ ਪੰਜਾਬ ਜਾਕੇ ਦੂਜਾ ਵਿਆਹ ਕਰਵਾ ਲੈਂਦਾ ਹੈ ਅਤੇ ਕਰਮਜੀਤ ਨੂੰ ਕਹਿੰਦਾ ਹੈ ਕਿ ਹੁਣ ਬੱਚੇ ਵੱਡੇ ਹੋ ਗਏ ਹਨ। ਇਸ ਕਰਕੇ ਉਹ ਘਰ ਨੂੰ ਵੇਚ ਕੇ ਉਸਦਾ ਬਣਦਾ ਅੱਧਾ ਹਿੱਸਾ ਪੰਜਾਬ ਵਿਚ ਘੱਲ ਦੇਵੇ। ਅਜਿਹਾ ਨਾ ਕਰਨ ਦੀ ਦਿਸ਼ਾ ਵਿਚ ਉਹ ਆਪਣਾ ਹੱਕ ਕਚਹਿਰੀਆਂ ਰਾਹੀਂ ਵਾਪਸ ਕਰਵਾਏਗਾ। ਕਰਮਜੀਤ ਦੀ ਇਸ ਤ੍ਰਾਸਦੀ ਨੂੰ ਕਹਾਣੀਕਾਰ ਨੇ ਬਾਖ਼ੂਬੀ ਚਿਤਰਿਆ ਹੈ।
ਕਹਾਣੀ ‘ਵਿਸ਼ੇ ਦੀ ਵਸਤੂ’ ਵਿਚ ਕਹਾਣੀਕਾਰ ਨੇ ਵਲੈਤ ਵਿਚ ਪੜ੍ਹੀ ਲਿਖੀ ਔਰਤ ਦੀ ਆਜ਼ਾਦੀ ਨੂੰ ਉਸ ਨਾਲ ਢੇਰ ਸੰਬੰਧਾ ਰਾਹੀਂ ਪ੍ਰਗਟਾਇਆ ਹੈ ਕਿ ਜਿਵੇਂ ਮਰਦ ਇਕ ਰਖੇਲ ਰੱਖ ਸਕਦਾ ਹੈ ਅਤੇ ਇਕ ਔਰਤ ਕਿਵੇਂ ਆਪਣੇ ਮੰਨੋਰੰਜਨ ਵਾਸਤੇ ਮਨੁੱਖ ਦਾ ਲਾਹਾ ਲੈਂਦੀ ਹੈ।  
ਵਿਕਸਤ ਦੇਸ਼ ਵਿਚ ਰਹਿੰਦੇ ਹੋਣ ਕਰਕੇ ਪਰਿਵਾਰ ਦਾ ਹਰ ਮੈਂਬਰ ਆਰਥਿਕ ਤੌਰ ਉਪਰ ਖੁਦ-ਮੁਖਤਿਆਰ ਹੈ। ਇਹੀ ਕਾਰਨ ਹੈ ਕਿ ਕਹਾਣੀਕਾਰ ਨੇ ਨਿੱਤ ਦਿਨ ਪੈਣ ਵਾਲੀਆਂ ਪਰਿਵਾਰਕ ਸਮੱਸਿਆਂਵਾਂ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਜਿਵੇਂ ਅੰਤਰ-ਜਾਤੀ ਵਿਆਹ, ਅਨਜੋੜ ਵਿਆਹ, ਬੱਚਿਆਂ ਦੀ ਸਾਂਭ ਸੰਭਾਲ ਦੀਆਂ ਜਿ਼ੰਮੇਵਾਰੀਆਂ, ਬੱਚਿਆਂ ਦੀ ਮੁਢਲੀ ਅਤੇ ਉਚੇਰੀ ਵਿਦਿਆ ਬਾਰੇ ਪ੍ਰਬੰਧ, ਪਰਿਵਾਰ ਅਤੇ ਘਰ-ਵਾਰ ਦੀਆਂ ਜ਼ਰੂਰਤਾਂ ਨੂੰ ਪੂਰਨ ਵਾਸਤੇ ਆਪ ਰਾਤ ਦਿਨ ਕੰਮ ਕਾਰ ਕਰਦੇ ਰਹਿਣਾ ਜਿਸ ਕਾਰਨ ਬੱਚਿਆਂ ਦੀ ਦੇਖ ਭਾਲ ਚੰਗੀ ਤਰ੍ਹਾਂ ਨਾ ਹੋ ਸਕਣੀ ਅਤੇ ਬੱਚਿਆਂ ਦਾ ਮਾਪਿਆਂ ਤੋ ਬੇਲਗਾਮ ਹੋ ਕੇ ਪੱਬਾਂ, ਕਲੱਬਾਂ, ਅਤੇ ਨਸ਼ੀਲਿਆਂ ਪਦਾਰਥਾਂ ਦਾ ਸੇਵਨ ਕਰਨਾ ਅਤੇ ਤਸਕਰੀ ਕਰਨੀ। ਤਲਾਕ-ਸ਼ੁਦਾ ਔਰਤਾਂ ਦਾ ਆਰਥਿਕ ਮੰਦਵਾੜੇ ਦਾ ਮੌਕਾ-ਪ੍ਰਸੱਤਾਂ ਨੇ ਲਾਭ ਲੈਣਾ। ‘ਲਾਅ ਐਂਡ’ ਆਰਡਰ ਦੀ ਸੁਵਿਧਾ ਕਰਕੇ ਪਰਿਵਾਰਾਂ ਦੀ ਟੁੱਟ-ਭੱਜ, ਬਜੁਰਗਾਂ ਦਾ ਆਪਣੇ ਹੀ ਦੁਲਾਰਿਆਂ ਵਲੋਂ ਘਰਾਂ ਵਿਚੋਂ ਦੁਰਕਾਰਿਆ ਜਾਣਾ। ਮਿਲ ਰਹੇ ਪਰਿਵਾਰਕ ਭੱਤਿਆਂ ਦੀ ਯੋਗ ਅਤੇ ਅਯੋਗ ਵਰਤੋਂ ਬਾਰੇ ਪਰਿਵਾਰਕ ਝਗੜੇ। ਖਾਣ ਪੀਣ ਵਾਲੀਆਂ ਚੀਜ਼ਾਂ ਦੀ ਖਰੀਦੋ-ਫਰੋਖਤ ਵਾਸਤੇ ਘਰ ਵਿਚ ਕਲੇਸ਼। ਤੀਜੀ ਪੀੜ੍ਹੀ ਦੇ ਬੱਚਿਆਂ ਦਾ ਆਪਸ ਵਿਚੀ ਹੋਏ ਪਿਆਰ ਕਰਕੇ ਮਰਦ ਔਰਤ ਵਿਚ ਖਿਚੋਤਾਣ। 
ਜਿਵੇਂ ਕਹਿੰਦੇ ਹਨ ਕਿ ਵਿਛੜ ਕੇ ਪ੍ਰੇਮ ਦਾ ਅਹਿਸਾਸ ਹੁੰਦਾ ਹੈ। ਪ੍ਰਵਾਸੀਆਂ ਦਾ ਧਰਮ ਹਿੱਤ ਹੇਜ਼। ਗੁਰਦਵਾਰਿਆਂ, ਮੰਦਰਾਂ ਅਤੇ ਮਸਜਦਾਂ ਵਿਚ ਹੋ ਰਹੀਆਂ ਹੁਲੜਵਾਜੀਆਂ, ਚੌਧਰਪੁਣਾ, ਆਪਹੁਦਰੀਆਂ ਅਤੇ ਮਾਇਆ ਦਾ ਲੋਭ ਆਦਿ ਧਾਰਮਿਕ ਅੰਧ-ਵਿਸ਼ਵਾਸ ਨੂੰ ਬਿਆਨ ਕਰਦੀਆਂ ਕੁਝ ਕਹਾਣੀਆਂ ਹਨ। 
ਆਰਥਿਕ ਤੌਰ ਉਪਰ ਘਰਾਂ ਦੀਆਂ ਕਿਸ਼ਤਾਂ, ਕੰਮਾਂ ਕਾਰਾਂ ਦੀ ਨੱਠ-ਭੱਜ ਵਿਚ ਆਪਣੀ ਔਲਾਦ ਨੂੰ ਹੱਥੋਂ ਗਵਾ ਲੈਣਾ। ਵਿਹਲਿਆਂ ਦਾ ਪਾਰਕਾਂ ਵਿਚ ਬੈਠਕੇ ਬੀਅਰਾਂ ਦੇ ਡੱਬੇ ਸ਼ਰੇਆਮ ਪੀਣੇ। ‘ਅਲਕੀਆਂ’ ਦੀ ਗਰੀਬੜੀ ਹਾਲਤ ਮੁਖ ਤੌਰ ਉਪਰ ਇਸ ਪੁਸਤਕ ਵਿਚ ਆਈਆਂ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਹਾਣੀਕਾਰ ਸਿੱਧੇ ਤੌਰ ਉਪਰ ਨਹੀਂ ਦਸਦਾ ਸਗੋਂ ਵਕਰਤਾ ਨਾਲ ਪੰਜਾਬੀ ਪ੍ਰਵਾਸੀਆਂ ਦੀਆਂ ਸਮਾਜਕ ਊਣਤਾਈਆਂ ਨੂੰ ਵਿਅੰਗ ਨਾਲ ਇਕ ਪਾਤਰ ਤੋਂ ਦੂਜੇ ਪਾਤਰ ਦੇ ਮੂੰਹੋਂ ਅਖਵਾਉਦਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਕਹਾਣੀਕਾਰ ਵਰਨਣਕਾਰ ਆਪ ਹੀ ਰਹਿੰਦਾ ਹੈ। ਉਹ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਅਤੇ ਉਨ੍ਹਾਂ ਦੇ ਸਰਨਾਮਿਆਂ ਉਪਰ ਜਾਂਦਾ ਹੈ ਅਤੇ ਉਥੇ ਹੀ ਉਨ੍ਹਾਂ ਦੇ ਸਾਹਮਣੇ ਆਪਣੀ ਕਹਾਣੀ ਦੀ ਪਟਾਰੀ ਖੋਲ੍ਹ ਬੈਠਦਾ ਹੈ। ਜਿਵੇਂ ਸ਼ੈਕਸਪੀਅਰ ਜਿਥੇ ਵੀ ਗਿਆ ਉਸਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਦੇ ਵਤੀਰਿਆਂ, ਰਹਿਣ ਸਹਿਣ, ਕੰਮ ਕਾਰ ਅਤੇ ਉਨ੍ਹਾਂ ਦੇ ਕਿਰਦਾਰਾਂ ਨੂੰ ਆਪਣੀ ਲੇਖਣੀ ਵਿਚ ਸਿਰਜਿਆਂ ਹੈ ਠੀਕ ਇਸੇ ਤਰ੍ਹਾਂ ਕਹਾਣੀਕਾਰ ਸਿ਼ਵਚਰਨ ਸਿੰਘ ਗਿੱਲ ਨੇ ਆਪਣੀਆਂ ਕਹਾਣੀਆਂ ਦੇ ਵਿਸ਼ੇ ਪ੍ਰਵਾਸੀ ਪੰਜਾਬੀ ਸਮਾਜ ਵਿਚੋਂ ਲਏ ਹਨ। ਉਸਦੇ ਚੁਣੇ ਹੋਏ ਇਨ੍ਹਾਂ ਵਿਸਿ਼ਆ ਵਿਚ ਯਥਾਰਥਿਕਤਾ ਹੈ ਕਿਉਂਕਿ ਇਨ੍ਹਾਂ ਵਿਸਿ਼ਆ ਵਿਚ ਪੰਜਾਬੀ ਪਰਿਵਾਰਾਂ ਨੂੰ ਆਉਣ ਵਾਲੀਆਂ ਨਿੱਤ ਨਵੀਆਂ ਚਣੌਤੀਆਂ ਅੰਕਿਤ ਹਨ। ਪ੍ਰਵਾਸੀਆਂ ਦੇ ਕਿੱਤੇ ਜਿਵੇਂ ਏਅਰਪੋਰਟ ਉਪਰ ਨੌਕਰੀਆਂ, ਅਧਿਆਪਕ ਅਤੇ ਪਰਾ-ਅਧਿਆਪਕ, ਡਾਕਟਰ, ਜੱਜ, ਇੰਜੀਨੀਅਰ, ਮਜ਼ਦੂਰ ਅਤੇ ਗੈਰ-ਕਾਨੂੰਨੀ ਰਹਿ ਰਹੇ ਪ੍ਰਵਾਸੀਆਂ ਦਾ ਸੱਸਤੇ ਭਾਅ ਨੌਕਰੀਆਂ ਕਰਨ ਦਾ ਕਹਾਣੀਆਂ ਵਿਚ ਜਿ਼ਕਰ ਹੋਇਆ ਹੈ। ਕਚਹਿਰੀਆਂ ਵਿਚ ਕੁਟ-ਮਾਰ, ਲੁੱਟ-ਕਸੁੱਟ, ਚੋਰੀਯਾਰੀ, ਹੇਰਾਫੇਰੀਆਂ, ਕਤਲ ਅਤੇ ਅਨਜੋੜ ਵਿਆਹਾਂ ਦੇ ਫੈਸਲੇ ਹੁੰਦੇ ਪੜ੍ਹੇ ਜਾਂਦੇ ਹਨ। ਜੇ ਇਸ ਪੁਸਤਕ ਵਿਚ ਪ੍ਰਵਾਸੀਆਂ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਨਹੀਂ ਹੋਇਆ ਉਹ ਸਿਰਫ ਰਾਜਨੀਤਕ ਖੇਤਰ ਵਿਚ ਜੁੱਟੇ ਪ੍ਰਵਾਸੀਆਂ ਬਾਰੇ ਕੋਈ ਕਹਾਣੀ ਨਹੀਂ ਪੜ੍ਹਨ ਨੂੰ ਮਿਲਦੀ।
ਕਹਾਣੀ ਵਿਚ ਸਰਲ ਅਤੇ ਠੇਠ ਮਾਲਵੇ ਦੀ ਉਪ-ਬੋਲੀ ਪੜ੍ਹਨ ਨੂੰ ਮਿਲਦੀ ਹੈ। ਪਾਠਕ ਅਜਿਹੀ ਬੋਲੀ ਨੂੰ ਪੰਨੇ ਪੰਨੇ ਉਪਰ ਪੜ੍ਹ ਸਕਦਾ ਹੈ। 
‘ਅੰਕਲ ਤੁਸੀਂ ਕਿਮੇਂ ਮੱਦਦ ਕਰੋਗੇ। ਮੈਂ ਨੀ ਸਮਝਦਾ ਤੁਸੀਂ ਕੁਸ਼ ਕਰ ਸਕੋਗੇ। ਕੋਈ ਵੀ ਕੁਸ਼ ਨੀ ਕਰ ਸਕਦਾ। ਨੌਟ ਪੋਸੀਬਲ।’ ‘ਵ’ ਅੱਖਰ ਦੀ ਵਜਾਏ ‘ਮ’ ਪੰਜਾਬੀ ਦਾ ਅੱਖਰ ਮਾਲਵੇ ਦੀ ਉਪ ਭਾਸ਼ਾ ਵਿਚ ਬੋਲਿਆ ਜਾਂਦਾ ਹੈ। ਸ਼ਬਦ ‘ਕੁਸ਼’ ਵੀ ਮਾਲਵੇ ਦੀ ਉਪ-ਬੋਲੀ ਦਾ ਸ਼ਬਦ ਹੈ। ‘ਔਟਲੇ ਹੋਏ’ ਪੰਨਾ 47
ਇਸ ਗੱਲ ਨੂੰ ਤਾਂ ਨਿਕਾਰਿਆਂ ਨਹੀਂ ਜਾ ਸਕਦਾ ਕਿ ਪਾਤਰਾਂ ਦੀ ਬੋਲੀ ਆਪਣੀ ਹੋਣੀ ਚਾਹੀਦੀ ਹੈ ਪਰ ਜਦ ਲੇਖਕ ਬ੍ਰਿਤਾਂਤਕਾਰ ਆਪ ਹੁੰਦਾ ਹੈ ਤਾਂ ਇਹ ਗੱਲ ਜ਼ਰੂਰੀ ਹੈ ਕਿ ਟਕਸਾਲੀ ਪੰਜਾਬੀ ਨੂੰ ਹੀ ਉਹ ਵਰਤੇ। ਕਈ ਵਾਰ ਕਹਾਣੀਕਾਰ ਆਪ ਬ੍ਰਿਤਾਂਤ ਕਰਦਾ ਪਾਤਰਾਂ ਵਾਂਗ ਬੋਲਦਾ ਹੈ। ਇਹ ਇਕ ਭਾਸ਼ਾਈ ਦੋਸ਼ ਹੈ। 
‘ਨੌਜੁਆਨਾਂ ਕਿਸੇ ਬਾਹਰਲੇ ਟਾਊਨ ਤੋਂ ਆਇਆ ਲੱਗਦੈਂ। ਅੱਗੇ ਤੈਨੂੰ ਕਦੇ ਇਸ 
ਗੁਰਦੁਆਰੇ ਵੇਖਿਆ ਨੀ।’  ਭਾਸ਼ਾਈ ਦੋਸ਼ ਤੋਂ ਬਚਣ ਵਾਸਤੇ ਏਥੇ ‘ਨੀ’ ਸ਼ਬਦ ਨੂੰ ਪੂਰਾ ‘ਨਹੀਂ’ ਕਰਕੇ ਹੀ ਲਿਖਣਾ ਚਾਹੀਦਾ ਸੀ।’
‘ਖੁਹ ਦੀ ਮਿੱਟੀ’, ਪੰਨਾ 11
ਕਈ ਥਾਵਾਂ ਉਪਰ ਪਾਤਰਾਂ ਦੇ ਮੂੰਹੋ ਅੰਗਰੇਜ਼ੀ ਦੀਆਂ ਸੱਤਰਾਂ ਅਖਵਾ ਕੇ ਅਤੇ ਫਿਰ ਉਸ ਦਾ ਤਰਜਮਾਂ ਕਰਕੇ ਪੰਜਾਬੀ ਦੀਆਂ ਸੱਤਰਾਂ ਵੀ ਲਿਖਦਾ ਹੈ। ਕਹਾਣੀ ਵਿਚ ਅਜਿਹਾ ਕਰਨ ਨਾਲ ਕਹਾਣੀ ਦੇ ਬਹਾ ਦੇ ਅਟਕਾਓ ਕਾਰਨ ਪਾਠਕ ਦਾ ਸੁਆਦ ਜਾਂਦਾ ਰਹਿੰਦਾ ਹੈ। ਇਸ ਗੱਲ ਨੂੰ ਝੂਠਲਾਇਆ ਨਹੀਂ ਜਾ ਸਕਦਾ ਕਿ ਪੰਜਾਬੀ ਭਾਸ਼ਾ ਨੂੰ ਅਮੀਰ ਕਰਨ ਵਾਸਤੇ ਅੰਗਰੇਜ਼ੀ ਦੀ ਸ਼ਬਦਾਵਲੀ ਨੂੰ ਜ਼ਰੂਰ ਵਰਤਿਆਂ ਜਾ ਸਕਦਾ ਹੈ। ਉਹ ਵੀ  ਤਰਜਮੇ ਤੋਂ ਬਿਨ੍ਹਾਂ ਹੀ ਵਰਤਣੇ ਚਾਹੀਦੇ ਹਨ।
‘ਡੈਡ ਇਹ ਸਿਹਤਮੰਦ ਖਾਣਾ ਨਹੀਂ। ਨਿਰੀ ਚਿਕਨਾਈ ਅਤੇ ਨਾਸ਼ਸ਼ਤਾ ਹੈ। (ਾਂਅਟ ਅਨਦ ਚਅਰਬੋਹੇਦਰਅਟੲਸ) ‘ਪੂਰਬ ਪੱਛਮ’ ਪੰਨਾ 114
ਮੰਜਕੀ ਦੇ ਕਈ ਭੁਲੇ ਵਿਸਰੇ ਸ਼ਬਦਾਂ ਨੂੰ ਵਰਤ ਕੇ ਮੰਜਕੀ ਦੀ ਉਪ-ਬੋਲੀ ਨੂੰ ਮੁੜ ਸੁਰਜੀਤ ਕਰਨ ਦਾ ਕਾਰਜ ਕਹਾਣੀਕਾਰ ਦਾ ਬਹੁਤ ਸ਼ਲਾਘਾਯੋਗ ਕਾਰਜ ਹੈ। ਅਜਿਹੇ ਸ਼ਬਦ ਤੁਸੀਂ ਇਸ ਲੇਖ ਵਿਚ ਵੀ ਕਈ ਥਾਵਾਂ ਉਪਰ ਪੜ੍ਹ ਸਕਦੇ ਹੋ।
ਸ਼ੈਲੀ ਵਿਗਿਆਨਕ ਅਤੇ ਵਿਚਾਰ ਪ੍ਰਧਾਨ ਹੈ। ਸੱਤਰਾਂ ਵਿਚ ਅਲੰਕਾਰ ਹਨ, ਰਸ ਹਨ ਅਤੇ ਸ਼ਬਦ ਸਮਾਸ ਹਨ। ਸ਼ਬਦਾਵਲੀ ਬਹੁਤ ਮਿੱਠੀ, ਸੁਆਦਲੀ ਅਤੇ ਕਿਤੇ ਕਿਤੇ ਪਾਤਰ ਵਲੋਂ ਬਹੁਤ ਕਰਾਰੇ ਸ਼ਬਦ ਵੀ ਅਖਵਾਏ ਗਏ ਹਨ ਜਿਵੇਂ ਹੇਠਾਂ ਤੁਸੀਂ ਪਾਤਰ ਉਸਾਰੀ ਦੀ ਉਦਾਹਰਣ ਵਿਚ ਪੜ੍ਹੋਗੇ। 
ਕਹਾਣੀਕਾਰ ਪਾਤਰ ਉਸਾਰੀ ਕਰਨ ਵਿਚ ਆਪਣੀ ਕਲਾ ਵਿਖਾਉਦਾ ਹੈ। ਪਾਠਕ  ਕਹਾਣੀ ਦੇ ਪਾਤਰਾਂ ਨੂੰ ਇੰਝ ਮਹਿਸੂਸ ਕਰਦਾ ਹੈ ਕਿ ਜਿਵੇਂ ਉਹ ਉਨ੍ਹਾਂ ਦੇ ਸਨਮੁਖ ਆਪ ਹੁੰਦਾ ਹੈ। ਲੇਖ ਦੇ ਲੰਮੇ ਹੋਣ ਦੇ ਡਰੋਂ ਮੈਂ ਪੁਸਤਕ ਵਿਚ ਹੋਈ ਪਾਤਰ ਉਸਾਰੀ ਅਤੇ ਦ੍ਰਿਸ਼ ਚਿਤਰਣ ਦੀ ਸਿਰਫ ਇਕ ਹੀ ਉਦਾਹਣ ਦੇਵਾਂਗਾ।
ਕਹਾਣੀ ‘ਅਤੀਤ ਦਾ ਮੋਹ’ ਵਿਚ ਰੂਪ ਦਾ ਪਹਿਲਾ ਪਿਆਰ ‘ਤਾਰੋ’ ਹੁੰਦੀ ਹੈ। ਉਹ ਵਲੇਤੋਂ ਮੁੜ ਕੇ ਚੰਡੀਗੜ੍ਹ ਦੀ ਸੁਸ਼ੀਲ ਕੁੜੀ ਧੰਨਵੰਤ ਨਾਲ ਵਿਆਹ ਕਰਵਾ ਲੈਂਦਾ ਹੈ ਪਰ ਉਸਨੂੰ ਕਈ ਵਾਰ ਤਾਰੋ ਨਾਲ ਬਿਤਾਏ ਪੱਲ ਯਾਦ ਆਉਦੇ ਤਾਂ ਉਹ ਸੁਭਾਵਕ ਹੀ ਧੰਨਵੰਤ ਕੌਰ ਨਾਲ ਅਤੀਤ ਵਿਚ ਕੀਤੀਆਂ ਤਾਰੋ ਦੀਆਂ ਗੱਲਾਂ ਕਰਨ ਲੱਗ ਪੈਂਦਾ। ਤਾਰੋ ਪਾਤਰ ਨੂੰ ਉਸਾਰਨ ਵਾਸਤੇ ਕਹਿੰਦਾ ਹੈ, ‘ਵੰਤ ਤੇਰੀਆਂ ਛਾਤੀਆਂ ਕਿਉਂ ਢਿਲ੍ਹਕ ਗਈਆਂ ਅਜੇ ਤਾਂ ਕੋਈ ਬੱਚਾ ਵੀ ਨਹੀਂ ਜੰਮਿਆ? ਇਹ ਸੁਣ ਕੇ ਧੰਨਵੰਤ ਚੁੱਪ ਜੇਹੀ ਹੋ ਗਈ। ਫਿਰ ਕੁਝ ਸੋਚ ਕੇ ਬੋਲੀ, ‘ਤੁਹਾਨੂੰ ਅੱਜ ਕਿਵੇਂ ਇਹ ਖਿਆਲ ਆਇਆ? ਮੇਰੀਆਂ ਛਾਤੀਆਂ ਤਾਂ ਪਹਿਲਾਂ ਤੋਂ ਏਹੋ ਜਿਹੀਆਂ ਹਨ।’ (ਅਤੀਤ ਦਾ ਮੋਹ, ਪੰਨਾ 79)
ਉਂਝ ਅਵੇਸ ਹੀ ਰੂਪ ਦੇ ਮੂੰਹੋਂ ਨਿਕਲ ਗਿਆ, ‘ਤਾਰੋ ਦੀਆਂ ਛਾਤੀਆਂ ਖਿੱਦੋ ਵਰਗੀਆਂ , ਕਾਠੀਆ।’ 
ਕਹਾਣੀ ਦੇ ਖਿਲਾਰ ਵਿਚ ਧੰਨਵੰਤ ਕੌਰ, ਤਾਰੋ ਦੇ ਮੋਹ ਪਿਆਰ ਨੂੰ ਆਪਣੇ ਅਥਾਹ ਪਿਆਰ ਨਾਲ ਰੂਪ ਦੇ ਮਨ ਵਿਚੋਂ ਕੱਢਣ ਵਿਚ ਕਾਮਯਾਬ ਹੁੰਦੀ ਹੈ।
ਕਹਾਣੀਕਾਰ ਨੇ ਸਾਊਥਹਾਲ ਦੀਆਂ ਸੜਕਾਂ, ਸੁਪਰ-ਸਟੋਰ, ਫੈਕਟਰੀਆਂ, ਸਾਊਥਹਾਲ ਦੇ ਪਾਰਕ ਅਤੇ ਸਰਕਾਰੀ ਦਫਤਰਾਂ ਦਾ ਹੂ-ਬ-ਹੂ ਚਿੱਤਰ ਚਿੱਤਰਿਆ ਹੈ। ਦ੍ਰਿਸ਼ ਚਿਤਰਣ ਇਸ ਤਰ੍ਹਾਂ ਕਰਦਾ ਹੈ ਕਿ ਪਾਠਕ ਸਮਝਦਾ ਹੈ ਕਿ ਉਹ ਉਸੇ ਸੀਨ ਦਾ ਹੀ ਇਕ ਭਾਗ ਹੈ। ਜਿਵੇਂ ਕਹਾਣੀਕਾਰ ਆਪ ਉਸ ਜਗ੍ਹਾ ਉਪਰ ਹਾਜ਼ਰ ਹੋ ਕੇ ਲਿਖਦਾ ਹੈ, ‘ਔਹ ਵੇਖ ਸਿਉਂ ਦਾ ਬੂਟਾ, ਕਿਵੇਂ ਫਲ ਨਾਲ ਭਰਿਆ ਪਿਆ ਹੈ, ਅਤੇ ਔਹ ਦੋ ਸਿਉਂ ਦੇ ਬੂਟੇ ਮੁਰਝਾਏ ਖੜ੍ਹੇ ਹਨ। ਇਨ੍ਹਾਂ ਦੀਆਂ ਫੁੱਟਦੀਆਂ ਕਰੂੰਬਲਾ ਦੇ ਘੁੰਡ ਮੁੜ ਜਾਂਦੇ ਹਨ। ਗਹੁ ਨਾਲ ਵੇਖ ਤੈਨੂੰ ਪੱਤਿਆਂ ਦੇ ਕੁਝ ਹਿੱਸੇ ਮਰੇ ਹੋਏ ਦਿਸਣਗੇ। ਮੈਂ ਬੜੀਆਂ ਹੀ ਕੀੜੇ ਮਾਰ ਦਵਾਈਆਂ ਛਿੜਕੀਆਂ ਹਨ, ਜੜ੍ਹਾਂ ਵਿਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਲਾਈਮ ਪਾਇਆ ਹੈ ਪਰ ਇਹ ਦੋਨੋ ਬੂਟੇ ਪੂਰੀ ਤਰ੍ਹਾਂ ਹਰੇ ਨਹੀਂ ਹੋਏ। ਅਸਲ ਬਿਮਾਰੀ ਦੀ ਸਮਝ ਤਾਂ ਪਈ ਹੈ ਪਰ ਇਹਦਾ ਇਲਾਜ ਕੋਈ ਨਹੀਂ। ਜੇਕਰ ਕਿਸੇ ਬੂਟੇ ਨੂੰ ਛੋਟੀ ਉਮਰ ਵਿਚ ਖੁੱਗ ਕੇ ਦੂਜੀ ਥਾਂ ਉਪਰ ਲਾ ਦਈਏ ਤਾਂ ਉਹ ਛੇਤੀ ਜੜ੍ਹਾਂ ਫੜ੍ਹ ਜਾਂਦਾ ਹੈ। ਜੇ ਬੂਟਾ ਥੋੜਾ ਵੱਡਾ ਹੋ ਜਾਵੇ ਫਿਰ ਖੁੱਗੀਏ ਤਾਂ ਉਸਨੂੰ ਜੜ੍ਹਾਂ ਫੜ੍ਹਨ ਨੂੰ ਸਮਾਂ ਲੱਗੇਗਾ। ਜੇ ਤੁਸੀਂ ਪੱਕੇ ਰੁੱਖ ਨੂੰ ਖੁਗ ਕੇ ਦੂਜੀ ਥਾਂ ਲਾਉਦੇ ਹੋ ਤਾਂ ਉਹ ਜੜ੍ਹਾਂ ਨਹੀਂ ਫੜ੍ਹੇਗਾ। ਉਹਦਾ ਉਸ ਮਿੱਟੀ ਨਾਲ ਮੁਹ ਨਹੀਂ ਪੈਦਾ ਹੁੰਦਾ। ਉਹ ਰੁੱਖ ਜੇ ਲੱਗ ਵੀ ਜਾਵੇ ਤਾਂ ਫਲ ਦੇਣ ਜੋਗਾ ਨਹੀਂ ਰਹਿੰਦਾ। ਇਹੋ ਹਾਲ ਬੰਦਿਆਂ ਦਾ ਹੈ ਪੁੱਤਰਾ, ਤੁਸੀਂ ਠੀਕ ਸਮੇਂ ਖੁਗ ਗਏ ਹੋ। 
(ਮਿੱਟੀ ਦਾ ਮੋਹ, ਪੰਨਾ 106)
ਕੰਮਾਂ ਕਾਰਾਂ ਉਪਰ ਗਏ ਹੋਏ ਮਾਪਿਆਂ ਦੀ ਪਿੱਠ ਪਿੱਛੇ ਏਥੇ ਦੇ ਜੰਮ-ਪਲ ਗਭਰੂਆਂ ਅਤੇ ਮਟਿਆਰਾਂ ਦੀਆਂ ਮੁਲਾਕਾਤਾਂ ਅਤੇ ਪ੍ਰੇਮ ਵਿਆਹਾਂ ਦੇ ਦ੍ਰਿਸ਼ ਬਹੁਤ ਹੀ ਰੁਮਾਂਟਿਕ ਸ਼ਬਦਾਵਲੀ ਨਾਲ ਸਿਰਜੇ ਗਏ ਹਨ। ਕਹਾਣੀਆਂ ਵਲੈਤੀ ਪੰਜਾਬੀ ਪ੍ਰਵਾਸੀਆਂ ਦੀਆਂ ਹੋਣ ਤਾਂ ਕਹਾਣੀਆਂ ਵਿਚ ਰੁਮਾਂਟਿਕ ਦ੍ਰਿਸ਼ ਨਾ ਹੋਣ ਅਜਿਹਾ ਤਾਂ ਕਦੇ ਨਹੀਂ ਹੋ ਸਕਦਾ। ਤਕਰੀਬਨ ਤਕਰੀਬਨ ਹਰ ਕਹਾਣੀ ਵਿਚ ਕਿਤੇ ਨਾ ਕਿਤੇ ਰੁਮਾਂਸ ਜਰੂਰ ਪ੍ਰਗਟ ਹੁੰਦਾ ਹੋਣ ਕਰਕੇ ਹੀ ਇਸ ਕਹਾਣੀ ਸੰਗ੍ਰਹਿ ਦੀਆਂ ਕਹਾਣੀਆਂ ਰੁਮਾਂਟਿਕ ਆਖੀਆ ਜਾ ਸਕਦੀਆਂ ਹਨ। ਪ੍ਰਵਾਸੀ ਪੰਜਾਬੀਆਂ ਦੀਆਂ ਤਰਾਸਦੀਆਂ ਦੇ ਵਰਨਣ ਕਾਰਨ ਕਹਾਣੀਆਂ ਦੁਖਾਂਤਕ ਹਨ ਅਤੇ ਕਹਾਣੀਆਂ ਵਿਚ ਦਰਸਾਈਆਂ ਗਈਆਂ ਪ੍ਰਵਾਸੀ ਪੰਜਾਬੀਆਂ ਦੀਆ ਪ੍ਰਾਪਤੀਆਂ ਕਾਰਨ ਇਹ ਕਹਾਣੀਆਂ ਸੁਖਾਂਤਕ ਹਨ। ਇਹ ਕਹਾਣੀਆਂ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਦੀ ਨਿਸ਼ਾਨ-ਦੇਹੀ ਕਰਦੀਆਂ ਹੋਣ ਕਰਕੇ ਸੰਕੇਤਾਮਿਕ ਕਹਾਣੀਆਂ ਹਨ। ਕਈਆਂ ਕਹਾਣੀਆਂ ਵਿਚ ਪ੍ਰਵਾਸੀਆਂ ਦੇ ਭਵਿੱਖ ਨੂੰ ਬਣਾਉਣ ਅਤੇ ਚਮਕਾਉਣ ਵਾਸਤੇ ਕਈ ਤਰ੍ਹਾਂ ਦੇ ਉਦੇਸ਼ ਅਤੇ ਸੰਦੇਸ਼ ਪੜ੍ਹਨ ਨੂੰ ਮਿਲਦੇ ਹਨ। ਇਸ ਕਰਕੇ ਇਹ ਕਹਾਣੀਆਂ ਉਦੇਸ਼ਾਤਮਿਕ ਅਤੇ ਸੰਦੇਸ਼ਾਤਮਿਕ ਕਹਾਣੀਆਂ ਵੀ ਹਨ। ਇਨ੍ਹਾਂ ਕਹਾਣੀਆਂ ਦੇ ਕਥਾ-ਪ੍ਰਸੰਗ ਪ੍ਰਵਾਸੀ ਪੰਜਾਬੀਆਂ ਦੇ ਕਿਸੇ ਨਾ ਕਿਸੇ ਜੁੱਜ ਕਰਕੇ ਹੱਡ-ਬੀਤੀਆਂ ਹਨ। ਇਹੀ ਕਾਰਨ ਹੈ ਇਨ੍ਹਾਂ ਕਹਾਣੀਆਂ ਦੇ ਵਿਸ਼ੇ-ਵਸਤੂ ਯਥਾਰਥਿਕ ਹਨ। ਜਿਨ੍ਹਾਂ ਰਚਨਾਵਾਂ ਵਿਚ ਯਥਾਰਥ ਨੂੰ ਕਲਾਤਮਿਕ ਵਿਧੀ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਉਹ ‘ਖੂਹ ਦੀ ਮਿੱਟੀ’ ਕਹਾਣੀ ਸੰਗ੍ਰਹਿ ਵਾਂਗ ਮਕਬੂਲ ਹੁੰਦੀਆਂ ਹਨ। ਸਮੁੱਚੇ ਕਹਾਣੀ ਸੰਗ੍ਰਹਿ ਨੂੰ ਪਰਖ ਦੀ ਕਸਵੱਟੀ ਨਾਲ ਵੇਖੀਏ ਤਾਂ ਇਹ ਕਹਾਣੀਆਂ ਪੰਜਾਬੀ ਸਾਹਿਤ ਦਾ ਅਮੁੱਲ ਵਿਰਸਾ ਆਖਿਆ ਜਾ ਸਕਦਾ ਹੈ। ਨਾਵਲ-ਨੁਮਾ ਇਹ ਕਹਾਣੀਆਂ ਫਿਲਮ-ਨਿਰਮਾਤਾਵਾਂ ਅਤੇ ਰੰਗ-ਭੂਮੀ ਨਾਲ ਸੰਬੰਧਤ ਲੇਖਕਾਂ ਵਾਸਤੇ ਬਹੁਤ ਲਾਭਦਾਇਕ ਹੋ ਸਕਦੀਆਂ ਹਨ ਕਿਉਂਕਿ ਉਹ ਇਨ੍ਹਾਂ ਕਹਾਣੀਆਂ ਦੇ ਮੁਖ ਪਾਤਰਾਂ ਦੀਆਂ ਜੀਵਨ ਭਰ ਦੀਆਂ ਕਾਰ-ਗੁਜ਼ਾਰੀਆਂ ਦੀਆਂ ਨਿੱਕੀਆ ਨਿਕੀਆਂ ਘਟਨਾਵਾਂ ਨੂੰ ਆਪਣੀ ਤਕਨੀਕ ਅਨੁਸਾਰ ਢਾਲ ਕੇ ਕੋਈ ਫਿਲਮ ਜਾਂ ਨਾਟਕ ਬਣਾ ਕੇ ਖੇਲ ਸਕਦੇ ਹਨ। ਪੰਜਾਬੀ ਸਾਹਿਤ ਵਿਚ ਇਸ ਕਹਾਣੀ ਸੰਗ੍ਰਹਿ ਦੇ ਹੋਏ ਪ੍ਰਵੇਸ਼ ਨੂੰ ਪਾਠਕਾਂ ਵਲੋਂ ਜ਼ਰੂਰ ਸਤਿਕਾਰਿਆ ਜਾਵੇਗਾ।

*****

No comments:

Post a Comment